ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 5 •ਸੋਹਣ ਸਿੰਘ ਜੋਸ਼

bhagat_singh

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

”ਉਹ (ਭਗਤ ਸਿੰਘ – ਸੰਪਾ) ਉਹਨਾਂ ਧਾਰਮਕ-ਫਿਰਕੂ ਆਗੂਆਂ ਨੂੰ ਨਫ਼ਰਤ ਕਰਿਆ ਕਰਦਾ ਸੀ, ਜਿਹੜੇ ਧਰਮ ਨੂੰ ਆਪਣੇ ਸਵਾਰਥੀ ਮੰਤਵਾਂ ਲਈ ਵਰਤਦੇ ਸਨ ਅਤੇ ਜਿਨ੍ਹਾਂ ਨੇ ਧਰਮ ਨੂੰ ਬੜੀ ਬੇਸ਼ਰਮੀ ਨਾਲ ਅੰਗਰੇਜ਼ ਅਫਸਰਾਂ ਦਾ ਗੱਲਾ ਬਣਾ ਰਖਿਆ ਸੀ। ਉਹਨੂੰ ਵਾਰ ਵਾਰ ਵਾਪਰਦੇ ਫ਼ਿਰਕੂ ਫ਼ਸਾਦਾਂ ਉਤੇ ਬੜਾ ਦੁਖ ਹੁੰਦਾ ਸੀ। ਇਹ ਫ਼ਸਾਦ ਅੰਗਰੇਜ਼ ਜਾਬਰਾਂ ਨੂੰ ”ਭਾਰਤ ਦੀ ਗ਼ੁਲਾਮੀ ਨੂੰ ਲੰਮਾ ਕਰਨ” ਵਿਚ ਮਦਦ ਦਿੰਦੇ ਸਨ।” (ਲੇਖ ‘ਚੋਂ ਇਹ ਟਿੱਪਣੀ ਵੱਖਰੀ ਕੱਢੀ ਹੈ। ਵੱਖਰੀ ਹਾਈਲਾਈਟ ਕਰਕੇ ਲਾਈ ਜਾ ਸਕਦੀ ਹੈ। ਅੱਜ ਦੇ ਹਾਲਾਤ ‘ਤੇ ਕਾਫੀ ਢੁਕਦੀ ਹੈ। – ਕੁਲਵਿੰਦਰ)

ਤੀਜੇ ਦਹਾਕੇ ਦੇ ਨੌਜਵਾਨਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਰਾਜਨੀਤੀ ਉੱਕਾ ਹੀ ਕੋਈ ਖਿੱਚ ਨਹੀਂ ਸੀ ਪਾਉਂਦੀ। ਕਾਂਗਰਸ ਇੱਕ ਉਦਾਰਵਾਦੀ ਜਥੇਬੰਦੀ ਸੀ ਅਤੇ ਇਸ ਵਿੱਚ ਬਰਤਾਨਵੀ ਹਾਕਮਾਂ ਦੀ ਭਰੋਸੇਯੋਗਤਾ ਬਾਰੇ, ਉਹਨਾਂ ਦੇ ਅਮਨ-ਕਨੂੰਨ ਦੇ ਪਾਖੰਡ ਬਾਰੇ ਅਤੇ ਉਹਨਾਂ ਦੇ ਸੰਵਿਧਾਨਵਾਦ ਬਾਰੇ ਹਰ ਕਿਸਮ ਦੇ ਭੁਲੇਖੇ ਮੌਜੂਦ ਸਨ। ਇਸ ਲਈ ਨੌਜਵਾਨ ਲੋਕ ਕਾਂਗਰਸ ਦੀ ਰਾਜਨੀਤੀ ਦਾ ਮਜ਼ਾਕ ਉਡਾਉਂਦੇ ਸਨ ਅਤੇ ਬਰਤਾਨਵੀ ਸਾਮਰਾਜਵਾਦੀਆਂ ਉੱਤੇ ਤਕੜੀ ਸੱਟ ਮਾਰਨਾ ਚਾਹੁੰਦੇ ਸਨ। ਉਹ ਇਨਕਲਾਬ ਦੇ ਜ਼ਾਵੀਏ ਤੋਂ ਅਤੇ ਇਨਕਲਾਬੀ ਤਰੀਕੇ ਨਾਲ਼ ਹੇਠਲੀ ਉੱਤੇ ਲਿਆਉਣ ਬਾਰੇ ਸੋਚਦੇ ਸਨ।

ਨੌਜਵਾਨ ਭਾਰਤ ਸਭਾ ਦੇ ਕੁਝ ਮਹੀਨਿਆਂ ਦੇ ਕੰਮ ਤੋਂ ਬਾਅਦ ਉਸ ਵਿੱਚ ਦੋ ਮੁੱਖ ਰੁਝਾਨ ਪੈਦਾ ਹੋ ਗਏ। ਇੱਕ ਰੁਝਾਨ ਦੀ ਪ੍ਰਤੀਨਿਧਤਾ ਭਗਤ ਸਿੰਘ ਅਤੇ ਉਹਦੇ ਸਾਥੀ ਕਰਦੇ ਸਨ। ਇਹ ਇੱਕ ਘੱਟਗਿਣਤੀ ਰੁਝਾਨ ਸੀ। ਜਿਵੇਂ ਕਿ ਮੇਰੀ ਉਸ ਨਾਲ਼ ਬਹਿਸ ਤੋਂ ਬਿਲਕੁਲ ਸਪੱਸ਼ਟ ਹੋ ਗਿਆ, ਭਗਤ ਸਿੰਘ ਬੰਬ ਅਤੇ ਪਿਸਤੌਲ ਵਰਤ ਕੇ ਤੇਜ਼ੀ ਨਾਲ਼ ਕੁਝ ਕਰਨਾ ਚਾਹੁੰਦਾ ਸੀ, ਤਾਂ ਜੋ ਸੁੱਤੇ ਹੋਏ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ, ਜਿਹੜੇ ਮਾਤਭੂਮੀ ਵੱਲ ਆਪਣੀ ਜ਼ਿੰਮੇਵਾਰੀ ਭੁਲਾ ਚੁੱਕੇ ਸਨ, ਰਾਜਨੀਤਕ ਤੌਰ ‘ਤੇ ਜਗਾਇਆ ਜਾਵੇ। ਭਗਤ ਸਿੰਘ ਕੋਈ ਅਜਿਹੀ ਦੰਗ ਕਰ ਦੇਣ ਵਾਲ਼ੀ ਗੱਲ ਕਰਨੀ ਚਾਹੁੰਦਾ ਸੀ, ਜਿਹੜੀ ਨੌਜਵਾਨਾਂ ਨੂੰ ਹਲੂਣ ਦੇਵੇ ਅਤੇ ਭਾਰਤ ਦੀ ਜਾਨ-ਮਾਰੂ ਬਰਤਾਨਵੀ ਗ਼ੁਲਾਮੀ ਬਾਰੇ ਕੁਝ ਸੋਚਣ ਲਾ ਦੇਵੇ ਅਤੇ ਉਹ ਮੈਦਾਨ ਵਿੱਚ ਉੱਤਰਨ, ਆਪਣਾ ਕੈਰੀਅਰ ਬਣਾਉਣ ਦਾ ਹਰ ਕਿਸਮ ਦਾ ਖ਼ਿਆਲ ਤਿਆਗਣ ਅਤੇ ਅਜ਼ਾਦੀ ਦੇ ਕਾਜ਼ ਲਈ ਕੁਰਬਾਨੀਆਂ ਦੇਣ ਨੂੰ ਤਿਆਰ ਹੋਣ। ਉਹ ਏਨੇ ਲੰਮੇ ਸਮੇਂ ਤੱਕ, ਜਦੋਂ ਮਜ਼ਦੂਰ ਅਤੇ ਕਿਸਾਨ ਵਾਜਬ ਤਰੀਕੇ ਨਾਲ਼ ਜਥੇਬੰਦ ਹੋਣਗੇ, ਜਦੋਂ ਇਨਕਲਾਬੀ ਹਾਲਤ ਪੱਕ ਚੁਕੀ ਹੋਵੇਗੀ ਅਤੇ ਇਨਕਲਾਬ ਆਰੰਭ ਕਰਨ ਦਾ ਸੱਦਾ ਦਿਤਾ ਜਾਵੇਗਾ, ਉਡੀਕ ਨਹੀਂ ਸੀ ਕਰ ਸਕਦਾ। ਉਹ ਜ਼ੋਰ ਦੇ ਕੇ ਕਹਿੰਦਾ ਹੁੰਦਾ ਸੀ ਕਿ ”ਸਾਡਾ ਨੌਜਵਾਨ ਗਰਮ ਖ਼ੂਨ ਏਨੀ ਲੰਮੀ ਉਡੀਕ ਨਹੀਂ ਕਰ ਸਕਦਾ।”

ਆਪਣੇ ਥੀਸਿਸ ਦੀ ਹਮਾਇਤ ਵਿੱਚ ਉਹਦੀ ਮੁੱਖ ਦਲੀਲ ਇਹ ਹੁੰਦੀ ਸੀ ਕਿ ”ਇੱਕ ਕਾਰਨਾਮਾ ਕੁਝ ਹੀ ਦਿਨਾਂ ਵਿੱਚ ਏਨਾ ਪ੍ਰਚਾਰ ਕਰ ਦਿੰਦਾ ਹੈ, ਜਿੰਨਾ ਇੱਕ ਹਜ਼ਾਰ ਪੈਂਫ਼ਲਿਟ ਵੀ ਨਹੀਂ ਕਰਦੇ… ਇੱਕ ਕਾਰਨਾਮੇ ਤੋਂ ਦੂਜਾ ਪੈਦਾ ਹੁੰਦਾ ਹੈ, ਵਿਰੋਧ ਕਰਨ ਵਾਲ਼ੇ ਬਗ਼ਾਵਤ ਵਿੱਚ ਸ਼ਾਮਲ ਹੋ ਜਾਂਦੇ ਹਨ, ਸਰਕਾਰ ਧੜਿਆਂ ਵਿੱਚ ਪਾਟ ਜਾਂਦੀ ਹੈ; ਸਖ਼ਤੀ ਇਸ ਟੱਕਰ ਨੂੰ ਹੋਰ ਵਧਾ ਦਿੰਦੀ ਹੈ, ਰਿਆਇਤਾਂ ਬਹੁਤ ਪੱਛੜ ਕੇ ਆਉਂਦੀਆਂ ਹਨ, ਇਨਕਲਾਬ ਛਿੜ ਪੈਂਦਾ ਹੈ।” 1 ਕਈ ਵਾਰ ਉਹ ਇਸ ਹੱਦ ਤਕ ਵਧਾ ਕੇ ਗੱਲ ਕਰਦਾ ਸੀ ਅਤੇ ਆਖਦਾ ਸੀ ਕਿ ਹੱਥ ਵਿੱਚ ਮਸ਼ਾਲ ਜਾਂ ਡਾਇਨਾਮਾਈਟ ਲੈ ਕੇ ਬਗ਼ਾਵਤ ਵਿੱਚ ਉੱਠਿਆ ਇੱਕੋ ਵਿਅਕਤੀ ਵੀ ਸਾਰੀ ਦੁਨੀਆਂ ਨੂੰ ਰਾਹ ਵਿਖਾ ਸਕਦਾ ਹੈ।

ਇਹ ਗੱਲ ਕਹਿਣ ਦੀ ਇੱਥੇ ਲੋੜ ਨਹੀਂ ਕਿ ਇਹ ਸ਼ਬਦ ਕੱਚੇ ਅਤੇ ਅਨਾੜੀ ਨੌਜਵਾਨਾਂ ਦੇ ਮਨਾਂ ਨੂੰ ਬੜੀ ਖਿੱਚ ਪਾਉਂਦੇ ਸਨ। ਮੈਂ ਵੀ ਕੱਚਾ ਅਤੇ ਅਨਾੜੀ ਹੀ ਸੀ। ਮੈਨੂੰ ਉਸ ਸਮੇਂ ਮਾਰਕਸਵਾਦ ਦਾ ਏਨਾਂ ਬਹੁਤਾ ਪਤਾ ਨਹੀਂ ਸੀ ਕਿ ਮੈਂ ਦਹਿਸ਼ਤਪਸੰਦੀ ਅਤੇ ਮਾਰਕਸਵਾਦ ਵਿਚਕਾਰ ਨਿਖੇੜਾ ਕਰ ਸਕਦਾ। ਮਾਰਕਸਵਾਦ ਦਾ ਜ਼ੋਰ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਿਹੜੇ ਅਸਲ ਭਾਰਤ ਦੀ ਪ੍ਰਤੀਨਿਧਤਾ ਕਰਦੇ ਸਨ ਅਤੇ ਜਿਨ੍ਹਾਂ ਦੀ ਮੁਕਤੀ ਲਈ ਅਸੀਂ ਆਪਣੀਆਂ ਜਾਨਾਂ ਵਾਰਨ ਨੂੰ ਤਿਆਰ ਸੀ, ਜਥੇਬੰਦ ਕਰਨ ਉਤੇ ਸੀ। ਇਹੋ ਕਾਰਨ ਸੀ ਕਿ ਮੈਂ ਇੱਕ ਵੀ ਲੇਖ ਅਜਿਹਾ ਨਾ ਲਿਖ ਸਕਿਆ, ਜਿਸ ਵਿਚ ਦਹਿਸ਼ਤਪਸੰਦ ਨਜ਼ਰੀਏ ਤੋਂ ਆਪਣਾ ਨਿਖੇੜ ਪ੍ਰਗਟ ਕੀਤਾ ਹੁੰਦਾ। ਇਹਦੇ ਦੋ ਕਾਰਨ ਸਨ। ਪਹਿਲਾ ਇਹ ਸੀ ਕਿ ਮਾਰਕਸਵਾਦੀ ਸਾਹਿਤ ਹੀ ਪ੍ਰਾਪਤ ਨਹੀਂ ਸੀ ਅਤੇ ਮੈਂ ਅਜੇ ਨਵਾਂ-ਨਵਾਂ ਹੀ ਸੀ, ਮੇਰੇ ਵਿੱਚ ਉਤਸ਼ਾਹ ਬਹੁਤ ਸੀ, ਪਰ ਮਾਰਕਸਵਾਦ ਦਾ ਗਿਆਨ ਬਹੁਤ ਘੱਟ ਸੀ। ਦੂਜੀ ਗੱਲ, ਗ਼ਦਰ ਪਾਰਟੀ ਦੀ ਹਥਿਆਰਬੰਦ ਸੰਗਰਾਮ ਦੀ ਵਿਚਾਰਧਾਰਾ ਅਤੇ ਗ਼ਦਰੀ ਸੂਰਬੀਰਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਮੇਰੀ ਸੋਚਣੀ ਉੱਤੇ ਮਜਬੂਤ ਪਕੜ ਸੀ।

ਪਰ ਇਸ ਕਮਜ਼ੋਰੀ ਅਤੇ ਕਚਿਆਈ ਦੇ ਬਾਵਜੂਦ ਕਿਰਤੀ ਗਰੁੱਪ ਨੌਜਵਾਨ ਭਾਰਤ ਸਭਾ ਦੀ ਲਹਿਰ ਵਿੱਚ ਬਹੁਗਿਣਤੀ ਮਾਰਕਸਵਾਦੀ ਰੁਝਾਨ ਦੀ ਪ੍ਰਤੀਨਿਧਤਾ ਕਰਦਾ ਸੀ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨ ਉੱਤੇ ਜ਼ੋਰ ਦਿੰਦਾ ਸੀ, ਉਹਨਾਂ ਦੀਆਂ ਕਿਸਾਨੀ ਅਤੇ ਆਰਥਕ ਮੰਗਾਂ ਲਈ ਲੜਦਾ ਸੀ, ਉਹਨਾਂ ਨੂੰ ਆਜ਼ਾਦੀ ਦੇ ਸੰਗਰਮ ਵਿਚ ਉਹਨਾਂ ਦੇ ਰਾਜਨੀਤਕ ਰੋਲ ਬਾਰੇ ਸੁਚੇਤ ਕਰਦਾ ਸੀ ਅਤੇ ਇਸ ਗੱਲ ਉਤੇ ਜ਼ੋਰ ਦਿੰਦਾ ਸੀ ਕਿ ਬਰਤਾਨਵੀ ਹਾਕਮਾਂ ਤੋਂ ਅਜ਼ਾਦੀ ਜਿੱਤਣ ਦੀ ਸਮੱਸਿਆ ਉਹਨਾਂ ਦੀ ਆਪਣੀ ਸਮੱਸਿਆ ਵੀ ਸੀ, ਕਿਉਂਕਿ ਬਰਤਾਨਵੀ ਹਕੂਮਤ ਵਿੱਚ ਉਹ ਹੀ ਸਭ ਤੋਂ ਵੱਧ ਜਬਰ ਦਾ ਸ਼ਿਕਾਰ ਤੇ ਵਹਿਸ਼ੀ ਤਰੀਕੇ ਨਾਲ਼ ਲੁੱਟੀਆਂ ਜਾਂਦੀਆਂ ਜਮਾਤਾਂ ਸਨ ਅਤੇ ਇਸੇ ਕਰ ਕੇ ਉਹਨਾਂ ਨੂੰ ਜਥੇਬੰਦ ਹੋਣਾ ਚਾਹੀਦਾ ਹੈ ਤੇ ਜਨਤਕ ਇਨਕਲਾਬ ਲਈ ਤਿਆਰੀ ਕਰਨੀ ਚਾਹੀਦੀ ਹੈ।

ਅਸੀਂ ਇਹਨਾਂ ਸਮੱਸਿਆਵਾਂ ਉੱਤੇ ਕਈ ਵਾਰ ਵਿਚਾਰਾਂ ਕੀਤੀਆਂ। ਕਿਰਤੀ ਗਰੁੱਪ ਆਪਣੀ ਪੁਜ਼ੀਸ਼ਨ ਉੱਤੇ ਡਟਿਆ ਰਿਹਾ ਅਤੇ ਨੌਜਵਾਨ ਭਾਰਤ ਸਭਾ ਤੇ ਕਿਰਤੀ ਕਿਸਾਨ ਪਾਰਟੀ ਰਾਹੀਂ ਆਪਣੀ ਨੀਤੀ ਦਾ ਲਗਾਤਾਰ ਪ੍ਰਚਾਰ ਕਰਦਾ ਰਿਹਾ। ਇਹ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਉਹਨਾਂ ਦੀਆਂ ਆਰਥਕ ਮੰਗਾਂ ਦੁਆਲ਼ੇ ਜਥੇਬੰਦ ਕਰਦਾ ਰਿਹਾ। ਭਗਤ ਸਿੰਘ ਅਤੇ ਉਹਦੇ ਗਰੁੱਪ ਨੇ ਆਪਣੀ ਨੀਤੀ ਅਮਲ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ। ਇਉਂ ਉਹਨਾਂ ਨੇ ਇਹ ਸਿੱਧ ਕੀਤਾ ਕਿ ਉਹ ਜਿਸ ਗੱਲ ਵਿੱਚ ਪੱਕਾ ਵਿਸ਼ਵਾਸ ਰੱਖਦੇ ਸਨ, ਉਸ ਉੱਤੇ ਅਮਲ ਵੀ ਕਰਦੇ ਹਨ। ਮੈਨੂੰ ਲਾਹੌਰ ਵਿੱਚ ਉਹਨਾਂ ਦੀ ਮੀਟਿੰਗ ਵਾਲ਼ੀ ਥਾਂ ਲਿਜਾਇਆ ਗਿਆ। ਇਹ ਇੱਕ ਘਰ ਸੀ, ਜਿਹੜਾ ਵਧੀਆ ਸਜਿਆ ਹੋਇਆ ਸੀ ਅਤੇ ਸਾਫ਼-ਸੁਥਰਾ ਸੀ। ਦੀਵਾਰ ਉੱਤੇ ਕਰੋਪੋਤਕਿਨ ਅਤੇ ਬਾਕੂਨਿਨ ਦੀਆਂ ਤਸਵੀਰਾਂ ਲਟਕ ਰਹੀਆਂ ਸਨ। ਇਹ ਘਰ ਸ਼ਾਇਦ ਭਗਵਤੀ ਚਰਨ ਵੋਹਰਾ ਦਾ ਸੀ। ਇਹ ਗੱਲ ਸਪੱਸ਼ਟ ਸੀ ਕਿ ਮੈਂ ਉਹਨਾਂ ਦਾ ਵਿਸ਼ਵਾਸ ਜਿੱਤ ਲਿਆ ਸੀ।

ਪੰਜਾਬੀ ਕਿਰਤੀ ਦੇ ਨਾਲ਼-ਨਾਲ਼ ਉਰਦੂ ਕਿਰਤੀ ਦਾ ਪਹਿਲਾ ਪਰਚਾ ਅਪ੍ਰੈਲ 1928 ਵਿਚ ਅੰਮ੍ਰਿਤਸਰ ਤੋਂ ਕੱਢਿਆ ਗਿਆ, ਤਾਂ ਜੋ ਵਧੇਰੇ ਪਾਠਕਾਂ ਤੱਕ ਪੁੱਜਿਆ ਜਾ ਸਕੇ। ਮੈਂ ਮੁੱਖ ਸੰਪਾਦਕ ਸੀ ਅਤੇ ਫ਼ੀਰੋਜ਼ ਦੀਨ ਮਨਸੂਰ, ਜੀਹਨੂੰ ਪਿਸ਼ਾਵਰ ਸਾਜ਼ਿਸ਼ ਕੇਸ ਵਿੱਚ ਸਜ਼ਾ ਹੋਈ ਸੀ, ਸਹਾਇਕ ਸੰਪਾਦਕ ਸੀ। ਅਸੀਂ ਭਗਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਉਰਦੂ ਕਿਰਤੀ ਦੇ ਸਟਾਫ਼ ਵਿੱਚ ਸ਼ਾਮਲ ਹੋ ਜਾਵੇ। ਉਸ ਸਮੇਂ ਉਹਨੂੰ ਆਪਣੇ ਪਿਤਾ ਨਾਲ਼ ਉਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਹੜੀ ਉਹਨਾਂ ਨੌਜਵਾਨਾਂ ਵਿੱਚੋਂ ਬਹੁਤਿਆਂ ਦੇ ਸਾਹਮਣੇ ਆਉਂਦੀ ਸੀ, ਜਿਹੜੇ ਬਰਤਾਨਵੀ ਹਕੂਮਤ ਵਿਰੁੱਧ ਅਜ਼ਾਦੀ ਲਈ ਲੜਨ ਦਾ ਜ਼ੇਰਾ ਕਰਦੇ ਸਨ। ਉਹਦੇ ਪਿਤਾ ਇਹ ਨਹੀਂ ਸਨ ਚਾਹੁੰਦੇ ਕਿ ਉਹ ਕਿਸੇ ਗੁਪਤ ਸਭਾ ਵਿੱਚ ਕੰਮ ਕਰੇ। ਪਰ ਭਗਤ ਸਿੰਘ ਨੇ ਯੂ. ਪੀ. ਅਤੇ ਬੰਗਾਲ ਵਿੱਚ ਕੰਮ ਕਰ ਰਹੀਆਂ ਗੁਪਤ ਸਭਾਵਾਂ ਨਾਲ਼ ਸੰਪਰਕ ਸਥਾਪਤ ਕਰ ਲਏ ਸਨ। ਪੰਜਾਬ ਵਿੱਚ ਉਹਦਾ ਗਰੁੱਪ, ਜਿਸ ਵਿੱਚ ਸੁਖਦੇਵ, ਅਹਿਸਾਨ ਇਲਾਹੀ, ਭਗਵਤੀ ਚਰਨ, ਧਨਵੰਤਰੀ ਅਤੇ ਹੋਰ ਸ਼ਾਮਲ ਸਨ, ਚੰਗਾ ਗੁੰਦਵਾਂ ਅਤੇ ਮਜ਼ਬੂਤ ਗਰੁੱਪ ਸੀ। ਉਹਦੇ ਪਿਤਾ ਨੂੰ ਇਹਦਾ ਪਤਾ ਲੱਗ ਗਿਆ ਅਤੇ ਉਹਨੇ ਉਹਨੂੰ ਅਜਿਹੀਆਂ ਗੁਪਤ ਸਰਗਰਮੀਆਂ ਤੋਂ ਲਾਂਭੇ ਰਹਿਣ ਲਈ ਕਿਹਾ। ਉਹਨੇ ਕੋਸ਼ਿਸ਼ ਕੀਤੀ ਕਿ ਉਹ ਭਗਤ ਸਿੰਘ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਕੰਮ ਕਰਨ ਲਈ ਮਨਾਵੇ।

ਪਰ ਕਿਉਂਕਿ ਭਗਤ ਸਿੰਘ ਦੇ ਵਿਚਾਰ ਬਹੁਤ ਦ੍ਰਿੜ੍ਹ ਸਨ, ਉਹ ਨਾ ਮੰਨਿਆ ਅਤੇ ਕੁਝ ਚਿਰ ਲਈ ਘਰ ਛੱਡ ਕੇ ਚਲਿਆ ਗਿਆ। ਪਹਿਲਾ ਉਹ ਦਿੱਲੀ ਗਿਆ ਅਤੇ ਫੇਰ ਕਾਨਪੁਰ, ਜਿੱਥੇ ਉਹ ਮਹਾਨ ਦੇਸ਼ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਨੂੰ ਮਿਲ਼ਿਆ। ਉੱਥੇ ਉਹਨੇ ਉਹਦੇ ਦੈਨਿਕ ਪ੍ਰਤਾਪ ਵਿੱਚ ਕੁਝ ਚਿਰ ਕੰਮ ਕੀਤਾ। ਉਹਨੇ ਸਾਡੇ ਨਾਲ਼ ਕਿਰਤੀ ਵਿੱਚ ਕੰਮ ਕਰਨਾ ਮੰਨਿਆ ਅਤੇ ਤਕਰੀਬਨ ਤਿੰਨ ਮਹੀਨੇ ਕੰਮ ਕੀਤਾ ਵੀ, ਪਰ ਫੇਰ ਉਹ ਅਲੋਪ ਹੋ ਗਿਆ। 2

ਮੈਨੂੰ ਯਾਦ ਹੈ ਕਿ ਕਿਰਤੀ ਦੇ ਪ੍ਰਬੰਧਕ ਅਦਾਰੇ ਨੇ ਉਹਨੂੰ ਇੱਕ ਵਾਰ 800 ਰੁਪਏ ਦਿੱਤੇ ਅਤੇ ਫੇਰ 300 ਰੁਪਏ। ਇਹ ਰਕਮਾਂ ਉਹਨੂੰ ਆਪਣੀ ਮਰਜੀ ਅਨੁਸਾਰ ਵਰਤਣ ਲਈ ਦਿੱਤੀਆਂ ਗਈਆਂ। ਇਹ ਸਾਡੇ ਸਟਾਫ਼ ਵਿੱਚ ਕੰਮ ਕਰਨ ਦੇ ਉਹਦੇ ਮਿਹਨਤਾਨੇ ਤੋਂ ਵੱਖਰੀਆਂ ਸਨ।

ਉਸ ਨਾਲ਼ ਵਿਚਾਰ-ਵਟਾਂਦਰਾ ਕਰਨ ਤੋਂ ਮੈਨੂੰ ਪਤਾ ਲੱਗਿਆ ਕਿ ਭਗਤ ਸਿੰਘ ਦਾ ਕਿਸੇ ਧਰਮ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਉਹ ਨਾਸਤਕ ਸੀ। ਉਹਦੀ ਸ਼ਹੀਦੀ ਦੇ ਪਿੱਛੋਂ ਕੁਝ ਆਰੀਆ ਸਮਾਜੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਆਰੀਆ ਸਮਾਜੀ ਸੀ ਅਤੇ ਕੁਝ ਸਿੱਖਾਂ ਨੇ ਦਾਅਵਾ ਕੀਤਾ ਹੈ ਕਿ ਉਹ ਸਿੱਖ ਸੀ। ਅਸਲ ਵਿਚ ਉਹ ਇਹਨਾਂ ਦੋਵਾਂ ਵਿੱਚੋਂ ਕੁਝ ਵੀ ਨਹੀਂ ਸੀ। ਉਹ ਕਿਹਾ ਕਰਦਾ ਸੀ, ”ਮੈਂ ਇਕ ਸਧਾਰਨ ਮਨੁੱਖ ਹਾਂ, ਬਸ।” ਉਹ ਉਹਨਾਂ ਧਾਰਮਕ-ਫਿਰਕੂ ਆਗੂਆਂ ਨੂੰ ਨਫ਼ਰਤ ਕਰਿਆ ਕਰਦਾ ਸੀ, ਜਿਹੜੇ ਧਰਮ ਨੂੰ ਆਪਣੇ ਸਵਾਰਥੀ ਮੰਤਵਾਂ ਲਈ ਵਰਤਦੇ ਸਨ ਅਤੇ ਜਿਨ੍ਹਾਂ ਨੇ ਧਰਮ ਨੂੰ ਬੜੀ ਬੇਸ਼ਰਮੀ ਨਾਲ਼ ਅੰਗਰੇਜ਼ ਅਫਸਰਾਂ ਦਾ ਗੱਲਾ ਬਣਾ ਰੱਖਿਆ ਸੀ। ਉਹਨੂੰ ਵਾਰ-ਵਾਰ ਵਾਪਰਦੇ ਫ਼ਿਰਕੂ ਫ਼ਸਾਦਾਂ ਉੱਤੇ ਬੜਾ ਦੁੱਖ ਹੁੰਦਾ ਸੀ। ਇਹ ਫ਼ਸਾਦ ਅੰਗਰੇਜ਼ ਜਾਬਰਾਂ ਨੂੰ ”ਭਾਰਤ ਦੀ ਗ਼ੁਲਾਮੀ ਨੂੰ ਲੰਮਾ ਕਰਨ” ਵਿੱਚ ਮਦਦ ਦਿੰਦੇ ਸਨ।

***
ਨੋਟ
1. ਭਗਤ ਸਿੰਘ ਦੇ ਇੱਕ ਲੇਖ ”ਅਰਾਜਕਤਾਵਾਦ ਦਾ ਇਤਿਹਾਸ” (ਕਿਰਤੀ ਮਾਸਕ, ਜੁਲਾਈ 1928 ਪੰਨਾ 52) ਵਿੱਚ ਦਿੱਤੇ ਗਏ ਕਰੋਪੋਤਰਿਨ ਦੇ ਸ਼ਬਦ।
2. ”ਮਿ: ਸਾਂਡਰਸ ਸੁਪਟੈਡੰਟ ਪੁਲੀਸ ਦੇ ਮੁਕੱਦਮੇ ਵਿੱਚ ਫਾਂਸੀ ਪਾ ਚੁੱਕੇ ਸ: ਭਗਤ ਸਿੰਘ ਜੀ ਵੀ ਕੋਈ ਤਿੰਨ ਚਾਰ ਮਹੀਨੇ ਸਾਡੇ ਕਿਰਤੀ ਦੇ ਸਟਾਫ਼ ਵਿਚ ਰਹੇ” – ਅਰਜਨ ਸਿੰਘ ਗੜਗੱਜ ਦੀ ਆਤਮਕਥਾ ਮੇਰਾ ਆਪਣਾ ਆਪ, ਪੰਨਾ 106। ਇਹਦੇ ਨਾਲ਼ ਹੀ ਅਜੈ ਘੋਸ਼ ਦੀ ਉਪਰੋਕਤ ਨੋਟ 6 ਵਾਲ਼ੀ ਰਚਨਾ ਵੀ ਦੇਖੋ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements