ਅਰੁਣਾ ਸ਼ਾਨਬਾਗ ਦੀ 42 ਵਰ੍ਹਿਆਂ ਦੀ ਮੌਤਨੁਮਾ ਜ਼ਿੰਦਗੀ ਦਾ ਅੰਤ-ਸਵਾਲ ਸਾਡੇ ਮਨੁੱਖ ਹੋਣ ਦੀਆਂ ਸ਼ਰਤਾਂ ‘ਤੇ ਜਿਉਣ ਦਾ ਵੀ ਹੈ •ਰੌਸ਼ਨ

13

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਵਿੱਚ ਨਰਸ ਅਰੁਣਾ ਸ਼ਾਨਬਾਗ ਦੀ 42 ਸਾਲਾਂ ਦੀ ਮੌਤਨੁਮਾ ਜ਼ਿੰਦਗੀ ਦਾ ਲੰਘੀ 18 ਮਈ ਨੂੰ ਅੰਤ ਹੋ ਗਿਆ ਹੈ। ਅਰੁਣਾ ਸ਼ਾਨਬਾਗ 42 ਵਰ੍ਹਿਆਂ ਤੋਂ ਕੋਮਾ ਵਿੱਚ ਇੱਕ ਬੈੱਡ ‘ਤੇ ਪਈ ਸੀ। 42 ਸਾਲ ਪਹਿਲਾਂ 27 ਨਵੰਬਰ 1973 ਨੂੰ ਸੋਹਨ ਲਾਲ ਭਾਰਥਾ ਵਾਲਮੀਕੀ ਨਾਮੀ ਵਾਰਡ ਬੁਆਏ ਨੇ ਨਿੱਜੀ ਰੰਜਿਸ਼ ਕਾਰਨ ਜਦੋਂ ਉਹ ਡਿਊਟੀ ਖਤਮ ਹੋਣ ਮਗਰੋਂ ਕੱਪੜੇ ਬਦਲ ਰਹੀ ਸੀ, ਉਸਦੇ ਗਲ਼ ਵਿੱਚ ਕੁੱਤੇ ਦੀ ਸੰਗਲ਼ੀ ਪਾ ਕੇ ਉਸਦਾ ਗਲ਼ਾ ਘੁੱਟਿਆ, ਉਸ ਨਾਲ਼ ਬਿਆਨੋਂ ਬਾਹਰੇ ਭਿਆਨਕ ਢੰਗ ਨਾਲ਼ ਬਲਤਕਾਰ ਕੀਤਾ ਤੇ ਸਰੀਰਕ ਤਸੀਹੇ ਦਿੱਤੇ ‘ਤੇ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਛੱਡ ਦਿੱਤਾ। ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਅਗਲੀ ਸਵੇਰ ਹਸਪਤਾਲ ਦੇ ਅਮਲੇ ਨੇ ਉਸਨੂੰ ਲਹੂ ਦੇ ਚਿੱਕੜ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਵੇਖਿਆ। ਇਸ ਤਸ਼ੱਸ਼ਦ ਦੌਰਾਨ ਉਸਦੇ ਦਿਮਾਗ਼ ਨੂੰ ਆਕਸੀਜਨ ਮਿਲਣੀ ਬੰਦ ਹੋ ਗਈ ਤੇ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗੀ ਜਿਸ ਕਰਕੇ ਉਹ ਕੋਮਾ ਵਿੱਚ ਚਲੀ ਗਈ। ਉਸਨੂੰ ਕੁੱਝ ਸੁਣਨਾ, ਮਹਿਸੂਸ ਹੋਣਾ, ਦਿਸਣਾ ਹਟ ਗਿਆ ਤੇ ਉਸਨੂੰ 42 ਵਰ੍ਹੇ ਇੱਕ ਲਾਸ਼ ਵਾਂਗ ਇੱਕ ਬੈੱਡ ‘ਤੇ ਜਿਉਣਾ ਪਿਆ। ਇਹ ਘਟਨਾ ਮੌਜੂਦਾ ਸਮਾਜ ਵਿੱਚ ਔਰਤ ਵਿਰੋਧੀ ਮਾਨਸਿਕਤਾ ਤੇ ਔਰਤਾਂ ਵਿਰੁੱਧ ਵਧ ਰਹੇ ਜੁਰਮਾਂ ਦੀ ਇੱਕ ਬਰਬਰ, ਦਿਲ-ਕੰਬਾਊ ਤੇ ਝੰਜੋੜਨ ਵਾਲ਼ੀ ਘਟਨਾ ਹੈ। ਇਹ ਘਟਨਾ ਤੇ ਇਸ ਪੂਰੇ ਮਾਮਲੇ ਵਿੱਚ ਸਰਕਾਰੀ ਪ੍ਰਸ਼ਾਸ਼ਨ, ਨਿਆਂ ਪ੍ਰਬੰਧ ਅਤੇ ਹਸਪਤਾਲ ਮਾਲਕਾਂ ਦਾ ਰਵੱਈਆ ਇਹ ਦਿਖਾਉਂਦਾ ਹੈ ਕਿ ਸਾਡੇ ਸਮਾਜ ਵਿੱਚ ਔਰਤ ਵਿਰੋਧੀ ਮਾਨਸਿਕਤਾ ਤੇ ਸੰਵੇਦਨਹੀਣਤਾ ਕਿੰਨੇ ਘਿਨਾਉਣੇ ਤੇ ਵਿਆਪਕ ਰੂਪ ਵਿੱਚ ਪਸਰੀ ਹੋਈ ਹੈ। ਅਜਿਹੀ ਹਰ ਘਟਨਾ ਜਿੱਥੇ ਸਮਾਜ ਦੇ ਸੰਵੇਦਨਸ਼ੀਲ ਨੌਜਵਾਨਾਂ, ਨਾਗਰਿਕਾਂ ਨੂੰ ਔਰਤ ਵਿਰੋਧੀ ਜੁਰਮਾਂ ਅਤੇ ਇਹਨਾਂ ਨੂੰ ਪੈਦਾ ਕਰਨ ਵਾਲ਼ੇ ਮੌਜੂਦਾ ਸਮਾਜਕ-ਆਰਥਕ ਢਾਂਚੇ ਨੂੰ ਖਤਮ ਕਰਨ ਦੀ ਜੱਦੋ-ਜਹਿਦ ਵਿੱਚ ਸ਼ਾਮਲ ਹੋਣ ਲਈ ਲਾਹਣਤਾਂ ਪਾਉਂਦੀ ਹੈ, ਉੱਥੇ ਇਹ ਘਟਨਾ ਇਸ ਸਮੱਸਿਆ ਨੂੰ ਹੋਰ ਡੂੰਘਾਈ ਨਾਲ਼ ਸਮਝੇ ਜਾਣ ਦਾ ਸਵਾਲ ਵੀ ਖੜ੍ਹਾ ਕਰਦੀ ਹੈ ਤਾਂ ਜੋ ਇਸਦਾ ਬਿਹਤਰ ਢੰਗ ਨਾਲ਼ ਹੱਲ ਕੀਤਾ ਜਾ ਸਕੇ।

ਮੌਜੂਦਾ ਕਨੂੰਨੀ, ਸਿਆਸੀ ਢਾਂਚੇ ‘ਤੇ ਸਵਾਲ ਖੜ੍ਹੇ
ਕਰਦੀ ਅਰੁਣਾ ਸ਼ਾਨਬਾਗ ਦੀ ਮੌਤ

ਇਸ ਘਟਨਾ ਦੇ ਕੁੱਝ ਕਨੂੰਨੀ ਤੇ ਸਿਆਸੀ ਪੱਖ ਹਨ ਜਿਨ੍ਹਾਂ ਨੇ ਮੌਜੂਦਾ ਨਿਆਂ-ਪ੍ਰਬੰਧ ਅਤੇ ਪੈਸੇ ਦੇ ਭੁੱਖੇ ਸਰਮਾਏਦਾਰਾਂ ਦੀ ਸੰਵੇਦਨਹੀਣਤਾ ਨੂੰ ਇੱਕ ਵਾਰ ਫੇਰ ਨੰਗਾ ਕੀਤਾ ਹੈ। ਇਸ ਘਟਨਾ ਮਗਰੋਂ ਹਸਪਤਾਲ ਦੇ ਮਾਲਕਾਂ ਨੇ ਆਪਣੇ ਹਸਪਤਾਲ ਦੀ “ਸਾਖ” ਬਚਾਉਣ ਲਈ ਇਹ ਮਾਮਲਾ ਪੇਤਲਾ ਪਾਇਆ ਤੇ ਪੁਲਿਸ ਕੋਲ਼ ਇਸਨੂੰ ਸਿਰਫ ਲੁੱਟ-ਖੋਹ ਦੀ ਵਾਰਦਾਤ ਦੇ ਰੂਪ ਵਿੱਚ ਹੀ ਦਰਜ ਕਰਵਾਇਆ ਗਿਆ, ਜਦਕਿ ਬਲਤਾਕਾਰ ਤੇ ਕਤਲ ਦੀ ਕੋਸ਼ਿਸ਼ ਜਿਹੇ ਸੰਗੀਨ ਜੁਰਮਾਂ ਨੂੰ ਲੁਕਾ ਲਿਆ ਗਿਆ। ਇਸ ਪਿੱਛੇ ਉਹਨਾਂ ਨੇ ਸ਼ਾਨਬਾਗ ਦੀ ਇੱਜਤ ਬਣਾਈ ਰੱਖਣ ਦਾ ਬਹਾਨਾ ਵੀ ਘੜਿਆ। ਇਸ ਕਰਕੇ ਦੋਸ਼ੀ ਨੂੰ ਸਿਰਫ 7 ਸਾਲ ਦੀ ਕੈਦ ਹੋਈ ਜਦਿਕ ਸ਼ਾਨਬਾਗ ਆਖਰੀ ਸਾਹ ਤੱਕ ਲਾਸ਼ ਬਣੀ ਰਹਿਣ ਲਈ ਸਰਾਪੀ ਗਈ। ਹਸਪਤਾਲ ਮਾਲਕਾਂ ਦੇ ਪਸ਼ੂਪੁਣੇ ਦਾ ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ। ਹਸਪਤਾਲ ਦੇ ਮਾਲਕਾਂ ਨੇ ਸਰਕਾਰੀ ਪ੍ਰਸ਼ਾਸ਼ਨ ਦੀ ਮਦਦ ਨਾਲ਼ ਵੀ ਅਰੁਣਾ ਸ਼ਾਨਬਾਗ ਨੂੰ ਵਾਰ-ਵਾਰ ਹਸਪਤਾਲ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਜੋ ਉਸਦੇ ਖਾਲੀ ਹੋਏ ਬੈੱਡ ਨੂੰ ਹੋਰਨਾਂ ਮਰੀਜਾਂ ਦੀਆਂ ਜੇਬਾਂ ਛਿੱਲਣ ਲਈ ਵਰਤਿਆ ਜਾ ਸਕੇ। ਸਾਲ 1980 ਵਿੱਚ ਹੀ ਅਜਿਹੀ ਕੋਸ਼ਿਸ਼ ਦੋ ਵਾਰ ਹੋਈ, ਪਰ ਦੋਵੇਂ ਵਾਰ ਹਸਪਤਾਲ ਦੀਆਂ ਨਰਸਾਂ ਦੀ ਬਗਾਵਤ ਕਾਰਨ ਅਜਿਹਾ ਨਾ ਹੋ ਸਕਿਆ। ਇਹਨਾਂ ਨਰਸਾਂ ਨੇ ਅੱਗੇ ਵੀ ਵਾਰ-ਵਾਰ ਅਜਿਹੀਆਂ ਕੋਸ਼ਿਸ਼ਾਂ ਨੂੰ ਅਸਫਲ ਕੀਤਾ ਅਤੇ ਆਖਰੀ ਸਾਹ ਤੱਕ ਉਸਦੀ ਦੇਖਭਾਲ਼ ਕੀਤੀ। ਸਰਕਾਰ ਦੇ ਬੇਰੁਖੀ, ਹਸਪਤਾਲ ਮਾਲਕਾਂ ਦੇ ਅਣਮਨੁੱਖੀ ਵਤੀਰੇ ਅਤੇ ਸ਼ਾਨਬਾਗ ਦੇ ਮੰਗੇਤਰ ਤੇ ਪਰਿਵਾਰ ਵੱਲੋਂ ਉਸਨੂੰ ਸਾਂਭਣ ਤੋਂ ਇਨਕਾਰ ਕਰਨ ਮਗਰੋਂ ਜੋ ਕੁੱਝ ਹਸਪਤਾਲ ਦੀਆਂ ਆਮ ਨਰਸਾਂ ਨੇ ਉਸ ਲਈ ਕੀਤਾ ਉਹ ਉਹਨਾਂ ਘਟਨਾਵਾਂ ਵਿੱਚੋਂ ਇੱਕ ਹੈ ਜੋ ਅੱਜ ਦੇ ਸਮੇਂ ਵਿੱਚ ਸਾਨੂੰ ਮਨੁੱਖਾਂ ਦੀ ਦੁਨੀਆਂ ਵਿੱਚ ਰਹਿੰਦੇ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ।

ਮੌਜੂਦਾ ਸਮਾਜ ਵਿੱਚ ਔਰਤਾਂ ਵਿਰੁੱਧ
ਵਧ ਰਹੇ ਜੁਰਮਾਂ ਦੀਆਂ ਜੜ੍ਹਾਂ

ਅਰੁਣਾ ਸ਼ਾਨਬਾਗ ਦਾ ਮਾਮਲਾ ਸਾਡੇ ਸਾਮਜ ਵਿੱਚ ਔਰਤਾਂ ਵਿਰੁੱਧ ਵਧ ਰਹੇ ਇਹਨਾਂ ਜੁਰਮਾਂ, ਔਰਤਾਂ ਦੀ ਦੋਇਮ ਦਰਜੇ ਦੀ ਹਾਲਤ ਦੇ ਨਤੀਜੇ ਵਜੋਂ ਹੀ ਸਾਹਮਣੇ ਆਇਆ ਹੈ। ਇਹਨਾਂ ਦੇ ਕਾਰਨਾਂ ਦੀ ਚਰਚਾ ਅਸੀਂ ‘ਲਲਕਾਰ’ ਵਿੱਚ ਵਾਰ-ਵਾਰ ਕਰਦੇ ਰਹੇ ਹਾਂ। ਇਹਨਾਂ ਕਾਰਨਾਂ ਨੂੰ ਕੁੱਝ ਅਹਿਮ ਨੁਕਤਿਆਂ ਦੇ ਰੂਪ ਵਿੱਚ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ:

(1) ਔਰਤਾਂ ਦੀ ਗੁਲਾਮੀ ਦੀਆਂ ਅਸਲ ਜੜ੍ਹਾਂ ਨਿੱਜੀ ਜਾਇਦਾਦ ‘ਤੇ ਟਿਕੇ ਟਾਂਚੇ ਦੀ ਬੁਨਿਆਦ ਵਿੱਚ ਹੀ ਹਨ। ਜਦੋਂ ਸਮਾਜ ਵਿੱਚ ਨਿੱਜੀ ਜਾਇਦਾਦ ਪੈਦਾ ਹੋਈ ਤਾਂ ਇਹ ਮਰਦਾਂ ਦੇ ਹੱਥਾਂ ਵਿੱਚ ਆ ਗਈ। ਇਸ ਨਾਲ਼ ਜਿੱਥੇ ਜਾਇਦਾਦ ਮਾਲਕਾਂ ਹੱਥੋਂ ਜਾਇਦਾਦ ਹੀਣਾਂ ਦੀ ਲੁੱਟ ਦਾ ਅਧਾਰ ਤਿਆਰ ਹੋਇਆ ਉੱਥੇ ਹੀ ਇਸ ਨਾਲ਼ ਮਾਲਕੀ ਦੇ ਹੱਕ ਤੋਂ ਵਾਝਿਆਂ ਹੋਣ ਕਾਰਨ ਔਰਤਾਂ ਨੂੰ ਵੀ ਦੂਜੇ ਦਰਜੇ ਦੇ ਨਾਗਰਿਕ ਦੀ ਹਾਲਤ ਵਿੱਚ ਧੱਕ ਦਿੱਤਾ। ਆਰਥਿਕਤਾ ‘ਤੇ ਕਾਬਜ਼ ਹੋਣ ਮਗਰੋਂ ਪਰਿਵਾਰ ਤੇ ਸਮਾਜ ਦੇ ਹਰ ਮਸਲੇ ਵਿੱਚ ਮਰਦਾਂ ਦਾ ਗਲਬਾ ਕਾਇਮ ਹੋ ਗਿਆ ਤੇ ਔਰਤਾਂ ਜਾਇਦਾਦ ਲਈ ਜਾਇਜ਼ ਵਾਰਸ ਪੈਦਾ ਕਰਨ ਦਾ ਸਾਧਨ, ਚੁੱਲ੍ਹਾ-ਚੌਂਕਾ ਸਾਂਭਣ ਤੇ ਮਰਦਾਂ ਦੀ ਸੇਵਾ ਕਰਨ ਲਈ ਬੱਝੀਆਂ ਗਈਆਂ।

(2) ਮੌਜੂਦਾ ਢਾਂਚੇ ਵਿੱਚ ਕੁੱਝ ਲੋਕਾਂ ਹੱਥ ਜਾਇਦਾਦ ਦੇ ਅੰਬਾਰ ਇਕੱਠੇ ਹੁੰਦੇ ਜਾ ਰਹੇ ਹਨ। ਜਾਇਦਾਦ ਦੇ ਇਹ ਅੰਬਾਰ ਦੂਜਿਆਂ ਦੀ ਕਿਰਤ ਦੀ ਲੁੱਟ, ਕੁਦਰਤ ਦੇ ਉਜਾੜੇ, ਖੁਦ ਕਿਰਤ ਦੀ ਪ੍ਰਕਿਰਿਆ ਤੋਂ ਦੂਰੀ ਦੇ ਦਮ ‘ਤੇ ਹੀ ਸੰਭਵ ਹੈ। ਇਹਦਾ ਮਤਲਬ ਹੈ ਵੱਧ ਤੋਂ ਵੱਧ ਜਾਇਦਾਦ ਇਕੱਠੀ ਕਰਨ ਲਈ ਲੁੱਟੇ ਜਾ ਰਹੇ ਲੋਕਾਂ ਪ੍ਰਤੀ ਬੇਰਹਿਮੀ, ਸੰਵੇਦਨਹੀਣਤਾ, ਕੁਦਰਤ ਤੋਂ ਦੂਰੀ ਲਾਜ਼ਮੀ ਸ਼ਰਤ ਬਣ ਜਾਂਦੀ ਹੈ, ਜਾਂ ਇੰਝ ਕਹਿ ਲਵੋ ਕਿ ਅਮੀਰ ਬਣਨ ਦੀ ਲਾਲਸਾ ‘ਚ ਮਨੁੱਖ ਮਨੁੱਖੀ ਗੁਣਾਂ ਤੋਂ ਦੂਰ ਹੁੰਦਾ ਜਾਂਦਾ ਹੈ ਤੇ ਉਹਦੀ ਥਾਂ ਪਸ਼ੂ ਬਿਰਤੀਆਂ ਲੈਂਦੀਆਂ ਜਾਂਦੀਆਂ ਹਨ। ਆਤਮਕ ਤੌਰ ‘ਤੇ ਹੀਣੇ ਇਹ ਧਨ-ਪਸ਼ੂ ਦੋਸਤੀ, ਪਿਆਰ, ਪਰਿਵਾਰ ਜਿਹੇ ਮਨੁੱਖੀ ਰਿਸ਼ਤਿਆਂ ਦਾ ਨਿੱਘ ਨਹੀਂ ਮਾਣ ਸਕਦੇ, ਉਹ ਕੁਦਰਤੀ ਸੁਹੱਪਣ ਦਾ ਅਨੰਦ ਨਹੀਂ ਲੈ ਸਕਦੇ ਉਹ ਉੱਚ ਪਾਏ ਦੀਆਂ ਸਾਹਿਤਕ, ਕਲਾਤਮਕ ਰਚਨਾਵਾਂ ਦਾ ਅਨੰਦ ਮਹਿਸੂਸ ਨਹੀਂ ਕਰ ਸਕਦੇ। ਇਸਦੇ ਉਲਟ ਉਹਨਾਂ ਦੀ ਖੁਸ਼ੀਆਂ ਖਾਣ, ਪੀਣ, ਪਾਰਟੀਆਂ, ਖਰੀਦੋ-ਫਰੋਖਤ, ਚਕਾਚੌਂਧ, ਦਿਖਾਵੇਬਾਜੀ, ਫਰੇਬ, ਸਾਜਿਸ਼ ਅਤੇ ਭੋਗ-ਵਿਲਾਸ ਤੱਕ ਹੀ ਸੀਮਤ ਹੁੰਦੀਆਂ ਹਨ। ਇਹਨਾਂ ਦੀ ਦੌਲਤ ਦਾ ਅੰਬਾਰ ਜਿੰਨਾ ਉੱਚਾ ਜਾਂਦਾ ਹੈ ਇਹਨਾਂ ਦੀ ਆਤਮਕ ਸੜਾਂਦ ਓਨੀ ਹੀ ਨਿਵਾਣ ਵਿੱਚ ਜਾਂਦੀ ਹੈ। ਮੌਜੂਦਾ ਸਮਾਜ ਦੇ ਹਰ ਖੇਤਰ ਵਿੱਚ ਸਰਮਾਏ ਦੀ ਵਧਦੀ ਘੁੱਸਪੈਠ ਨੇ ਸਰਮਾਏਦਾਰ ਜਮਾਤ ਦਾ ਪਰਜੀਵੀਪੁਣਾ ਵਧਾਇਆ ਹੈ, ਅਮਰੀ-ਗਰੀਬ ਦਾ ਪਾੜਾ ਪਹਿਲਾਂ ਦੇ ਸਮਿਆਂ ਨਾਲ਼ੋਂ ਕਿਤੇ ਜਿਆਦਾ ਵਧਾਇਆ ਹੈ। ਅੱਜ ਸੰਸਾਰ ਦੇ ਉੱਪਰਲੇ 85 ਅਮੀਰਾਂ ਕੋਲ਼ ਹੇਠਲੀ ਅੱਧੀ ਅਬਾਦੀ (350 ਕਰੋੜ) ਲੋਕਾਂ ਜਿੰਨੀ ਜਾਇਦਾਦ ਹੈ। ਮੌਜੂਦਾ ਸਰਮਾਏਦਾਰਾ ਢਾਂਚੇ ਦੇ ਇਸ ਵਧਦੇ ਪਰਜੀਵੀਪੁਣੇ ਨਾਲ਼ ਇਸਦੇ ਆਤਮਕ, ਸੱਭਿਆਚਾਰਕ ਨਿਘਾਰ ਨੇ ਵੀ ਹੋਰ ਡੂੰਘੀਆਂ ਨਿਵਾਣਾਂ ਛੂਹੀਆਂ ਹਨ। ਇਹ ਨਿਘਾਰ ਔਰਤਾਂ ਵਿਰੁੱਧ ਵਧ ਰਹੇ ਜੁਰਮਾਂ ਦੇ ਨਾਲ਼-ਨਾਲ਼ ਸਮਾਜਕ ਜੀਵਨ ਦੇ ਹਰ ਖੇਤਰ ਵਿੱਚ ਵੇਖਿਆ ਜਾ ਸਕਦਾ ਹੈ।

(3) ਭਾਰਤ ਦੇ ਵੱਖਰੇ ਇਤਿਹਾਸ ਤੇ ਖਾਸ ਸਮਾਜਕ-ਆਰਥਕ ਹਾਲਤਾਂ ਕਾਰਨ ਭਾਰਤ ਵਿੱਚ ਔਰਤਾਂ ਨੂੰ ਗੁਲਾਮ ਬਣਾਈ ਰੱਖਣ, ਪਬੰਦੀਆਂ ਲਾਉਣ ਦੀ ਜਗੀਰੂ ਮਾਨਸਿਕਤਾ ਦੇ ਨਾਲ਼-ਨਾਲ਼ ਇੱਥੇ ਔਰਤਾਂ ਦੇ ਜਿਸਮ, ਸੁਹੱਪਣ ਆਦਿ ਨੂੰ ਖਰੀਦਣ-ਵੇਚਣ ਦੀ ਵਸਤ ਬਣਾਉਣ ਦਾ ਸਰਮਾਏਦਾਰਾ ਸੱਭਿਆਚਾਰ ਵੀ ਵਿਕਸਤ ਹੋਇਆ ਹੈ। ਇਹ ਦੋ ਕਿਸਮਾਂ ਦੇ ਗੰਦ ਦੇ ਰਲੇਵੇਂ ਨਾਲ਼ ਭਾਰਤ ਵਿੱਚ ਔਰਤਾਂ ਦੀ ਹਾਲਤ ਹੋਰ ਕਈ ਮੁਲਕਾਂ ਨਾਲ਼ੋਂ ਬਦਤਰ ਹੈ। ਇਹ ਸੜਾਂਦ ਭਾਰਤੀ ਸਮਾਜ ਵਿੱਚ ਇੰਨੀ ਡੂੰਘੀ ਰਚੀ-ਮਿਚੀ ਹੋਈ ਹੈ ਕਿ ਧਾਰਮਿਕ ਆਗੂਆਂ, ਸਿਆਸੀ ਲੀਡਰਾਂ ਵੱਲੋਂ ਸ਼ਰ੍ਹੇਆਮ ਬਲਤਾਕਾਰ ਲਈ ਔਰਤਾਂ ਨੂੰ ਹੀ ਦੋਸ਼ ਦੇਣ, ਉਹਨਾਂ ਦੇ ਪਹਿਰਾਵੇ, ਅਜਾਦੀ ਤੇ ਕੰਮ ਕਰਨ ‘ਤੇ ਪਬੰਦੀਆਂ ਲਾਉਣ, ਮਰਦਾਂ ਨੂੰ “ਗਲਤੀ ਹੋ ਜਾਂਦੀ ਹੈ” ਆਖ ਕੇ ਬਰੀ ਕਰਨ ਸਮੇਤ 4-4 ਜਾਂ ਵਧੇਰੇ ਬੱਚੇ ਜੰਮਣ ਜਿਹੇ ਅਨੇਕਾਂ ਔਰਤ ਵਿਰੋਧੀ ਬਿਆਨ ਦੇਣ ਦਾ ਸਮਾਜ ਵਿੱਚ ਕੋਈ ਵਿਆਪਕ ਆਪ-ਮੁਹਾਰਾ ਜਾਂ ਜਥੇਬੰਦ ਵਿਰੋਧ ਵੇਖਣ ਨੂੰ ਨਹੀਂ ਮਿਲ਼ਦਾ, ਕਿਉਂਕਿ ਸਮਾਜ ਵਿੱਚ ਪਸਰੀ ਇਸ ਸੱਭਿਆਚਾਰਕ ਸੜਾਂਦ ਕਾਰਨ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਕਿਤੇ ਨਾ ਕਿਤੇ ਇਹਨਾਂ ਵਿਚਾਰਾਂ ਨਾਲ਼ ਸਹਿਮਤੀ ਰੱਖਦਾ ਹੈ।

(4) ਭਾਰਤ ਵਿੱਚ ਸਰਮਾਏਦਾਰਾ ਵਿਕਾਸ ਨਾਲ਼ ਇੱਥੇ ਇੱਕ ਨਵ-ਧਨਾਢ ਜਮਾਤ ਪੈਦਾ ਹੋਈ ਹੈ ਜੋ ਪੈਸੇ ਦੇ ਹੰਕਾਰ ਨਾਲ਼ ਭਰੀ ਹੋਈ ਹੈ ਤੇ ਸਮਾਜ ਹਰ ਚੀਜ਼ ਨੂੰ ਪੈਸੇ ਦੇ ਦਮ ‘ਤੇ ਆਪਣੇ ਪੈਰ੍ਹਾਂ ਵਿੱਚ ਲਿਆ ਰੱਖਣਾ ਚਾਹੁੰਦੀ ਹੈ। ਇਹਨਾਂ ਦਾ ਪਰਜੀਵੀਪੁਣਾ ਇਹਨਾਂ ਨੂੰ ਮਨੁੱਖੀ ਕਦਰਾਂ-ਕੀਮਤਾਂ ਤੋਂ ਵੀ ਦੂਰ ਕਰਦਾ ਜਾਂਦਾ ਹੈ। ਇਹ ਔਰਤਾਂ ਨੂੰ ਇੱਕ ਜਿਉਂਦੇ ਜਾਗਦੇ ਮਨੁੱਖ ਵਜੋਂ ਦੇਖ ਸਕਣ ਦੀ ਸਮਰੱਥਾ ਤੋਂ ਹੀਣੇ ਹੁੰਦੇ ਹਨ ਤੇ ਉਹਨਾਂ ਸਿਰਫ ਭੋਗਣ, ਮਨੋਰੰਜਨ ਤੇ ਮੁਨਾਫੇ ਦੀ ਵਸਤ ਹੀ ਸਮਝਦੇ ਹਨ ਤੇ ਜਿਹਨ੍ਹਾਂ ਨੂੰ ਉਹ ਆਪਣੇ ਪੈਸੇ ਤੇ ਸਿਆਸੀ, ਕਨੂੰਨੀ ਚੌਧਰ ਦੇ ਦਮ ‘ਤੇ ਆਪਣੇ ਕਬਜੇ ਵਿੱਚ ਕਰਨਾ ਆਪਣਾ ਹੱਕ ਸਮਝਦੇ ਹਨ। ਸਿਆਸੀ, ਆਰਥਿਕ ਤਾਕਤ ਵਿੱਚ ਅੰਨ੍ਹਾ ਇਹ ਤਬਕਾ ਔਰਤ ਵਿਰੁੱਧ ਜ਼ੁਰਮਾਂ ਅਤੇ ਔਰਤ ਵਿਰੋਧੀ ਮਾਨਸਿਕ ਸੜਾਂਦ ਨੂੰ ਫੈਲਾਉਣ ਵਿੱਚ ਸਭ ਤੋਂ ਅੱਗੇ ਹੈ। ਸਹਿਰਾਂ ਵਿੱਚ ਪ੍ਰਾਪਰਟੀ ਡੀਲਰਾਂ, ਛੋਟੇ ਵਪਾਰੀਆਂ, ਟ੍ਰਾਂਸਪੋਰਟਰਾਂ, ਸ਼ੇਅਰ ਬਜਾਰ ਦੇ ਦਲਾਲਾਂ, ਤਰ੍ਹਾਂ-ਤਰ੍ਹਾਂ ਦੇ ਕਮਿਸ਼ਨਖੋਰਾਂ ਅਤੇ ਸੱਟੇਬਾਜਾਂ ਅਤੇ ਇੱਥੋਂ ਤੱਕ ਕਿ ਤਰ੍ਹਾਂ-ਤਰ੍ਹਾਂ ਦੇ ਨਵੀ ਕਿਸਮ ਦੀ ਸੱਨਅਤ ਵਿੱਚ ਕੰਮ ਕਰਨ ਵਾਲ਼ਾ ਪੜ੍ਹਿਆ-ਲਿਖਿਆ ਉੱਚ ਮੱਧਵਰਗ, ਇਸੇ ਜੁਮਰੇ ਵਿੱਚ ਆਉਂਦਾ ਹੈ। ਪਿੰਡਾਂ ਵਿੱਚ ਵੀ ਧਨੀ ਕੁਲਕਾਂ ਅਤੇ ਕਿਸਾਨਾਂ ਦੀ ਇੱਕ ਪੂਰੀ ਜਮਾਤ ਹੋਂਦ ਵਿੱਚ ਆਈ ਹੈ ਜਿਹਦੇ ਕੋਲ਼ ਅਚਾਨਕ ਕਾਫੀ ਪੈਸਾ ਆ ਗਿਆ ਹੈ। ਕੁੱਝ ਕੋਲ਼ ਇਹ ਪੈਸਾ ਖੇਤੀ ਰਾਹੀਂ ਆਇਆ ਹੈ, ਤਾਂ ਕੁੱਝ ਕੋਲ਼ ਰੀਅਲ ਅਸਟੇਟ ਦੀ ਮੰਡੀ ਵਿੱਚ ਤੇਜੀ ਆਉਣ ਅਤੇ ਜ਼ਮੀਨਾਂ ਦੀਆਂ ਕੀਮਤਾਂ ਵਧਣ ਨਾਲ਼ ਆਇਆ ਹੈ। ਇਸ ਜਮਾਤ ਦੇ ਨਾਲ਼ ਹੀ ਇਸਦੇ ਟੁਕੜਿਆਂ ‘ਤੇ ਪਲਣ ਵਾਲ਼ੀ ਵੀ ਇੱਕ ਕਾਫੀ ਵੱਡੀ ਜਮਾਤ ਹੈ ਜੋ ਇਸਦੇ ਆਰਥਿਕ ਟੁਕੜਿਆਂ ਦੇ ਨਾਲ਼ ਇਸਦੇ ਸੱਭਿਆਚਾਰ ਸੜਾਂਦ ਨੂੰ ਵੀ ਅਪਣਾਉਂਦੀ ਜਾਂਦੀ ਹੈ। ਇਹ ਤਬਕਾ ਕੋਈ ਮਜ਼ਦੂਰੀ ਦਾ ਕੰਮ ਨਹੀਂ ਕਰਦਾ ਸਗੋਂ ਮਾਲਕਾਂ ਦਾ ਨਿੱਜੀ ਚਮਚਾ, ਕਾਰਕੁੰਨ ਅਤੇ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਹੁੰਦਾ ਹੈ। ਇਹਨਾਂ ਵਿੱਚ ਮੁੱਖ ਤੌਰ ‘ਤੇ ਲੁੰਪਨ ਮਜ਼ਦੂਰ ਤੇ ਨਿੱਕ-ਬੁਰਜੂਆ ਜਮਾਤ ਹੈ ਜੋ ਹਰ ਤਰ੍ਹਾਂ ਦੀ ਛੋਟੀ ਸੱਨਅਤ, ਦੁਕਾਨਾਂ, ਵਪਾਰਕ ਅਦਾਰਿਆਂ ਆਦਿ ਵਿੱਚ ਕੰਮ ਕਰਦੀ ਹੈ, ਜਾਂ ਫਿਰ ਉੱਚੀ ਆਰਥਿਕ ਤੇ ਸਿਆਸੀ ਹੈਸੀਅਤ ਵਾਲ਼ੇ ਨਵ-ਧਨਾਢਾਂ ਟਰਾਂਸਪੋਰਟਰਾਂ, ਪ੍ਰਾਪਰਟੀ ਡੀਲਰਾਂ, ਕਲੱਬ ਮਾਲਕਾਂ ਆਦਿ ਹੇਠ ਕੰਮ ਕਰਦੀ ਹੈ। ਮਿਸਾਲ ਵਜੋਂ ਦਿੱਲੀ ਦੇ ਦਾਮਿਨੀ ਬਲਾਤਕਾਰ ਕਾਂਡ ਦੇ ਦੋਸ਼ੀ ਬੱਸ ਮੁਲਾਜਮ ਤੇ ਪੰਜਾਬ ਵਿੱਚ ਪਿਛਲੇ ਦਿਨੀਂ 14 ਸਾਲਾ ਕੁੜੀ ਅਰਸ਼ਦੀਪ ਨਾਲ਼ ਛੇੜਛਾੜ ਕਰਨ ਤੇ ਉਸਨੂੰ ਬੱਸ ‘ਚੋ ਬਾਹਰ ਧੱਕਾ ਦੇ ਕੇ ਕਤਲ ਕਰਨ ਵਾਲ਼ੇ ਔਰਬਿਟ ਦੇ ਮੁਲਾਜਮਾਂ ਦੀ ਉਦਾਹਰਨ ਸਾਡੇ ਸਾਹਮਣੇ ਹੈ।

(5) ਸਰਮਾਏਦਾਰਾ ਵਿਕਾਸ ਨੇ ਵਿਗਿਆਨ ਤੇ ਤਕਨੀਕ ਦਾ ਵਿਕਾਸ ਪਹਿਲਾਂ ਦੇ ਸਭ ਸਮਿਆਂ ਨਾਲ਼ੋਂ ਬਹੁਤ ਤੇਜੀ ਨਾਲ਼ ਤੇ ਬਹੁਤ ਵੱਡੇ ਪੱਧਰ ‘ਤੇ ਕੀਤਾ ਹੈ। ਅੱਜ ਸਮੁੱਚੀ ਮਜ਼ਦੂਰ ਜਮਾਤ ਦੀ ਸਮਾਜਿਕ ਕਿਰਤ ਦੇ ਦਮ ‘ਤੇ ਗੀਤ-ਸੰਗਤੀ, ਸਿਨੇਮਾ, ਟੀਵੀ, ਇੰਟਰਨੈੱਟ, ਅਖ਼ਬਾਰ, ਮੈਗਜ਼ੀਨ, ਵੀਡੀਓ ਗੇਮ ਆਦਿ ਜਿਹੀਆਂ ਚੀਜ਼ਾਂ ਮਨੁੱਖਤਾ ਦੀ ਝੋਲ਼ੀ ਪਾਈਆਂ ਹਨ। ਪਰ ਮੌਜੂਦਾ ਢਾਂਚੇ ਵਿੱਚ ਇਹ ਸਾਧਨ ਵੀ ਸਰਮਾਏਦਾਰਾ ਵਿਚਾਰਧਾਰਾ ਦੇ ਨਾਲ਼-ਨਾਲ਼ ਇਸਦੀ ਸੱਭਿਆਚਾਰਕ ਸੜਾਂਦ ਦੀਆਂ ਖੁਰਾਕਾਂ ਸਮੁੱਚੇ ਸਮਾਜ ਨੂੰ ਦੇਣ ਦਾ ਸਾਧਨ ਬਣਕੇ ਰਹਿ ਗਏ ਹਨ। ਅੱਜ ਸਰਮਾਏਦਾਰ ਜਮਾਤ ਗੀਤ, ਫਿਲਮਾਂ, ਟੀਵੀ ਪ੍ਰੋਗਰਾਮਾਂ ਵਿੱਚ ਆਪਣੀ ਔਰਤ ਵਿਰੋਧੀ ਮਾਨਸਿਕਤਾ ਤੇ ਔਰਤ ਦੇ ਵਸਤੂਕਰਨ ਸਮੇਤ ਆਪਣੀ ਸਮੁੱਚੀ ਸੱਭਿਆਚਾਰਕ ਸੜਾਂਦ, ਆਤਮਕ ਪਤਨ ਨੂੰ ਪੇਸ਼ ਕਰਕੇ ਸਮੁੱਚੇ ਸਮਾਜ ਨੂੰ ਇਸਦੀ ਲਾਗ ਲਾ ਰਹੀ ਹੈ। ਪੋਰਨ ਫਿਲਮਾਂ ਦਾ ਕਾਰੋਬਾਰ ਵੀ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ ਜਿਸਨੂੰ ਮੋਬਾਇਲ, ਇੰਟਰਨੈੱਟਟ, ਗੇਮਾਂ ਰਾਹੀਂ ਹਰ ਵਿਅਕਤੀ ਦੀ ਜੇਬ ਵਿੱਚ ਪਹੁੰਚਾ ਦਿੱਤਾ ਗਿਆ ਹੈ। ਵਿਗਿਆਨ ਤੇ ਤਕਨੀਕ ਦੀ ਮੁਨਾਫੇ ਲਈ ਅਜਿਹੀ ਵਰਤੋਂ ਨੇ ਔਰਤਾਂ ਵਿਰੁੱਧ ਹਿੰਸਾ ਤੇ ਬਲਤਾਕਾਰ ਦੀਆਂ ਘਟਨਾਵਾਂ ਨੂੰ ਕਈ ਗੁਣਾ ਵਧਾਇਆ ਹੈ। ਹੁਣ ਟੀਵੀ, ਮੀਡੀਆ, ਇੰਟਰਨੈੱਟ ਰਾਹੀਂ ਇਸ ਸੱਭਿਆਚਾਰ ਸੜਾਂਦ ਦੀ ਲਾਗ ਤੋਂ ਬੱਚੇ ਵੀ ਅਛੂਤੇ ਨਹੀਂ ਰਹੇ।

ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਔਰਤਾਂ ਵਿਰੁੱਧ ਵਧ ਰਹੇ ਜੁਰਮਾਂ ਦੀਆਂ ਜੜ੍ਹਾਂ ਸਮਾਜ ਵਿੱਚ ਬਹੁਤ ਡੂੰਘੀਆਂ ਤੇ ਵਿਆਪਕ ਹਨ। ਇਹ ਜੜ੍ਹਾਂ ਆਰਥਿਕ, ਸਿਆਸੀ ਢਾਂਚੇ ਤੋਂ ਲੈ ਕੇ ਸੱਭਿਆਚਾਰਕ, ਸਮਾਜਕ ਤਾਣੇ-ਬਾਣੇ ਵਿੱਚ ਫੈਲੀਆਂ ਹੋਈਆਂ ਹਨ। ਇਹ ਹਾਲਤ ਔਰਤਾਂ ਵਿਰੋਧੀ ਮਾਨਸਿਕਤਾ, ਵਿਚਾਰਾਂ ਤੇ ਜੁਰਮਾਂ ਦੇ ਹੱਲੇ ਨੂੰ ਜ਼ੋਰਦਾਰ ਤੇ ਵਿਆਪਕ ਬਣਾਉਂਦੀ ਹੈ। ਇਸ ਲਈ ਇਸ ਖਿਲਾਫ ਲੜਾਈ ਵੀ ਇੱਕ ਲੰਬੀ, ਗਹਿਗੱਚ ਜੱਦੋ-ਜਹਿਦ ਦਾ ਹਿੱਸਾ ਹੈ। ਔਰਤ ਮੁਕਤੀ ਦਾ ਸਵਾਲ ਨਿੱਜੀ ਜਾਇਦਾਦ ‘ਤੇ ਟਿਕੇ ਢਾਂਚੇ ਦੇ ਖਾਤਮੇ ਦੀ ਇਨਕਲਾਬੀ ਲੜਾਈ ਦਾ ਹੀ ਇੱਕ ਅੰਗ ਹੈ। ਇਹ ਲੜਾਈ ਵੀ ਆਰਥਿਕ, ਸਿਆਸੀ ਖੇਤਰ ਤੋਂ ਲੈ ਕੇ ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਸਮਾਜਕ ਮਾਨਤਾਵਾਂ, ਸਬੰਧਾਂ ਦੇ ਹਰ ਖੇਤਰ ਤੱਕ ਲੜਨੀ ਪਵੇਗੀ।

ਸਵਾਲ ਮਨੁੱਖ ਹੋਣ ਦੀਆਂ ਸ਼ਰਤਾਂ ‘ਤੇ ਜਿਉਣ ਦਾ ਵੀ ਹੈ

ਜਿਵੇਂ ਅਸੀਂ ਉੱਪਰ ਜਿਕਰ ਕੀਤਾ ਹੈ ਕਿ ਸਰਮਾਏਦਾਰਾ ਸਬੰਧਾਂ ‘ਚ ਸਰਮਾਏਦਾਰ ਜਮਾਤ ਦੀ ਆਰਥਿਕ ਖੁਸ਼ਹਾਲੀ ਦਾ ਨਤੀਜਾ ਉਸਦੇ ਮਨੁੱਖ ਹੋਣ ਦੀਆਂ ਸ਼ਰਤਾਂ ਤੋਂ ਦੂਰੀ ਹੁੰਦਾ ਹੈ। ਭਾਵੇਂ ਸਰਮਾਏਦਾਰ ਜਮਾਤ ਦੀ ਆਰਥਿਕ ਖੁਸ਼ਹਾਲੀ ਕੁੱਝ ਹੱਥਾਂ ਤੱਕ ਹੀ ਸੀਮਤ ਹੁੰਦੀ ਹੈ ਪਰ ਇਸਦੀ ਸੱਭਿਆਚਾਰਕ ਸੜਾਂਦ ਰਿਸ-ਰਿਸ ਕੇ ਸਮਾਜ ਦੇ ਹੇਠਲੇ ਤਬਕਿਆਂ ਤੱਕ ਵੀ ਪਹੁੰਚਦੀ ਰਹਿੰਦੀ ਹੈ ਤੇ ਇੰਝ ਸਮੁੱਚਾ ਸਮਾਜ ਹੀ ਸਰਮਾਏਦਾਰਾ ਸੱਭਿਆਚਾਰ ਦੀ ਸੜਾਂਦ ਦੇ ਅਸਰ ਅਧੀਨ ਜਿਉਂਦਾ ਹੈ। ਇਸ ਤਰ੍ਹਾਂ ਸਰਮਾਏਦਾਰ ਜਮਾਤ ਦੀ ਸੱਭਿਆਚਰਾਕ ਸੜਾਂਦ ਨੂੰ ਸੁਚੇਤ, ਅਚੇਤ ਰੂਪ ਵਿੱਚ ਅਪਨਾਉਣ ਦਾ ਨਤੀਜਾ ਵੀ ਮਨੁੱਖ ਹੋਣ ਦੀਆਂ ਸ਼ਰਤਾਂ ਤੋਂ ਦੂਰੀ ਹੁੰਦਾ ਹੈ। ਇਹਨਾਂ ਅਰਥਾਂ ਵਿੱਚ ਔਰਤਾਂ ਨੂੰ ਗੁਲਾਮ ਬਣਾਉਣ, ਪਬੰਦੀਆਂ ਲਾਉਣ, ਉਸਦਾ ਵਸਤੂਕਰਨ ਤੇ ਜਿਣਸੀਕਰਨ ਕਰਨ ਦਾ ਖਮਿਆਜਾ ਸਿਰਫ ਔਰਤਾਂ ਨੂੰ ਹੀ ਨਹੀਂ ਭੁਗਤਣਾ ਪੈਂਦਾ, ਸਗੋਂ ਅਜਿਹਾ ਕਰਨ ਵਾਲ਼ੇ ਮਰਦ ਵੀ ਆਪਣੇ ਮਨੁੱਖ ਹੋਣ ਦੀਆਂ ਸ਼ਰਤਾਂ ਗਵਾਉਂਦੇ ਜਾਂਦੇ ਹਨ ਤੇ ਉਹ ਵੀ ਇੱਕ ਤਰ੍ਹਾਂ ਦੀ ਆਤਮਕ ਸੱਖਣੇਪਣ ਦੀ ਗੁਲਾਮੀ ਹੇਠ ਜਿਉਂਦੇ ਹਨ। ਇਸ ਲਈ ਅੱਜ ਔਰਤ ਮੁਕਤੀ ਦਾ ਸਵਾਲ ਸਿਰਫ ਔਰਤਾਂ ਦੀ ਮੁਕਤੀ ਦਾ ਸਵਾਲ ਨਹੀਂ ਹੈ ਸਗੋਂ ਸਮੁੱਚੀ ਮਨੁੱਖਤਾ ਦੀ ਮੁਕਤੀ ਦਾ ਸਵਾਲ ਹੈ। ਇਹ ਹਰ ਇਨਸਾਨ ਲਈ ਆਪਣੇ ਮਨੁੱਖ ਹੋਣ ਦੀਆਂ ਸ਼ਰਤਾਂ ‘ਤੇ ਜਿਉਣ ਦਾ ਸਵਾਲ ਹੈ।

ਇਹ ਠੀਕ ਹੈ ਕਿ ਸਰਮਾਏ ਦੀ ਸੁਭਾਵਿਕ ਗਤੀ ਆਰਥਿਕ, ਸਿਆਸੀ ਜੀਵਨ ਵਿੱਚ ਇਸਦੀ ਘੁੱਸਪੈਠ ਨੂੰ ਵਧਾਉਂਦੀ ਜਾਂਦੀ ਹੈ, ਸਮਾਜ ਦੇ ਸੱਭਿਆਚਾਰ ਨਿਘਾਰ ਨੂੰ ਜਨਮ ਦਿੰਦੀ ਹੈ ਤੇ ਟੀਵੀ, ਮੀਡੀਆ, ਇੰਟਰਨੈੱਟ ਆਦਿ ਰਾਹੀਂ ਇਸ ਹੱਲੇ ਨੂੰ ਵਿਆਪਕ ਬਣਾਉਂਦੀ ਜਾਂਦੀ ਹੈ। ਪਰ ਸਰਮਾਏ ਦੀ ਗਤੀ ਇਕਹਿਰੀ ਨਹੀਂ ਹੁੰਦੀ, ਇਹ ਆਪਣੇ ਵਿਕਾਸ ਦੇ ਨਾਲ਼ ਨਾਲ਼ ਮਜ਼ਦੂਰ ਜਮਾਤ ਦੇ ਰੂਪ ਵਿੱਚ ਆਪਣਾ ਵਿਰੋਧੀ ਤੇ ਕਬਰਪੁੱਟ ਵੀ ਪੈਦਾ ਕਰਦੀ ਜਾਂਦੀ ਹੈ। ਵਿਰੋਧੀ ਜਮਾਤ ਦੀ ਇਹ ਹੋਂਦ ਸਰਮਾਏਦਾਰੀ ਦੇ ਉਲਟ ਵਿਚਾਰਾਂ ਤੇ ਉਲਟ ਸੱਭਿਆਚਾਰਕ, ਆਤਮਕ ਕਦਰਾਂ-ਕੀਮਤਾਂ ਦਾ ਵੀ ਅਧਾਰ ਪੈਦਾ ਕਰਦੀ ਹੈ। ਮਜ਼ਦੂਰ ਜਮਾਤ ਦੀ ਇਹ ਵਿਚਾਰਧਾਰਾ ਨਿੱਜੀ ਜਾਇਦਾਦ ਦੇ ਖਾਤਮੇ ਅਤੇ ਸਮਾਜਵਾਦੀ ਸਬੰਧਾਂ ਤੇ ਕਮਿਊਨਿਸਟ ਸਮਾਜ ਦੀ ਉਸਾਰੀ ਦੀ ਵਿਚਾਰਧਾਰਾ ਹੈ। ਇਸਦਾ ਸੱਭਿਆਚਾਰ ਤੇ ਆਤਮਕ ਦੌਲਤ ਵੀ ਨਿੱਜੀ ਜਾਇਦਾਦ ਦੇ ਜੂਲੇ ਤੋਂ ਅਜ਼ਾਦ ਹੋਕੇ ਵਿਚਰ ਰਹੇ ਮਨੁੱਖਾਂ ਦੀ ਬਰਾਬਰੀ ‘ਤੇ ਅਧਾਰਤ ਹੁੰਦੀ ਹੈ ਅਤੇ ਪੈਸੇ ਤੇ ਮੁਨਾਫੇ ਦੀ ਲਾਗ ਤੋਂ ਰਹਿਤ ਹੁੰਦੀ ਹੈ, ਇਸ ਲਈ ਇਹ ਉੱਨਤ ਮਨੁੱਖੀ ਗੁਣਾਂ ਨਾਲ਼ ਗੜੁੱਚੀ ਹੁੰਦੀ ਹੈ। ਇਹੋ ਸਮਾਜ ਦਾ ਭਵਿੱਖ ਹੈ ਤੇ ਇਹੋ ਔਰਤਾਂ ਦੀ ਮੁਕਤੀ ਦੀ ਇੱਕ-ਇੱਕ ਸ਼ਰਤ ਹੈ। ਬੇਸ਼ੱਕ ਅਜਿਹੀ ਹਾਲਤ ਮੌਜੂਦਾ ਸਰਮਾਏਦਾਰਾ ਸਮਾਜ ਦੇ ਖਾਤਮੇ ਤੋਂ ਪਿੱਛੋਂ ਸਮਾਜਵਾਦੀ ਸਮਾਜ ਉਸਾਰ ਕੇ ਹੀ ਸੰਭਵ ਹੈ। ਪਰ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਅੱਜ ਦੇ ਸਮੇਂ ਵਿੱਚ ਸਰਮਏਦਾਰਾ ਸੱਭਿਆਚਾਰਕ ਦੀ ਸੜਾਂਦ ਤੋਂ ਬਚਿਆ ਨਹੀਂ ਜਾ ਸਕਦਾ ਹੈ। ਜਿਵੇਂ ਅੱਜ ਦੇ ਸਮੇਂ ਵਿੱਚ ਮਜ਼ਦੂਰ ਜਮਾਤ ਦੀ ਮਨੁੱਖੀ ਹੋਂਦ ਅਤੇ ਇਸਦੀ ਆਰਥਕਿ, ਸਿਆਸੀ ਤਾਕਤ ਸਰਮਾਏ ਦੀ ਗੁਲਾਮੀ ਖਿਲਾਫ ਲੜਨ ਵਿੱਚ ਹੈ ਤਾਂ ਇਸਦੀ ਆਤਮਕ, ਸੱਭਿਆਚਾਰਕ ਹੋਂਦ ਵੀ ਸਰਮਾਏਦਾਰੀ ਦੇ ਆਤਮਕ ਸੱਭਿਆਚਾਰ ਵਿਚਲੇ ਨਿਘਾਰ ਖਿਲਾਫ ਲੜਨ ਵਿੱਚ ਹੀ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਇਸ ਲੜਾਈ ਤੋਂ ਦੂਰ ਹੋ ਕੇ ਸਰਮਾਏਦਾਰਾ ਸੱਭਿਆਚਾਰ ਦੀ ਸੜਾਂਦ ਤੋਂ ਬਚੇ ਰਹਿਣਾ ਤੇ ਇੱਕ ਮਨੁੱਖ ਵਜੋਂ ਜਿਉਣਾ ਸੰਭਵ ਨਹੀਂ ਹੈ। ਇਸਤੋਂ ਬਚਣ ਦਾ ਇੱਕ-ਇੱਕ ਰਾਹ ਮੌਜੂਦਾ ਢਾਂਚੇ ਨੂੰ ਤਬਾਹ ਕਰਨ ਦੀ ਜੱਦੋ-ਜਹਿਦ ਵਿੱਚ ਸ਼ਾਮਲ ਹੋਣਾ ਹੈ।

ਇਸ ਤੋਂ ਵੀ ਅੱਗੇ ਸਿਰਫ ਇਨਕਲਾਬੀ ਲੜਾਈ ਤੇ ਇਸ ਸੱਭਿਆਚਾਰਕ ਸੜਾਂਦ ਖਿਲਾਫ ਲੜਾਈ ਵਿੱਚ ਸ਼ਾਮਲ ਹੋਣਾ ਹੀ ਕਾਫੀ ਨਹੀਂ ਹੈ। 2000 ਸਾਲ ਤੋਂ ਵੀ ਵੱਧ ਪੁਰਾਣੇ ਜਮਾਤੀ ਸਮਾਜ ਖਿਲਾਫ ਲੜਾਈ ਬਹੁਤ ਦ੍ਰਿੜਤਾ, ਸਬਰ, ਵਿਗਿਆਨਕ ਪ੍ਰਪੱਕਤਾ ਦੀ ਮੰਗ ਕਰਦੀ ਹੈ। ਇਸ ਜੱਦੋ-ਜਹਿਦ ਦੌਰਾਨ ਜਮਾਤੀ ਸਮਾਜ ਵੀ ਆਪਣੇ ਵਿਆਪਕ ਤੇ ਜ਼ੋਰਦਾਰ ਹੱਲੇ ਰਾਹੀਂ ਆਪਣਾ ਪ੍ਰਭਾਵ ਇਸ ਖਿਲਾਫ ਜੂਝ ਰਹੇ ਕਾਰਕੁੰਨਾਂ ਉੱਪਰ ਲਗਾਤਾਰ ਛੱਡਦਾ ਰਹਿੰਦਾ ਹੈ। ਇਸ ਪ੍ਰਭਾਵ ਦਾ ਸੁਚੇਤ ਰੂਪ ਵਿੱਚ ਟਾਕਰਾ ਕਰਨਾ ਪੈਂਦਾ ਹੈ, ਆਪਣੇ ਅੰਦਰਲੀਆਂ ਗਲਤ ਪ੍ਰਵਿਰਤੀਆਂ ਖਿਲਾਫ ਬੇਰਹਿਮ ਸੰਘਰਸ਼ ਚਲਾਉਣਾ ਪੈਂਦਾ ਹੈ, ਮੁੱਕਦੀ ਗੱਲ ਇਸ ਲੜਾਈ ਵਿੱਚ ਵੀ ਆਪਣੇ ਅੰਦਰ ਲਗਾਤਾਰ ਵਾਰ-ਵਾਰ ਸੱਭਿਆਚਾਰਕ ਇਨਕਲਾਬ ਕਰਨਾ ਪੈਂਦਾ ਹੈ। ਇਸ ਵਿੱਚ ਕੋਈ ਵੀ ਸਮਝੌਤਾ ਨਹੀਂ ਹੋ ਸਕਦਾ, ਸਗੋਂ ਹਰ ਸਮਝੌਤਾ ਆਤਮਕ ਦੌਲਤ ਦੇ ਪਤਨ ਵੱਲ ਜਾਂਦਾ ਰਾਹ ਹੈ। ਇਹ ਸਭ ਵੀ ਕੋਈ ਜਣਾ ਇਕੱਲੇ ਰੂਪ ਵਿੱਚ ਨਹੀਂ ਕਰ ਸਕਦਾ ਸਗੋਂ ਸਰਮਾਏ ਦੀ ਗੁਲਾਮੀ ਤੇ ਇਸਦੀ ਸੱਭਿਆਚਾਰਕ ਸੜਾਂਦ ਖਿਲਾਫ ਸਮੂਹਿਕ ਰੂਪ ਵਿੱਚ ਜੂਝਦਿਆਂ ਹੀ ਇਸ ਖਿਲਾਫ ਲੜਿਆ ਜਾ ਸਕਦਾ ਹੈ। ਇਹ ਸਮੂਹਿਕ ਰੂਪ ਵੀ ਆਮ ਸਮੂਹਿਕ ਰੂਪ ਨਹੀਂ ਹੋ ਸਕਦਾ ਸਗੋਂ ਅਡਿੱਗ ਵਿਚਾਰਧਾਰਾ, ਸਿਆਸਤ ਤੇ ਫੌਲਾਦੀ ਜਥੇਬੰਦ ਜਾਬਤੇ ‘ਤੇ ਖੜੇ ਇੱਕ ਇਨਕਲਾਬੀ ਸਮੂਹ, ਇੱਕ ਕਮਿਊਨਿਸਟ ਪਾਰਟੀ ਦੇ ਰੂਪ ਵਿੱਚ ਹੀ ਸੰਭਵ ਹੈ। ਇਸੇ ਕਾਰਨ ਹੀ ਔਰਤਾਂ ਦੀ ਮੁਕਤੀ ਦੀ ਗੱਲ ਕਰਨ ਵਾਲ਼ੇ ਭੋਲੇ-ਭਾਲ ਲੋਕਾਂ ਦੇ ਸਮੂਹ, ਗੈਰ ਸਰਕਾਰੀ ਸੰਸਥਾਵਾਂ ਤੇ ਖੋਖਲੀ ਵਿਚਾਰਧਾਰਕ ਤੇ ਸਿਆਸੀ ਸਮਝ ਦੇ ਦਮ ‘ਤੇ ਖੜੀਆਂ ਇਨਕਲਾਬੀ ਤਾਕਤਾਂ ਵਿੱਚ ਵੀ ਔਰਤ-ਮਰਦ ਸਬੰਧਾਂ ਤੋਂ ਲੈ ਕੇ ਹਰ ਤਰ੍ਹਾਂ ਦਾ ਨੈਤਿਕ ਨਿਘਾਰ ਆਮ ਹੀ ਦੇਖਿਆ ਜਾ ਸਕਦਾ ਹੈ।

ਇਸ ਲਈ ਇਨਕਲਾਬੀ ਜੱਦੋ-ਜਹਿਦ ਵਿੱਚ ਸ਼ਾਮਲ ਹੋਣਾ ਇੱਕ ਸਮਾਜਕ ਫਰਜ, ਸਮਾਜਿਕ ਇਨਕਲਾਬ, ਔਰਤਾਂ ਦੀ ਗੁਲਾਮੀ ਅਤੇ ਅਜਿਹੀਆਂ ਹੋਰ ਸਮਾਜਕ ਸਮੱਸਿਆਵਾਂ ਦੇ ਖਾਤਮ ਵਿੱਚ ਸਿਰਫ ਸਾਡੀ ਭੂਮਿਕਾ ਦਾ ਸਵਾਲ ਨਹੀਂ ਹੈ। ਸਗੋਂ ਅੱਜ ਦੇ ਸਮੇਂ ਵਿੱਚ ਸਾਡੇ ਮਨੁੱਖ ਹੋਣ ਦੀਆਂ ਸ਼ਰਤਾਂ ‘ਤੇ ਜਿਉਣ ਦਾ ਸਵਾਲ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 40, ਜੂਨ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s