ਬੱਚਿਆਂ ’ਚ ਸਿਰਜਣਾਤਮਕ ਰੁਚੀਆਂ ਜਗਾਉਣ ਤੇ ਉਹਨਾਂ ਨੂੰ ਬਿਹਤਰ ਮਨੁੱਖ ਬਣਾਉਣ ਦਾ ਉਪਰਾਲਾ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਬੱਚੇ ਫੁੱਲਾਂ ਭਰੇ ਚੰਗੇਰ ਹਨ ਜਿਹਨਾਂ ਵਿੱਚੋਂ ਅਸੀਂ ਖੁਸ਼ਬੂਦਾਰ ਤੇ ਸੁਹਣੇ ਭਵਿੱਖ ਦੀ ਉਮੀਦ ਰੱਖਦੇ ਹਾਂ। ਪਰ ਅੱਜ ਸਾਡੇ ਆਲ਼ੇ-ਦੁਆਲ਼ੇ ਦਾ ਮਹੌਲ ਵਿਗੜਦਾ ਜਾ ਰਿਹਾ ਹੈ ਜੋ ਇਹਨਾਂ ਫੁੱਲਾਂ ਲਈ ਠੀਕ ਨਹੀਂ। ਹਰ ਬੱਚੇ ਨੇ ਵੱਡੇ ਹੋ ਕੇ ਕਿਸੇ ਕੰਮ-ਕਾਜ ਵਿੱਚ ਲੱਗਣਾ ਹੁੰਦਾ ਹੈ। ਪਰ ਅੱਜ ਰੁਜ਼ਗਾਰ ਦਿਨੋ ਦਿਨ ਸੀਮਤ ਹੋਣ ਕਾਰਨ ਹਰ ਮਾਂ ਬਾਪ ਕੋਸ਼ਿਸ਼ ਕਰ ਰਿਹਾ ਹੈ ਕਿ ਬੱਚੇ ਨੂੰ ਚੰਗੇ ਤੋਂ ਚੰਗੇ ਸਕੂਲ, ਮਹਿੰਗੇ ਤੋਂ ਮਹਿੰਗੇ ਕੋਚਿੰਗ ਸੈਂਟਰ ਭੇਜੇ ਤਾਂ ਜੋ ਬੱਚਾ ਇਸ ਮੁਕਾਬਲੇ ’ਚ ਪਿੱਛੇ ਨਾ ਰਹਿ ਜਾਵੇ। ਇਸ ਕਰਕੇ ਸਾਡੀ ਸਿੱਖਿਆ ਪ੍ਰਣਾਲੀ ਵੀ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਦੀ ਥਾਂ ਰੱਟੇ ਲਾ-ਲਾ ਕੇ ਵੱਧ ਨੰਬਰ ਲਿਆਉਣ ’ਤੇ ਜੋਰ ਦੇ ਰਹੀ ਹੈ। ਬੱਚੇ ਵਿੱਚ ਚੰਗੇ ਮਨੁੱਖੀ ਗੁਣ ਵਿਕਸਤ ਕਰਨ ਦਾ ਟੀਚਾ ਪਿੱਛੇ ਰਹਿ ਗਿਆ ਹੈ। ਇਹ ਸਿੱਖਿਆ ਪ੍ਰਣਾਲੀ ਬੱਚਿਆਂ ਦੇ ਸੁਪਨਿਆਂ, ਕਲਪਨਾਸ਼ੀਲਤਾ ਤੇ ਸਿਰਜਣ ਸਮਰੱਥਾ ਦਾ ਬੜੇ ਨਿਰਦਈ ਢੰਗ ਨਾਲ਼ ਕਤਲ ਕਰ ਰਹੀ ਹੈ।

ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਲਈ ਜਰੂਰੀ ਹੈ ਉਹਨਾਂ ਨੂੰ ਇੱਕ ਚੰਗੀ ਜੀਵਨ-ਜਾਂਚ ਤੇ ਨਰੋਆ ਸੱਭਿਆਚਾਰ ਦਿੱਤਾ ਜਾਵੇ। ਉਹਨਾਂ ਦੀਆਂ ਸਿਰਜਣਾਤਮਕ ਰੁਚੀਆਂ, ਸਮਰੱਥਾਵਾਂ ਨੂੰ ਉਭਾਰਿਆ ਜਾਵੇ ਤੇ ਵਿਹਲੇ ਸਮੇਂ ਲਈ ਮਨੋਰੰਜਨ ਦੇ ਚੰਗੇ ਸਾਧਨ ਦਿੱਤੇ ਜਾਣ। ਅਜਿਹੀ ਹੀ ਕੋਸ਼ਿਸ਼ ਵੇਖਣ ਨੂੰ ਮਿਲ਼ੀ ਗਰਮੀ ਦੀਆਂ ਛੁੱਟੀਆਂ ਵਿੱਚ ਲਗਾਏ ਗਏ ਨਿਵੇਕਲੇ ਬਾਲ ਸਿਰਜਣਾਤਮਕਤਾ ਕੈਂਪਾਂ ਵਿੱਚ।

ਪੰਜਾਬੀ ਯੂਨੀਵਰਸਿਟੀ ਪਟਿਆਲਾ: ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ 2 ਤੋਂ 9 ਜੂਨ ਤੱਕ ਬੱਚਿਆਂ ਲਈ ਖੁਸ਼ੀਆਂ ਦਾ ਸਕੂਲ ਲਗਾਇਆ ਗਿਆ। ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸਕਾਰਾਤਮਕ ਸਰਗਰਮੀਆਂ ’ਚ ਲਾਉਣ ਤੇ ਚੰਗੀ ਜੀਵਨ-ਜਾਂਚ ਸਿਖਾਉਣ ਦੇ ਉਦੇਸ਼ ਨਾਲ਼ ਲਾਏ ਇਸ ਕੈਂਪ ਵਿੱਚ ਬੱਚਿਆਂ ਨੇ 7 ਦਿਨ ਵੱਖ-ਵੱਖ ਸਰਗਰਮੀਆਂ ਵਿੱਚ ਭਾਗ ਲਿਆ। 9 ਜੂਨ ਨੂੰ ਇਸਦਾ ਸਮਾਪਤੀ ਸਮਾਰੋਹ ਕੀਤਾ ਗਿਆ ਜਿਸ ਵਿੱਚ ਬੱਚਿਆਂ ਨੇ ਨਾਟਕ ਤੋਤਾ, ਛੋਟੀ ਕਾਲੀ ਮੱਛੀ, ਭੰਗੜਾ, ਜੂੰਬਾ, ਕੋਰੀਓਗ੍ਰਾਫੀ, ਨਾਚ ਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਵੀ ਖੁਦ ਬੱਚਿਆਂ ਨੇ ਹੀ ਕੀਤਾ। ਇਸ ਮੌਕੇ ਬੱਚਿਆਂ ਵੱਲੋਂ ਕੈਂਪ ਦੌਰਾਨ ਬਣਾਏ ਮਿੱਟੀ ਦੇ ਖਿਡੌਣੇ, ਚਿੱਤਰਕਾਰੀਆਂ ਆਦਿ ਵੀ ਪੇਸ਼ ਕੀਤੀਆਂ ਗਈਆਂ ਅੰਤ ਵਿੱਚ ਸਭ ਬੱਚਿਆਂ ਨੂੰ ਬਾਲ ਸਾਹਿਤ ਵੰਡਿਆ ਗਿਆ।

ਈ.ਡਬਲਯੂ.ਐਸ. ਕਲੋਨੀ, ਲੁਧਿਆਣਾ : 17 ਜੂਨ ਤੋਂ 23 ਜੂਨ ਤੱਕ ਨਵੀਂ ਸਵੇਰ ਪਾਠਸ਼ਾਲਾ ਵੱਲੋਂ ਮਜ਼ਦੂਰ ਲਾਇਬ੍ਰੇਰੀ ਈ.ਡਬਲਯੂ.ਐਸ. ਕਲੋਨੀ, ਲੁਧਿਆਣਾ ਵਿਖੇ ਮਜ਼ਦੂਰ ਬੱਚਿਆਂ ਲਈ ਬਾਲ ਸਿਰਜਣਾਤਮਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬੱਚਿਆਂ ਨੇ ਕਈ ਤਰਾਂ ਦੇ ਖਿਡੌਣੇ, ਚਿੱਤਰ ਤੇ ਕਬਾੜ ਤੋਂ ਜੁਗਾੜ ਲਗਾ ਕੇ ਸਮਾਨ ਤਿਆਰ ਕੀਤਾ ਤੇ ਹਰ ਰੋਜ਼ ਬੱਚੇ ਚਿੱਠੀਆਂ ਵੀ ਲਿਖ ਕੇ ਲਿਆਉਂਦੇ ਰਹੇ। ਬੱਚਿਆਂ ਨੇ ਗੀਤ, ਨਾਟਕ ਤੇ ਕਵਿਤਾ ਉਚਾਰਨ ਵੀ ਸਿੱਖਿਆ। ਇਸ ਦੌਰਾਂਨ ਹਰ ਰੋਜ਼ ਬੱਚਿਆਂ ਨਾਲ਼ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਕੀਤੀ ਜਾਂਦੀ ਸੀ। 23 ਜੂਨ ਨੂੰ ਬੱਚਿਆਂ ਵੱਲੋਂ ਇੱਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਉਹਨਾਂ ਕੈਂਪ ਦੌਰਾਨ ਸਿੱਖੇ ਗੀਤਾਂ ਤੇ ਨਾਟਕਾਂ ਦੀ ਪੇਸ਼ਕਾਰੀ ਕੀਤੀ ਤੇ ਉਹਨਾਂ ਵੱਲੋਂ ਬਣਾਏ ਖਿਡੌਣੇ, ਤਸਵੀਰਾਂ ਤੇ ਹੋਰ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰੋਗਰਾਮ ਦੇ ਅੰਤ ’ਚ ਕੈਂਪ ਵਿੱਚ ਹਿੱਸਾ ਲੈਣ ਵਾਲ਼ੇ ਬੱਚਿਆਂ ਨੂੰ ਕਿਤਾਬਾਂ ਤੇ ਪੋਸਟਰ ਦੇ ਕੇ ਸਨਮਾਨਿਤ ਕੀਤਾ ਗਿਆ।

ਪੱਖੋਵਾਲ਼, ਲੁਧਿਆਣਾ: ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਪੱਖੋਵਾਲ਼ 3 ਤੋਂ 9 ਜੂਨ ਤੱਕ 6 ’ਵਾਂ ਬਾਲ ਸਿਰਜਣਾਤਮਕਤਾ ਕੈਂਪ ਲਗਾਇਆ ਗਿਆ। 9 ਜੂਨ ਨੂੰ ਸਮਾਪਤੀ ਪ੍ਰੋਗਰਾਮ ਵਿੱਚ ਬੱਚਿਆਂ ਵੱਲੋ ਨਾਟਕ, ਗੀਤ, ਨਾਚ, ਕੋਰਿਓਗ੍ਰਾਫੀ ਅਤੇ ਹੋਰ ਉਹ ਪੇਸ਼ ਕੀਤਾ ਗਿਆ ਜੋ ਉਹਨਾਂ ਨੂੰ ਸਿਖਾਇਆ ਗਿਆ ਸੀ। ਹਰ ਵਾਰ ਦੀ ਤਰ੍ਹਾਂ ਬੱਚੇ ਅਤੇ ਸਭਾ ਦੇ ਸਾਥੀ ਵਿਛੜਣ ਲੱਗੇ ਭਾਵੁਕ ਹੋ ਗਏ ਅਤੇ ਬੱਚਿਆਂ ਨੇ ਇਸ ਵਾਰ ਫਿਰ ਜ਼ਿਦ ਕੀਤੀ ਕਿ ਕੈਂਪ ਅਗਲੀ ਵਾਰ 15 ਦਿਨਾਂ ਜਾਂ ਮਹੀਨੇ ਦਾ ਹੋਣਾ ਚਾਹੀਦਾ। ਉਹ ਵਾਰ-ਵਾਰ ਇਹ ਸ਼ਿਕਾਇਤ ਕਰਦੇ ਸੀ ਕਿ ਸਕੂਲ, ਘਰ ਅਤੇ ਸਮਾਜ ਵਿੱਚ ਉਹਨਾਂ ਨੂੰ ਕੋਈ ਸਮਝਦਾ ਹੀ ਨਹੀਂ ਕੋਈ ਉਹਨਾਂ ਨਾਲ਼ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਜਿਵੇਂ ਉਹਨਾਂ ਨਾਲ਼ ਕੈਂਪ ਵਿੱਚ ਕੀਤੀ ਜਾਂਦੀ ਹੈ। ਕੋਈ ਉਹਨਾਂ ਦੇ ਸਵਾਲਾਂ ਦੇ ਜਵਾਬ ਨੀ ਦਿੰਦਾ। ਸਮਾਪਤੀ ਪ੍ਰੋਗਰਾਮ ਵਿੱਚ ਸਭਾ ਦੇ ਸਾਥੀ ਸਨਦੀਪ ਨੇ ਬੱਚਿਆਂ ਦੇ ਮਾਤਾ-ਪਿਤਾ ਨਾਲ਼ ਬੱਚਿਆਂ ਬਾਰੇ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਬੱਚਿਆਂ ਬਾਰੇ ਪੜ੍ਹਨ ਉਹਨਾਂ ਬਾਰੇ ਜਾਨਣ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਤਾਂ ਕੇ ਸਾਡੇ ਬੱਚੇ ਵੱਡੇ ਹੋਕੇ ਚੰਗੇ ਇਨਸਾਨ ਬਣ ਸਕਣ ਅਤੇ ਅੱਗੇ ਜਾਕੇ ਸਮਾਜ ਨੂੰ ਚੰਗਾ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾ ਸਕਣ।

ਚੰਗਾਲੀਵਾਲਾ, ਸੰਗਰੂਰ : ਨੌਜਵਾਨ ਭਾਰਤ ਸਭਾ (ਚੰਗਾਲੀਵਾਲਾ) ਵੱਲੋਂ 5 ਜੂਨ ਤੋਂ ਲੈ ਕੇ 8 ਜੂਨ ਤੱਕ “ਬੱਚਿਆਂ ਦੀ ਦੁਨੀਆਂ” ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਬੱਚਿਆਂ ਨੇ 5 ਜੂਨ ਨੂੰ ਨੌਜਵਾਨ ਭਾਰਤ ਸਭਾ ਵੱਲੋਂ ਚਲਾਈ ਜਾ ਰਹੀ ਲਾਇਬ੍ਰੇਰੀ ਕੋਲ਼ ਪੌਦੇ ਲਗਾ ਕੇ ਕੀਤੀ ਅਤੇ ਉਹਨਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਂਵਾਰੀ ਲਈ। ਕੈਂਪ ਦੌਰਾਨ ਬੱਚਿਆਂ ਨੇ ਮਿੱਟੀ ਤੇ ਕਾਗਜ਼ ਦੇ ਖਿਡੌਣੇ ਬਣਾਉਣੇ, ਚਿੱਤਰਕਾਰੀ ਅਤੇ ਪੱਥਰਾਂ ਉੱਪਰ ਆਪਣੀ ਕਲਾ ਵਿਖਾਈ। ਆਖਰੀ ਦਿਨ ਬੱਚਿਆਂ ਨੂੰ ਫ਼ਿਲਮਾਂ ਦਿਖਾਈਆਂ ਗਈਆਂ। ਆਖਰੀ ਦਿਨ ਬੱਚਿਆਂ ਨੇ ਫ਼ਿਲਮਾਂ ਬਾਰੇ ਅਤੇ ਪੂਰੇ ਕੈਂਪ ਬਾਰੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਤਾਬਾਂ ਪੜ੍ਹਨ ਲਈ ਹੋਰ ਸਮਾਂ ਕੱਢਣ ਦਾ ਵਾਅਦਾ ਕੀਤਾ। ਇਸ ਤਰ੍ਹਾਂ ਇਹ ਕੈਂਪ ਦੀ ਸਮਾਪਤੀ ਹੋਈ। ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾ ਨੇ ਵੀ ਵੱਖ ਵੱਖ ਵਿਸ਼ਿਆਂ ਉਪਰ ਬੱਚਿਆਂ ਨਾਲ਼ ਗੱਲ-ਬਾਤ ਕੀਤੀ।

ਸ਼ੇਰੋਂ, ਸੰਗਰੂਰ : ਨੌਜਵਾਨ ਭਾਰਤ ਸਭਾ ਇਕਾਈ ਸ਼ੇਰੋਂ (ਸੰਗਰੂਰ) ਵੱਲੋਂ ਮਿਤੀ 2 ਜੂਨ ਤੋਂ 6 ਜੂਨ ਤੱਕ ਪਹਿਲਾ ਬਾਲ ਸਿਰਜਣਾਤਮਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਫਿਲਮ ਵਿਖਾਈ ਗਈ ਅਤੇ ਬੱਚਿਆਂ ਵੱਲੋਂ ਕਾਗਜ ਦੇ ਖਿਡੌਣੇ, ਮਿੱਟੀ ਦੇ ਖਿਡੌਣੇ, ਚਿੱਤਰਕਾਰੀ, ਕਵਿਤਾਵਾਂ ਤਿਆਰ ਕੀਤੀਆਂ ਅਤੇ ਆਖ਼ਰੀ ਦਿਨ ਬੱਚਿਆਂ ਵੱਲੋਂ ਤਿਆਰ ਕੀਤੀਆਂ ਖੇਡਾਂ ਦੀ ਪ੍ਰਦਰਸ਼ਨੀ ਲਗਾਈ ਤੇ ਕਵਿਤਾਵਾਂ, ਗੀਤਾਂ ਦੀ ਪੇਸ਼ਕਾਰੀ ਕੀਤੀ ਗਈ ਇਸ ਮੌਕੇ ਸਟੇਜ ਦੀ ਕਾਰਵਾਈ ਬੱਚਿਆਂ ਦੁਆਰਾ ਹੀ ਸੰਭਾਲੀ ਗਈ।

ਭੂੰਦੜੀ, ਲੁਧਿਆਣਾ : ਨੋਜਵਾਨ ਭਾਰਤ ਸਭਾ ਵੱਲੋਂ ਪਿੰਡ ਭੂੰਦੜੀ ’ਚ ਗੁਰੂ ਨਾਨਕ ਦੇਵ ਜੀ ਦੇ 550’ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ 17 ਤੋਂ 23 ਜੂਨ ਤੱਕ ਬਾਲ ਸਿਰਜਣਾਤਮਕਤਾ ਕੈਂਪ ਲਗਾਇਆ ਗਿਆ। 23 ਜੂਨ ਨੂੰ ਇਸ ਦਾ ਸਮਾਪਤੀ ਸਮਾਰੋਹ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਸੱਤ ਦਿਨਾਂ ਵਿੱਚ ਸਿੱਖੀਆਂ ਵੱਖ-ਵੱਖ ਕਲਾਤਮਕ ਕਿਰਿਆਵਾਂ ਜਿਵੇਂ ਨਾਚ, ਭੰਗੜਾ, ਗੀਤ, ਕਵਿਤਾਵਾਂ, ਨਾਟਕ, ਮਾਰਸ਼ਲ ਆਰਟਸ, ਕੋਰਿਓਗ੍ਰ੍ਰ੍ਰ੍ਰ੍ਰਾਫੀ ਆਦਿ ਦਾ ਪ੍ਰਦਰਸ਼ਨ ਕੀਤਾ। ਇਸ ਕੈਂਪ ਵਿੱਚ 120 ਦੇ ਲੱਗਭੱਗ ਬੱਚਿਆਂ ਨੇ ਹਿੱਸਾ ਲਿਆ ਸੀ ਅਤੇ ਅੰਤਲੇ ਦਿਨ ਪੋ੍ਰਗਰਾਮ ਵਿੱਚ ਲੱਗਭੱਗ 350 ਦੇ ਕਰੀਬ ਪਿੰਡ ਵਾਸੀ ਮੌਜੂਦ ਸਨ।

•ਪੱਤਰ ਪ੍ਰੇਰਕ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 10-11, ਜੁਲਾਈ 2019 ਵਿੱਚ ਪਰ੍ਕਾਸ਼ਿਤ