ਬੱਚਿਆਂ ਲਈ ‘ਖੁਸ਼ੀਆਂ ਦਾ ਸਕੂਲ’ ਨਾਮ ਹੇਠ ਹਫਤਾਵਾਰੀ ਕੈਂਪ ਲਾਇਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਟਿਆਲਾ- ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਅਨੁਰਾਗ ਟਰੱਸਟ ਦੇ ਸਹਿਯੋਗ ਨਾਲ 5 ਜੂਨ ਤੋਂ 11 ਜੂਨ ਤੱਕ ਡੀ.ਐਮ.ਡਬਲਯੂ. ਪਟਿਆਲਾ ਵਿਖੇ ਬੱਚਿਆਂ ਲਈ ‘ਖੁਸ਼ੀਆਂ ਦਾ ਸਕੂਲ’ ਨਾਮ ਹੇਠ ਇੱਕ ਰਚਨਾਤਮਕਤਾ ਕੈਂਪ ਲਾਇਆ ਗਿਆ। ਇਹ ਕੈਂਪ ਮੌਜੂਦਾ ਸਮੇਂ ‘ਚ ਬੱਚਿਆਂ ‘ਚ ਪਰੋਸੇ ਜਾ ਰਹੇ ਸੁਆਰਥ, ਸੰਵੇਦਨਹੀਣਤਾ, ਅਸ਼ਲੀਲਤਾ, ਹਿੰਸਾ ਤੇ ਨਿਰਾਸ਼ਾ ਦੇ ਸੱਭਿਆਚਾਰ ਦੇ ਬਰਕਸ ਉਹਨਾਂ ਨੂੰ ਇੱਕ ਚੰਗਾ ਨਰੋਆ ਸੱਭਿਆਚਾਰ ਦੇਣ ਤੇ ਵਿਹਲੇ ਸਮੇਂ ਲਈ ਬਦਲਵੇਂ ਮਨੋਰੰਜਨ ਦੇ ਸਾਧਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੀਤਾ ਗਿਆ। ਇਹਨਾਂ  7  ਦਿਨਾਂ  ਵਿੱਚ  ਬੱਚੇ  ਨਾ  ਸਿਰਫ  ਗੀਤ, ਨਾਟਕ, ਕਵਿਤਾਵਾਂ, ਐਰੋਬਿਕਸ, ਚਿੱਤਰਕਾਰੀ, ਵਿਗਿਆਨ, ਮਿੱਟੀ ਦੀਆਂ ਵਸਤਾਂ ਜਿਹੀਆਂ ਰਚਨਾਤਮਕ ਸਰਗਰਮੀਆਂ ਨਾਲ਼ ਜੁੜੇ ਸਗੋਂ ਕਹਾਣੀਆਂ, ਚੰਗੀਆਂ ਗੱਲਾਂ, ਦੋਸਤਾਨਾ ਮਹੌਲ, ਦਿਲਚਸਪੀ, ਮਨੋਰੰਜਨ ਅਤੇ ਮਿਹਨਤ ਦੇ ਸੁਮੇਲ ਰਾਹੀਂ ਉਹਨਾਂ ਸਿੱਖਣ ਪ੍ਰਕਿਰਿਆ ਦਾ ਅਨੰਦ ਵੀ ਲਿਆ। ਇਹ ਸਿੱਖਣ ਪ੍ਰਕਿਰਿਆ ਵੀ ਇੱਕ-ਦੂਜੇ ਤੋਂ ਅੱਗੇ ਵਧਣ ਦੀ ਮੁਕਾਬਲੇਬਾਜੀ ਦੀ ਥਾਂ ਸਮੂਹਿਤ ਯਤਨਾਂ ਰਾਹੀਂ ਸਿੱਖਣ ਤੇ ਨਵਾਂ ਸਿਰਜਣ ਦੇ ਰੂਪ ਵਿੱਚ ਰਹੀ। ਨਾਟਕਾਂ, ਕਵਿਤਾਵਾਂ ਤੇ ਐਰੋਬਿਕਸ ਤੋਂ ਬਿਨਾਂ ਕਾਗਜ ਦੇ ਖਿਡੌਣੇ, ਮਿੱਟੀ ਦੀਆਂ ਵਸਤਾਂ ਤੇ ਚਿੱਤਰਕਾਰੀ ‘ਚ ਵੀ ਬੱਚਿਆਂ ਨੇ ਕੰਮ ਦੀ ਸਮੂਹਿਕ ਵੰਡ ਰਾਹੀਂ ਬਣਾਈਆਂ। 7 ਦਿਨਾਂ ਦੇ ਇਸ ਸਕੂਲ ਵਿੱਚ ਜਥੇਬੰਦੀ ਦੇ ਮੈਂਬਰਾਂ ਤੋੰ ਬਿਨਾਂ ਨੇਤੀ ਥਿਏਟਰ ਗਰੁੱਪ ਦੇ ਕਲਾਕਾਰਾਂ ਸ਼ਿਵ ਤੇ ਹੈਪੀ ਨੇ ਵੀ ਬੱਚਿਆਂ ਨੂੰ ਨਾਟਕ ਤਿਆਰ ਕਰਵਾ ਕੇ ਅਹਿਮ ਮਦਦ ਕੀਤੀ।

ਇਸ ਸਮਾਪਤੀ ਸਮਾਹੋਰ ਲਈ ਬੱਚਿਆਂ ਨੇ ਆਪਣੇ ਹੱਥੀਂ ਸੱਦਾ ਪੱਤਰ ਤਿਆਰ ਕੀਤੇ ਤੇ ਕਲੋਨੀ ਵਾਸੀਆਂ ਨੂੰ ਘਰ-ਘਰ ਜਾ ਕੇ ਪ੍ਰੋਗਰਾਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ 7 ਦਿਨਾਂ ਵਿੱਚ ਤਿਆਰ ਕੀਤੀਆਂ ਆਪਣੀਆਂ ਕਵਿਤਾਵਾਂ, ਗੀਤਾਂ, ਐਰੋਬਕਿਸ ਅਤੇ ‘ਤੋਤਾ’ ਤੇ ‘ਇਹ ਕੈਸੀ ਰੁੱਤ ਆਈ’ ਨਾਟਕਾਂ ਦੀ ਪੇਸ਼ਕਾਰੀ ਕੀਤੀ। ਇਸਦੇ ਨਾਲ਼ ਹੀ ਬੱਚਿਆਂ ਵੱਲੋਂ ਤਿਆਰ ਕੀਤੀਆਂ ਚਿੱਤਰਕਾਰੀਆਂ, ਕਾਗਜ ਦੇ ਖਿਡੌਣਿਆਂ ਤੇ ਮਿੱਟੀ ਦੀਆਂ ਵਸਤਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਹ ਪ੍ਰੋਗਰਾਮ ਦਾ ਮੰਚ ਸੰਚਾਲਨ ਵੀ ਖੁਦ ਬੱਚਿਆਂ ਨੇ ਹੀ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸ੍ਰਿਸ਼ਟੀ ਨੇ ਪਹੁੰਚੇ ਮਾਪਿਆਂ ਨੂੰ ਆਪਣੇ ਮਕਸਦ ਤੇ ਬੱਚਿਆਂ ਦੇ ਪਾਲਣ-ਪੋਸ਼ਣ ਤੇ ਉਹਨਾਂ ਨੂੰ ਬਦਲਵਾਂ ਸੱਭਿਆਚਾਰ, ਜੀਵਨ-ਜਾਂਚ ਦੇਣ ਸਬੰਧੀ ਸੰਬੋਧਨ ਵੀ ਕੀਤਾ। ਸਮਾਗਮ ਦੇ ਅੰਤ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਆਏ ਪ੍ਰੋ. ਕੁਲਦੀਪ, ਡਾ. ਨਵਜੋਤ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਬਾਵਾ ਸਿੰਘ ਤੇ ਸਕਾਲਰ ਅਤੇ ਅਧਿਆਪਕ ਗੌਰਵੀ ਨੇ ਕੈਂਪ ‘ਚ ਸ਼ਾਮਲ ਸਭ ਬੱਚਿਆਂ ਨੂੰ ਕਿਤਾਬਾਂ ਵੰਡੀਆਂ। ਇੰਝ ਉਤਸ਼ਾਹ ਤੇ ਖੁਸ਼ੀਆਂ ਭਰੇ ਮਹੌਲ ਵਿੱਚ ਇਸ ਸਮਾਗਮ ਦਾ ਅੰਤ ਹੋਇਆ ਤੇ ਬੱਚਿਆਂ ਤੇ ਮਾਪਿਆਂ ਨੇ ਅਜਿਹੀਆਂ ਸਰਗਰਮੀਆਂ ਜਾਰੀ ਰੱਖਣ ਦੀ ਮੰਗ ਵੀ ਕੀਤੀ।

ਚੰਡੀਗੜ– ‘ਅਨੁਰਾਗਟਰੱਸਟ’ ਵੱਲੋ ਚੰਡੀਗੜ ਵਿਖੇ ਬੱਚਿਆਂ ਲਈ ਨਿਯਮਿਤ ਕੈਂਪ, ਫ਼ਿਲਮ ਮੇਲੇ, ਆਦਿ ਕਰਵਾਏ ਜਾਂਦੇ ਰਹੇ ਹਨ। ਇਸੇ ਲੜੀ ਵਿੱਚ ਗਰਮੀਆਂ ਦੀਆਂ ਛੁੱਟੀਆਂ ਵਿੱਚ ਬਚਿਆਂ ਲਈ ਪੰਜਾਬ ਯੂਨੀਵਰਸਿਟੀ ਦੇ ਸਟਾਫ਼ ਕਲੱਬ ਵਿੱਚ 3 ਜੂਨ ਤੋਂ 11 ਜੂਨ ਤੱਕ ‘ਬਾਲ ਰਚਨਾਤਮਕਤਾ ਕੈਂਪ’ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 40 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਇਹਨਾਂ 9 ਦਿਨਾਂ ਵਿੱਚ ਬੱਚਿਆਂ ਨੇ ਗੀਤ, ਨਾਟਕ, ਕਵਿਤਾਵਾਂ, ਕਰਾਟੇ, ਚਿੱਤਰਕਾਰੀ, ਨਾਚ, ਮਿੱਟੀ ਦੇ ਖਿਡਾਉਣੇ ਬਣਾਉਣੇ ਸਿੱਖਦੇ ਹੋਏ ਖ਼ੂਬ ਮੌਜਾਂ ਵੀ ਮਾਣੀਆਂ। ਇਸ ਕੈਂਪ ਦਾ ਮਕਸਦ ਬੱਚਿਆਂ ਨੂੰ ਟੀ.ਵੀ, ਇੰਟਰਨੈੱਟ, ਵੀਡੀਓ ਗੇਮਾਂ ਵਿਚੋਂ ਮਿਲ ਰਹੇ ਹਿੰਸਾ, ਔਰਤ ਵਿਰੋਧੀ, ਵਿਅਕਤੀਵਾਦੀ ਤੇ ਅਣਮਨੁੱਖੀ ਮਾਨਸਿਕਤਾ ਨਾਲ਼ ਭਰਪੂਰ ਸਮੱਗਰੀ ਦੇ ਉਲਟ ਇੱਕ ਬਦਲਵਾਂ ਸੱਭਿਆਚਾਰ ਦੇਣਾ ਅਤੇ ਉਨ੍ਹਾਂ ਨੂੰ ਮਨੁੱਖੀ ਗੁਣਾਂ ਨਾਲ਼ ਜੋੜਨ ਵਾਲ਼ੀਆਂ ਕਾਰਵਾਈਆਂ ਨਾਲ਼ ਜੋੜਨਾ ਸੀ।

ਕੈਂਪ ਦੇ ਆਖ਼ਰੀ ਦਿਨ ਇੱਕ ਸਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਚਿਆਂ ਨੇ ਤਿਆਰ ਕੀਤੇ ਨਾਟਕ ‘ਈਦਗਾਹ’ ਅਤੇ ‘ਇੰਸਪੈਕਟਰ ਮਾਤਾ ਦੀਨ ਚੰਦ ਉੱਤੇ’ ਦੀ ਪੇਸ਼ਕਾਰੀ ਕੀਤੀ। ਲੜਕੀਆਂ ਨੇ ਰਾਜਸਥਾਨੀ ਨਾਚ ਅਤੇ ਕੁੱਝ ਬੱਚਿਆਂ ਨੇ ਕੈਂਪ ਦੌਰਾਨ ਸਿੱਖੇ ਕਰਾਟੇਪੇਸ਼ ਕੀਤੇ। ਬੱਚਿਆਂ ਨੇ ‘ਪਿਆਰ ਬਾਂਟ ਤੇ ਚਲੋ’, ‘ਜੀਨਾ ਇਸੀ ਕਾ ਨਾਮ ਹੈ’ ਤੇ ‘ਹਮ ਹੋਂਗੇ ਕਾਮਯਾਬ’ ਗੀਤ ਪੇਸ਼ ਕੀਤੇ। ਛੋਟੇ ਬੱਚਿਆਂ ਨੇ ‘ਬੱਚਿਆਂ ਦਾ ਘੋਸ਼ਣਾ-ਪੱਤਰ’, ਕਵਿਤਾਵਾਂ ਅਤੇ ਕੁੱਝ ਨਾਚ ਵੀ ਪੇਸ਼ ਕੀਤੇ। ਇਸ ਮੌਕੇ ‘ਤੇ ਕੈਂਪ ਦੌਰਾਨ ਬੱਚਿਆਂ ਦੇ ਬਣਾਏ ਹੋਏ ਚਿੱਤਰ ਤੇ ਮਿੱਟੀ ਦੇ ਖਿਡਾਉਣਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ‘ਅਨੁਰਾਗ ਟਰੱਸਟ’ ਦੀ ਨਮਿਤਾ ਨੇ ਪ੍ਰੋਗਰਾਮ ਵਿੱਚ ਪਹੁੰਚੇ ਮਾਪਿਆਂ ਨੂੰ ਬੱਚਿਆਂ ਨੂੰ ਬਿਹਤਰ ਜੀਵਨ-ਜਾਂਚ ਦੇਣ ਦੀ ਲੋੜ ਅਤੇ ਇਸ ਮਕਸਦ ਨੂੰ ਸਮਰਪਿਤ ਅਨੁਰਾਗ ਟਰੱਸਟ ਦੇ ਮਿਸ਼ਨ ਸਬੰਧੀ ਸੰਬੋਧਨ ਕੀਤਾ। ਅੰਤ ਵਿੱਚ ਬੱਚਿਆਂ ਨੂੰ ਕਿਤਾਬਾਂ ਅਤੇ ਕਵਿਤਾ ਪੋਸਟਰ ਭੇਂਟ ਕੀਤੇ ਗਾਏ। ਮਾਪਿਆਂ ਨੇ ਅਨੁਰਾਗਟ ਰੱਸਟ ਵੱਲੋਂ ਕੀਤੇ ਜਾ ਰਹੇ ਨਿਰੰਤਰ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਅਗਾਊ ਵੀ ਇਸ ਮਿਸ਼ਨ ਨੂੰ ਜਾਰੀ ਰੱਖਣ ਦੀ ਮੰਗ ਕੀਤੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 10-11, 1 ਤੋਂ 15 ਅਤੇ 16 ਤੋਂ 31 ਜੁਲਾਈ (ਸੰਯੁਕਤ ਅੰਕ)  2017 ਵਿੱਚ ਪ੍ਰਕਾਸ਼ਿਤ