ਬੇਂਗਲੁਰੂ “ਸ਼ਰਮ ਦੀ ਰਾਤ” :ਨਵੇਂ ਸਾਲ ਮੌਕੇ ਭਾਰਤ ਦੀ ‘ਸੀਲੀਕਾਨ ਵਾਦੀ’ ‘ਚ ਔਰਤਾਂ ਨਾਲ਼ ਵੱਡੇ ਪੱਧਰ ‘ਤੇ ਹੋਈਆਂ ਛੇੜਖਾਨੀ ਦੀਆਂ ਘਟਨਾਵਾਂ •ਬਿੰਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨਵੇਂ ਸਾਲ ਮੌਕੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪਣੇ ਭਾਰਤੀ ਹੋਣ ‘ਤੇ ਮਾਣ ਮਹਿਸੂਸ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਹਸਤੀ ਹੈ ਏਸੀ ਕਿ ਮਿਟਤੀ ਹੀ ਨਹੀਂ ਹਮਾਰੀ, ਨਵੇਂ ਸੰਕਲਪਾਂ ਰਾਹੀਂ ਦੇਸ਼ ਪ੍ਰੇਮ ਦੀ ਨੈਤਿਕਤਾ ਸਬੰਧੀ ਲੰਮਾ ਚੌੜਾ ਭਾਸ਼ਨ ਦੇ ਰਹੇ ਸਨ ਉੱਥੇ ਦੂਜੇ ਪਾਸੇ ਬੇਂਗਲੋਰ ਦੇ ਨੌਜਵਾਨ ਮਹਾਤਮਾ ਗਾਂਧੀ ਰੋਡ ਚਰਚ ਸਟਰੀਟ, ਤੇ ਬਰੀਜ ਰੋਡ ‘ਤੇ ਨਵੇ ਸਾਲ ਦਾ ਸਵਾਗਤ ਕਰਨ ਲਈ ਇੱਕਠੇ ਹੋਏ। 1 ਜਨਵਰੀ ਕਰੀਬ ਸਵੇਰ ਦੇ 2:30 ਵਜੇ ਦੋ ਆਦਮੀ ਸਕੂਟਰ ‘ਤੇ ਆਉਂਦੇ ਹਨ ਤੇ ਨਵੇਂ ਸਾਲ ਦੇ ਜਸ਼ਨ ‘ਚ ਜਾ ਰਹੀ ਔਰਤ ਨਾਲ਼ ਬਤਮੀਜੀ ਕਰਦੇ ਹਨ ਤੇ ਇੱਥੋਂ ਤੱਕ ਕਿ ਉਸਦੇ ਕੱਪੜੇ ਵੀ ਲਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਉਹਨਾਂ ਦਾ ਵਿਰੋਧ ਕਰਨ ਤੇ ਉਹ ਉਸ ਔਰਤ ਨੂੰ ਉੱਥੇ ਸੁੱਟ ਕੇ ਚਲੇ ਜਾਂਦੇ ਹਨ। ਉਸੇ ਦਿਨ ਦੀ ਇਕ ਹੋਰ ਘਟਨਾ, ‘ਦਾ ਲਾਜੀਕਲ ਇੰਡੀਆ’ ਨੇ ਇੱਕ ਪੀੜਤ ਨਾਲ਼ ਗੱਲ ਕਰਦੇ ਹੋਏ ਦੱਸਿਆ ਕਿ ਉਹ ਪਹਿਲੀ ਵਾਰ ਨਵੇਂ ਸਾਲ ਦੇ ਮੌਕੇ ਗਈ ਤੇ ਉਹਦੇ ਨਾਲ ਸੱਤ ਦੋਸਤਾਂ ਦਾ ਸਮੂਹ ਸੀ ਅਜੇ ਉਹ ਅੰਦਰ ਵੜੇ ਹੀ ਸੀ ਕਿ ਕਿਸੇ ਨੇ ਉਸਨੂੰ ਗੱਲਤ ਤਰੀਕੇ ਨਾਲ਼ ਛੂਹਿਆ ਤੇ ਉਸਨੇ ਗੁਸੇ ‘ਚ ਬੋਤਲ ਉਹਦੇ ਮੂੰਹ ਤੇ ਸੁੱਟੀ, ਅਜੇ ਉਹਨੇ ਆਪਣਾ ਧਿਆਨ ਇਸ ਘਟਨਾ ਤੋਂ ਹਟਾਇਆ ਹੀ ਸੀ ਕਿ ਇੱਕ ਹੋਰ ਆਦਮੀ ਨੇ ਉਹਦੇ ਨਾਲ਼ ਛੇੜਖਾਨੀ ਕੀਤੀ ਹੁਣ ਤਾਂ ਹੱਦ ਸੀ ਉਹਨੇ ਉਹਨੂੰ ਪਿੱਛੇ ਧੱਕਿਆ ਤੇ ਥੱਪੜ ਜੜਿਆ। ਇਹ ਘਟਨਾਵਾਂ ਕੁਝ ਪਲਾਂ ‘ਚ ਹੀ ਹੋਈਆਂ ਕਿ ਉਹਦੇ ਦੋਸਤਾਂ ਤੱਕ ਨੂੰ ਇਸ ਦੀ ਖਬਰ ਨਹੀਂ ਹੋਈ।ਤੇ ਇਹ ਸਾਰੀਆਂ ਭਿਅੰਕਰ ਘਟਨਾਵਾਂ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ। ਬੇਂਗਲੁਰੂ ਦੀ ਇੱਕ ਹੋਰ ਪੱਤਰਕਾਰ ਨੇ ਦੱਸਿਆ ਕਿ ਉੱਥੇ ਹਜਾਰਾਂ ‘ਚ ਆਦਮੀ ਤੇ ਔਰਤਾਂ ਸ਼ਾਮਲ ਸਨ ਤੇ ਕਿਵੇਂ ਸ਼ਰਾਬ ਨਾਲ਼ ਨਸ਼ੇ ‘ਚ ਟੱਲੀ ਲੋਕ ਔਰਤਾਂ ‘ਤੇ ਭੱਦੀਆਂ-ਭੱਦੀਆਂ ਟਿੱਪਣੀਆਂ ਕਰ ਰਹੇ ਸਨ। ਉਹ ਇਹ ਕੰਮ ਬਿਨਾ ਕਿਸੇ ਡਰ, ਭੈਅ ਦੇ ਸ਼ਰੇਆਮ ਬੇਂਗਲੋਰ ਦੀ ਮੁੱਖ ਸੜਕ ‘ਤੇ ਬਹੁਤ ਬੇਸ਼ਰਮੀ ਨਾਲ਼ ਕਰ ਰਹੇ ਸਨ। ਇਹ ਹੈ ਬੇਂਗਲੋਰ ਮਹਾਂਨਗਰੀ ਦੀ ਆਧੁਨਿਕਤਾ ਦੀ ਅਸਲੀ ਤਸਵੀਰ।

ਉੱਥੇ ਮੌਜੂਦ ਲੋਕ ਦੱਸਦੇ ਹਨ ਕਿ ਉੱਥੇ 1500 ਤੋਂ ਵੱਧ ਪੁਲਿਸ ਸੁਰੱਖਿਆ ਕਰਮੀ ਤੈਨਾਤ ਸਨ ਪਰ ਫਿਰ ਵੀ ਇੰਨੇਂ ਵੱਡੇ ਪੱਧਰ ‘ਤੇ ਛੇੜਖਾਨੀ ਕਿਸੇ ਨੂੰ ਵੀ ਸੋਚਣ ‘ਤੇ ਮਜ਼ਬੂਰ ਕਰਦੀ ਹੈ ਕਿ ਪੁਲਿਸ ਪ੍ਰਸ਼ਾਸਨ ਕਿਨ੍ਹਾਂ ਲੋਕਾਂ ਦੀ ਸੇਵਾ ਲਈ ਮੌਜੂਦ ਹੈ ਉਹਨਾਂ ਗੁੰਡਿਆਂ ਦੀ ਜਾਂ ਆਮ ਲੋਕਾਂ ਦੀ? ਆਉ ਦੇਖੀਏ : ‘ਕੌਮੀ ਅਪਰਾਧ ਰਿਕਾਰਡ ਬਿਓਰੋ’ ਦੀ 2016 ਦੀ ਰਿਪੋਰਟ ਮੁਤਾਬਿਕ ਬੇਂਗਲੋਰ, ਦਿੱਲੀ ਤੇ ਮੁੰਬਈ ਤੋਂ ਬਾਅਦ ਔਰਤਾਂ ਲਈ ਤੀਸਰਾ ਅਸੁਰੱਖਿਅਤ ਸੂਬਾ ਹੈ ਤੇ ਦਹੇਜ ਪ੍ਰਥਾ ਲਈ ਔਰਤਾਂ ਨੂੰ ਮਾਰਨ ਦੀ ਗਿਣਤੀ ‘ਚ ਦੂਜੇ ਦਰਜੇ ‘ਤੇ ਹੈ। ਤੇ 5% ਤੋਂ ਵੀ ਘੱਟ ਮਾਮਲਿਆਂ ‘ਚ ਦੋਸ਼ੀਆਂ ਨੂੰ ਸਜਾਵਾਂ ਮਿਲਦੀਆਂ ਹਨ। ਕੁੱਲ ਭਾਰਤ ‘ਚ ਦੇਖੀਏ ਤਾਂ 2015 ‘ਚ ਔਰਤਾਂ ਨਾਲ਼ ਛੇੜਖਾਨੀ ਦੇ 82,422 ਮੁਕੱਦਮੇ ਦਰਜ਼ ਹੋਏ ਜਿਸ ‘ਚ 8,408 ਨੂੰ ਹੀ ਸਜਾਵਾਂ ਮਿਲੀਆਂ ਹਨ। 2011 ‘ਚ ਇਹ ਅੰਕੜਾਂ 42,968 ਸੀ ਜੋ ਕਿ 2015 ‘ਚ 92% ਵਧ ਕੇ 82,422 ਹੋ ਗਿਆ ਹੈ ਤੇ ਸਜਾਵਾਂ ਦੇਣ ਦੇ ਮਾਮਲੇ ‘ਚ 2011 ‘ਚ 16% ਤੋਂ ਘਟ ਕੇ 2015 ‘ਚ 10% ਹੀ ਰਹਿ ਗਿਆ ਹੈ। ਸਾਫ ਜ਼ਾਹਰ ਹੁੰਦਾ ਹੈ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਗੁੰਡਾ ਗਿਰੋਹਾਂ ਨਾਲ਼ ਮਿਲ ਵਰਤ ਕੇ ਚੱਲਦੇ ਹਨ ਤੇ ਇਸ ਗੁੰਡਾਗਰਦੀ ਨੂੰ ਚੰਗਾ ਵਧਾ ਫੁਲਾ ਰਹੇ ਹਨ। ਪੁਲਿਸ ਪ੍ਰਸ਼ਾਸਨ ਦੇ ਇਸ ਰਵੀਏ ਦਾ ਕਾਰਨ ਇਹ  ਹੈ ਕਿ ਇਹ ਉਹ ਲੋਕ ਹਨ ਜੋ ਵੱਡੇ-ਵੱਡੇ ਧਨਾਢਾਂ, ਮੰਤਰੀਆਂ, ਵਪਾਰੀਆਂ ਜਾਂ ਹੋਰ ਧਨ ਪਸ਼ੂਆਂ ਦੀਆਂ ਔਲਾਦਾਂ ਹਨ ਜੋ ਆਪ ਪੁਲਿਸ ਪ੍ਰਸ਼ਾਸਨ ਚਲਾਉਂਦੇ ਹਨ ਤੇ ਸ਼ਰੇਆਮ ਗੁੰਡਾਗਰਦੀ ਕਰਦੇ ਹਨ। ਇੱਥੋਂ ਤੱਕ ਕਿ ਕਰਨਾਟਕਾ ਦੇ ਗ੍ਰਹਿ ਮੰਤਰੀ ਜੀ.ਪਰਮੇਸ਼ਵਰਾ ਨੇ ਇਸ ਸਾਰੇ ਘਟਨਾ-ਕ੍ਰਮ ‘ਤੇ ਇਸ ਗੁੰਡਾਗਰਦੀ ਦੇ ਪੱਖ ਨੂੰ ਪੂਰਦਾ ਹੋਇਆ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਮੋਕਿਆ ਤੇ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਤੇ ਔਰਤਾਂ ਦੇ ਪੱਛਮੀ ਸੱਭਿਆਚਾਰ ਤੇ ਪੱਛਮੀ ਕੱਪੜਿਆਂ ਨੂੰ ਅਪਣਾਉਣ ਕਰਕੇ ਛੇੜਖਾਨੀ ਹੁੰਦੀ ਹੈ ਪਰ ਉਹਨਾਂ ਨੂੰ ਇਹ ਕੱਪੜੇ ਪਾਉਣ ਤੋਂ ਰੋਕਿਆ ਵੀ ਤਾ ਨਹੀਂ ਜਾ ਸਕਦਾ।

ਦੇਖਿਆ ਜਾਵੇ ਤਾਂ, ਇਹ ਸਰਮਾਏਦਾਰੀ ਢਾਂਚਾ ਖੁਦ ਹੀ ਔਰਤਾਂ ਦੀ ਲੁੱਟ ਨੂੰ ਜਾਇਜ ਦੱਸਦਾ ਹੈ। ਜਿਥੇ ਅੱਜ ਸਰਮਾਏਦਾਰੀ ਨੇ ਔਰਤਾਂ ਨੂੰ ਸਮਾਜ ‘ਚ ਇੱਕ ਹੱਦ ਤੱਕ ਘਰਾਂ ਤੋਂ ਬਾਹਰ ਆਉਣ ਦਾ ਮੌਕਾ ਦਿੱਤਾ ਹੈ ਉੱਥੇ ਹੀ ਅੱਜ ਸਰਮਾਏਦਾਰੀ ਨੇ ਔਰਤ ਨੂੰ ਇੱਕ ਜਿਣਸ ਬਣਾ ਕੇ ਮੰਡੀ ‘ਚ ਵੇਚਣ ‘ਚ ਵੀ ਕੋਈ ਕਸਰ ਨਹੀਂ ਛੱਡੀ ਹੈ। ਔਰਤਾਂ ਪ੍ਰਤੀ ਜਿਹੜਾ ਨਜਰੀਆ ਅੱਜ ਦਾ ਸਰਮਾਏਦਾਰਾ ਮੀਡੀਆ ਵਿਆਪਕ ਪੱਧਰ ‘ਤੇ ਪ੍ਰਚਾਰ ਰਿਹਾ ਹੈ ਉਸ ਨਾਲ਼ ਅੱਜ ਔਰਤ ਨੂੰ ਖਿਲੌਣਾ ਸਮਝਣ ਦੀ ਮਾਨਸਿਕਤਾ ਵਧਦੀ ਫੁਲਦੀ ਜਾ ਰਹੀ ਹੈ ਤੇ ਜਗੀਰੂ ਕਦਰਾਂ ਕੀਮਤਾਂ ਨੂੰ ਹੋਰ ਪੱਕੇ ਕਰ ਰਹੀ ਹੈ। ਅਪਣੇ ਗੀਤਾਂ, ਫਿਲਮਾਂ, ਇਸ਼ਤਿਹਾਰਾਂ ਤੇ ਹੋਰ ਸਾਧਨਾਂ ਲਈ ਔਰਤਾਂ ਦਾ ਇਸਤੇਮਾਲ ਅੱਜ ਸਿਰਫ ਵੱਧ ਤੋਂ ਵੱਧ ਮੁਨਾਫੇ ਦਾ ਸਾਧਨ ਬਣ ਗਿਆ ਹੈ। ਜਿਸ ਕਰਕੇ ਇਹਨਾਂ ਧਨ ਪਸ਼ੂਆਂ ਦੀਆਂ ਔਲ਼ਾਦਾਂ ਪੈਸੇ ਦੇ ਦਮ ਤੇ ਹੀ ਹਰ ਚੀਜ਼ ਖਰੀਦਣ ਨੂੰ ਤਿਆਰ ਰਹਿੰਦੀਆਂ ਹਨ ਤੇ ਚਾਹੇ ਉਹ ਚੀਜ਼ ਉਹਨਾਂ ਲਈ ਔਰਤ ਹੀ ਕਿਉਂ ਨਾ ਹੋਵੇ।ਉਹ ਪੈਸੇ ਦੇ ਦਮ ‘ਤੇ ਹੀ ਇਹ ਸਾਰੀ ਗੁੰਡਾਗਰਦੀ ਨੂੰ ਜਾਇਜ਼ ਤੱਕ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ।

ਇਹ ਤਾਂ ਨਵੇਂ ਮੋਕੇ ਹੋਈਆਂ ਬੇਂਗਲੋਰ ਦੀਆਂ ਕੁਝ ਘਟਨਾਵਾਂ ਹੀ ਸਨ ਪਰ ਇਹ ਪਹਿਲੀ ਘਟਨਾ ਨਹੀਂ ਹੈ ਔਰਤਾਂ ਨਾਲ਼ ਛੇੜਖਾਨੀ, ਬਲਾਤਕਾਰ ਜਾਂ ਹੋਰ ਹਿੰਸਕ ਢੰਗਾਂ ਨਾਲ਼ ਕਤਲ ਦੀਆਂ ਘਟਨਾਵਾਂ ਰੋਜ਼ ਹੁੰਦੀਆਂ ਹਨ ਤੇ ਆਮ ਹਨ ਤੇ ਸ਼ਰੇਆਮ ਪ੍ਰਾਪਤ ਸ਼ੈਅ ‘ਤੇ ਕਰ ਰਹੀਆਂ ਹਨ। ਨਿਰਭਇਆ, ਸ਼ਹਿਨਾਜ਼ ਜਾਂ ਇਹਨਾਂ ਗੁੰਡਾਗਰਦੀ ਦੇ ਹੋਰ ਕਈ ਸ਼ਰਮਨਾਕ ਉਦਾਹਰਨਾਂ ਨੇ ਜਿਸ ‘ਚ ਇਹ ਇੱਕ ਔਰਤ ਨੂੰ ਸਿਰਫ ਇੱਕ ਹੱਡ ਮਾਸ ਦਾ ਟੁਕੜਾ ਸਮਝ ਕੇ ਅਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ ਤੇ ਉਹਨਾਂ ਨੂੰ ਵਰਤ ਦੇ ਮੌਤ ਕੇ ਕਿਨਾਰੇ ਸੁੱਟ ਦਿੰਦੇ ਹਨ। ਸਰਕਾਰ ਤੇ ਪੁਲਿਸ ਪ੍ਰਸ਼ਾਸਨ ਬਹੁਤ ਚਿਰਾਂ ਤੋਂ ਇਸ ਸਬੰਧੀ ਕਨੂੰਨਾਂ ਨੂੰ ਕਈ ਸੋਧਾਂ ਸਹਿਤ ਚੰਗੀ ਤਰ੍ਹਾਂ ਲਾਗੂ ਕਰਨ ਦੀ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਪਰ ਨਾ ਤਾਂ ਇਹ ਕਈ ਵਰ੍ਹਿਆਂ ‘ਚ ਸੰਭਵ ਹੋ ਸਕਿਆਂ ਹੈ ਨਾ ਹੀ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਅੱਗੇ ਇਹ ਸੰਭਵ ਹੋਵੇਗਾ।

ਸਾਨੂੰ ਇਹਨਾਂ ਘਟਨਾਵਾਂ ਨੂੰ ਸਿਰਫ ਬੇਂਗਲੋਰ ਦੀ ਇੱਕ ਘਟਨਾ ਨਹੀਂ ਸਗੋਂ ਇੱਕ ਵਰਤਾਰੇ ਦੇ ਰੂਪ ‘ਚ ਹੀ ਦੇਖਣਾ ਚਾਹੀਦਾ ਹੈ ਉਹ ਵਰਤਾਰਾ ਜਿਸਨੇ ਔਰਤਾਂ ਨੂੰ ਸਦੀਆਂ ਤੋਂ ਗੁਲਾਮ ਬਣਾਈ ਰਖਿਆ ਹੈ। ਇਹ ਹੁਣ ਸਾਡੇ ‘ਤੇ ਹੈ ਕਿ ਅਸੀਂ ਇਸ ਨੂੰ ਮਹਿਜ ਇੱਕ ਘਟਨਾ ਦੇ ਰੂਪ’ਚ ਦੇਖਦੇ ਹਾਂ ਜਾਂ ਲਗਾਤਾਰ ਚੱਲੀ ਆ ਰਹੀ ਗੁਲਾਮੀ ਦੇ ਰੂਪ ‘ਚ? ਕਿ ਅਸੀਂ ਘਟਨਾਵਾਂ ਨੂੰ ਇੱਥੇ ਹੀ ਛੱਡ ਦਿੰਦੇ ਹਾਂ ਜਾਂ ਹੱਲ ਕੱਢਣ ਵੱਲ ਤੁਰਦੇ ਹਾਂ? ਪਰ ਘਟਨਾਵਾਂ ਨੂੰ ਭੁਲਾ ਦਿੱਤਾ ਜਾਣਾ ਸਾਡੀ ਤ੍ਰਾਸਦੀ ਬਣਦਾ ਜਾਵੇਗਾ। ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਗੁਲਾਮੀ ਵਿਰਾਸਤ ਵਜੋਂ ਥੋਪੇ ਜਾਣਾ ਹੋਵੇਗਾ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਔਰਤ ਵਿਰੋਧੀ ਮਾਨਸਿਕਤਾ ਤੋਂ ਮੁਕਤ ਹੋਵੇ ਤਾਂ ਸਾਨੂੰ ਪੀੜਤ ‘ਤੇ ਦੋਸ਼ ਲਾਉਣਾ ਬੰਦ ਕਰਨਾ ਪਵੇਗਾ ਤੇ ਅਜਿਹੇ ਸੰਗੀਨ ਅਪਰਾਧੀਆਂ ਨੂੰ ਸਜ਼ਾਵਾਂ ਦੇਣੀਆ ਪੈਣਗੀਆਂ। ਸਮਾਜ ਦੀਆਂ ਜਗੀਰੂ ਕਦਰਾਂ ਕੀਮਤਾਂ ਨੂੰ ਤੋੜਨਾ ਪਵੇਗਾ। ਸਾਨੂੰ ਇਸ ਲੋਟੂ ਸਰਮਾਏਦਾਰਾ ਢਾਂਚੇ ਵਿਰੁੱਧ ਆਪਣੀ ਲੜਾਈ ਲੜਦੇ ਹੋਏ ਇੱਕ ਚੰਗਾ ਸਮਾਜ ਬਣਾਉਣ ਵੱਲ ਤੁਰਨਾ ਪਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements