ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 11 (ਆਖ਼ਰੀ ਕਿਸ਼ਤ) •ਸੋਹਣ ਸਿੰਘ ਜੋਸ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 16 ਨਵੰਬਰ 2016)

9 ਅਪ੍ਰੈਲ 1929 ਨੂੰ ਦੁਨੀਆਂ ਨੂੰ ਪਤਾ ਲੱਗਿਆ ਕਿ ਭਗਤ ਸਿੰਘ ਅਤੇ ਦੱਤ ਨੇ ਦਿੱਲੀ ਵਿੱਚ ਸੈਂਟਰਲ ਅਸੈਂਬਲੀ ਹਾਲ ਵਿੱਚ ਬੰਬ ਸੁੱਟ ਦਿੱਤੇ ਹਨ, ਤਾਂ ਜੋ ”ਇੱਕ ਜ਼ੋਰਦਾਰ ਅਵਾਜ਼ ਪੈਦਾ ਕੀਤੀ ਜਾਵੇ, ਜਿਹੜੀ ਬੋਲ਼ੇ ਕੰਨਾਂ ਨੂੰ ਵੀ ਸੁਣ ਪਵੇ।”

ਇਹਨਾਂ ਬੰਬਾਂ ਦਾ ਮਨੋਰਥ ਸਰਕਾਰੀ ਬੈਂਚਾਂ ਉੱਤੇ ਬੈਠੇ ਅੰਗਰੇਜ਼ ਮੈਂਬਰਾਂ ਨੂੰ ਜ਼ਖ਼ਮੀ ਕਰਨਾ ਜਾਂ ਕਤਲ ਕਰਨਾ ਨਹੀਂ ਸੀ ਜਾਂ ਵਿਰੋਧੀ ਬੈਂਚਾਂ ਉੱਤੇ ਬੈਠੇ ਮੈਂਬਰਾਂ ਨੂੰ ਜ਼ਖ਼ਮੀ ਕਰਨਾ ਨਹੀਂ ਸੀ, ਸਗੋਂ ”ਸਾਡੇ ਉੱਤੇ ਪਬਲਿਕ ਸੇਫ਼ਟੀ ਅਤੇ ਟਰੇਡ ਡਿਸਪਿਊਟਸ ਬਿੱਲ ਜਿਹੇ ਨਵੇਂ ਦਬਾਊ ਕਦਮ ਮੜ੍ਹੇ ਜਾਣ ਅਤੇ ਪ੍ਰੈੱਰਸ ਸੈਡੀਸ਼ਨ ਬਿੱਲ ਨੂੰ ਅਗਲੇ ਇਜਲਾਸ ਵਿੱਚ ਲਿਆਉਣ ਲਈ ਰੱਖੇ ਜਾਣ” ਵਿਰੁੱਧ ਰੋਸ ਪ੍ਰਗਟ ਕਰਨਾ ਅਤੇ ਤਾੜਨਾ ਕਰਨਾ ਸੀ। ਭਗਤ ਸਿੰਘ ਅਤੇ ਦੱਤ ਨੇ ”ਖੁੱਲੇ ਕੰਮ ਕਰ ਰਹੇ ਮਜ਼ਦੂਰ ਆਗੂਆਂ ਦੀਆਂ ਅੰਧਾਧੁੰਦ ਗ੍ਰਿਫ਼ਤਾਰੀਆਂ” ਕਰਕੇ ਦਹਿਸ਼ਤ ਫੈਲਾਏ ਜਾਣ ਵਿਰੁੱਧ ਵੀ ਆਪਣੀ ਅਵਾਜ਼ ਉੱਚੀ ਕੀਤੀ। ਇਹ ਇਸ਼ਾਰਾ ਆਮ ਕਰਕੇ ਮੇਰਠ ਸਾਜ਼ਿਸ਼ ਕੇਸ ਵਿੱਚ ਕੀਤੀਆਂ ਗ੍ਰਿਫ਼ਤਾਰੀਆਂ ਵੱਲ ਸੀ। ”ਇਨਕਲਾਬ ਜ਼ਿੰਦਾਬਾਦ!” ਦੇ ਨਾਅਰੇ ਲਾਉਂਦਿਆਂ ਸੈਂਟਰਲ ਅਸੈਂਬਲੀ ਹਾਲ ਵਿੱਚ ਸੁੱਟੇ ਗਏ ਇਸ਼ਤਿਹਾਰਾਂ ਵਿੱਚ ਉਹਨਾਂ ਨੇ ”ਲਾਲਾ ਲਾਜਪਤ ਰਾਇ ਦੇ ਨਿਰਦਈ ਕਤਲ” ਦਾ ਜ਼ਿਕਰ ਵੀ ਕੀਤਾ ਸੀ।1

ਇਸ ਦਲੇਰਾਨਾ ਐਕਸ਼ਨ ਨੇ ਮੈਨੂੰ ਪੰਜਾਬੀ ਕਿਰਤੀ ਵਿੱਚ ਲਿਖੇ ਭਗਤ ਸਿੰਘ ਦੇ ਇੱਕ ਲੇਖ ਦੀ ਯਾਦ ਸੱਜਰੀ ਕਰਵਾ ਦਿੱਤੀ। ਇਸ ਵਿੱਚ ਭਗਤ ਸਿੰਘ ਨੇ ਫ਼ਰਾਂਸੀਸੀ ਇਨਕਲਾਬੀ ਵਾਇਲਾਂ ਬਾਰੇ ਇਉਂ ਲਿਖਿਆ ਸੀ :

”ਯੂਰੋਪ ਵਿੱਚ ਜੁਲਮ, ਜਬਰ ਅਤੇ ਤਸ਼ੱਦਦ ਸਾਰੀਆਂ ਹੱਦਾਂ ਟੱਪ ਗਿਆ ਸੀ। ਅਰਾਜਕਤਾਵਾਦੀਆਂ ਨੇ ਸਰਕਾਰ ਅਤੇ ਉਹਦੀ ਪੁਲੀਸ ਦਾ ਸਾਹਮਣਾ ਕਰਨਾ ਅਤੇ ਉਸ ਨਾਲ਼ ਟੱਕਰ ਲੈਣੀ ਆਰੰਭ ਕਰ ਦਿੱਤੀ। ਇੱਕ ਦਿਨ ਵਾਇਲਾਂ ਦਾ ਬੰਬ ਸੁੱਟਣ ਵਾਲ਼ ਹੱਥ, ਜਦੋਂ ਉਹ (ਫ਼ਰਾਂਸੀਸੀ) ਅਸੈਂਬਲੀ (ਸਰਕਾਰੀ ਬੈਂਚ) ਦਾ ਨਿਸ਼ਾਨਾ ਬੰਨ੍ਹਣ ਲੱਗਿਆ ਸੀ, ਇੱਕ ਇਸਤਰੀ ਨੇ ਉਹਨੂੰ ਰੋਕਣ ਦਾ ਜਤਨ ਕਰਦਿਆਂ ਹਿਲਾ ਦਿੱਤਾ। ਉਹ ਕੁੱਝ ਅਸੈਂਬਲੀ ਮੈਂਬਰਾਂ ਨੂੰ ਹੀ ਫੱਟੜ ਕਰ ਸਕਿਆ ਅਤੇ ਵਧੇਰੇ ਪ੍ਰਭਾਵ ਨਾ ਪਾ ਸਕਿਆ। ਪਰ ਉਹਨੇ ਇੱਕ ਜ਼ੋਰਦਾਰ ਬਿਆਨ ਦਿੱਤਾ ਅਤੇ ਕਿਹਾ : ‘ਬੋਲੇ ਕੰਨਾਂ ਨੂੰ ਸੁਣਾਉਣ ਵਾਸਤੇ ਜ਼ੋਰ ਨਾਲ਼ ਖੜਕਾ ਕਰਨਾ ਪੈਂਦਾ ਹੈ।’ ਉਹਨੇ ਇਹ ਵੀ ਕਿਹਾ ਕਿ ਉਹਨੂੰ ਕਿਸੇ ਵੀ ਸਜ਼ਾ ਦੀ ਕੋਈ ਪ੍ਰਵਾਹ ਨਹੀਂ। ਉਹਨੇ ਇਹ ਐਕਸ਼ਨ ਇਸ ਲਈ ਕੀਤਾ ਸੀ ਕਿ ਉਹ ਗ਼ਰੀਬਾਂ ਉੱਤੇ ਜ਼ੁਲਮ ਕਰਦੇ ਸਨ ਅਤੇ ਉਹਨਾਂ ਦਾ ਲਹੂ ਪੀਂਦੇ ਸਨ। … ਉਹਨੂੰ ਫਾਂਸੀ ਦਿੱਤੀ ਗਈ।”2 ਇਉਂ ਪ੍ਰਤੀਤ ਹੁੰਦਾ ਹੈ ਕਿ ਭਗਤ ਸਿੰਘ ਨੇ ਵਾਈਲਾਂ ਵਾਲ਼ੀ ਘਟਨਾ ਤੋਂ ਹੀ ਆਪਣੇ ਇਸ ਐਕਸ਼ਨ ਲਈ ਸੇਧ ਲੈ ਲਈ ਸੀ।

ਭਗਤ ਸਿੰਘ ਅਤੇ ਉਹਦੇ ਸਾਥੀਆਂ ਉੱਤੇ ਪ੍ਰਸਿੱਧ ਲਾਹੌਰ ਸਾਜ਼ਿਸ਼ ਕੇਸ ਚਲਾਇਆ ਗਿਆ। ਮੇਰਠ ਵਿੱਚ ਸਾਡੇ ਉੱਤੇ ਸਾਜ਼ਿਸ਼ ਦਾ ਮੁਕੱਦਮਾ ਅਜੇ ਚੱਲ ਹੀ ਰਿਹਾ ਸੀ। ਸਾਡਾ ਮੁਕੱਦਮਾ ਅਜੇ ਚਲਦਾ ਪਿਆ ਸੀ, ਜਦੋਂ ਇਹ ਖ਼ਬਰ ਮਿਲ਼ੀ ਕਿ 23 ਮਾਰਚ 1931 ਨੂੰ ਸ਼ਾਮ ਨੂੰ 7.45 ਵਜੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਰਾਚੀ ਸਮਾਗਮ ਤੋਂ ਐਨ ਪਹਿਲਾਂ, ਫਾਂਸੀ ਲਾ ਦਿਤਾ ਗਿਆ ਹੈ। ਇਹ ਆਸ ਸੀ ਕਿ ਮਹਾਤਮਾ ਗਾਂਧੀ ਉਹਨਾਂ ਦੀ ਮੌਤ ਦੀਆਂ ਸਜ਼ਾਵਾਂ ਨੂੰ ਘਟਾਉਣ ਵਾਸਤੇ ਇਰਵਨ ਨਾਲ਼ ਗੱਲਬਾਤ ਕਰਨਗੇ। ਪਰ ਗਾਂਧੀ-ਇਰਵਨ ਗੱਲਬਾਤ ਵਿੱਚ ਮਹਾਤਮਾਂ ਗਾਂਧੀ ਨੇ ਇਹਨਾਂ ਦੀਆਂ ਜਾਨਾਂ ਬਚਾਉਣ ਲਈ ਇੱਕ ਲਫ਼ਜ਼ ਤੱਕ ਵੀ ਮੂੰਹੋਂ ਨਾ ਕੱਢਿਆ।

ਮੇਰਠ ਦੇ ਕੈਦੀਆਂ ਨੇ ਇਹ ਹਿਰਦੇਵੇਧਕ ਖ਼ਬਰ ਪੜ੍ਹੀ। ਮੈਂ ਉਹਨਾਂ ਸਭਨਾਂ ਵੱਲੋਂ 24 ਮਾਰਚ 1931 ਨੂੰ ਅਦਾਲਤ ਵਿੱਚ ਖੜ੍ਹਾ ਹੋਇਆ ਅਤੇ ਉਹਨਾਂ ਨੂੰ ਫਾਂਸੀ ਲਾਏ ਜਾਣ ਦੀ ਨਿਖੇਧੀ ਕੀਤੀ, ਭਾਵੇਂ ਜੱਜ ਮੈਨੂੰ ਧਮਕੀਆਂ ਦਿੰਦਾ ਰਿਹਾ ਕਿ ਮੇਰੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੈਂ ਉੱਥੇ ਹੇਠ ਲਿਖਿਆ ਬਿਆਨ ਦਿੱਤਾ।3

”ਅਸੀਂ ਅੱਜ ਵਹਿਸ਼ੀਆਨਾ ਫਾਂਸੀ ਦੇ ਸੋਗੀ ਪਰਛਾਵੇਂ ਹੇਠ ਅਦਾਲਤ ਵਿੱਚ ਹਾਜ਼ਰ ਹੋਏ ਹਾਂ – ਸਾਥੀ ਭਗਤ ਸਿੰਘ, ਸਾਥੀ ਰਾਜਗੁਰੂ ਅਤੇ ਸਾਥੀ ਸੁਖਦੇਵ ਨੂੰ ਫਾਂਸੀ ਅਸਲ ਵਿੱਚ ਬੇਰਹਿਮੀ ਨਾਲ ਕੀਤਾ ਗਿਆ ਕਤਲ ਹੈ। ਇਹ ਸਾਮਰਾਜਵਾਦੀ ਇਨਸਾਫ਼ ਦਾ ਇੱਕ ਅਤਿਅੰਤ ਵਹਿਸ਼ੀਆਨਾ ਨਮੂਨਾ ਹੈ। ਇਹ ਚਿੱਟੀ ਦਹਿਸ਼ਤ ਦੀ ਇੱਕ ਬੁਜ਼ਦਿਲਾਨਾ ਕਾਰਵਾਈ ਹੈ। ਇਹ ਬਹਾਦਰ ਲੋਕ ਬਰਤਾਨਵੀ ਸਾਮਰਾਜਾਵਾਦ ਦੇ ਜ਼ਾਲਮਾਨਾ ਜਬਰ ਦੇ ਸ਼ਿਕਾਰ ਹੋਏ ਹਨ, ਜੀਹਦੇ ਵਿਰੁੱਧ ਬਗ਼ਾਵਤ ਕਰਨ ਦਾ ਇਹਨਾਂ ਨੇ ਜੇਰਾ ਅਤੇ ਹੌਸਲਾ ਵਿਖਾਇਆ ਹੈ।

”ਅਸੀਂ ਉਹਨਾਂ ਦਾ ਭਾਰਤ ਦੇ ਕੌਮੀ ਇਨਕਲਾਬ ਦੇ ਕਾਜ਼ ਦੇ ਸ਼ਹੀਦਾਂ ਵਜੋਂ ਸਤਿਕਾਰ ਕਰਦੇ ਹਾਂ।

”ਅਸੀਂ ਉਹਨਾਂ ਦੇ ਸਾਥੀਆਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਡੂੰਘੇ ਗ਼ਮ ਵਿੱਚ ਸ਼ਰੀਕ ਹੁੰਦੇ ਹਾਂ।

”ਇਸ ਲਈ, ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਉਹਨਾਂ ਦੀ ਡਿਫੈਂਸ ਕਮੇਟੀ ਦੇ ਨਾਂ ਇਹ ਹੇਠ ਲਿਖੀ ਤਾਰ ਜ਼ਿਲ੍ਹਾ ਮੈਜਿਸਟਰੇਟ ਨੂੰ, ਅੱਗੇ ਪੁਚਾਉਣ ਲਈ, ਭੇਜ ਦਿੱਤੀ ਜਾਵੇ।

”ਤਾਰ : ਸਰਦਾਰ ਕਿਸ਼ਨ ਸਿੰਘ, ਬਰੈਡਲਾ ਹਾਲ, ਲਾਹੌਰ।

”ਅਸੀਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਲਾਏ ਜਾਣ ਉੱਤੇ ਆਪਣਾ ਡੂੰਘਾ ਸਦਮਾ ਪ੍ਰਗਟ ਕਰਦੇ ਹਾਂ ਅਤੇ ਉਹਨਾਂ ਦੀ ਸ਼ਹੀਦੀ ਦੀ ਕਦਰ ਕਰਦੇ ਹਾਂ – ਮੇਰਠ ਕੇਸ ਦੇ ਕੈਦੀ।”

ਜੇਲ੍ਹ ਵਿੱਚ ਭਗਤ ਸਿੰਘ ਅਤੇ ਉਹਦੇ ਸਾਥੀਆਂ ਨੇ ਮਾਰਕਸਵਾਦ-ਲੈਨਿਨਵਾਦ ਦਾ ਅਧਿਐਨ ਕੀਤਾ। ਉਹ ਸੱਭੇ ਵਿਚਾਰਾਂ  ਪੱਖੋਂ ਕਮਿਊਨਿਸਟ ਬਣ ਗਏ ਅਤੇ ਉਹਨਾਂ ਵਿੱਚੋਂ ਬਹੁਤੇ, ਜਿਨ੍ਹਾਂ ਨੂੰ ਫਾਂਸੀ ਨਹੀਂ ਸੀ ਲੱਗੀ, ਪਿਛੋਂ ਜਾ ਕੇ ਜੇਲ੍ਹ ਵਿਚੋਂ ਨਿੱਕਲਣ ਮਗਰੋਂ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹਨਾਂ ਵਿੱਚ ਕਾਮਰੇਡ ਅਜੇ ਘੋਸ਼ ਅਤੇ ਕਾਮਰੇਡ ਧਨਵੰਤਰੀ ਦੇ ਨਾਂ ਖ਼ਾਸ ਕਰ ਕੇ ਉੱਘੇ ਹੋਏ।

ਇਉਂ ਇਸ ਮਹਾਨ ਸਾਥੀ ਅਤੇ ਇੱਕ ਮਹਾਨ ਮਿੱਤਰ ਨੇ ਆਪਣੇ ਦੋ ਸਾਥੀਆਂ ਸਮੇਤ ਆਪਣੀ ਪਿਆਰੀ ਮਾਤਭੂਮੀ ਨੂੰ ਬਰਤਾਨਵੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਲਈ ਸੰਗਰਾਮ ਵਿੱਚ ਆਪਣੀ ਜਾਨ ਵਾਰੀ। ਆਪਣੇ ਬਹਾਦਰੀ-ਭਰੇ ਅਤੇ ਸਿਰੜੀ ਕਾਰਨਾਮਿਆਂ ਨਾਲ਼ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਅਮਰ ਹੋ ਗਏ ਅਤੇ ਭਾਰਤ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਉਹਨਾਂ ਦਾ ਨਾਂ ਸਦਾ ਸਦਾ ਲਈ ਲਿਖਿਆ ਗਿਆ।

(ਸਮਾਪਤ)

ਨੋਟ :
1. ਜੀ.ਐਸ.ਦਿਓਲ, ਸ਼ਹੀਦ ਭਗਤ ਸਿੰਘ, ਪੰਨਾ 42
2. ਪੰਜਾਬੀ ਕਿਰਤੀ, ਜੁਲਾਈ 1928, ਪੰਨਾ 55, ਭਗਤ ਸਿੰਘ ਦਾ ਲੇਖ, ”ਅਰਾਜਕਤਾਵਾਦ ਦਾ ਇਤਿਹਾਸ”।
3. ਹਿੰਦੁਸਤਾਨ ਟਾਈਮਜ਼, ਸ਼ੁੱਕਰਵਾਰ, 27 ਮਾਰਚ 1931 ਨੇ ਭਗਤ ਸਿੰਘ ਦੇ ਪਿਤਾ ਦੇ ਨਾਂ ਸਾਡੀ ਤਾਰ ਪ੍ਰਕਾਸ਼ਿਤ ਕੀਤੀ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements