ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਦਰਪੇਸ਼ ਚੁਣੌਤੀਆਂ •ਡਾ. ਅਵਤਾਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਧਰਤੀ ਦੇ ਪ੍ਰਾਣੀ ਜਗਤ ਵਿੱਚੋਂ ਮਨੁੱਖ ਹੀ ਇੱਕ ਐਸਾ ਪ੍ਰਾਣੀ ਹੈ ਜਿਸਦੀ ਪੂਰੀ ਸ਼ਖਸ਼ੀਅਤ ਉਹਦੇ ਆਲ਼ੇ-ਦੁਆਲ਼ੇ ਭਾਵ ਸਮਾਜਿਕ-ਸੱਭਿਆਚਾਰਕ ਚੌਗਿਰਦੇ ‘ਚੋਂ ਬਣਦੀ-ਨਿੱਖ਼ਰਦੀ ਹੈ। ਇਨਾਂ ਅਰਥਾਂ ‘ਚ ਬੱਚੇ ਦਾ ਸਭ ਤੋਂ ਪਹਿਲਾ ਸਕੂਲ ਉਹਦਾ ਆਪਣਾ ਘਰ ਹੈ। ਇੱਥੋਂ ਹੀ ਉਹ ਲਾਡ-ਪਿਆਰ, ਖੁਸ਼ੀ, ਗਮੀ, ਗੁੱਸਾ, ਮਨੁੱਖੀ ਭਾਵਾਂ-ਰੌਆਂ, ਮੁਢਲੀਆ ਸੁਹਜਾਤਮਕ ਰੁਚੀਆਂ ਅਤੇ ਭਾਸ਼ਾ ਬਾਰੇ ਮੁੱਢਲੀ ਜਾਣਕਾਰੀ ਇਕੱਠੀ ਕਰਦਾ ਹੈ। ਇਸੇ ਕਰਕੇ ਪ੍ਰਸਿੱਧ ਰੂਸੀ ਵਿੱਦਿਆ ਵਿਗਿਆਨੀ ਵਾਸਿਲੀ ਸੁਖੋਮਲਿੰਸਕੀ ਲਿਖ਼ਦਾ ਹੈ ਕਿ, “ਬੱਚਾ ਪਰਿਵਾਰ ਦਾ ਪ੍ਰਤੀਬਿੰਬ ਹੈ ਅਤੇ ਜਿਵੇਂ ਸੂਰਜ ਪਾਣੀ ਦੇ ਤੁਪਕੇ ਵਿੱਚ ਪ੍ਰਤੀਬਿੰਬਤ ਹੁੰਦਾ ਹੈ, ਉਸੇ ਤਰਾਂ ਮਾਤਾ-ਪਿਤਾ ਦੀ ਆਤਮਕ ਸਵੱਛਤਾ ਬੱਚੇ ਵਿੱਚ ਪ੍ਰਤੀਬਿੰਬਤ ਹੁੰਦੀ ਹੈ”। ਪਰ ਸਮੇਂ ਨੇ ਬੱਚਿਆਂ ਦੀ ਦੁਨੀਆਂ ‘ਚ ਅੱਜ ਇੱਕ ਨਵੀਂ ਧਿਰ ਨੂੰ ਵੀ ਲਿਆ ਖੜਾ ਕੀਤਾ ਹੈ, ਇਹ ਧਿਰ ਹੈ-ਇਲੈੱਕਟ੍ਰਾਨਿਕ ਸੰਚਾਰ ਸਾਧਨ। ਅੱਜ ਸਮਾਰਟਫੋਨ, ਇੰਟਰਨੈੱਟ, ਕੰਪਿਊਟਰ ਅਤੇ ਟੀ.ਵੀ. ਆਦਿ ਦੀ ਸ਼ੁਰੂ ਤੋਂ ਹੀ ਬੱਚਿਆਂ ਦੇ ਜੀਵਨ ‘ਚ ਸਰਗਰਮ ਦਖ਼ਲਅੰਦਾਜ਼ੀ ਹੈ ਜਿਸ ਨੂੰ ਪਹਿਲਾਂ ਦੇ ਕਿਸੇ ਵੀ ਸਮੇਂ ਨਾਲ਼ ਤੁਲਨਾਇਆ ਨਹੀਂ ਜਾ ਸਕਦਾ। ਅੱਜ ਅਸੀਂ ਦੋ-ਦੋ ਸਾਲਾਂ ਦੇ ਬੱਚਿਆਂ ਦੇ ਕੰਨਾਂ ਨਾਲ਼ ਫੋਨ ਲੱਗੇ ਦੇਖ ਸਕਦੇ ਹਾਂ। ਮਾਹਿਰਾਂ ਦਾ ਮੰਨਣਾ ਹੈ ਇਸਦੇ ਫਾਇਦਿਆਂ ਨਾਲੋਂ ਬੱਚਿਆਂ ਦੀ ਸਿਹਤ ‘ਤੇ ਸੱਭਿਆਚਾਰ ਨੂੰ ਲੈ ਕੇ ਨੁਕਸਾਨ ਵੱਧ ਹਨ।

ਇੱਕ ਸਰਵੇ ਅਨੁਸਾਰ 2 ਤੋਂ 11 ਸਾਲ ਤੱਕ ਦੇ ਬੱਚੇ ਇੱਕ ਹਫਤੇ ‘ਚ ਲਗਭਗ 28 ਤੋਂ 32 ਘੰਟੇ ਟੀ. ਵੀ. ਦੇਖਦੇ ਹਨ ਜਿਸ ਵਿੱਚ 45 ਫੀਸਦੀ ਕਹਾਣੀਆਂ ਹਿੰਸਾ ਅਧਾਰਿਤ ਜਾਂ ਡਰਾਉਣੀਆਂ ਫਿਲਮਾਂ ਹੁੰਦੀਆਂ ਹਨ। ਅੱਜ 18 ਸਾਲ ਦੀ ਉਮਰ ਤੱਕ ਅੱਪੜਨ ਤੱਕ ਹਰ ਬਾਲਗ 2 ਲੱਖ ਹਿੰਸਕ ਘਟਨਾਵਾਂ ਅਤੇ 16 ਹਜ਼ਾਰ ਕਤਲ ਹੁੰਦੇ ਦੇਖ ਲੈਂਦਾ ਹੈ। ਇਹ ਸੱਭਿਆਚਾਰ ਬੱਚਿਆਂ ਵਿੱਚ ਬੇਲੋੜੀਆਂ ਹਿੰਸਕ ਪ੍ਰਵਿਰਤੀਆਂ, ਬੇਲੋੜੀ ਬਹਿਸਬਾਜ਼ੀ, ਜਿੱਦੀਪੁਣਾ, ਅਸਿਹਣਸ਼ੀਲਤਾ ਅਤੇ ਅਮਾਨਵੀਂ ਲੱਛਣ ਭਰ ਰਿਹਾ ਹੈ। ਮਾਹਿਰਾਂ ਅਨੁਸਾਰ ਜੇ 8 ਸਾਲ ਤੋਂ ਛੋਟਾ ਬੱਚਾ ਅਸਲੀਅਤ ਅਤੇ ਕਾਲਪਨਿਕਤਾ ‘ਚ ਅੰਤਰ ਨਹੀਂ ਕਰ ਪਾਉਂਦਾ ਤਾਂ ਇਹ ਗੱਲ ਹੋਰ ਵੀ ਬਹੁਤ ਅਹਿਮ ਬਣ ਜਾਂਦੀ ਹੈ ਕਿ ਇਸ ਉਮਰ ਵਰਗ ਨੇ ਕੀ ਦੇਖਣਾ ਹੈ, ਕੀ ਨਹੀਂ ਦੇਖਣਾ। ਇਸ ਤਰਾਂ ਅਸੀਂ ਅਕਸਰ ਦੇਖਦੇ ਹਾਂ ਕਿ ਹਰ ਸਾਲ ਬਹੁਤ ਸਾਰੇ ਬੱਚੇ ਖਤਰਨਾਕ ਸਟੰਟਾਂ ਦੀ ਨਕਲ਼ ਕਰਦੇ ਆਪਣੀ ਜਾਨ ਤੱਕ ਗੁਆ ਬੈਠਦੇ ਹਨ ਕਿਉਂਕਿ ਉਹ ਅਸਲ ਜ਼ਿੰਦਗੀ ਅਤੇ ਵੀਡੀਓ ਗੇਮਾਂ ਤੇ ਟੀ.ਵੀ. ਦੀ ਦੁਨੀਆ ਵਿੱਚ ਕੋਈ ਅੰਤਰ ਨਹੀਂ ਕਰ ਪਾਉਂਦੇ।

ਦੂਸਰਾ, ਅੱਜ ਖੇਡ ਮੈਦਾਨਾਂ ਦੀ ਥਾਂ ਵੀਡੀਓ ਗੇਮਾਂ ਦੇ ਲੈ ਲੈਣ ਕਾਰਨ ਬੱਚਿਆਂ ਦੀ ਸਿਹਤ ‘ਤੇ ਸਮਾਜਿਕ ਪੱਖ ਦਾ ਨੁਕਸਾਨ ਵੀ ਹੋ ਰਿਹਾ ਹੈ। ਬੱਚੇ ਸਮਾਜਿਕ ਸੰਪਰਕ ਬਣਾਉਣ ‘ਚ ਲਗਾਤਾਰ ਦਿਲਚਸਪੀ ਘਟਾ ਰਹੇ ਹਨ, ਅੱਜ ਉਨਾਂ ਨੂੰ ਆਪਣੇ ਪਰਿਵਾਰ, ਗੁਆਂਢੀ ਅਤੇ ਦੋਸਤਾਂ-ਮਿੱਤਰਾਂ ਨਾਲੋਂ ਵੀਡੀਓ ਗੇਮਾਂ ਵੱਧ ਪਿਆਰੀਆਂ ਜਾਪਦੀਆਂ ਹਨ। ਅਜਿਹੇ ਅਭਿਆਸ ਕਾਰਨ ਬੱਚਾ ਕਈ ਅਹਿਮ ਸਮਾਜਿਕ ਹੁਨਰਾਂ ਤੋਂ ਵਾਝਾਂ ਹੀ ਰਹਿ ਜਾਂਦਾ ਹੈ। ਅੱਜ ਇਹ ਐਂਵੇ ਹੀ ਨਹੀਂ ਕਿ ਅੱਜ ਕੱਲ ਦੇ ਬੱਚਿਆਂ ‘ਚ ਬੁਰਾ-ਭਲਾ ਸੋਚਣ ਦੀ ਕਮੀ, ਦੂਸਰਿਆਂ ਨਾਲ਼ ਭਾਵਨਾਤਮਕ ਲਗਾਅ ਦੀ ਕਮੀ, ਹਮਦਰਦੀ ਦੀ ਘਾਟ, ਮਿਲ਼ਵਰਤਨ ਦਾ ਘਟਣਾ ਅਤੇ ਖੁਦਗਰਜ਼ ਰਵੱਈਆਂ ਆਦਿ ਰੁਝਾਨ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਹ ਵੀਡੀਓ ਗੇਮਾਂ ਕਿਉਂਕਿ ਲਗਾਤਾਰ ਬਹੁਤ ਧਿਆਨ ਦੀ ਮੰਗ ਕਰਦੀਆਂ ਹਨ, ਇਸ ਕਾਰਨ ਇਹਨਾਂ ਦਾ ਪਹਿਲਾ ਬੁਰਾ ਅਸਰ ਬੱਚਿਆਂ ਦੀਆਂ ਅੱਖਾਂ ‘ਤੇ ਹੁੰਦਾ ਹੈ। ਲਗਾਤਾਰ ਇਲੈੱਕਟ੍ਰਾਨਿਕ ਮਸ਼ੀਨਾਂ ਵੱਲ ਝਾਕਣ ਵਾਲ਼ੇ ਬੱਚੇ ਅੱਖਾਂ ਦੇ ਥੱਕ ਜਾਣ, ਮਸਲਜ਼ ਦਾ ਦਰਦ, ਬਾਂਹ ਤੇ ਸਿਰਦਰਦ, ਖਾਣਾ ਘੱਟ ਖਾਣਾ ਤੇ ਨੀਂਦ ਦੀ ਸਮੱਸਿਆਂ ਤੋਂ ਅਕਸਰ ਪੀੜਤ ਦੇਖੇ ਜਾ ਸਕਦੇ ਹਨ।

ਕਈ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜ਼ਿਆਦਾਤਰ ਵੀਡੀਓ ਗੇਮਾਂ ਬੱਚਿਆਂ ਦੀ ਮੌਲਿਕ ਸੋਚਣੀ ਦਾ ਵੀ ਨੁਕਸਾਨ ਕਰਦੀਆਂ ਹਨ। ਇਹ ਬੱਚੇ ਦਾ ਸੋਚਣ ਦਾ ਢੰਗ ਹੀ ਬਦਲ ਦਿੰਦੀਆਂ ਹਨ ਕਿਉਂਕਿ ਬੱਚਿਆਂ ਨੇ ਵੀਡੀਓ ਗੇਮਾਂ ਦੀਆਂ ਸ਼ਰਤਾਂ ਵਿੱਚ ਰਹਿਕੇ ਹੀ ਸੋਚਣਾ ਹੁੰਦਾ ਹੈ। ਇਹ ਅਭਿਆਸ ਬੱਚੇ ਦੀ ਅਜ਼ਾਦਾਨਾਂ ਸੋਚ, ਸੋਚਣ ਸ਼ਕਤੀ ਦੀ ਡੂੰਘਾਈ ਤੇ ਇਕਾਗਰਤਾ ਤਿੰਨਾਂ ਪੱਖਾਂ ਦਾ ਨੁਕਸਾਨ ਕਰਦਾ ਹੈ।

ਅਗਲਾ ਅਹਿਮ ਪੱਖ ਇਹ ਕਿ ਪਿਛਲੇ ਲਗਭਗ ਇੱਕ ਦਹਾਕੇ ਤੋਂ ਬੱਚਿਆਂ ਦੇ ਚੈਨਲਾਂ ਦਾ ਜੋ ਵੱਡਾ ਤੰਤਰ ਖੜਾ ਕੀਤਾ ਗਿਆ ਹੈ, ਉਸ ਪਿੱਛੇ ਜਿੱਥੇ, ਮੁਨਾਫੇ ਅਤੇ ਮੰਡੀ ਦਾ ਪੂਰਾ ਕਾਰੋਬਾਰ ਹੈ, ਉੱਥੇ ਬੱਚਿਆਂ ਦੇ ਖਾਣ-ਪੀਣ ‘ਚ ਲਿਆਂਦੀ ਤਬਦੀਲੀ ਨੇ ਉਹਨਾਂ ਦੀ ਸਿਹਤ ਦਾ ਨੁਕਸਾਨ ਵੀ ਕੀਤਾ ਹੈ। ਸਾਡੇ ਘਰਾਂ ‘ਚ ਬਣਦੀਆਂ ਖੋਏ ਦੀਆਂ ਪਿੰਨੀਆਂ, ਦੁੱਧ, ਦਹੀ, ਲੱਸੀ ਤੇ ਸ਼ਬਜੀਆਂ ਦੀ ਥਾਂ ਹੁਣ ਲੇਅਜ਼, ਕੁਰਕੁਰੇ, ਚੌਕਲੇਟ ਤੇ ਮੈਗੀ ਨੇ ਲੈ ਲਈ ਹੈ ਜਿਨਾਂ ‘ਚ ਚੰਗੀ ਸਿਹਤ ਲਈ ਖੁਰਾਕੀ ਤੱਤ ਲਗਭਗ ਨਾਂਹ ਦੇ ਬਰਾਬਰ ਹਨ। ਲੰਡਨ ਦੀ ਮਸ਼ਹੂਰ ਚੌਕਲੇਟ ਕੰਪਨੀ ਇਕੱਲੀ ਕੈਡਬਰੀ ਨੇ 2015 ‘ਚ 400 ਕਰੋੜ ਡਾਲਰ ਕਮਾਏ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਤੋਂ ਬੱਚਿਆਂ ਦੇ ਤਰਾਂ-ਤਰਾਂ ਦੇ ਖਿਡੌਣਿਆਂ, ਗੇਮਾਂ ਤੇ ਹੋਰ ਉਤਪਾਦਾਂ ਦੀ ਇੱਕ ਵੱਡੀ ਮੰਡੀ ਪੈਦਾ ਕੀਤੀ ਗਈ ਹੈ। ਸੋਚਣ ਵਾਲ਼ੀ ਗੱਲ ਇਹ ਹੈ ਕਿ ਜਿਹੜੇ ਸਮਾਜ ‘ਚ ਮੁਨਾਫਾ ਹੀ ਸਭ ਕੁਝ ਹੋਵੇ, ਉੱਥੇ ਬੱਚਿਆਂ ਦੀ ਸਿਹਤ, ਸੱਭਿਆਚਾਰ, ਸਿਹਤਮੰਦ ਸੋਚਣੀ ਤੇ ਭਵਿੱਖ ਦੀ ਚਿੰਤਾ ਉਹ ਨਹੀਂ ਕਰਨਗੇ ਜਿਨਾਂ ਨੂੰ ਹਰ ਥਾਂ ਮੁਨਾਫਾ ਦਿਖਦਾ ਹੈ। ਉਹ ਵਾਕਿਆ ‘ਸੁਪਨਿਆ ਦੀ ਜ਼ਮੀਨ ਨੂੰ ਬੰਜ਼ਰ ਬਣਾ ਦੇਣਾ ਚਾਹੁੰਦੇ ਹਨ ਅਤੇ ਉਮੀਦਾਂ ਦੀਆਂ ਕਰੁੰਬਲਾਂ ਨੂੰ ਕੁਤਰ ਜਾਣਾ ਚਾਹੁੰਦੇ ਹਨ’। ਇਹਨਾਂ ਤਾਕਤਾਂ ਨੂੰ ਬੱਚਿਆਂ ਦੀਆਂ ਸਹਿਜਮਾਨਵੀ ਗੁਣਾ-ਪ੍ਰਵਿਰਤੀਆਂ ਨੂੰ ਖੋਹ ਲੈਣ ਦਾ ਹੱਕ ਨਹੀਂ ਦੇਣਾ ਚਾਹੀਦਾ। ਦੇਸ਼ ਦੇ ਭਵਿੱਖ ਨਾਲ਼ ਹੋ ਰਹੀ ਇਸ ਘਿਨਾਉਣੀ ਸਾਜਿਸ਼ ਖਿਲ਼ਾਫ ਅਣਥੱਕ ਘੋਲ ਕਰਨਾ ਹੋਵੇਗਾ ਅਤੇ ਬਦਲਵੇਂ ਮੀਡੀਆ ਦਾ ਇੱਕ ਵੱਡਾ ਨੈੱਟਵਰਕ ਖੜਾ ਕਰਨਾ ਹੀ ਹੋਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements