ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 8 •ਸੋਹਣ ਸਿੰਘ ਜੋਸ਼

bhagat_singh

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਗਲੇ ਦਿਨ, ਭਾਵ 17 ਦਸੰਬਰ ਨੂੰ ਦੁਪਿਹਰ ਤੋਂ ਮਗਰੋਂ ਕੁਝ ਇਨਕਲਾਬੀਆਂ ਨੇ ਇੱਕ ਪੁਲਿਸ ਅਫ਼ਸਰ ਨੂੰ, ਜਦੋਂ ਉਹ ਪੁਲਿਸ ਹੈਡਕੁਆਟਰ ਵਿੱਚੋਂ ਬਾਹਰ ਆ ਰਿਹਾ ਸੀ, ਗੋਲੀ ਨਾਲ਼ ਪਾਰ ਬੁਲਾ ਦਿੱਤਾ। ਸ਼ਾਮ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਹਰ ਥਾਂ ਅਫ਼ਵਾਹਾਂ ਫੈਲੀਆਂ ਹੋਈਆਂ ਸਨ। ਕੁਝ ਲੋਕ ਕਹਿੰਦੇ ਸਨ ਕਿ ਮਾਰਿਆ ਜਾਣ ਵਾਲਾ ਆਦਮੀ ਸੀਨੀਅਰ ਸੁਪਰਿੰਟੈਂਡੈਟ ਪੁਲਿਸ ਸਕਾਟ ਸੀ ਅਤੇ ਕੁਝ ਕਹਿੰਦੇ ਸਨ ਕਿ ਉਹ ਸਾਂਡਰਸ ਸੀ। ਇਕ ਭਾਰਤੀ ਵੀ ਮਾਰਿਆ ਗਿਆ ਸੀ, ਕਿਉਂਕਿ ਉਹਨੇ ਤਾੜਨਾ ਨਹੀਂ ਸੀ ਸੁਣੀ ਅਤੇ ਇਨਕਲਾਬੀਆਂ ਦਾ ਬੜੇ ਜ਼ੋਰ ਨਾਲ ਪਿੱਛਾ ਕੀਤਾ ਸੀ।

ਕਾਮਰੇਡ ਅਜੈ ਘੋਸ਼ ਨੇ ਲਿਖਿਆ ਹੈ — ”ਸਾਡੀ ਪਾਰਟੀ ਨੇ ਫ਼ੈਸਲਾ ਕੀਤਾ ਕਿ ਵਾਰ ਕੀਤਾ ਜਾਵੇ। ਨਵੰਬਰ 1928 ਵਿੱਚ ਐਸਿਸਟੈਂਟ ਸੁਪਰਿੰਟੈਂਡੈਟ ਪੁਲਿਸ ਸਾਂਡਰਸ, ਜੀਹਨੇ ਜਲੂਸ ਉੱਤੇ ਲਾਠੀ-ਚਾਰਜ ਦੀ ਅਗਵਾਈ ਕੀਤੀ ਸੀ, ਲਾਹੌਰ ਪੁਲਿਸ ਹੈੱਡਕੁਆਟਰ ਦੇ ਐਨ ਸਾਹਮਣੇ ਗੋਲੀ ਨਾਲ ਮਾਰ ਦਿੱਤਾ ਗਿਆ। ਠੀਕ ਸਮੇਂ ਸਿਰ ਕੀਤਾ ਗਿਆ ਅਤੇ ਦਲੇਰੀ ਨਾਲ ਨਿਭਾਇਆ ਗਿਆ ਇਹ ਐਕਸ਼ਨ ਅਜਿਹਾ ਸੀ, ਜੀਹਨੂੰ ਜਨਤਾ ਨੇ ਖ਼ੁਸ਼ੀਆਂ-ਭਰੇ ਦਿਲਾਂ ਨਾਲ ਸਲਾਹਿਆ। ਅਸੀਂ ਜਿਨ੍ਹਾਂ ਵਾਰਾਂ ਨਾਲ ਦੇਸ ਨੂੰ ਹਲੂਣਾ ਦੇਣਾ ਚਾਹੁੰਦੇ ਸੀ, ਉਹਨਾਂ ਵਿੱਚੋਂ ਪਹਿਲਾ ਵਾਰ ਕੀਤਾ ਜਾ ਚੁੱਕਿਆ ਸੀ।” 1

ਉਸੇ ਰਾਤ (17 ਦਸੰਬਰ ਨੂੰ) 11 ਵਜੇ ਰਾਤ ਤੋਂ ਕੁਝ ਚਿਰ ਪਿੱਛੋਂ ਕਿਸੇ ਨੇ ਬਾਰਾਂ ਘਰਾਂ, ਇਸਲਾਮਾਬਾਦ ਵਿੱਚ ਮੇਰੇ ਬੂਹੇ ਉੱਤੇ ਦਸਤਕ ਦਿੱਤੀ। 2 ਘਰ ਵਿੱਚ ਮੈਂ ਇਕੱਲਾ ਹੀ ਸੀ। ਮੇਰਾ ਪਰਿਵਾਰ ਮੇਰੇ ਪਿੰਡ ਚੇਤਨਪੁਰਾ (ਅੰਮ੍ਰਿਤਸਰ) ਗਿਆ ਹੋਇਆ ਸੀ।

ਮੈਂ ਦਰਵਾਜ਼ਾ ਖੋਲ੍ਹਿਆ ਅਤੇ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਭਗਤ ਸਿੰਘ ਅਤੇ ਸੁਖਦੇਵ ਬਾਹਰ ਖਲੋਤੇ ਸਨ। 3  ਮੈਂ ਉਹਨਾਂ ਨੂੰ ਜੀ-ਆਇਆਂ ਆਖਿਆ, ਪਰ ਇਹਦੇ ਨਾਲ਼ ਹੀ ਮੈਂ ਉਹਨਾਂ ਨੂੰ ਇਹ ਗੱਲ ਵੀ ਦੱਸੀ ਕਿ ਮੇਰੇ ਘਰ ਆਉਣਾ ਖ਼ਤਰੇ ਤੋਂ ਖ਼ਾਲੀ ਨਹੀਂ, ਕਿਉਂਕਿ ਪੁਲਿਸ ਇਸ ਘਰ ਉਤੇ ਕਿਸੇ ਸਮੇਂ ਵੀ ਛਾਪਾ ਮਾਰ ਸਕਦੀ ਹੈ। ਪਰ ਭਗਤ ਸਿੰਘ ਨੇ ਕਿਹਾ — ”ਫ਼ਿਕਰ ਨਾ ਕਰੋ, ਅਸੀਂ ਸਾਰੇ ਪ੍ਰਬੰਧ ਕਰ ਲਏ ਹਨ।” ਉਹ ਅੰਦਰ ਆ ਗਏ ਅਤੇ ਉਹਨਾਂ ਨੇ ਕਿਹਾ, ”ਸਾਨੂੰ ਭੁੱਖ ਲੱਗੀ ਹੋਈ ਹੈ। ਕੁਝ ਖਾਣ ਨੂੰ ਦਿਓ।” ਉਸ ਸਮੇਂ ਮੇਰੇ ਕੋਲ ਕੇਵਲ ਦੋ ਰੋਟੀਆਂ ਪਈਆਂ ਸਨ, ਕੁਝ ਸਬਜ਼ੀ ਸੀ ਅਤੇ ਇੱਕ ਦੁੱਧ ਦਾ ਗਲਾਸ ਸੀ। ਮੈਂ ਉਹਨਾਂ ਨੂੰ ਆਖਿਆ ਕਿ ਸੱਜਰੀ ਰੋਟੀ ਪਕਾਈ ਜਾ ਸਕਦੀ ਸੀ। ਪਰ ਉਹਨਾਂ ਨੇ ਕਿਹਾ ਕਿ ”ਕੋਈ ਲੋੜ ਨਹੀਂ। ਆਪਾਂ ਗੱਲਾਂ ਕਰਾਂਗੇ ਅਤੇ ਫੇਰ ਸੌਂ ਜਾਵਾਂਗੇ।”

ਭਗਤ ਸਿੰਘ ਨੇ ਫੈਲਟ ਹੈਟ ਅਤੇ ਅੰਗਰੇਜ਼ੀ ਫੈਸ਼ਨ ਦਾ ਸੂਟ ਪਾਇਆ ਹੋਇਆ ਸੀ। ਉਸ ਪਹਿਰਾਵੇ ਵਿੱਚ ਉਹ ਪਛਾਣਿਆ ਨਹੀਂ ਸੀ ਜਾਂਦਾ। ਸੁਖਦੇਵ ਨੇ ਅੰਗਰੇਜ਼ੀ ਹੈਟ ਅਤੇ ਸੂਟ ਪਾਇਆ ਹੋਇਆ ਸੀ। ਭਗਤ ਸਿੰਘ ਨੇ ਆਪਣਾ ਹੈਟ ਉਤਾਰਿਆ ਅਤੇ ਨੇੜੇ ਪਏ ਇੱਕ ਮੇਜ਼ ਉੱਤੇ ਰੱਖ ਦਿੱਤਾ। ਉਹਨੇ ਆਪਣਾ ਪਿਸਤੌਲ ਮੰਜੀ ਤੋਂ ਉਤਾਂਹ ਦੀਵਾਰ ਵਿੱਚ ਠੁਕੀ ਹੋਈ ਇੱਕ ਕਿੱਲੀ ਉੱਤੇ ਟੰਗ ਦਿੱਤਾ। ਫੇਰ ਉਹ ਥੋੜੀ ਜਿੰਨੀ ਰੋਟੀ ਖ਼ਤਮ ਕਰ ਕੇ ਉਹਨੇ ਮੇਰੇ ਉੱਤੇ ਸਵਾਲ ਕੀਤਾ, ”ਸਾਂਡਰਸ ਦੇ ਕਤਲ ਦਾ ਆਮ ਪ੍ਰਤੀਕਰਮ ਕੀ ਹੈ?” ਹੁਣ ਮੈਨੂੰ ਪਤਾ ਲੱਗਿਆ ਕਿ ਮਾਰਿਆ ਸਾਂਡਰਸ ਗਿਆ ਸੀ।

ਮੈਂ ਜਵਾਬ ਦਿੱਤਾ, ”ਨੌਜਵਾਨ ਖ਼ੁਸ਼ ਹਨ, ਪਰ ਉਹ ਵਧੇਰੇ ਖ਼ੁਸ਼ ਹੁੰਦੇ, ਜੇਕਰ ਸਕਾਟ ਮਾਰਿਆ ਗਿਆ ਹੁੰਦਾ।”

ਉਹ ਬੋਲਿਆ, ”ਅਸੀਂ ਉੱਥੇ ਗਏ ਤਾਂ ਉਸੇ (ਸਕਾਟ) ਲਈ ਹੀ ਸੀ, ਪਰ ਇਹ ਦੂਜਾ ਸ਼ੈਤਾਨ ਬਾਹਰ ਨਿਕਲ ਆਇਆ ਤੇ ਅਸੀਂ ਖ਼ਾਲੀ ਹੱਥ ਨਹੀਂ ਸੀ ਮੁੜਨਾ ਚਾਹੁੰਦੇ, ਕਿਉਂਕਿ ਅਸੀਂ ਤਿਆਰੀ ਕਰਨ ਵਿੱਚ ਵਾਹਵਾ ਖੇਚਲ ਕੀਤੀ ਹੋਈ ਸੀ।” ਤੇ ਫੇਰ ਉਹਨੇ ਆਖਿਆ, ”ਖ਼ੈਰ, ਕੁਝ ਮੁੱਢ ਤਾਂ ਬੱਝਿਆ ਹੈ।”

ਮੈਂ ਕਿਹਾ, ”ਇਸ ਕਤਲ ਬਾਰੇ ਇੱਕ ਹੋਰ ਰਾਇ ਵੀ ਹੈ, ਗਾਂਧੀ ਦੇ ਪੈਰੋਕਾਰਾਂ ਦੀ ਰਾਇ।”

ਉਹਨੇ ਕਿਹਾ, ”ਅਸੀਂ ਇਹਨੂੰ ਪਹਿਲਾਂ ਹੀ ਜਾਣਦੇ ਸੀ। ਇਸ ਐਕਸ਼ਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਇਸ ਉੱਤੇ ਵਿਚਾਰ ਕੀਤੀ ਸੀ।” ਫੇਰ ਉਹਨੇ ਨਫ਼ਰਤ ਨਾਲ਼ ਕਿਹਾ, ”ਗਾਂਧੀ ਨੇ (1921-22) ਚੌਰੀ-ਚੌਰਾ ਦੀ ਘਟਨਾ ਤੋਂ ਬਾਅਦ ਨਾ-ਮਿਲਵਰਤਣ ਦੀ ਲਹਿਰ ਵਾਪਸ ਲੈ ਕੇ ਕੌਮ ਦੀ ਪਿੱਠ ਵਿੱਚ ਛੁਰਾ ਖੋਭਿਆ ਸੀ। ਲੋਕ ਅਜੇ ਵੀ ਉਸ ਮਾਯੂਸੀ ਅਤੇ ਸਾਹਸਹੀਣਤਾ ਦੀ ਮਾਰ ਹੇਠ ਹਨ, ਜਿਸ ਵਿੱਚ ਗਾਂਧੀ ਨੇ ਦੇਸ ਨੂੰ ਪਾਇਆ ਸੀ।”

ਫੇਰ ਉਹਨੇ ਕਿਹਾ, ”ਪਰ ਇਸ ਗੱਲ ਨੂੰ ਲਾਂਭੇ ਛੱਡ। ਕੀ ਤੈਨੂੰ ਪਤਾ ਹੈ ਕਿ ਸਾਂਡਰਸ ਦੇ ਕਤਲ ਦਾ ਅੰਗਰੇਜ਼ ਹਾਕਮਾਂ ਉੱਤੇ ਕੀ ਅਸਰ ਪਿਆ ਹੈ?”

”ਮੈਂ ਨਹੀਂ ਜਾਣਦਾ। ਇਸ ਗੱਲ ਦਾ ਪਤਾ ਤਾਂ ਕੁਝ ਸਮੇਂ ਤੋਂ ਬਾਅਦ ਹੀ ਲੱਗੇਗਾ।”

ਉਹ ਬੋਲਿਆ, ”ਉਹਨਾਂ ਵਿੱਚ ਬੜੀ ਸਖ਼ਤ ਘਬਰਾਹਟ ਹੈ। ਉਹਨਾਂ ਵਿੱਚੋਂ ਕੁਝ ਇੱਕ ਨੇ ਤਾਂ ਆਪਣੀਆਂ ਪਤਨੀਆਂ ਅਤੇ ਬੱਚਿਆਂ ਦੀਆਂ ਸੀਟਾਂ ਇੰਗਲੈਂਡ ਲਈ ਬੁੱਕ ਵੀ ਕਰਵਾ ਲਈਆਂ ਹਨ। ਉਹ ਬਹੁਤ ਹੀ ਡਰ ਗਏ ਹਨ।”

ਮੈਂ ਆਪਣੀ ਰਾਇ ਦਿੱਤੀ, ”ਪਰ ਇਹ ਘਬਰਾਹਟ ਆਰਜ਼ੀ ਹੈ। ਇਹ ਛੇਤੀਂ ਹੀ ਖ਼ਤਮ ਹੋ ਜਾਵੇਗੀ।”

”ਇਸ ਐਕਸ਼ਨ ਬਾਰੇ ਤੇਰਾ ਕੀ ਖਿਆਲ ਹੈ?”

”ਮੇਰੇ ਵਿਚਾਰਾਂ ਦਾ ਤਾਂ ਤੈਨੂੰ ਪਤਾ ਹੀ ਹੈ। ਅਸੀਂ ਕਈ ਵਾਰੀ ਇਸ ਮਸਲੇ ਉਤੇ ਗੱਲਾਂ ਕਰ ਚੁੱਕੇ ਹਾਂ। ਨੌਜਵਾਨ ਭਾਰਤ ਸਭਾ ਦੇ ਸਾਡੇ ਵਰਕਰ ਗ੍ਰਿਫ਼ਤਾਰ ਕੀਤੇ ਜਾਣਗੇ। ਵਧੇਰੇ ਤਸ਼ੱਦਦ ਹੋਵੇਗਾ ਅਤੇ ਲਹਿਰ ਨੂੰ ਨੁਕਸਾਨ ਪੁੱਜੇਗਾ। ਇਹ ਮੱਠੀ ਪੈ ਜਾਵੇਗੀ।”

ਉਹਨੇ ਆਖਿਆ,”ਮੈਂ ਨਹੀਂ ਮੰਨਦਾ ਇਹ ਗੱਲ। ਇਸ ਐਕਸ਼ਨ ਨਾਲ ਲੋਕਾਂ ਵਿਚ ਜੋਸ਼ ਆਵੇਗਾ ਅਤੇ ਲਹਿਰ ਮਜ਼ਬੂਤ ਹੋਵੇਗੀ।”

ਇਸ ਸਾਰੀ ਗੱਲਬਾਤ ਵਿੱਚ ਸੁਖਦੇਵ ਨੇ ਇੱਕ ਲਫ਼ਜ਼ ਵੀ ਨਾ ਕਿਹਾ। ਉਹ ਮੈਨੂੰ ਪਹਿਲੀ ਵਾਰ ਮਿਲ ਰਿਹਾ ਸੀ।

ਫੇਰ ਮੈਨੂੰ ਭਗਤ ਸਿੰਘ ਨੇ ਪੁੱਛਿਆ ਕਿ ਮੈਂ ਕਲਕੱਤੇ ਕਾਨਫਰੰਸ ਲਈ ਕਦੋਂ ਜਾ ਰਿਹਾ ਸੀ। ਮੈਂ ਜਵਾਬ ਦਿੱਤਾ ”ਕੱਲ੍ਹ।”

”ਅੱਛਾ, ਤੂੰ ਆਪਣੇ ਰਾਹ ਜਾਈਂ, ਅਸੀਂ ਆਪਣੇ ਜਾਵਾਂਗੇ।”

ਏਨੇਂ ਨਾਲ ਸਾਡੀ ਗੱਲਬਾਤ ਮੁੱਕ ਗਈ।  

ਘਰ ਵਿੱਚ ਕੇਵਲ ਦੋ ਹੀ ਮੰਜੀਆਂ ਸਨ। ਸੁਖਦੇਵ ਇੱਕ ਉੱਤੇ ਸੌਂ ਗਿਆ ਅਤੇ ਦੂਜੀ ਵੱਡੀ ਮੰਜੀ ਉੱਤੇ ਭਗਤ ਸਿੰਘ ਤੇ ਮੈਂ ਪੈ ਗਏ। ਉਹ ਸਵੇਰੇ ਦੇ ਚਾਰ ਵਜੇ ਤੋਂ ਕੁਝ ਪਹਿਲਾਂ ਉੱਠੇ ਅਤੇ ਜਾਣ ਲਈ ਤਿਆਰ ਹੋ ਗਏ। ਪੁਸਤਕ ”ਲਿਬਰਟੀ ਐਂਡ ਦਾ ਗਰੇਟ ਲਿਬਰਟੇਰੀਅਨਜ਼” ਜੀਹਦਾ ਲੇਖਕ ਟੀ. ਸਪਰੇਡਿੰਗ ਸੀ ਮੇਜ਼ ਉੱਤੇ ਪਈ ਸੀ। ਇਹ ਬੁਰਜੂਆ ਇਨਕਲਾਬੀਆਂ ਦੀਆਂ ਟੂਕਾਂ ਦੀ ਪੁਸਤਕ ਸੀ। ਇਹਨੇ ਕਮਿਊਨਿਸਟ ਲਹਿਰ ਵੱਲ ਆਉਣ ਵਿੱਚ ਮੇਰੀ ਬਹੁਤ ਸਹਾਇਤਾ ਕੀਤੀ ਸੀ। ਇਹ ਮੈਂ ਲਾਹੌਰ ਦੇ ਕਿਲ੍ਹੇ ਵਿੱਚ ਹਾਸਲ ਕੀਤੀ ਸੀ, ਜਦੋਂ ਮੇਰੇ ਉੱਤੇ ਅਕਾਲੀ ਲੀਡਰਾਂ ਵਾਲਾ ਸਾਜ਼ਿਸ਼ ਕੇਸ ਚੱਲ ਰਿਹਾ ਸੀ। ਇਸ ਉੱਤੇ ਸੈਂਸਰ ਦੀ ਮੋਹਰ ਲੱਗੀ ਹੋਈ ਸੀ। ਇਸ ਉੱਤੇ ਥਾਣੇਦਾਰ ਦਰਿਆਓ ਸਿੰਘ ਦੇ ਦਸਖ਼ਤ ਸਨ ਅਤੇ ਮੇਰਾ ਨਾਂ ਲਿਖਿਆ ਹੋਇਆ ਸੀ। ਮੇਰਾ ਜੀਅ ਇਹ ਕਿਤਾਬ ਦੇਣ ਨੂੰ ਨਹੀਂ ਸੀ ਕਰਦਾ। ਪਰ ਭਗਤ ਸਿੰਘ ਨੇ ਵਾਅਦਾ ਕੀਤਾ ਕਿ ਉਹ ਇਹਨੂੰ ਪੜ੍ਹ ਕੇ ਮੋੜ ਦੇਵੇਗਾ ਅਤੇ ਉਹ ਕਿਤਾਬ ਲੈ ਗਿਆ।

ਅਸੀਂ ਇੱਕ-ਦੂਜੇ ਨੂੰ ਜੱਫੀ ਪਾਈ ਅਤੇ ਵਿਛੜ ਗਏ। ਉਹਨੇ ਇਸ ਗੱਲ ਦਾ ਕੋਈ ਸੰਕੇਤ ਨਾ ਦਿੱਤਾ ਕਿ ਉਹ ਕਿਸ ਪਾਸੇ ਵੱਲ ਜਾ ਰਿਹਾ ਸੀ।    

(ਚਲਦਾ)  

ਨੋਟ :
1. ਅਜੈ ਘੋਸ਼, ਲੇਖ ਅਤੇ ਭਾਸ਼ਨ, ਮਾਸਕੋ, ਅੰਗਰੇਜ਼ੀ ਛਾਪ, 1962, ਪੰਨਾ 18; ਪਰ ਉਹਨੇ ਦਸੰਬਰ ਦੀ ਥਾਂ ਨਵੰਬਰ ਲਿਖਣ ਦੀ ਉਕਾਈ ਕੀਤੀ ਹੈ।  
2. ਮੇਰੀ ਡਾਇਰੀ ਇਹ ਦੱਸਦੀ ਹੈ – ਪੀ – 909, ਮੇਰਠ ਦੀਆਂ ਉਰਦੂ ਦਸਤਾਵੇਜ਼ਾਂ।
3. ਦੇਖੋ ਮੇਰੇ ਸਾਥੀ ਅਤੇ ਮਿੱਤਰ ਅਰਜਣ ਸਿੰਘ ਗੜਗੱਜ ਦੀ ਪੰਜਾਬੀ ਪੁਸਤਕ ਦੋ ਪੈਰ ਘੱਟ ਤੁਰਨਾ, ਪੰਨਾ : ”ਭਗਤ ਸਿੰਘ ਅਤੇ ਰਾਜਗੁਰੂ ਸਰਦਾਰ ਸੋਹਣ ਸਿੰਘ ਜੋਸ਼ ਦੇ ਘਰ ਰਾਤ ਦੇ 10 ਵਜੇ ਦੇ ਕਰੀਬ ਆਏ। ਭਗਤ ਸਿੰਘ ਨੇ ਆਪਣਾ ਪਸਤੌਲ ਕਿੱਲੀ ਉਤੇ ਟੰਗ ਦਿੱਤਾ। ਇੱਕ ਮੰਜੀ ਉਤੇ ਭਗਤ ਸਿੰਘ ਅਤੇ ਜੋਸ਼ ਸੌਂ ਗਏ ਅਤੇ ਦੂਜੀ ਉੱਤੇ ਰਾਜਗੁਰੂ।” (ਅੰਗਰੇਜ਼ੀ ਤੋਂ ਮੁੜ ਅਨੁਵਾਦ)।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements