ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਸੰਗੀਤ ਦੀ ਭੂਮਿਕਾ •ਗਵੀਸ਼

18

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਰੀਆਂ ਕਲਾਵਾਂ ਵਿੱਚੋ ਉੱਤਮ ਮੰਨੀ ਜਾਣ ਵਾਲ਼ੀ ਸੰਗੀਤ ਕਲਾ ਦਾ, ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਇੱਕ ਵੱਡਾ ਯੋਗਦਾਨ ਹੁੰਦਾ ਹੈ ਜਿਸਨੂੰ ਅਧਿਆਪਕਾਂ ਤੇ ਮਾਪਿਆਂ ਵੱਲੋ ਅਕਸਰ ਅਣਗੌਲ਼ਿਆ ਕਰ ਦਿੱਤਾ ਜਾਂਦਾ ਹੈ। ਇਥੋਂ ਤੱਕ ਕਿ ਸੰਗੀਤ ਸਿੱਖਣ ਵਿੱਚ ਸਮਾਂ ਲਾਉਣ ਨੂੰ ਆਮ ਤੌਰ ‘ਤੇ ਸਮੇਂ ਦੀ ਬਰਬਾਦੀ ਆਦਿ ਸ਼ਬਦਾਂ ਨਾਲ਼ ਸੰਬੋਧਿਤ ਕੀਤਾ ਜਾਂਦਾ ਹੈ। ਜੇਕਰ ਕੋਈ ਬੱਚਾ ਸੰਗੀਤ ਵੱਲ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਮਾਪੇ ਤੇ ਅਧਿਆਪਕ  ਅਕਸਰ ਉਸ ਨੂੰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ”ਜਾਹ, ਜਾ ਕੇ ਪੜ੍ਹ ਲੈ ਤੂੰ ਕੀ ਲੈਣਾ ਆਹ ਸਿੱਖ ਕੇ­ ਆਪਣਾ ਸਕੂਲ ਦਾ ਕੰਮ ਕਰ, ਸਮਾਂ ਬਰਬਾਦ ਨਾ ਕਰ।” ਸਕੂਲ ਵਿੱਚ ਵੀ ਸੰਗੀਤ ਨੂੰ ਇੱਕ ਵਿਸ਼ੇ ਦੇ ਤੌਰ ‘ਤੇ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ, ਸਿਰਫ ਮਨੋਰੰਜਨ ਦੇ ਇੱਕ ਸਾਧਨ ਦੇ ਰੂਪ ਵਿੱਚ ਹੀ ਲਿਆ ਜਾਂਦਾ ਹੈ।

ਅਸਲ ਵਿੱਚ ਸਾਡੇ ਦੇਸ਼ ਵਿੱਚ ਸੰਗੀਤ ਦੀ ਮਹੱਤਤਾ ਬਾਰੇ ਜਿਆਦਾ ਅਧਿਐਨ ਕੀਤਾ ਹੀ ਨਹੀਂ ਗਿਆ ਅਤੇ ਇੱਕ ਬੱਚੇ ਦਾ ਸਰਵਪੱਖੀ ਵਿਕਾਸ ਵਿੱਚ ਸੰਗੀਤ ਜੋ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ, ਉਸ ਬਾਰੇ ਨਾ ਤਾਂ ਅਧਿਆਪਕ ਜਾਣੂ ਹਨ ਤੇ ਨਾ ਹੀ ਮਾਪੇ। ਉਂਝਵੀ ਅੱਜ ਦੇ ਇਸ ਸਰਮਾਏਦਾਰਾ ਸਮਾਜ ਵਿੱਚ, ਅਧਿਆਪਕਾਂ ਤੇ ਮਾਪਿਆਂ ਦੀ ਇੱਕੋ ਕੋਸ਼ਿਸ਼ ਰਹਿੰਦੀ ਹੈ ਕਿ ਬੱਚੇ ਨੂੰ ਪੈਸੇ ਕਮਾਉਣ ਵਾਲ਼ੀ ਮਸ਼ੀਨ ਕਿਵੇਂ ਬਣਾਇਆ ਜਾਵੇ। ਪਰ ਉਸ  ਨੂੰ ਚੰਗੀ ਸਿੱਖਿਆ ਦੇ ਕੇ ਇੱਕ ਬੇਹਤਰ ਇਨਸਾਨ ਕਿਵੇਂ ਬਣਾਇਆ ਜਾਵੇ ਇਸ ਦੀ ਕਿਸੇ ਨੂੰ ਵੀ ਪ੍ਰਵਾਹ ਨਹੀਂ। ਬੱਚੇ ਦਾ ਦਿਮਾਗੀ ਵਿਕਾਸ ਉਸ ਦੀ ਕਾਰਜਕੁਸ਼ਲਤਾ, ਉਸ ਦੀ ਸਿੱਖਣ ਦੀ ਕਾਬਲੀਅਤ, ਉਸਦੀ ਸੋਚ ਅਤੇ ਉਸਦੇ ਸਰਵਪੱਖੀ ਵਿਕਾਸ ਵਿੱਚ ਸੰਗੀਤ ਜੋ ਸਰਵਪੱਖੀ ਭੂਮਿਕਾ ਨਿਭਾ ਸਕਦਾ ਹੈ ਉਸਦੀ ਇਸ ਲੇਖ ਵਿੱਚ ਸੰਖੇਪ ਚਰਚਾ ਕੀਤੀ ਗਈ ਹੈ। ਅਪਣੇ ਪੱਖ ਨੂੰ ਮਜਬੂਤ ਕਰਨ ਲਈ ਦੁਨੀਆਂ ਭਰ ਵਿੱਚ ਸੰਗੀਤ ਅਤੇ ਬੱਚੇ ਦਾ ਵਿਕਾਸ ਉੱਤੇ ਹੋ ਰਹੇ ਵੱਖ-ਵੱਖ ਅਧਿਐਨਾਂ ਦਾ ਹਵਾਲਾ ਦਿੱਤਾ ਗਿਆ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਲੇਖ ਪੜਨ ਤੋ ਬਾਅਦ ਸਮਾਜ ਵਿੱਚ ਸੰਗੀਤ ਸਿਖਿੱਆ ਨੂੰ ਇੱਕ ਜਰੂਰੀ ਵਿਸ਼ੇ ਵਾਂਗ ਲਿਆ ਜਾਵੇਗਾ।

ਵਿਸ਼ਵ ਭਰ ਵਿੱਚ ਹੋਏ ਅਤੇ ਹੋ ਰਹੇ ਤਜ਼ਰਬੇ ਅਤੇ ਅਧਿਐਨ ਇਹ ਸਿੱਧ ਕਰਦੇ ਹਨ ਕਿ ਸੰਗੀਤ ਕਲਾ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਕਰਕੇ ਛੋਟੀ ਉਮਰ ਤੋਂ ਹੀ ਬੱਚੇ ਨੂੰ ਸੰਗੀਤ ਨਾਲ਼ ਰੂ-ਬ-ਰੂ ਕਰਵਾਉਣਾ ਚਾਹੀਦਾ ਹੈ। ਅਧਿਐਨ ਇਹ ਸਾਬਤ ਕਰਦੇ ਹਨ ਕਿ ਸੰਗੀਤ ਬੱਚੇ ਦੀ ਯਾਦ ਸ਼ਕਤੀ, ਸਿਰਜਣਸ਼ੀਲਤਾ, ਤਰਕ, ਆਤਮ-ਵਿਸ਼ਵਾਸ਼, ਮੇਲ਼-ਜੋਲ਼, ਦ੍ਰਿੜ ਨਿਸ਼ਚੇ ਅਤੇ ਲਗਨ ‘ਤੇ ਉਸਾਰੂ ਪ੍ਰਭਾਵ ਪਾਉਂਦਾ ਹੈ। ਇੱਕ ਗੱਲ ਹੋਰ, ਵਿਦਿਆਰਥੀਆਾਂ ਲਈ ਮਹੱਤਵਪੂਰਨ ਇਹ ਹੈ ਕਿ ਅਧਿਐਨ ਇਹ ਸਾਬਤ ਕਰਦੇ ਹਨ ਕਿ ਸੰਗੀਤ ਸਿੱਖਣ ਵਾਲ਼ੇ ਵਿਦਿਆਰਥੀ ਬਾਕੀ ਵਿਸ਼ਿਆਂ ਵਿੱਚ ਵੀ ਬਿਹਤਰ ਕਾਰਗੁਜ਼ਾਰੀ ਕਰਦੇ ਹਨ।

1.) ਸੰਗੀਤ ਅਤੇ ਦਿਮਾਗੀ ਵਿਕਾਸ

ਸੰਗੀਤ ਦਿਮਾਗ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਜਾਂਦਾ ਹੈ ਅਤੇ ਉਹਨਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ, ਜਿਵੇਂ ਕਿ Corpus Callosum, Sensory cortex, Motor cortex, Hippocampus Cerebellum ਉੱਤੇ ਸੰਗੀਤ ਦਾ ਪ੍ਰਭਾਵ ਦੇਖਿਆ ਗਿਆ ਹੈ। A Neuro Scientists ਨੇ ਇਹ ਸਿੱਧ ਕੀਤਾ ਹੈ ਕਿ ਸੰਗੀਤ ਨਾਲ਼ ਜੁੜੇ ਲੋਕਾਂ ਵਿੱਚ ਨਿਊਰਲ ਐਕਟੀਵਿਟੀ ਦੂਜੇ ਲੋਕਾਂ ਨਾਲ਼ੋਂ ਜ਼ਿਆਦਾ ਹੁੰਦੀ ਹੈ। ਇਸਦਾ ਕਾਰਨ ਇਹ ਹੈ ਕਿ ਸੰਗੀਤਕ ਸਰਗਰਮੀ ਦੌਰਾਨ ਸੰਗੀਤਕਾਰ ਨੂੰ ਇੱਕੋ ਸਮੇਂ ਕਾਫੀ ਚੀਜ਼ਾਂ ਦਿਮਾਗ਼ ‘ਚ ਰੱਖਣੀਆਂ ਪੈਂਦੀਆਂ ਹਨ ਅਤੇ ਕਈ ਚੀਜ਼ਾਂ ਉੱਤੇ ਧਿਆਨ ਕੇਂਦਰਤ ਕਰਨਾ ਪੈਂਦਾ ਹੈ, ਜਿਵੇਂ ਕਿ ਇੱਕ ਗੀਤ ਦੀ ਪੇਸ਼ਕਾਰੀ ਦੌਰਾਨ ਗਾਇਕ ਨੂੰ ਧੁਨ, ਤਾਲ, ਗੀਤ ਦੇ ਬੋਲ, ਆਪਣੀ ਪੇਸ਼ਕਾਰੀ, ਸਾਥੀ ਕਲਾਕਾਰਾਂ ਨਾਲ਼ ਤਾਲਮੇਲ ਆਦਿ ਸਭ ਗੱਲਾਂ ਧਿਆਨ ਵਿੱਚ ਰੱਖਣੀਆਂ ਪੈਂਦੀਆਂ ਹਨ। ਜਿਸ ਕਰਕੇ ਸੰਗੀਤ ਵਿੱਚ ਰੁਚੀ ਲੈਣ ਵਾਲ਼ੇ ਵਿਦਿਆਰਥੀ ਦਾ ਦਿਮਾਗੀ ਵਿਕਾਸ ਦੂਸਰੇ ਵਿਦਿਆਰਥੀਆਂ ਦੇ ਮੁਕਾਬਲੇ ਬਿਹਤਰ ਹੁੰਦਾ ਹੈ। ਦਿਮਾਗੀ ਸਮਰੱਥਾ ਨੂੰ ਆਈਕਿਊ ਲੈਵਲ ਰਾਹੀਂ ਨਾਪਿਆ ਜਾਂਦਾ ਹੈ। ਜਿਨ੍ਹਾਂ ਕਿਸੇ ਵਿਅਕਤੀ ਦਾ ਆਈਕਿਊ ਲੈਵਲ ਹੋਵੇਗਾ ਉਸਦਾ ਦਿਮਾਗ ਉਨ੍ਹਾਂ ਤੇਜ਼ ਤੇ ਬਿਹਤਰ ਮੰਨਿਆ ਜਾਂਦਾ ਹੈ। ਵਿਸਕੌਨਿਨ ਅਤੇ ਕੈਲੇਫੋਰਨੀਆ ਯੂਨੀਵਰਸਿਟੀਆਂ ਵਿੱਚ 3-4 ਸਾਲ ਦੇ ਬੱਚਿਆਂ ਉੱਤੇ ਹੋਏ ਅਧਿਐਨ ਤੋਂ ਇਹ ਸਿੱਧ ਹੋਇਆ ਹੈ ਕਿ 6 ਮਹੀਨੇ ਦੀ ਸੰਗੀਤ ਸਿੱਖਿਆ ਤੋਂ ਬਾਅਦ ਇਹਨਾਂ ਬੱਚਿਆਂ ਦੇ ਆਈਕਿਊ ਲੈਵਲ ਵਿੱਚ 34 ਫੀਸਦੀ ਵਾਧਾ ਹੋਇਆ।2

2) ਸੰਗੀਤ ਅਤੇ ਤਾਰਕਿਕ ਗੁਣ

ਇੱਕ ਅਧਿਐਨ ਮੁਤਾਬਕ3 ਜਾਂ ਉਸ ਤੋਂ ਵੱਧ ਸਮੇਂ ਦੀ ਸੰਗੀਤ ਸਿੱਖਿਆ ਪ੍ਰਾਪਤ ਵਿਦਿਆਰਥੀ ਤਾਰਕਿਕ ਗੁਣ ਦੇ ਸਵਾਲ ਬਿਹਤਰ ਢੰਗ ਨਾਲ਼ ਹੱਲ ਕਰਦੇ ਹਨ।

ਓਸਕੋਸ਼ ਦੀ Wisconsin ਅਤੇ ਇਰਵਾਇਨ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਅਧਿਐਨਕਰਤਾਵਾਂ ਨੇ ਆਪਣੇ ਅਧਿਐਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ ਕਿ ਛੋਟੇ ਬੱਚੇ, ਜਿਹਨਾਂ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਸੰਗੀਤ ਦੀ ਸਿੱਖਿਆ ਦਿੱਤੀ ਗਈ, ਉਹਨਾਂ ਨੇ ਤਾਰਕਿਕ ਗੁਣ ਦੇ ਇਮਤਿਹਾਨ ਵਿੱਚ ਬਿਹਤਰ ਕਾਰਗੁਜ਼ਾਰੀ ਕੀਤੀ।4 ਇਹੀ ਤਾਰਕਿਕ ਗੁਣ ਅੱਗੇ ਚੱਲ ਕੇ ਵਿਦਿਆਰਥੀ ਨੂੰ ਬਾਕੀ ਵਿਸ਼ੇ ਜਿਵੇਂ ਹਿਸਾਬ, ਵਿਗਿਆਨ ਆਦਿ ਨੂੰ ਸਮਝਣ ਵਿੱਚ ਬਹੁਤ ਮਦਦਗਾਰ ਸਿੱਧ ਹੁੰਦੇ ਹਨ।

3) ਸੰਗੀਤ ਅਤੇ ਯਾਦ-ਸ਼ਕਤੀ

ਦੁਨੀਆ ਭਰ ਵਿੱਚ ਹੋਏ ਵੱਖ-ਵੱਖ ਅਧਿਐਨ ਇਹ ਸਿੱਧ ਕਰਦੇ ਹਨ ਕਿ ਸੰਗੀਤ, ਮਨੁੱਖ ਦੀ ਯਾਦ-ਸ਼ਕਤੀ ਵਧਾਉਣ ਵਿੱਚ ਮਦਦਗਾਰ ਹੈ। ਵਿਗਿਆਨਕ ਤੱਥ ਹੈ ਕਿ ਯਾਦ-ਸ਼ਕਤੀ ਵਧਾਉਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਨੂੰ ਯਾਦ ਕਰਨ ਲਈ ਦਿਮਾਗੀ ਕਸਰਤਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸੰਗੀਤ ਸਿੱਖਣ ਵਾਲ਼ੇ ਵਿਦਿਆਰਥੀਆਂ ਨੂੰ ਬਹੁਤ ਕੁਝ ਯਾਦ ਰੱਖਣਾ ਪੈਂਦਾ ਹੈ, ਜਿਸ ਤਰ੍ਹਾਂ ਕਿ ਕਈ ਧੁਨਾਂ, ਕਈ ਤਾਲਾਂ, ਗੀਤਾਂ ਦੇ ਬੋਲ, ਕਈ ਹੋਰ ਸੰਗੀਤਕ ਤੱਥ, ਇਸ ਦੌਰਾਨ ਉਨ੍ਹਾਂ ਦਾ ਦਿਮਾਗ ਇਨ੍ਹਾਂ ਸਭ ਚੀਜ਼ਾਂ ਨੂੰ ਅਤੇ ਹੋਰ ਨਵੀਨ ਚੀਜ਼ਾਂ ਨੂੰ ਯਾਦ ਕਰਨ ਦਾ ਆਦੀ ਹੋ ਜਾਂਦਾ ਹੈ। 6 ਤੋਂ 15 ਸਾਲ ਦੀ ਉਮਰ ਦੇ 90 ਲੜਕਿਆਂ ‘ਤੇ ਕੀਤੇ ਇੱਕ ਅਧਿਐਨ ਵਿੱਚ ਇਹ ਦੇਖਿਆ ਗਿਆ ਕਿ ਜਦੋਂ ਉਨ੍ਹਾਂ ਵਿੱਚੋਂ 45 ਲੜਕਿਆਂ ਨੂੰ 5 ਸਾਲ ਲਈ ਸੰਗੀਤ ਦੀ ਸਿੱਖਿਆ ਦਿੱਤੀ ਗਈ ਤਾਂ ਉਨ੍ਹਾਂ ਦੀ ਯਾਦ-ਸ਼ਕਤੀ ਦੂਸਰੇ ਲੜਕਿਆਂ ਨਾਲ਼ੋਂ ਕਿਤੇ ਜ਼ਿਆਦਾ ਦੇਖੀ ਗਈ।5 ਇੱਕ ਹੋਰ ਖਾਸ ਗੱਲ, ਉਹਨਾਂ ਦੀ ਯਾਦ-ਸ਼ਕਤੀ ਜਿਆਦਾ ਦੇਰ ਤੱਕ ਕਾਇਮ ਰਹੀ। ਇਸ ਪ੍ਰਕਾਰ ਸੰਗੀਤ, ਮਨੁੱਖ ਦੀ ਯਾਦ-ਸ਼ਕਤੀ ਲੰਬੇ ਸਮੇਂ ਤੱਕ ਬਣਾਈ ਰੱਖਣ ਵਿੱਚ ਸਹਾਈ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸੰਗੀਤ ਸੁਣਨਾ, ਸੰਗੀਤ ਵਿੱਚ ਰੁਚੀ ਲੈਣ ਵਾਲ਼ਾ ਵਿਦਿਆਰਥੀ ਆਪਣੇ ਬਾਕੀ ਵਿਸ਼ਿਆਂ ਨੂੰ ਵੀ ਬੇਹਤਰ ਢੰਗ ਨਾਲ਼ ਅਤੇ ਲੰਬੇ ਸਮੇਂ ਤੱਕ ਯਾਦ ਰੱਖ ਸਕਦਾ ਹੈ।

4) ਸੰਗੀਤ ਅਤੇ ਸਿਰਜਣਾਤਮਕ-ਸ਼ਕਤੀ

ਇੱਕ ਸੰਗੀਤਕਾਰ ਹਮੇਸ਼ਾ ਨਵੀਨ ਕੰਮ ਕਰਨ ਬਾਰੇ ਸੋਚਦਾ ਹੈ। ਉਸਦੇ ਦਿਮਾਗ ਵਿੱਚ ਹਰ ਸਮੇਂ ਕੋਈ ਨਵੀਂ ਧੁਨ, ਨਵੇਂ ਰਾਗ, ਨਵੇਂ ਗੀਤ ਆਉਂਦੇ ਰਹਿੰਦੇ ਹਨ। ਉਹ ਗੀਤ ਸੁਣਕੇ ਉਸ ਵਿੱਚ ਨਵੇਂ ਪ੍ਰਯੋਗ ਕਰਨ ਬਾਰੇ ਸੋਚਦਾ ਹੈ। ਉਸ ਦਾ ਨਜ਼ਰੀਆ ਅਗਾਂਹਵਧੂ ਅਤੇ ਸਿਰਜਣਾਤਮਕ ਬਣ ਜਾਂਦਾ ਹੈ। ਉਹ ਹਰ ਕੰਮ ਨੂੰ ਨਵੇਂ ਰਾਹ ਲੱਭਣ ਦੀ ਕੋਸ਼ਸ਼ ਕਰਦਾ ਹੈ। ਸੰਗੀਤ ਸਿੱਖਣ ਵਾਲ਼ੇ ਵਿਦਿਆਰਥੀ ਲਕੀਰ ਦੇ ਫਕੀਰ ਨਾ ਹੋ ਕੇ ਚੀਜ਼ਾਂ ਨੂੰ ਨਵੀਂ ਤਰ੍ਹਾਂ ਨਾਲ਼ ਕਰਨ ਦੀ  ਕੋਸ਼ਿਸ਼ ਕਰਦੇ ਹਨ ਅਤੇ ਬਾਕੀਆਂ ਵਿਦਿਆਰਥੀਆਂ ਦੇ ਮੁਕਾਬਲੇ ਵਧੇਰੇ ਸਿਰਜਾਣਤਮਕ ਹੁੰਦੇ ਹਨ।

5) ਸੰਗੀਤ ਅਤੇ ਬਾਕੀ ਵਿਸ਼ਿਆਂ ਦਾ ਆਪਸੀ ਸਬੰਧ

ਇਹ ਗੱਲ ਖੋਜ ਦੌਰਾਨ ਸਾਹਮਣੇ ਆਈ ਹੈ ਕਿ ਸੰਗੀਤ ਸਿੱਖਣ ਵਿਦਿਆਰਥੀ ਨੂੰ ਬਾਕੀ ਦੇ ਵਿਸ਼ੇ ਸਹੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ। ਭਾਸ਼ਾਵਾਂ, ਗਣਿਤ ਅਤੇ ਬਾਕੀ ਵਿਸ਼ੇ ਸਭ ਸੰਗੀਤ ਦੀ ਮਦਦ ਨਾਲ਼ ਬਿਹਤਰ ਤਰੀਕੇ ਨਾਲ਼ ਅਤੇ ਛੇਤੀ ਸਿੱਖੇ ਜਾ ਸਕਦੇ ਹਨ।

ਸੰਗੀਤ ਬੱਚੇ ਦੇ ਦਿਮਾਗ ਅਤੇ ਨਵੇਂ ਸ਼ਬਦਾਂ ਦੇ ਵਿੱਚ ਧੁਨੀ ਅਤੇ ਤਾਲ ਦੁਆਰਾ ਇੱਕ ਲਿੰਕ ਜਾਂ ਕਨੈਕਸ਼ਨ ਸਥਾਪਤ ਕਰਦਾ ਹੈ। ਜਿਹੜਾ ਕਿ ਬੱਚੇ ਨੂੰ ਭਾਸ਼ਾ ਦੇ ਨਵੇਂ ਸ਼ਬਦ ਯਾਦ ਕਰਵਾਉਣ ਵਿੱਚ ਮਦਦਗਾਰ ਹੁੰਦਾ ਹੈ। ਇਸੇ ਕਰਕੇ ਛੋਟੇ ਬੱਚਿਆਂ ਨੂੰ ਸੰਗੀਤਕ ਵਿਧੀਆਂ ਨਾਲ਼ ਜੜਾਉਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਇੱਕ ਬੱਚੇ ਦੇ ਜੀਵਨ ਵਿੱਚ ਜਿੰਨਾ ਜ਼ਿਆਦਾ ਸੰਗੀਤ ਦਾ ਪ੍ਰਭਾਵ ਹੋਵੇਗਾ ਉਹ ਓਨਾ ਹੀ ਛੇਤੀ ਅਤੇ ਅਸਾਨੀ ਨਾਲ਼ ਬੋਲਣਾ ਸਿੱਖੇਗਾ।5 ਇਹ ਗੱਲ 4-5 ਸਾਲ ਦੇ ਬੱਚਿਆਂ ਉੱਤੇ ਕੀਤੇ ਅਧਿਐਨ ਤੋਂ ਵੀ ਸਿੱਧ ਹੋਈ ਹੈ ਜਿਸ ਵਿੱਚ ਇਹ  ਦੇਖਿਆ ਗਿਆ ਕਿ ਜਿੰਨਾ ਜ਼ਿਆਦਾ  ਉਨ੍ਹਾਂ ਨੂੰ ਸੰਗੀਤਕ ਮਹੌਲ ਦਿੱਤਾ ਗਿਆ। ਉਨ੍ਹਾਂ ਵਿੱਚ ਪੜ੍ਹਨ ਦੀ ਕਲਾ ਦਾ ਉਨਾ ਹੀ ਜ਼ਿਆਦਾ ਵਿਕਾਸ ਹੋਇਆ।6 ਇਸੇ ਤਰ੍ਹਾਂ ਗਣਿਤ ਵਿਸ਼ੇ ਨੂੰ ਸਿੱਖਣ ਅਤੇ ਸਮਝਣ ਵਿੱਚ ਵੀ ਸੰਗੀਤ ਮਹੱਤਵਪੂਰਨ ਭੂਮਿਕਾ ਯੂਨੀਵਰਸਿਟੀ ਆਫ਼ ਕਾਨਸਾਸ ਦੇ ਪ੍ਰੋਫੈਸਰ ਜੇ. ਕਰਿਸਟੋਫਰ ਦੁਆਰਾ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਉੱਤੇ ਕੀਤੇ ਅਧਿਐਨ ਵਿੱਚ ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦਿੱਤੀ ਗਈ ਉਨ੍ਹਾਂ ਨੇ ਦੂਜੇ ਵਿਦਿਆਰਥੀਆਂ ਦੀ ਮੁਤਾਬਕ ਗਣਿਤ ਵਿੱਚ 20 ਫੀਸਦੀ ਜ਼ਿਆਦਾ ਅੰਕ ਹਾਸਲ ਕੀਤਾ।7 ਇਸੇ ਤਰ੍ਹਾਂ ਸੰਗੀਤ ਬਾਕੀ ਵਿਸ਼ਿਆਂ ਨੂੰ ਸਮਝਣ ਵਿੱਚ ਵੀ ਵਿਦਿਆਰਥੀ ਲਈ ਸਹਾਇਕ ਹੈ।

6) ਸੰਗੀਤ ਵਿਦਿਆਰਥੀ ਦੇ ਬਹੁਪੱਖੀ ਵਿਕਾਸ ਦੀ ਕੁੰਜੀ

ਸੰਗੀਤ ਇੱਕ ਅਜਿਹੀ ਕਲਾ ਹੈ ਜੋ ਵਿਦਿਆਰਥੀ ਦੀ ਸ਼ਖ਼ਸ਼ੀਅਤ ਨੂੰ ਪੂਰੀ ਤਰ੍ਹਾਂ ਨਿਖਾਰਨ ਵਿੱਚ ਸਹਾਇਕ ਹੈ, ਕਈ ਜ਼ਰੂਰੀ ਗੁਣ ਜੋ ਕਿ ਅੱਗੇ ਚੱਲ ਕੇ ਮਨੁੱਖ ਦੇ ਜੀਵਨ ਵਿੱਚ ਬੇਹੱਦ ਜ਼ਰੂਰੀ ਸਿੱਧ ਹੁੰਦੇ ਹਨ ਜਿਨ੍ਹਾਂ ਬਾਰੇ ਸੰਖੇਪ ਵਿੱਚ ਚਰਚਾ ਕਰਨੀ ਜ਼ਰੂਰੀ ਹੈ।

    •ਇਕਾਗਰਤਾ
ਇਕਾਗਰਤਾ ਇੱਕ ਅਜਿਹਾ ਗੁਣ ਹੈ ਜੋ ਹਰ ਕੰਮ ਨੂੰ ਬੇਹਤਰ ਤਰੀਕੇ ਨਾਲ਼ ਕਰਨ ਦੀ ਮੁੱਢਲੀ ਲੋੜ ਹੈ। ਸੰਗੀਤ ਸੁਣਨਾ ਅਤੇ ਸੰਗੀਤ  ਦਾ ਅਭਿਆਸ ਕਰਨਾ,  ਦੋਵੇਂ ਵਿਦਿਆਰਥੀ ਨੂੰ ਇਕਾਗਰ ਬਣਾਉਣ ਵਿੱਚ ਮਦਦ ਕਰਦੇ ਹਨ। ਅੱਜ ਕੱਲ੍ਹ ਤਾਂ ਜਪਾਨ ਦੇ ਕਈ ਸਕੂਲਾਂ ਵਿੱਚ ਮੌਜ਼ਾਰਤ ਦਾ ਸੰਗੀਤ, ਹਿਸਾਬ ਦੇ ਪੀਰੀਅਡ ਵਿੱਚ ਵਿਦਿਆਰਥੀਆਂ ਨੂੰ ਸੁਣਾਇਆ ਜਾ ਰਿਹਾ ਹੈ ਤਾਂ ਜੋ ਉਹ ਬਿਹਤਰ ਕਾਰਗੁਜ਼ਾਰੀ ਕਰ ਸਕਣ। ਭਾਰਤ ਵਿੱਚ ਰਾਗਾਂ ਦੇ ਪ੍ਰਭਾਵ ਉੇੱਤੇ ਅਧਿਐਨ ਕੀਤਾ ਜਾ ਰਿਹਾ ਹੈ।

    •ਮਿਲ਼ਵਰਤਨ  
ਮਨੁੱਖ ਦਾ ਵੱਡਾ ਗੁਣ ਹੈ ਮਿਲ਼ਵਰਤਨ। ਸੰਗੀਤ ਸਿੱਖਣ ਵੇਲ਼ੇ ਅਤੇ ਸਮੂਹ ਵਿੱਚ ਪੇਸ਼ਕਾਰੀ  ਕਰਨ ਵੇਲ਼ੇ ਵਿਦਿਆਰਥੀ, ਕਈ ਹੋਰ ਵਿਦਿਆਰਥੀਆਂ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਆਪਸੀ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਤਰ੍ਹਾਂ ਉਸਦੇ ਸੁਭਾਅ ਵਿੱਚ ਮਿਲ਼ਵਰਤਨ ਵਰਗੇ ਵਧੀਆ ਗੁਣ ਆ ਜਾਂਦੇ ਹਨ।

    •ਠਰੰਮਾ ਅਤੇ ਦ੍ਰਿੜ ਇਰਾਦਾ
ਸੰਗੀਤ ਸਿੱਖਣ ਵੇਲ਼ੇ ਕਰਵਾਏ ਅਭਿਆਸ ਨਾਲ਼, ਵਾਰ-ਵਾਰ ਗਲਤੀ ਕਰ-ਕਰ ਕੇ ਸਿੱਖਣ ਦਾ ਤਜ਼ਰਬਾ ਵਿਦਿਆਰਥੀ ਵਿੱਚ ਸਬਰ ਅਤੇ ਦ੍ਰਿੜ ਇਰਾਦੇ ਵਰਗੇ ਮਹੱਤਵਪੂਰਨ ਗੁਣ ਪੈਦਾ ਹੋ ਜਾਂਦੇ ਹਨ। ਸਖ਼ਤ ਮਿਹਨਤ ਵਿਦਿਆਰਥੀ ਨੂੰ ਜੀਵਨ ਪ੍ਰਤੀ ਸਕਾਰਾਤਮਕ ਸੋਚ ਪੈਦਾ ਕਰਨ ਵਿੱਚ ਮਦਦ ਕਰਦੀ ਹੈ।

    •ਆਤਮ-ਵਿਸ਼ਵਾਸ਼
ਸੰਗੀਤ ਮਨੁੱਖ ਨੂੰ ਆਤਮ-ਵਿਸ਼ਵਾਸ਼ ਪ੍ਰਦਾਨ ਕਰਦਾ ਹੈ। ਸੰਗੀਤ ਸਿੱਖ ਕੇ ਜਦੋਂ ਵਿਦਿਆਰਥੀ ਮੰਚ ‘ਤੇ ਸੰਗੀਤ ਪੇਸ਼ ਕਰਦਾ ਹੈ ਤਾਂ ਉਸਦਾ ਆਤਮ-ਵਿਸ਼ਵਾਸ਼ ਵਧਦਾ ਹੈ ਅਤੇ ਉਸਦਾ ਅੰਦਰੂਨੀ ਡਰ ਨਿੱਕਲ਼ਦਾ ਹੈ।

ਇਸ ਪ੍ਰਕਾਰ ਸੰਗੀਤ ਇੱਕ ਵਿਦਿਆਰਥੀ ਦੇ ਜੀਵਨ ਵਿੱਚ, ਉਸਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਅੱਜ ਜ਼ਰੂਰਤ ਹੈ ਇੱਕ-ਜੁਟ ਹੋ ਕੇ ਬੱਚਿਆਂ ਤੱਕ, ਵਿਦਿਆਰਥੀਆਂ ਤੱਕ ਉਸਾਰੂ ਅਤੇ ਵਧੀਆ ਸੰਗੀਤ ਲੈ ਕੇ ਜਾਇਆ ਜਾਏ, ਉਹਨਾਂ ਨੂੰ ਸੰਗੀਤਕ ਮਹੌਲ ਪ੍ਰਦਾਨ ਕੀਤਾ ਜਾਵੇ ਤਾਂ ਜੋ ਉਹ ਸੂਝਵਾਨ ਅਤੇ ਸੁਹਿਰਦ ਨਾਗਰਿਕ ਬਣ ਕੇ ਸਮਾਜ ਦੇ ਵਿੱਚ ਆਪਣੀ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ਼ ਨਿਭਾ ਸਕਣ।

ਹਵਾਲੇ :-
1. Ciares, Jovanka and Borgese, The Benifits of  Music on child Development (http://www.paulb orgese.com/report-benifit of music.html)
2. Ibid (Same as above)
3. Cooper, belle beth, *surprising ways Music affects and benifit Our brains, (https://blog.bu fferapp.com/music-and-the-brain)
4. Silberg, Jackie, The Importance of music for children (http://www.barnesandnoble.com/u/jac kie-silberg-importance-of-music/੩੭੯੦੦੨੪੪੯)
5. Ibid
6. David 1. Sousa, how the arts develop the Young brain (http://aasa.org/schooladministrato rarticle.aspx?id=੭੩੭੮)
7. Laura Lewis Brown  (http://www.pbs.org/paren ts/education/music-arts/the-benefits-of-music-education/)

*ਗਵੀਸ਼ –  (ਰਿਸਰਚ ਸਕਾਲਰ, ਦ ਐੱਮ.ਐੱਸ. ਯੂਨੀਵਰਸਿਟੀ ਆਫ਼ ਗੁਜਰਾਤ, ਬੜੌਦਾ)

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 40, ਜੂਨ 2015 ਵਿਚ ਪਰ੍ਕਾਸ਼ਤ

Advertisements

One comment on “ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਸੰਗੀਤ ਦੀ ਭੂਮਿਕਾ •ਗਵੀਸ਼

  1. Dr. majid azad says:

    I am very much agree with the contents of this article.
    Even my child ishan is learning guitar, i am observing the changes in his behaviour.
    Thanks Lalkar for highlighting such an important issue.

    Like

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s