ਮੈਂਗਲੂਰ ਦੇ ਪੱਬ ‘ਚ ਔਰਤਾਂ ‘ਤੇ ਹਿੰਸਕ ਹਮਲਾ —ਲਖਵਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਫ਼ਾਸੀਵਾਦੀ ਕੇਸਰੀ ਗਰੋਹ ਦਾ ਅਖੌਤੀ ਪੱਬ ਵਿਰੋਧ

ਕਰਨਾਟਕ ਦੇ ਇੱਕ ਪੱਬ ਵਿੱਚ 24 ਜਨਵਰੀ ਨੂੰ ਹਿੰਦੂ ਕੱਟੜਪੰਥੀ ਜੱਥੇਬੰਦੀ ‘ਸ਼੍ਰੀ ਰਾਮ ਸੇਨਾ’ ਦੇ ਗੁੰਡਾ ਗਰੋਹ ਦੁਆਰਾ ਅਖੌਤੀ ਪਬ ਵਿਰੋਧ ਦੇ ਨਾਂ ‘ਤੇ ਕੁੜੀਆਂ ‘ਤੇ ਕੀਤੇ ਗਏ ਹਿੰਸਕ ਹਮਲੇ ਦੀ ਹਰ ਇੱਕ ਜਮਹੂਰੀਅਤ ਪਸੰਦ ਵਿਅਕਤੀ ਦੁਆਰਾ ਬੇਕਿਰਕ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਬੇਸ਼ੱਕ ਅਸੀਂ ਲੱਚਰ ਪੱਬ ਸੱਭਿਆਚਾਰ ਦੇ ਸਖ਼ਤ ਵਿਰੋਧੀ ਹਾਂ ਪਰ ਔਰਤਾਂ ਨੂੰ ਹਮੇਸ਼ਾਂ ਪੈਰ ਦੀ ਜੁੱਤੀ ਸਮਝਣ ਵਾਲ਼ੇ ਅਤੇ ਉਹਨਾਂ ਨੂੰ ਹਮੇਸ਼ਾਂ 

ਅਨੇਕਾਂ ਅਦ੍ਰਿਸ਼ ਸਮਾਜਿਕ ਜੰਜ਼ੀਰਾਂ ਵਿੱਚ ਕੈਦ ਵਿੱਚ ਰੱਖਣ ਦੀ ਔਰਤ ਵਿਰੋਧੀ ਅਤੇ ਹੱਦ ਦਰਜੇ ਦੀ ਪਿਛਾਖੜੀ ਸੋਚ ਰੱਖਣ ਵਾਲ਼ੇ ਇਹਨਾਂ ਕੇਸਰੀ ਫ਼ਾਸੀਵਾਦੀਆਂ ਦੇ ਵਿਰੋਧ ਕਰਨ ਪਿੱਛੇ ਦੀ ਸੋਚ ਅਤੇ ਸਾਡੇ ਵਿਰੋਧ ਕਰਨ ਦੀ ਸੋਚ ਵਿੱਚ ਜਮੀਨ ਅਸਮਾਨ ਦਾ ਫ਼ਰਕ ਹੈ।

‘ਸ਼੍ਰੀ ਰਾਮ ਸੇਨਾ’ ਜਿਹਾ ਲੋਕ ਲੁਭਾਊ ਨਾਮ ਰੱਖਣ ਵਾਲ਼ੀ ਇਸ ਜੱਥੇਬੰਦੀ ਦੇ ਲੀਡਰਾਂ ਦੇ ਸੁਪਨੇ ਬਿਨਾਂ ਸ਼ੱਕ ਇਹੋ ਨੇ ਕਿ ਉਹ  ਹਿੰਦੂ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲ਼ੇ ਆਮ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਸਤੇਮਾਲ ਕਰਕੇ ਰਾਜਨੀਤੀ ਵਿੱਚ ਉੱਚੇ ਤੋਂ ਉੱਚਾ ਉੱਠਣਾ ਚਾਹੁੰਦੇ ਹਨ। ਉਹਨਾਂ ਨੂੰ ‘ਪੱਬ ਸੱਭਿਆਚਾਰ’ ਨੂੰ ਖ਼ਤਮ ਕਰਨ ਵਿੱਚ ਦਿਲੋਂ ਕੋਈ ਦਿਲਚਸਪੀ ਨਹੀਂ ਹੈ। ਇਹ ਅਖੌਤੀ ਰਾਮ ਸੈਨਿਕ ਸਿਰਫ਼ ਔਰਤਾਂ ਦੇ ਪੱਬਾਂ ਵਿੱਚ ਜਾਣ ਦਾ ਵਿਰੋਧ ਕਰਦੇ ਹਨ ਪੁਰਸ਼ਾਂ ਦਾ ਨਹੀਂ। ਕੁੜੀਆਂ ਦੇ ਕੁੱਟ-ਕੁਟਾਪੇ ਦੀ ਇਹ ਕਾਰਵਾਈ ਵੀ ਬੇਸ਼ੱਕ ਸਿਰਫ਼ ਪ੍ਰਸਿੱਧੀ ਹਾਸਿਲ ਕਰਨ ਦਾ ਹੀ ਇੱਕ ਨੀਚ ਰਸਤਾ ਅਪਣਾਇਆ ਗਿਆ ਹੈ। ਜਿਸ ਢੰਗ ਨਾਲ਼ ਮੀਡੀਆ ਵਾਲ਼ਿਆਂ ਨਾਲ਼ ਗਿੱਟ-ਮਿੱਟ ਕਰਕੇ ‘ਸ਼੍ਰੀ ਰਾਮ ਸੇਨਾ’ ਨੇ ਆਪਣੇ ਐਕਸ਼ਨ ਦੀ ਵੀਡੀਓ ਰਿਕਾਰਡਿੰਗ ਕਰਵਾਈ ਉਸਤੋਂ ਹੀ ਇਸ ਗੱਲ ਦਾ ਸਾਫ਼ ਪਤਾ ਲੱਗ ਜਾਂਦਾ ਹੈ। ਇਹ ਕੋਈ ਵੱਡੀ ਜੱਥੇਬੰਦੀ ਨਹੀਂ ਹੈ। ਮੈਂਗਲੂਰ ਵਿੱਚ ਹੀ ਇਸ ਦੀ ਦੂਸਰੇ ਹਿੰਦੂ ਕੱਟੜਪੰਥੀ ਗਰੋਹ ਬਜਰੰਗ ਦਲ ਸਾਹਮਣੇ ਹੀ ਕੋਈ ਔਕਾਤ ਨਹੀਂ ਹੈ। ਪਰ ਇਸ ਘਟਨਾ ਨੇ ਸਾਰੇ ਦੇਸ਼ ਵਿੱਚ ਇਸ ਦਾ ਨਾਂ ਕਰ ਦਿੱਤਾ ਹੈ। ਆਪਣੇ ਇਸ ਐਕਸ਼ਨ ਪਿੱਛੇ ਇਸ ਜੱਥੇਬੰਦੀ ਦੇ ਲੀਡਰਾਂ ਦੀ ਬੱਸ ਇਹੋ ਯੋਜਨਾ ਸੀ।

‘ਸ਼੍ਰੀ ਰਾਮ ਸੈਨਾ’ ਨਾਮ ਦਾ ਇਹ ਕੇਸਰੀ ਗੁੰਡਾ ਗਿਰੋਹ ‘ਰਾਸ਼ਟਰੀ ਹਿੰਦੂ ਸੇਨਾ’ ਨਾਂ ਦੀ ਰਾਜਨੀਤਕ ਪਾਰਟੀ ਦਾ ਨੌਜਵਾਨ ਫਰੰਟ ਹੈ। ਇਸ ਪਾਰਟੀ ਦਾ ਕੌਮੀ ਪ੍ਰਧਾਨ ਪ੍ਰਮੋਦ ਮੁਤਾਲਿਕ ਹੈ। ਪ੍ਰਮੋਦ ਮੁਤਾਲਿਕ ਦਾ ਪਿਛੋਕੜ ਜਾਨਣਯੋਗ ਹੈ। ਉਸਨੂੰ ਆਰ.ਐਸ.ਐਸ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਮੁੱਢਲੀ ਹਿੰਦੂਤਵਵਾਦੀ ਕੱਟੜਪੰਥੀ ਟ੍ਰੇਨਿੰਗ ਹਾਸਿਲ ਹੋਈ। ਜਦੋਂ 1996 ਵਿੱਚ ਕਰਨਾਟਕ ਵਿੱਚ ਬਜਰੰਗ ਦਲ ਦੀ ਸ਼ੁਰੂਆਤ ਹੋਈ ਤਾਂ ਉਹ ਇਸ ਦਾ ਪਹਿਲਾ ਕਨਵੀਨਰ ਬਣਿਆ। ਬਜਰੰਗ ਦਲ ਵਿੱਚ ਲਾਏ ਆਪਣੇ ਅੱਠ ਵਰ੍ਹਿਆਂ ਦੌਰਾਨ ਉਸਨੇ ਮੁਸਲਮਾਨਾਂ ਖਿਲਾਫ਼ ਜ਼ੋਰਦਾਰ ਸਰਗਰਮੀ ਕੀਤੀ। ਰਾਜਨੀਤੀ ਵਿੱਚ ਉੱਚਾ ਉੱਠਣ ਦੇ ਆਪਣੇ ਸੁਪਨਿਆਂ ਦੇ ਪੂਰਾ ਹੋਣ ਲਈ ਮੁੱਖ ਹਿੰਦੂਤਵਵਾਦੀ ਰਾਜਨੀਤਕ ਪਾਰਟੀ ਭਾਜਪਾ ਵਿੱਚ ਘੱਟ ਸੰਭਾਵਨਾਵਾਂ ਵੇਖਦੇ ਹੋਏ ਉਹ 2004 ਵਿੱਚ ਸ਼ਿਵ ਸੈਨਾ ਵਿੱਚ ਸ਼ਾਮਲ ਹੋ ਗਿਆ। ਪਰ ਉੱਥੇ ਵੀ ਉਸਨੂੰ ਆਪਣੇ ਰਾਜਨੀਤਕ ਕੈਰੀਅਰ ਬਣਾਉਣ ਦੇ ਮਨਸੂਬੇ ਪੂਰੇ ਹੁੰਦੇ ਨਜ਼ਰ ਨਾ ਆਏ। ਉਸੇ ਸਾਲ ਉਸਨੇ ‘ਰਾਸ਼ਟਰੀ ਹਿੰਦੂ ਸੇਨਾ’ ਨਾਂ ਦੀ ਨਵੀਂ ਪਾਰਟੀ ਬਣਾਈ।  ਇਸ ਤਰ੍ਹਾਂ ਪ੍ਰਮੋਦ ਮੁਤਾਲਿਕ ਨੇ ਜਿਹੜੀਆਂ ਵੀ ਜੱਥੇਬੰਦੀਆਂ ਵਿੱਚ ਕੰਮ ਕੀਤਾ ਹੈ ਉਹ ਸਭ ਭਾਰਤ ਵਿੱਚ ਫਾਸਿਸਟਾਂ ਦੀ ਪ੍ਰਤੀਨਿਧਤਾ ਕਰਨ ਵਾਲ਼ੇ ਹਿੰਦੂਤਵਵਾਦੀ ਕੱਟੜਪੰਥੀ ਸੰਘ ਪਰਿਵਾਰ ਦਾ ਹਿੱਸਾ ਹਨ। ਇਹਨਾਂ ਸਭ ਦੇ ਲੀਡਰ ਅਤੇ ਜੱਥੇਬੰਦਕ ਢਾਂਚੇ ਵੱਖ-ਵੱਖ ਹੋ ਸਕਦੇ ਹਨ। ਪਰ ਇਹਨਾਂ ਦੀ ਸੋਚ ਇੱਕੋ ਹੈ ਅਤੇ ਆਮ ਤੌਰ ‘ਤੇ ਮਿਲ ਕੇ ਚਲਦੇ ਹਨ। ਦੁਨੀਆਂ ਭਰ ਦੇ ਧਾਰਮਿਕ ਕੱਟੜਪੰਥੀਆਂ ਵਾਂਗ ਸੰਘ ਪਰਿਵਾਰ ਵੀ ਮਨੁੱਖੀ ਅਜ਼ਾਦੀ ਦੇ ਸਭਨਾਂ ਰੂਪਾਂ ਦਾ ਘੋਰ ਵਿਰੋਧੀ ਹੈ। ਖਾਸਕਰ ਔਰਤਾਂ ਦੀ ਅਜ਼ਾਦੀ ਦੇ ਤਾਂ ਇਹ ਕੱਟੜ ਵਿਰੋਧੀ ਹਨ। ‘ਸੱਭਿਆਚਾਰ ਦੀ ਨੈਤਿਕ ਰਖਵਾਲੀ’ ਦੇ ਨਾਂ ‘ਤੇ ਕੇਵਲ ਔਰਤਾਂ ਨੂੰ ਹੀ ਨਿਸ਼ਾਨਾਂ ਬਣਾਇਆ ਜਾਂਦਾ ਹੈ। ਕਰਨਾਟਕਾ ਵਿੱਚ ਪੱਬ ਹਮਲੇ ਦੀ ਇਸ ਘਟਨਾ ਤੋਂ ਵੀ ਇਹ ਸਾਫ਼ ਦੇਖਿਆ ਜਾ ਸਕਦਾ ਹੈ। ਕੇਸਰੀ ਗਰੋਹ ਜ਼ੀਨ-ਸ਼ਰਟ ਪਾਉਣਾ ਪਸੰਦ ਕਰਨ ਵਾਲੀਆਂ ਲੜਕੀਆਂ ‘ਤੇ ਵੀ ਅਕਸਰ ਹੀ ਹਿੰਸਕ ਹਮਲੇ ਕਰਦੇ ਰਹਿੰਦੇ ਹਨ। ਪੱਬ ਹਮਲੇ ਦੀ ਉਤੇਜਨਾਂ ਤੋਂ ਬਾਅਦ ਵੀ ਮੁੰਬਈ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ।

ਇਹ ਕੇਸਰੀ ਗਰੋਹ ਮਨੁੱਖ ਦੇ ਪ੍ਰੇਮ ਕਰਨ ਦੀ ਅਜ਼ਾਦੀ ਦੇ ਘੋਰ ਵਿਰੋਧੀ ਹਨ। ਵੈਲਨਟਾਈਨ ਡੇ ‘ਤੇ ਪ੍ਰੇਮੀ ਜੋੜਿਆਂ ਨੂੰ ਘੇਰ ਕੇ ਲੜਕੀ ਤੋਂ ਲੜਕੇ ਦੇ ਰੱਖੜੀ ਬਨਵਾਉਣ ਤੋਂ ਲੈ ਕੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਦੀਆਂ ਘਟਨਾਵਾਂ ਹਰ ਸਾਲ ਸਾਹਮਣੇ ਆਉਂਦੀਆਂ ਹਨ। ਇਹਨਾਂ ਦੀ ਇਸ ਘੋਰ ਪਿਛਾਖੜੀ ਸੋਚ ਦਾ ਅੰਦਾਜ਼ਾ ਇਸ ਘਟਨਾ ਤੋਂ ਲਾਇਆ ਜਾ ਸਕਦਾ ਹੈ। ਸੰਨ 2007 ਵਿੱਚ ਬਜਰੰਗ ਦਲ ਦੇ ਕਾਰਕੁੰਨਾਂ ਨੇ ਮੈਂਗਲੂਰ ਵਿੱਚ ਮੁਸਲਿਮ ਨੌਜਵਾਨਾਂ ਦੀ ਉਦੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਦੋਂ ਉਹ ਆਪਣੀਆਂ ਹਿੰਦੂ ਦੋਸਤ ਲੜਕੀਆਂ ਨਾਲ਼ ਪਬਲਿਕ ਥਾਂ ‘ਤੇ ਆਈਸ ਕ੍ਰੀਮ ਖਾ ਰਹੇ ਸਨ। 

ਔਰਤਾਂ ਨੂੰ ਪਰਦੇ ਦੀ ਕੈਦ ਸੁਣਾਉਣ ਵਾਲ਼ੇ ਇਸ ਕੇਸਰੀ ਗਰੋਹ ਦਾ ਕੀ ਤੁਸੀਂ ਤਾਲੀਬਾਨ ਨਾਲੋਂ ਕੋਈ ਫ਼ਰਕ ਦੱਸ ਸਕੋਗੇ? ਦੋਨੋਂ ਇੱਕ ਦੂਜੇ ਤੋਂ ਅੱਗੇ ਹੋ ਕੇ ਔਰਤ ਵਿਰੋਧੀ ਹਨ। ਔਰਤਾਂ ਨਾਲ਼ ਹੋਈ ਇਸ ਗੁੰਡਾਗਰਦੀ ਖਿਲਾਫ਼ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਲੜਕੀਆਂ ਨੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ। ਉਹਨਾਂ ਦੇ ਹੱਥਾਂ ਵਿੱਚ ਤਖਤੀਆਂ ‘ਤੇ ਲਿਖਿਆ ਸੀ— ‘ਬੀਵੇਅਰ ਆਫ਼ ਇੰਡੀਅਨ ਤਾਲੀਬਾਨ’ (ਭਾਰਤੀ ਤਾਲੀਬਾਨ ਤੋਂ ਖਬਰਦਾਰ ਰਹੋ)। ਸੱਚਮੁੱਚ ਔਰਤਾਂ ਦਾ ਕੇਸਰੀ ਤਾਲੀਬਾਨਾਂ ਤੋਂ ਖਬਰਦਾਰ ਰਹੇ ਬਿਨਾਂ ਹੁਣ ਸਰ ਨਹੀਂ ਸਕਦਾ।

ਹਰ ਤਰ੍ਹਾਂ ਦਾ ਧਾਰਮਿਕ ਕੱਟੜਪੰਥ ਔਰਤ ਵਿਰੋਧੀ ਹੈ

ਅਸਲ ਵਿੱਚ ਹਰ ਤਰ੍ਹਾਂ ਦਾ ਧਾਰਮਿਕ ਕੱਟੜਪੰਥ ਹਮੇਸ਼ਾਂ ਤੋਂ ਹੀ ਮਨੁੱਖ ਦੀ ਅਜ਼ਾਦੀ ਦਾ ਵਿਰੋਧੀ ਰਿਹਾ ਹੈ। ਔਰਤਾਂ ਦੀ ਅਜ਼ਾਦੀ ਦੇ ਤਾਂ ਦੁਨੀਆਂ ਭਰ ਦੇ ਧਾਰਮਿਕ ਕੱਟੜਪੰਥੀ ਘੋਰ ਵਿਰੋਧੀ ਰਹੇ ਹਨ। ਇਸਦਾ ਸਭ ਤੋਂ ਵੱਡਾ ਤਸ਼ੱਦਦ ਔਰਤਾਂ ‘ਤੇ ਹੀ ਹੁੰਦਾ ਹੈ। ਧਾਰਮਿਕ ਕੱਟੜਪੰਥੀ ਔਰਤਾਂ ਨੂੰ ਅਨੇਕਾਂ-ਅਨੇਕ ਅਦ੍ਰਿਸ਼ ਜ਼ੰਜੀਰਾਂ ਰਾਹੀਂ ਜਕੜ ਕੇ ਰੱਖਣਾ ਚਾਹੁੰਦੇ ਹਨ। ਔਰਤਾਂ ਨੂੰ ਮਰਦ ਦੀ ਗੁਲਾਮ ਬਣਾ ਕੇ ਰੱਖਣਾ ਉਹਨਾਂ ਦੇ ਮੁੱਖ ਏਜੰਡਿਆਂ ਵਿੱਚ ਸ਼ਾਮਲ ਰਹਿੰਦਾ ਹੈ। ਅਣਗਿਣਤ ਤੱਥਾਂ ਰਾਹੀਂ ਇਹ ਗੱਲ ਸਾਬਿਤ ਕੀਤੀ ਜਾ ਸਕਦੀ ਹੈ। ਅਸੀਂ ਕੁਝ ਹੀ ਉਦਾਹਰਣਾਂ ਦੇਵਾਂਗੇ। ਅੱਜ ਇਸਲਾਮਿਕ ਕੱਟੜਪੰਥੀ ਤਾਲੀਬਾਨ ਸਵਾਤ ਘਾਟੀ ਵਿੱਚ ਜੋ ਸ਼ਰੀਅਤ ਕਾਨੂੰਨ ਲਾਗੂ ਕਰ ਰਿਹਾ ਹੈ ਉਸ ਵਿੱਚ ਸਭ ਤੋਂ ਵੱਧ ਔਰਤਾਂ ‘ਤੇ ਹੀ ਪਾਬੰਦੀਆਂ ਲਾਈਆਂ ਗਈਆਂ ਹਨ। ਪਰਦੇ ਤੋਂ ਬਾਹਰ ਕੋਈ ਔਰਤ ਨਹੀਂ ਰਹਿ ਸਕਦੀ। ਉਹਨਾਂ ਤੋਂ ਸਿੱਖਿਆ ਹਾਸਿਲ ਕਰਨ ਤੱਕ ਦਾ ਅਧਿਕਾਰ ਖੋਹ ਲਿਆ ਗਿਆ ਹੈ। ਪੰਜਾਬ ਵਿੱਚ ਸਿੱਖ ਕੱਟੜਪੰਥੀ ਖਾਲਿਸਤਾਨੀਆਂ ਦਾ ਨਾਹਰਾ ਸੀ ‘ਇੱਕ ਗੁੱਤ ਵਾਲ਼ੀ ਭੈਣ, ਦੋ ਗੁੱਤ ਵਾਲ਼ੀ ਸਾਲ਼ੀ, ਪਟਿਆਂ ਵਾਲ਼ੀ ਘਰਵਾਲ਼ੀ’!! ਇਸਾਈ ਕੱਟੜਪੰਥ ਦਾ ਇਤਿਹਾਸ ਵੀ ਇਸ ਮਾਇਨੇ ਵਿੱਚ ਭੋਰਾ ਭਰ ਵੀ ਅਲੱਗ ਨਹੀਂ। ਪੱਛਮ ਵਿੱਚ ਅੱਜ ਔਰਤਾਂ ਦੀ ਮੁਕਾਬਲਤਨ ਵੱਧ ਅਜ਼ਾਦੀ (ਮੁਕਾਬਲਤਨ ਘੱਟ ਗੁਲਾਮੀ ਕਹਿਣਾ ਜਿਆਦਾ ਠੀਕ ਹੋਵੇਗਾ) ਐਵੇਂ ਹੀ ਹਾਸਿਲ ਨਹੀਂ ਹੋ ਸਕੀ। ਪੂੰਜੀਵਾਦੀ-ਜਮਹੂਰੀ ਇਨਕਾਲਬਾਂ ਸਮੇਂ ਜਗੀਰਦਾਰੀ ਖਿਲਾਫ਼ ਲੜਦੇ ਹੋਏ ਜਮਹੂਰੀ ਇਨਕਲਾਬੀਆਂ ਦੀ ਇਸਾਈਅਤ ਨਾਲ਼ ਸਿੱਧੀ ਟੱਕੜ ਹੋਈ ਜੋ ਜਗੀਰਦਾਰੀ ਦਾ ਮਜ਼ਬੂਤ ਥੰਮ ਸੀ। ਇਸਾਈਅਤ ਦੇ ਘੋਰ ਔਰਤ ਵਿਰੋਧੀ ਹੋਣ ਦੇ ਨਾਤੇ ਔਰਤਾਂ ਦੀ ਅਜ਼ਾਦੀ ਲਈ ਵਿਆਪਕ ਸੱਭਿਆਚਾਰਕ ਸੰਘਰਸ਼ ਚਲਾਇਆ ਗਿਆ ਸੀ। ਹਿੰਦੂ ਕੱਟੜਪੰਥੀਆਂ ਦੇ ਔਰਤ ਵਿਰੋਧੀ ਕਿਰਦਾਰ ਬਾਰੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਸਿੱਟਾ ਇਹ ਹੈ ਕਿ ਬਿਨਾਂ ਕਿਸੇ ਰਿਆਇਤ ਦਿਲੀ ਦੇ ਸਭ ਤਰ੍ਹਾਂ ਦੇ ਧਾਰਮਿਕ ਕੱਟੜਪੰਥੀਆਂ ਖਿਲਾਫ਼ ਬੇਕਿਰਕ ਸੰਘਰਸ਼ ਮਨੁੱਖ ਦੀ ਸੱਚੀ ਅਜ਼ਾਦੀ ਹਾਸਲ ਕਰਨ ਲਈ ਇੱਕ ਜਰੂਰੀ ਸ਼ਰਤ ਹੈ।

ਕੋਝੇ ਸਭਿਆਚਾਰ ਦੀਆਂ ਜੜ੍ਹਾਂ ਅਤੇ ਸੱਚੀ ਮਨੁੱਖੀ ਅਜ਼ਾਦੀ ਦੇ ਹਾਮੀ ਉਸਾਰੂ ਸੱਭਿਆਚਾਰ ਵਾਲ਼ੇ ਸਮਾਜ ਦੀ ਉਸਾਰੀ

ਅਸੀਂ ਲੇਖ ਦੇ ਆਰੰਭ ਵਿੱਚ ਹੀ ਸਪੱਸ਼ਟ ਕੀਤਾ ਹੈ ਕਿ ਅਸੀਂ ‘ਪੱਬ ਸੱਭਿਆਚਾਰ’ ਦੇ ਖਿਲਾਫ਼ ਹਾਂ। ਪਰ ਇਸ ਦਾ ਇਹ ਅਰਥ ਨਹੀਂ ਹੈ ਕਿ ਅਸੀਂ ਔਰਤਾਂ ਦੀ ਅਜ਼ਾਦੀ ਦੇ ਵਿਰੋਧੀ ਹਾਂ। ਜੇ ਮਰਦ ਪੱਬਾਂ ਵਿੱਚ ਜਾ ਸਕਦੇ ਹਨ ਤਾਂ ਔਰਤਾਂ ਵੀ ਓਨਾ ਹੀ ਅਧਿਕਾਰ ਰੱਖਦੀਆਂ ਹਨ। ਪਰ ਇਹਨਾਂ ਪੱਬਾਂ ਵਿੱਚ ਜੋ ਕੁਝ ਵੀ ਹੁੰਦਾ ਹੈ ਉਹ ਕਿਸੇ ਉਸਾਰੂ ਸੱਭਿਆਚਾਰ ਦੀ ਨਿਸ਼ਾਨੀ ਨਹੀਂ। ਜੇ ਪੱਬ ਸੱਭਿਆਚਾਰ ਨੂੰ ਸਭਿਆਚਾਰਕ ਕੂੜੇ-ਕਰਕਟ ਦੀ ਢੇਰੀ ਕਿਹਾ ਜਾਵੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ।

ਇਸ ਕੂੜੇ-ਕਰਕਟ ਦਾ ਹਟਾਇਆ ਜਾਣਾ ਜ਼ਰੂਰੀ ਹੈ। ਪਰ ਕੀ ਪੱਬਾਂ ਵਿੱਚ ਜਾਣ ਵਾਲ਼ੇ ਕੁੜੀਆਂ-ਮੁੰਡਿਆਂ ਖਿਲਾਫ਼ ਹਿੰਸਕ ਕਾਰਵਾਈਆਂ ਨਾਲ਼ ਇਹ ਕੂੜਾ-ਕਰਕਟ ਸਾਫ਼ ਕੀਤਾ ਜਾ ਸਕਦਾ ਹੈ? ਇਸ ਸਵਾਲ ਦਾ ਜਿਨ੍ਹਾਂ ਦਾ ਜਵਾਬ ਹਾਂ ਵਿੱਚ ਹੈ ਉਹ ਜਾਂ ਤਾਂ ‘ਸ਼੍ਰੀ ਰਾਮ ਸੇਨਾ’ ਜਿਹੀਆਂ ਕੇਸਰੀ ਤਾਲੀਬਾਨੀ ਜੱਥੇਬੰਦੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਜਾਂ ਉਹ ਬਹੁਤ ਵੱਡੇ ਅਣਜਾਣ ਹਨ। ਇਥੋਂ ਤੱਕ ਕਿ ਜੇ ਤੁਸੀਂ ਇਹ ਵੀ ਕਹੋ ਕਿ ਪੱਬਾਂ ਵਿੱਚ ਜਾਣ ਵਾਲ਼ਿਆਂ ਨੂੰ ਸਮਝਾ ਬੁਝਾ ਕੇ ਪੱਬ ਸੱਭਿਆਚਾਰ ਖ਼ਤਮ ਕੀਤਾ ਜਾ ਸਕਦਾ ਹੈ ਤਾਂ ਵੀ ਅਸੀਂ ਤੁਹਾਡੇ ਨਾਲ਼ ਸਹਿਮਤ ਨਹੀਂ ਹੋ ਪਾਵਾਂਗੇ। ਕੇਸਰੀ ਤਾਲੀਬਾਨੀਆਂ ਨੂੰ ਤਾਂ ਜਿੰਨੇ ਮਰਜੀ ਤਰਕ ਦੇ ਦਿਓ। ਇਹਨਾਂ ਹਿਟਲਰ ਦੇ ਭਾਰਤੀ ਅਵਤਾਰਾਂ ਨਾਲ਼ ਤਾਂ ਲੋਕ ਹੀ ਨਜਿੱਠਣਗੇ। ਅਸੀਂ ਬਾਕੀਆਂ ਨਾਲ਼ ਤਰਕ ਸਾਂਝੇ ਕਰਨਾ ਚਾਹਾਂਗੇ।

ਪੱਬਾਂ ਵਿੱਚ ਜਾਣ ਵਾਲ਼ਿਆਂ ਨੇ ‘ਪੱਬ ਸੱਭਿਆਚਾਰ’ ਪੈਦਾ ਨਹੀਂ ਕੀਤਾ ਸਗੋਂ ਇਹ ਤਾਂ ਦੁਨੀਆਂ ਵਿੱਚ ਚੱਲ ਰਹੇ ਇੱਕ ਹੋਰ ਵਰਤਾਰੇ ਦਾ ਹੀ ਅੰਗ ਮਾਤਰ ਹੈ। ਨੱਬੇ ਦੇ ਦਹਾਕੇ ਦੀ ਸ਼ੁਰੂਆਤ ਤੋਂ ਜਦੋਂ ਤੋਂ ਵਿਸ਼ਵੀਕਰਨ-ਉਦਾਰੀਕਰਨ ਦੀਆਂ ਨੀਤੀਆਂ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਹੀ ਅਸੀਂ ਇਸ ਕਿਸਮ ਦੇ ਸੱਭਿਆਚਾਰ ਦੇ ਫੈਲਾਅ ਦਾ ਲਗਾਤਾਰ ਉਤਾਂਹ ਨੂੰ ਜਾਂਦਾ ਹੋਇਆ ਗ੍ਰਾਫ਼ ਵੇਖ ਸਕਦੇ ਹਾਂ। ਸਾਮਰਾਜਵਾਦ ਆਪਣੇ ਵਾਧੂ ਉਤਪਾਦਨ ਦੇ ਸੰਕਟ ਚੋਂ ਨਿਕਲਣ ਲਈ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਵਿਸ਼ਾਲ ਮੰਡੀ ਵਿੱਚ ਵਾਧੂ ਉਤਪਾਦਿਤ ਜਿਣਸਾਂ ਅਤੇ ਵਿੱਤੀ ਪੂੰਜੀ ਨੂੰ ਖਪਾਉਣਾ ਚਾਹੁੰਦਾ ਸੀ। ਵਿਸ਼ਵੀਕਰਨ-ਨਿਜੀਕਰਨ ਦੀਆਂ ਨੀਤੀਆਂ ਇਸੇ ਜ਼ਰੂਰਤ ਵਿੱਚੋਂ ਘੜੀਆਂ ਗਈਆਂ। ਤੀਜੀ ਦੁਨੀਆਂ ਦੀਆਂ ਪੂੰਜੀਪਤੀ ਹਾਕਮ ਜਮਾਤਾਂ ਨੇ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਵਿੱਚ ਸਾਮਰਾਜਵਾਦ ਦੇ ਛੋਟੇ ਭਾਈਵਾਲ ਬਣਨ ਵਿੱਚ ਆਪਣਾ ਹਿੱਤ ਵੀ ਸਮਝਿਆ ਅਤੇ ਇਹ ਉਹਨਾਂ ਦੀ ਮਜ਼ਬੂਰੀ ਵੀ ਸੀ। ਵਿਸ਼ਵੀਕਰਨ-ਉਦਾਰੀਕਰਨ-ਨਿਜੀਕਰਨ ਦੀਆਂ ਨੀਤੀਆਂ ਨੂੰ ਇੱਕ ਖਾਸ ਕਿਸਮ ਦੇ ‘ਪੱਛਮੀ ਸੱਭਿਆਚਾਰ’ ਦੇ ਪ੍ਰਚਾਰ-ਪ੍ਰਸਾਰ ਦੀ ਲੋੜ ਸੀ। ਕਲਾਸਿਕੀ ਪੱਛਮੀ ਸੱਭਿਆਚਾਰ ਦੀਆਂ ਉਹ ਕਦਰਾਂ ਕੀਮਤਾਂ ਜੋ ਮਨੁੱਖ ਦੇ ਆਪਸੀ ਸੰਬੰਧਾਂ ਵਿੱਚ ਜਮਹੂਰੀਅਤ ਅਤੇ ਬਰਾਬਰਤਾ ਦੀ ਹਾਮੀ ਭਰਦੀਆਂ ਹਨ, ਉਹਨਾਂ ਦੀ ਕੋਈ ਲੋੜ ਨਹੀਂ ਸੀ ਸਗੋਂ ਇੱਥੇ ਪੱਛਮੀ ਸੱਭਿਆਚਾਰਕ ਕੂੜੇ ਕਰਕਟ ਦੀ ਜਰੂਰਤ ਸੀ ਜੋ ਲੋਕਾਂ ਦੁਆਰਾ ਕੀਤੀ ਜਾਂਦੀ ਖਪਤ ਨੂੰ ਵਧਾ ਕੇ ਪੂੰਜੀਵਾਦ ਨੂੰ ਵਾਧੂ ਉਤਪਾਦਨ ਦੇ ਸੰਕਟ ਵਿੱਚੋਂ ਕੱਢ ਸਕੇ। ਉਦਾਹਰਣ ਦੇ ਤੌਰ ‘ਤੇ ਔਰਤਾਂ ਦੇ ਛੋਟੇ ਕੱਪੜੇ ਪਹਿਨਣ ਨੂੰ ਪੱਛਮ ਵਿੱਚ ਉਵੇਂ ਹੀ ਸਹਿਜਤਾ ਨਾਲ਼ ਲਿਆ ਜਾਂਦਾ ਹੈ ਜਿਵੇਂ ਭਾਰਤ ਵਿੱਚ ਕੱਪੜਿਆਂ ਨਾਲ਼ ਸਾਰਾ ਸਰੀਰ ਢੱਕਣ ਨੂੰ। ਪਰ ਔਰਤਾਂ ਦਾ ਛੋਟੇ ਕੱਪੜੇ ਪਹਿਨਣਾ ਭਾਰਤੀ ਮਰਦ ਮਨੋਚੇਤਨਾ ਲਈ ਵਿਸ਼ੇਸ਼ ਆਕਰਸ਼ਣ ਪੈਦਾ ਕਰਦਾ ਹੈ ਜਿਸਦਾ ਦਾ ਵਿਗਿਆਪਨ ਦੁਨੀਆਂ ਵਿੱਚ ਸਾਜਿਸ਼ਾਨਾਂ ਢੰਗ ਨਾਲ਼ ਪੂਰਾ ਫਾਇਦਾ ਲਿਆ ਗਿਆ ਹੈ। ਕਾਮ ਭਾਵਨਾਵਾਂ ਨੂੰ ਜਾਣ-ਬੁੱਝ ਕੇ ਭੜਕਾ ਕੇ ਉਹਨਾਂ ਦਾ ਮੁਨਾਫ਼ਾ ਕੁੱਟਣ ਲਈ ਇਸਤੇਮਾਲ ਕਰਨਾ ਅਗਾਂਹਵਧੂ ਪੱਛਮੀ ਸੱਭਿਅਤਾ ਨਹੀਂ ਸਗੋਂ ਇਹ ਤਾਂ ਉੱਥੋਂ ਦਾ ਸੱਭਿਆਚਾਰਕ ਕੂੜਾ-ਕਰਕਟ ਹੈ ਜੋ ਪੂੰਜੀਵਾਦ ਦੇ ਜਿਆਦਾ ਤੋਂ ਜਿਆਦਾ ਵਾਧੂ ਉਤਪਾਦਨ ਦੇ ਸੰਕਟ ਵਿੱਚ ਫਸਦੇ ਜਾਣ ਦੇ ਨਾਲ਼ ਨਾਲ਼ ਵੱਧ ਤੋਂ ਵੱਧ ਮਾਤਰਾ ਵਿੱਚ ਇੱਕਠਾ ਹੁੰਦਾ ਗਿਆ। ਇਹ ਕੂੜਾ-ਕਰਕਟ ਵਿਸ਼ੇਸ਼ ਤੌਰ ‘ਤੇ ਵਿਸ਼ਵੀਕਰਨ-ਉਦਾਰੀਕਰਨ ਦੀਆਂ ਨੀਤੀਆਂ ਦੀ ਸ਼ੁਰੂਆਤ ਤੋਂ ਬਾਅਦ ਵਾਧੂ ਜਿਣਸਾਂ ਅਤੇ ਵਿੱਤੀ ਪੂੰਜੀ ਦੇ ਨਾਲ਼ ਹੀ ਇੱਥੇ ਭੇਜਿਆ ਜਾਣ ਲੱਗਾ।

ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ, ਫਿਲਮਾਂ, ਟੀ.ਵੀ. ਸੀਰੀਅਲਾਂ, ਗੀਤ-ਸੰਗੀਤ, ਵਿਗਿਆਪਨ ਆਦਿ ਦਾ ਵਿਆਪਕ ਤੇ ਗਹਿਰਾ ਇਸਤੇਮਾਲ ਕਰਦੇ ਹੋਏ ਇਹ ਸੱਭਿਆਚਾਰਕ ਕੂੜਾ-ਕਚਕਟ ਘਰ-ਘਰ ਤੱਕ ਪਹੁੰਚਾਇਆ ਗਿਆ। ਅੱਜ ਇਸ ਗੰਦਗੀ ਦੀ ਬੋ ਸਮਾਜ ਦੇ ਕੋਨੇ-ਕੋਨੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ।

ਪੱਛਮੀ ‘ਅਡਵਾਂਸਡ ਲਾਈਫ ਸਟਾਈਲ’ ਦੇ ਰੂਪ ਵਿੱਚ ਪੱਬ ਸੱਭਿਆਚਾਰ ਵੀ ਆਇਆ। ਪੱਬਾਂ ਵਿੱਚ ਜਾ ਕੇ ਮਰਦਾਂ-ਔਰਤਾਂ ਦਾ ਇਕੱਠੇ ਹੋ ਕੇ ਜੀ ਭਰ ਕੇ ਨਸ਼ੇ ਕਰਨਾ, ਸਰੀਰ ਦੀਭੱਦੀ ਨੁਮਾਇਸ਼, ਪੇਤਲੇ ਤੇ ਭੱਦੇ ਗੀਤ-ਸੰਗੀਤ ਦੀਆਂ ਧੁੰਨਾਂ ‘ਤੇ ਭੱਦੇ ਨਾਚ ਕਰਨਾ, ਅਨੇਕ ਵਿਅਕਤੀਆਂ ਨਾਲ਼ ਖੁੱਲ੍ਹੇ ਸਰੀਰਕ ਸੰਬੰਧ ਸਥਾਪਿਤ ਕਰਨਾ ਅਡਵਾਂਸਡ ਮਰਦ-ਔਰਤਾਂ ਦੀ ਨਿਸ਼ਾਨੀ ਦੇ ਤੌਰ ‘ਤੇ ਪ੍ਰਚਾਰਿਆ-ਪ੍ਰਸਾਰਿਆ ਗਿਆ। ਇਸ ਸਭ ਨੂੰ ਔਰਤਾਂ ਦੇ ਅਜ਼ਾਦ ਹੋਣ ਅਤੇ ਉਹਨਾਂ ਦੇ ਅਡਵਾਂਸਡ ਹੋਣ ਦੇ ਸਮਾਨਅਰਥੀ ਬਣਾ ਕੇ ਪੇਸ਼ ਕੀਤਾ ਗਿਆ। ਮਰਦ-ਔਰਤਾਂ ਦੇ ਉੱਨਤ ਰਿਸ਼ਤਿਆਂ ਅਤੇ ਔਰਤਾਂ ਦੀ ਅਜ਼ਾਦੀ ਦੇ ਸੰਕਲਪ ਨੂੰ ਇਸ ਪੱਧਰ ਦੀਆਂ ਪੇਤਲੀਆਂ ਗੱਲਾਂ ਤੱਕ ਡੇਗ ਦੇਣਾ ਇੱਕ ਬਹੁਤ ਵੱਡਾ ਮਜ਼ਾਕ ਅਤੇ ਸਾਜਿਸ਼ ਹੈ। ‘ਪੱਬ ਸੱਭਿਆਚਾਰ’ ਵਿੱਚ ਗਿਣੇ ਜਾ ਸਕਦੇ ਨਸ਼ਾਖੋਰੀ, ਅਵਾਰਾਗਰਦੀ, ਗੀਤ-ਸੰਗੀਤ-ਨਾਚ ਦਾ ਪੇਤਲਾਪਣ, ਖੁੱਲੇ ਸ਼ਰੀਰਕ ਸੰਬੰਧ ਆਦਿ ਪੱਛਮੀ ਦੇਸ਼ਾਂ ਵਿੱਚ ਪੂੰਜੀਵਾਦੀ ਆਰਥਿਕ ਢਾਂਚੇ ਦੁਆਰਾ ਪੈਦਾ ਕੀਤੀ ਅਲਹਿਦਗੀ ਦਾ ਹੀ ਪ੍ਰਗਟਾਵਾ ਹਨ। ਇਹ ਅਡਵਾਂਸਡ ਪੱਛਮੀ ਸੱਭਿਅਤਾ ਨਹੀਂ ਸਗੋਂ ਇਹ ਵੀ ਉੱਥੋਂ ਦਾ ਸੱਭਿਆਚਾਰਕ ਕੂੜਾ-ਕਰਕਟ ਹੈ। ਇਸ ਨੂੰ ‘ਅਡਵਾਂਸਡ ਲਾਈਫ਼ ਸਟਾਈਲ’ ਕਹਿਣਾ ਸਿਰੇ ਦੀ ਬੇਵਕੂਫੀ ਹੈ।

ਭਾਰਤ ਜਿਹੇ ਬੰਦ ਸਮਾਜ ਸਾਹਮਣੇ ਇੱਕ ਦਮ ਹੀ ਅਜਿਹੇ ਸੱਭਿਆਚਾਰਕ ਕੂੜੇ ਕਰਕਟ ਨੂੰ ਪੇਸ਼ ਕਰ ਦੇਣ ਨਾਲ਼ ਭਿਅੰਕਰ ਉਥਲ-ਪੁਥਲ ਵਾਲਾ ਮਾਹੌਲ ਬਣਿਆ ਹੈ। ਅੰਦਰ ਹੀ ਅੰਦਰ ਘੁਟਣ, ਮਾਨਸਿਕ ਪ੍ਰੇਸ਼ਾਨੀਆਂ, ਔਰਤਾਂ ਨਾਲ਼ ਛੇੜਛਾੜ,  ਸਰੀਰਕ ਸੰਬੰਧਾਂ ਵਿੱਚ ਗੈਰਕੁਦਰਤੀਪਣ ਤੋਂ ਲੈ ਕੇ ਵੇਸ਼ਵਾਗਮਨੀ, ਵਿਭਾਚਾਰ, ਬਲਾਤਕਾਰ ਆਦਿ ਅੱਜ ਭਾਰਤੀ ਸਮਾਜ ਵਿੱਚ ਬੇਹੱਦ ਭਿਅੰਕਰ ਸਮੱਸਿਆਵਾਂ ਦਾ ਰੂਪ ਲੈ ਕੇ ਚੁੱਕੇ ਹਨ। ਅਸੀਂ ਸਮਝ ਸਕਦੇ ਹਾਂ ਕਿ ਇਹਨਾਂ ਹਾਲਤਾਂ ਦੀ ਸਭ ਤੋਂ ਵੱਧ ਮਾਰ ਔਰਤਾਂ ਨੂੰ ਝੱਲਣੀ ਪੈ ਰਹੀ ਹੈ। ਉਹਨਾਂ ਦੀ ਹਾਲਤ ਏਨੀ ਦਿਲ ਕੰਬਾਊ ਹੋ ਚੁੱਕੀ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ। 

ਇਸ ਤਰ੍ਹਾਂ ਕੁੱਲ ਸੱਭਿਆਚਾਰਕ ਪ੍ਰਦੂਸ਼ਣ ਦਾ ਜਨਮਦਾਤਾ ਮੁਨਾਫ਼ਾ ਕੇਂਦਰਤ ਆਰਥਿਕ ਢਾਂਚਾ ਹੈ। ਜਿਸ ਆਰਥਿਕ ਢਾਂਚੇ ਦੇ ਕੇਂਦਰ ਵਿੱਚ ਸਿਰਫ਼ ਤੇ ਸਿਰਫ਼ ਮੁਨਾਫ਼ਾ ਹੋਵੇ ਉਸ ਤੋਂ ਅਸੀਂ ਹੋਰ ਉਮੀਦ ਵੀ ਕੀ ਕਰ ਸਕਦੇ ਹਾਂ। ਮੌਜੂਦਾ ਸੱਭਿਆਚਾਰਕ ਪ੍ਰਦੂਸ਼ਣ ਅਤੇ ਹਿਟਲਰ ਦੀਆਂ ਭਾਰਤੀ ਔਲਾਦਾਂ ਕੇਸਰੀ ਫਾਸਿਸਟ ਪੂੰਜੀਵਾਦ ਦੇ ਮੌਜੂਦਾ ਵਿਸ਼ਵੀਕਰਨ-ਉਦਾਰੀਕਰਨ ਦੇ ਦੌਰ ਦੀਆਂ ਹੀ ਉਪਜਾਂ ਹਨ। ਹਰ ਕਿਸਮ ਦੀ ਜਮਹੂਰੀਅਤ ਦੇ ਵਿਰੋਧੀ ਫਾਸਿਸਟ ਪੂੰਜੀਵਾਦ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਖੂੰਖਾਰ ਰਖਵਾਲੇ ਹੁੰਦੇ ਹਨ। ਇਸ ਲਈ ਕੇਸਰੀ ਫਾਸਿਸਟਾਂ ਦੀ ਸੱਭਿਆਚਾਰ ਦੀ ‘ਨੈਤਿਕ ਰਖਵਾਲੀ’ ਸਿਰਫ਼ ਢੋਂਗ ਹੈ। ਵੈਸੇ ਵੀ ਕੇਸਰੀ ਗਰੋਹ ਜਿਸ ਸੱਭਿਆਚਾਰ ਦੀ ਵਕਾਲਤ ਕਰਦਾ ਵੀ ਹੈ ਉਹ ਮੱਧ ਯੁੱਗ ਵਿੱਚ ਲੈ ਜਾਣ ਵਾਲ਼ਾ ਹੱਦ ਦਰਜੇ ਦਾ ਖੂਹ ਦੇ ਡੱਡੂਪੁਣੇ ਵਾਲ਼ਾ, ਜਮਹੂਰੀਅਤ ਵਿਰੋਧੀ, ਔਰਤ ਵਿਰੋਧੀ ਅਤੇ ਕੁੱਲ ਮਿਲਾ ਕੇ ਮਨੁੱਖ ਵਿਰੋਧੀ ਸੱਭਿਆਚਾਰ ਹੈ। 

ਹਰ ਮਨੁੱਖ ਨੂੰ ਬਰਾਬਰਤਾ ਦਾ ਦਰਜਾ ਦੇਣ ਵਾਲ਼ੇ, ਜਮਹੂਰੀ ਕਦਰਾਂ-ਕੀਮਤਾਂ ਨਾਲ਼ ਲੈਸ, ਲੱਚਰਤਾ ਰਹਿਤ, ਅਸ਼ਲੀਲਤਾ ਰਹਿਤ ਉੱਨਤ ਅਤੇ ਉਸਾਰੂ ਸੱਭਿਆਚਾਰ ਵਾਲ਼ੇ ਸਮਾਜ ਵਿੱਚ ਹੀ ਮਨੁੱਖ ਸੁੱਖ ਦਾ ਸਾਹ ਲੈ ਸਕਦਾ ਹੈ। ਅਜਿਹਾ ਸਮਾਜ ਓਹੀ ਹੋ ਸਕਦਾ ਹੈ ਜਿਸਦੇ ਆਰਥਿਕ ਢਾਂਚੇ ਤਹਿਤ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਭਾਵ ਜੋ ਬੁਨਿਆਦੀ ਆਰਥਿਕ ਪੱਧਰ ‘ਤੇ ਮਨੁੱਖ ਨੂੰ ਬਰਾਬਰੀ ਦਾ ਦਰਜਾ ਦੇਵੇ। ਮੁਨਾਫ਼ੇ ਦੇ ਅਸੂਲਾਂ ‘ਤੇ ਟਿਕੇ ਮੌਜੂਦਾ ਪੂੰਜੀਵਾਦੀ ਢਾਂਚੇ ਵਿੱਚ ਅਜਿਹਾ ਹੋ ਸਕਣਾ ਅਸੰਭਵ ਹੈ। ਪੁਰਾਣੀ ਵੇਲਾ ਵਿਹਾਅ ਚੁੱਕੀ ਇਮਾਰਤ ਨੂੰ ਢਹਿਢੇਰੀ ਕਰੇ ਬਿਨਾਂ ਨਵੀਂ  ਦੀ ਉਸਾਰੀ ਅਸੰਭਵ ਹੈ। ਮਨੁੱਖਤਾ ਸਾਹਮਣੇ ਅੱਜ ਇਹੋ ਕਾਰਜ ਹੀ ਸਭ ਤੋਂ ਅਹਿਮ ਹੈ।

ਮੈਂਗਲੂਰ ‘ਚ ਕੇਸਰੀ ਗਿਰੋਹ ਦੁਆਰਾ ਔਰਤਾਂ ‘ਤੇ ਹੋਏ ਹਮਲੇ ਤੋਂ ਬਾਅਦ ਔਰਤਾਂ ਦੀ ਅਜ਼ਾਦੀ ਦੇ ਹੱਕ ਵਿੱਚ ਕਾਫ਼ੀ ਅਵਾਜ ਉੱਠੀ ਹੈ। ਇਸ ਬਾਰੇ ਵੀ ਸੰਖੇਪ ਹੀ ਸਹੀ ਪਰ ਵਿਸ਼ੇਸ਼ ਗੱਲ ਕਰਨਾ ਜ਼ਰੂਰੀ ਹੈ। ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਰਜਾ ਸੁਧਾਰਵਾਦੀ ਸੰਘਰਸ਼ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਨਹੀਂ ਮਿਲ ਸਕਦਾ। ਭਾਵ ਔਰਤਾਂ ਦੀ ਅਜ਼ਾਦੀ ਵੀ ਕੁੱਲ ਰਾਜਨੀਤਕ-ਆਰਥਿਕ-ਸਮਾਜਿਕ ਢਾਂਚੇ ਵਿੱਚ  ਬਦਲਾਅ ਦੇ  ਨਾਲ਼ ਹੀ ਹਾਸਿਲ ਕੀਤੀ ਜਾ ਸਕਦੀ ਹੈ। ਪੂੰਜੀਵਾਦ ਬੀਤੇ ਦੇ ਜਗੀਰੂ ਢਾਂਚੇ ਦੇ ਮੁਕਾਬਲੇ ਔਰਤ ਨੂੰ ਇੱਕ ਹੱਦ ਤੱਕ ਅਜ਼ਾਦ ਤਾਂ ਕਰਦਾ ਹੈ ਪਰ ਔਰਤ ਪੂੰਜੀਵਾਦੀ ਸਮਾਜ ਵਿੱਚ ਮੁੱਖ ਤੌਰ ‘ਤੇ ਗੁਲਾਮ ਹੀ ਰਹਿੰਦੀ ਹਨ। ਪੂੰਜੀਵਾਦ ਸਮਾਜ ਦੀ ਹੋਰ ਹਰ ਸ਼ੈਅ ਦੀ ਤਰ੍ਹਾਂ ਔਰਤ ਨੂੰ ਵੀ ਮੰਡੀ ਵਿੱਚ ਵਿਕਣ ਵਾਲ਼ੀ ਵਸਤੂ ਬਣਾ ਦਿੰਦਾ ਹੈ ਜੋ ਅਨੇਕਾਂ ਰੂਪਾਂ ਵਿੱਚ ਮੰਡੀ ਵਿੱਚ ਵਿਕਣ ‘ਤੇ ਮਜ਼ਬੂਰ ਹੁੰਦੀ ਹੈ। ਇਹ ਕਿਤੇ ਤਾਂ ਸਸਤੀ ਕਿਰਤ ਸ਼ਕਤੀ ਦੇ ਰੂਪ ਵਿੱਚ ਵਿਕਦੀ ਹੈ, ਕਿਤੇ ਜਿਣਸਾਂ ਦੀ ਵਿਕਰੀ ਲਈ ਇਸਦਾ ਸਰੀਰ ਨੁਮਾਇਸ਼ ਉੱਤੇ ਲਾ ਦਿੱਤਾ ਜਾਂਦਾ ਹੈ, ਕਿਤੇ ਇਸ ਨੂੰ ਵਾਸਨਾ ਦੇ ਭੁੱਖਿਆਂ ਅੱਗੇ ਜਿਸਮ ਵੇਚਣਾ ਪੈਂਦਾ ਹੈ। ਪੂੰਜੀਵਾਦੀ ਸਮਾਜ ਦੌਰਾਨ ਔਰਤ ਦੂਜੇ ਦਰਜੇ ਦੀ ਮਨੁੱਖ ਹੀ ਬਣੀ ਰਹਿੰਦੀ ਹੈ। ਪੂੰਜੀਵਾਦ ਦੀਆਂ ਹੱਦਾਂ ਤੋਂ ਬਾਹਰ ਨਾ ਜਾਣ ਵਾਲ਼ੇ ਔਰਤਾਂ ਦੀ ਬਰਾਬਰਤਾ ਲਈ ਸੰਘਰਸ਼ ਦੀ ਵੱਡੀ ਤੋਂ ਵੱਡੀ ਸਫ਼ਲਤਾ ਵੀ ਉਹਨਾਂ ਨੂੰ ਬਰਾਬਰੀ ਦਾ ਦਰਜਾ ਨਹੀਂ ਦਿਲਵਾ ਸਕਦੀ। ਇਸ ਸੰਘਰਸ਼ ਨੂੰ ਕੁੱਲ ਸਮਾਜਿਕ ਇਨਕਲਾਬੀ ਤਬਦੀਲੀ ਦੇ ਸੰਘਰਸ਼ ਦੇ ਅਟੁੱਟ ਅੰਗ ਦੇ ਰੂਪ ਵਿੱਚ ਅੱਗੇ ਵਧਾਉਣਾ ਹੋਵੇਗਾ। ਔਰਤਾਂ ਦੀ ਅਜ਼ਾਦੀ ਦੀ ਇਮਾਨਦਾਰ ਇੱਛਾ ਰੱਖਣ ਵਾਲ਼ੇ ਲੋਕਾਂ ਨੂੰ ਇਸੇ ਦਿਸ਼ਾ ਵਿੱਚ ਸੋਚਣਾ ਚਾਹੀਦਾ ਹੈ।

ਅੰਕ 08-ਅਪ੍ਰੈਲ-ਜੂਨ 09 ਵਿਚ ਪ੍ਰਕਾਸ਼ਿ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s