ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 6 •ਸੋਹਣ ਸਿੰਘ ਜੋਸ਼

bhagat_singh

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਗਤ ਸਿੰਘ ਅਤੇ ਉਸਦੇ ਸਾਥੀ ਕੌਮੀ ਇਨਕਲਾਬੀ ਸਨ, ਜਿਹੜੇ ਭਾਰਤ ਦੀ ਧਰਤੀ ਉਤੋਂ ਬਰਤਾਨਵੀ ਹਾਕਮਾਂ ਨੂੰ ਭਜਾ ਦੇਣਾ ਚਾਹੁੰਦੇ ਸਨ ਅਤੇ ਭਾਰਤ ਵਿੱਚ ਅਜ਼ਾਦੀ ਤੇ ਸਮਾਜਵਾਦ ਸਥਾਪਤ ਕਰਨਾ ਚਾਹੁੰਦੇ ਸਨ। ਬਰਤਾਨਵੀ ਸਾਮਰਾਜਵਾਦੀਏ, ਜਿਹੜੇ ਭਾਰਤ ਦੀ ਅਜ਼ਾਦੀ ਦੇ ਵੈਰੀ ਸਨ, ਇਹਨਾਂ ਨੂੰ ”ਦਹਿਸ਼ਤਪਸੰਦ” ਜਾਂ ”ਅਰਾਜਕਤਾਵਾਦੀਏ” ਜਿਹੇ ਨਾਂ ਦਿੰਦੇ ਸਨ, ਤਾਂ ਜੋ ਭਾਰਤੀ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਨੂੰ ਬਦਨਾਮ ਕੀਤਾ ਜਾਵੇ। ਇਹ ਇਨਕਲਾਬੀ ਉਹਨਾਂ ਅਰਥਾਂ ਵਿੱਚ ਨਾ ਤਾਂ ਦਹਿਸ਼ਤਪਸੰਦ ਸਨ ਅਤੇ ਨਾ ਹੀ ਅਰਾਜਕਤਾਵਾਦੀਏ, ਜਿਵੇਂ ਕਿ ਇਹਨਾਂ ਸ਼ਬਦਾਂ ਨੂੰ ਯੂਰਪ ਵਿੱਚ ਸਮਝਿਆ ਜਾਂਦਾ ਹੈ। ਹਾਂ, ਇਹ ਉਹਨਾਂ ਦੇ ਕੁੱਝ ਇੱਕ ਰਾਜਨੀਤਕ ਵਿਚਾਰ ਜ਼ਰੂਰ ਪਰਵਾਨ ਕਰਦੇ ਸਨ। ਇਹ ਸਭ ਤੋਂ ਵੱਧ ਆਪਾ ਵਾਰਨ ਵਾਲੇ ਅਤਿਅੰਤ ਈਮਾਨਦਾਰ ਅਤੇ ਭਾਰਤ ਦੀ ਮੁਕਤੀ ਦੇ ਕਾਜ ਲਈ ਨਿਸ਼ਕਾਮ ਕੁਰਬਾਨੀਆਂ ਕਰਨ ਵਾਲੇ ਲੋਕ ਸਨ। ਇਹ ਲਹੂ ਪੀਣ ਵਾਲੇ ਬਰਤਾਨਵੀ ਸਾਮਰਾਜਵਾਦੀਆਂ ਅਤੇ ਉਹਨਾਂ ਦੇ ਸੰਗੀਆਂ ਹੱਥੋਂ ਮਜ਼ਦੂਰ ਜਮਾਤ ਤੇ ਭਾਰਤੀ ਜਨਤਾ ਦੀ ਲੁੱਟ-ਖੋਹ ਨੂੰ ਨਫ਼ਰਤ ਕਰਦੇ ਸਨ ਅਤੇ ਕਿਰਤੀ ਲੋਕਾਂ ਨੂੰ ਉਹਨਾਂ ਦੇ ਹੱਕ ਦੁਆਉਣ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਸਨ।

ਉਹ ਬਰਤਾਨੀਆਂ ਦੀ ਗ਼ੁਲਾਮੀ ਨੂੰ ਖ਼ਤਮ ਕਰਨ ਲਈ ਕਿਸੇ ਤਰ੍ਹਾਂ ਦੇ ਸੰਗਰਾਮ ਤੋਂ ਵੀ ਕੰਨੀ ਨਹੀਂ ਸਨ ਕਤਰਾਉਂਦੇ। ਉਹਨਾਂ ਦੀਆਂ ਨਜ਼ਰਾਂ ਵਿੱਚ ਅਜ਼ਾਦੀ ਦੇ ਕਾਜ਼ ਨੂੰ ਅੱਗੇ ਤੋਰਨ ਵਾਲਾ ਹਰ ਸਾਧਨ ਜਾਇਜ਼ ਸੀ, ਭਾਵੇਂ ਉਹ ਹਿੰਸਕ ਹੋਵੇ ਜਾਂ ਅਹਿੰਸਕ, ਭਾਵੇਂ ਉਹ ਪੁਰਅਮਨ ਹੋਵੇ ਜਾਂ ਗ਼ੈਰ-ਪੁਰਅਮਨ। ਪਰ ਉਹ ਵਿਅਕਤੀਗਤ ਜਾਂ ਗਰੁੱਪ ਐਕਸ਼ਨ ਨੂੰ ਪਹਿਲ ਦਿੰਦੇ ਸਨ ਅਤੇ ਬਰਤਾਨਵੀ ਦਹਿਸ਼ਤ ਦਾ ਟਾਕਰਾ ਦੇਸ਼ਭਗਤਕ ਜਵਾਬੀ ਦਹਿਸ਼ਤ ਨਾਲ ਕਰਨ ਵਿੱਚ ਭਰੋਸਾ ਰੱਖਦੇ ਸਨ। ਬਰਤਾਨਵੀ ਹਾਕਮਾਂ ਵੱਲੋਂ ਪ੍ਰੈੱਸ ਦੀ ਅਜ਼ਾਦੀ, ਤਕਰੀਰ ਅਤੇ ਜਥੇਬੰਦੀ ਦੀ ਆਜ਼ਾਦੀ ਦਾ ਲਗਾਤਾਰ ਗਲਾ ਘੁੱਟਿਆ ਜਾਣਾ ਉਹਨਾਂ ਨੂੰ ਹਰਕਤ ਵਿੱਚ ਲਿਆਇਆ। ਪਛੜੇ ਹੋਏ ਪੰਜਾਬ ਵਿੱਚ ਅਜੇ ਤੱਕ ਮਜ਼ਦੂਰ ਜਮਾਤ ਅਤੇ ਇਹਦੀ ਪਾਰਟੀ ਹੋਂਦ ਵਿੱਚ ਨਹੀਂ ਸਨ ਆਈਆਂ, ਜੋ ਇਹਨਾਂ ਉੱਤੇ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਪਾਉਂਦੀਆਂ। ਇਹ ਅਜਿਹੇ ਦੇਸ਼ਭਗਤ ਸਨ, ਜਿਹੜੇ ਉਡੀਕ ਨਹੀਂ ਸਨ ਕਰ ਸਕਦੇ ਅਤੇ ਉਡੀਕ ਕਰਨ ਜਾਂ ਸਹਿਜੇ ਚਲਣ ਦੀ ਹਰ ਨੀਤੀ ਨੂੰ ਨਫ਼ਰਤ ਕਰਦੇ ਸਨ। ਉਹ ਨਿਰਜਿੰਦ ਕਰਨ ਵਾਲੇ ਬਰਤਾਨਵੀ ਰਾਜ ਅਧੀਨ ਭਾਰਤੀ ਲੋਕਾਂ ਦੀ ਲਗਾਤਾਰ ਬੇਇਜ਼ਤੀ, ਗਿਰਾਵਟ ਅਤੇ ਅਣਮਨੁੱਖੀਕਰਨ ਸਹਿ ਨਹੀਂ ਸਨ ਸਕਦੇ। ਉਹ ਇਸ ਅਵਸਥਾ ਵਿੱਚੋਂ ਛੇਤੀ ਤੋਂ ਛੇਤੀਂ ਨਿਕਲਣਾ ਚਾਹੁੰਦੇ ਸਨ ਅਤੇ ਭਾਰਤ ਵਿੱਚ ਬਰਤਾਨਵੀ ਨਿਰੰਕੁਸ਼ ਰਾਜ ਦੇ ਛੇਤੀਂ ਤੋਂ ਛੇਤੀਂ ਖ਼ਾਤਮੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਸਨ। ਇਸ ਗੱਲ ਬਾਰੇ ਭਗਤ ਸਿੰਘ ਦੇ ਸਾਥੀ ਅਤੇ ਉਸ ਨਾਲ਼ ਇੱਕੋ ਮੁਕੱਦਮੇ ਵਿੱਚ ਰਹਿ ਚੁੱਕੇ ਦੋਸ਼ੀ ਕਾਮਰੇਡ ਅਜੈ ਘੋਸ਼ ਨੇ, ਜਿਹੜੇ ਬਾਅਦ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਆਗੂ ਬਣੇ, ਇਉਂ ਲਿਖਿਆ ਹੈ :

”ਪਰ ਜਿੱਥੋਂ ਤੱਕ ਸਭ ਤੋਂ ਮਹੱਤਵਪੂਰਨ ਸਵਾਲ, ਇਸ ਸਵਾਲ ਦਾ ਸਬੰਧ ਹੈ ਕਿ ਅਜ਼ਾਦੀ ਅਤੇ ਸਮਾਜਵਾਦ ਲਈ ਲੜਾਈ ਕਿਵੇਂ ਲੜੀ ਜਾਣੀ ਚਾਹੀਦੀ ਹੈ, ਵਿਅਕਤੀਆਂ ਅਤੇ ਗਰੁੱਪਾਂ ਵੱਲੋਂ ਹਥਿਆਰਬੰਦ ਐਕਸ਼ਨ ਸਾਡਾ ਫ਼ੌਰੀ ਕਾਰਜ ਰਹਿਣਾ ਸੀ। ਸਾਡਾ ਖ਼ਿਆਲ ਇਹ ਸੀ ਕਿ ਸੰਵਿਧਾਨਵਾਦੀ ਭੁਲੇਖਿਆਂ ਨੂੰ ਕਿਸੇ ਵੀ ਹੋਰ ਤਰੀਕੇ ਨਾਲ਼ ਤੋੜਿਆ ਨਹੀਂ ਸੀ ਜਾ ਸਕਦਾ ਅਤੇ ਨਾ ਹੀ ਦੇਸ ਨੂੰ ਉਸ ਜਕੜ ਤੋਂ ਮੁਕਤ ਕੀਤਾ ਜਾ ਸਕਦਾ ਸੀ, ਜਿਸ ਵਿੱਚ ਡਰ ਨੇ ਦੇਸ਼ ਨੂੰ ਗ੍ਰਸਿਆ ਹੋਇਆ ਸੀ। ਜਦੋਂ ਅਸੀਂ ਚੋਣਵੀਆਂ ਥਾਵਾਂ ਉੱਤੇ ਅਤੇ ਜਚਵੇਂ ਮੌਕਿਆਂ ਉੱਤੇ, ਸਰਕਾਰ ਦੇ ਸਭ ਤੋਂ ਨਫ਼ਰਤਯੋਗ ਅਫ਼ਸਰਾਂ ਵਿਰੁੱਧ ਵਦਾਨੀ ਸੱਟਾਂ ਮਾਰਾਂਗੇ ਤੇ ਜਦੋਂ ਇਹਨਾਂ ਸੱਟਾਂ ਨਾਲ਼ ਖੜੋਤ-ਭਰੀ ਖ਼ਾਮੋਸ਼ੀ ਟੁੱਟ ਜਾਵੇਗੀ ਅਤੇ ਜਨਤਕ ਲਹਿਰ ਛਿੜ ਪਵੇਗੀ, ਅਸੀਂ ਆਪਣੇ ਆਪ ਨੂੰ ਇਸ ਲਹਿਰ ਨਾਲ਼ ਜੋੜ ਲਵਾਂਗੇ, ਇਹਦੇ ਹਥਿਆਰਬੰਦ ਦਸਤੇ ਵਜੋਂ ਕੰਮ ਕਰਾਂਗੇ ਅਤੇ ਇਹਨੂੰ ਸਮਾਜਵਾਦੀ ਸੇਧ ਦੇਵਾਂਗੇ।” 1

1928 ਅਤੇ 1929 ਦੇ ਸਾਲਾਂ ਵਿੱਚ ਭਾਰਤੀ ਨੌਜਵਾਨਾਂ ਵਿੱਚ ਬੜੀ ਵੱਡੀ ਰਾਜਨੀਤਕ ਜਾਗਰਤੀ ਆਈ। ਨੌਜਵਾਨ ਭਾਰਤ ਸਭਾ ਦਾ ਕਾਇਮ ਹੋਣਾ ਅਤੇ ਇਹਦੀਆਂ ਵਿਸ਼ਾਲ ਸਰਗਰਮੀਆਂ ਇਹਦਾ ਇੱਕ ਸਬੂਤ ਸਨ। ਵਿਦਿਆਰਥੀ ਯੂਨੀਅਨਾਂ ਬਣਨੀਆਂ ਅਰੰਭ ਹੋ ਗਈਆਂ ਸਨ। ਰੂਸੀ ਇਨਕਲਾਬ ਦਾ ਪ੍ਰਭਾਵ ਵੀ ਕਾਫ਼ੀ ਵੱਡੇ ਪੱਧਰ ਉੱਤੇ ਫੈਲ ਗਿਆ ਸੀ ਤੇ ਸਾਡੇ ਦੇਸ਼ ਦੇ ਨੌਜਵਾਨ ਸਹਿਜੇ-ਸਹਿਜੇ ਇਹਦਾ ਪ੍ਰਭਾਵ ਕਬੂਲ ਰਹੇ ਸਨ। ਰੂਸੀ ਇਨਕਲਾਬ ਦੇ ਰਚਣਹਾਰੇ ਅਤੇ ਆਗੂ, ਲੈਨਿਨ ਦੇ ਨਾਂ ਦਾ ਭਾਰਤੀ ਪ੍ਰੱੈਸ ਨੇ ਬਹੁਤ ਪ੍ਰਚਾਰ ਕੀਤਾ ਸੀ, ਭਾਵੇਂ ਇਹ ਪ੍ਰਚਾਰ ਭੈੜੀ ਰੰਗਤ ਵਿੱਚ ਹੀ ਕੀਤਾ ਗਿਆ ਸੀ। ਪਰ ਭਾਰਤ ਦੇ ਬੁੱਧੀਮਾਨ ਨੌਜਵਾਨਾਂ ਦੇ ਮਨਾਂ ਵਿੱਚ ਲੈਨਿਨ ਇਨਕਲਾਬ ਦਾ ਸਕਾਰ ਰੂਪ ਬਣ ਚੁੱਕਿਆ ਸੀ।

ਇੰਡੀਅਨ ਨੈਸ਼ਨਲ ਕਾਂਗਰਸ ਦੀ ਲੀਡਰਸ਼ਿੱਪ ਬਾਰੇ ਉਹਨਾਂ ਦਾ ਕੀ ਰਾਜਨੀਤਕ ਰਵੱਈਆ ਸੀ, ਇਸ ਬਾਰੇ ਵੀ ਅਜੈ ਘੋਸ਼ ਨੇ ਬੁੱਧੀਮਾਨ ਨੌਜਵਾਨਾਂ ਦੇ ਮਨਾਂ ਦੀ ਹਾਲਤ ਬਾਰੇ ਬਹੁਤ ਠੀਕ ਲਿਖਿਆ ਸੀ : ”ਸਾਨੂੰ ਮੌਜੂਦ ਕੌਮੀ ਲੀਡਰਸ਼ਿੱਪ ਵਿੱਚ ਕੋਈ ਭਰੋਸਾ ਨਹੀਂ ਸੀ ਰਿਹਾ ਅਤੇ ਇਹਦੇ ਸੰਵਿਧਾਨਵਾਦ ਤੋਂ ਤੇ ਅੰਦਰੋਂ ਢਾਹ ਲਾਉਣ ਦੇ ਇਹਦੇ ਨਾਅਰੇ ਤੋਂ ਸਾਨੂੰ ਚਿੜ ਸੀ।” ਅਕਾਲੀ ਲਹਿਰ ਦੁਆਰਾ ਆਪਣਾ ਨਿਸ਼ਾਨਾ ਪ੍ਰਾਪਤ ਕਰ ਲੈਣ ਤੋਂ ਬਾਅਦ ਅਸਲ ਵਿੱਚ ਕੋਈ ਵੀ ਵਰਨਣਯੋਗ ਰਾਜਨੀਤਕ ਲਹਿਰ ਨਹੀਂ ਸੀ ਚੱਲ ਰਹੀ। ਨੌਜਵਾਨ ਭਾਰਤ ਸਭਾ ਹੀ ਇੱਕ ਅਜਿਹੀ ਸੰਸਥਾ ਸੀ, ਜਿਹੜੀ ਪੰਜਾਬ ਵਿੱਚ ਖੁੱਲ੍ਹਾ, ਦਲੇਰ ਅਤੇ ਨਿਰਭੈ ਐਜ਼ੀਟੇਸ਼ਨਲ ਕੰਮ ਕਰ ਰਹੀ ਸੀ। ਭਾਰਤ ਵਿੱਚ ਉਸ ਸਮੇਂ ਜਿਹੜੇ ਕਮਿਊਨਿਸਟ ਗਰੁੱਪ ਸਨ, ਉਹ ਵਰਕਰਜ਼ ਐਂਡ ਪੀਜ਼ੈਂਟਸ ਪਾਰਟੀ ਅਤੇ ਟਰੇਡ ਯੂਨੀਅਨਾਂ, ਨੌਜਵਾਨ ਭਾਰਤ ਸਭਾ ਜਾਂ ਨੌਜਵਾਨ ਲੀਗਾਂ ਰਾਹੀਂ ਕੰਮ ਕਰ ਰਹੇ ਸਨ। ਕੌਮੀ ਇਨਕਲਾਬੀ ਨੌਜਵਾਨਾਂ ਦੀਆਂ ਬੰਗਾਲ, ਪੰਜਾਬ, ਯੂ ਪੀ ਅਤੇ ਬਿਹਾਰ, ਆਦਿ ਵਿੱਚ ਆਪਣੀਆਂ ਹੀ ਗੁਪਤ ਜਥੇਬੰਦੀਆਂ ਸਨ, ਜਿਹੜੀਆਂ ਦੇਸ਼ ਦੀ ਰਾਜਨੀਤਕ ਚੁਪ ਨੂੰ ਤੋੜਨ ਲਈ ਕੁੱਝ ਨਾ ਕੁੱਝ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਸਨ।

(ਚਲਦਾ)

ਨੋਟ :
1. ਅਜੈ ਘੋਸ਼, ਲੇਖ ਅਤੇ ਭਾਸ਼ਣ, ਮਾਸਕੋ, ਅੰਗਰੇਜ਼ੀ ਛਾਪ, 1962, ਪੰਨਾ 16-17

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ

Advertisements