ਅਟਲ ਬਿਹਾਰੀ ਵਾਜਪਾਈ ਦੀ ਮੌਤ : ਉਹਨਾਂ ਦਾ ਠੀਕ ਆ, ਪਰ ਤੁਸੀਂ ਇਹ ਪਿੱਟ-ਸਿਆਪਾ ਕਿਉਂ ਪਾ ਰੱਖਿਆ?

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

16 ਅਗਸਤ, 2018 ਨੂੰ 93 ਸਾਲ ਦੀ ਉਮਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ਹੋ ਚੁੱਕੀ ਹੈ। ਵੈਸੇ ਤਾਂ ਕਿਹਾ ਇਹ ਵੀ ਜਾ ਰਿਹਾ ਕਿ ਇਸਤੋਂ ਇੱਕ ਦੋ ਦਿਨ ਪਹਿਲਾਂ ਹੀ ਉਸਦੀ ਮੌਤ ਹੋ ਚੁੱਕੀ ਸੀ, ਪਰ 15 ਅਗਸਤ ਦੇ ਜਸ਼ਨਾਂ ਦੇ ਰੰਗ ਵਿੱਚ ਭੰਗ ਨਾ ਪੈ ਜਾਵੇ ਇਸ ਕਰਕੇ ਉਸਦੀ ਮੌਤ ਨੂੰ ਅੱਗੇ ਪਾ ਦਿੱਤਾ ਗਿਆ। ਖੈਰ, ਜੋ ਵੀ ਹੋਵੇ ਸੰਘੀ ਲਾਣਾ/ਭਾਜਪਾ ਨੇ ਜਿਵੇਂ 15 ਅਗਸਤ ਦੇ ਜਸ਼ਨਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਵਰਤਣ ਲਈ ਅੱਡੀ ਚੋਟੀ ਦਾ ਜੋਰ ਮਾਰਿਆ ਹੈ, ਅਗਲੇ ਦਿਨ ਤੋਂ ਹੀ ਵਾਜਪਾਈ ਦੇ ਮਰਨ ਦਾ ਵੀ ਪੂਰਾ ਲਾਹਾ ਲਿਆ ਜਾ ਰਿਹਾ ਹੈ। ਉਸਨੇ ਸਰਮਾਏਦਾਰ ਜਮਾਤ ਦੀ ਤੇ ਹਿੰਦੂਤਵਵਾਦੀ ਫਾਸੀਵਾਦੀ ਪਿਛਾਖੜੀ ਲਹਿਰ ਦੀ ਸੇਵਾ ਕਰਨੀ ਸੀ, ਉਹ ਪੂਰੀ ਕਰਕੇ ਮੰਜੀ ਖਾਲੀ ਕਰਕੇ ਗਿਆ ਹੈ। ਉਸਨੇ ਅਤੇ ਉਸਦੀ ਪੀੜੀ ਦੇ ਹੋਰ ਫਾਸੀਵਾਦੀਆਂ ਨੇ ਆਰ.ਐੱਸ.ਅੈੱਸ. ਲਈ ਵੱਡਮੁੱਲੇ ਕੰਮਾਂ ਨਾਲ਼ ਬਹੁਤ ਵਾਰਸ ਤਿਆਰ ਕੀਤੇ ਹਨ। ਇਸ ਸਦਕਾ ਹੁਣ ਜਿਉਂਦੇ ਜੀ ਉਸਦੀ ਲੋੜ ਨਹੀਂ ਰਹਿ ਗਈ ਸੀ। ਹੁਣ ਤਾਂ ਉਸਦੀਆਂ ਅਸਥੀਆਂ ਦੀ ਲੋੜ ਸੀ! ਵੈਸੇ ਭਾਜਪਾ ਨੂੰ ਲੱਗਦਾ ਤਾਂ ਇਹ ਵੀ ਹੈ ਕਿ ਅਟਲ ਬਿਹਾਰੀ ਦੀ ਮੌਤ ਤਿੰਨ-ਚਾਰ ਮਹੀਨੇ ਹੋਰ ਟਲ਼ ਜਾਂਦੀ ਤਾਂ ਚੰਗਾ ਸੀ। ਜਿੰਨਾਂ ਜ਼ਿਆਦਾ ਉਸਦੀ ਮੌਤ 2019 ਦੀਆਂ ਲੋਕ ਸਭਾ ਚੋਣਾਂ ਦੇ ਨੇੜੇ ਹੁੰਦੀ, ਓਨਾ ਹੀ ਵੱਧ ਭਾਜਪਾ ਨੂੰ ਇਹਦਾ ਚੁਣਾਵੀ ਲਾਹਾ ਮਿਲ਼ਣਾ ਸੀ।

ਭਾਵੇਂ ਲੋਕ ਸਭਾ ਚੋਣਾਂ ਵਿੱਚ ਅਜੇ ਲਗਭਗ ਅੱਧਾ ਸਾਲ ਪਿਆ ਹੈ ਪਰ ਭਾਜਪਾ ਨੇ ਅਟਲ ਬਿਹਾਰੀ ਦੀ ਮੌਤ ਦੇ ਸੋਗ ਦਾ ਸਿਆਸੀ ਫਾਇਦਾ ਤਾਂ ਲੈ ਹੀ ਲੈਣਾ ਹੈ। ਇਹਨਾਂ ਦੀ ਕੋਸ਼ਿਸ਼ ਤਾਂ ਹੈ ਕਿ ਪੂਰੇ ਦੇਸ਼ ਨੂੰ ਸੋਗ ਸਾਗਰ ਵਿੱਚ ਡੁਬੋ ਦਿੱਤਾ ਜਾਵੇ। ਅਟਲ ਬਿਹਾਰੀ ਦੀਆਂ ਅਸਥੀਆਂ ਚਾਰ ਹਜਾਰ ਕਲਸ਼ਾਂ ਵਿੱਚ ਭਰ ਕੇ ਦੇਸ਼ ਭਰ ਵਿੱਚ ਭੇਜੀਆਂ ਗਈਆਂ ਹਨ, ਜੋ ਵੱਡੇ ਇਕੱਠ ਕਰਕੇ ਕਲਸ਼ ਯਾਤਰਾਵਾਂ ਕਰਕੇ ਨਦੀਆਂ-ਨਹਿਰਾਂ ‘ਚ ਵਹਾਈਆਂ ਜਾ ਰਹੀਆਂ ਹਨ। ਵੱਡੇ ਪੱਧਰ ਉੱਤੇ ਉਸਦੇ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ। ਸਰਕਾਰ ਨੇ ਸੱਤ ਦਿਨ ਦਾ ”ਕੌਮੀ ਸੋਗ” ਐਲਾਨ ਦਿੱਤਾ ਹੈ। ਟੀ.ਵੀ. ਚੈਨਲਾਂ-ਅਖ਼ਬਾਰਾਂ ਨੇ ਤਾਂ ਅਤਿ ਹੀ ਕਰ ਦਿੱਤੀ ਹੈ।

ਭਾਵੇਂ ਕਹਿਣ ਨੂੰ ਤਾਂ ਇਹ ਸੋਗ ਮਨਾ ਰਹੇ ਨੇ ਪਰ ਫਾਸੀਵਾਦੀ ਆਖਰ ਨੂੰ ਹੁੰਦੇ ਤਾਂ ਫਾਸੀਵਾਦੀ ਹੀ ਨੇ! ਆਪਣੇ ਬੰਦੇ ਦੇ ਮਰਨ ‘ਤੇ ਵੀ ਇਹ ਦਿਲੋਂ ਦੁਖੀ ਨਹੀਂ ਹੁੰਦੇ, ਡਰਾਮੇ ਭਾਵੇਂ ਲੱਖ ਕਰ ਲੈਣ। ਵਾਜਪਾਈ ਦੀ ਮੌਤ ਦੀ ਇਹਨਾਂ ਨੂੰ ਖੁਸ਼ੀ ਹੈ ਜਾਂ ਦੁੱਖ ਇਹ ਤਾਂ ਤੁਸੀਂ ਇਸ ਸਬੰਧੀ ਹੋ ਰਹੇ ਸਮਾਗਮਾਂ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਤੇ ਤਸਵੀਰਾਂ ਵਿੱਚ ਬਾਖੂਬੀ ਦੇਖ ਸਕਦੇ ਹੋ। ਇਹਨਾਂ ਨੂੰ ਏਨੀ ਖੁਸ਼ੀ ਹੈ ਕਿ ਸੰਭਾਲੀ ਨਹੀਂ ਜਾਂਦੀ। ਅਟਲ ਬਿਹਾਰੀ ਦੇ ”ਅਫਸੋਸ” ਸਮਾਗਮਾਂ ਦੌਰਾਨ ਭਾਜਪਾ ਮੰਤਰੀਆਂ ਆਗੂਆਂ-ਕਾਰਕੁੰਨਾਂ ਦੇ ਖਿੜੇ ਚਿਹਰੇ, ਚੁਟਕਲੇ ਸੁਣ-ਸੁਣਾ ਕੇ ਠਹਾਕੇ ਮਾਰ ਹੱਸਣਾ, ਹੱਸਦੇ-ਹਸਾਉਂਦੇ ਸੈਲਫੀਆਂ ਲੈਣਾ, ਬਹੁਤ ਕੁੱਝ ਦੱਸ ਦਿੰਦਾ ਹੈ! ਉਹ ਖੁਸ਼ ਹੋਣ ਵੀ ਕਿਉਂ ਨਾ। ਚੋਣਾਂ ਸਿਰ ‘ਤੇ ਨੇ ਤੇ ਚੋਣ ਪ੍ਰਚਾਰ ਵਾਸਤੇ ਕਿੰਨਾ ਸ਼ਾਨਦਾਰ ਮਸਾਲਾ ਮਿਲ਼ ਗਿਆ ਹੈ! ਗਮ ਬਸ ਇਸ ਗੱਲ ਹੈ ਕਿ ਅਟਲ ਜੀ ਚੋਣਾਂ ਤੋਂ ਦੋ ਤਿੰਨ ਮਹੀਨੇ ਪਹਿਲਾਂ ਹੀ ਕਿਉਂ ਨਹੀਂ ਮਰੇ! ਪਰ, ਅਟੱਲ ਮੌਤ ਨੂੰ ਕੌਣ ਰੋਕ ਸਕਦਾ ਹੈ! ਕੁੱਝ ਚਿਰ ਪਹਿਲਾਂ ਹੀ ਸਹੀ, ਮਰੇ ਤਾਂ ਸਹੀ!

ਚਲੋ, ਉਹ ਰੋਣ ਭਾਵੇਂ ਹੱਸਣ। ਉਸਦੇ ਮਰਨ ਦਾ ਸਾਨੂੰ ਕੋਈ ਦੁੱਖ ਨਹੀਂ। ਖੁਸ਼ੀ ਮਨਾਉਣ ਦੀ ਵੀ ਕੋਈ ਗੱਲ ਨਹੀਂ ਕਿਉਂਕਿ ਉਸਦੇ ਵਾਰਸ ਜਿਉਂਦੇ ਨੇ, ਉਸਦੇ ਮਿਸ਼ਨ ਨੂੰ ਅੱਗੇ ਵਧਾ ਰਹੇ ਹਨ। ਉਸਦੇ ਵਾਰਸਾਂ ਦਾ ਰੋਣਾ ਸਮਝ ਆਉਂਦਾ ਹੈ। ਉਸਦੇ ਮਾਲਕਾਂ (ਸਰਮਾਏਦਾਰਾਂ) ਦਾ ਸੋਗ ਵਿੱਚ ਡੁੱਬਣਾ ਮੰਨਦੇ ਹਾਂ, ਆਖਰ ਉਮਰ ਭਰ ਜੀ-ਜਾਨ ਨਾਲ਼ ਸੇਵਾ ਕੀਤੀ ਹੈ ਉਹਨਾਂ ਦੀ। ਸਰਮਾਏਦਾਰਾਂ ਦੇ ਟੀ.ਵੀ. ਐਂਕਰ, ਪੱਤਰਕਾਰ ਰੋ ਰਹੇ ਨੇ, ਪਿੱਟ ਰਹੇ, ਹੰਝੂ ਵਹਾ ਰਹੇ, ਵੈਣ ਪਾ ਰਹੇ ਨੇ। ਇਹ ਸਭ ਨੂੰ ਕੋਈ ਜਾਇਜ ਕਹਿ ਸਕਦਾ ਹੈ ਭਾਵੇਂ ਸਭ ਡਰਾਮਾ ਹੀ ਹੈ! ਇਹਦਾ ਲਾਹਾ ਮਿਲ਼ਣਾ ਉਹਨਾਂ ਨੂੰ! ਉਹਨਾਂ ਦਾ ਇਹ ਸਭ ਕਰਨਾ ਬਣਦਾ ਹੈ। ਪਰ ਭਾਈ ਤੁਹਾਨੂੰ ਕੀ ਹੋ ਗਿਆ? ਤੁਸੀਂ ਤਾਂ ਖੁਦ ਨੂੰ ਖੱਬੇਪੱਖੀ ਕਹਿੰਦੇ ਓਂ? ਜਮਹੂਰੀਅਤ ਪਸੰਦ ਕਹਿੰਦੇ ਓਂ? ਤੁਹਾਡਾ ਮਨ ਕਿਉਂ ਉਦਾਸ ਹੈ, ਤੁਹਾਡੀਆਂ ਅੱਖਾਂ ‘ਚ ਹੰਝੂ ਕਿਉਂ? ਤੁਸੀਂ ਕਿਉਂ ਇਹ ਪਿੱਟ-ਸਿਆਪਾ ਪਾ ਰੱਖਿਆ? ਤੁਸੀਂ ਦੇਸ਼ ਨੂੰ ਉਸਦੇ ਸਿਧਾਤਾਂ ਦੀ ਲੋੜ ਦੱਸੀ ਹੈ! ਜਿਹੜੇ ਸਿਧਾਂਤਾ ਉੱਤੇ ਤੁਸੀਂ ਚੱਲ ਰਹੇ ਸੀ ਉਹਨਾਂ ਦਾ ਕੀ ਬਣਿਆ? ਤੁਸੀਂ ਇੱਕ ਕੱਟੜ ਹਿੰਦੂਤਵਵਾਦੀ ਫਾਸੀਵਾਦੀ ਪੁਰਖ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ। ਹੁਣ ਫਾਸੀਵਾਦੀਆਂ ਖਿਲਾਫ਼ ਤੁਹਾਡੀ ਨਫ਼ਰਤ ਕਿੱਥੇ ਗਈ? ਕਿੱਥੇ ਗਿਆ ਤੁਹਾਡਾ ਫਾਸੀਵਾਦ ਖਿਲਾਫ਼ ”ਬੇਕਿਰਕ” ਸੰਘਰਸ਼?

ਅਖੌਤੀ ਕਮਿਊਨਿਸਟ ਪਾਰਟੀ ‘ਭਾ.ਕਾ.ਪਾ. (ਮਾਰਕਸਵਾਦੀ)’ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਵਾਜਪਾਈ ਦੀ ਮੌਤ ਉੱਤੇ ਉਸਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਹੈ ਕਿ ”ਉਹਨਾਂ ਨੇ ਕਦੇ ਮਨੁੱਖਤਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਦੇਸ਼ ਨੂੰ ਉਹਨਾਂ ਦੇ ਸਿਧਾਂਤਾ ਦੀ ਜ਼ਰੂਰਤ ਹੈ।” ਓ ਭਰਾ ਜੇ ਹੁਣ ਦੇਸ਼ ਨੂੰ ਅਟਲ ਬਿਹਾਰੀ ਦੇ ਸਿਧਾਂਤਾ ਦੀ ਲੋੜ ਆ ਤਾਂ ਤੂੰ ਭਾ.ਕ.ਪਾ (ਮਾਰਕਸਵਾਦੀ) ‘ਚ ਕੀ ਪਿਆ ਕਰਦੈਂ? ਕੱਲਾ ਈ ਜਾਏਂਗਾ ਜਾਂ ਹੋਰ ਵੀ ਜਾਣਗੇ ਨਾਲ਼? ਜਾਂ ਪਾਰਟੀ ਦਾ ਰਲੇਵਾਂ ਈ ਕਰਨ ਜਾ ਰਹੇ ਓਂ ਭਾਜਪਾ ਚ? ਦੇਖੋ, ਤੁਸੀਂ ਮਾਰਕਸਵਾਦੀ/ਕਮਿਊਨਿਸਟ ਤਾਂ ਹੈ ਨੀ। ਕਿਉਂ ਭਾਰ ਢੋਂਦੇ ਫਿਰਦੇ ਓਂ? ਉਤਾਰ ਸੁੱਟੋ ਇਹ ਭਾਰ ਤੇ ‘ਰਿਲੈਕਸ’ ਫੀਲ ਕਰੋ। ਹੁਣ ਸ਼ਾਖਾ-ਸ਼ੂਖਾ ਜਾਇਆ ਕਰੋ, ਸੰਘੀਆਂ ਦੇ ਗੁਣ ਗਾਇਆ ਕਰੋ।

ਇੱਕ ਹੋਰ ਅਖੌਤੀ ਕਮਿਊਨਿਸਟ ਪਾਰਟੀ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਵਿਦਿਆਰਥੀ ਮੋਰਚੇ ਆਈਸਾ ਦੀ ਆਗੂ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੀ ਸਾਬਕਾ ਉਪ-ਪ੍ਰਧਾਨ ਸ਼ਾਹਿਲਾ ਰਾਸ਼ਿਦ ਨੇ ਅਟੱਲ ਬਿਹਾਰੀ ਦੀ ਮੌਤ ਉੱਤੇ ਹੰਝੂ (ਉਹ ਵੀ ਪੂਰੇ ਅਸਲੀ!) ਵਹਾਉਂਦੇ ਹੋਏ ਕਿਹਾ ਹੈ ਕਿ ਸਾਰੇ ਪ੍ਰਧਾਨ ਮੰਤਰੀਆਂ ਵਿੱਚੋਂ ਕਸ਼ਮੀਰੀਆਂ ਨੂੰ ਅਟਲ ਬਿਹਾਰੀ ਵਾਜਪਾਈ ਸਭ ਤੋਂ ਵੱਧ ਪਸੰਦ ਹੈ, ਕਿ ਉਸਨੇ ਗੁਜਰਾਤ ਦੰਗਿਆਂ ਸਮੇਂ ਮੋਦੀ ਨੂੰ ਰਾਜ ਧਰਮ ਯਾਦ ਦੁਆਇਆ ਸੀ, ਕਿ ਉਸਨੇ ਕਸ਼ਮੀਰ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿ ਉਹ ਮਨੁੱਖਤਾ ਦੀ ਭਾਸ਼ਾ ਬੋਲਦਾ ਹੈ। ਉਸਨੇ ਅਟਲ ਬਿਹਾਰੀ ਲਈ ਲਿਖਿਆ  ”ਰਿਪ ਅਟੱਲ ਜੀ!” (ਅਟੱਲ ਜੀ ਸ਼ਾਂਤੀ ਵਿੱਚ ਵਾਸ ਕਰੋ!)

ਜੇ.ਐਨ.ਯੂ. ‘ਚ ਪੀ.ਐਚ.ਡੀ. ਦੀ ਇਸ ਵਿਦਿਆਰਥਣ ਨੂੰ ਏਨੀ ਕੁ ਅਕਲ ਹੈ! ਇਹ ਹਨ ਜੈ.ਐਨ.ਯੂ. ਦੇ ਪਾੜੇ। ਅਟਲ ਬਿਹਾਰੀ ਵਾਜਪਾਈ ਦੀ ਵਾਕ-ਚਤੁਰਾਈ, ਸ਼ਬਦਜਾਲ ਉਹਨੂੰ ਮਨੁੱਖਤਾ ਦੀ ਭਾਸ਼ਾ ਲੱਗਦੇ ਨੇ! ਕਸ਼ਮੀਰ ਮਸਲੇ ਦੇ ਹੱਲ ਦਾ ਨਾਟਕ ਉਸਨੂੰ ਸੱਚ-ਮੁੱਚ ਦੀ ਕੋਸ਼ਿਸ਼ ਲੱਗਦੀ ਹੈ। ਮੋਦੀ ਨੂੰ ਰਾਜ ਧਰਮ ਨਿਭਾਉਣ ਦੀ ਸਲਾਹ ਉਸਨੂੰ ਨਸਲਕੁਸ਼ੀ ਰੋਕਣ, ਪੀੜਤਾਂ ਦੀ ਬਾਂਹ ਫੜਨ ਦੀ ਸਲਾਹ ਲੱਗਦੀ ਹੈ। ਬੀਬਾ, ਆਮ ਲੋਕ ਜਿਹਨਾਂ ਕੋਲ ਜਾਣਕਾਰੀ ਦੇ ਪੂਰੇ ਸਾਧਨ ਨਹੀਂ ਉਹਨਾਂ ਨੂੰ ਇਹ ਫਾਸੀਵਾਦੀ ਭਰਮ ਵਿੱਚ ਪਾ ਲੈਣ ਮੰਨਦੇ ਹਾਂ, ਪਰ ਤੁਹਾਡੇ ਕੋਲ ਤਾਂ ਸਾਧਨਾਂ ਦੀ ਕੋਈ ਘਾਟ ਨੀ। ਪਤਾ ਲੱਗ ਰਿਹਾ ਕਿਹੋ ਜਿਹਾ ਉੱਚ ਪੱਧਰੀ ਅਧਿਐਨ ਕੀਤਾ ਹੈ ਤੁਸੀਂ।

ਇਸ ਤਰਾਂ ਕਹਿੰਦੇ ਕਹਾਉਂਦੇ ਅਖੌਤੀ ਖੱਬੇਪੱਖੀ, ਜੋ ਫਾਸੀਵਾਦ ਨੂੰ ਹਰਾਉਣ ਲਈ ਭਾਸ਼ਣ ਝਾੜਦੇ ਫਿਰਦੇ ਨੇ ਇੱਕ ਫਾਸੀਵਾਦੀ ਦੀ ਮੌਤ ਉੱਤੇ ਇੰਝ ਹੰਝੂ ਵਹਾ ਰਹੇ ਨੇ ਜਿਵੇਂ ਕੋਈ ਮਹਾਨ ਲੋਕ-ਪੱਖੀ ਵਿਅਕਤੀ ਵਿਛੜਿਆ ਹੋਵੇ। ਉਦਾਰਵਾਦੀ (ਸਰਮਾਏਦਾਰਾ) ਪੱਤਰਕਾਰ, ਅਖ਼ਬਾਰ, ਟੀ.ਵੀ. ਚੈਨਲ ਵੀ ਜੋ ਫਾਸੀਵਾਦੀਆਂ ਨੂੰ ਦਿਨ-ਰਾਤ ਨਿੰਦਦੇ ਨੇ, ਝਾੜਾਂ ਪਾਉਂਦੇ ਨੇ ਸਭ ‘ਅਟਲ ਜੀ’ ਦੀ ਮੌਤ ਦੇ ਸੋਗ ਵਿੱਚ ਡੁੱਬ ਗਏ ਹਨ। ਐਨ.ਡੀ.ਟੀ.ਵੀ. ਵਰਗੇ ਚੈਨਲ, ਰਵੀਸ਼ ਕੁਮਾਰ ਜਿਹੇ ਪੱਤਰਕਾਰ ਵੀ ਲੋਕਾਂ ਨੂੰ ਦੱਸ ਰਹੇ ਹਨ, ਕਿ ‘ਅਟਲ ਜੀ’ ਕਿੰਨੇ ਮਹਾਨ ਸਨ! ਕਿ ਉਸ ਤਰਾਂ ਦੇ ਆਗੂਆਂ ਦੀ ਕਿੰਨੀ ਲੋੜ ਹੈ।

ਬਹੁਤ ਪਾਠਕਾਂ ਨੂੰ ਅਟਲ ਬਿਹਾਰੀ ਵਾਜਪਾਈ ਅਤੇ ਉਸਦੇ ਗੁਣ ਗਾਉਣ ਵਾਲ਼ਿਆਂ ਬਾਰੇ ਸਾਡੀਆਂ ਟਿੱਪਣੀਆਂ ਔਖ ਮਹਿਸੂਸ ਕਰਾ ਸਕਦੀਆਂ ਹਨ, ਵਧਵੀਆਂ ਲੱਗ ਸਕਦੀਆਂ ਹਨ। ਪਰ ਸਾਡੀਆਂ ਇਹ ਟਿੱਪਣੀਆਂ ਬਿਲਕੁੱਲ ਵੀ ਵਧਵੀਆਂ ਨਹੀਂ ਹਨ, ਸਗੋਂ ਅਸੀਂ ਤਾਂ ਘੱਟ ਹੀ ਕਿਹਾ ਹੈ। ਮਨੁੱਖਤਾ ਖਿਲਾਫ਼, ਕਿਰਤੀ ਲੋਕਾਂ ਖਿਲਾਫ਼ ਕੀਤੇ ਕਾਲ਼ੇ ਕਾਰਿਆਂ ਲਈ ਕਿਸੇ ਵੀ ਕਿਸਮ ਦੇ ਫਾਸੀਵਾਦੀ ਖਿਲਾਫ਼ ਨਰਮੀ ਨਾਲ਼ ਗੱਲ ਨਹੀਂ ਕੀਤੀ ਜਾ ਸਕਦੀ। ਇਹ ਭਾਵੇਂ ਸਾਵਰਕਰ ਹੋਵੇ, ਭਾਗਵਤ ਹੋਵੇ, ਤੋਗੜੀਆ, ਅਡਵਾਨੀ, ਮੋਦੀ ਤੇ ਭਾਵੇਂ ਵਾਜਪਾਈ ਹੋਵੇ। ਇਹ ਸਭ ਇੱਕੋ ਹੀ ਥਾਲੀ ਦੇ ਚੱਟੇ-ਬੱਟੇ ਹਨ। ਜੋ ਕੋਈ ਭਾਵੇਂ ਦਿਲੋਂ ਤੇ ਭਾਂਵੇਂ ਰਿਵਾਇਤ ਦੇ ਤੌਰ ਉੱਤੇ, ਇੱਕ ਮਰ ਚੁੱਕੇ ਫਾਸੀਵਾਦੀ ਦੇ ਵੀ ਗੁਣ-ਗਾਣ ਕਰਦਾ ਹੈ, ਉਸ ਖਿਲਾਫ਼ ਗੁੱਸਾ ਬਿਲਕੁਲ ਜਾਇਜ ਹੈ, ਤਰਕਸੰਗਤ ਹੈ। ਸਵਾਮੀ ਅਗਨੀਵੇਸ਼ ਜਿਹੇ ਵਿਅਕਤੀ ਜੋ ਉਂਝ ਤਾਂ ਧਰਮ ਨਿਰਪੱਖਤਾ ਦੀ ਗੱਲ ਕਰਦੇ ਹਨ, ਧਾਰਮਿਕ ਕੱਟੜਪੰਥੀਆਂ ਨੂੰ ਰੱਜ ਕੇ ਕੋਸਦੇ ਹਨ ਪਰ ਇੱਕ ਹਿੰਦੂਤਵਵਾਦੀ ਫਾਸੀਵਾਦੀ ਦੀ ਮੌਤ ਉੱਤੇ ਸੋਗ ਪ੍ਰਗਟਾਉਣ ਜਾਂਦੇ ਹਨ, ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਜਾਂਦੇ ਹਨ, ਵਰਗਿਆਂ ਨੂੰ ਅਸੀਂ ਲਾਹਨਤਾਂ ਤੋਂ ਬਿਨਾਂ ਹੋਰ ਕੁੱਝ ਵੀ ਭੇਂਟ ਨਹੀਂ ਕਰ ਸਕਦੇ।

ਜੇਕਰ ਜ਼ਿਆਦਾ ਡੂੰਘਾਈ ‘ਚ, ਤੱਥਾਂ ਦੇ ਵਿਸਥਾਰ ਵਿੱਚ ਨਾ ਵੀ ਜਾਇਆ ਜਾਵੇ ਤਾਂ ਵੀ ਕੋਈ ਅਸਾਨੀ ਨਾਲ਼ ਸਮਝ ਸਕਦਾ ਹੈ ਕਿ ਕੋਈ ਵਿਅਕਤੀ ਦੇਸ਼ ਨੂੰ ਭਿਆਨਕ ਢੰਗ ਨਾਲ਼ ਫਿਰਕੂ ਲੀਹਾਂ ਉੱਤੇ ਵੰਡਣ ਵਾਲ਼ੀ, ਬੇਗੁਨਾਹ ਲੋਕਾਂ ਦੀ ਨਸਲਕੁਸ਼ੀ ਦੀ ਗੁਨਾਹਗਾਰ, ਸਰਮਾਏਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਲੋਕਾਂ ਉੱਤੇ ਭਿਆਨਕ ਜ਼ਬਰ ਢਾਹੁਣ ਵਾਲ਼ੀ ਜਥੇਬੰਦੀ ਆਰ.ਐਸ.ਐਸ.ਦਾ ਮੈਂਬਰ ਹੀ ਨਹੀਂ, ਸਰਗਰਮ ਕਾਰਕੁੰਨ ਹੀ ਨਹੀਂ, ਸਗੋਂ ਵੱਡਾ ਪ੍ਰਚਾਰਕ ਤੇ ਆਗੂ ਰਿਹਾ ਹੋਵੇ ਉਹ ਵਿਅਕਤੀ ਲੋਕ ਪੱਖੀ ਨਹੀਂ ਹੋ ਸਕਦਾ। ਉਹ ਮਨੁੱਖਤਾਵਾਦੀ, ਇਨਸਾਫਪਸੰਦ, ਜਮਹੂਰੀ ਨਹੀਂ ਹੋ ਸਕਦਾ। ਉਸਨੇ ਸੰਘ ਪਰਿਵਾਰ ਦੀ ਹਿੰਦੂਤਵਵਾਦੀ ਕੱਟੜਪੰਥੀ ਫਾਸੀਵਾਦੀ ਵਿਚਾਰਧਾਰਾ ਲਈ ਜੋ ਅਣਥੱਕ ਮਿਹਨਤ ਕੀਤੀ ਹੈ, ਇਸਨੂੰ ਜੋ ਦੇਣ ਦਿੱਤੀ ਹੈ ਉਸ ਸਦਕਾ ਹੀ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ। ਇਹ ਗੱਲ ਸਮਝਣ ਲਈ ਕੋਈ ਬਹੁਤ ਗਿਆਨਵਾਨ ਹੋਣਾ ਜ਼ਰੂਰੀ ਨਹੀਂ।

ਅਟਲ ਬਿਹਾਰੀ ਵਾਜਪਾਈ ਕੋਈ ਮਨੁੱਖਤਾਵਾਦੀ, ਧਰਮ ਨਿਰਪੱਖ, ਉਦਾਰਵਾਦੀ, ਜਮਹੂਰੀਅਤ ਪਸੰਦ ਵਿਅਕਤੀ ਨਹੀਂ ਸੀ। ਉਹ ਆਰ.ਐਸ.ਐਸ. ਦਾ ਦ੍ਰਿੜ ਕਾਰਕੁੰਨ ਸੀ। ਪੱਕਾ ਭਾਜਪਾਈ ਸੀ। ਹਿੰਦੂਤਵਵਾਦ ਤੇ ਸਰਮਾਏਦਾਰੀ ਦੀ ਸੇਵਾ ਉਸਦੀ ਰਗ-ਰਗ ਵਿੱਚ ਵਸੀ ਸੀ। ਪਰ ਉਹ ਭਾਗਵਤ-ਅਡਵਾਨੀ-ਮੋਦੀ ਵਰਗੇ ਚਿਹਰੇ ਵਾਲ਼ਾ ਫਾਸੀਵਾਦੀ ਨਹੀਂ ਸੀ। ਉਸਦਾ ਵਿਅਕਤੀਤਵ, ਵਾਕ-ਚਤੁਰਾਈ, ਭਾਸ਼ਣ-ਕਲਾ, ਕਵਿਤਾਵਾਂ ਆਮ ਲੋਕਾਂ ਨੂੰ ਉਸਦੇ ਉਦਾਰਵਾਦੀ-ਮਨੁੱਖਤਾਵਾਦੀ-ਇਨਸਾਫ਼ਪਸੰਦ ਹੋਣ ਦਾ ਭਰਮ ਪੈਦਾ ਕਰਦੇ ਹਨ। ਆਰ.ਐਸ.ਐਸ. ਵਿੱਚ ਰੰਗ-ਬਰੰਗੇ, ਤਰਾਂ-ਤਰਾਂ ਦੇ ਚਿਹਰਿਆਂ ਵਾਲ਼ੇ ਆਗੂ ਹਨ। ਕੋਈ ਬਦਮਾਸ਼ ਤੇ ਕੋਈ ਸ਼ਰੀਫ ਨਜ਼ਰ ਆਉਣ ਵਾਲ਼ਾ, ਕੋਈ ਬੇਈਮਾਨ ਤੇ ਕੋਈ ਇਮਾਨਦਾਰ ਨਜ਼ਰ ਆਉਣ ਵਾਲ਼ਾ, ਕੋਈ ਘੱਟ ਗਿਣਤੀਆਂ ਖਿਲਾਫ਼ ਸਾਫ਼-ਸਪੱਸ਼ਟ ਬੋਲਣ ਵਾਲ਼ਾ ਤੇ ਕੋਈ ਸ਼ਬਦ-ਜਾਲ ਬੁਨਣ ਵਿੱਚ ਮਾਹਰ, ਬਿੰਬਾਂ ਵਿੱਚ ਗੱਲ ਕਰਨ ਵਾਲ਼ਾ। ਪਰ ਸਾਰਿਆਂ ਦੀ ਵਿਚਾਰਧਾਰਾ ਇੱਕੋ ਹੀ ਹੈ। ਸਭ ਦਾ ਨਿਸ਼ਾਨਾ ਇੱਕੋ ਹੀ ਹੁੰਦਾ ਹੈ। ਅਟਲ ਬਿਹਾਰੀ ਵਾਜਪਾਈ ਦੀ ਵਿਚਾਰਧਾਰਾ, ਉਸਦਾ ਮਕਸਦ ਵੀ ਆਰ.ਐਸ.ਐਸ. ਦੇ ਹੋਰ ਆਗੂਆਂ ਵਾਲ਼ਾ ਹੀ ਸੀ। ਬਸ ਉਸਨੇ ਸ਼ਰਾਫਤ ਦਾ, ਉਦਾਰਤਾਵਾਦ ਦਾ, ਮਨੁੱਖਤਾਵਾਦ ਦਾ ਨਕਾਬ ਜ਼ਰੂਰ ਪਾਇਆ ਹੋਇਆ ਸੀ। ਉਹ ਏਨਾ ਚਲਾਕ, ਏਨਾ ਮਾਹਰ ਨਕਾਬਪੋਸ਼ ਸੀ ਕਿ ਉਸਨੇ ਕਹਿੰਦੇ-ਕਹਾਉਂਦੇ ਧਰਮ-ਨਿਰਪੱਖ, ਜਮਹੂਰੀਅਤ ਪਸੰਦਾਂ ਤੱਕ ਨੂੰ ਭਰਮ ਵਿੱਚ ਪਾ ਦਿੱਤਾ, ਉਸਦੇ ਗੁਣ ਗਾਉਣ ਲਾ ਦਿੱਤਾ।

ਉਹ ਸੰਨ 1939 ਵਿੱਚ ਆਰ.ਐੱਸ.ਐੱਸ. ਵਿੱਚ ਭਰਤੀ ਹੋਇਆ। ਸੰਨ 1942 ਵਿੱਚ ਉਹ ਆਰ.ਐੱਸ.ਐੱਸ. ਦਾ ਸਰਗਰਮ ਮੈਂਬਰ ਬਣ ਗਿਆ। ਕੁੱਝ ਸਾਲਾ ਬਾਅਦ ਪ੍ਰਚਾਰਕ ਵੀ ਬਣਾ ਗਿਆ। ਆਰ.ਐੱਸ.ਐੱਸ. ਵਿੱਚ ਪ੍ਰਚਾਰਕ ਕੁਲਵਕਤੀ ਨੂੰ ਕਹਿੰਦੇ ਹਨ। ਉਹ ਸੰਘੀ ਲਾਣੇ ਦੀਆਂ ‘ਰਾਸ਼ਟਰ ਧਰਮ’ ਤੇ ‘ਪੰਚਜਨਯ’ ਮਾਸਿਕ ਮੈਗਜੀਨਾਂ ਅਤੇ ‘ਸਵਦੇਸ਼’ ਤੇ ‘ਵੀਰ ਅਰਜੁਨ’ ਰੋਜ਼ਾਨਾ ਅਖ਼ਬਾਰਾਂ ਦਾ ਸੰਪਾਦਕ ਵੀ ਰਿਹਾ ਹੈ। ਹਿੰਦੂਤਵਵਾਦੀਆਂ ਲਈ, ਅੰਗਰੇਜਾਂ ਖਿਲਾਫ਼ ਕਦੇ ਕੋਈ ਸੰਘਰਸ਼ ਨਾ ਕਰਨ, ਮਹਾਂਤਮਾ ਗਾਂਧੀ ਦਾ ਕਤਲ ਤੇ ਇਸਤੋ ਬਾਅਦ ਇਸ ਉੱਤੇ ਪਾਬੰਦੀ ਕਾਰਨ ਆਰ.ਐੱਸ.ਐੱਸ. ਨੂੰ ਭਾਰਤੀ ਸਮਾਜ ਦੇ ਵੱਖ-ਵੱਖ ਘੇਰਿਆਂ ਅੰਦਰ ਮਾਨਤਾ ਮਿਲ਼ਣ ਦਾ ਵੱਡਾ ਸਵਾਲ ਖੜਾ ਸੀ। ਵਾਜਪਾਈ ਜਿਹੇ ਉਦਾਰਵਾਦੀ, ਨਫੀਸ ਚਿਹਰਿਆਂ ਵਾਲ਼ੇ ਆਗੂਆਂ ਦੀ ਇਸਨੂੰ ਸਖਤ ਜ਼ਰੂਰਤ ਸੀ ਜਿਹਨਾਂ ਸਦਕਾ ਅੱਗੇ ਵਧਿਆ ਜਾ ਸਕੇ। ਅਟਲ ਬਿਹਾਰੀ ਵਾਜਪਾਈ ਇੱਕ ਅਜਿਹਾ ਹੀ ਮਹੱਤਵਪੂਰਣ ਚਿਹਰਾ ਸੀ।

ਪਰ ਅਸਲ ਚਿਹਰੇ ਨੂੰ ਪੂਰੀ ਤਰਾਂ ਲਕੋਇਆ ਨਹੀਂ ਜਾ ਸਕਦਾ। ਵਾਜਪਾਈ ਦਾ ਅਸਲ ਫਾਸੀਵਾਦੀ, ਲੋਕ ਧ੍ਰੋਹੀ ਚਿਹਰਾ ਵਾਰ-ਵਾਰ ਉੱਭਰਵੇਂ ਰੂਪ ਵਿੱਚ ਸਾਹਮਣੇ ਆਉਂਦਾ ਰਿਹਾ ਹੈ।

27 ਅਗਸਤ, 1942 ਨੂੰ ਡੇਢ ਦੋ ਸੋ ਲੋਕ ਅੰਗਰੇਜਾਂ ਖਿਲਾਫ ਮੁਜ਼ਾਹਰਾ ਕਰ ਰਹੇ ਸਨ। ਅਟਲ ਬਿਹਾਰੀ ਵਾਜਪਾਈ ਅਤੇ ਉਸਦਾ ਭਰਾ ਪ੍ਰੇਮ ਬਿਹਾਰੀ ਕੁਝ ਦੂਰੀ ਉੱਤੇ ਖੜੇ ਸਨ। ਬਹੁਤ ਸਾਰੇ ਲੋਕਾਂ ਨੂੰ ਅੰਗਰੇਜ਼ ਪੁਲਿਸ ਨੇ ਗਿਰਫਤਾਰ ਕਰ ਲਿਆ। ਗਲਤੀ ਨਾਲ਼ ਇਹਨਾਂ ਦੋਹਾਂ ਦੀ ਵੀ ਗਿਰਫਤਾਰੀ ਹੋਈ। ਇਹ ਦੋਵੇਂ ਤਾਂ ਮੁਜ਼ਾਹਰੇ ਵਿੱਚ ਸ਼ਾਮਲ ਨਾ ਹੋਣ ਬਾਰੇ ਲਿਖਤੀ ਰੂਪ ਵਿੱਚ ਦੇ ਕੇ ਰਿਹਾ ਹੋ ਗਏ। ਪਰ ਵਾਜਪਾਈ ਨੇ ਚਾਰ ਅਜ਼ਾਦੀ ਘੁਲਾਟੀਆਂ ਖਿਲਾਫ਼ ਗਵਾਹੀ ਦਿੱਤੀ ਜਿਸ ਕਾਰਨ ਉਹਨਾਂ ਨੂੰ ਕਈ ਸਾਲ ਜੇਲ ਕੱਟਣੀ ਪਈ।

ਅਟਲ ਬਿਹਾਰੀ ਵਾਜਪਾਈ ਹਮੇਸ਼ਾਂ ਹੀ ਅਯੋਧਿਆ ਵਿੱਚ ਰਾਮ ਮੰਦਰ ਬਣਾਉਣ ਦਾ ਹਾਮੀ ਰਿਹਾ ਹੈ। ਉਸਨੇ ਅਤੇ ਉਸਦੀ ਪਾਰਟੀ ਨੇ ਭਾਂਵੇਂ ਹਮੇਸ਼ਾਂ ਇਹ ਹੀ ਪ੍ਰਚਾਰਿਆ ਕਿ ਉਹ ਇਹ ਕੰਮ ਸ਼ਾਂਤੀਪੂਰਵਕ ਢੰਗ ਨਾਲ਼ ਚਾਹੁੰਦਾ ਹੈ, ਕਿ ਉਸਦਾ ਸਟੈਂਡ ਐਲ.ਕੇ. ਅਡਵਾਨੀ ਨਾਲ਼ੋਂ ਵੱਖਰਾ ਹੈ। ਪਰ ਅਸਲ ਵਿੱਚ ਇਹ ਆਰ.ਐੱਸ.ਐੱਸ. ਦੀ ਨੀਤੀ ਦਾ ਹੀ ਅੰਗ ਸੀ ਕਿ ਵੱਖ-ਵੱਖ ਲੀਡਰ ਵੱਖ-ਵੱਖ ਢੰਗ ਨਾਲ਼ ਗੱਲ ਕਰਨ ਤਾਂ ਕਿ ਜਦੋਂ ਜਿਸ ਦੀ ਲੋੜ ਹੋਈ ਉਸਨੂੰ ਅੱਗੇ ਕੀਤਾ ਜਾ ਸਕੇ। ਪਰ 5 ਦਸੰਬਰ, 1992 ਨੂੰ ਲਖਨਊ ਵਿੱਚ ਉਸਨੇ ਹਿੰਦੂਤਵਵਾਦੀ ਭੀੜ ਨੂੰ ਜੋ ਭਾਸ਼ਣ ਦਿੱਤਾ ਉਸ ਤੋਂ ਉਸਦੀ ਸਾਰੀ ਅਸਲੀਅਤ ਸਾਹਮਣੇ ਆ ਗਈ। ਉਸਨੇ ਇਸ ਭਾਸ਼ਣ ਰਾਹੀਂ ਭੀੜ ਨੂੰ ਸਪੱਸ਼ਟ ਤੌਰ ਉੱਤੇ ਬਾਬਰੀ ਮਸਜਿਦ ਢਾਹੁਣ ਲਈ ਭੜਕਾਇਆ। ਇਸ ਭਾਸ਼ਣ ਦੀ ਵੀਡੀਓ ਤੇ ਇਸ ਬਾਰੇ ਲੇਖ ਇੰਟਰਨੈੱਟ ਉੱਤੇ ਅਸਾਨੀ ਨਾਲ਼ ਮਿਲ ਜਾਂਦੇ ਹਨ।

ਗੁਜਰਾਤ ਵਿੱਚ ਸੰਨ 2002 ਦਾ ਕਤਲੇਆਮ ਸਪੱਸ਼ਟ ਰੂਪ ਵਿੱਚ ਆਰ.ਐੱਸ.ਐੱਸ./ਭਾਜਪਾ ਦੀ ਸੋਚੀ ਸਮਝੀ ਯੋਜਨਾ ਤਹਿਤ ਹੋਇਆ। ਉਸ ਸਮੇਂ ਕੇਂਦਰ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਸੀ। ਕੇਂਦਰ ਦੀ ਵਾਜਪਾਈ ਸਰਕਾਰ ਨੇ ਸੂਬੇ ਦੀ ਮੋਦੀ ਸਰਕਾਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸਿਰਫ਼ ਰਾਜ ਧਰਮ ਨਿਭਾਉਣ ਦੀ ਸਲਾਹ ਦੇ ਕੇ ਆ ਗਿਆ। ਮੋਦੀ ਨੇ ਬਿਲਕੁਲ ਆਪਣਾ ਰਾਜ ਧਰਮ ਨਿਭਾਇਆ। ਮੁਸਲਮਾਨਾਂ ਦੀ ਨਸਲਕੁਸ਼ੀ ਨੂੰ ਜ਼ਾਰੀ ਰੱਖਣਾ ਹੀ ਮੋਦੀ ਦਾ ਉਸ ਸਮੇਂ ਰਾਜ ਧਰਮ ਸੀ। ਵਾਜਪਾਈ ਦਾ ਇਸ਼ਾਰਾ ਵੀ ਇਹੋ ਸੀ। ਜੇਕਰ ਵਾਜਪਈ ਦਾ ਇਹ ਇਸ਼ਾਰਾ ਨਾ ਹੁੰਦਾ ਤਾਂ ਕੀ ਵਾਜਪਾਈ ਮੋਦੀ ਸਰਕਾਰ ਖਿਲਾਫ ਚੁੱਪ ਬੈਠਾ ਰਹਿੰਦਾ? ਵਾਜਪਾਈ ਦੇ ਹੰਝੂ ਸਪੱਸ਼ਟ ਰੂਪ ਵਿੱਚ ਮੱਗਰਮੱਛ ਦੇ ਹੁੰਝੂ ਸਨ। ਉਸਨੇ ਗੁਜਰਾਤ ਦੀ ਮੋਦੀ ਸਰਕਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਪਾਰਟੀ ਨਹੀਂ ਛੱਡੀ। ਆਰ.ਐੱਸ.ਐੱਸ. ਨਹੀਂ ਛੱਡੀ।

ਆਰ.ਐੱਸ.ਐੱਸ. ਨੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਲੋਕਾਂ ਖਿਲਾਫ਼ ਜੋ ਅਪਰਾਧ ਕੀਤੇ ਹਨ ਉਹਨਾਂ ਦਾ ਕਦੇ ਉਸਨੇ ਵਿਰੋਧ ਨਹੀਂ ਕੀਤਾ। ਸਿੱਖ ਨਸਲਕੁਸ਼ੀ-84 ਵਿੱਚ ਆਰ.ਐੱਸ.ਐੱਸ. ਅਤੇ ਭਾਜਪਾ ਦੀ ਸ਼ਮੂਲੀਅਤ ਜੱਗਜਾਹਰ ਹੈ। ਆਰ.ਐੱਸ.ਐੱਸ. ਅਤੇ ਭਾਜਪਾ ਦੇ ਲੀਡਰਾਂ ਖਿਲਾਫ਼ ਵੱਡੀ ਗਿਣਤੀ ‘ਚ ਮੁਕੱਦਮੇ ਦਰਜ ਹੋਏ ਸਨ। ਵਾਜਪਾਈ ਦੀ ਇਸ ਮਾਮਲੇ ਵਿੱਚ ਵੀ ਸਰਗਰਮ ਭੂਮਿਕਾ ਸੀ। ਉਹ ਤਾਂ ਕਮਜ਼ੋਰ ਕਿਸਮ ਦਾ ਉਦਾਰਵਾਦੀ ਵੀ ਨਹੀਂ ਕਿਹਾ ਜਾ ਸਕਦਾ। ਉਹ ਬਸ ਇੱਕ ਫਾਸੀਵਾਦੀ ਸੀ ਹੋਰ ਕੁੱਝ ਨਹੀਂ। ਆਰ.ਐੱਸ.ਐੱਸ. ਤੇ ਇਸਦੀਆਂ ਭਾਜਪਾ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਆਦਿ ਅਨੇਕਾਂ ਜਥੇਬੰਦੀਆਂ ਵੱਲੋਂ ਝੁਲਾਈ ਗਈ ਫਿਰਕੂ ਲਹਿਰ, ਘੱਟ ਗਿਣਤੀਆਂ ਦੀ ਨਸਲਕੁਸ਼ੀ, ਦੇਸ਼ੀ-ਵਿਦੇਸ਼ੀ ਸਰਮਾਏ ਦੀ ਸੇਵਾ ਵਿੱਚ ਅਟਲ ਬਿਹਾਰੀ ਦੀ ਬਰਾਬਰ ਹੀ ਨਹੀਂ, ਸਗੋਂ ਆਗੂ ਭੂਮਿਕਾ ਰਹੀ ਹੈ।

ਸ਼ਾਹਿਲਾ ਰਾਸ਼ਿਦ ਕਸ਼ਮੀਰ ਮਸਲੇ ਨੂੰ ਵਾਜਪਾਈ ਵੱਲ਼ੋਂ ਸੁਲਝਾਉਣ ਦੀਆਂ ਕੋਸ਼ਿਸ਼ਾਂ ਦੀ ਗੱਲ ਕਰਦੀ ਹੈ। ਕੀ ਵਾਜਪਾਈ ਨੇ ਕਦੇ ਇਹ ਕਿਹਾ ਕਿ ਕਸ਼ਮੀਰ ਦੇ ਲੋਕਾਂ ਦੇ ਸਵੈਨਿਰਣੈ ਦੇ ਹੱਕ ਦੀ ਹਿਮਾਇਤ ਕੀਤੀ ਹੈ? ਕੀ ਉਸਨੇ ਕਦੇ ਕਿਹਾ ਕਿ ਉਹ ਧਾਰਾ 370 ਦੀ ਹਿਮਾਇਤ ਕਰਦਾ ਹੈ? ਕੀ ਉਹ ਕਦੇ ਭਾਰਤੀ ਰਾਜ ਸੱਤਾ (ਜਿਸਦਾ ਉਹ ਆਪ ਅੰਗ ਹੈ) ਵੱਲੋਂ ਕਸ਼ਮੀਰੀ ਲੋਕਾਂ ਉੱਤੇ ਢਾਹੇ ਜਾਂਦੇ ਰਹੇ, ਢਾਹੇ ਜਾ ਰਹੇ ਜੁਲਮ ਖਿਲਾਫ਼ ਅਵਾਜ਼ ਚੁੱਕੀ ਹੈ? ਕੀ ਕਦੇ ਉਹ ਧਾਰਾ 370 ਖਤਮ ਕਰਨ, ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਮੰਨਣ, ਜ਼ੋਰ-ਜ਼ਬਰ ਨਾਲ਼ ਕਸ਼ਮੀਰ ਨੂੰ ਗੁਲਾਮ ਬਣਾ ਕੇ ਰੱਖਣ ਦੇ ਭਾਜਪਾ ਦੇ ਸਟੈਂਡ ਦੇ ਖਿਲਾਫ਼ ਗਿਆ ਹੈ? ਸ਼ਾਹਿਲਾ ਰਾਸ਼ਿਦ ਤੇ ਉਸ ਵਰਗੇ ਹੋਰ ਅਟਲ ਬਿਹਾਰੀ ਵਾਜਪਾਈ ਦੀਆਂ ਕਾਵਿ-ਮਈ ਮੋਮੋਠੱਗਣੀਆਂ, ਚਲਾਕੀ ਭਰਪੂਰ ਗੱਲਾਂ ਉੱਤੇ, ਕਸ਼ਮੀਰ ਮਸਲਾ ਹਾਂ-ਪੱਖੀ ਰੂਪ ‘ਚ ਹੱਲ ਕਰਨ ਦੇ ਉਸਦੇ ਡਰਾਮਿਆਂ ਉੱਤੇ ਫਿਦਾ ਹੋ ਗਏ ਹਨ। ਬੇਵਕੂਫੀ ਦੀ ਕੋਈ ਹੱਦ ਨਹੀਂ।

ਨਾਲ਼ੇ, ਜੇਕਰ ਵਾਜਪਾਈ ਕਸ਼ਮੀਰ ਮਸਲੇ, ਗੁਜਰਾਤ-2002, ਘੱਟਗਿਣਤੀਆਂ, ਹਿੰਦੂਤਵਵਾਦ ਆਦਿ ਬੁਨਿਆਦੀ ਮਸਲਿਆਂ ਬਾਰੇ ਭਾਜਪਾ ਦੇ ਪੈਂਤੜੇ ਦਾ ਵਿਰੋਧੀ ਹੁੰਦਾ (ਇਸ ਤੋਂ ਬਿਨਾਂ ਉਹ ਉਦਾਰਵਾਦੀ, ਜਮਹੂਰੀਅਤ ਪੰਸਦ, ਮਨੁੱਖਤਾਵਾਦੀ ਨਹੀਂ ਹੋ ਸਕਦਾ) ਤਾਂ ਉਸਨੇ ਭਾਜਪਾ ਤੇ ਆਰ.ਅੈੱਸ.ਐੱਸ. ਵਿੱਚ ਨਹੀਂ ਹੋਣਾ ਸੀ। ਅਟਲ ਬਿਹਾਰੀ ਤਾਂ 1951 ਤੋਂ ਹੀ ਆਰ.ਐੱਸ.ਐੱਸ. ਦੇ ਸੰਸਦੀ ਮੋਰਚੇ (ਪਹਿਲਾਂ ਭਾਰਤੀ ਜਨ ਸੰਘ, ਫੇਰ ਜਨਤਾ ਪਾਰਟੀ ਅੰਦਰ ਇਸਦੇ ਗਰੁੱਪ, ਅਤੇ ਫੇਰ ਭਾਜਪਾ) ਦੇ ਮੂਹਰਲੇ ਆਗੂਆਂ ਵਿੱਚੋਂ ਇੱਕ ਰਿਹਾ ਹੈ। ਆਰ.ਐੱਸ.ਐੱਸ./ਭਾਜਪਾ ਨਾਲ਼ ਜੇਕਰ ਕਸ਼ਮੀਰ ਅਤੇ ਘੱਟਗਿਣਤੀਆਂ ਜਿਹੇ ਬੁਨਿਆਦੀ ਮਸਲਿਆਂ ਉੱਤੇ ਹੀ ਮਤਭੇਦ ਹੁੰਦਾ ਤਾਂ ਉਹ ਪ੍ਰਧਾਨ ਮੰਤਰੀ, ਭਾਜਪਾ ਦਾ ਵੱਡਾ ਆਗੂ, ਆਰ.ਐੱਸ.ਐੱਸ. ਦੇ ਮੈਗਜ਼ੀਨਾਂ/ਅਖ਼ਬਾਰਾਂ ਦਾ ਸੰਪਾਦਕ ਤਾਂ ਕੀ ਇੱਕ ਸਧਾਰਨ ਮੈਂਬਰ ਤੱਕ ਨਹੀਂ ਸੀ ਹੋਣਾ। ਹਾਂ, ਕਦੋਂ-ਕਿੱਥੇ ਕਿਵੇਂ ਚੱਲਣਾ ਹੈ, ਕੀ ਦਾਅਪੇਚ ਅਪਣਾਉਣਾ ਹੈ, ਆਦਿ ਦੇ ਛੋਟੇ-ਮੋਟੇ ਮਤਭੇਦ ਹੋ ਸਕਦੇ ਹਨ। ਅਜਿਹੇ ਮਤਭੇਦ ਤਾਂ ਮੋਦੀ ਦੇ ਭਾਗਵਤ ਨਾਲ਼ ਵੀ ਹੋ ਸਕਦੇ ਨੇ।  

ਉਸਦੇ ਪ੍ਰਧਾਨ ਮੰਤਰੀ ਹੋਣ ਦੌਰਾਨ ਸੰਸਾਰੀਕਰਨ-ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਨੂੰ ਬੇਕਿਰਕ ਢੰਗ ਨਾਲ਼ ਲਾਗੂ ਕੀਤਾ ਗਿਆ। ਮਜ਼ਦੂਰਾਂ ਅਤੇ ਕਿਰਤੀਆਂ ਦੇ ਆਰਥਿਕ-ਸਿਆਸੀ-ਸਮਾਜਿਕ ਹੱਕਾਂ ਉੱਤੇ ਜਾਬਰ ਢੰਗ ਨਾਲ਼ ਹਮਲਾ ਕੀਤਾ ਗਿਆ। ਇਸ ਉਦਾਰ-ਭੱਦਰਪੁਰਸ਼ ਮਖੌਟਾਧਾਰੀ ਨੂੰ ਅੱਗੇ ਲਾ ਕੇ ਆਰ.ਐੱਸ.ਐੱਸ.-ਭਾਜਪਾ ਨੇ ਉਸਦੀ ਸਰਕਾਰ ਦੌਰਾਨ ਖੂਬ ਤਰੱਕੀ ਕੀਤੀ।

‘ਅਟਲ ਜੀ’ ਲਈ ਹੰਝੂ ਵਹਾਉਣ ਵਾਲ਼ੇ ਬਹੁਤ ਸਾਰੇ ”ਖੱਬੇਪੱਖੀ”, ”ਜਮਹੂਰੀਅਤਪਸੰਦ” ਤਾਂ ਮੋਦੀ ਦੇ ਮੁਕਾਬਲੇ ਅਡਵਾਨੀ ਨੂੰ ਵੀ ਚੰਗਾ ਕਹਿੰਦੇ ਹਨ। ਇਹੋ ਜਿਹੇ ਲੋਕ ਹੀ ਮੋਦੀ-ਅਡਵਾਨੀ ਦੇ ਮੁਕਾਬਲੇ ਵਾਜਪਾਈ ਨੂੰ ਚੰਗਾ ਕਹਿੰਦੇ ਹਨ। ਕੱਲ ਨੂੰ ਜੇਕਰ ਆਰ.ਐੱਸ.ਐੱਸ. ਨੇ ਕੋਈ ਮੋਦੀ ਤੋਂ ਵੀ ਜ਼ਾਬਰ ਆਗੂ ਭਾਜਪਾ ਦੇ ਅੱਗੇ ਲਾ ਦਿੱਤਾ ਤਾਂ ਇਹ ਹੋ ਸਕਦਾ ਹੈ ਮੋਦੀ ਵਿੱਚ ਵੀ ਚੰਗੇ ਗੁਣ ਵਖਾਉਣ ਲੱਗੇ ਪੈਣਗੇ।

ਚਲੋ, ਫਾਸੀਵਾਦੀਆਂ ਦੇ ਗੁਣਗਾਣ ਕਰਨਾ ਵੀ ਇਹਨਾਂ ”ਜਮਹੂਰੀਅਤ ਪਸੰਦਾਂ” ਦਾ ਜਮਹੂਰੀ ਹੱਕ ਹੈ। ਜੀ ਸਦਕੇ ਕਰਦੇ ਰਹੋ। ਪਰ ਇਤਿਹਾਸ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ ਕਿ ਜਦ ਫਾਸੀਵਾਦ ਖਿਲਾਫ਼ ਬੇਕਿਰਕ ਲੜਾਈ ਦੀ ਲੋੜ ਸੀ, ਉਦੋਂ ਤੁਸੀਂ ਉਹਨਾਂ ਦੇ ਗੁਣਗਾਣ ਕਰ ਰਹੇ ਸੀ, ਬੇਗੁਨਾਹ ਲੋਕਾਂ ਦੇ ਕਾਤਲਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 14, 1 ਸਤੰਬਰ 2018 ਵਿੱਚ ਪ੍ਰਕਾਸ਼ਿਤ