ਬਰਬਰਤਾ ਵਿਰੁੱਧ ਘੋਲ਼ ‘ਤੇ ਇੱਕ ਝਾਤ •ਬਰ੍ਤੋਲਤ ਬੈਰ੍ਖਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਸਾਥਿਓ, ਮੈਂ ਵਿਸ਼ੇਸ਼ ਤੌਰ ‘ਤੇ ਕੁਝ ਨਵਾਂ ਕਹੇ ਬਿਨਾ ਉਸ ਸੰਘਰਸ਼ ਬਾਰੇ ਕੁਝ ਸ਼ਬਦ ਕਹਿਣਾ ਚਹੁੰਦਾ ਹਾਂ ਜੋ ਉਹਨਾਂ ਤਾਕਤਾਂ ਵਿਰੁੱਧ ਹਨ ਜੋ ਪੱਛਮੀ ਸੱਭਿਆਚਾਰ ਦਾ ਗਲ਼ਾ ਘੁੱਟ ਉਸਨੂੰ ਖੂਨ ਅਤੇ ਮਿੱਟੀ ਵਿੱਚ ਮਿਲਾਉਣ ਲਈ ਤਿਆਰ ਹਨ ਜਾਂ ਫਿਰ ਸੱਭਿਆਚਾਰ ਦੀ ਉਸ ਰਹਿੰਦ-ਖੂੰਹਦ ਨੂੰ ਜੋ ਇੱਕ ਸਦੀ ਦੀ ਲੁੱਟ ਤੋਂ ਬਾਅਦ ਸਾਡੇ ਕੋਲ਼ ਬਚੀ ਹੈ। ਮੈਂ ਤੁਹਾਡਾ ਧਿਆਨ ਬੱਸ ਇੱਕ ਗੱਲ ਵੱਲ ਖਿੱਚਣਾ ਚਹੁੰਦਾ ਹਾਂ ਜਿਸ ‘ਤੇ ਮੇਰਾ ਮੰਨਣਾ ਹੈ ਕਿ ਸਪੱਸ਼ਟਤਾ ਹੋਣੀ ਲਾਜ਼ਮੀ ਹੈ ਜੇਕਰ ਅਸੀਂ ਉਹਨਾਂ ਤਾਕਤਾਂ ਵਿਰੁੱਧ ਸੰਘਰਸ਼ ਨੂੰ ਕਾਰਗਰ ਤਰੀਕੇ ਨਾਲ਼ ਜਾਰੀ ਰੱਖਣਾ ਹੈ ਅਤੇ ਖਾਸਤੌਰ ‘ਤੇ ਉਹਨਾਂ ਦੀ ਮੁਕੰਮਲ ਤਬਾਹੀ ਤੱਕ।

ਜਿਹਨਾਂ ਲੇਖਕਾਂ ਨੇ ਫਾਸੀਵਾਦ ਦੀ ਕਰੂਪਤਾ ਅਤੇ ਜਬਰਾਂ ਨੂੰ ਸਿੱਧੇ ਤੌਰ ‘ਤੇ ਪ੍ਰਤੱਖ ਜਾਂ ਅਪ੍ਰਤੱਖ ਰੂਪ ‘ਚ ਝੱਲਿਆ ਹੈ ਅਤੇ ਜੋ ਉਹਨਾਂ ਤੋਂ ਪੀੜ੍ਹਤ ਹਨ, ਉਹ ਸਿਰਫ ਆਪਣੇ ਤਜ਼ਰਬੇ ਅਤੇ ਤਸੀਹਿਆਂ ਦੀ ਚੇਤਨਤਾ ਸਦਕਾ ਇਹਨਾ ਜਬਰਾਂ ਵਿਰੁੱਧ ਸੰਘਰਸ਼ ਕਰਨ ਦੀ ਹਾਲਤ ਵਿੱਚ ਨਹੀਂ ਹਨ। ਕੁਝ ਲੋਕਾਂ ਦਾ ਮੰਨਣਾ ਹੋ ਸਕਦਾ ਹੈ ਕਿ ਜਬਰਾਂ ਦਾ ਹਵਾਲਾ ਦੇਣਾਂ ਕਾਫੀ ਹੈ, ਖਾਸਤੌਰ ‘ਤੇ ਜੇਕਰ ਮਹਾਨ ਸਾਹਿਤਕ ਪ੍ਰਤਿਭਾ ਅਤੇ ਨਿਰੋਲ ਗੁੱਸੇ ਦੇ ਵਰਨਣ ਨੂੰ ਉਤਸੁਕਤਾ ਪ੍ਰਦਾਨ ਕਰੇ। ਅਤੇ ਬਿਨ੍ਹਾਂ ਸ਼ੱਕ ਅਜਿਹੇ ਹਵਾਲੇ ਬਹੁਤ ਮਹੱਤਵਪੂਰਨ ਹਨ। ਜ਼ੁਲਮ ਹੋ ਰਿਹਾ ਹੈ। ਅਜਿਹਾ ਹੋਣ ਨਹੀਂ ਦਿੱਤਾ ਜਾ ਸਕਦਾ। ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਇਸਦੇ ਲਈ ਕਿਹੜੇ ਲੰਬੇ ਸਪੱਸ਼ਟੀਕਰਨ ਦੀ ਆਸ ਕੀਤੀ ਜਾ ਸਕਦੀ? ਪਾਠਕ ਲਾਜ਼ਮੀ ਉੱਠੇਗਾ ਅਤੇ ਜ਼ਾਲਮਾਂ ਦਾ ਟਾਕਰਾ ਕਰੇਗਾ। ਪਰ ਸਾਥਿਓ, ਸਪੱਸ਼ਟੀਕਰਨ ਜਰੂਰੀ ਹੈ।

ਪਾਠਕ ਉੱਠ ਸਕਦਾ ਹੈ। ਇਹ ਏਨਾ ਮੁਸ਼ਕਲ ਨਹੀਂ ਹੈ। ਪਰ ਉਸ ਤੋਂ ਬਾਅਦ ਜ਼ਾਲਮ ਦਾ ਟਾਕਰਾ ਕਰਨ ਦਾ ਛੋਟਾ ਵਿਸ਼ਾ ਸਾਹਮਣੇ ਆਉਂਦਾ ਹੈ ਅਤੇ ਇਹ ਕਾਫੀ ਮੁਸ਼ਕਲ ਹੈ। ਗੁੱਸਾ ਮੌਜੂਦ ਹੈ, ਦੁਸ਼ਮਣ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ। ਪਰ ਉਸ ਨੂੰ ਗੋਡਿਆਂ ਭਾਰ ਕਿੰਝ ਕੀਤਾ ਜਾਵੇ? ਲੇਖਕ ਇਹ ਕਹਿ ਸਕਦਾ ਹੈ ਕਿ ਮੇਰਾ ਕੰਮ ਜ਼ੁਲਮ ਨੂੰ ਨੰਗਾ ਕਰਨਾ ਹੈ।  ਉਸ ਤੋਂ ਬਾਅਦ ਕੀ ਕਰਨਾ ਹੈ ਇਹ ਸਵਾਲ ਪਾਠਕ ਜਿੰਮੇ ਹੈ। ਪਰ ਤਦ ਲੇਖਕ ਇੱਕ ਅਨੋਖੀ ਖੋਜ਼ ਕਰੇਗਾ। ਉਹ ਇਹ ਦੇਖੇਗਾ ਕਿ ਗੁੱਸਾ ਹਮਦਰਦੀ ਵਾਂਗ ਕੁਝ ਕੁਝ ਮਾਤਰਾਤਮਕ ਹੁੰਦਾ ਹੈ, ਉਹ ਇਸ ਜਾਂ ਉਸ ਮਾਤਰਾ ‘ਚ ਮੌਜੂਦ ਹੁੰਦਾ ਹੈ ਅਤੇ ਅਲੋਪ ਹੋ ਸਕਦਾ ਹੈ। ਅਤੇ ਸਭ ਤੋਂ ਬੁਰੀ ਚੀਜ਼ ਇਹ ਹੈ ਕਿ ਜਿੰਨੀ ਜ਼ਿਆਦਾ ਇਸਦੀ ਜਰੂਰਤ ਹੁੰਦੀ ਹੈ, ਓਨੀ ਹੀ ਜਲਦੀ ਇਹ ਅਲੋਪ ਹੋ ਸਕਦਾ ਹੈ। ਸਾਥੀਆਂ ਨੇ ਮੈਨੂੰ ਦੱਸਿਆ ਕਿ ਜਦ ਅਸੀਂ ਪਹਿਲੀ ਵਾਰ ਇਹ ਕਿਹਾ ਕਿ ਸਾਡੇ ਸਾਥੀਆਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ, ਤਦ ਦਹਿਸ਼ਤ ਦੀਆਂ ਚੀਕਾਂ ਫੈਲ ਗਈਆਂ ਅਤੇ ਬਹੁਤ ਸਾਰੇ ਲੋਕ ਸਾਡੀ ਮਦਦ ਲਈ ਆਏ। ਇਹ ਤਦ ਦੀ ਗੱਲ ਹੈ ਜਦ ਕੁਝ ਸੌ ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ। ਪਰ ਜਦ ਹਜ਼ਾਰਾਂ ਕਤਲ ਕਰਨ ਤੋਂ ਬਾਅਦ ਵੀ ਕਤਲੇਆਮ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ, ਤਦ ਚੁੱਪ ਪਸਰ ਗਈ ਅਤੇ ਕੁਝ ਲੋਕ ਹੀ ਸਾਡੀ ਮਦਦ ਲਈ ਆਏ। ਇਹ ਕੁਝ ਅਜਿਹਾ ਹੈ: ‘ਜਦ ਅਪਰਾਧ ਵਧਦੇ ਹਨ, ਉਹ ਦਿਸਣੋ ਹਟ ਜਾਂਦੇ ਹਨ। ਜਦ ਤਸੀਹੇ ਅਸਿਹਣਯੋਗ ਬਣ ਜਾਂਦੇ ਹਨ, ਤਦ ਚੀਕਾਂ ਸੁਣਨੀਆਂ ਬੰਦ ਹੋ ਜਾਂਦੀਆਂ ਹਨ। ਇੱਕ ਇਨਕਸਾਨ ਨੂੰ ਮਾਰਿਆ ਜਾਂਦਾ ਹੈ, ਇਹ ਦੇਖਣ ਵਾਲਾ ਵਿਅਕਤੀ ਬੇਹੋਸ਼ ਹੋ ਜਾਂਦਾ ਹੈ। ਇਹ ਸੁਭਾਵਿਕ ਹੈ। ਜਦ ਬੁਰਾਈ ਅਸਮਾਨ ਤੋਂ ਮੀਂਹ ਵਾਂਗੂ ਵਰਦੀ ਹੈ, ਤਦ ਕੋਈ ਨਹੀਂ ਚੀਕਦਾ “ਬੱਸ ਕਰੋ”।’ 

ਤਾਂ ਹਲਾਤ ਅਜਿਹੇ ਹਨ। ਇਹਨਾ ਨੂੰ ਬਦਲਿਆ ਕਿਵੇਂ ਜਾ ਸਕਦਾ ਹੈ? ਕੀ ਇਨਸਾਨ ਨੂੰ ਜ਼ੁਲਮ ਵੱਲ ਪਿੱਠ ਕਰਨ ਤੋਂ ਰੋਕਣ ਦਾ ਕੋਈ ਰਸਤਾ ਨਹੀਂ ਹੈ? ਉਹ ਪਿੱਠ ਕਿਉਂ ਕਰਦਾ ਹੈ? ਉਹ ਅਜਿਹਾ ਇਸ ਲਈ ਕਰਦਾ ਹੈ ਕਿਉਂਕਿ ਉਸ ਨੂੰ ਦਖਲ ਦੇਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਕੋਈ ਆਦਮੀ ਕਿਸੇ ਦੂਸਰੇ ਦੇ ਦੁੱਖਾਂ ਦੇ ਪਲਾ ਵਿੱਚ ਠਹਿਰਨਾ ਨਹੀਂ ਚਾਹੇਗਾ ਜੇਕਰ ਉਹ ਉਸਦੀ ਮਦਦ ਕਰਨ ‘ਚ ਅਸਮਰੱਥ ਹੈ। ਤੁਸੀ ਤਕਲੀਫ ਨੂੰ ਰੋਕ ਸਕਦੇ ਹੋ ਪਰ ਜੇਕਰ ਤੁਹਾਨੂੰ ਪਤਾ ਹੋਵੇ ਕਿ ਵਾਰ ਕਦੋਂ ਹਵੋਗਾ, ਕਿੱਥੇ ਹੋਵੇਗਾ ਅਤੇ ਕਿਓ ਕਿਸ ਉਦੇਸ਼ ਲਈ ਹੋਵੇਗਾ। ਅਤੇ ਜੇਕਰ ਤੁਸੀਂ ਤਕਲੀਫ ਨੂੰ ਰੋਕ ਸਕਦੇ ਹੋਵੋਂ, ਜਾਂ ਜੇਕਰ ਅਜਿਹਾ ਕਰ ਸਕਣ ਦੀ ਥੋੜੀ ਵੀ ਸੰਭਾਵਨਾ ਮੌਜੂਦ ਹੋਵੇ ਤਾਂ ਉਸ ਹਾਲਤ ‘ਚ ਤੁਸੀ ਪੀੜ੍ਹਤ ਪ੍ਰਤੀ ਹਮਦਰਦੀ ਮਹਿਸੂਸ ਕਰ ਸਕਦੇ ਹੋ। ਤੁਸੀ ਅਜਿਹਾ ਇਸ ਤੋਂ ਬਿਨ੍ਹਾ ਵੀ ਮਹਿਸੂਸ ਕਰ ਸਕਦੇ ਹੋ, ਪਰ ਬਹੁਤ ਦੇਰ ਲਈ ਨਹੀਂ, ਕਿਸੇ ਵੀ ਹਾਲਤ ‘ਚ ਓਨੀ ਦੇਰ ਤੱਕ ਤਾਂ ਨਹੀਂ ਜਿੰਨ੍ਹੀ ਦੇਰ ਪੀੜ੍ਹਤ ਨੂੰ ਛਾਂਟੇ ਲਾਏ ਜਾਂਦੇ ਹਨ। ਇਹ ਵਾਰ ਕਿਉਂ ਕੀਤੇ ਜਾ ਰਹੇ ਹਨ? ਕਿਉਂ ਸੱਭਿਆਚਾਰ ਨੂੰ ਬੇੜੀ ‘ਚੋਂ ਪੱਥਰ ਜਾਂ ਰੋੜੀ ਵਾਂਗ ਅਜਾਈਂ ਸਮਝਕੇ ਸੁੱਟਿਆ ਜਾ ਰਿਹਾ ਹੈ? ਸਾਡੇ ‘ਚੋਂ ਕੁਝ ਲੋਕ ਇਸ ਸਵਾਲ ਦਾ ਜਵਾਬ ਦੇਣ ਲਈ ਉਤਸੁਕ ਹਨ। ਉਹਨਾਂ ਦਾ ਜਵਾਬ ਹੁੰਦਾ ਹੈ : ਬਰਬਰਤਾ ਕਾਰਨ। ਉਹਨਾਂ ਦਾ ਮੰਨਣਾ ਹੈ ਕਿ ਉਹ ਉਹ ਮਨੁੱਖਤਾ ਦੇ ਇੱਕ ਵੱਡੇ ਅਤੇ ਲਗਾਤਾਰ ਵਧਦੇ ਹਿੱਸੇ ਵਿੱਚ ਭਿਆਨਕ ਗੁੱਸੇ ਨੂੰ ਮਹਿਸੂਸ ਕਰ ਰਹੇ ਹਨ, ਇੱਕ ਅਜਿਹੀ ਭੈਅਭੀਤ ਕਰਨ ਵਲੀ ਘਟਨਾ ਜਿਸਦਾ ਕੋਈ ਪ੍ਰਤੱਖ ਕਾਰਨ ਮੌਜੂਦ ਨਹੀਂ ਹੈ, ਜੋ ਅਚਾਨਕ ਵਾਪਰ ਗਈ ਹੈ ਅਤੇ ਸੰਭਵ ਤੌਰ ‘ਤੇ : ਇਸੇ ਤਰ੍ਹਾਂ ਕਿਸਮਤ ਨਾਲ਼ ਅਲੋਪ ਹੋ ਜਾਵੇਗੀ। ਲੰਬੇ ਸਮੇਂ ਤੋਂ ਦੱਬੀ ਹੋਈ ਜਾਂ ਸਿਥਲ ਬਰਬਰਤਾ ਦਾ ਭੱਦਾ ਮੂਲ, ਇੱਕ ਸਹਿਜ ਚੇਤਨਾ ਤੋਂ ਉਪਜੀ ਇੱਛਾ ਹੈ। ਜੋ ਇਹ ਉੱਤਰ ਦਿੰਦੇ ਹਨ ਉਹ ਸੁਭਾਵਿਕ ਤੌਰ ‘ਤੇ ਸਮਝ ਜਾਂਦੇ ਹਨ ਕਿ ਇਸ ਨਾਲ਼ ਕੋਈ ਜ਼ਿਆਦਾ ਮਦਦ ਨਹੀਂ ਹੁੰਦੀ। ਅਤੇ ਉਹ ਇਹ ਵੀ ਸਮਝ ਜਾਂਦੇ ਹਨ ਕਿ ਬਰਬਰਤਾ ਨੂੰ ਕੁਦਰਤੀ ਤਾਕਤ ਜਾਂ ਨਰਕ ਦੀਆਂ ਅਜਿੱਤ ਤਾਕਤਾਂ ਦੀ ਸ਼ਕਲ ਦੇਣਾਂ ਵੀ ਗਲਤ ਹੈ। ਇਸ ਲਈ ਉਹ ਮਨੁੱਖਤਾ ਦੀ ਅਣਗੌਲੀ ਸਿੱਖਿਆ ਦੀ ਗੱਲ ਕਰਦੇ ਹਨ। ਜਲਦਬਾਜ਼ੀ ‘ਚ ਕੁਝ ਰਹਿ ਗਿਆ ਜਾਂ ਪੂਰਾ ਨਾ ਕੀਤਾ ਜਾ ਸਕਿਆ। ਸਾਨੂੰ ਹੁਣ ਉਸਦੀ ਕਮੀ ਪੂਰਨੀ ਹੋਵੇਗੀ। ਚੰਗਿਆਈ ਨੂੰ ਬਰਬਰਤਾ ਵਿਰੁੱਧ ਖੜਨਾ ਹੋਵੇਗਾ। ਸਾਨੂੰ ਉਹਨਾਂ ਵੱਡੇ ਸ਼ਬਦਾਂ ਨੂੰ ਪੁਕਾਰਨਾ ਹੋਵੇਗਾ, ਉਸ ਜਾਦੂਮਈ ਨੁਸਖੇ ਨੂੰ ਜਿਸਨੇ ਲੰਬੇ ਸਮੇਂ ਤੋਂ ਪਿਆਰ, ਅਜ਼ਾਦੀ, ਗੌਰਵ, ਨਿਆ ਦੀਆਂ ਚਿਰਸਥਾਈ ਧਾਰਨਾਵਾਂ ਨਾਲ਼ ਸਾਡੀ ਮਦਦ ਕੀਤੀ ਹੈ, ਜਿਹਨਾ ਦੀ ਕਾਰਗਰੀ ਦੀ ਪੁਸ਼ਟੀ ਇਤਿਹਾਸ ਨੇ ਕੀਤੀ ਹੈ। ਅਤੇ ਏਸੇ ਲਈ ਉਹ ਇਹਨਾਂ ਮਹਾਨ ਜਾਦੂਮਈ ਨੁਸਖਿਆ ਦਾ ਇਸਤੇਮਾਲ ਕਰਦੇ ਹਨ। ਫਿਰ ਕੀ ਹੁੰਦਾ ਹੈ? ਇਹ ਦੱਸੇ ਜਾਣ ‘ਤੇ ਕਿ ਉਹ ਬਰਬਰ ਹਨ, ਫਾਸੀਵਾਦ ਜਵਾਬ ਵਜੋਂ ਇੱਕ ਕੱਟੜ ਜਿੱਤ ਦਾ ਗੀਤ ਪੇਸ਼ ਕਰਦਾ ਹੈ। ਕੱਟੜਤਾ ਦਾ ਇਲਜ਼ਾਮ ਲਗਾਏ ਜਾਣ ‘ਤੇ, ਉਹ ਕੱਟੜਤਾ ਲਈ ਉਸਤਤ ਗਾਉਂਦਾ ਹੈ। ਤਰਕ ਦਾ ਨਿਖੇਧ ਕਰਨ ਦਾ ਇਲਜ਼ਾਮ ਲਗਾਏ ਜਾਣ ‘ਤੇ ਉਹ ਖੁਸ਼ੀ ਨਾਲ਼ ਤਰਕ ਨੂੰ ਭੰਡਣ ਲਈ ਅੱਗੇ ਹੋ ਜਾਂਦਾ ਹੈ।

ਕਿਉਂਕਿ ਫਾਸੀਵਾਦ ਵੀ ਇਹੀ ਮੰਨਦਾ ਹੈ ਕਿ ਸਿੱਖਿਆ ਨੂੰ ਅਣਗੌਲਿਆ ਕੀਤਾ ਗਿਆ ਹੈ। ਉਸਨੂੰ ਮਨੁੱਖ ਨੂੰ ਪ੍ਰਭਾਵਿਤ ਕਰਨ ਅਤੇ ਦਿਲਾਂ ਨੂੰ ਦ੍ਰਿੜ ਬਣਾਉਂਣ ਦੀ ਆਪਣੀ ਕਾਬਲੀਅਤ ਤੋਂ ਬਹੁਤ ਉਮੀਦਾਂ ਹਨ। ਆਪਣੇ ਤਸੀਹਾ ਘਰਾਂ ਦੀ ਬਰਬਤਾ ਨਾਲ਼ ਉਹ ਆਪਣੇ ਸਕੂਲਾਂ, ਅਖਬਾਰਾਂ, ਨਾਟ ਘਰਾਂ ਦੀ ਬਰਬਤਾ ਨੂੰ ਵੀ ਜੋੜ ਦਿੰਦਾ ਹੈ। ਉਹ ਪੂਰੀ ਕੌਮ ਨੂੰ ਸਿੱਖਿਆਤ ਕਰਦਾ ਹੈ। ਹਰ ਦਿਨ ਪੂਰੀ ਕੌਮ ਨੂੰ ਸਿੱਖਿਅਤ ਕਰਦਾ ਹੈ। ਉਸ ਕੋਲ ਵਿਆਪਕ ਬਹੁਗਿਣਤੀ ਨੂੰ ਦੇਣ ਲਈ ਜ਼ਿਆਦਾ ਕੁਝ ਨਹੀਂ ਹੈ, ਇਸ ਲਈ ਜਰੂਰੀ ਗੱਲ ਇਹ ਹੈ ਕਿ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਿਅਤ ਕਰੇ। ਉਹ ਭੋਜਨ ਉਪਲੱਬਧ ਨਹੀਂ ਕਰਾ ਸਕਦਾ ਇਸ ਲਈ ਉਸ ਨੂੰ ਸਵੈ-ਅਨੁਸ਼ਾਸਨ ਸਿਖਾਉਂਣਾ ਪੈਂਦਾ ਹੈ। ਉਹ ਪੈਦਾਵਾਰ ਦਾ ਪ੍ਰਬੰਧ ਨਹੀਂ ਕਰ ਪਾਉਂਦਾ ਅਤੇ ਉਸਨੂੰ ਜੰਗਾਂ ਦੀ ਜਰੂਰਤ ਪੈਂਦੀ ਹੈ ਇਸ ਲਈ ਉਸ ਨੂੰ ਸਰੀਰਕ ਬਹਾਦਰੀ ਸਿਖਾਉਂਣੀ ਪੈਂਦੀ ਹੈ। ਉਸ ਨੂੰ ਕੁਰਬਾਨੀਆਂ ਦੀ ਜਰੂਰਤ ਪੈਂਦੀ ਹੈ ਇਸ ਲਈ ਉਸਨੂੰ ਕੁਰਬਾਨੀ ਦੀ ਭਾਵਨਾ ਸਿਖਾਉਂਣੀ ਪੈਂਦੀ ਹੈ। ਇਹ ਸਾਰੇ ਵੀ ਆਦਰਸ਼ ਹਨ, ਮਨੁੱਖਤਾ ਤੋਂ ਮੰਗਾਂ ਹਨ, ਇਹਨਾ ‘ਚੋਂ ਕੁਝ ਉੱਚੇ ਆਦਰਸ਼ ਹਨ, ਮੁਸ਼ਕਲ ਮੰਗਾਂ ਹਨ।

ਹੁਣ ਅਸੀਂ ਜਾਣਦੇ ਹਾਂ ਕਿ ਇਹਨਾਂ ਆਦਰਸ਼ਾਂ ਦਾ ਉਦੇਸ਼ ਕੀ ਹੈ, ਕੋਣ ਇਹ ਸਿੱਖਿਆ ਦੇ ਰਿਹਾ ਹੈ, ਅਤੇ ਕਿਸਨੂੰ ਇਸ ਸਿੱਖਿਆ ਤੋਂ ਲਾਭ ਮਿਲੇਗਾ। ਲਾਜ਼ਮੀ ਤੌਰ ‘ਤੇ ਉਹਨਾ ਨੂੰ ਨਹੀਂ ਜਿਹਨਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਸਾਡੇ ਆਪਣੇ ਆਦਰਸ਼ਾਂ ਦੀ ਕੀ ਹਾਲਤ ਹੈ, ਜੋ ਇਹਨਾਂ ਸਾਰਿਆਂ ਤੋਂ ਜ਼ਿਆਦਾ ਮਨੁੱਖੀ ਹਨ? ਉਹ ਬਿਨ੍ਹਾ ਸ਼ੱਕ ਭਿੰਨ ਹਨ, ਪਰ ਫਿਰ ਵੀ ਕੀ ਇਹ ਸੰਭਵ ਨਹੀਂ ਹੈ ਜਦ ਅਸੀਂ ਆਪਣੇ ਆਦਰਸ਼ ਘੜਦੇ ਹਾਂ ਤਾਂ ਸਾਡੇ ਅਤੇ ਦੁਸ਼ਮਣ ਵਿਚਕਾਰ ਕੁਝ ਸਮਾਨਤਾਵਾਂ ਹੋਣ? ਏਥੋਂ ਤੱਕ ਕਿ ਸਾਡੇ ਵਿੱਚੋਂ ਜੋ ਦਰਿੰਦਗੀ ਅਤੇ ਬਰਬਰਤਾ ਵਿੱਚ ਬੁਨਿਆਦੀ ਬੁਰਾਈ ਦੇਖਦੇ ਹਨ, ਉਹ ਵੀ ਇੰਝ ਗੱਲ ਕਰਦੇ ਹਨ, ਜਿਵੇਂ ਕਿ ਅਸੀਂ ਉੱਪਰ ਦੇਖਿਆ, ਸਿਰਫ ਸਿੱਖਿਆ ਬਾਰੇ, ਸਿਰਫ ਲੋਕਾਂ ਦੇ ਦਿਮਾਗ ਵਿੱਚ ਦਖਲ ਦੇਣ ਬਾਰੇ, ਇਸ ਤੋਂ ਇਲਾਵਾ ਕਿਸੇ ਹੋਰ ਤਰ੍ਹਾਂ ਦੇ ਦਖਲ ਬਾਰੇ ਨਹੀਂ। ਉਹ ਲੋਕਾਂ ਨੂੰ ਚੰਗਾ ਬਣਾਉਣ ਲਈ ਸਿੱਖਿਅਤ ਕਰਨ ਦੀ ਗੱਲ ਕਰਦੇ ਹਨ। ਪਰ ਚੰਗਿਆਈ ਚੰਗਾਂ ਬਣਾਉਣ ਦੀ ਮੰਗ ਨਾਲ਼ ਨਹੀਂ ਆਵੇਗੀ, ਸਭ ਤੋਂ ਸਖਤ ਹਾਲਤਾਂ ਵਿੱਚ ਵੀ ਚੰਗਾ ਰਹਿਣ ਦੀ ਮੰਗ ਕਰਨਾ, ਠੀਕ ਅਜਿਹਾ ਹੀ ਹੈ ਜਿਵੇਂ ਇਹ ਕਿ ਬਰਬਤਾ ਸਿਰਫ ਬਰਬਤਾ ਤੋਂ ਨਹੀਂ ਜਨਮਦੀ।

ਮੈਂ ਖੁਦ ਬਰਬਤਾ ਲਈ ਬਰਬਰਤਾ ਵਿੱਚ ਯਕੀਨ ਨਹੀਂ ਰੱਖਦਾ। ਇਸ ਇਲਜ਼ਾਮ ਤੋਂ ਮਨੁੱਖਤਾ ਦੀ ਰੱਖਿਆ ਹੋਣੀ ਚਾਹੀਦੀ ਹੈ ਕਿ ਜੇਕਰ ਬਰਬਰਤਾ ਦੇ ਲਾਭ ਏਨੇ ਖਿੱਚ-ਪਾਊ ਨਾ ਹੋਣ ਤਾਂ ਵੀ ਉਹ ਬਰਬਰਤਾ ਹੀ ਰਹੇਗੀ। ਫਿਉਖਤਵੈਂਗਰ ਦੀ ਇਹ ਗੱਲ ਮਜਾਕੀਆ ਉਕਤੀ ਹੈ ਕਿ ਨੀਚਤਾ ਸਵੈ ‘ਤੇ ਹਾਵੀ ਹੋ ਜਾਂਦੀ ਹੈ, ਪਰ ਉਹ ਸਹੀ ਨਹੀਂ ਹਨ। ਬਰਬਰਤਾ ਬਰਬਰਤਾ ਤੋਂ ਪੈਦਾ ਨਹੀਂ ਹੁੰਦੀ ਸਗੋਂ ਉਹਨਾਂ ਵਪਾਰਕ ਸਮਝੌਤਿਆਂ ਤੋਂ ਪੈਦਾ ਹੁੰਦੀ ਹੈ ਜਿਹਨਾਂ ਨੂੰ ਬਰਬਰਤਾ ਤੋਂ ਬਿਨ੍ਹਾਂ ਅੰਜਾਮ ਦੇਣਾ ਸਕਣਾ ਸੰਭਵ ਨਹੀਂ ਹੁੰਦਾ।

ਜਿਸ ਛੋਟੇ ਦੇਸ਼ ਤੋਂ ਮੈਂ ਆਉਂਦਾ ਹਾਂ ਉੱਥੇ ਕਈ ਦੂਸਰੇ ਮੁਲਕਾਂ ਦੇ ਮੁਕਾਬਲੇ ਹਾਲਤਾਂ ਏਨੀਆਂ ਡਰਾਉਣੀਆਂ ਨਹੀਂ ਹਨ। ਪਰ ਫਿਰ ਵੀ ਹਰ ਹਫਤੇ ਮਾਸ ਲਈ ਪਾਲੇ ਗਏ 5000 ਸਿਹਤਮੰਦ ਪਸ਼ੂਆਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਇਹ ਇੱਕ ਭਿਆਨਕ ਗੱਲ ਹੈ, ਪਰ ਇਹ ਕਿਸੇ ਆਕਸਮਿਕ ਖੂਨੀ ਪਿਆਸ ਦਾ ਵਿਸਫੋਟ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਹਲਾਤ ਏਨੇ ਡਰਾਉਣੇ ਨਾ ਹੁੰਦੇ। ਮਾਸ ਲਈ ਪਾਲੇ ਗਏ ਪਸ਼ੂਆਂ ਨੂੰ ਖਤਮ ਕਰਨਾ ਅਤੇ ਸੱਭਿਆਚਾਰ ਨੂੰ ਖਤਮ ਕਰਨਾ ਕਿਸੇ ਬਰਬਰ ਚੇਤਨਾ ਕਾਰਨ ਨਹੀਂ ਹੈ। ਦੋਵੇਂ ਹਾਲਤਾਂ ‘ਚ ਜਿਣਸ ਦਾ ਇੱਕ ਹਿੱਸਾ  ਜਿਸ ਨੂੰ ਬਣਾਉਂਣ ‘ਚ ਬਹੁਤ ਮਿਹਲਤ ਲੱਗੀ ਹੈ, ਖਤਮ ਕੀਤਾ ਗਿਆ ਹੈ ਕਿਉਂਕਿ ਉਹ ਇੱਕ ਬੋਝ ਬਣ ਗਿਆ ਹੈ, ਜਿੰਨੀ ਭੁੱਖਮਰੀ ਪੰਜਾਂ ਮਹਾਂਦੀਪਾਂ ‘ਤੇ ਫੈਲੀ ਹੋਈ ਹੈ ਉਸਦੇ ਹੁੰਦਿਆਂ ਅਜਿਹੇ ਹੱਲ ਬਿਨ੍ਹਾਂ ਛੱਕ ਇੱਕ ਅਪਰਾਧ ਹਨ, ਪਰ ਇਹਨਾਂ ਦਾ ਤਬਾਹੀ ਨਾਲ਼ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਨਹੀਂ ਹੈ। ਧਰਤੀ ‘ਤੇ ਜ਼ਿਆਦਾਤਰ ਦੇਸ਼ਾਂ ਵਿੱਚ ਅਜਿਹੀਆਂ ਸਮਾਜਿਕ ਹਾਲਤਾਂ ਹਨ ਜਿਹਨਾਂ ਵਿੱਚ ਹਰ ਤਰ੍ਹਾਂ ਦੇ ਅਪਰਾਧਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਗੁਣਾ ਦੀ ਉੱਚੀ ਕੀਮਤ ਲਗਾਈ ਜਾਂਦੀ ਹੈ। ‘ਚੰਗਾਂ ਆਦਮੀ ਅਸੁਰੱਖਿਅਤ ਹੈ ਅਤੇ ਨਿਹੱਥੇ ਆਦਮੀ ਨੂੰ ਕੁੱਟ-ਕੁੱਟ ਮਿੱਟੀ ‘ਚ ਮਿਲਾ ਦਿੱਤਾ ਜਾਂਦਾ ਹੈ ਪਰ ਬਰਬਰਤਾ ਨਾਲ਼ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ। ਨੀਚਤਾ 10,000 ਸਾਲ ਦੀ ਹਕੂਮਤ ਲਈ ਤਿਆਰੀ ਕਰ ਰਹੀ ਹੈ। ਦੂਸਰੇ ਪਾਸੇ ਚੰਗਿਆਈ ਨੂੰ ਅੰਗਰੱਖਿਅਕ ਦੀ ਜਰੂਰਤ ਹੈ ਪਰ ਉਹ ਅਸੁਰੱਖਿਅਤ ਹੈ।’

ਸਾਨੂੰ ਲੋਕਾਂ ਤੋਂ ਸਿਰਫ ਚੰਗਿਆਈ ਦੀ ਮੰਗ ਕਰਨ ਖਿਲਾਫ ਧਿਆਨ ਦੇਣਾ ਚਾਹੀਦਾ! ਆਖਰ ਸਾਡੀ ਵੀ ਅਸੰਭਵ ਦੀ ਮੰਗ ਕਰਨ ਦੀ ਕੋਈ ਇੱਛਾ ਨਹੀਂ ਹੈ। ਸਾਨੂੰ ਵੀ ਖੁਦ ਨੂੰ ਨਮੋਸ਼ੀ ਦੀ ਉਸ ਹੱਦ ਤੱਕ ਨਹੀਂ ਲੈ ਜਾਣਾ ਚਾਹੀਦਾ ਜਿੱਥੇ ਅਸੀਂ ਵੀ ਇਨਸਾਨਾਂ ਤੋਂ ਮਹਾਮਾਨਵ ਬਣਨ ਦੀ ਅਪੀਲ ਕਰੀਏ। ਮਤਲਬ ਕਿ ਮਹਾਨ ਗੁਣਾਂ ਦੀ ਵਰਤੋਂ ਕਰਦਿਆਂ ਡਰਾਉਂਣੀਆਂ ਹਾਲਤਾਂ ਨੂੰ ਝੱਲਣ ਦਾ ਹੋਕਾ ਦਈਏ ਜਿਹਨਾਂ ਨੂੰ ਭਾਵੇਂ ਕਿ ਬਦਲਿਆ ਜਾ ਸਕਦਾ ਹੈ, ਬਦਲਿਆ ਨਹੀਂ ਜਾਣਾ ਚਾਹੀਦਾ। ਸਾਨੂੰ ਸਿਰਫ ਸੱਭਿਆਚਾਰ ਦੇ ਪੱਖ ਤੋਂ ਹੀ ਗੱਲ ਨਹੀਂ ਕਰਨੀ ਚਾਹੀਦੀ। ਸਾਨੂੰ ਸੱਭਿਆਚਾਰ ‘ਤੇ ਤਰਸ ਕਰਨਾ ਚਾਹੀਦਾ ਪਰ ਉਸ ਤੋਂ ਪਹਿਲਾਂ ਸਾਨੂੰ ਮਨੁੱਖਤਾ ‘ਤੇ ਤਰਸ ਕਰਨਾ ਚਾਹੀਦਾ। ਜਦ ਮਨੁੱਖਤਾ ਦੀ ਹਿਫਾਜ਼ਤ ਕੀਤੀ ਜਾਵੇਗੀ ਤਦ ਸੱਭਿਆਚਾਰ ਵੀ ਮਹਿਫੂਜ ਰਹੇਗਾ। ਸਾਨੂੰ ਭਾਵਨਾ ‘ਚ ਵਹਿਕੇ ਇਹ ਦਾਵਾ ਨਹੀਂ ਕਰਨਾ ਚਾਹੀਦਾ ਕਿ ਇਨਸਾਨ ਸੱਭਿਆਚਾਰ ਲਈ ਬਣਿਆ ਹੈ ਨਾ ਕੀ ਸੱਭਿਆਚਾਰ ਇਨਕਸਾਨ ਲਈ।

ਸਾਥਿਓ, ਸਾਨੂੰ ਇਸ ਬੁਰਾਈ ਦੀ ਜੜ੍ਹ ‘ਤੇ ਵਿਚਾਰ ਕਰਨਾ ਹੋਵੇਗਾ।

ਅੱਜ ਇੱਕ ਮਹਾਨ ਸਿਧਾਂਤ ਸਾਡੀ ਧਰਤੀ ‘ਤੇ ਆਮ-ਲੁਕਾਈ ਦੇ ਲਗਾਤਾਰ ਵਧ ਰਹੇ ਹਿੱਸੇ ‘ਚ ਆਪਣੀ ਥਾਂ ਬਣਾ ਰਿਹਾ ਹੈ। ਇਹ ਸਿਧਾਂਤ ਜੋ ਖੁਦ ਬਹੁਤ ਨਵਾਂ ਹੈ ਸਾਨੂੰ ਸਿਖਾਉਂਦਾ ਹੈ ਕਿ ਸਾਰੀਆਂ ਬੁਰਾਈਆਂ ਦੀ ਜੜ੍ਹ ਮਾਲਕੀ ਦੀਆਂ ਸ਼ਰਤਾਂ ਵਿੱਚ ਹੈ। ਹਰ ਮਹਾਨ ਸਿਧਾਤ ਵਾਂਗ ਇਸ ਸਰਲ ਸਿਧਾਂਤ ਨੇ ਲੋਕਾਂ ਦੇ ਉਸ ਹਿੱਸੇ ਵਿੱਚ ਆਪਣੀ ਥਾਂ ਬਣਾ ਲਈ ਹੈ ਜੋ ਮੌਜੂਦਾ ਜਇਦਾਦ ਦੇ ਸਬੰਧਾਂ ਅਤੇ ਉਹਨਾ ਦੀ ਰੱਖਿਆ ਲਈ ਵਰਤੇ ਜਾਣ ਵਾਲੇ ਬਰਬਰ ਤਰੀਕਿਆਂ ਦੇ ਜੂਲੇ ਥੱਲੇ ਪਿਸ ਰਹੇ ਹਨ। ਇੱਕ ਦੇਸ਼ ਜੋ ਧਰਤੀ ਦੇ ਕੁੱਲ ਖੇਤਰਫਲ਼ ਦੇ ਛੇਵੇਂ ਹਿੱਸੇ ‘ਤੇ ਫੈਲਿਆ ਹੋਇਆ ਹੈ, ਜਿੱਥੇ ਲੁੱਟੀ ਅਤੇ ਜਇਦਾਦਹੀਣ ਜਮਾਤ ਨੇ ਸੱਤਾ ਆਪਣੇ ਹੱਥ ‘ਚ ਲੈ ਲਈ ਹੈ ਉੱਥੇ ਇਸ ਸਿਧਾਂਤ ਨੂੰ ਅਮਲ ‘ਚ ਲਿਆਂਦਾ ਜਾ ਰਿਹਾ ਹੈ। ਉੱਥੇ ਨਾ ਤਾਂ ਭੋਜਨ ਤਬਾਹ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸੱਭਿਆਚਾਰ।

ਸਾਡੇ ‘ਚੋਂ ਕਈ ਲੇਖਕ ਜਿਹਨਾਂ ਨੇ ਫਾਸੀਵਾਦ ਦੀ ਬਰਬਰਤਾ ਨੂੰ ਮਹਿਸੂਸ ਕੀਤਾ ਹੈ ਅਤੇ ਉਸ ਤੋਂ ਡਰੇ ਹੋਏ ਹਾਂ ਉਹਨਾ ਨੇ ਵੀ ਇਸ ਸਿਧਾਂਤ ਨੂੰ ਹਾਲੇ ਤੱਕ ਨਹੀਂ ਸਮਝਿਆ ਹੈ। ਉਹਨਾਂ ਨੇ ਹਾਲੇ ਤੱਕ ਇਸ ਬਰਬਰਤਾ ਦੀ ਜੜ੍ਹ ਦੀ ਖੋਜ਼ ਨਹੀਂ ਕੀਤੀ ਹੈ ਜੋ ਉਹਨਾਂ ਨੂੰ ਇਸ ਤਰ੍ਹਾਂ ਡਰਾਉਂਦੀ ਹੈ। ਉਹਨਾਂ ਲਈ ਇਹ ਖਤਰਾ ਮੰਡਰਾਉਂਦਾ ਰਹਿੰਦਾ ਹੈ ਕਿ ਉਹ ਫਾਸੀਵਾਦੀ ਬਰਬਰਤਾ ਨੂੰ ਗੈਰ-ਜਰੂਰੀ ਬਰਬਰਤਾ ਮੰਨ ਲੈਣਗੇ। ਉਹ ਜਇਦਾਦ ਦੀ ਮਾਲਕੀ ਦੇ ਸਬੰਧਾਂ ਨਾਲ਼ ਇਹ ਸਮਝ ਕੇ ਜੁੜੇ ਰਹਿੰਦੇ ਹਨ ਕਿ ਫਾਸੀਵਾਦੀ ਬਰਬਰਤਾ ਇਹਨਾ ਜਿਹਨਾਂ ਜਇਦਾਦ ਦੇ ਸਬੰਧਾ ਦੀ ਰੱਖਿਆ ਕਰਨ ਲਈ ਜਰੂਰੀ ਨਹੀਂ ਹੈ। ਪਰ ਜੇਕਰ ਮੌਜੂਦਾ ਜਇਦਾਦ ਦੀ ਮਾਲਕੀ ਦੀਆਂ ਸ਼ਰਤਾਂ ਨੂੰ ਬਰਕਰਾਰ ਰੱਖਣਾ ਹੈ ਤਦ ਬਿਨ੍ਹਾਂ ਛੱਕ ਇਹ ਬਰਬਰਤਾ ਜਰੂਰੀ ਹੈ। ਏਥੇ ਸਪੱਸ਼ਟ: ਫਾਸੀਵਾਦੀ ਝੂਠ ਨਹੀਂ ਕਹਿ ਰਹੇ ਸਗੋਂ ਸੱਚ ਬੋਲ ਰਹੇ ਹਨ। ਸਾਡੇ ਉਹ ਮਿੱਤਰ ਜੋ ਫਾਸੀਵਾਦੀ ਬਰਬਰਤਾ ਤੋਂ ਓਨੇ ਹੀ ਡਰੇ ਹੋਏ ਹਨ ਜਿਨ੍ਹੇ ਅਸੀਂ, ਪਰ ਜੋ ਜਇਦਾਦ ਦੀ ਮਾਲਕੀ ਦੀਆਂ ਸ਼ਰਤਾਂ ਨੂੰ ਸੁਰੱਖਿਅਤ ਰੱਖਣਾ ਚਹੁੰਦੇ ਹਨ ਜਾਂ ਫਿਰ ਉਹਨਾਂ ਦੇ ਬਚਾਅ ਪ੍ਰਤੀ ਉਦਾਸ ਹਨ ਉਹ ਬਰਬਰਤਾ ਖਿਲਾਫ ਢੁਕਵੇਂ ਰੂਪ ‘ਚ ਤੀਖਣ ਜਾਂ ਲਗਾਤਾਰ ਘੋਲ ਨਹੀਂ ਕਰ ਸਕਦੇ ਜਿਸਦੀ ਹੁਣ ਸਭ ਤੋਂ ਜ਼ਿਆਦਾ ਜਰੂਰਤ ਹੈ। ਕਿਉਂਕਿ ਉਹ ਨਾ ਤਾਂ ਉਹਨਾ ਸਮਾਜਿਕ ਹਾਲਤਾਂ ਨੂੰ ਨਾਮ ਦੇ ਸਕੇਦ ਹਨ ਨਾ ਹੀ ਉਹਨਾਂ ਦੀ ਉਸਾਰੀ ਲਈ ਸਹਾਇਤਾ ਕਰ ਸਕਦੇ ਹਨ ਜਿਹਨਾਂ ‘ਚ ਬਰਬਰਤਾ ਲਈ ਕੋਈ ਥਾਂ ਨਹੀਂ ਹੋਵੇਗੀ। ਜਿਹਨਾਂ ਨੇ ਇਸ ਬੁਰਾਈ ਦੀ ਜੜ੍ਹ ਦੀ ਆਪਣੀ ਖੋਜ਼ ਵਿੱਚ ਜਇਦਾਦ ਮਾਲਕੀ ਦੇ ਸਬੰਧਾਂ ਨੂੰ ਮੌਜੂਦ ਦੇਖਿਆ, ਉਹਨਾ ਨੇ ਖੁਦ ਨੂੰ ਬਰਬਰਤਾ ਦੇ ਨਰਕ ‘ਚ ਹੋਰ ਗਹਿਰੇ ਧਸਦੇ ਪਾਇਆ ਜਦ ਤੱਕ ਉਹ ਉਸ ਜਗ੍ਹਾ ਨਹੀਂ ਪਹੁੰਚ ਗਏ ਜਿੱਥੇ ਮਨੁੱਖਤਾ ਦੇ ਇੱਕ ਛੋਟੇ ਜਿਹੇ ਟੁਕੜੇ ਨੇ ਆਪਣਾ ਬੇਰਹਿਮ ਰਾਜ ਕਾਬਜ਼ ਕੀਤਾ ਹੋਇਆ ਹੈ। ਉਹਨਾ ਨੇ ਇਸ ਰਾਜ ਨੂੰ ਨਿੱਜੀ ਜਇਦਾਦ ਦੇ ਹੱਕਾਂ ‘ਚ ਸ਼ਾਮਲ ਕੀਤਾ ਹੋਇਆ ਹੈ ਜੋ ਦੂਸਰੇ ਇਨਸਾਨ ‘ਤੇ ਜਬਰ ਕਰਨ ਲਈ ਉਹਨਾਂ ਦੀ ਮਦਦ ਕਰਦਾ ਹੈ ਅਤੇ ਜਿਸ ਹੱਕ ਦੀ ਰੱਖਿਆ ਉਹ ਆਖਰੀ ਸਾਹ ਤੱਕ ਕਰਦੇ ਹਨ। ਇੱਕ ਅਜਿਹੇ ਸੱਭਿਆਚਾਰ ਦੀ ਕੀਮਤ ‘ਤੇ ਜਿਸ ਨੇ ਬਚਾਅ ਕਰਨਾ ਛੱਡ ਦਿੱਤਾ ਹੈ ਜਾਂ ਜੋ ਆਤਮਰੱਖਿਆ ਕਰਨ ‘ਚ ਅਸਮਰੱਥ ਹੈ। ਹਰ ਉਸ ਇਨਸਾਨੀ ਸਹਿਹੋਂਦ ਦੇ ਨਿਯਮਾਂ ਦੀ ਕੀਮਤ ‘ਤੇ ਜਿਸ ਲਈ ਮਨੁੱਖਤਾ ਨੇ ਬਹੁਤ ਬਹਾਦਰੀ ਅਤੇ ਖਾੜਕੂਪੁਣੇ ਨਾਲ਼ ਲੰਬੇ ਸਮੇਂ ਤੱਕ ਘੋਲ ਕੀਤਾ।

ਸਥਿਓ ਸਾਨੂੰ ਜਇਦਾਦ ਮਾਲਕੀ ਦੀਆਂ ਸ਼ਰਤਾਂ ਬਾਰੇ ਗੱਲ ਕਰਨੀ ਚਾਹੀਦੀ।

ਬਰਬਰਤਾ ਦੇ ਉਗਮਣ ਵਿਰੁੱਧ ਘੋਲ ਦੇ ਵਿਸ਼ੇ ਸਬੰਧੀ ਮੈਂ ਇਹੀ ਕਹਿਣਾ ਸੀ, ਤਾਂ ਕਿ ਏਥੇ ਵੀ ਇਹੀ ਕਿਹਾ ਜਾਵੇ ਜਾਂ ਫਿਰ ਮੈਨੂੰ ਵੀ ਇਹੀ ਕਹਿਣਾ ਚਾਹੀਦਾ ਸੀ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ