ਅਜ਼ਾਦੀ ਦੀ ਲੜਾਈ ਅਤੇ ਰਾਸ਼ਟਰੀ ਸਵੈਸੇਵਕ ਸੰਘ •ਗਗਨ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਦੇ ਬਰਤਾਨਵੀ ਹਕੂਮਤ ਦੀ ਬਸਤੀ ਬਣਨ ਤੇ ਉਹਨਾਂ ਦੁਆਰਾ ਕੀਤੀ ਜਾ ਰਹੀ ਭਾਰਤ ਦੇ ਲੋਕਾਂ ਤੇ ਕੁਦਰਤੀ ਸਾਧਨਾਂ ਦੀ ਅੰਨ੍ਹੀ ਨੰਗੀ ਲੁੱਟ ਅਤੇ ਲੋਕਾਂ ‘ਤੇ ਕੀਤੇ ਜਾ ਰਹੇ ਬਰਬਰ ਅੱਤਿਆਚਾਰਾਂ ਵਿਰੁੱਧ ਭਾਰਤੀ ਲੋਕਾਂ ਦਾ ਗੁੱਸਾ ਉੱਠਣਾ ਲਾਜ਼ਮੀ ਸੀ। ਲੋਕਾਂ ਦੇ ਇਸ ਗੁੱਸੇ ਨੇ ਸ਼ੁਰੂ ਵੇਲ਼ੇ ਤਾਂ ਭਾਵੇਂ ਕੁਝ ਆਪ-ਮੁਹਾਰੇ ਰੋਹਾਂ ਦੀ ਰੂਪ ਲਿਆ, ਪਰ ਮਗਰੋਂ ਜਲਦੀ ਹੀ ਅਜਿਹੇ ਸਮੂਹਿਕ ਲੋਕ ਉਭਾਰਾਂ ਵਿੱਚ ਉੱਠਣੇ ਸ਼ੁਰੂ ਹੋਏ ਜਿਨ੍ਹਾਂ ਨੇ ਭਾਰਤੀ ਅਜ਼ਾਦੀ ਦੇ ਇਤਿਹਾਸ ‘ਤੇ ਆਪਣੀ ਅਮਿੱਟ ਛਾਪ ਛੱਡੀ। ਬਰਤਾਨਵੀ ਹਕੂਮਤ ਦੌਰਾਨ ਇਹਨਾਂ ਜਨਤਕ ਉਭਾਰ ਭਾਰਤ ਦੇ ਹਰ ਵਰਗ ਦੇ ਲੋਕਾਂ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ-ਮਰਦਾਂ ਜਾਤ-ਪਾਤ, ਨਸਲ, ਫਿਰਕੇ ਆਦਿ ਦੀਆਂ ਵੰਡੀਆਂ ਨੂੰ ਪਾਸੇ ਰੱਖ ਕੇ ਲੜੇ ਅਤੇ ਅਥਾਹ ਕੁਰਬਾਨੀਆਂ ਦਿੱਤੀਆਂ। ਲੋਕਾਂ ਨੇ ਅਪਣੀਆਂ ਕੀਮਤੀ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਅਜ਼ਾਦੀ ਦੇ ਘੋਲ਼ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ, ਜੇਲ੍ਹਾਂ ਗਏ, ਫਾਂਸੀਆਂ ਚੜੇ, ਸਰੀਰਕ ਤਸੀਹੇ ਝੱਲੇ, ਕਾਲ਼ੇ ਪਾਣੀਆਂ ਵਿੱਚ ਉਮਰਾਂ ਗਵਾਈਆਂ। ਲੋਕਾਂ ਦੀਆਂ ਇਹਨਾਂ ਕੁਰਬਾਨੀਆਂ ਨਾਲ਼ ਭਾਰਤੀ ਅਜ਼ਾਦੀ ਦਾ ਇਤਿਹਾਸ ਭਰਿਆ ਪਿਆ ਹੈ ਜੋ ਕਿ ਭਾਰਤੀ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਸਤਿਕਾਰਤ ਰਹੇਗਾ। ਇਹਨਾਂ ਅਥਾਹ ਕੁਰਬਾਨੀਆਂ ਕਾਰਨ ਹੀ ਭਾਰਤ 1947 ਵਿੱਚ ਬਸਤੀਵਾਦੀ ਗੁਲਾਮੀ ਦੇ ਜੂਲ਼ੇ ਤੋਂ ਅਜ਼ਾਦ ਹੋਇਆ, ਭਾਵੇਂ ਇਸ ਅਜ਼ਾਦੀ ਵਿੱਚ ਕਾਂਗਰਸ ਦੀ ਅਗਵਾਈ ਵਿੱਚ ਭਾਰਤੀ ਸਰਮਾਏਦਾਰ ਜਮਾਤ ਨੇ ਲੋਕਾਂ ਨੂੰ ਧੋਖਾ ਦਿੱਤਾ।

ਭਾਰਤੀ ਅਜ਼ਾਦੀ ਦੀ ਲੜਾਈ ਦੌਰਾਨ ਇਤਿਹਾਸ ਦੇ ਪੰਨੇ ‘ਤੇ ਉੱਕਰੀਆਂ ਇਹ ਲਹਿਰਾਂ, ਜਿਨ੍ਹਾਂ ਵਿੱਚ 1857 ਦੇ ਵਿਦਰੋਹ ਤੋਂ ਲੈ ਕੇ ਕੌਮੀ ਲਹਿਰਾਂ, ਨਾ-ਮਿਲਵਰਤਨ ਲਹਿਰ, ਭਾਰਤ ਛੱਡੋ ਲਹਿਰ, ਕੂਕਾ ਲਹਿਰ, ਬੱਬਰ ਆਕਾਲੀ ਲਹਿਰ, ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਐਸਸੋਇਸੇਨ, ਨੌਜਵਾਨ ਭਾਰਤ ਸਭਾ, ਪਗੜੀ ਸੰਭਾਲ ਲਹਿਰ, ਗਦਰ ਲਹਿਰ ਆਦਿ ਸਭ ਵਿੱਚ ਲੋਕਾਂ ਨੇ ਬਿਨਾਂ ਸਰਗਰਮ ਹਿੱਸਾ ਲਿਆ। ਅਸੀਂ ਇਹਨਾਂ ਲਹਿਰਾਂ ਨੂੰ ਮੁੱਖ ਦੋ ਧੜਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ ਕਾਂਗਰਸ ਦੀ ਅਗਵਾਈ ਵਾਲ਼ੀਆਂ ਲਹਿਰਾਂ ਜਿਨ੍ਹਾਂ ਵਿੱਚ ਗਾਂਧੀ ਤੇ ਨਹਿਰੂ ਦੀ ਮੁੱਖ ਭੂਮਿਕਾ ਸੀ। ਇਹ ਲਹਿਰਾਂ ਮੁੱਖ ਰੂਪ ਵਿੱਚ ਬਰਤਾਨਵੀ ਹਕੂਮਤ ਖਿਲਾਫ਼ ਲੋਕਾਂ ਦੇ ਨੁਮਾਇੰਦੇ ਦੇ ਤੌਰ ‘ਤੇ ਨਹੀਂ ਸਗੋਂ ਭਾਰਤੀ ਸਰਮਾਏਦਾਰ ਜਮਾਤ ਦੇ ਨੁਮਾਇੰਦੇ ਦੇ ਤੌਰ ‘ਤੇ ਲੜ ਰਹੀਆਂ ਸਨ। ਇਹ ਧਾਰਾ ਭਾਰਤੀ ਲੋਕਾਂ ਦੀ ਕਿਰਤ ਅਤੇ ਕੁਦਰਤੀ ਸਾਧਨਾਂ ਨੂੰ ਅੰਗੇਰਜ਼ ਹੁਕਮਰਾਨਾਂ ਤੋਂ ਅਜ਼ਾਦ ਕਰਵਾ ਕੇ ਇਹਨਾਂ ਨੂੰ ਭਾਰਤੀ ਸਰਮਾਏਦਾਰਾਂ ਹਵਾਲੇ ਕਰਨਾ ਚਾਹੁੰਦੀ ਸੀ। ਇਸ ਲਈ ਇਹ ਭਾਰਤੀ ਅਜ਼ਾਦੀ ਨੂੰ ਬਰਤਾਨਵੀ ਹਕੂਮਤ ਦੁਆਰਾ ਕੁੱਲ ਰਿਆਇਤਾਂ ਦੇ ਰੂਪ ਵਿੱਚ ਸਮਝੌਤਾ ਦਬਾਅ ਸਮਝੌਤਾ ਦੇ ਰੂਪ ਵਿੱਚ ਹਾਸਲ ਕਰਨਾ ਚਾਹੁੰਦੀ ਸੀ।

ਅਜ਼ਾਦੀ ਦੀ ਲੜਾਈ ਵਿੱਚ ਦੂਜੀ ਧਾਰਾ ਦੀ ਨੁਮਾਇੰਦਗੀ ਭਗਤ ਸਿੰਘ ਤੇ ਉਸਦੇ ਸਾਥੀਆਂ ਅਤੇ ਫਿਰ ਭਾਰਤ ਦੀ ਕਮਿਊਨਿਸਟ ਪਾਰਟੀ ਨੇ ਕੀਤੀ। ਇਹ ਧਾਰਾ ਕੁੱਝ ਰਿਆਇਤਾਂ ਦੇ ਰੂਪ ਵਿੱਚ ਨਹੀਂ ਸਗੋਂ ਭਗਤ ਸਿੰਘ ਦੇ ਸ਼ਬਦਾਂ ਵਿੱਚ ”ਪੂਰਨ ਅਜ਼ਾਦੀ” ਦੇ ਰੂਪ ਵਿੱਚ ਅਜ਼ਾਦੀ ਚਾਹੁੰਦੀ ਸੀ ਜਿਸ ਵਿੱਚ ਦੇਸ਼ ਦੀ ਵਾਗਡੋਰ ਮੁੱਠੀ ਭਰ ਧਨਾਢਾਂ ਦੀ ਥਾਂ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਕਿਰਤੀ ਤਬਕਿਆਂ ਦੇ ਹੱਥ ਵਿੱਚ ਹੋਵੇ। ਕਾਂਗਰਸੀ ਆਗੂਆਂ ਬਾਰੇ ਬੋਲਦਿਆਂ ਭਗਤ ਸਿੰਘ ਨੇ ਭਾਰਤੀ ਲੋਕਾਂ ਨੂੰ ਆਪਣੀ ਮੌਤ ਤੋਂ ਪਹਿਲਾਂ ਸੁਚੇਤ ਕੀਤਾ ਸੀ ਕਿ ਪੂਰਨ ਅਜ਼ਾਦੀ ਤੋਂ ਬਿਨ੍ਹਾਂ ਲੜਾਈ ਕੁੱਝ ਰਿਆਇਆ ਤੱਕ ਸੀਮਤ ਰਹੇਗੀ। ਇਸ ਨਾਲ਼ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਫਰਕ ਨਹੀਂ ਆਵੇਗਾ ਬਸ ਹਕੂਮਤ ਕਰਨ ਵਾਲ਼ਿਆਂ ਦੀ ਥਾਂ ਬਦਲੀ ਹੋਵੇਗੀ ਅਤੇ ਗੋਰਿਆਂ ਦੀ ਥਾਂ ਕਾਲ਼ੇ ਅੰਗਰੇਜ਼ ਆ ਜਾਣਗੇ। ਉਸਦੀ ਇਹ ਭਵਿੱਖਬਾਣੀ ਉਸਦੀ ਮੌਤ ਤੋਂ ਬਾਅਦ ਬਿਲਕੁਲ ਸਹੀ ਸਾਬਤ ਹੋਈ।

ਇਹਨਾਂ ਤੋਂ ਬਿਨਾਂ ਇੱਕ ਤੀਜੀ ਕਿਸਮ ਦੀ ਧਾਰਾ ਵੀ ਸੀ। ਜਿਸ ਵਿੱਚ ਮੁਸਲਿਮ ਲੀਗ, ਹਿੰਦੂ ਮਹਾਂਸਭਾ ਅਤੇ ਰਾਸ਼ਟਰੀ ਸਵੈਸੇਵਕ ਸੰਘ ਜਿਹੀਆਂ ਕੱਟੜਪੰਥੀ ਤੇ ਫਿਰਕੂ ਧਿਰਾਂ ਆਉਂਦੀਆਂ ਹਨ ਜੋ ਇਸ ਪੂਰੇ ਦੌਰ ਵਿੱਚ ਆਪਣੀ ਫਿਰਕੂ ਸਿਆਸਤ ਚਮਕਾਉਣ ਅਤੇ ਆਪਣੇ ਫਿਰਕੂ ਮੰਤਵਾਂ ਨੂੰ ਪੂਰੇ ਕਰਨ ਲਈ ਜ਼ੋਰ ਲਾ ਰਹੀਆਂ ਸਨ। ਇਹਨਾਂ ਵਿੱਚੋਂ ਰਾਸ਼ਟਰੀ ਸਵੈਸੇਵਕ ਸੰਘ (ਜਾਂ ਸਿਰਫ ਸੰਘ) ਹੁਣ ਪਹਿਲਾਂ ਨਾਲ਼ੋਂ ਕਿਤੇ ਵਧੇਰੇ ਤਾਕਤਵਾਰ ਤੇ ਵਧੇਰੇ ਵਿਆਪਕ ਰੂਪ ਵਿੱਚ ਸਰਗਰਮ ਹੈ। ਇਸ ਕੋਲ਼ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਸਿਆਸੀ ਚਿਹਰਾ ਵੀ ਹੈ।  ਇਹ ਵੀ ਭਾਰਤੀ ਦੀ ਸਰਮਾਏਦਾਰ ਜਮਾਤ ਦੀ ਸੇਵਾ ਕਰਨ ਵਾਲ਼ੀਆਂ ਧਾਰਾਵਾਂ ਵਿੱਚੋਂ ਹੀ ਹੈ। ਅੱਜ ਇਹ ਸਭ ਤੋਂ ਵੱਧ ਕੌਮਵਾਦੀ ਤੇ ਦੇਸ਼-ਭਗਤ ਹੋਣ ਦਾ ਦਿਖਾਵਾ ਲਗਾਤਾਰ ਚੀਕਾਂ ਮਾਰ-ਮਾਰ ਕੇ ਕਰ ਰਹੀ ਹੈ ਪਰ ਭਾਰਤ ਦੇ ਇਤਹਾਸ ਵਿੱਚੋਂ 1925 ਤੋਂ 1947 ਤੱਕ ਦਾ ਇਤਿਹਾਸ ਇਸਦੇ ਗਲ਼ ‘ਚ ਅੜੀ ਹੱਡੀ ਬਣਿਆ ਹੋਇਆ ਹੈ ਕਿਉਂਕਿ ਇਹ ਭਾਰਤੀ ਅਜ਼ਾਦੀ ਦੀ ਲਹਿਰ ਵਿੱਚ ਇਸਦੇ ਲੋਕ-ਵਿਰੋਧੀ, ਡਰਪੋਕ ਤੇ ਅੰਗਰੇਜ਼ ਹਕੂਮਤ ਪੱਖੀ ਕਿਰਦਾਰ ਦਾ ਗਵਾਹ ਹੈ। ਅਜ਼ਾਦੀ ਦੀ ਲੜਾਈ ਵਿੱਚ ਸੰਘ ਦੀ ਪੂਰੀ ਭੂਮਿਕਾ ਲੋਕ ਘੋਲ਼ਾਂ ਨੂੰ ਸਾਬੋਤਾਜ ਕਰਨ, ਲੋਕਾਂ ਨੂੰ ਆਪਸ ਵਿੱਚ ਲੜਾਉਣ, ਅੰਗਰੇਜ਼ੀ ਦੀ ਚਾਕਰੀ ਕਰਨ ਅਤੇ ਉਹਨਾਂ ਤੋਂ ਲਿਖਤੀ ਮਾਫ਼ੀਆਂ ਮੰਗਣ ਦੀ ਰਹੀ ਹੈ। ਇੰਨਾ ਹੀ ਨਹੀਂ ਸੰਘ ਭਗਤ ਸਿੰਘ ਵਰਗੇ ਨਾਇਕਾਂ ਖਿਲਾਫ਼ ਭੰਡੀ ਪ੍ਰਚਾਰ ਕਰਦਾ ਵੀ ਰਿਹਾ ਹੈ ਅਤੇ ਹੁਣ ਵੀ ਕਰ ਰਿਹਾ ਹੈ। ਇਸ ਲਈ ਸੰਘ ਵੱਲੋਂ ਇਸ ਦੌਰ ਦੇ ਇਤਿਹਾਸ ਉੱਪਰ ਵਾਰ-ਵਾਰ ਹਮਲਾ ਕੀਤਾ ਜਾਂਦਾ ਹੈ ਤੇ ਇਸਨੂੰ ਆਪਣੇ ਢੰਗ ਨਾਲ਼ ਮੁੜ ਲਿਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਿਸਾਲ ਵਜੋਂ 1998 ਤੋਂ 2004 ਤੱਕ ਜਦੋਂ ਭਾਜਪਾ ਦੀ ਅਗਵਾਈ ਵਾਲ਼ੀ ਸਰਕਾਰ ਕੇਂਦਰ ਵਿੱਚ ਰਹੀ ਤਾਂ ਮੁਰਲੀ ਮਨੋਹਰ ਜੋਸ਼ੀ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਬਣਇਆ ਗਿਆ। ਉਸਨੇ ਆਪਣੇ ਅਧੀਨ ਆਉਂਦੇ ‘ਭਾਰਤੀ ਇਤਿਹਾਸ ਖੋਜ ਕੇਂਦਰ’ ਉੱਪਰ ਸੰਘ ਨਾਲ਼ ਜੁੜੇ ਇਤਿਹਾਸਕਾਰ ਕੇ ਐਸ ਲਾਲ ਨੂੰ ਬਿਠਇਆ ਜਿਸਨੇ ਸੁਮਿਤ ਸਰਕਾਰ ਅਤੇ ਕੇ ਐਨ ਪਨੀਕਰ ਦੁਆਰਾ 1934 ਤੋਂ 1947 ਤੱਕ ਦੇ ਇਤਿਹਾਸ ਸਬੰਧੀ ਪ੍ਰੋਜੈਕਟ ‘ਟੂਵਰਡ ਫਰੀਡਮ’ (ਅਜਾਦੀ ਵੱਲ) ਉੱਤੇ ਰੋਕ ਲਾ ਦਿੱਤੀ, ਜਿਸਦੇ ਦੋ ਭਾਗ ਛਪ ਚੁੱਕੇ ਸਨ। ਕਾਰਨ ਇਹ ਸੀ ਕਿ ਇਹ ਪ੍ਰੋਜੈਕਟ ਸੰਘੀਆਂ ਦੇ ਕਾਲ਼ੇ ਇਤਿਹਾਸ ਨੂੰ ਨੰਗਾ ਕਰਦਾ ਸੀ ਅਤੇ ਸੰਘੀ ਆਪਣੇ ਇਸ ਦੌਰ ਦੇ ਕਾਲ਼ੇ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਉਣ ਤੋਂ ਡਰ ਰਹੇ ਸਨ। ਹੁਣ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਇਤਿਹਾਸ ਅਤੇ ਸਿੱਖਿਆ ਨਾਲ਼ ਜੁੜੀਆਂ ਸੰਸਥਾਵਾਂ ਉੱਤੇ ਸੰਘੀ ”ਵਿਦਵਾਨ” ਕਾਬਜ਼ ਹੋ ਗਏ ਹਨ ਤੇ ਬਸਤੀਵਾਦੀ ਦੌਰ ਸਮੇਤ ਸਾਰੇ ਇਤਿਹਾਸ ਨੂੰ ਫੇਰ ਤੋਂ ਲਿਖਣ ਦੀ ਗੱਲ ਚੱਲ ਰਹੀ ਹੈ। ਆਉ ਤੱਥਾਂ ਸਹਿਤ ਅਜ਼ਾਦੀ ਦੀ ਲੜਾਈ ਦੇ ਦੌਰ ਵਿੱਚ ਸੰਘੀਆਂ ਦੀ ਭੂਮਿਕਾ ਉੱਤੇ ਚਰਚਾ ਕਰਦੇ ਹਾਂ।

1925 ਵਿੱਚ ਨਾਗਪੁਰ ਵਿਖੇ ਦੁਸਹਿਰੇ ਵਾਲ਼ੇ ਦਿਨ ਰਾਸ਼ਟਰੀ ਸਵੈਸੇਵਕ ਸੰਘ ਦੀ ਸਥਾਪਨਾ ਹੋਈ। ਸੰਘ ਦਾ ਮੁਖੀ ਕੇਸ਼ਵ ਰਾਮ ਹੇਡਗਵਾਰ ਸੀ। ਉਹ ਮੁੰਜੇ ਦੇ ਪ੍ਰਭਾਵ ਹੇਠ ਫਾਸੀਵਾਦੀ ਵਿਚਾਰਾਂ ਵੱਲ ਆਇਆ ਸੀ। ਮੁੰਜੇ 1937 ਵਿੱਚ ਇਟਲੀ ਗਿਆ ਅਤੇ ਉੱਥੇ ਮੁਸੋਲਿਨੀ ਨੂੰ ਮਿਲ਼ਿਆ। ਮੁੰਜੇ ਨੇ ਹੀ ਹੇਡਗਵਾਰ ਨੂੰ ਨੌਜਵਾਨਾਂ ਦੇ ਦਿਮਾਗਾਂ ਵਿੱਚ ਫਿਰਕੂ ਜ਼ਹਿਰ ਘੋਲ਼ ਕੇ ਫਾਸੀਵਾਦੀ ਜਥੇਬੰਦੀ ਵਿੱਚ ਸ਼ਾਮਲ ਕਰਨ ਦੇ ਤੌਰ-ਤਰੀਕਿਆਂ ਬਾਰੇ ਦੱਸਿਆ ਜਿਨ੍ਹਾਂ ਦੀ ਵਰਤੋਂ ਸੰਘ ਅਜੇ ਵੀ ਬਾ-ਦਸਤੂਰ ਕਰ ਰਿਹਾ ਹੈ। ਉਸ ਵੇਲ਼ੇ ਸੰਘ ਨਾਲ਼ ਨੇੜਤਾ ਰੱਖਣ ਵਾਲ਼ੇ ਅਖ਼ਬਾਰ ਕੇਸਰੀ ਨੇ ਵੀ  1924 ਤੋਂ 1935 ਤੱਕ ਫਾਸਿਸਟ ਵਿਚਾਰਾਂ ਨੂੰ ਵੱਡੀ ਪੱਧਰ ‘ਤੇ ਫੈਲਾ ਕੇ ਫਾਸੀਵਾਦੀ ਜ਼ਮੀਨ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਆਪਣੇ ਜਨਮ ਤੋਂ ਹੀ ਇਸਦਾ ਮਕਸਦ ”ਹਿੰਦੂ ਰਾਸ਼ਟਰ” ਦੇ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨਾ ਰਿਹਾ ਹੈ। ਸੰਘ ਦੇ ਕੁੱਝ ਪੂਜਨੀਕ ਸੰਘੀ ਸੰਚਾਲਕਾਂ ਵਿਨਾਇਕ ਦਮੋਦਰ ਸਾਵਰਕਰ, ਗੋਵਲਕਰ ਤੇ ਹੋਰਾਂ ਦੀ ਗੱਲ ਕਰਦੇ ਹਾਂ ਕਿ ਕਿਵੇਂ ਉਹਨਾਂ ਨੇ ਭਾਰਤੀ ਅਜ਼ਾਦੀ ਦੇ ਬਰਤਾਨਵੀ ਹਕੂਮਤ ਵਿਰੋਧੀ ਲੋਕ ਘੋਲ਼ਾਂ ਨੂੰ ਨਿੰਦਿਆ ਅਤੇ ਲੋਕਾਂ ਨਾਲ਼ ਗੱਦਾਰੀ ਕਰਦੇ ਹੋਏ ਅੰਗਰੇਜ਼ਾਂ ਨਾਲ਼ ਵਫ਼ਦਾਰੀ ਨਿਭਾਈ। ਸੰਘ ਨੇ ਕਦੇ ਵੀ ਅੰਗਰੇਜ਼ਾਂ ਵਿਰੁੱਧ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਨਹੀਂ ਲਿਆ ਤੇ ਸ਼ੁਰੂ ਤੋਂ ਹੀ ਬਰਤਾਨਵੀ ਸਾਮਰਾਜਵਾਦੀਆਂ ਨਾਲ਼ ਸਮਝੌਤੇ ਕਰਨਾ ਹੀ ਇਸਦੀ ਨੀਤੀ ਸੀ। ਆਪਣੀ ਕਿਤਾਬ ‘ਵੀ ਅਰ ਅਵਰ ਨੇਸ਼ਨਹੁੱਡ ਡਿਫਾਇੰਸ’ ਵਿੱਚ ਵੀ ਗੋਵਲਕਰ ਨੇ ਇਹਨਾਂ ਵਿਚਾਰਾਂ ਦਾ ਬੜੀ ਬੇਸ਼ਰਮੀ ਨਾਲ਼ ਪ੍ਰਗਟਾਵਾ ਕੀਤਾ ਹੈ। ਇਸ ਵਿੱਚ ਉਸਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਸਦੀ ਹਿੰਦੂਤਵ ਦੀ ਸੋਚ ਆਪਣੇ ਜਨਮ ਸੁਭਾਅ ਤੋਂ ਹੀ ਬਰਤਾਨਵੀ ਸਾਮਰਾਜ ਵਿਰੁੱਧ ਉੱਠ ਰਹੀ ਅਜਿਹੇ ਕਿਸੇ ਅਜ਼ਾਦੀ ਦੀ ਲਹਿਰ ਨਾਲ਼ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ ਸੀ ਜਿਸਦਾ ਉਦੇਸ਼ ਇੱਕ ਅਜਿਹਾ ਪ੍ਰਬੰਧ ਸੀ ਜਿੱਥੇ ਹਿੰਦੂ, ਮੁਸਲਮਾਨਾਂ ਅਤੇ ਦੂਜੇ ਫਿਰਕੇ ਦੇ ਲੋਕਾਂ ਨਾਲ਼ ਬਰਾਬਰੀ ਦੀ ਹੈਸੀਅਤ ਰੱਖਣ। ਗੋਵਲਕਰ ਨੇ ਅਜਿਹੇ ਕਿਸੇ ਵੀ ਧਰਮ-ਨਿਰਪੱਖ ਲਹਿਰ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਜੋ ਹਿੰਦੂ ਕੌਮ ਜਾਂ ਨਸਲ ਦੀ ਉੱਚਤਾ ਨੂੰ ਨਹੀਂ ਮੰਨਦੀ ਸੀ। ਉਹ ਇਸ ਲਈ ਵੀ ਲੜਾਈ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ ਕਿਉਂਕਿ ਇਹ ਲੜਾਈ ਧਾਰਮਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੂਰੀ ਭਾਰਤੀ ਜਨਤਾ ਦੀ ਮੁਕਤੀ ਦੀ ਗੱਲ ਕਰਦੀ ਸੀ। ਕਿਉਂਕਿ ਇਹ ਲੜਾਈ ”ਹਿੰਦੂ ਰਾਸ਼ਟਰ” ਦੀ ਸਥਾਪਨਾ ਦੀ ਗਰੰਟੀ ਨਹੀਂ ਦਿੰਦੀ ਸੀ।

ਗੋਵਲਕਰ ਦੀ ਪੂਰੀ ਸੋਚ ਹੀ ਫਿਰਕੂ ਜ਼ਹਿਰ ਦਾ ਪ੍ਰਗਟਾਵਾ ਸੀ ਕਿਉਂਕਿ ਉਸ ਲਈ ਭਾਰਤ ਸਿਰਫ਼ ਤੇ ਸਿਰਫ਼ ਹਿੰਦੂਵਾਦੀ ਵਿਚਾਰਧਾਰਾ ਦੇ ਲੋਕਾਂ ਦੀ ਧਰਤੀ ਸੀ ਅਤੇ ਦੂਜੇ ਫਿਰਕਿਆਂ ਦੇ ਲੋਕਾਂ ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ਨੂੰ ਉਹ ਵਿਦੇਸ਼ੀ ਧਾੜਵੀ ਅਤੇ ਹਿੰਦੂਆਂ ਦੇ ਦੁਸ਼ਮਣ ਮੰਨਦਾ ਸੀ। ਉਹ ਹਿੰਦੂ ਕੌਮ ਨੂੰ ਸ਼ੁੱਧ ਆਰੀਆ ਮੰਨਦਾ ਸੀ ਜਿਸਦਾ ਭਾਰਤ ਦੀ ਧਰਤੀ ਉੱਤੇ ਜਨਮ ਸਿੱਧ ਅਧਿਕਾਰ ਹੈ। ਇਸ ਅੰਨ੍ਹੀ ਕੌਮਪ੍ਰਸਤੀ ਭਰੀ ਸੋਚ ਨੂੰ ਜੇਕਰ ਅਸੀਂ ਉਸਦੇ ਕਹੇ ਮੁਤਬਾਕ ਵੀ ਲਈਏ ਤਾਂ ਵੀ ਉਸਦੀ ਮੂਰਖਤਾ ਦਾ ਪ੍ਰਗਟਾਵਾ ਹੋ ਜਾਂਦਾ ਹੈ। ਭਾਰਤ ਨੂੰ ਗੁਲਾਮ ਅੰਗਰੇਜ਼ੀ ਸਾਮਰਾਜ ਨੇ ਬਣਾਇਆ, ਇੱਥੋਂ ਦੇ ਲੋਕਾਂ ਦੀ ਲੁੱਟ ਕੀਤੀ ਤੇ ਇੱਥੋਂ ਦੇ ਲੋਕਾਂ, ਭਾਵੇਂ ਉਹ ਕਿਸੇ ਵੀ ਧਰਮ, ਫਿਰਕੇ ਦੇ ਹੋਣ, ਉੱਤੇ ਜੁਲਮ ਕੀਤਾ। ਹੁਣ ਗੋਵਲਕਰ ਤੇ ਉਸਦੇ ਸੰਘੀ ਲਾਣੇ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਆਪਣੇ ਦੇਸ਼ ਨੂੰ ਲੁੱਟਣ ਵਾਲ਼ੀ ਉਸ ਬਰਤਾਨਵੀ ਹਕੂਮਤ ਵਿਰੁੱਧ ਘੋਲ਼ ਬੁਲੰਦ ਕਰਨਾ, ਪਰ ਉਸਨੇ ਅਜਿਹਾ ਨਾ ਕਰਕੇ ਇੱਥੋਂ ਦੇ ਲੋਕਾਂ ਨੂੰ ਹੀ ਆਪਣੀ ਫਿਰਕੂ ਜ਼ਹਿਰ ਦਾ ਨਿਸ਼ਾਨਾ ਬਣਾਇਆ ਕਿਉਂਕਿ ਅੰਗਰੇਜ਼ੀ ਹਕੂਮਤ ਖਿਲਾਫ਼ ਲੜਨਾ ਇਹਨਾਂ ਸੰਘੀ ਲਾਣੇ ਦੇ ਡਰਪੋਕ ਆਗੂਆਂ ਨੂੰ ਨਹੀਂ ਆਉਂਦਾ ਸੀ ਤੇ ਨਾ ਹੀ ਇਹ ਲੜਨਾ ਚਾਹੁੰਦੇ ਸਨ।

ਆਪਣੀ ਕਿਤਾਬ ਵਿੱਚ ਲਿਖੀਆਂ ਗੱਲਾਂ ਮੁਤਾਬਕ ਗੋਵਲਕਰ ਤੇ ਉਸਦੇ ਸੰਘੀ ਲਾਣੇ ਦਾ ਤਾਂ ਇਹ ਮੰਨਣਾ ਸੀ ਕਿ ਭਾਰਤੀ ਲੋਕਾਂ ਨੂੰ ਬਰਤਾਨਵੀ ਹਕੂਮਤ ਦੇ ਵਿਰੋਧ ਵਿੱਚ ਬਿਲਕੁਲ ਵੀ ਨਹੀਂ ਸੀ ਹੋਣਾ ਚਾਹੀਦਾ। ਭਾਰਤੀ ਲੋਕਾਂ ਨੇ ਇਸ ਹਕੂਮਤ ਵਿਰੁੱਧ ਲੜ ਕੇ ਕੁਰਬਾਨੀਆਂ ਦੇ ਕੇ, ਜੇਲ੍ਹਾਂ ਵਿੱਚ ਉਮਰ ਬਿਤਾ ਕੇ, ਫਾਸੀਆਂ ਚੜ ਕੇ, ਕਾਲ਼ੇ ਪਾਣੀਆਂ ਜਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਸ ਮੁਤਾਬਕ ਤਾਂ ਭਾਰਤ ਦੇ ਲੋਕਾਂ ਦੇ ਦੁੱਖਾਂ, ਦਰਦਾਂ ਦਾ ਕਾਰਨ ਬਰਤਾਨਵੀ ਹਕੂਮਤ ਨਹੀਂ ਸਗੋਂ ਭਾਰਤ ਦੇ ਲੋਕਾਂ ਦਾ ”ਪੁਰਾਤਨ ਕੌਮਵਾਦ” ਨੂੰ ਭੁੱਲ ਜਾਣਾ ਹੈ, ਜੋ ਕਿ ਵਿਗਿਆਨਕ, ਮਹਾਨ ਤੇ ਸਭ ਤੋਂ ਉੱਤਮ ਸੀ। ਉਸ ਮੁਤਾਬਕ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣਾ ਖਤਰਨਾਕ ਤੇ ਗਲਤ ਹੈ ਜੋ ਭਾਰਤੀ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਗੋਵਲਕਰ ਦੇ ਇਹ ਵਿਚਾਰ ਨਾ ਸਿਰਫ਼ ਸੰਘੀ ਲਾਣੇ ਦੀ ਫਿਰਕੂ ਮਾਨਸਿਕਤਾ ਦੀ ਉੱਘੜਵੀਂ ਮਿਸਾਲ ਹਨ ਸਗੋਂ ਇਹ ਉਹਨਾਂ ਦੀ ਬੁਜ਼ਦਿਲੀ ਨੂੰ ਵੀ ਨੰਗਿਆਂ ਕਰਦੇ ਹਨ। ਇੰਨਾ ਹੀ ਨਹੀਂ ਉਹ ਤਾਂ ਬਸਤੀਵਾਦੀ ਹਕੂਮਤ ਦੀਆਂ ਬੇਇਨਸਾਫੀਆਂ, ਅੱਤਿਆਚਾਰ ਨੂੰ ਵੀ ਮੰਨਣ ਤੋਂ ਇਨਕਾਰੀ ਹੋ ਜਾਂਦਾ ਹਨ। ਗੋਵਲਕਰ ਮੁਤਾਬਕ ਸੰਘ ਉਸ ਵੇਲ਼ੇ ਦੀ ਮੌਜੂਦਾ ਸਥਿਤੀ (ਬਸਤੀਵਾਦੀ ਗੁਲਾਮੀ) ਲਈ ਕਿਸੇ ਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ”ਜਦੋਂ ਲੋਕ ਦੂਜਿਆਂ ‘ਤੇ ਦੋਸ਼ ਮੜਦੇ ਹਨ ਤਾਂ ਮੂਲ ਵਿੱਚ ਉਹਨਾਂ ਦੀ ਆਪਣੀ ਕਮਜ਼ੋਰੀ ਹੁੰਦੀ ਹੈ। ਕਮਜ਼ੋਰਾਂ ਨਾਲ਼ ਹੋਣ ਵਾਲ਼ੀ ਬੇਇਨਸਾਫ਼ੀ ਨੂੰ ਤਾਕਤਵਰਾਂ ਸਿਰ ਮੜਨਾ ਗ਼ਲਤ ਹੈ। ਸੰਘ ਆਪਣਾ ਕੀਮਤੀ ਸਮਾਂ ਦੂਜਿਆਂ ਨੂੰ ਗਲਤ ਕਹਿਣ ‘ਚ ਨਹੀਂ ਗਵਾਉਂਣਾ ਚਾਹੁੰਦਾ।” ਇਸ ਤਰ੍ਹਾਂ ਸੰਘੀਆਂ ਮੁਤਾਬਕ ਬਰਤਾਨਵੀ ਹਕੂਮਤ ਵਿਰੁੱਧ ਅਜ਼ਾਦੀ ਲਈ ਲੜਿਆ ਗਿਆ ਘੋਲ਼ ਬੇਮਤਲਬ ਸੀ, ਲੋਕਾਂ ਦੀਆਂ ਅਥਾਹ ਕੁਰਬਾਨੀਆਂ ਸਭ ਬੇਕਾਰ ਸਨ ਕਿਉਂਕਿ ਇਸ ਬਸਤੀਵਾਦੀ ਗੁਲਾਮੀ ਦਾ ਕਾਰਨ ਅੰਗਰੇਜ਼ ਨਹੀਂ ਸਗੋਂ ”ਉਹਨਾਂ ਦੀ ਆਪਣੀ ਕਮਜ਼ੋਰੀ” ਸੀ। ਇਹ ਹੈ ਸੰਘ ਦੀ ਦੇਸ਼ਭਗਤੀ ਜੋ ਅੰਗੇਰਜ਼ਾਂ ਗਿੱਟਿਆਂ ਵਿੱਚ ਸਿਰ ਸੁੱਟੀ ਨਜ਼ਰ ਆਉਂਦੀ ਹੈ।

ਆਪਣੀ ਇਸੇ ਸੋਚ ਕਾਰਨ ਗੋਵਲਕਰ ਦੀ ਅਗਵਾਈ ‘ਚ ਸੰਘ ਨੇ ਅਜ਼ਾਦੀ ਦੀ ਲੜਾਈ ਲਈ ਚੱਲੀਆਂ 1920-21 ਦੀ ‘ਨਾ-ਮਿਲਵਰਤਣ’ ਲਹਿਰ ਅਤੇ 1942 ਦੀ ‘ਭਾਰਤ ਛੱਡੋ ਲਹਿਰ’ ਜਿਹੀਆਂ ਵੱਡੀਆਂ ਲਹਿਰਾਂ ਸਮੇਤ ਅਨੇਕਾਂ ਲਹਿਰਾਂ ਦਾ ਬਾਈਕਾਟ ਕਰਕੇ ਇਹਨਾਂ ਤੋਂ ਦੂਰੀ ਬਣਾਈ ਰੱਖੀ ਸਗੋਂ ਇਹਨਾਂ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ ਕਰਕੇ ਭਾਰਤੀ ਲੋਕਾਂ ਨਾਲ਼ ਗੱਦਾਰੀ ਕੀਤੀ ਅਤੇ ਖੁਦ ਨੂੰ ਅੰਗਰੇਜ਼ ਹਕੂਮਤ ਦੇ ਹੱਕ ਵਿੱਚ ਭੁਗਤਾਇਆ। ਇੰਨਾ ਹੀ ਨਹੀਂ ਜਦੋਂ ਵੀ ਇਹਨਾਂ ਹਿੰਦੂ ਕੱਟੜਪੰਥੀ ਤਾਕਤਾਂ ਦੇ ਆਗੂ ਨੂੰ ਕਿਸੇ ਕਾਰਨ ਜੇਲ੍ਹ ਜਾਣਾ ਪਿਆ ਤਾਂ ਇਹ ਮੁਆਫੀਨਾਮੇ ਲਿਖ ਕੇ ਬਾਹਰ ਆਉਂਦੇ ਰਹੇ। ਸੰਘੀ ਅੱਜ ਜਿਸ ਵੀਰ ਸਾਵਰਕਰਕ ਦੇ ਸੋਹਲੇ ਗਾਉਂਦੇ ਹਨ ਉਹ ਵੀ ਅੰਡੇਮਾਨ ਜੇਲ੍ਹ ਵਿੱਚੋਂ 14 ਨਵੰਬਰ, 1913 ਨੂੰ ਮੁਆਫੀਨਾਮਾ ਲਿਖ ਕੇ ਬਾਹਰ ਆਇਆ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਮੁਆਫੀ ਲਈ ”ਮੈਂ ਬਰਤਾਨਵੀ ਹਕੂਮਤ ਦੀ ਹਰ ਤਰ੍ਹਾਂ ਸੇਵਾ ਕਰਨ ਲਈ ਤਿਆਰ ਹਾਂ।” ਇਸੇ ਤਰ੍ਹਾਂ 1998-2004 ‘ਚ ਪ੍ਰਧਾਨ ਮੰਤਰੀ ਰਹੇ ਭਾਜਪਾ ਦੇ ਅਟੱਲ ਬਿਹਾਰੀ ਵਾਜਪਈ ਨੂੰ ਵੀ 1942 ਦੀ ‘ਭਾਰਤ ਛੱਡੋ’ ਲਹਿਰ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਸਦੇ ਪਿੰਡ ਵਿੱਚ ਲੋਕਾਂ ਨੇ ਜੰਗਲਾਤ ਮਹਿਕਮੇ ਦੇ ਦਫ਼ਤਰ ‘ਤੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਵਾਜਪਈ ਵੀ ਮੁਆਫੀਨਾਮਾ ਲਿਖਕੇ ਛੁੱਟਿਆ ਸੀ। ਵਾਜਪਈ ਨੇ ਇਸ ਮੁਆਫੀਨਾਮੇ ਵਿੱਚ ਸਾਫ਼ ਕੀਤਾ ਸੀ ਕਿ ਉਹ ਇਸ ਲਹਿਰ ਵਿੱਚ ਸ਼ਾਮਲ ਨਹੀਂ ਹੋਇਆ ਸੀ ਸਗੋਂ ਦੂਰੋਂ ਖੜਾ ਦੇਖ ਰਿਹਾ ਸੀ। ਉਸਨੇ ਮੁਆਫੀ ਲਈ ਕੁੱਝ ਲੋਕਾਂ ਦੇ ਨਾਮ ਵੀ ਨਸ਼ਰ ਕੀਤੇ ਸਨ। ਇਸਦਾ ਖੁਲਾਸਾ 1998 ਵਿੱਚ ਅੰਗਰੇਜ਼ੀ ਰਸਾਲੇ ‘ਫਰੰਟਲਾਈਨ’ ਵਿੱਚ ਹੋਇਆ ਸੀ। ਸੰਘ ਦਾ ਇੱਕ ਹੋਰ ਆਗੂ ਤੇ ਜਨ ਸੰਘ ਦੇ ਮੁਖੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੁਆਰਾ ਬੰਗਾਲ ਵਿੱਚ ਅੰਗਰੇਜ਼ਾਂ ਦੇ ਪੱਖ ਂਚ ਬੋਲਣਾ ਵੀ ਇਸਦੀ ਇੱਕ ਹੋਰ ਵੱਡੀ ਉਦਾਹਰਨ ਹੈ। ਇੰਨਾ ਹੀ ਨਹੀਂ ਸੰਘ ਦੇ ਮੈਂਬਰ ਅੰਗਰੇਜ਼ਾਂ ਲਈ ਮੁਖਬਰੀ ਕਰਕੇ ਤੇ ਹੋਰ ਵੱਖੋ-ਵੱਖਰੇ ਢੰਗਾਂ ਰਾਹੀਂ ਅੰਗਰੇਜ਼ਾਂ ਦੀ ਸੇਵਾ ਕਰਦੇ ਰਹੇ। ਐਵੇਂ ਤਾਂ ਨਹੀਂ 1937 ਵਿੱਚ ਮੁੰਜੇ ਦੁਆਰਾ ਸੰਘੀਆਂ ਦੇ ਹਥਿਆਰਬੰਦ ਅੱਤਵਾਦੀ ਤਿਆਰ ਕਰਨ ਲਈ ਖੋਲ੍ਹੇ ਭੋਂਸਲੇ ਮਿਲਟਰੀ ਸਕੂਲ ਦੀ ਸਥਾਪਨਾ ਵਿੱਚ ਅੰਗਰੇਜ਼ਾਂ ਨੇ ਮਦਦ ਕੀਤੀ ਸੀ।

ਸੰਘੀ ਲਾਣਾ ਜਿਹੜੇ ਪਟੇਲ ਦੀ ਗੁਣਗਾਣ ਕਰਦਾ ਨਹੀਂ ਥੱਕਦਾ ਤੇ ਜਿਸਦੇ ਵੱਡੇ ਬੁੱਤ ਉਸਾਰ ਕੇ ਉਸ ਨੂੰ ਭਾਰਤੀ ਹਿੰਦੂ ਸਿਆਸਤ ਦਾ ਪਿਤਾਮਾ ਬਣਾਉਣ ਦੀਆਂ ਕੋਸ਼ਿਸ਼ ਕਰ ਰਿਹਾ ਹੈ ਉਹ ਵੀ ਸੰਘੀਆਂ ਦੇ ਲੋਕ ਸੰਘਰਸ਼ ਨੂੰ ਪਿੱਠ ਦਿਖਾਉਣ ਤੇ ਗੱਦਾਰੀ ਕਰਨ ਵਿੱਚ ਪਿੱਛੇ ਨਹੀਂ ਸੀ।  ਫਰਵਰੀ 1946 ਵਿੱਚ ਰਾਇਲ ਇੰਡੀਅਨ ਨੇਵੀ (ਅੰਗਰੇਜੀ ਰਾਜ ਅਧੀਨ ਭਾਰਤੀ ਸਮੁੰਦਰੀ ਫ਼ੌਜ) ਦੁਆਰਾ ਬਗਾਵਤ ਦੀ ਘਟਨਾ ਭਾਵੇਂ ਆਸਮਾਨ ਵਿੱਚ ਟੁੱਟਦੇ ਤਾਰੇ ਵਾਂਗ ਹੀ ਚਮਕੀ ਪਰ ਉਸ ਨੇ ਬਰਤਾਨਵੀ ਹਕੂਮਤ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਭਾਰਤੀ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ ਉਸ ਦੇ ਵੱਸੋਂ ਬਾਹਰ ਹੈ। 18 ਫਰਬਰੀ 1946 ਨੂੰ ਜਦੋਂ ਬੰਬਈ ਤੱਟ ‘ਤੇ ਤੈਨਾਤ ਸਮੁੰਦਰੀ  ਬੇੜੇ ‘ਐੱਚ.ਐੱਮ.ਆਈ. ਤਲਵਾਰ’ ਦੇ ਜਹਾਜ਼ੀਆਂ ਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਸ਼ਿਕਾਇਤ ਕਰਨ ਤੇ ਉਹਨਾਂ ਨੂੰ ਜਵਾਬ ਮਿਲ਼ਿਆ,”ਭਿਖਾਰੀਆਂ ਦੀ ਆਪਣੀ ਕੋਈ ਪਸੰਦ ਨਹੀਂ ਹੁੰਦੀ”। ਇਸ ਤੇ ਫੌਜੀ ਭੜਕ ਉੱਠੇ ਤੇ ਹੜਤਾਲ ਤੇ ਚਲੇ ਗਏ, ਤੇ ਕੋਈ ਵੀ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਇੱਕ ਜਹਾਜ਼ ਤੋਂ ਸ਼ੁਰੂ ਹੋਈ ਇਹ ਬਗਾਵਤ 74 ਜਹਾਜ਼ਾਂ, 22 ਤੱਟੀ ਬੈਰਕਾਂ ਅਤੇ 20 ਬੇੜਿਆਂ ਤੱਕ ਫੈਲ ਗਈ। ਬਾਗ਼ੀ ਕਲਕੱਤੇ ਪਹੁੰਚੇ ਤਾਂ ਉੱਥੋਂ ਦੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਤੇ ਹੋਰ ਕਿਰਤੀਆਂ ਨੇ ਉਹਨਾਂ ਦੇ ਹੱਕ ਵਿੱਚ ਹੜਤਾਲ ਕਰ ਦਿੱਤੀ। ਉਸ ਵੇਲ਼ੇ ਕਾਂਗਰਸ, ਗਾਂਧੀ, ਨਹਿਰੂ, ਜਿਨਹਾ ਸਮੇਤ ਸਭ ਨੇ ਇਸਦਾ ਸਾਥ ਦੇਣ ਦੀ ਥਾਂ ਬਾਗ਼ੀਆਂ ਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ, ਇਕੱਲੀ ਕਮਿਊਨਿਸਟ ਪਾਰਟੀ ਉਹਨਾਂ ਦੇ ਹੱਕ ਵਿੱਚ ਡਟੀ ਸੀ। ਸੰਘ ਦੇ ”ਮਹਾਨ” ਲੀਡਰ ਸਰਦਾਰ ਪਟੇਲ ਨੇ ਕਿਹਾ ਕਿ ”ਇਹ ਬਗਾਵਤ ਕੁਝ ਸਿਰਫਿਰੇ, ਗੁਸਤਾਖ਼ ਦਿਮਾਗਾਂ ਨੌਜਵਾਨਾਂ ਕਰਕੇ ਹੋਈ ਹੈ।” ਜਦੋਂ ਕਿ ਇਹ ਘਟਨਾ ਦਾ ਕਾਰਨ ਭਾਰਤੀ ਫ਼ੌਜੀਆਂ ਪ੍ਰਤੀ ਅੰਗਰੇਜ਼ ਅਫਸਰਾਂ ਦੇ ਘਟੀਆ ਵਤੀਰੇ ਤੇ ਘਟੀਆ ਖਾਣੇ, ਅਣ-ਮਨੁੱਖੀ  ਵਰਤੋਂ ਸੀ। ਮਗਰੋਂ ਅੰਗਰੇਜ਼ਾਂ ਨੂੰ ਕਲਕੱਤੇ ਦੀਆਂ ਗਲ਼ੀਆਂ ਵਿੱਚ ਕਤਲੇਆਮ ਕਰਕੇ ਇਸ ਬਗਾਵਤ ਨੂੰ ਖੂਨ ਦੀ ਨਦੀ ਵਿੱਚ ਡੋਬ ਦਿੱਤਾ। ਇਹਨਾਂ ਬਾਗ਼ੀਆਂ ਦੇ ਖੂਨ ਦੇ ਧੱਬੇ ਕਾਂਗਰਸ, ਸੰਘੀਆਂ ਆਦਿ ਸਭ ‘ਤੇ ਲੱਗੇ ਹੋਣ ਕਾਰਨ ਇਤਿਹਾਸ ਦੇ ਇਸ ਸ਼ਾਨਾਮੱਤੇ ਪੰਨੇ ਦਾ ਸਰਕਾਰੀ ਕਿਤਾਬਾਂ, ਸਿਲੇਬਸਾਂ ਵਿੱਚ ਕਿਤੇ ਜ਼ਿਕਰ ਨਹੀਂ ਮਿਲ਼ਦਾ।

ਅਜ਼ਾਦੀ ਦੀ ਲਹਿਰ ਵਿੱਚ ਲੋਕਾਂ ਨਾਲ਼ ਗੱਦਾਰੀ ਅਤੇ ਅੰਗਰੇਜ਼ਾਂ ਦੀ ਚਾਕਰੀ ਕਰਨ ਵਾਲ਼ੇ ਇਹਨਾਂ ਸੰਘੀਆਂ ਨੇ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ, ਅਸ਼ਫਾਕ ਉੱਲਾ ਖਾਂ ਵਰਗੇ ਅਜ਼ਾਦੀ ਦੀ ਲਹਿਰ ਦੇ ਨਾਇਕਾਂ ਨੂੰ ਬੱਦੂ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਸੰਘ ਪਰਿਵਾਰ ਲਈ ਗੀਤਾ ਦੇ ਬਰਾਬਰ ਮੰਨੀ ਜਾਂਦੀ ਕਿਤਾਬ ‘ਬੰਚ ਆਫ਼ ਥਾਟਸ’ ਵਿੱਚ ਲਿਖਿਆ ਹੋਇਆ ਹੈ ਕਿ ”ਬੇਸ਼ੱਕ ਅਜਿਹੇ ਵਿਅਕਤੀ ਜਿਹੜੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਤੇ ਹਨ, ਮਹਾਨ ਹਨ। ਪਰ ਫਿਰ ਵੀ ਅਜਿਹੇ ਵਿਅਕਤੀਆਂ ਨੂੰ ਸਮਾਜ ਵਿੱਚ ਆਦਰਸ਼ ਦੇ ਰੂਪ ਵਿੱਚ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਉਹ ਆਪਣਾ ਨਿਸ਼ਾਨਾ ਪ੍ਰਾਪਤ ਕਰਨ ਵਿੱਚ ਅਸਫਲ ਰਹੇ, ਮਤਲਬ ਉਹਨਾਂ ਵਿੱਚ ਕੋਈ ਕਮੀ ਸੀ।” ਇੰਨਾ ਹੀ ਨਹੀਂ ਸੰਘੀ ਆਪਣੇ ਵੱਲੋਂ ਲਿਖੇ ਇਤਾਹਸ ਵਿੱਚ ਵੀ ਇਹਨਾਂ ਸ਼ਹੀਦਾਂ ਖਿਲਾਫ਼ ਬੇਬੁਨਿਆਦ ਗੱਲਾਂ ਲਿਖਦੇ ਹਨ ਅਤੇ ਇਹਨਾਂ ਨੂੰ ਸੰਘੀ ਸਾਂਚੇ ਵਿੱਚ ਫਿੱਟ ਕਰਕੇ ਵਰਤਣ ਦੀਆਂ ਕੋਸ਼ਿਸ਼ ਵੀ ਕਰਦੇ ਹਨ।

ਇਹ ਹੈ ਸੰਘ ਦੀ ਕੌਮਪ੍ਰਸਤੀ ਤੇ ਦੇਸ਼ਭਗਤੀ ਦੇ ਅਸਲ ਚਿਹਰੇ ਦਾ ਕੁੱਝ ਸੰਖੇਪ ਜਿਕਰ। ਅੱਜ ਇਹ ਕੌਮਪ੍ਰਸਤ ਤੇ ਦੇਸ਼ਭਗਤ ਹੋਣ ਦਾ ਜਿੰਨਾ ਮਰਜ਼ੀ ਦਾਅਵਾ ਕਰ ਲਵੇ,  ਗਲ਼ ਪਾੜਵਾਂ ਰੌਲ਼ਾ ਪਾ ਲਵੇ, ਪਰ ਇਹ ਆਪਣੇ ਗੱਦਾਰੀਆਂ ਤੇ ਬੁਜ਼ਦਿਲੀ ਦੇ ਇਤਿਹਾਸ ਨੂੰ ਲੁਕਾ ਨਹੀਂ ਸਕਦਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 37, ਮਾਰਚ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s