ਆਰਥਿਕ ਤੰਗੀ ਕਾਰਨ ਕੌਮੀ ਖਿਡਾਰਨ ਵੱਲੋਂ ਖੁਦਕੁਸ਼ੀ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਿਸ ਵੇਲੇ ਸਾਕਸ਼ੀ ਮਲਿਕ ਤੇ ਪੀਵੀ ਸਿੰਧੂ ਦੇ ਉਲੰਪਿਕ ‘ਚ ਤਗਮੇ ਜਿੱਤਣ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਉਸ ਵੇਲੇ ਹੈਂਡਬਾਲ ਦੀ ਇੱਕ ਕੌਮੀ ਪੱਧਰ ਦੀ ਖਿਡਾਰਨ ਵੱਲੋਂ ਖੁਦਕੁਸ਼ੀ ਕਰਨ ਦੀ ਸੋਗਮਈ ਖਬਰ ਆਈ ਹੈ । 20 ਸਾਲਾ ਪੂਜਾ ਕੁਮਾਰੀ ਮੂਲ ਰੂਪ ‘ਚ ਉੱਤਰ-ਪ੍ਰਦੇਸ਼ ਦੀ ਸੀ ਤੇ ਸ੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਖਾਲਸਾ ਕਾਲਜ ਪਟਿਆਲਾ ‘ਚ ਬੀਏ (ਦੂਜਾ ਸਾਲ) ਦੀ ਵਿਦਿਆਰਥਣ ਸੀ। ਸਪੋਰਟਸ ਕੋਟੇ ਤਹਿਤ ਪੂਜਾ ਨੂੰ ਪਹਿਲੇ ਸਾਲ ਦਾਖਲਾ ਤੇ ਹੋਸਟਲ ਦੀ ਮੁਫਤ ਸਹੂਲਤ ਮਿਲੀ ਸੀ ਪਰ ਇਸ ਵਾਰ ਉਸਨੂੰ ਸਪੋਰਟਸ ਕੋਟੇ ਤਹਿਤ ਦਾਖਲਾ ਨਹੀਂ ਦਿੱਤਾ ਗਿਆ। ਪੂਜਾ ਨੇ ਆਪਣੇ ਖੁਦਕੁਸ਼ੀ ਨੋਟ ‘ਚ ਲਿਖਿਆ ਕਿ ਹੋਸਟਲ ਨਾ ਮਿਲਣ ਕਾਰਨ ਉਸਨੂੰ ਰੋਜਾਨਾ ਘਰੋਂ ਮੈਦਾਨ ਤੱਕ ਆਉਂਣ ਲਈ 120 ਰੁਪਏ ਖ਼ਰਚਣੇ ਪੈਂਦੇ ਹਨ, ਪਰ ਆਰਥਿਕ ਤੰਗੀ ਕਾਰਨ ਉਹ ਇਹ ਖ਼ਰਚਾ ਨਹੀਂ ਕਰ ਸਕਦੀ। ਇਸ ਗੱਲੋਂ ਤੰਗ ਆ ਕੇ ਉਸਨੇ ਖੁਦਕੁਸ਼ੀ ਕਰ ਲਈ। ਪੂਜਾ ਦਾ ਪਿਤਾ ਸਬਜੀ ਵੇਚਦਾ ਹੈ ਤੇ ਉਸੇ ਵਿੱਚੋਂ ਚਾਰ ਬੱਚਿਆਂ ਵਾਲੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਹੈ। ਆਪਣੇ ਖੁਦਕੁਸ਼ੀ ਨੋਟ ਵਿੱਚ ਪੂਜਾ ਨੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਗੁਰਸ਼ਰਨ ਸਿੰਘ ਗਿੱਲ ਉੱਪਰ ਦੋਸ਼ ਲਾਇਆ ਕਿ ਪਹਿਲੇ ਸਾਲ ਉਸ ਸਮੇਤ ਕਬੱਡੀ ਤੇ ਹਾਕੀ ਦੀਆਂ ਖਿਡਾਰਨਾਂ ਨੂੰ ਦਾਖਲਾ ਤੇ ਹੋਸਟਲ ਦਿੱਤਾ ਗਿਆ ਸੀ, ਪਰ ਕੋਈ ਤਗਮਾ ਨਾ ਮਿਲਣ ਕਾਰਨ ਇਸ ਵਾਰ ਕਈਆਂ ਨੂੰ ਦਾਖਲਾ ਨਹੀਂ ਦਿੱਤਾ ਗਿਆ ਤੇ ਉਸ ਸਮੇਤ ਕਈ ਖੇਡਾਂ ਵਾਲੇ ਵਿਦਿਆਰਥੀਆਂ ਨੂੰ ਹੋਸਟਲ ਨਹੀਂ ਦਿੱਤਾ ਗਿਆ। ਉਸਨੇ ਆਪਣੀ ਮਜਬੂਰੀ ਵੀ ਦੱਸੀ ਸੀ ਪਰ ਉਸਦੀ ਸੁਣੀ ਨਹੀਂ ਗਈ। ਉਸਨੇ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਦਾਖਲਾ ਨਾ ਦੇਣ ਸਬੰਧੀ ਜੇ ਪਹਿਲਾਂ ਸੂਚਿਤ ਕੀਤਾ ਗਿਆ ਹੁੰਦਾ ਤਾਂ ਉਹ ਵਿਦਿਆਰਥੀ ਕਿਸੇ ਹੋਰ ਥਾਂ ਦਾਖਲਾ ਲੈ ਸਕਦੇ ਸਨ, ਪਰ ਹੁਣ ਮੌਕੇ ‘ਤੇ ਪਤਾ ਲੱਗਣ ਨਾਲ ਇਹ ਵੀ ਸੰਭਵ ਨਹੀਂ ਹੈ। ਦੂਜੇ ਪਾਸੇ ਕਾਲਜ ਦਾ ਪ੍ਰਿੰਸੀਪਲ ਨੇ ਗੁਰਸ਼ਰਨ ਸਿੰਘ ਗਿੱਲ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਇੱਕ ਚੰਗਾ ਇਨਸਾਨ ਹੈ ਅਤੇ ਪੂਜਾ ਨੂੰ 18 ਅਗਸਤ ਨੂੰ ਹੀ ਸਪੋਟਸ ਕੋਟੇ ਤਹਿਤ ਮੁਫਤ ਦਾਖਲਾ ਦਿੱਤਾ ਗਿਆ ਸੀ, ਜੇ ਉਸਨੇ ਹੋਸਟਲ ਲਈ ਸਾਡੇ ਕੋਲ ਪਹੁੰਚ ਕੀਤੀ ਹੁੰਦੀ ਤਾਂ ਅਸੀਂ ਉਸਨੂੰ ਹੋਸਟਲ ਵੀ ਦੇ ਦੇਣਾ ਸੀ।

ਪੂਜਾ ਦੇ ਮਾਮਲੇ ‘ਚ ਇਹ ਸਵਾਲ ਉੱਠਦਾ ਹੈ ਕਿ ਜੇ ਉਸਨੂੰ ਪਿਛਲੇ ਸਾਲ ਸਪੋਰਟਸ ਕੋਟੇ ‘ਚ ਦਾਖਲਾ ਤੇ ਹੋਸਟਲ ਦਿੱਤਾ ਗਿਆ ਸੀ ਤਾਂ ਇਸ ਵਾਰ ਉਸ ਕੋਲੋਂ ਇਹ ਖੋਹ ਕਿਉਂ ਲਿਆ ਗਿਆ। ਬਿਨਾਂ ਕਨੂੰਨੀ ਜਾਂਚ ਤੋਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਨੂੰ ਕਲੀਨ ਚਿੱਟ ਦੇਣਾ ਵੀ ਕਿਸੇ ਪੱਖੋਂ ਜਾਇਜ ਨਹੀਂ ਹੈ। ਪਰ ਵਿੱਦਿਅਕ ਅਦਾਰਿਆਂ ‘ਚ ਵਿਦਿਆਰਥੀਆਂ ਨਾਲ ਜਿਸ ਤਰ੍ਹਾਂ ਬੇਨੇਮੀਆਂ, ਬਦਸਲੂਕੀਆਂ ਹੁੰਦੀਆਂ ਹਨ ਉਹ ਸਮੁੱਚੀ ਮੈਨੇਜਮੈਂਟ ਦੀ ਦੇਖ-ਰੇਖ ‘ਚ ਹੀ ਹੁੰਦੀਆਂ ਹਨ। ਇਸ ਲਈ ਇਹ ਤਾਂ ਸਾਫ ਹੈ ਕਿ ਪੂਜਾ ਦੀ ਖੁਦਕੁਸ਼ੀ ਬੇਨੇਮੀਆਂ ਤੇ ਧੱਕੇਸ਼ਾਹੀ ਰਾਹੀਂ ਕੀਤਾ ਕਤਲ ਹੈ ਜਿਸ ਲਈ ਸਬੰਧਤ ਕਾਲਜ ਜਿੰਮੇਵਾਰ ਹੈ। ਜੇ ਪੂਜਾ ਦੀ ਮੌਤ ਦਾ ਦੋਸ਼ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸਿਰ ਆਉਂਦਾ ਹੈ ਤਾਂ ਸਮੁੱਚੇ ਕਾਲਜ ਦੀ ਮੈਨੇਜਮੈਂਟ ਹੀ ਸਵਾਲਾਂ ਹੇਠ ਆਉਂਦੀ ਹੈ। ਇਸ ਮਾਮਲੇ ਦੀ ਕਨੂੰਨੀ ਜਾਂਚ ਦਾ ਕੀ ਸਿੱਟਾ ਨਿਕਲੇਗਾ, ਪੂਜਾ ਦੀ ਮੌਤ ਦੇ ਦੋਸ਼ੀਆਂ ਨੂੰ ਕੋਈ ਸਜਾ ਮਿਲੇਗੀ ਜਾਂ ਨਹੀਂ, ਸਾਡੇ ਕਨੂੰਨੀ ਢਾਂਚੇ ਨੂੰ ਵੇਖਦਿਆਂ ਇਸ ਬਾਰੇ ਕੁੱਝ ਕਹਿਣਾ ਔਖਾ ਹੈ। ਪਰ ਪੂਜਾ ਦੀ ਮੌਤ ਅਜਿਹੀ ਕੋਈ ਪਹਿਲੀ ਘਟਨਾ ਨਹੀਂ ਹੈ। ਆਰਥਿਕ ਤੰਗੀ ਕਾਰਨ ਫੀਸ, ਪੜ੍ਹਾਈ, ਹੋਸਟਲ, ਸਫਰ ਆਦਿ ਦੇ ਖਰਚੇ ਨਾ ਦੇ ਸਕਣ ਤੇ ਨਿਯਮਾਂ ‘ਚ ਹੁੰਦੀਆਂ ਬੇਨੇਮੀਆਂ ਕਾਰਨ ਭਾਰਤ ‘ਚ ਹਰ ਸਾਲ 8,000 ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਕਰਦੇ ਹਨ। ਇਸ ਤੋਂ ਬਿਨਾਂ ਵਿਦਿਆਰਥੀਆਂ ਦੀ ਇੱਕ ਵੱਡੀ ਗਿਣਤੀ ਉਹ ਹੈ ਜੋ ਆਰਥਿਕ ਸਾਧਨਾਂ ਦੀ ਘਾਟ ਕਾਰਨ ਵਿੱਦਿਅਕ ਅਦਾਰਿਆਂ, ਖੇਡ ਸੰਸਥਾਵਾਂ ‘ਚ ਪਹੁੰਚਦੇ ਹੀ ਨਹੀਂ। ਇਸ ਲਈ ਇਹ ਮਸਲੇ ਕੁੱਝ ਹੋਰ ਵੱਡੇ ਸਵਾਲਾਂ ਨੂੰ ਮੁਖਾਤਿਬ ਹੋਣ ਦੀ ਮੰਗ ਕਰਦਾ ਹੈ।

ਪੂਜਾ ਕੁਮਾਰੀ ਜਿਹੇ ਹੋਣਹਾਰ ਖਿਡਾਰੀਆਂ, ਵਿਦਿਆਰਥੀਆਂ ਦੀ ਮੌਤ ਜਾਂ ਆਰਥਿਕ ਸਾਧਨਾਂ ਦੀ ਤੰਗੀ ਕਾਰਨ ਰੁਲ ਜਾਣ ਦਾ ਕਾਰਨ ਮੌਜੂਦਾ ਸਿਆਸੀ-ਸਮਾਜਿਕ ਢਾਂਚਾ ਜੋ ਵਿਦਿਆਰਥੀਆਂ ਨੂੰ ਸਿੱਖਿਆ ਜਿਹੀਆਂ ਬੁਨਿਆਦੀ ਸਹੂਲਤਾਂ ਦੇਣ ਤੋਂ ਵੀ ਮੁੱਕਰ ਰਿਹਾ ਹੈ। ਸਾਡਾ ਪੁਰਜ਼ੋਰ ਮੰਨਣਾ ਹੈ ਕਿ ਸਿੱਖਿਆ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ ਤੇ ਇਸਨੂੰ ਵਪਾਰ ਨਹੀਂ ਬਣਾਇਆ ਜਾਣਾ ਚਾਹੀਦਾ। ਸਿੱਖਿਆ ਦੇ ਖਰਚੇ ਵਿਦਿਆਰਥੀਆਂ ਤੋਂ ਫੀਸਾਂ ਲੈ ਕੇ ਨਹੀਂ ਸਗੋਂ ਸਰਕਾਰ ਦੀ ਆਮਦਨ ‘ਚੋਂ ਕੀਤੇ ਜਾਣੇ ਚਾਹੀਦੇ ਹਨ। ਸਰਕਾਰ ਆਮ ਲੋਕਾਂ ਤੋਂ ਅਰਬਾਂ ਰੁਪਏ ਕਰਾਂ ਦੇ ਰੂਪ ‘ਚ ਇਕੱਠੇ ਕਰਦੀ ਹੈ ਜਿਸ ਵਿੱਚੋਂ ਸੌਖਿਆਂ ਹੀ ਸਭ ਨਾਗਰਿਕਾਂ ਨੂੰ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ। ਪਰ ਸਾਡੀਆਂ ਸਰਕਾਰਾਂ ਹਰ ਸਾਲ 6 ਲੱਖ ਕਰੋੜ ਰੁਪਏ ਦੇਸ਼ ਦੇ ਧਨਾਢ ਸਰਮਾਏਦਾਰਾਂ ਨੂੰ ਟੈਕਸਾਂ ‘ਚ ਛੋਟਾਂ ਵਜੋਂ ਦੇ ਦਿੰਦੀ ਹੈ, ਕਈ ਲੱਖ ਕਰੋੜ ਦੇ ਕਰਜੇ ਹਰ ਸਾਲ ਮਾਫ ਕਰਦੀਆਂ ਹਨ, ਹਥਿਆਰਾਂ ਤੇ ਫੌਜ ਉੱਪਰ 2 ਲੱਖ ਕਰੋੜ ਰੁਪਏ ਤੋਂ ਵੀ ਵੱਧ ਦਾ ਬੇਲੋੜਾ ਖ਼ਰਚਦੀਆਂ ਹਨ ਤੇ ਲੱਖਾਂ ਕਰੋੜਾਂ ਮੰਤਰੀਆਂ ਨੂੰ ਤਨਖਾਹਾਂ, ਭੱਤਿਆਂ ਦੇ ਰੂਪ ‘ਚ ਲੁਟਾਉਂਦੀਆਂ ਹਨ, ਪਰ ਸਿੱਖਿਆ ਉੱਪਰ ਇਹਨਾਂ ਨਾਲੋਂ ਬਹੁਤ ਹੀ ਨਿਗੂਣਾ ਹਿੱਸਾ (80,000 ਕਰੋੜ ਰੁਪਏ) ਖ਼ਰਚਿਆ ਜਾ ਰਿਹਾ ਹੈ। ਅੱਜ ਸਿੱਖਿਆ ਨੂੰ ਪੂਰੀ ਤਰ੍ਹਾਂ ਮੁਨਾਫੇ ਤੇ ਵਪਾਰ ਦਾ ਸਾਧਨ ਬਣਾ ਦਿੱਤਾ ਗਿਆ ਹੈ। ਇਸ ਲਈ ਸਵਾਲ ਇਹ ਨਹੀਂ ਹੈ ਕਿ ਪੂਜਾ ਜਾਂ ਉਸ ਵਰਗੇ ਹੋਰ ਖਿਡਾਰੀ ਸਪੋਰਟਸ ਕੋਟੇ ਦੇ ਅਸਲ ਹੱਕਦਾਰ ਹਨ ਜਾਂ ਨਹੀਂ, ਸਗੋਂ ਅਸਲ ਸਵਾਲ ਇਹ ਹੈ ਕਿ ਸਰਕਾਰ ਸਭ ਨਾਗਰਿਕਾਂ ਨੂੰ ਹੀ ਸਿੱਖਿਆ, ਸਿਹਤ, ਖੇਡਾਂ ਜਿਹੀਆਂ ਸਭ ਸਹੂਲਤਾਂ ਕਿਉਂ ਨਹੀਂ ਦੇ ਰਹੀ। ਆਪਣੇ ਖੁਦਕੁਸ਼ੀ ਨੋਟ ‘ਚ ਇਸ ਅਣਭੋਲ ਪੂਜਾ ਨੇ ਸਿੱਖਿਆ ਨੂੰ ਹੋਰ ਵੱਡੇ ਪੱਧਰ ‘ਤੇ ਗਰੀਬਾਂ ਹੱਥੋਂ ਖੋਹ ਕੇ ਮੁਨਾਫੇ ਕਮਾਉਣ ਲਈ ਨਿੱਜੀ ਹੱਥਾਂ ‘ਚ ਸੌਂਪਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਵਰਗੇ ਗਰੀਬ ਬੱਚਿਆਂ ਦੀ ਮਦਦ ਕਰਨ ਤੇ ਦੋਸ਼ੀ ਵਿਭਾਗ ਮੁਖੀ ਗੁਰਸ਼ਰਨ ਸਿੰਘ ਗਿੱਲ ਨੂੰ ਸਖ਼ਤ ਸਜਾ ਦੇਣ ਦੀ ਅਪੀਲ ਕੀਤੀ ਹੈ। ਉਸਨੇ ਲਿਖਿਆ ਹੈ ਕਿ “ਸਾਡੇ ਵਰਗੇ ਗਰੀਬਾਂ ਦਾ ਇਸ ਧਰਤੀ ‘ਤੇ ਕੋਈ ਕਿਉਂ ਨਹੀ ਹੈ, ਕਿਉਂ ਸਾਨੂੰ ਗਰੀਬਾਂ ਨੂੰ ਹਮੇਸ਼ਾਂ ਅਮੀਰਾਂ ਅੱਗੇ ਝੁਕਣਾ ਪੈਂਦਾ ਹੈ।”

ਅੱਜ ਪੂਜਾ ਕੁਮਾਰੀ ਦੀ ਮੌਤ ਦੇ ਦੋਸ਼ੀਆਂ ਖਿਲਾਫ ਤਾਂ ਕੋਈ ਕਾਰਵਾਈ ਹੋ ਸਕਦੀ ਹੈ, ਪਰ ਜਿੰਨਾ ਚਿਰ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਸਿੱਖਿਆ, ਸਿਹਤ, ਰਿਹਾਇਸ਼, ਰੁਜਗਾਰ, ਖੇਡਾਂ ਆਦਿ ਜਿਹੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਉਂਦੀ ਓਨਾਂ ਚਿਰ ਪੂਜਾ ਜਿਹੀਆਂ ਹੋਰ ਅਨੇਕਾਂ ਮਾਸੂਮ ਜਿੰਦਾਂ ਕਤਲ ਹੁੰਦੀਆਂ ਰਹਿਣਗੀਆਂ, ਰੁਲਦੀਆਂ ਰਹਿਣਗੀਆਂ ਤੇ ਉਲੰਪਿਕ ‘ਚ ਤਗਮਿਆਂ ਤੋਂ ਲੈ ਕੇ ਜੀਵਨ ਦੇ ਹਰ ਖੇਤਰ ‘ਚ ਪ੍ਰਾਪਤੀਆਂ ਇੱਕ ਸੁਪਨਾ ਬਣੀਆਂ ਰਹਿਣਗੀਆਂ। ਇਹਨਾਂ ਹਾਲਤਾਂ ਨੂੰ ਮੋੜਾ ਪਾਉਣ ਲਈ ਦੇਸ਼ ਦੇ ਵਿਦਿਆਰਥੀਆਂ ਤੇ ਕਿਰਤੀ ਲੋਕਾਂ ਨੂੰ ਸਭ ਲਈ ਮੁਫਤ ਤੇ ਯਕੀਨੀ ਸਿੱਖਿਆ ਲਈ ਇੱਕ ਲੰਮਾ ਸੰਘਰਸ਼ ਲੜਨਾ ਪਵੇਗਾ। ਜਿਵੇਂ ਪੂਜਾ ਨੇ ਵੀ ਆਪਣੇ ਖੁਦਕੁਸ਼ੀ ਨੋਟ ਦੇ ਅੰਤ ‘ਚ ਇਹ ਸਵਾਲ ਕੀਤਾ ਹੈ, “ਜੋ ਅਮੀਰ ਹੈ ਉਹ ਅਮੀਰ ਹੋਈ ਜਾ ਰਿਹਾ ਹੈ ਤੇ ਜੋ ਗਰੀਬ ਹੈ ਉਹ ਮਰ ਰਿਹਾ ਹੈ। ਆਖਰ ਕਦੋਂ ਤੱਕ ਅਸੀਂ ਉਮੀਦ ਤੋਂ ਅਲਵਿਦਾ ਲੈਂਦੇ ਰਹਾਂਗੇ?”

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements