ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 4 •ਸੋਹਣ ਸਿੰਘ ਜੋਸ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਗਤ ਸਿੰਘ ਦੇ ਪਿਤਾ ਸ. ਕਿਸ਼ਨ ਅਤੇ ਉਹਦੇ ਚਾਚੇ ਅਜੀਤ ਸਿੰਘ ਤੇ ਸਵਰਨ ਸਿੰਘ ਸੱਭੇ ਹੀ ਬਰਤਾਨਵੀ ਗ਼ੁਲਾਮੀ ਵਿਰੁੱਧ ਅਜ਼ਾਦੀ ਦੀ ਲੜਾਈ ਦੇ ਘੁਲਾਟੀਏ ਸਨ। ਉਹਦਾ ਪਰਿਵਾਰ ਸੱਚੇ ਅਰਥਾਂ ਵਿੱਚ ਇੱਕ ਦੇਸ਼ਭਗਤ ਪਰਿਵਾਰ ਸੀ। ਉਹਦੇ ਵਡੇਰਿਆਂ ਨੇ ਅਜ਼ਾਦੀ ਦੀ ਲੜਾਈ ਵਿੱਚ ਮੁਸੀਬਤਾਂ ਝੱਲੀਆਂ ਹੋਈਆਂ ਸਨ ਅਤੇ ਉਹ ਵੱਖ ਵੱਖ ਮਿਆਦ ਦੀਆਂ ਕੈਦਾਂ ਕੱਟ ਚੁੱਕੇ ਸਨ। ਉਹਦਾ ਚਾਚਾ ਸ. ਅਜੀਤ ਸਿੰਘ ਕਿਸਾਨੀ ਲਹਿਰ ਦਾ ਮੰਨਿਆ-ਦੰਨਿਆ ਆਗੂ ਸੀ ਅਤੇ ਉਹਨੇ 1906-07 ਵਿਚ ਕਾਲੋਨਾਈਜ਼ੇਸ਼ਨ ਐਕਟ ਵਿਰੁੱਧ ਲੜਾਈ ਲੜਨ ਵਿੱਚ ਉੱਘਾ ਰੋਲ ਅਦਾ ਕੀਤਾ ਸੀ। ਇਹ ਐਕਟ ਆਬਾਦਕਾਰਾਂ ਉੱਤੇ ਇਹ ਪਾਬੰਦੀ ਲਾਉਂਦਾ ਸੀ ਕਿ ਉਹ ਉਹਨਾਂ ਜਮੀਨਾਂ ਉੱਤੋਂ, ਜਿਹੜੀਆਂ ਉਹਨਾਂ ਨੂੰ ਫ਼ੌਜ ਵਿੱਚ ਸੇਵਾਵਾਂ ਬਦਲੇ ਮਿਲ਼ੀਆਂ ਸਨ, ਦਰੱਖ਼ਤ ਨਹੀਂ ਸਨ ਕੱਟ ਸਕਦੇ ਅਤੇ ਇਹਨਾਂ ਜ਼ਮੀਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਵੇਚ ਵੱਟ ਨਹੀਂ ਸਨ ਸਕਦੇ। ਇਸ ਉਪਰੰਤ ਬਰਤਾਨਵੀ ਸਰਕਾਰ ਨੇ ਆਬਿਆਨਾ ਅਤੇ ਮਾਲੀਆ ਵਧਾ ਦਿੱਤੇ ਸਨ। ਕਿਸਾਨੀ ਪਹਿਲਾਂ ਹੀ ਫ਼ਸਲਾਂ ਦੇ ਸੋਕੇ ਕਾਰਨ ਤੇ ਫ਼ਸਲਾਂ ਮਾਰੀਆਂ ਜਾਣ ਕਾਰਨ ਭੈੜੀ ਹਾਲਤ ਵਿੱਚ ਸੀ ਅਤੇ ਸਰਕਾਰ ਦੀ ਨੀਤੀ ਇਹ ਸੀ ਕਿ ਕਿਸਾਨਾਂ ਨੂੰ ਕੰਗਾਲ ਬਣਾ ਕੇ ਰੱਖਿਆ ਜਾਵੇ। ਇਹਨਾਂ ਕਦਮਾਂ ਦਾ ਉਹਨਾਂ ਉੱਤੇ ਬਹੁਤ ਅਸਰ ਪਿਆ ਅਤੇ ਉਹ ਭੜਕ ਉੱਠੇ। ਸ. ਅਜੀਤ ਸਿੰਘ, ਲਾਲਾ ਲਾਜਪਤ ਰਾਇ ਅਤੇ ਕਵੀ ਬਾਂਕੇ ਲਾਲ, ਆਦਿ ਨੇ ਉਹਨਾਂ ਦੇ ਰੋਸਾਂ ਨੂੰ ਅਸਰਦਾਰ ਢੰਗ ਨਾਲ਼ ਅਗਵਾਈ ਦਿੱਤੀ ਅਤੇ ਕਿਸਾਨੀ ਨੇ ਬਰਤਾਨਵੀ ਸਰਕਾਰ ਵਿਰੁੱਧ ਬਗ਼ਾਵਤ ਕਰ ਦਿੱਤੀ।

ਇਹ ਪੰਜਾਬ ਦੀ ਵੱਡੇ ਅਕਾਰ ਦੀ ਪਹਿਲੀ ਕਿਸਾਨੀ ਲਹਿਰ ਸੀ। ਇਹਨੇ ਸਰਕਾਰ ਨੂੰ ਚੰਗਾ ਹਲੂਣਾ ਦਿੱਤਾ ਅਤੇ ਸਰਕਾਰ ਇਹਤੋਂ ਭੈਭੀਤ ਹੋ ਗਈ। ਸਰਕਾਰ ਨੇ ਸ. ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਇ ਨੂੰ ਜਲਾਵਤਨ ਕਰ ਕੇ ਬਰਮਾ ਵਿੱਚ ਮਾਂਡਲੇ ਭੇਜ ਦਿੱਤਾ। ਰਾਵਲਪਿੰਡੀ ਤੇ ਲਾਹੌਰ ਵਿੱਚ (ਜੋ ਹੁਣ ਪਾਕਿਸਤਾਨ ਵਿੱਚ ਹਨ) ਅਤੇ ਹੋਰਨੀਂ ਥਾਈਂ ਫ਼ਸਾਦ ਹੋਏ, ਜਿਨ੍ਹਾਂ ਵਿੱਚ ਹਿੰਦੂ ਸਿੱਖ ਅਤੇ ਮੁਸਲਮਾਨ ਕਿਸਾਨਾਂ ਨੇ ਇਕਮੁੱਠ ਹੋ ਕੇ ਹਿੱਸਾ ਲਿਆ। ਸਰਕਾਰ ਹਾਰ ਕੇ ਆਪਣੇ ਕਦਮ ਵਾਪਸ ਲੈਣ ਉੱਤੇ ਮਜਬੂਰ ਹੋਈ।

ਸਰਦਾਰ ਅਜੀਤ ਸਿੰਘ ਦੀਆਂ ਅੰਗਰੇਜ਼-ਵਿਰੋਧੀ ਸਰਗਰਮੀਆਂ ਅਤੇ ਕੁਰਬਾਨੀਆਂ ਨੇ ਭਗਤ ਸਿੰਘ ਉੱਤੇ ਬਹੁਤ ਹੀ ਡੂੰਘਾ ਪ੍ਰਭਾਵ ਪਾਇਆ ਅਤੇ ਉਹਨੂੰ ਪ੍ਰੇਰਿਆ। ਭਗਤ ਸਿੰਘ ਦੀਆਂ ਨਜ਼ਰਾਂ ਵਿੱਚ ਉਹਦਾ ਚਾਚਾ ਇੱਕ ਮਹਾਨ ਵਿਦਰੋਹੀ ਸੀ, ਜੀਹਨੇ ਆਪਣਾ ਦੇਸ਼ ਇਸ ਲਈ ਛੱਡਿਆ ਕਿ ਉਹ ਬਾਹਰੋਂ ਇਹਦੀ ਅਜ਼ਾਦੀ ਲਈ ਲੜ ਸਕੇ। ਭਗਤ ਸਿੰਘ ਉਹਦੇ ਹੌਂਸਲੇ, ਆਪਾ-ਵਾਰਨ ਦੀ ਰੁਚੀ ਤੇ ਅਜ਼ਾਦੀ ਲਈ ਲਗਨ ਦੀ ਬੜੀ ਸ਼ਲਾਘਾ ਕਰਦਾ ਸੀ ਅਤੇ ਉਹਦਾ ਬੜਾ ਭਾਰੀ ਸਤਿਕਾਰ ਤੇ ਆਦਰ ਕਰਦਾ ਸੀ।  ਉਹਨੇ ਮੇਰੇ ਨਾਲ਼ ਕਈ ਵਾਰ ਅਜੀਤ ਸਿੰਘ ਬਾਰੇ ਗੱਲਾਂ ਕੀਤੀਆ ਅਤੇ ਬਚਪਨ ਤੋ ਹੀ ਉਹਦਾ ਦੇਸ਼ਭਗਤਕ ਪ੍ਰਭਾਵ ਗ੍ਰਹਿਣ ਕਰਨ ਦੀ ਗੱਲ ਵੀ ਕੀਤੀ।

ਪਰ ਸਾਡੇ ਸਮੇਂ ਦੇ ਸਭਨਾਂ ਨੌਜਵਾਨਾਂ ਲਈ ਆਪਾ-ਵਾਰਨ ਵਾਲ਼ੀ ਦ੍ਰਿੜਤਾ, ਬੇਖ਼ੌਫ਼ੀ ਅਤੇ ਬਰਤਾਨਵੀ ਰਾਜ ਵਿਰੁੱਧ ਸਖ਼ਤ ਨਫ਼ਰਤ ਦਾ ਮਿਸਾਲੀ ਰੂਪ ਗ਼ਦਰ ਪਾਰਟੀ ਦਾ ਕਰਤਾਰ ਸੌਘ ਸਰਾਭਾ ਸੀ। ਭਗਤ ਸਿੰਘ ਨੇ ਉਸ ਬਾਰੇ ਇੱਕ ਲੇਖ ਲਿਖਿਆ, ਜਿਸ ਵਿੱਚ ਅਜਿਹੇ ਸ਼ਬਦਾਂ ਵਿੱਚ ਉਹਦੀ ਸ਼ਲਾਘਾ ਕੀਤੀ, ਜਿਨ੍ਹਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।

ਕਰਤਾਰ ਸਿੰਘ ਸਰਾਭਾ ਬਾਰੇ ਭਗਤ ਸਿੰਘ ਦੀ ਪ੍ਰੇਰਨਾਦਾਇਕ ਗੱਲਬਾਤ ਸਭਨਾਂ ਸਰੋਤਿਆਂ ਨੂੰ ਉਤਸ਼ਾਹ ਦਿੰਦੀ ਸੀ। ਨੌਜਵਾਨਾਂ ਨਾਲ਼ ਗੱਲਬਾਤ ਕਰਦਿਆਂ ਉਹ ਆਮ ਤੌਰ ‘ਤੇ ਹੀ ਸਰਾਭੇ ਦਾ ਜ਼ਿਕਰ ਕਰਿਆ ਕਰਦਾ ਸੀ। ਅਜੈ ਘੋਸ਼ ਨੇ ਉਹਨੂੰ ਸਰਾਭੇ ਬਾਰੇ ਗੱਲ ਕਰਦਿਆਂ ਸੁਣਿਆ ਸੀ। ਅਜੈ ਨੇ ਪਿੱਛੋਂ ਜਾ ਕੇ ਲਿਖਿਆ ਸੀ : ”ਕਰਤਾਰ ਸਿੰਘ ਇੱਕ ਅਜਿਹਾ ਵਿਅਕਤੀ ਸੀ, ਜੀਹਦੀ ਸ਼ਲਾਘਾ ਉਹਦੇ ਵੈਰੀ ਵੀ ਕਰਦੇ ਸਨ। ਉਹ ਨਿਡਰ ਸੰਗਰਾਮੀਆ ਸੀ ਅਤੇ ਬਹੁਤ ਵੱਡਾ ਜਥੇਬੰਦਕ ਸੀ। ਮੈਂ ਤਾਂ ਉਹਦੀ ਜਿਵੇਂ ਪੂਜਾ ਹੀ ਕਰਦਾ ਸੀ  ਅਤੇ ਆਪਣੇ ਨਾਇਕ ਬਾਰੇ ਕਿਸੇ ਨੂੰ ਉਤਸ਼ਾਹ ਨਾਲ਼ ਗੱਲਾਂ ਕਰਦਿਆਂ ਸੁਣ ਕੇ ਮੈਨੂੰ ਬੜੀ ਹੀ ਖੁਸ਼ੀ ਹੁੰਦੀ ਸੀ। ਭਗਤ ਸਿੰਘ ਮੈਨੂੰ ਚੰਗਾ ਲੱਗਣ ਲੱਗ ਪਿਆ ਸੀ।”1

ਨੋਟ :
1. ਅਜੈ ਘੋਸ਼, ਲੇਖ ਅਤੇ ਭਾਸ਼ਣ, ਮਾਸਕੋ, ਅੰਗਰੇਜ਼ੀ ਛਾਪ, 1962, ਪੰਨਾ 14

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements