ਬੰਗਾਲ ਦੇ ਅਕਾਲ ‘ਤੇ ਨਵੀਂ ਕਿਤਾਬ: ਬਰਤਾਨਵੀ ਸਾਮਰਾਜਵਾਦੀਆਂ ਦੇ ਬਰਬਰ ਯੁੱਧ-ਅਪਰਾਧ ‘ਤੇ ਨਵੀਂ ਰੌਸ਼ਨੀ

ਪੀ.ਡੀ.ਐਫ਼. ਡਾਊਨਲੋਡ ਕਰੋ

 ਜਦ ਦੂਜੀ ਸੰਸਾਰ-ਜੰਗ ਦੀ ਗੱਲ ਹੁੰਦੀ ਹੈ ਤਾਂ ਸਾਮਰਾਜਵਾਦੀਆਂ ਦੀਆਂ ਬਹੁਤ ਸਾਰੀਆਂ ਬਰਬਰਤਾਵਾਂ ਇੱਕੋ ਵਾਰ ਦਿਮਾਗ਼ ਵਿੱਚ ਲਿਸ਼ਕ ਜਾਂਦੀਆਂ ਹਨ। ਨਾਜ਼ੀ ਤਸੀਹਾ ਕੈਂਪਾਂ ਵਿੱਚ 60 ਲੱਖ ਯਹੂਦੀਆਂ ਦਾ ਮਾਰਿਆ ਜਾਣਾ, 50 ਲੱਖ ਰੋਮਾਵਾਂ (ਜਿਪਸੀਆਂ) ਦਾ ਸਫ਼ਾਇਆ, ਦੋ ਕਰੋੜ ਸੋਵੀਅਤ ਨਾਗਰਿਕਾਂ ਅਤੇ 80 ਲੱਖ ਚੀਨੀ ਨਾਗਰਿਕਾਂ ਦਾ ਮਾਰਿਆ ਜਾਣਾ, ਹੀਰੋਸ਼ੀਮਾ-ਨਾਗਾਸਾਕੀ ‘ਤੇ ਅਮਰੀਕੀ ਪ੍ਰਮਾਣੂ ਬੰਬ ਸੁੱਟੇ ਜਾਣ ਨਾਲ਼ 2 ਲੱਖ ਲੋਕਾਂ ਦੀ ਫੌਰੀ ਮੌਤ ਅਤੇ 1 ਲੱਖ 30 ਹਜ਼ਾਰ ਲੋਕਾਂ ਦੀ ਬਾਅਦ ਵਿੱਚ ਕੈਂਸਰ ਅਤੇ ਹੋਰ ਵਿਕਿਰਣ ਜਣੇ ਰੋਗਾਂ ਨਾਲ਼ ਮੌਤ… ਸਾਮਰਜਵਾਦ ਦੀ ਇਹ ਖ਼ੂਨੀ ਬੈਲੇਂਸਸ਼ੀਟ ਭਲਾ ਕੌਣ ਭੁੱਲ ਸਕਦਾ ਹੈ? 

ਇਸੇ ਦੌਰਾਨ ਇੱਕ ਹੋਰ ਭਿਆਨਕ ਘਟਨਾ ਘਟੀ ਜੋ ਕਿ ਕਤਲੇਆਮ ਦੇ ਹੀ ਬਰਾਬਰ ਸੀ, ਪਰ ਜਿਸਦੀ ਚਰਚਾ ਸਾਮਰਾਜਵਾਦੀ ਕੁਕਰਮ ਦੇ ਰੂਪ ਵਿੱਚ ਬਹੁਤ ਘੱਟ ਹੀ ਹੁੰਦੀ ਹੈ। ਇਹ ਘਟਨਾ ਸੀ, 1943 ਦਾ ਬਦਨਾਮ ਬੰਗਾਲ ਦਾ ਅਕਾਲ। ਇਸ ਵਿਸ਼ੇ ‘ਤੇ ਹੁਣੇ ਹੀ ਮਧੂਸ਼੍ਰੀ ਮੁਖਰਜੀ ਦੀ ਇੱਕ ਕਿਤਾਬ ‘ਚਰਚਿਲ ਸੀਕ੍ਰੇਟ ਵਾਰ: ਦ ਬ੍ਰਿਟਿਸ਼ ਇਮਪਾਇਰ ਐਂਡ ਦ ਰੈਵੇਜਿੰਗ ਆਫ਼ ਇੰਡਿਆ ਡਿਊਰਿੰਗ ਵਰਲਡ ਵਾਰ-99 (ਬੇਸਿਕ ਬੁਕਸ, ਨਿਊਯਾਰਕ, 2010) ਪ੍ਰਕਾਸ਼ਤ ਹੋਈ ਹੈ। ਮੁਖਰਜੀ ਨੇ ਆਪਣੇ ਖੋਜ-ਕਾਰਜ ਵਿੱਚ ਇਸ ਸੱਚਾਈ ਨੂੰ ਸਾਬਤ ਕਰਨ ਵਾਲ਼ੇ ਇਤਿਹਾਸਕ ਸਬੂਤ ਦਿੱਤੇ ਹਨ ਕਿ ਇੱਕ ਵਰ੍ਹੇ ਤੱਕ ਜਾਰੀ ਇਹ ਭਿਆਨਕ ਅਕਾਲ ਕੁਦਰਤੀ ਕਰੋਪੀ ਨਹੀਂ ਸੀ ਸਗੋਂ ”ਮਨੁੱਖ-ਸਿਰਜਿਤ” ਸੀ। ਇਸ ਮਨੁੱਖੀ ਮਹਾਂਕਰੋਪੀ ਲਈ ਪੂਰੀ ਤਰ੍ਹਾਂ ਵੇਲੇ ਦੇ ਬਰਤਾਨਵੀ ਪ੍ਰਧਾਨ ਮੰਤਰੀ ਚਰਚਿਲ ਦੀਆਂ ਸਾਮਰਾਜਵਾਦੀ ਨੀਤੀਆਂ ਜ਼ਿੰਮੇਵਾਰ ਸਨ। ਮੁਖਰਜੀ ਦਾ ਇਹ ਵੀ ਦਾਅਵਾ ਹੈ ਕਿ ਅਕਾਲ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ 30 ਲੱਖ ਨਹੀਂ ਸੀ (ਜਿਵੇਂ ਕਿ ਹੁਣ ਤੱਕ ਮੰਨਿਆ ਜਾਂਦਾ ਰਿਹਾ ਹੈ), ਸਗੋਂ ਇਸਤੋਂ ਕਾਫ਼ੀ ਉੱਤੇ, 50 ਲੱਖ ਦੇ ਆਸਪਾਸ ਸੀ।

ਵੈਸੇ, ਜਗੀਰਦਾਰਾਂ ਰਾਹੀਂ ਕਿਸਾਨਾਂ ਦੀ ਬੇਸ਼ੁਮਾਰ ਲੁੱਟ ਨੇ ਬਸਤੀਵਾਦੀ ਸ਼ਾਸਨ ਦੌਰਾਨ ਕਈ ਵਾਰ ਅਜਿਹੀਆਂ ਹਾਲਤਾਂ ਪੈਦਾ ਕੀਤੀਆਂ ਜਦ ਲਗਾਨ ਦੇ ਭਾਰ ਨਾਲ਼ ਨਿਚੋੜੇ ਗਏ ਕਿਸਾਨ ਖੇਤੀ ਕਰ ਸਕਣ ਦੀ ਹਾਲਤ ਵਿੱਚ ਨਹੀਂ ਹੁੰਦੇ ਸਨ। ਇਸਦਾ ਨਤੀਜਾ ਅੱਡ-ਅੱਡ ਖੇਤਰਾਂ ਵਿੱਚ ਅਕਾਲ ਦੇ ਰੂਪ ਵਿੱਚ ਸਾਹਮਣੇ ਆਉਂਦਾ ਸੀ। 1943 ਦੇ ਬੰਗਾਲ ਦੇ ਅਕਾਲ ਦੀ ਹਾਲਤ ਪਹਿਲਾਂ ਦੇ ਅਕਾਲਾਂ ਤੋਂ ਵੱਖਰੀ ਸੀ। ਯੁੱਧ ਦੇ ਦੱਖਣ ਏਸ਼ੀਆਈ ਮੋਰਚੇ ‘ਤੇ ਬਰਤਾਨਵੀ ਸਾਮਰਜਵਾਦ ਨੂੰ ਜਪਾਨੀ ਫ਼ਾਸੀਵਾਦੀ ਲਗਾਤਾਰ ਪਿੱਛੇ ਧੱਕ ਰਹੇ ਸਨ। 1942 ਵਿੱਚ ਜਪਾਨੀਆਂ ਨੇ ਸਿੰਘਾਪੁਰ ਅਤੇ ਫਿਰ ਬਰਮਾ ‘ਤੇ ਕਬਜ਼ਾ ਕਰ ਲਿਆ। ਤਦ ਬਰਮਾ ਹੋਰਨਾਂ ਬਰਤਾਨਵੀ ਬਸਤੀਵਾਦੀਆਂ, ਅਤੇ ਖ਼ੁਦ ਬਰਤਾਨੀਆ ਲਈ ਸਭ ਤੋਂ ਵੱਡੀ ਚੌਲ ਬਰਾਮਦ ਬਸਤੀ ਸੀ। ਭਾਰਤ ਦੀ ਕੁੱਲ ਚੌਲ-ਖਪਤ ਦਾ 15-20 ਪ੍ਰਤੀਸ਼ਤ ਉਸ ਸਮੇਂ ਬਰਮਾ ਤੋਂ ਆਉਂਦਾ ਸੀ। ਬਰਮਾ ਨੂੰ ਜਿੱਤਕੇ ਜਪਾਨ ਭਾਰਤ ਦੀ ਸਰਦਲ ‘ਤੇ ਖੜਾ ਸੀ। ਜਪਾਨੀ ਹਮਲਾ ਨੇੜੇ ਸੀ। ਬਰਤਾਨਵੀ ਸਾਮਰਾਜਵਾਦੀਆਂ ਨੇ ਜਵਾਬੀ ਤਿਆਰੀ ਵਿੱਚ ”ਡਿਨਾਇਲ ਪਾਲਿਸੀ” ਦਾ ਸਹਾਰਾ ਲਿਆ ਜਿਸਦਾ ਅਰਥ ਸੀ ਹਮਲਾਵਰਾਂ ਨੂੰ ਹਰ ਉਪਯੋਗੀ ਚੀਜ਼ ‘ਤੇ ਕਬਜ਼ੇ ਤੋਂ ਵਾਂਝਿਆਂ ਕਰ ਦੇਣਾ। ਸਮੁੱਚੇ ਤਟੀ ਬੰਗਾਲ ਵਿੱਚ ਹਰ ਤਰ੍ਹਾਂ ਦੇ ਵਾਹਨ (ਟਰੱਕ, ਕਾਰਾਂ, ਕਿਸ਼ਤੀਆਂ, ਗੱਡੇ, ਹਜ਼ਾਰਾਂ ਸਾਇਕਲ ਆਦਿ) ਫ਼ੌਜ ਨੇ ਜ਼ਬਤ ਕਰ ਲਏ। ਝੋਨੇ ਅਤੇ ਚੌਲ਼ਾਂ ਦੇ ਭੰਡਾਰ ਜਾਂ ਤਾਂ ਤਬਾਹ ਕਰ ਦਿੱਤੇ ਗਏ ਜਾਂ ਹਟਾ ਦਿੱਤੇ ਗਏ। ਫ਼ੌਜ ਦੀਆਂ ਬੈਰਕਾਂ ਅਤੇ ਹਵਾਈ ਪਟੜੀਆਂ ਲਈ 35,000 ਪਰਿਵਾਰਾਂ ਨੂੰ ਆਪਣੇ ਘਰਾਂ ਅਤੇ ਗੁਜ਼ਰ-ਬਸਰ ਦੇ ਸਾਧਨਾਂ ਤੋਂ ਹੱਥ ਧੋਣੇ ਪਏ। ਉਸ ਸਮੇਂ ਬੰਗਾਲ ਦੇ ਵੱਡੇ ਭੂ ਭਾਗ ਵਿੱਚ ਕਿਸ਼ਤੀਆਂ ਹੀ ਆਵਾਜਾਈ ਦਾ ਮੁੱਖ ਸਾਧਨ ਸਨ। ਕਿਸ਼ਤੀਆਂ ਨਾਲ਼ ਹੀ ਕਿਸਾਨ ਖੇਤਾਂ ਤੱਕ ਜਾਂਦੇ ਸਨ, ਘੁਮਿਆਰ ਮਿੱਟੀ ਲੈਣ ਜਾਂਦੇ ਸਨ, ਲੋਕ ਬਜ਼ਾਰ ਜਾਂਦੇ ਸਨ। ਕਿਸ਼ਤੀਆਂ ਤੋਂ ਬਿਨਾਂ ਖੇਤੀ, ਘਰੇਲੂ ਸਨਅਤ ਸਭ ਠੱਪ ਹੋ ਗਏ। ਜਨਜੀਵਨ ਖਿੰਡ ਗਿਆ। ਇਹ ਵੀ ਯਾਦ ਰੱਖਣ ਯੋਗ ਹੈ ਕਿ ਕੁੱਝ ਹੀ ਮਹੀਨੇ ਪਹਿਲਾਂ 1942 ਵਿੱਚ ਆਏ ਭਿਆਨਕ ਤੂਫ਼ਾਨ ਨੇ ਸਮੁੰਦਰ ਤਟੀ ਬੰਗਾਲ ਵਿੱਚ ਕਾਫ਼ੀ ਤਬਾਹੀ ਮਚਾਈ ਸੀ। ਖੇਤ ਨਮਕੀਨ ਪਾਣੀ ਦੀ ਦਲਦਲ ਬਣ ਗਏ ਸਨ। ਇਸ ਕਰੋਪੀ ਤੋਂ ਨਿਕਲਣ ਲਈ ਬਰਤਾਨਵੀ ਹਾਕਮਾਂ ਨੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਕਿਉਂਕਿ ਉਸ ਸਮੇਂ ‘ਭਾਰਤ ਛੱਡੋ ਅੰਦੋਲਨ’ ਉਬਾਲ਼ ‘ਤੇ ਸੀ ਅਤੇ ਸੰਘਰਸ਼ਸ਼ੀਲ ਲੋਕਾਂ ਦਾ ਮਨੋਬਲ ਤੋੜਨ ਲਈ ਬਰਤਾਨਵੀ ਸ਼ਾਸਕ ਕੁੱਝ ਵੀ ਕਰ ਗੁਜ਼ਰਨ ‘ਤੇ ਉਤਾਰੂ ਸਨ। 

1943 ਦੇ ਸ਼ੁਰੂ ਵਿੱਚ ਜਦ ਅਕਾਲ ਦਾ ਖ਼ਤਰਾ ਸਿਰ ‘ਤੇ ਸੀ ਤਾਂ ਸੰਭਾਵਤ ਲੋਕ-ਰੋਹ ਦੇ ਧਮਾਕੇ ਤੋਂ ਘਬਰਾਕੇ ਵਾਇਸਰਾਇ ਵਾਵੇਲ ਅਤੇ ਭਾਰਤ ਸਕੱਤਰ ਐਮਰੀ ਨੇ ਬਰਤਾਨਵੀ ਪ੍ਰਧਾਨ ਮੰਤਰੀ ਚਰਚਿਲ, ਯੁੱਧ ਮੰਤਰਾਲੇ ਅਤੇ ਜਹਾਜ਼ਰਾਨੀ ਮੰਤਰਾਲੇ ਨੂੰ ਕਈ ਪੱਤਰ ਲਿਖਕੇ ਅਨਾਜ ਸੰਕਟ ਦੇ ਖ਼ਤਰੇ ਬਾਰੇ ਦੱਸਿਆ। ਪਰ ਚਰਚਿਲ ਦੀ ਸੋਚ ਕੁੱਝ ਹੋਰ ਸੀ। ਸਾਮਰਾਜਵਾਦੀ ਹਿੱਤਾਂ ‘ਤੇ ਉਸਦੀ ਪਕੜ ਇੱਕ ਖੂੰਖਾਰ ਬੁਲਡੌਗ ਵਰਗੀ ਸੀ। ਉਹ ਆਜ਼ਾਦੀ ਦੇ ਘੋਲ਼ ਵਿੱਚ ਲੋਕਾਂ ਦੇ ਮਨੋਬਲ ਨੂੰ ਤੋੜ ਦੇਣਾ ਚਾਹੁੰਦਾ ਸੀ। ਭਾਰਤੀ ਜ਼ਮੀਨ ‘ਤੇ ਜਪਾਨੀਆਂ ਦਾ ਮੁਕਾਬਲਾ ਉਹ ਅੱਧ-ਪਚੱਧੀ ਟਰੇਨਿੰਗ ਨਾਲ਼ ਲੈਸ ਭਾਰਤੀ ਸਿਪਾਹੀਆਂ ਨੂੰ (ਪੂਰੀ ਟਰੇਨਿੰਗ ਨੂੰ ਉਹ ਖ਼ਤਰਨਾਕ ਮੰਨਦਾ ਸੀ) ਤੋਪ ਦਾ ਚਾਰਾ ਬਣਾਕੇ ਕਰਨਾ ਚਾਹੁੰਦਾ ਸੀ, ਪਰ ਵਿਸ਼ਾਲ ਲੋਕਾਈ ਦੇ ਸਹਿਯੋਗ ‘ਤੇ ਉਸਨੂੰ ਬਿਲਕੁਲ ਭਰੋਸਾ ਨਹੀਂ ਸੀ। ਉਸਨੂੰ ਅਮਰੀਕਾ ਵਰਗੇ ਮਿੱਤਰ-ਰਾਸ਼ਟਰਾਂ ਦੀ ਮਦਦ ਦਾ ਵੀ ਭਰੋਸਾ ਸੀ ਅਤੇ ਉਹ ਇਹ ਵੀ ਜਾਣਦਾ ਸੀ ਕਿ ਚੀਨ ਅਤੇ ਸੋਵੀਅਤ ਸੰਘ ਦੇ ਲੋਕ ਜਪਾਨ ਸਹਿਤ ਪੂਰੀ ਫ਼ਾਸੀਵਾਦੀ ਧੁਰੇ ਦਾ ਲੱਕ ਤੋੜ ਰਹੇ ਸਨ। ਇਸ ਤਰਾਂ ਚਰਚਿਲ ਭਾਰਤੀ ਲੋਕਾਂ ਦਾ ਸਹਿਯੋਗ ਲੈਣ ਦੀ ਜਗ੍ਹਾ, ਉਸਦੇ ਮਨੋਬਲ ਨੂੰ ਕੁਚਲਕੇ ਹੀ ਦੱਖਣ ਏਸ਼ੀਆਈ ਰੰਗਮੰਚ ‘ਤੇ ਯੁੱਧ ਜਿੱਤਣਾ ਚਾਹੁੰਦਾ ਸੀ। ਯੁੱਧ ਦੀਆਂ ਹਾਲਤਾਂ ਦਾ ਫਾਇਦਾ ਲੈ ਕੇ ਭਾਰਤੀ ਲੋਕ ਆਪਣੀ ਅਜ਼ਾਦੀ ਲਈ ਦਬਾਅ ਬਣਾਉਣ, ਇਸ ਤਰ੍ਹਾਂ ਉਹ ਬਿਲਕੁਲ ਨਹੀਂ ਚਾਹੁੰਦਾ ਸੀ। ਇਸ ਲਈ ਏਮਰੀ ਦੇ ਇੱਕ ਪੱਤਰ ਦਾ ਉੱਤਰ ਦਿੰਦੇ ਹੋਏ ਉਸਨੇ ਲਿਖਿਆ ਸੀ, ”ਜੇਕਰ ਰੋਟੀ ਦੀ ਏਨੀ ਹੀ ਘਾਟ ਹੈ ਤਾਂ ਗਾਂਧੀ ਹੁਣ ਤੱਕ ਮਰਿਆ ਕਿਉਂ ਨਹੀਂ” (ਗਾਂਧੀ ਉਸ ਸਮੇਂ ਜੇਲ ਵਿੱਚ ਭੁੱਖ ਹੜਤਾਲ ‘ਤੇ ਸੀ)। ਸੰਭਾਵਤ ਅਨਾਜ ਸੰਕਟ ਨੂੰ ਭਾਂਪ ਕੇ ਕਲਕੱਤਾ ਅਤੇ ਬੰਗਾਲ ਦੇ ਹੋਰਨਾਂ ਸ਼ਹਿਰਾਂ ਵਿੱਚ ਜਮਾਂਖੋਰਾਂ ਨੇ ਅਨਾਜ ਜਮ੍ਹਾ ਕਰਕੇ ਕਾਲ਼ਾਬਜ਼ਾਰੀ ਸ਼ੁਰੂ ਕਰ ਦਿੱਤੀ। ਸੰਕਟ ਸਮੇਂ ਤੋਂ ਪਹਿਲਾਂ ਹੀ ਆ ਗਿਆ ਅਤੇ ਭਿਆਨਕ ਰੂਪ ਵਿੱਚ ਆਇਆ। ਉਸ ਸਮੇਂ ਆਸਟ੍ਰੇਲੀਆ ਵਿੱਚ ਵੱਡੀ ਮਾਤਰਾ ਵਿੱਚ ਕਣਕ ਦਾ ਭਾਰੀ ਵਾਧੂ ਭੰਡਾਰ ਮੌਜੂਦ ਸੀ ਜਿਸਨੂੰ ਜੇਕਰ ਜਹਾਜ਼ਾਂ ਵਿੱਚ ਲੱਦਕੇ ਬੰਗਾਲ ਪਹੁੰਚਾ ਦਿੱਤਾ ਜਾਂਦਾ ਤਾਂ ਜਮਾਂਖ਼ੋਰੀ ਮੁਨਾਫ਼ੇ ਦਾ ਸੌਦਾ ਨਹੀਂ ਰਹਿ ਜਾਂਦੀ ਅਤੇ ਭਾਰੀ ਪੇਂਡੂ ਅਬਾਦੀ ਨੂੰ ਦੋ ਡੰਗ ਦੀ ਰੋਟੀ ਨਸੀਬ ਹੋ ਜਾਂਦੀ, ਪਰ ਚਰਚਿਲ ਨੇ ਇੰਝ ਨਹੀਂ ਕੀਤਾ। ਇਹੀ ਨਹੀਂ, ਅਨਾਜ ਦੀ ਮਦਦ ਭੇਜਣ ਦਾ ਅਮਰੀਕਾ ਅਤੇ ਕਨੇਡਾ ਦਾ ਪ੍ਰਸਤਾਵ ਵੀ ਉਸਨੇ ਠੁਕਰਾ ਦਿੱਤਾ। ਉਸਦਾ ਤਰਕ ਸੀ ਕਿ ਅਨਾਜ ਲਿਆਉਣ ਲਈ ਪੂਰੀ ਗਿਣਤੀ ਵਿੱਚ ਜਹਾਜ਼ ਉਪਲੱਬਧ ਨਹੀਂ ਸਨ। ਮੁਖਰਜੀ ਨੇ ਸਾਬਤ ਕੀਤਾ ਹੈ ਕਿ ਤੱਥ ਇਸਦੇ ਉਲਟ ਸਨ। ਜਹਾਜ਼ ਏਨੇ ਸਨ ਕਿ ਉਹਨਾਂ ਵਿੱਚ ਲਦਾਈ ਲਈ ਪੂਰਾ ਸਮਾਨ ਨਹੀਂ ਸੀ। ਇੱਕ ਸਮਾਂ ਸੀ ਜਦ ਜਰਮਨ ਯੂ-2 ਪਣਡੁੱਬੀਆਂ ਨੇ ਭਾਰੀ ਗਿਣਤੀ ਵਿੱਚ ਬਰਤਾਨਵੀ ਵਪਾਰੀ ਜਹਾਜ਼ਾਂ ਨੂੰ ਡੁਬੋਕੇ ਸੰਕਟ ਪੈਦਾ ਕਰ ਦਿੱਤਾ ਸੀ, ਪਰ 1942 ਦੇ ਅੰਤ ਤਕ ਹਾਲਤ ਬਦਲ ਚੁੱਕੀ ਸੀ। ਅਮਰੀਕਾ ਨੇ ਵੱਡੀ ਪੱਧਰ ‘ਤੇ ਬਰਤਾਨੀਆ ਨੂੰ ਜਹਾਜ਼ ਬਣਾਕੇ ਦਿੱਤੇ ਅਤੇ ਉਸਦੇ ਵਪਾਰਕ ਜਹਾਜ਼ੀ ਬੇੜਿਆਂ ਦੀ ਜਰਮਨ ਪਣਡੁੱਬੀਆਂ ਤੋਂ ਰੱਖਿਆ ਲਈ ਆਪਣੇ ਜੰਗੀ ਜਹਾਜ਼ ਤੈਨਾਤ ਕੀਤੇ। ਪਰ ਅਸਲ ਵਿੱਚ ਚਰਚਲ ਅਨਾਜ ਮੰਗਵਾਉਣਾ ਹੀ ਨਹੀਂ ਚਾਹੁੰਦਾ ਸੀ। ਉਹ ਬਸ ਇਨ੍ਹਾਂ ਚਾਹੁੰਦਾ ਸੀ ਕਿ ਮੱਧ-ਪੂਰਬ ਤੋਂ ਲੈਕੇ ਦੱਖਣ-ਪੂਰਬ ਤੱਕ ਲੜਨ ਵਾਲ਼ੇ ਭਾਰਤੀ ਸਿਪਾਹੀਆਂ ਨੂੰ ਅਤੇ ਕਾਰਖ਼ਾਨਿਆਂ ਵਿੱਚ ਫ਼ੌਜ ਲਈ ਪੈਦਾਵਾਰ ਕਰਨ ਵਾਲ਼ੀ ਅਬਾਦੀ ਨੂੰ ਯੁੱਧ ਦੇ ਦੌਰਾਨ ਭੋਜਨ ਅਤੇ ਜ਼ਰੂਰੀ ਸਮਾਨ ਮਿਲਦੇ ਰਹਿਣ। ਬਾਕੀ ਅਬਾਦੀ, ਖ਼ਾਸਕਰ ਪੇਂਡੂ ਅਬਾਦੀ ਨੂੰ ਉਹ ਕੌਮੀ ਲਹਿਰ ਵਿੱਚ ਹਿੱਸਾ ਲੈਣ ਦੀ ਸਜ਼ਾ ਦੇਣਾ ਚਾਹੁੰਦਾ ਸੀ ਅਤੇ ਅਨਾਜ ਦੀ ਜਬਰ ਦੇ ਹਥਿਆਰ ਦੇ ਰੂਪ ਵਿੱਚ ਵਰਤੋਂ ਕਰ ਰਿਹਾ ਸੀ। 

ਚਰਚਲ ਦੀ ਇਹਨਾਂ ਨੀਤਿਆਂ ਨੇ ਬੰਗਾਲ ਦੇ ਅਕਾਲ ਨੂੰ ਜਨਮ ਦਿੱਤਾ। ਪਿੰਡਾਂ ਦੇ ਪਿੰਡ ਵੀਰਾਨ ਹੋ ਗਏ। ਕਲਕੱਤਾ ਦੀਆਂ ਸੜਕਾਂ ਲਾਸ਼ਾਂ ਨਾਲ਼ ਭਰਨ ਲੱਗੀਆਂ। ਸੂਪ ਅਤੇ ਦਲੀਏ ਲਈ ਜਗ੍ਹਾ-ਜਗ੍ਹਾ ਸੈਂਕੜੇ ਚਲਦੇ-ਫਿਰਦੇ ਪਿੰਜਰ ਲਾਈਨ ਲਾਕੇ ਖੜੇ ਰਹਿੰਦੇ ਸਨ ਅਤੇ ਕਈ ਉੱਥੇ ਹੀ ਮਰ ਜਾਂਦੇ ਸਨ। ਲੱਖਾਂ ਬੇਸਹਾਰਾ ਬੱਚੇ ਸੜਕਾਂ ‘ਤੇ ਭਟਕ ਰਹੇ ਸਨ। ਭੁੱਖੀਆਂ ਮਾਂਵਾਂ ਨੇ ਆਪਣੇ ਬੱਚਿਆਂ ਨੂੰ ਜ਼ਿੰਦਾ ਰੱਖਣ ਲਈ ਸ਼ਰੀਰ ਵੇਚਣਾ ਸ਼ੁਰੂ ਕਰ ਦਿੱਤਾ। ਵੇਸਵਾਘਰਾਂ ਵਿੱਚ ਭੀੜ ਲੱਗ ਗਈ। ਹਾਲਤ ਅਜਿਹੀ ਹੋ ਗਈ ਕਿ ਉੱਚ ਮੱਧ-ਵਰਗ ਦੇ ਲੋਕ ਵੀ ਇਸ ਹਾਲਤ ਨਾਲ਼ ਨਿਬੜਨ ਦੇ ਢੰਗਾਂ ‘ਤੇ ਗੱਲ ਕਰਨ ਲੱਗੇ। ਸੜਕਾਂ ‘ਤੇ ਸੜਦੀਆਂ ਲਾਸ਼ਾਂ, ਅੱਧਮਰੇ ਲੋਕਾਂ ਅਤੇ ਦਾਅਵਤਾਂ ਉਡਾਉਂਦੇ ਕੁੱਤਿਆਂ ਨੂੰ ਦੇਖ-ਦੇਖ ਉਹਨਾਂ ਨੂੰ ਵੀ ਪ੍ਰੇਸ਼ਾਨੀ ਹੋਣ ਲੱਗੀ। ਭਾਂਵੇਂਕਿ ਉਸ ਸਮੇਂ ਵੀ ਕਲਕੱਤਾ ਦੇ ਉੱਚੇ ਦਰਜੇ ਦੇ ਹੋਟਲਾਂ ਵਿੱਚ ਪੰਜ ਕੋਰਸ ਵਾਲ਼ੇ ਵੱਡੇ ਲੰਚ-ਡਿਨਰ ਪਰੋਸੇ ਜਾ ਰਹੇ ਸਨ। 

ਮਧੂਸ਼੍ਰੀ ਮੁਖਰਜੀ ਦੀ ਕਿਤਾਬ ਇਸ ਮਾਮਲੇ ਵਿੱਚ ਮਹੱਤਵਪੂਰਨ ਹੈ ਕਿ ਇਸ ਵਿੱਚ ਉਸ ਇਤਿਹਾਸਕ ਸ੍ਰੋਤ-ਸਮੱਗਰੀ (ਚਰਚਲ, ਏਮਰੀ, ਲਾਰਡ ਵਾਵੇਲ, ਲਾਰਡ ਲਿਨਲਿਥਗੋ ਆਦਿ ਦੇ ਪੱਤਰ, ਉਸ ਦੌਰ ਦੇ ਹੋਰ ਦਸਤਾਵੇਜ਼, ਯਾਦਾਂ ਆਦਿ) ਦੀ ਪਹਿਲੀ ਵਾਰ ਵਰਤੋਂ ਕੀਤੀ ਗਈ ਹੈ ਜੋ ਇਸ ਸਦੀ ਦੇ ਪਹਿਲੇ ਦਹਾਕੇ ਦੇ ਮੱਧ ਵਿੱਚ ਪਹਿਲੀ ਵਾਰ ਇਤਿਹਾਸਕਾਰਾਂ ਦੇ ਖੋਜ-ਅਧਿਐਨ ਲਈ ਬ੍ਰਿਟਿਸ਼ ਮੁਹਾਫ਼ਿਜ਼ਖਾਨੇ ਦੁਆਰਾ ਖੋਲੀ ਗਈ ਹੈ। ਇਹ ਕਿਤਾਬ ਇੱਕ ਵਾਰ ਫਿਰ ਸਾਮਰਜਵਾਦ ਦੇ ਬਰਬਰ ਮਨੁੱਖਦੋਖੀ ਚਰਿੱਤਰ ਨੂੰ ਉਜਾਗਰ ਕਰਨ ਦਾ ਕੰਮ ਕਰਦੀ ਹੈ। 

ਪੂੰਜੀਵਾਦ ਦੇ ਰੂਪ ਵਿੱਚ ਮੂਰਤ ਆਰਥਿਕ-ਸਮਾਜਿਕ ਸਬੰਧਾਂ ਲਈ ਵਾਧੂ-ਮੁਨਾਫ਼ਾ ਨਿਚੋੜਨ ਦੇ ਨਾਲ਼ ਹੀ ਲੋਕਾਂ ਦਾ ਬਰਬਰ ਜ਼ਬਰ-ਲੁੱਟ ਇੱਕ ਲਾਜ਼ਮੀ ਜ਼ਰੂਰਤ ਹੈ। ਬਸਤੀਵਾਦ ਦੇ ਦੌਰ ਵਿੱਚ ਅਤੇ ਪਿਛਲੀ ਸਦੀ ਦੌਰਾਨ ਦੋ ਮਹਾਂਯੁੱਧਾਂ ਅਤੇ ਕਈ ਖੇਤਰੀ ਯੁੱਧਾਂ ਦੌਰਾਨ ਲੋਕ ਸਾਮਰਾਜਵਾਦੀ ਅਪਰਾਧਾਂ ਦੇ ਗਵਾਹ ਬਣੇ ਸਨ। ਬਰਤਾਨੀਆ ਨੇ ਜੋ ਬੰਗਾਲ ਵਿੱਚ ਕੀਤਾ, ਅਮਰੀਕੀ ਸਾਮਰਾਜਵਾਦ ਅੱਜ ਸੋਮਾਲੀਆ ਅਤੇ ਸੂਡਾਨ ਤੋਂ ਲੈਕੇ ਅਫ਼ਗਾਨਿਸਤਾਨ ਤਕ ਉਹੀ ਕੁੱਝ ਕਰ ਰਿਹਾ ਹੈ। ਇਹ ਸਾਮਰਾਜਵਾਦ ਅਤੇ ਪੂੰਜੀਵਾਦ ਦੀ ਹੀ ਨੀਤਿਆਂ ਹਨ ਕਿ 9 ਪ੍ਰਤੀਸ਼ਤ ਵਿਕਾਸ ਦਰ ਅਤੇ ਕੁੱਝ-ਇੱਕ ਕਰੋੜ ਅਮੀਰਾਂ ਦੇ ਦੇਸ਼ ਭਾਰਤ ਵਿੱਚ ਅੱਜ ਵੀ ਤਕਰੀਬਨ 40 ਕਰੋੜ ਅਬਾਦੀ ਕੁਪੋਸ਼ਣ ਦੀ ਸ਼ਿਕਾਰ ਹੈ ਅਤੇ ਗੋਦਾਮਾਂ ਵਿੱਚ ਸਾਲਾਨਾ ਲੱਖਾਂ ਟਨ ਅਨਾਜ ਸੜਕੇ ਮਿੱਟੀ ਹੋ ਰਿਹਾ ਹੈ। 

ਬੰਗਾਲ ਦਾ ਅਕਾਲ ਭਾਰਤ ਦੇ ਲੋਕਾਂ ਵਿਰੁੱਧ ਬਰਤਾਨਵੀ ਸਾਮਰਾਜਵਾਦੀਆਂ ਦੁਆਰਾ ਛੇੜੀ ਗਈ ਅਸਿੱਧੀ ਜੰਗ ਸੀ। ਸਾਮਰਾਜਵਾਦੀ ਦੁਨੀਆਂ ਭਰ ਦੇ ਦੱਬੇ-ਕੁਚਲੇ ਲੋਕਾਂ ਵਿਰੁੱਧ ਸਿੱਧੀ ਜੰਗ ਤੋਂ ਬਿਨਾਂ ਅਜਿਹੀ ਅਸਿੱਧੀ ਜੰਗ ਅੱਜ ਵੀ ਚਲਾਉਂਦੇ ਰਹਿੰਦੇ ਹਨ। ”ਮਨੁੱਖ ਸਿਰਜਤ” ਅਨਾਜ ਸੰਕਟ ਅਤੇ ਅਕਾਲ ਅੱਜ ਵੀ ਆਮ ਗੱਲ ਹੈ। ਨਵੀਂ ਗੱਲ ਇਹ ਹੈ ਕਿ ਭਾਰਤ ਵਰਗੇ ਦੇਸ਼ਾਂ ਦਾ ਪੂੰਜੀਪਤੀ ਵਰਗ ਵੀ ਅੱਜ ਇਸ ਅਸਿੱਧੀ ਜੰਗ ਵਿੱਚ ਸਾਮਰਾਜਵਾਦੀਆਂ ਦਾ ਛੋਟਾ ਜੋਟੀਦਾਰ ਬਣ ਚੁੱਕਾ ਹੈ। ਨਵਉਦਾਰਵਾਦੀ ਨੀਤਿਆਂ ਦੇ ਕਨੂੰਨਾਂ ਪ੍ਰਤੀ ਉਹ ਪੂਰੀ ਤਰ੍ਹਾਂ ਵਫ਼ਾਦਾਰ ਬਣ ਚੁੱਕਾ ਹੈ। 

“ਲਲਕਾਰ” – ਅੰਕ 19 ਸਤੰਬਰ-ਅਕਤੂਬਰ 2011

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s