ਬਾਬਾ ਸੋਹਣ ਸਿੰਘ ਭਕਨਾ : ਇੱਕ ਸਦੀਵੀ ਇਨਕਲਾਬੀ •ਛਿੰਦਰਪਾਲ

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਦੇਸ਼ ਦੀ ਜੰਗੇ ਅਜ਼ਾਦੀ ਦੀ ਲਹਿਰ ਵਿੱਚ ਬਾਬਾ ਸੋਹਣ ਸਿੰਘ ਭਕਨਾ ਇੱਕ ਅਜਿਹਾ ਨਾਮ ਰਿਹਾ ਹੈ, ਜਿਸਦੇ ਜਦੋਂ ਤੱਕ ਸਰੀਰ ਵਿੱਚ ਰੂਹ ਦਾ ਆਖਰੀ ਕਿਣਕਾ ਧੜਕਦਾ ਰਿਹਾ, ਉਦੋਂ ਤੱਕ ਉਹਨਾਂ ਇੱਕ ਇਨਕਲਾਬੀ ਦੀ ਜ਼ਿੰਦਗੀ ਜਿਉਂਈ। ਜ਼ਿੰਦਗੀ ਦੀ ਢਲ਼ਦੀ ਸ਼ਾਮ ਤੱਕ ਸਾਡਾ ਇਹ ਨੌਜਵਾਨ ਬਾਬਾ ਇਨਕਲਾਬ ਦਾ ਚਿੰਨ੍ਹ ਬਣਿਆ ਰਿਹਾ ਅਤੇ ਅੱਜ ਵੀ ਹੈ। ਦੇਸ਼ ਦੇ ਚੰਗੇ ਭਵਿੱਖ ਲਈ ਉਹਨਾਂ ਦਾ ਨੌਜਵਾਨਾਂ ਵਰਗਾ ਭਰੋਸਾ ਅਤੇ ਉਤਸ਼ਾਹ ਅਖੀਰ ਤੱਕ ਅਡੋਲ ਕਾਇਮ ਰਿਹਾ। ਬਾਬਾ ਸੋਹਣ ਸਿੰਘ ਭਕਨਾ ਸ਼੍ਰੋਮਣੀ ਇਨਕਲਾਬੀਆਂ ’ਚੋਂ ਇੱਕ ਅਤੇ ਇਨਕਲਾਬੀ ਲਹਿਰ ਦੀ ਕਲਗੀ ਰਹੇ ਅਤੇ ਹਨ।

ਬਾਬਾ ਜੀ ਦਾ ਜਨਮ ਅੰਮ੍ਰਿਤਸਰ ਤੋਂ ਦਸ ਮੀਲ ਪੱਛਮ ਵੱਲੀਂ ਭਕਨਾ ਪਿੰਡ ਵਿੱਚ 1870 ਦੇ ਮਾਘ ਮਹੀਨੇ ਰਾਮ ਕੌਰ ਦੀ ਕੁੱਖੋਂ ਪਿਤਾ ਕਰਮ ਸਿੰਘ ਦੇ ਘਰ ਹੋਇਆ। 38 ਸਾਲਾਂ ਦੀ ਉਮਰ ਵਿੱਚ ਸੰਨ 3 ਫਰਵਰੀ, 1909 ਘਰ ਦੀ ਆਰਥਕ ਹਾਲਤ ਨੂੰ ਸੁਧਾਰਨ ਦਾ ਸੁਪਨਾ ਲੈਕੇ ਅਮਰੀਕਾ ਨੂੰ ਚਾਲੇ ਪਾ ਦਿੱਤੇ। ਪੋਰਟਲੈਂਡ ਵਿੱਚ ਲੱਕੜ ਦੇ ਕਾਰਖਾਨੇ ਵਿੱਚ ਕੰਮ ਕੀਤਾ। ਤਿੰਨ ਸਾਲ ਲੱਕੜ ਦੇ ਕਾਰਖਾਨੇ ’ਚ ਕੰਮ ਕਰਦਿਆਂ ਉਹਨਾਂ ਦੇਸ਼ ਦੀ ਗੁਲਾਮੀ ਦੀਆਂ ਹਾਲਤਾਂ ਦਾ ਅਹਿਸਾਸ ਅੱਖੀਂ ਵੇਖਿਆ ਤੇ ਹੱਡੀ ਹੰਢਾਇਆ, ਜਿਸਨੂੰ ਬਾਬਾ ਭਕਨਾ ਨੇ ਆਵਦੀਆਂ ਕਿਰਤਾਂ ‘ਜੀਵਨ ਸੰਗਰਾਮ’ ਅਤੇ ‘ਮੇਰੀ ਰਾਮ ਕਹਾਣੀ’ ਵਿੱਚ ਵੀ ਲਿਖਿਆ ਹੈ। ਵਿਦੇਸ਼ ਜਾਣ ਤੋਂ ਪਹਿਲਾਂ ਵੀ ਬਾਬਾ ਜੀ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਚਲਾਈ ਜਾ ਰਹੀ ਪਗੜੀ ਸੰਭਾਲ਼ ਜੱਟਾ ਲਹਿਰ ਦੇ ਰਸਾਲਿਆਂ ਨਾਲ਼ ਵਾਕਫ ਸਨ।

ਆਪਣੇ ਨਾਲ਼ ਦੇ ਸਾਥੀਆਂ ਨਾਲ਼ ਮਿਲ਼ਕੇ ਅੰਗਰੇਜ਼ੀ ਗੁਲਾਮੀ ਦਾ ਜੂਲ਼ਾ ਵਗਾਹ ਮਾਰਨ ਦੀਆਂ ਕੋਸ਼ਿਸ਼ਾਂ ਪਰੁੰਨੀਆਂ ਅਤੇ ਇੱਕ ਜਥੇਬੰਦੀ ਦੀ ਲੋੜ ਨੂੰ ਸ਼ਿੱਦਤ ਨਾਲ਼ ਮਹਿਸੂਸ ਕੀਤਾ ਅਤੇ ਮਾਰਚ 1913 ਵਿੱਚ ਗ਼ਦਰ ਪਾਰਟੀ (ਹਿੰਦੀ ਐਸੋਸੀਏਸ਼ਨ ਆਫ ਦਿ ਪੈਸੇਫਿਕ ਕੋਸਟ) ਦੀ ਸਥਾਪਨਾ ਕੀਤੀ, ਜੋ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਇੱਕ ਮੀਲ ਪੱਥਰ ਸਾਬਤ ਹੋਈ। ਬਾਬਾ ਸੋਹਣ ਸਿੰਘ ਭਕਨਾ ਨੂੰ ਗ਼ਦਰ ਪਾਰਟੀ ਦਾ ਪਹਿਲਾ ਪ੍ਰਧਾਨ ਥਾਪਿਆ ਗਿਆ, ਕੇਸਰ ਸਿੰਘ ਠੱਠਗੜ ਨੂੰ ਮੀਤ ਪ੍ਰਧਾਨ, ਲਾਲਾ ਹਰਦਿਆਲ ਨੂੰ ਜਨਰਲ ਸਕੱਤਰ ਤੇ ਕਾਸ਼ੀ ਰਾਮ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੰਭਾਲੀ ਗਈ। ਗ਼ਦਰ ਪਾਰਟੀ ਹੀ ਉਹ ਪਾਰਟੀ ਸੀ ਜਿਸਨੇ ਕਾਂਗਰਸ ਵਾਂਗ ਅੰਗਰੇਜਾਂ ਤੋਂ ਹਕੂਮਤ ’ਚ ਹਿੱਸੇਦਾਰੀ ਦੀ ਬਜਾਏ, ਸੰਪੂਰਨ ਅਜ਼ਾਦੀ ਦਾ ਟੀਚਾ ਆਵਦੇ ਅੱਗੇ ਰੱਖਿਆ। ਅੰਗਰੇਜਾਂ ਤੋਂ ਭੀਖ ਮੰਗਣ ਦੀ ਬਜਾਏ ਹਥਿਆਰਬੰਦ ਬਗਾਵਤ ਦਾ ਤਾਣਾ ਬਾਣਾ ਬੁਣਿਆ। ਦੇਸ਼ ਦੇ ਨੌਜਵਾਨਾਂ, ਫੌਜੀਆਂ ਨੂੰ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਵੰਗਾਰਿਆ। ਭਾਰਤ ਵਿੱਚ ਅੰਗਰੇਜ਼ਾਂ ਤੋਂ ਅਜ਼ਾਦੀ ਲਈ ਲੜ ਰਹੇ ਛੋਟੇ-ਛੋਟੇ ਇਨਕਲਾਬੀ ਗਰੁੱਪਾਂ ਤੋਂ ਉਲਟ ਗ਼ਦਰ ਪਾਰਟੀ ਕੋਲ ਸੰਸਦੀ ਜਮਹੂਰੀ ਢਾਂਚਾ ਉਸਾਰਨ ਦਾ ਇੱਕ ਸਪੱਸ਼ਟ ਖਰੜਾ ਸੀ। ਭਾਵੇਂ ਕਿ ਅੱਜ ਦੇ ਸਮੇਂ ਇਹ ਪ੍ਰੋਗਰਾਮ ਗੈਰ-ਪ੍ਰਸੰਗਕ ਹੈ, ਪਰ ਜਦ ਦੇਸ ਦੇ ਲੋਕ ਸਾਮਰਾਜੀਆਂ ਅਤੇ ਜਗੀਰਦਾਰਾਂ ਦੇ ਗਠਜੋੜ ਨਾਲ਼ ਕਾਇਮ ਬਸਤੀਵਾਦੀ ਰਾਜਸੱਤਾ ਹੱਥੋਂ ਲੁੱਟ-ਜਬਰ ਦਾ ਸ਼ਿਕਾਰ ਸਨ, ਉਸ ਸਮੇਂ ਅਜਿਹਾ ਪ੍ਰੋਗਰਾਮ ਤੈਅ ਕੀਤਾ ਜਾਣਾ ਭਾਰਤ ਦੀ ਅਜ਼ਾਦੀ ਲਹਿਰ ਵਿੱਚ ਇੱਕ ਵੱਡੀ ਪੁਲਾਂਘ ਸੀ। ਇਸ ਲਹਿਰ ਨੇ ਜੰਗੇ ਅਜ਼ਾਦੀ ਦੇ ਘੋਲ਼ ਨੂੰ ਕਾਲਜਾਂ ਦੇ ਖਾੜਕੂ ਵਿਦਿਆਰਥੀ-ਨੌਜਵਾਨਾਂ ਤੇ ਇਨਕਲਾਬੀ ਬੁੱਧੀਜੀਵੀਆਂ ਦੇ ਤੰਗ ਘੇਰਿਆਂ ’ਚੋਂ ਕੱਢ ਕੇ ਮਜ਼ਦੂਰ-ਕਿਸਾਨ ਲੋਕਾਈ ਵਿੱਚ ਫੈਲਾ ਕੇ ਵਿਸ਼ਾਲ ਜਨਤਕ ਖਾਸਾ ਪ੍ਰਦਾਨ ਕੀਤਾ। ਪਹਿਲੀ ਵਾਰ ਭਾਰਤੀ ਫੌਜੀਆਂ ਨੂੰ ਦੇਸ ਦੀ ਅਜ਼ਾਦੀ ਖਾਤਰ ਲੜਨ ਅਤੇ ਬਗਾਵਤ ਕਰਨ ਲਈ ਤਿਆਰ ਕੀਤਾ ਗਿਆ। ਗ਼ਦਰ ਪਾਰਟੀ ਨੇ ਧਰਮ ਨੂੰ ਨਿੱਜੀ ਮਾਮਲਾ ਕਰਾਰ ਦਿੱਤਾ। ਪਾਰਟੀ ਮੈਂਬਰ ਕਿਸੇ ਵੀ ਧਰਮ ਵਿੱਚ ਯਕੀਨ ਰੱਖਣ ਲਈ ਅਜ਼ਾਦ ਸਨ ਇੱਥੋਂ ਤੱਕ ਕਿ ਕਿਸੇ ਵੀ ਧਰਮ ਨੂੰ ਨਾ ਮੰਨਣ ਲਈ ਵੀ ਅਜ਼ਾਦ ਸਨ। ਇਹੀ ਕਾਰਨ ਸਨ ਜਿਨ੍ਹਾਂ ਵਜੋਂ ਗ਼ਦਰ ਪਾਰਟੀ ਏਨੀ ਮਹਾਨ ਅਤੇ ਮਜ਼ਬੂਤ ਪਾਰਟੀ ਬਣ ਸਕੀ ਕਿ ਇਸਨੇ ਅੰਗਰੇਜ਼ ਹਕੂਮਤ ਦੀਆਂ ਚੂਲ਼ਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਬਾਅਦ ਦੇ ਇਨਕਲਾਬੀਆਂ ਜਿਨ੍ਹਾਂ ਵਿੱਚ ਭਗਤ ਸਿੰਘ ਵੀ ਸ਼ਾਮਲ ਸਨ, ਲਈ ਅਥਾਹ ਪ੍ਰੇਰਨਾ ਅਤੇ ਰਾਹ ਦਰਸਾਵੇ ਦਾ ਸ੍ਰੋਤ ਬਣੀ। ਗ਼ਦਰ ਪਾਰਟੀ ਦੀ ਹੋਂਦ ਬਾਬਾ ਸੋਹਣ ਸਿੰਘ ਭਕਨਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕੇ ਹੀ ਸੀ। ਪਹਿਲੀ ਨਵੰਬਰ 1913 ਨੂੰ ਨਿੱਕਲਿਆ ਗ਼ਦਰ ਅਖ਼ਬਾਰ ਵਿੱਚ ਵੀ ਬਾਬਾ ਸੋਹਣ ਸਿੰਘ ਭਕਨਾ ਦਾ ਖਾਸ ਯੋਗਦਾਨ ਸੀ। ਪਾਰਟੀ ਸਥਾਪਨਾ ਤੋਂ ਮਗਰੋਂ ਬਾਬਾ ਜੀ ਨੇ ਨੌਕਰੀ ਛੱਡਕੇ ਆਵਦਾ ਸਮਾਂ ਪੂਰੀ ਤਰਾਂ ਜਥੇਬੰਦਕ ਕੰਮਾਂ ਲਈ ਹੀ ਦੇ ਦਿੱਤਾ।

ਬਾਬਾ ਜੀ ਦੀ ਲੋਕਾਈ ਦੀ ਮੁਕਤੀ ਪ੍ਰਤੀ ਆਪਾ-ਵਾਰੂ ਬਿਰਤੀ ਅੱਜ ਵੀ ਇਨਕਲਾਬੀਆਂ ਦਾ ਰਾਹ ਦਸੇਰਾ ਬਣਦੀ ਹੈ। ਵਿਦੇਸ਼ ਵਿੱਚ ਰਹਿੰਦਿਆ ਬਾਬੇ ਭਕਨੇ ਨੇ ਸਾਰੀ ਜ਼ਮੀਨ ਜਾਇਦਾਦ, ਜਾਨ ਹੂਲਵੀਂ ਮਿਹਨਤ ਨਾਲ਼ ਕਮਾਈ ਸਾਰੀ ਕਮਾਈ ਪਾਰਟੀ ਦੇ ਲੇਖੇ ਲਾ ਦਿੱਤੀ। ਜਦੋਂ ਗ਼ਦਰ ਪਾਰਟੀ ਨੇ ਦੂਜੇ ਮੁਲਕਾਂ ਵਿੱਚ ਰਹਿੰਦੇ ਭਾਰਤ ਦੇ ਇਨਕਲਾਬੀਆਂ ਨਾਲ਼ ਸੰਪਰਕ ਬਨਾਉਣ ਦੀ ਵਿਉਂਤ ਬਣਾਈ ਤਾਂ ਉਦੋਂ ਵੀ ਬਾਬਾ ਭਕਨਾ ਦੀ ਖਾਸ ਭੂਮਿਕਾ ਰਹੀ। ਕਾਮਾਗਾਟਾਮਾਰੂ ਜਹਾਜ਼ ਦੇ ਸਾਕੇ ਤੋਂ ਮਗਰੋਂ ਬਾਬਾ ਜੀ ਵੀ 14 ਅਕਤੂਬਰ 1914 ਨੂੰ ਕਲਕੱਤਾ ਮੁੜੇ ਤਾਂ ਕਿਰਪਾਲ ਸਿੰਘ ਵਰਗੇ ਗੱਦਾਰਾਂ ਦੀ ਮੁਖਬਰੀ ਕਰਕੇ, ਉਹਨਾਂ ਦੇ ਬਗਾਵਤੀ ਇਰਾਦਿਆਂ ਦੀ ਕਨਸੋਅ ਅੰਗਰੇਜ਼ ਹਕੂਮਤ ਨੂੰ ਲੱਗ ਚੁੱਕੀ ਸੀ, ਜਿਸ ਕਰਕੇ ਉਹਨਾਂ ਨੂੰ ਸਾਥੀਆਂ ਸਮੇਤ ਆਉਂਦਿਆਂ ਨੂੰ ਹੀ ਗਿ੍ਰਫਤਾਰ ਕਰ ਲਿਆ ਗਿਆ। 1914 ਦੇ ਅਖੀਰ ਵਿੱਚ ਇਨਕਲਾਬ ਦੀਆਂ ਗ਼ਦਰ ਪਾਰਟੀ ਦੀਆਂ ਕੋਸ਼ਿਸ਼ਾਂ ਦੀਆਂ ਮੁਖਬਰੀਆਂ ਪਹਿਲਾਂ ਤੋਂ ਹੀ ਅੰਗਰੇਜ਼ ਹਕੂਮਤ ਕੋਲ਼ ਪਹੁੰਚ ਗਈਆਂ ਸਨ। ਜਿਸ ਕਰਕੇ 21 ਫਰਵਰੀ 1915 ਦੀ ਗ਼ਦਰ ਬਗਾਵਤ ਨੂੰ ਅੰਗਰੇਜ ਹਕੂਮਤ ਨੇ ਬੁਰੀ ਤਰਾਂ ਕੁਚਲ਼ ਦਿੱਤਾ। ਇਸੇ ਤਹਿਤ ਅੰਗਰੇਜ ਹੂਕਮਤ ਨੇ 64 ਇਨਕਲਾਬੀਆਂ ’ਤੇ ਲਹੌਰ ਸਾਜਿਸ਼ ਕੇਸ ਚਲਾਇਆ, ਜਿਸ ਵਿੱਚ 24 ਇਨਕਲਾਬੀ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਫਾਂਸੀ ਦੀ ਸਜ਼ਾ ਮਿਲ਼ੇ ਇਨਕਲਾਬੀਆਂ ਵਿੱਚ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀਆਂ ਦੇ ਨਾਂ ਵੀ ਸ਼ਾਮਲ ਸਨ। ਫਾਂਸੀ ਵਾਲ਼ੇ ਦਿਨ 17 ਇਨਕਲਾਬੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ ਵਿੱਚ ਬਦਲ ਦਿੱਤਾ, ਜਿਸ ਵਿੱਚ ਬਾਬਾ ਸੋਹਣ ਸਿੰਘ ਭਕਨਾ ਦਾ ਨਾਂ ਵੀ ਸੀ। 10 ਦਸੰਬਰ 1915 ਨੂੰ ਬਾਬਾ ਸੋਹਣ ਸਿੰਘ ਭਕਨਾ ਨੂੰ ਅੰਡੇਮਾਨ ਜੇਲ੍ਹ ਲਿਆਂਦਾ ਗਿਆ, ਜਿੱਥੇ ਭੁੱਖ ਹੜਤਾਲਾਂ ਵਿੱਚ ਬਾਬਾ ਜੀ ਦੇ ਸਾਥੀ ਗ਼ਦਰੀ ਬਾਬਾ ਰਾਮ ਰੱਖਾ ਸਹਿਤ ਅੱਠ ਜਣੇ ਸ਼ਹੀਦ ਹੋਏ। ਫਿਰ ਉਹਨਾਂ ਨੂੰ ਸਾਥੀਆਂ ਸਮੇਤ ਮਦਰਾਸ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ। ਮਗਰੋਂ ਯਰਵਦਾ ਜੇਲ੍ਹ ਵਿੱਚ ਪੰਜ ਸਾਲ ਕੱਟਣ ਤੋਂ ਮਗਰੋਂ ਤਿੰਨ ਸਾਲਾਂ ਲਈ ਲਹੌਰ ਜੇਲ੍ਹ ਵਿੱਚ ਕੈਦ ਕੱਟੀ। ਲਹੌਰ ਜੇਲ੍ਹ ਵਿੱਚ ਰਹਿੰਦਿਆਂ ਹੀ ਉਹਨਾਂ ਦੀ ਮੁਲਾਕਾਤ ਸ਼ਹੀਦੇ-ਆਜ਼ਮ ਭਗਤ ਸਿੰਘ ਨਾਲ਼ ਵੀ ਹੋਈ। ਜਦੋਂ ਭਗਤ ਸਿੰਘ ਅਤੇ ਸਾਥੀਆਂ ਨੇ ਕੈਦੀਆਂ ਨਾਲ਼ ਕੀਤੇ ਜਾਂਦੇ ਵਿਤਕਰੇ ਵਿਰੁੱਧ ਜੇਲ੍ਹ ਅੰਦਰ ਭੁੱਖ ਹੜਤਾਲ ਵਿੱਢੀ ਤਾਂ ਜਦੋਂ ਇਹ ਖ਼ਬਰ ਬਾਬਾ ਭਕਨਾ ਤੱਕ ਪਹੁੰਚੀ ਤਾਂ ਉਨਹਾਂ ਵੀ ਭੁੱਖ ਹੜਤਾਲ ਕਰ ਦਿੱਤੀ। ਭਗਤ ਸਿੰਘ ਨੇ ਜਦੋਂ ਬਾਬਾ ਭਕਨਾ ਨੂੰ ਕਿਹਾ ਕਿ “ਤੁਸੀਂ ਪਹਿਲਾਂ ਹੀ ਬਹੁਤ ਕਸ਼ਟ ਝੱਲ ਚੁੱਕੇ ਹੋ। ਤੁਸੀਂ ਭੁੱਖ ਹੜਤਾਲ ਨਾ ਕਰੋ।” ਤਾਂ ਅੱਗੋਂ ਸਿਦਕ ਨਾਲ਼ ਜਵਾਬ ਦਿੰਦਿਆਂ ਸੂਰਮੇ ਬਾਬੇ ਨੇ ਕਿਹਾ “ਜਦ ਮੇਰੇ ਜਵਾਨ ਪੁੱਤ ਭੁੱਖ ਹੜਤਾਲ ’ਤੇ ਨੇ, ਮੇਰੇ ਕਿਵੇਂ ਰੋਟੀ ਲੰਘ ਸਕਦੀ ਹੈ।” ਅਖੀਰ ਜੁਲਾਈ 1930 ਨੂੰ ਬਾਬਾ ਜੀ ਨੂੰ ਸੱਠ ਸਾਲਾਂ ਦੀ ਉਮਰ ਵਿੱਚ ਰਿਹਾਅ ਕਰ ਦਿੱਤਾ ਗਿਆ।

ਪਰ ਇਸ ਮਗਰੋਂ ਵੀ ਸੂਰਮੇ ਬਾਬੇ ਦੀ ਨੌਜਵਾਨਾਂ ਵਾਲ਼ੀ ਹਿੰਮਤ, ਉਤਸ਼ਾਹ ਤੇ ਦਲੇਰੀ ਉਵੇਂ ਜਿਵੇਂ ਕਾਇਮ ਰਹੀ ਅਤੇ ਅੰਗਰੇਜ਼ੀ ਹਕੂਮਤ ਖਿਲਾਫ ਲੜਾਈ ਨੂੰ ਬਿਨਾਂ ਰੁਕੇ ਜਾਰੀ ਰੱਖਿਆ। ਉਮਰ ਕੈਦ ਤੋਂ ਰਿਹਾਅ ਹੋਣ ਮਗਰੋਂ ਜਦੋਂ ਬਾਬਾ ਜੀ ਦੀ ਉਮਰ 73 ਸਾਲਾਂ ਦੀ ਹੋ ਚੁੱਕੀ ਸੀ, ਤਾਂ ਇਹਨਾਂ ਅਗਲੇ 13 ਸਾਲਾਂ ਵਿੱਚੋਂ 9 ਸਾਲ ਬਾਬਾ ਜੀ ਨੇ ਜੇਲ੍ਹਾਂ ਵਿੱਚ ਹੀ ਕੱਟੇ। ਇਸ ਉਪਰੰਤ ਉਹਨਾਂ 1940 ਵਿੱਚ ਸਰਬ ਭਾਰਤੀ ਕਿਸਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਵੀ ਸਾਂਭੀਆਂ। ਜ਼ਿੰਦਗੀ ਦੇ ਅਖੀਰੀ ਵੇਲ਼ੇ ਤੱਕ ਬਾਬਾ ਭਕਨਾ ਨੇ ਇੱਕ ਇਨਕਲਾਬੀ ਦੀ ਜ਼ਿੰਦਗੀ ਜਿਉਂਈ। ਉਹਨਾਂ ਦੇ ਫਿਕਰ ਹਮੇਸ਼ਾ ਲੁੱਟ, ਜਬਰ ਤੇ ਗੁਲਾਮੀ ਦੇ ਬਰਖ਼ਿਲਾਫ ਬਗਾਵਤ ਸਿਰਜਣ ਵਿੱਚ ਰੁੱਝੇ ਰਹੇ। ਇਸੇ ਕਰਕੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਇੱਕ ਸਦੀਵੀ ਇਨਕਲਾਬੀ ਰਹੇ ਅਤੇ ਅੱਜ ਵੀ ਉਹਨਾਂ ਦਾ ਜੀਵਨ ਪੰਧ, ਵਿਚਾਰ ਲੁੱਟ-ਚੋਂਘ ਬਰਖ਼ਿਲਾਫ ਜੂਝਣ ਵਾਲ਼ੇ ਲੋਕਾਂ ਲਈ ਚਾਨਣ-ਮੁਨਾਰੇ ਵਜੋਂ ਮੂਹਰੇ ਖੜ੍ਹੇ ਹਨ।

ਅੱਜ ਗ਼ਦਰ ਪਾਰਟੀ ਦੇ ਬਾਨੀ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ (1870 ਤੋਂ 2020) ਜਨਮ ਵਰੇ੍ਹਗੰਢ ਮੌਕੇ ਦਿੱਤੀ ਜਾ ਰਹੀ ਸ਼ਰਧਾਂਜਲੀ, ਸਾਡੇ ਲਈ ਰਸਮੀ ਨਾ ਹੋਕੇ ਲਾਜ਼ਮੀ ਹੀ ਮੌਜੂਦਾ ਸਰਮਾਏਦਾਰਾ ਤੇ ਸਾਮਰਾਜੀ ਲੁੱਟ, ਜਬਰ ਖਿਲਾਫ, ਉਹਨਾਂ ਦੇ ਉੱਚੇ ਉਦੇਸ਼ਾਂ ਦੀ ਪੂਰਤੀ ਦੀਆਂ ਜਾਨ ਹੂਲਵੀਆਂ ਕੋਸ਼ਿਸ਼ਾਂ ਵੱਲੀਂ ਸੇਧਤ ਹੋਣੀ ਚਾਹੀਦੀ ਹੈ। 20 ਦਸੰਬਰ 1968 ਨੂੰ ਭਾਵੇਂ ਬਾਬਾ ਸੋਹਣ ਸਿੰਘ ਭਕਨਾ ਸਾਨੂੰ ਵਿਛੋੜਾ ਦੇ ਗਏ, ਪਰ ਉਹਨਾਂ ਦੇ ਕਹੇ ਬੋਲ (ਹੇਠਾਂ) ਅੱਜ ਵੀ ਫਿਜਾ ਵਿੱਚ ਘੁਲ਼ੇ ਹੋਏ ਸਾਨੂੰ ਵੰਗਾਰ ਪਾ ਰਹੇ ਹਨ, ਸੰਘਰਸ਼ ਲਈ ਪ੍ਰੇਰ ਰਹੇ ਹਨ। ਬਾਬਾ ਭਕਨਾ ਇਨਕਲਾਬੀ ਲਹਿਰ ਦੀ ਅਗਲੀ ਪੀੜੀ ਲਈ ਊਰਜਾ ਦੇ ਸ੍ਰੋਤ ਹਨ।

“ਨੌਜਵਾਨੋ! ਉੱਠੋ!
ਯੁੱਗ ਬਦਲ ਰਿਹਾ ਹੈ,
ਆਪਣੇ ਫਰਜ ਨੂੰ ਪੂਰਾ ਕਰੋ,
ਹਰ ਤਰਾਂ ਦੀ ਗੁਲਾਮੀ ਕੀ ਆਰਥਕ, ਕੀ ਸਿਆਸੀ,
ਤੇ ਕੀ ਸਮਾਜਕ, ਜੜੋਂ ਪੱਟ ਸੁੱਟੋ!
ਮਨੁੱਖਤਾ ਹੀ ਸੱਚਾ ਧਰਮ ਹੈ!
ਜੈ ਜਨਤਾ!!”

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 22-23, ਜਨਵਰੀ 2020 (ਸੰਯੁਕਤ ਅੰਕ) ਵਿੱਚ ਪਰ੍ਕਾਸ਼ਿਤ