ਬੰਗਾਲ ਦੇ ਚਾਹ ਬਾਗਾਂ ਦੇ ਮਜਦੂਰਾਂ ਦੀ ਦੁੱਖਾਂ ਭਰੀ ਦਾਸਤਾਨ •ਛਿੰਦਰਪਾਲ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਉੱਤਰੀ ਬੰਗਾਲ ਦੇ ਇਲਾਕੇ ਨੂੰ ਚਾਹ ਦਾ ਦੇਸ਼ ਕਿਹਾ ਜਾਂਦਾ ਹੈ। ਇੱਥੋਂ ਪੈਦਾ ਹੁੰਦੀ ਚਾਹ ਦੇਸ਼-ਦੁਨੀਆਂ ਦੇ ਕੋਨੇ ਕੋਨੇ ‘ਚ ਵਿਕਣ ਲਈ ਜਾਂਦੀ ਹੈ। ਦੇਸ਼ ਦੁਨੀਆਂ ਦੀਆਂ ਡੰਕਨਜ ਵਰਗੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਇਸ ਇਲਾਕੇ ‘ਚ ਬਾਗ ਹਨ। ਪਰ ਚਾਹ ਦੇ ਮਸ਼ਹੂਰ ਬਰਾਂਡਾਂ ਬਾਰੇ ਜਾਣਦਿਆਂ ਸ਼ਾਇਦ ਸਾਡੇ ‘ਚੋਂ ਅਜਿਹੇ ਥੋੜੇ ਹੀ ਹੋਣਗੇ ਜਿਹੜੇ ਚਾਹ ਦੇ ਬਾਗਾਂ ‘ਚ ਕੰਮ ਕਰਦੇ ਮਜ਼ਦੂਰਾਂ ਦੀ ਨਰਕ ਵਰਗੀ ਜਿੰਦਗੀ ਬਾਰੇ ਜਾਣਦੇ ਹੋਣ। ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਨੂੰ ਚਾਹ ਬਾਗਾਂ ਦੇ ਹਿਸਾਬ ਨਾਲ਼ ਤਿੰਨ ਇਲਾਕਿਆਂ ਵਿੱਚ ਵੰਡਿਆ ਜਾਂਦਾ ਹੈ ਦਾਰਜੀਲਿੰਗ ਦਾ ਪਹਾੜੀ ਇਲਾਕਾ, ਸਿਲੀਗੁੜੀ ਸਬਡਿਵੀਜਨ ਦਾ ਤਰਾਈ ਇਲਾਕਾ ਤੇ ਜਲਪਾਇਗੁੜੀ ਦਾ ਦੁਆਰਾਜ ਦਾ ਇਲਾਕਾ। ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਦੇ ਇਹਨਾਂ ਬਾਗਾਂ ਵਿੱਚ ਕੰਮ ਕਰਦੇ ਮਜਦੂਰ ਭੁੱਖਮਰੀ ਦੀ ਹਾਲਤ ਤੋਂ ਵੀ ਨੀਵੇਂ ਪੱਧਰ ‘ਤੇ ਜਿਉਂ ਰਹੇ ਹਨ। ਇੱਥੇ ਕੰਮ ਕਰਨ ਵਾਲ਼ੇ ਕਿਰਤੀਆਂ ਦੀ ਹਾਲਤ ਬਾਰੇ ਜਾਨਣ ਲਈ ਕੁਝ ਚਾਹ ਦੇ ਬਾਗਾਂ ਦੀ ਚਰਚਾ ਕਰਾਂਗੇ, ਜਿਹੜੇ ਪਿਛਲੇ ਕੁਝ ਸਮੇਂ ਤੋਂ ਬਿਨਾਂ ਕਿਸੇ ਅਗਾਉਂ ਸੂਚਨਾ ਦੇ ਬੰਦ ਹੋ ਗਏ ਹਨ। ਜਿਸ ਕਾਰਨ ਇਹਨਾਂ ਬਾਗਾਂ ਵਿੱਚ ਕੰਮ ਕਰਨ ਵਾਲ਼ੇ ਕਿਰਤੀਆਂ ਨੂੰ ਇੱਕਦਮ ਕੰਮਾਂ ਤੋਂ ਵਿਹਲੇ ਕਰ ਦਿੱਤਾ ਗਿਆ। ਇਹਨਾਂ ਕਿਰਤੀਆਂ ਕੋਲ਼ ਨਾ ਤਾਂ ਹੁਣ ਰੁਜਗਾਰ ਹੈ ਤੇ ਨਾ ਹੀ ਗੁਜਾਰੇ ਦੇ ਵਸੀਲੇ। ਕਿਸੇ ਨਾ ਕਿਸੇ ਢੰਗ ਨਾਲ਼ ਦਿਨਕਟੀਆਂ ਕਰਦੇ ਇਹ ਲੋਕ ਨਿੱਤ ਮਰ-ਮਰ ਕੇ ਜਿਉਂਦੇ ਹਨ।

ਧਾਮਚੀਪੁਰਾ ਚਾਹ ਦਾ ਬਾਗ ਅਲੀਪੁਰਦੁਆਰ ਜ਼ਿਲੇ ‘ਚ ਹੈ। 1907 ਤੋਂ ਚਲਦਾ ਆ ਰਿਹਾ ਇਹ ਬਾਗ ਪਿਛਲੇ ਸਾਲ ਮਈ ਮਹੀਨੇ ‘ਚ ਬੰਦ ਹੋ ਗਿਆ। ਚਾਹ ਦੇ ਇਸ ਬਾਗ ਵਿੱਚ 3400 ਮਜਦੂਰ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ ਬਹੁਤੇ ਪ੍ਰਵਾਸੀ ਸਨ। ਕਨੂੰਨ ਮੁਤਾਬਕ ਚਾਹ ਦੇ ਬਾਗ ‘ਚ ਕੰਮ ਕਰਨ ਵਾਲ਼ੇ ਹਰੇਕ ਮਜਦੂਰ ਨੂੰ ਰੋਜ਼ਾਨਾ ਦਿਹਾੜੀ, ਪ੍ਰੋਵੀਡੈਂਟ ਫੰਡ, ਬੋਨਸ-ਭੱਤੇ, ਪੈਨਸ਼ਨ, ਰਾਸ਼ਨ, ਛੱਤਰੀ, ਕੰਮ ਦੌਰਾਨ ਪਹਿਨਣ ਲਈ ਕੱਪੜੇ, ਰਿਹਾਇਸ਼, ਬਿਜਲੀ, ਭੋਜਨ ਬਨਾਉਣ ਲਈ ਬਾਲਣ, ਸਿਹਤ ਤੇ ਸਿੱਖਿਆ ਸੁਵਿਧਾਵਾਂ ਬਾਗ-ਮਾਲਕ ਦੁਆਰਾ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪਰ ਧਾਮਚੀਪੁਰਾ ਚਾਹ ਬਾਗ ਦੇ ਮਜਦੂਰਾਂ ਨੂੰ ਪਿਛਲੀ ਵਾਰ ਰਾਸ਼ਨ ਹੀ 2011 ਵਿੱਚ ਮਿਲ਼ਿਆ ਸੀ ਤੇ ਬਾਕੀ ਕਨੂੰਨੀ ਸੁਵਿਧਾਵਾਂ ਤਾਂ ਉਹਨਾਂ ਨੇ ਕਦੇ ਨਾ ਸੁਣੀਆਂ ਤੇ ਨਾ ਵੇਖੀਆਂ। ਚਾਹ ਦੇ ਇਹਨਾਂ ਬਾਗਾਂ ‘ਚ ਕੰਮ ਕਰਨ ਵਾਲ਼ੇ ਇਹ ਬੇਰੁਜਗਾਰ ਮਜ਼ਦੂਰ ਆਵਦਾ ਢਿੱਡ ਚਾਹ ਦੇ ਪੱਤੇ ਜਾਂ ਦਰੱਖਤਾਂ ਦੀਆਂ ਜੜਾਂ ਉਬਾਲ਼ਕੇ ਜਾਂ ਹੋਰ ਕੁਝ ਜੰਗਲ਼ੀ ਬੂਟੇ ਖਾਕੇ ਭਰਦੇ ਹਨ। ਆਰਥਿਕ ਮਜਬੂਰੀ ਵੱਸ ਪਏ ਇਹਨਾਂ ਲੋਕਾਂ ਨੇ ਢਿੱਡ ਭਰਨ ਖਾਤਰ ਆਵਦੇ ਸਾਇਕਲ, ਬੱਕਰੀਆਂ, ਭਾਂਡੇ ਜਾਂ ਹੋਰ ਜੋ ਕੁਝ ਵੀ ਉਹਨਾਂ ਕੋਲ਼ ਸੀ, ਵੇਚ ਦਿੱਤਾ। ਹਾਲਤ ਐਨੀ ਮਾੜੀ ਹੈ ਕਿ ਲੋਕਾਂ ਕੋਲ਼ ਭੋਜਨ ਬਨਾਉਣ ਵਾਸਤੇ ਤੇਲ ਖਰੀਦਣ ਜੋਗਰੇ ਪੈਸੇ ਵੀ ਨਹੀਂ ਹਨ। ਸਿਲੀਗੁੜੀ ਸਬਡਿਵੀਜਨ ਵਿੱਚ ਕੀਤੇ ਗਏ ਇੱਕ ਸਰਵੇਖਣ ‘ਚ ਇਹ ਗੱਲ਼ ਸਾਹਮਣੇ ਆਈ ਹੈ ਕਿ ਇੱਥੇ ਰਹਿਣ ਵਾਲ਼ੇ ਲੋਕਾਂ ਦਾ ਬੀਐਮਆਈ (ਬਾਡੀ ਮਾਸ ਇੰਡੈਕਸ-ਤੰਦਰੁਸਤੀ ਸੂਚਕ) 14 ਜਾਂ ਉਸਤੋਂ ਵੀ ਘੱਟ ਹੈ, ਜਦਕਿ ਵਿਸ਼ਵ ਸਿਹਤ ਸੰਸਥਾ ਮੁਤਾਬਕ ਜੇ ਕਿਸੇ ਇਲਾਕੇ ਦੇ ਲੋਕਾਂ ਦਾ ਬੀਐਮਆਈ 18.5 ਤੋਂ ਘੱਟ ਹੋਵੇ ਤਾਂ ਉਸ ਇਲਾਕੇ ਦੀ ਭੁੱਖਮਰੀ ਪੀੜਤ ਇਲਾਕੇ ਵਜੋਂ ਨਿਸ਼ਨਾਦੇਹੀ ਕਰ ਦਿੱਤੀ ਜਾਂਦੀ ਹੈ। ਜਲਪਾਇਗੁੜੀ ‘ਚ ਕੰਮ ਕਰਦੇ 42 ਫੀਸਦੀ ਕਾਮਿਆਂ ਦਾ ਬੀਐਮਆਈ 18.5 ਤੋਂ ਘੱਟ ਹੈ। ਇਸੇ ਤਰਾਂ ਇਲਾਕੇ ਦੇ ਬਾਕੀ ਬਾਗਾਂ ‘ਚ ਕੰਮ ਕਰਨ ਵਾਲ਼ੇ ਮਜਦੂਰਾਂ ਵੀ ਭੁੱਖਮਰੀ ਦੇ ਦਰਜੇ ‘ਤੇ ਹੀ ਦਿਨਕਟੀਆਂ ਕਰ ਰਹੇ ਹਨ। 2002 ਤੋਂ ਮਗਰੋਂ ਜਦੋਂ ਇਲਾਕੇ ਦੇ ਕਈ ਬਾਗ ਬੰਦ ਹੋਏ ਤਾਂ ਰੁਜਗਾਰ ਛੁੱਟਣ ਕਰਕੇ ਭੁੱਖ ਨਾਲ਼ ਮਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਵੱਡੀ ਸੀ। ਮਾਲਕਾਂ ਨੇ ਕਿਰਤ ਕਨੂੰਨਾਂ ਦੀ ਉਲੰਘਣਾ ਕਰਦਿਆਂ ਚਾਹ ਦੇ ਬਾਗਾਂ ਨੂੰ ਬੰਦ ਕਰਨ ਤੋਂ ਪਹਿਲਾਂ ਕੰਮ ਕਰਨ ਵਾਲ਼ੇ ਕਿਸੇ ਵੀ ਮਜਦੂਰ ਨੂੰ ਕੋਈ ਨੋਟਿਸ ਨਹੀਂ ਦਿੱਤਾ। ਕਥਲਗੁਰੀ ਇਲਾਕੇ ਵਿੱਚ 2002 ਵਿੱਚ ਕੰਮ ਬੰਦ ਹੋਣ ਮਗਰੋਂ ਥੋੜੇ ਸਮੇਂ ਚ ਹੀ 525 ਮਜਦੂਰਾਂ ਦੀ ਆਰਥਿਕ ਤੰਗੀਆਂ ਵੱਸੋਂ ਮੌਤ ਹੋ ਗਈ ਅਤੇ 2007 ਤੱਕ ਕੁੱਲ 17 ਬਾਗ ਬੰਦ ਹੋ ਚੁੱਕੇ ਹਨ, ਜਿਸ ਕਾਰਨ 1200 ਤੋਂ ਜਿਆਦਾ ਮਜਦੂਰ ਭੁੱਖਮਰੀ ਕਰਕੇ ਤਿਲ-ਤਿਲ ਕਰਕੇ ਮਰ ਗਏ।

ਇਸੇ ਤਰ੍ਹਾਂ ਬੰਧਾਪਣੀ ਚਾਹ ਦੇ ਬਾਗ ਵਿੱਚ ਪਿਛਲੇ ਦੋ ਸਾਲਾਂ ਵਿੱਚ 32 ਮੌਤਾਂ ਹੋ ਚੁੱਕੀਆਂ ਹਨ। ਘਰਾਂ ਵਿਚਲਾ ਭੋਜਨ ਕਦੋ ਦਾ ਮੁੱਕ ਚੱਲਿਆ ਹੈ। ਬਾਗ ‘ਚ ਕੰਮ ਕਰਨ ਵਾਲ਼ੇ ਮਜਦੂਰਾਂ ਦੇ 74 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਬਹੁਗਿਣਤੀ ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਹਨ। ਆਰਥਿਕ ਮੰਦਹਾਲੀਆਂ ਦੇ ਝੰਬੇ ਲੋਕੀਂ ਆਵਦੇ ਬੱਚਿਆਂ ਤੱਕ ਨੂੰ ਵੇਚਣ ਲਈ ਮਜਬੂਰ ਹਨ, ਔਰਤਾਂ ਨੂੰ ਮਜਬੂਰੀ ਵੱਸ ਦੇਹ ਵਪਾਰ ਦੇ ਧੰਦੇ ‘ਚ ਪੈਣਾ ਪੈ ਰਿਹਾ ਹੈ।

ਪਲਾਂਟ ਬੰਦ ਹੋਣ ਤੋਂ ਪਹਿਲਾਂ ਵੀ ਮਾਲਕਾਂ ਦੁਆਰਾ ਕੀਤੀ ਜਾਂਦੀ ਲੁੱਟ ਦਾ ਆਲਮ ਇਹ ਸੀ ਕਿ ਬਾਗਾਂ ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਤਨਖਾਹ ਦੀ ਅਦਾਇਗੀ ਵੀ ਮਨਰੇਗਾ ‘ਚੋਂ ਕੀਤੀ ਜਾਂਦੀ ਸੀ। ਜਿੱਥੇ ਇੱਕ ਪਾਸੇ ਮਾਲਕ ਸਥਾਨਕ ਪ੍ਰਸ਼ਾਸ਼ਨ ਨਾਲ਼ ਮਿਲ਼ਕੇ ਸਰਕਾਰੀ ਖਜਾਨੇ ਨੂੰ ਰਗੜੇ ਲਾਉਂਦੇ ਤਾਂ ਦੂਜੇ ਪਾਸੇ ਖੁਦ ਮਜਦੂਰੀ ਨਾ ਦੇਕੇ ਮਜਦੂਰਾਂ ਦੀ ਅੰਨ੍ਹੇਵਾਹ ਲੁੱਟ ਤੋਂ ਅੰਨ੍ਹੇ ਮੁਨਾਫੇ ਕਮਾਉਂਦੇ। ਇਸਤੋਂ ਬਿਨਾਂ ਮਜਦੂਰਾਂ ਨੂੰ ਜੋ ਨਗੂਣੀ ਤਨਖਾਹ ਮਿਲ਼ਦੀ ਵੀ ਸੀ, ਉਸਨੂੰ ਵੀ ਤਰ੍ਹਾਂ-ਤਰ੍ਹਾਂ ਦੀਆਂ ਤਿਕੜਮਾਂ ਕਰਕੇ ਮਾਲਕ ਫੇਰ ਲੁੱਟ ਲੈਂਦੇ ਸਨ। ਜਿਵੇਂ ਛੋਟੀਆਂ-ਛੋਟੀਆਂ ਕਮੇਟੀਆਂ ਰਾਹੀਂ ਜਾਂ ਚਿੱਟ ਫੰਡ ‘ਚ ਮਜਦੂਰਾਂ ਨੂੰ ਉਲ਼ਝਾਕੇ ਵੀ ਦਾਰਜੀਲਿੰਗ ਦੁਅਰਜ ਪਲਾਂਟੇਸ਼ਨ ਲਿਮਟਿਡ ਦੇ ਮਾਲਕ ਮਜਦੂਰਾਂ ਦੇ ਲੱਖਾਂ ਰੁਪਏ ਹੜੱਪ ਕੇ ਭੱਜ ਗਏ। ਕੰਪਨੀਆਂ ਵੱਲ ਮਜਦੂਰਾਂ ਦੇ ਪਰਾਵੀਡੇਂਟ ਫੰਡ ਦੇ ਤਿੰਨ ਕਰੋੜ ਰੁਪਏ ਤੇ ਗਰੈਚਿਉਟੀ ਦੇ ਦੋ ਕਰੋੜ ਹਾਲੇ ਵੀ ਫਸੇ ਹੋਏ ਹਨ। ਇਸਤੋਂ ਬਿਨਾਂ ਮਜਦੂਰਾਂ ਦੀ ਤਨਖਾਹ ਦਾ 80 ਲੱਖ ਰੁਪਿਆ ਬਕਾਏ ਵਜੋਂ ਕੰਪਨੀਆਂ ਵੱਲ ਫਸਿਆ ਹੋਇਆ ਹੈ, ਜਿਸਦੀ ਮਜਦੂਰਾਂ ਦੁਆਰਾ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸ਼ਨ ਦੁਆਰਾ ਕੋਈ ਵੀ ਸੁਣਵਾਈ ਨਹੀਂ ਹੋ ਰਹੀ।

ਇੱਕ ਹੋਰ ਮਹੱਤਵਪੂਰਨ ਤੱਥ ਹੈ ਕਿ ਉੱਤਰੀ ਬੰਗਾਲ ‘ਚ ਪੈਂਦੇ ਚਾਹ ਪੈਦਾਵਾਰ ਦੇ ਇਲਾਕੇ ਪਲਾਂਟੇਸ਼ਨ ਲੇਬਰ ਐਕਟ-1951 ਦੇ ਤਹਿਤ ਚਾਹ ਅਥਾਰਿਟੀ ਆਫ ਇੰਡੀਆ ਹੇਠ ਆਉਂਦੇ ਹਨ, ਇਹ ਸੰਸਥਾ ਚਾਹ ਦੀ ਪੈਦਾਵਾਰ ਨੂੰ ਰੈਗੂਲੇਟ ਕਰਦੀ ਹੈ। ਕਨੂੰਨ ਮੁਤਾਬਕ ਚਾਹ ਦਾ ਬਾਗ ਲਗਾਉਣ ਲਈ ਘੱਟੋ-ਘੱਟ 10.12 ਹੈਕਟੇਅਰ ਜ਼ਮੀਨ ਹੋਣੀ ਜਰੂਰੀ ਹੈ। ਏਨੇ ਰਕਬੇ ਵਾਲ਼ੇ ਸਾਰੇ ਬਾਗ ਸਨਅਤੀ ਖੇਤਰ ਹੇਠ ਮੰਨੇ ਜਾਂਦੇ ਹਨ, ਜਿੱਥੇ ਕਿਰਤ ਕਨੂੰਨ ਵਗੈਰਾ ਉਵੇਂ ਹੀ ਲਾਗੂ ਹੁੰਦੇ ਹਨ, ਜਿਵੇਂ ਸਨਅਤ ਵਿੱਚ ਲਾਗੂ ਹੁੰਦੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਛੋਟੇ ਰਕਬੇ ‘ਚ ਚਾਹ ਦਾ ਬਾਗ ਲਗਾਉਣ ਵਾਲ਼ੇ ਮਾਲਕਾਂ ਦੀ ਗਿਣਤੀ ਕਾਫੀ ਵਧੀ ਹੈ। ਛੋਟਾ ਰਕਬਾ ਨਿੱਜੀ ਖੇਤੀ ਤਹਿਤ ਰਕਬਾ ਆ ਜਾਂਦਾ ਹੈ, ਜਿੱਥੇ ਕਿਸੇ ਤਰਾਂ ਦਾ ਕੋਈ ਵੀ ਕਨੂੰਨੀ ਹੱਕ ਮਜਦੂਰ ਨੂੰ ਨਹੀਂ ਮਿਲ਼ਦਾ। ਫਿਰ ਛੋਟੇ ਮਾਲਕ ਇਹਨਾਂ ਕਾਮਿਆਂ ਦੀ ਹੋਰ ਵੀ ਜ਼ਿਆਦਾ ਭਿਅੰਕਰ ਲੁੱਟ ਕਰਦੇ ਹਨ।

ਜਲਪਾਇਗੁੜੀ ਚ ਪੈਂਦੇ ਬਗਰਾਕੋਟੇ ਦੇ ਚਾਹ ਬਾਗ ਵਿੱਚ ਅਪਰੈਲ ਤੋਂ ਲੈਕੇ ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ, ਇਹਨਾਂ ‘ਚੋਂ ਛੇ ਮੌਤਾਂ ਤਾਂ ਸਿਰਫ ਇੱਕ ਹਫਤੇ ਵਿੱਚ (25 ਅਕਤੂਬਰ ਤੋਂ 1 ਨਵੰਬਰ) ਹੀ ਹੋਈਆਂ ਹਨ। ਡੰਕਨਜ ਦੀ ਮਨੇਜਮੈਂਟ ਮਜਦੂਰਾਂ ਦੇ 114 ਮਹੀਨਿਆਂ ਦੇ ਰਾਸ਼ਨ ਦੇ ਪੈਸੇ ਤੇ 3 ਲੱਖ ਰੁਪੈ ਦਾ ਪਰਾਵੀਡੈਂਟ ਫੰਡ ਲੈਕੇ ਬਿਨਾਂ ਦੱਸੇ ਇਲਾਕੇ ‘ਚੋਂ ਭੱਜ ਚੁੱਕੀ ਹੈ। ਬਹੁਤੇ ਮਜਦੂਰ ਇਲਾਕਾ ਛੱਡਕੇ ਰੁਜਗਾਰ ਦੀ ਭਾਲ਼ ‘ਚ ਹੋਰਨਾਂ ਇਲਾਕਿਆਂ ‘ਚ ਚਲੇ ਗਏ ਹਨ। ਚਾਹ ਬਾਗਾਨ ਮਜਦੂਰ ਯੂਨੀਅਨ ਦੇ ਪ੍ਰਧਾਨ ਪਵਨ ਨੇ ਦੱਸਿਆ ਕਿ ਮਾਰਚ ਤੋਂ ਸਾਡੀਆਂ ਤਨਖਾਹਾਂ ਬੰਦ ਹੋ ਗਈਆਂ, ਉਸਤੋਂ ਮਗਰੋਂ ਇੱਕਦਮ ਪਤਾ ਲੱਗਾ ਕਿ ਮਨੇਜਮੈਂਟ ਭੱਜ ਚੁੱਕੀ ਹੈ, ਫਿਰ ਸਾਡੀ ਬਿਜਲੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ, ਰਾਸ਼ਨ ਮਿਲਣਾ ਬੰਦ ਹੋ ਗਿਆ, ਹਸਪਤਾਲ ਬੰਦ ਹੋ ਗਿਆ ਤੇ ਕੰਮ ਪੂਰੀ ਤਰਾਂ ਬੰਦ ਹੋ ਗਿਆ। ਜਿਸ ਕਾਰਨ ਬਾਗਾਂ ਦੇ ਬੇਰੁਜਗਾਰ ਕਿਰਤੀ ਫਾਕੇ ਕੱਟਣ ਲਈ ਸਰਾਪੇ ਗਏ ਹਨ।

ਡੰਕਨਜ ਇੰਡਸਟਰੀਜ, ਜਿਸਨੂੰ ਸਾਲ 2014 ਵਿੱਚ ਸਭ ਤੋਂ ਵੱਧ ਚਾਹ ਪੈਦਾ ਕਰਨ ਦਾ ਪੁਰਸਕਾਰ ਮਿਲਿਆ ਹੈ, ਅਸਲ ‘ਚ ਹਜਾਰਾਂ ਮਜਦੂਰਾਂ ਦੀ ਕਾਤਲ ਹੈ, ਜਿਸਨੇ ਪੱਛਮੀ ਬੰਗਾਲ ਵਿਚਲੇ ਚਾਹ ਬਾਗਾਂ ਵਿਚਲੇ ਹਜਾਰਾਂ ਮਜਦੂਰਾਂ ਨੂੰ ਭੁੱਖ ਨਾਲ਼ ਮਰਨ ਲਈ ਮਜਬੂਰ ਕਰ ਦਿੱਤਾ। ਜਦੋਂ ਡੰਕਨਜ ਦੀ ਮਨੇਜਮੈਂਟ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ 25,000 ਬਾਗ ਮਜਦੂਰਾਂ ਦੇ ਭਿਅੰਕਰ ਉਜਾੜ ਦਾ ਦੋਸ਼ ਮਜਦੂਰਾਂ ਦੀ ਅਨਪੜਤਾ ਸਿਰ ਮੜ ਦਿੱਤਾ ਕਿ ਮਜਦੂਰਾਂ ਨੇ ਸਮੇਂ ਸਿਰ ਆਵਦੇ ਸਕੇ-ਸਬੰਧੀਆਂ ਨੂੰ ਸਿਹਤ ਸਹੂਲਤਾਂ ਅਤੇ ਚੰਗੀ ਖੁਰਾਕ ਮੁਹੱਈਆ ਨਹੀਂ ਕਰਵਾਈ। ਇਸ ਸ਼ਰਮਸ਼ਾਰ ਬਿਆਨ ਤੇ ਇਸ ਪੁਰਸਕਾਰ ਜੇਤੂ ਕੰਪਨੀ ਨੂੰ ਜਿੰਨੀ ਫਿੱਟ-ਲਾਹਣਤ ਪਾਈ ਜਾਵੇ, ਉਨੀ ਹੀ ਘੱਟ ਹੈ।

ਪਿੱਛੇ ਜਿਹੇ ਮਮਤਾ ਬੈਨਰਜੀ ਨੇ ਚਾਹ ਬਾਗਾਂ ਦਾ ਤੂਫਾਨੀ ਦੌਰਾ ਕੀਤਾ ਤੇ ਚਾਹ ਬਾਗਾਂ ਦੇ ਮਾਲਕਾਂ ਨੂੰ ਵੱਡੀਆਂ ਵੱਡੀਆਂ ਘੁਰਕੀਆਂ ਦੇਕੇ ਮਜਦੂਰਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਪੱਛਮੀ ਬੰਗਾਲ ਦਾ ਚਾਹ ਬਾਗਾਂ ਵਾਲਾ ਉੱਤਰੀ ਪਾਸਾ ਵੋਟਾਂ ਪੱਖੋਂ ਕਾਫੀ ਮਹੱਤਤਾ ਰੱਖਦਾ ਹੈ। ਇਸ ਕਰਕੇ ਹਰੇਕ ਵੋਟ ਸਿਆਸੀ ਪਾਰਟੀ ਆਵਦਾ ਉੱਲ਼ੂ ਸਿੱਧਾ ਕਰਨ ਲਈ ਐਸੇ ਵਾਅਦੇ ਸਮੇਂ ਸਮੇਂ ‘ਤੇ ਕਰਦੀਆਂ ਰਹੀਆਂ ਹਨ। ਉੱਤਰੀ ਬੰਗਾਲ ਦੇ ਚਾਹ ਮਜਦੂਰ ਕੁੱਲ ਵੋਟ ਬੈਂਕ ਦਾ 60 ਫੀਸਦੀ ਹਿੱਸਾ ਬਣਦੇ ਹਨ ਅਤੇ ਪੱਛਮੀ ਬੰਗਾਲ ਦੀਆਂ ਕੁੱਲ ਸੀਟਾਂ ‘ਚੋਂ 42 ਸੀਟਾਂ ਇਸ ਇਲਾਕੇ ਹੇਠ ਆਉਂਦੀਆਂ ਹਨ। ਇਸ ਕਰਕੇ ਵੋਟ ਪਾਰਟੀਆਂ ਆਵਦੀਆਂ ਗਿਣਤੀਆਂ ਮਿਣਤੀਆਂ ਦੇ ਹਿਸਾਬ ਨਾਲ਼ ਸਮੇ-ਸਮੇਂ ‘ਤੇ ਕੁਝ ਕਵਾਇਦਾਂ ਕਰਦੀਆਂ ਰਹਿੰਦੀਆਂ ਹਨ। ਪਰ ਵੋਟ ਪਾਰਟੀਆਂ ਦੀ ਕੁੱਤੀ ਸਰਮਾਏਦਾਰ ਚੋਰਾਂ ਨਾਲ਼ ਰਲੀ ਹੋਈ ਹੈ।

ਬੰਗਾਲ ਦੀ ਸਰਕਾਰ ਦਾ ਇਹ ਬਿਆਨ ਮਮਤਾ ਬੈਨਰਜੀ ਦੀਆਂ ਫੋਕੀਆਂ ਘੁਰਕੀਆਂ ਦਾ ਪਰਦਾ ਪੱਟ ਦਿੰਦਾ ਹੈ ਕਿ ਭੁੱਖ ਨਾਲ਼ ਹੋਣ ਵਾਲੀਆਂ ਸਾਰੀਆਂ ਮੌਤਾਂ ਕੁਦਰਤੀ ਜਾਂ ਲਾਪਰਵਾਹੀ ਨਾਲ਼ ਹੋਣ ਵਾਲੀਆਂ ਮੌਤਾਂ ਹਨ। ਬੰਗਾਲ ਦੇ ਕਿਰਤ ਮੰਤਰੀ ਨੇ ਬੜੀ ਬੇਸ਼ਰਮੀ ਨਾਲ਼ ਕਿਹਾ ਹੈ ਕਿ ਉਹਨਾਂ ਨੇ ਚਾਹ ਬਾਗਾਂ ਦੇ ਮਜਦੂਰਾਂ ਵਾਸਤੇ 100 ਕਰੋੜ ਦੀ ਰਕਮ ਜਾਰੀ ਕੀਤੀ ਸੀ, ਸਸਤਾ ਰਾਸ਼ਨ ਦਿੱਤਾ ਸੀ, ਇਹਨਾਂ ਮੌਤਾਂ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ, ਭੁੱਖ-ਨੰਗ ਨਾਲ਼ ਹੋਣ ਵਾਲ਼ੀਆਂ ਸਾਰੀਆਂ ਮੌਤਾਂ ਦੇ ਜਿੰਮੇਦਾਰ ਇਹ ਖੁਦ ਹਨ।

ਸਰਕਾਰਾਂ-ਪ੍ਰਸ਼ਾਸ਼ਨ ਤੇ ਰੁਜਗਾਰ ਦੀ ਨਿਗਾਹ ਤੋਂ ਦੂਰ ਪੱਛਮੀ ਬੰਗਾਲ ਦੇ ਉੱਜੜੇ ਚਾਹ ਦੇ ਬਾਗਾਂ ਦੇ ਦਿਨ-ਕਟੀਆਂ ਕਰਦੇ ਇਹ ਸਿਰਜਕ ਹੌਕਿਆਂ ਭਰੀ ਜਿੰਦਗੀ ਦੇ ਸਫ਼ਰ ‘ਤੇ ਤੁਰਦੇ ਜਾ ਰਹੇ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements