ਆਰਥਿਕ ਨਿਯਮਾਂ ਦੀ ਵਰਤੋਂ •ਮੌਰਿਸ ਕੋਰਨਫ਼ੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸ ਤੱਥ ਦਾ ਕਿ ਘਟਨਾਵਾਂ ਨਿਯਮਾਂ ਦੁਆਰਾ ਕੰਟਰੋਲ ਹੁੰਦੀਆਂ ਹਨ, ਜੋ ਮਨੁੱਖਾਂ ਦੀ ਇੱਛਾ ਤੋਂ ਅਜ਼ਾਦ ਕੰਮ ਕਰਦੇ ਹਨ – ਇਹ ਅਰਥ ਨਹੀਂ ਹੈ ਕਿ ਮਨੁੱਖ ਆਪਣੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਆਪਣੇ ਇੱਛੁਕ ਕੰਮਾਂ ਨਾਲ਼ ਇਹਨਾਂ ਨਿਯਮਾਂ ਦੀ ਵਰਤੋਂ ਨਹੀਂ ਕਰ ਸਕਦੇ। ਇਸਦੇ ਉਲਟ ਲੋਕ ਇਹ ਕਰ ਸਕਦੇ ਹਨ ਅਤੇ ਹਮੇਸ਼ਾ ਕਰਦੇ ਹਨ। ਅਸੀਂ ਉਹਨਾਂ ਨਿਯਮਾਂ ਨੂੰ ਖ਼ਤਮ ਜਾਂ ਬਦਲ ਨਹੀਂ ਸਕਦੇ, ਪਰ ਨਿਸ਼ਚਿਤ ਤੌਰ ‘ਤੇ ਅਸੀਂ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ ਅਤੇ ਕਰਦੇ ਹਾਂ।

ਮਿਸਾਲ ਵਜੋਂ ਹਰੇਕ ਬੰਦਾ ਜਾਣਦਾ ਹੈ ਕਿ ਜੇਕਰ ਕੁਦਰਤ ਦੀਆਂ ਤਾਕਤਾਂ ਬਾਹਰਮੁਖੀ ਨਿਯਮਾਂ ਦੇ ਅਨੁਸਾਰ ਕੰਮ ਕਰਦੀਆਂ ਹਨ ਜਿਨ੍ਹਾਂ ਨੂੰ ਅਸੀਂ ਨਾ ਤਾਂ ਨਸ਼ਟ ਕਰ ਸਕਦੇ ਹਾਂ ਅਤੇ ਨਾ ਬਦਲ ਸਕਦੇ ਹਾਂ, ਤਾਂ ਇਸਦਾ ਇਹ ਅਰਥ ਨਹੀਂ ਹੈ ਕਿ ਅਸੀਂ ਕੁਦਰਤੀ ਤਾਕਤਾਂ ਅਤੇ ਕੁਦਰਤੀ ਨਿਯਮਾਂ ਦੀ ਵਰਤੋਂ ਮਨੁੱਖੀ ਉਦੇਸ਼ਾਂ ਲਈ ਨਹੀਂ ਕਰ ਸਕਦੇ। ਉਲਟਾ, ਅਸੀਂ ਇਹ ਕਰ ਸਕਦੇ ਹਾਂ ਅਤੇ ਹਮੇਸ਼ਾ ਕਰਦੇ ਆ ਰਹੇ ਹਾਂ।

ਇਸੇ ਤਰ੍ਹਾਂ, ਲੋਕ ਆਪਣੀ ਨਿੱਜ਼ੀ ਸਮਾਜਿਕ ਜਥੇਬੰਦੀ ਦੇ ਨਿਯਮਾਂ, ਆਰਥਿਕ ਨਿਯਮਾਂ ਦੀ ਵਰਤੋਂ ਕਰਦੇ ਹਨ। ਉਹ ਆਪਣੇ ਹਿੱਤਾਂ ਦੇ ਅਨੁਕੂਲ ਸਮਾਜਿਕ ਤਬਦੀਲੀ ਲਿਆਉਣ ਦੇ ਉਦੇਸ਼ ਨਾਲ਼ ਇਹਨਾਂ ਨਿਯਮਾਂ ਦੀ ਵਰਤੋਂ ਕਰਦੇ ਹਨ। ਸੱਚਮੁੱਚ, ਜੇਕਰ ਅਜਿਹੇ ਨਿਯਮ ਮੌਜੂਦ ਹਨ, ਤਾਂ ਇਹ ਸਪੱਸ਼ਟ ਹੈ ਕਿ ਉਹਨਾਂ ਦੀ ਵਰਤੋਂ ਨੂੰ ਛੱਡ ਕੇ ਕਿਸੇ ਹੋਰ ਯਤਨ ਰਾਹੀਂ ਕੋਈ ਸਮਾਜਿਕ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ। ਠੀਕ ਉਸੇ ਤਰ੍ਹਾਂ, ਜਿਵੇਂ ਜੇਕਰ ਕੁਦਰਤੀ ਨਿਯਮਾਂ ਦੀ ਹੋਂਦ ਹੈ ਤਾਂ ਅਸੀਂ ਕੁਦਰਤ ‘ਚ ਤਬਦੀਲੀ, ਉਸ ਉਦੇਸ਼ ਲਈ ਕੁਦਰਤੀ ਨਿਯਮਾਂ ਦੀ ਵਰਤੋਂ ਬਿਨਾਂ ਕਿਸੇ ਹੋਰ ਢੰਗ ਨਾਲ਼ ਨਹੀਂ ਕਰ ਸਕਦੇ। ਉਹਨਾਂ ਲੋਕਾਂ ਨੇ, ਜਿਨ੍ਹਾਂ ਦੇ ਯਤਨਾਂ ਨਾਲ਼ ਸਮਾਜਿਕ ਤਬਦੀਲੀਆਂ ਆਈਆਂ, ਅਜਿਹਾ ਕਰਦੇ ਸਮੇਂ ਹਰੇਕ ਘਟਨਾ ‘ਚ ਆਰਥਿਕ ਨਿਯਮਾਂ ਦੀ ਵਰਤੋਂ ਲਾਜ਼ਮੀ ਹੀ ਕੀਤੀ। ਸਮਾਜਿਕ ਤਬਦੀਲੀ ਲਿਆਉਣ ਵਾਲ਼ਾ ਆਰਥਿਕ ਨਿਯਮ ਕੋਈ ਅਮੂਰਤ ਚੀਜ਼ ਨਹੀਂ ਹੁੰਦਾ। ਲੋਕ ਹੀ ਆਰਥਿਕ ਨਿਯਮਾਂ ਦੇ ਨਾਲ਼ ਅਤੇ ਉਹਨਾਂ ਦੀ ਵਰਤੋਂ ਕਰਦੇ ਹੋਏ, ਆਪਣੀ ਸਮੂਹਿਕ ਪਹਿਲਕਦਮੀ ਨਾਲ਼ ਸਮਾਜਿਕ ਤਬਦੀਲੀ ਲਿਆਉਂਦੇ ਹਨ।

ਆਰਥਿਕ ਨਿਯਮਾਂ ਦੀ ਇਹ ਵਰਤੋਂ ਅਨੇਕ ਸਵਾਲ ਖੜ੍ਹੇ ਕਰਦੀ ਹੈ ਅਤੇ ਅਨੇਕ ਪ੍ਰਸਥਿਤੀਆਂ ‘ਤੇ ਨਿਰਭਰ ਹੁੰਦੀ ਹੈ।

(1) ਸਮਾਜ ‘ਚ ਆਮ ਲੋਕਾਂ ਦੁਆਰਾ ਆਰਥਿਕ ਨਿਯਮਾਂ ਦੀ ਵਰਤੋਂ ਹਮੇਸ਼ਾ ਉਹਨਾਂ ਦੇ ਆਰਥਿਕ ਹਿੱਤਾਂ ਦੁਆਰਾ ਤੈਅ ਹੁੰਦੀ ਹੈ। ਵਿਰੋਧੀ ਜਮਾਤਾਂ ‘ਚ ਵੰਡੇ ਸਮਾਜ ਦੇ ਤਹਿਤ ਆਰਥਿਕ ਨਿਯਮਾਂ ਦੀ ਵੱਖ-ਵੱਖ ਰੂਪਾਂ ‘ਚ ਵਰਤੋਂ ਹਮੇਸ਼ਾ ਵੱਖ-ਵੱਖ ਜਮਾਤਾਂ ਦੇ ਹਿੱਤਾਂ ਦੇ ਅਨੁਸਾਰ ਹੁੰਦੀ ਹੈ। “ਜਮਾਤਾਂ ‘ਚ ਵੰਡੇ ਸਮਾਜ ‘ਚ ਆਰਥਿਕ ਨਿਯਮਾਂ ਦੀ ਵਰਤੋਂ ਦੀ ਹਮੇਸ਼ਾ ਅਤੇ ਸਭ ਥਾਂ ਜਮਾਤੀ-ਪਿੱਠਭੂਮੀ ਹੁੰਦੀ ਹੈ।”4

ਇਸ ਤਰ੍ਹਾਂ ਜਦ ਜਗੀਰੂ ਹਕੂਮਤ ਉਖਾੜ ਸੁੱਟਣ ਲਈ ਸਰਮਾਏਦਾਰ ਜਮਾਤ ਨੇ ਆਮ ਲੋਕਾਂ ਦੀ ਲਹਿਰ ਦੀ ਅਗਵਾਈ ਕੀਤੀ ਅਤੇ ਜਗੀਰੂ ਜਾਇਦਾਦ ਦੀ ਥਾਂ ‘ਤੇ ਸਰਮਾਏਦਾਰਾ ਜਾਇਦਾਦ ਜਾਂ ਭੂ-ਗ਼ੁਲਾਮੀ ਦੀ ਥਾਂ ਮਜ਼ਦੂਰੀ ਦੀ ਰੀਤ ਦੀ ਸਥਾਪਨਾ ਕੀਤੀ, ਤਾਂ ਸਰਮਾਏਦਾਰ ਜਮਾਤ ਨੇ ਆਪਣੇ ਜਮਾਤੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਰਥਿਕ ਨਿਯਮਾਂ ਦਾ ਸੰਪੂਰਨ ਲਾਭ ਉਠਾਇਆ। ਉਹਨਾਂ ਨੇ ਇਹਨਾਂ ਨਿਯਮਾਂ ਦੀ ਵਰਤੋਂ ਕੀਤੀ। ਉਹਨਾਂ ਨੇ ਖ਼ਾਸ ਰੂਪ ਨਾਲ਼ ਇਸ ਤੱਥ ਦੀ ਪੂਰੀ ਵਰਤੋਂ ਕੀਤੀ ਕਿ ਉਸ ਸਮੇਂ ਪੈਦਾਵਾਰ ਦੇ ਵਿਕਾਸ ਲਈ ਜਾਇਦਾਦ ਦੇ ਜਗੀਰੂ ਸਰੂਪ ਦੀ ਥਾਂ ਜਾਇਦਾਦ ਦਾ ਸਰਮਾਏਦਾਰਾ ਸਰੂਪ ਲਾਜ਼ਮੀ ਹੋ ਗਿਆ ਸੀ।

ਇਸੇ ਤਰ੍ਹਾਂ ਜਦ ਮਜ਼ਦੂਰ ਸਰਮਾਏਦਾਰੀ ਵਿਰੁੱਧ ਖੜ੍ਹੇ ਹੁੰਦੇ ਹਨ, ਉਹ ਵੀ ਆਰਥਿਕ ਨਿਯਮਾਂ ਦਾ ਪੂਰਾ ਲਾਹਾ ਲੈਂਦੇ ਹਨ ਅਤੇ ਉਹਨਾਂ ਨਿਯਮਾਂ ਦੀ ਵਰਤੋਂ ਕਰਦੇ ਹਨ। ਉਹ ਇਸ ਤੱਥ ਦੀ ਪੂਰੀ ਵਰਤੋਂ ਕਰਦੇ ਹਨ ਕਿ ਹੁਣ ਪੈਦਾਵਾਰ ਦੇ ਹੋਰ ਅੱਗੇ ਵਿਕਾਸ ਲਈ ਲਾਜ਼ਮੀ ਹੈ ਕਿ ਪੈਦਾਵਾਰ ਦੇ ਸਾਧਨ ਸਮੂਹਿਕ ਜਾਇਦਾਦ ‘ਚ ਬਦਲ ਦਿੱਤੇ ਜਾਣ ਅਤੇ ਇਹ ਕਿ ਸਰਮਾਏਦਾਰੀ ਮਾਲਕੀ ਨੇ ਖ਼ੁਦ ਸਰਮਾਏਦਾਰਾਂ ਨੂੰ ਬਹੁਤ ਸਾਰੇ ਸੰਕਟਾਂ ‘ਚ ਫ਼ਸਾ ਦਿੱਤਾ ਹੈ।

ਆਮ ਤੌਰ ‘ਤੇ, ਜਮਾਤਾਂ ‘ਚ ਵੰਡੇ ਸਮਾਜ ‘ਚ ਆਰਥਿਕ ਨਿਯਮਾਂ ਦੀ ਵਰਤੋਂ ਨਿਸ਼ਚਿਤ ਜਮਾਤਾਂ ਦੁਆਰਾ ਨਿਸ਼ਚਿਤ ਜਮਾਤੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਹੁੰਦੀ ਹੈ। ਇਸ ਦੀ ਵਰਤੋਂ ਇੱਕ ਜਮਾਤ ਦੂਜੀ ਦੇ ਵਿਰੁੱਧ ਕਰਦੀ ਹੈ।

ਇਸ ਤਰ੍ਹਾਂ ਇਸਦਾ ਇਹ ਅਰਥ ਵੀ ਨਿਕਲਦਾ ਹੈ ਕਿ ਜਿੱਥੋਂ ਤੱਕ ਇੱਕ ਖ਼ਾਸ ਜਮਾਤ ਦਾ ਸਬੰਧ ਹੈ, ਆਰਥਿਕ ਨਿਯਮਾਂ ਦੀ ਵਰਤੋਂ ਦੀ ਸੰਭਾਵਨਾ ਆਰਥਿਕ ਵਿਕਾਸ ਦੀਆਂ ਬਾਹਰਮੁਖੀ ਸਥਿਤੀਆਂ ਦੇ ਅਧਾਰ ‘ਤੇ ਸੀਮਿਤ ਹੁੰਦੀ ਹੈ। ਕੋਈ ਖ਼ਾਸ ਜਮਾਤ ਕਿੰਨੀ ਦੂਰ ਤੱਕ ਅਤੇ ਕਿਸ ਰੂਪ ‘ਚ ਆਰਥਿਕ ਨਿਯਮਾਂ ਦੀ ਵਰਤੋਂ ਆਪਣੇ ਹਿੱਤਾਂ ਲਈ ਕਰ ਸਕਦੀ ਹੈ, ਇਹ ਮੌਜੂਦਾ ਆਰਥਿਕ ਦਿਸ਼ਾਵਾਂ ‘ਤੇ ਨਿਰਭਰ ਕਰਦਾ ਹੈ। ਉਹੀ ਜਮਾਤ ਜੋ ਇੱਕ ਸਮੇਂ ਆਪਣੇ ਨਿੱਜੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਰਥਿਕ ਨਿਯਮਾਂ ਦੀ ਕਾਰਜ-ਵਿਧੀ ਦਾ ਪੂਰਾ ਲਾਭ ਚੁੱਕ ਚੁੱਕੀ ਹੁੰਦੀ ਹੈ, ਅੱਗੇ ਚੱਲਕੇ ਇਸ ਸਥਿਤੀ ਨੂੰ ਗਵਾ ਬੈਠਦੀ ਹੈ ਅਤੇ ਦੇਖਦੀ ਹੈ ਕਿ ਲਾਭ ਦੂਜੀ ਜਮਾਤ ਦੇ ਪੱਲੜੇ ‘ਚ ਚਲਾ ਗਿਆ ਹੈ।

(2) ਲੰਬੇ ਸਮੇਂ ‘ਚ ਆਮ ਲੋਕਾਂ ਦੁਆਰਾ ਆਰਥਿਕ ਨਿਯਮਾਂ ਦੀ ਵਰਤੋਂ ਨੇ ਹਮੇਸ਼ਾ ਸਮਾਜ ਦੀ ਪਦਾਰਥਕ ਖ਼ੁਸ਼ਹਾਲੀ ਅਤੇ ਸਮਾਜ ਨੂੰ ਵਿਕਾਸ ਦੇ ਉੱਚੇ ਪੜਾਅ ‘ਤੇ ਲੈ ਜਾਣ ਦੇ ਉਦੇਸ਼ ‘ਚ ਮਦਦ ਕੀਤੀ ਹੈ। ਪਰ ਜਮਾਤੀ ਸਮਾਜ ‘ਚ ਇਹ ਕੰਮ ਕਦੇ ਸਰਲਤਾ ਅਤੇ ਸਭ ਦੀ ਆਗਿਆ ਨਾਲ਼ ਪੂਰਾ ਨਹੀਂ ਹੋਇਆ, ਸਗੋਂ ਜਮਾਤੀ-ਘੋਲ਼ ਦੇ ਮਾਧਿਅਮ ਰਾਹੀਂ ਜਾਂ ਪਿਛਾਖੜੀ ਜਮਾਤਾਂ ਦੇ ਟਕਰਾ ਨੂੰ ਹਰਾਉਂਦੇ ਹੋਏ ਪੂਰਾ ਕੀਤਾ ਗਿਆ ਹੈ।

ਜਮਾਤੀ ਸਮਾਜ ‘ਚ ਹਮੇਸ਼ਾ ਇੱਕ ਅਗਾਂਹਵਧੂ ਜਮਾਤ ਰਹੀ ਹੈ, ਜਿਸਨੇ ਸਮਾਜ ਦੀ ਪਦਾਰਥਕ ਖੁਸ਼ਹਾਲੀ ਵਧਾਉਣ ਲਈ ਆਰਥਿਕ ਨਿਯਮਾਂ ਦੀ ਵਰਤੋਂ ਦਾ ਰਾਹ ਦਿਖਾਇਆ, ਪਰ ਦੂਜੀਆਂ, ਪਿਛਾਖੜੀ ਜਮਾਤਾਂ ਨੇ ਹਮੇਸ਼ਾ ਉਸਦਾ ਵਿਰੋਧ ਕੀਤਾ ਹੈ। ਅਜਿਹਾ ਇਸ ਕਾਰਨ ਹੋਇਆ ਕਿ ਇੱਕ ਜਮਾਤ ਦੇ ਪਦਾਰਥਕ ਜਮਾਤੀ ਹਿੱਤਾਂ ਦਾ ਪਾਲਣ-ਪੋਸ਼ਣ ਆਰਥਿਕ ਨਿਯਮਾਂ ਦੀ ਅਜਿਹੀ ਵਰਤੋਂ ਨਾਲ਼ ਹੋ ਰਿਹਾ ਸੀ, ਦੂਜੇ ਪਾਸੇ ਦੂਜੀਆਂ ਜਮਾਤਾਂ ਦੇ ਜਮਾਤੀ ਹਿੱਤਾਂ ਦੀ ਰੱਖਿਆ ਕੇਵਲ ਉਸੇ ਅਨੁਪਾਤ ‘ਚ ਹੁੰਦੀ ਸੀ, ਜਿਸ ਅਨੁਪਾਤ ‘ਚ ਉਹ ਉਸਦਾ ਵਿਰੋਧ ਕਰਨ ‘ਚ ਸਫ਼ਲ ਹੁੰਦੀਆਂ ਸਨ।

ਮਿਸਾਲ ਵਜੋਂ ਇੱਕ ਸਮੇਂ ਸਰਮਾਏਦਾਰ ਜਮਾਤ ਨੇ ਸਮਾਜ ਦੀ ਪਦਾਰਥਕ ਖੁਸ਼ਹਾਲੀ ਨੂੰ ਅੱਗੇ ਵਧਾਉਣ ਦੀ ਗਰਜ ਨਾਲ਼ ਆਰਥਿਕ ਨਿਯਮਾਂ ਦੀ ਵਰਤੋਂ ਦਾ ਰਾਹ ਦਿਖਾਇਆ, ਓਧਰ ਜਗੀਰੂ ਤੱਤਾਂ ਨੇ ਉਸਨੂੰ ਰੋਕਣ ਦਾ ਯਤਨ ਕੀਤਾ : ਜਗੀਰੂ ਤੱਤਾਂ ਨੇ ਆਪਣੇ ਵਿਰੁੱਧ ਆਰਥਿਕ ਨਿਯਮਾਂ ਦੀ ਵਰਤੋਂ ਦਾ ਵਿਰੋਧ ਕਰਨ ਦਾ ਯਤਨ ਕੀਤਾ ਅਤੇ ਆਰਥਿਕ ਨਿਯਮਾਂ ਦੀ ਵਰਤੋਂ ਦੇ ਨਤੀਜਿਆਂ ਨੂੰ ਅਸਫ਼ਲ ਕਰਨ ਦਾ ਸਮਰੱਥਾ ਅਨੁਸਾਰ ਯਤਨ ਕੀਤਾ, ਜਿਨ੍ਹਾਂ ਨੂੰ ਉਹ ਆਪਣੇ ਨਿੱਜੀ ਹਿੱਤਾਂ ਲਈ ਹਾਨੀਕਾਰਕ ਸਮਝਦੇ ਹਨ। ਇਸ ਸਮੇਂ ਖ਼ੁਦ ਸਰਮਾਏਦਾਰ ਹੀ ਸਮਾਜ ਨੂੰ ਵਿਕਾਸ ਨਾਲ਼ ਨਵੇਂ ਪੜਾਅ ‘ਚ ਲੈ ਜਾਣ ਵਾਲ਼ੇ ਨਿਯਮਾਂ ਦਾ ਵਿਰੋਧ ਕਰ ਰਹੇ ਹਨ।

ਸੱਚਮੁੱਚ, ਇੱਕ ਜਮਾਤ ਲਈ ਇਹ ਬਿਲਕੁਲ ਸੰਭਵ ਹੈ ਕਿ ਉਹ ਦੂਜੀ ਜਮਾਤ ਦੁਆਰਾ ਆਰਥਿਕ ਨਿਯਮਾਂ ਦੀ ਵਰਤੋਂ ‘ਚ ਰੋਕ ਪੈਦਾ ਕਰੇ, ਪਰ ਉਹ ਇਹ ਬਿਲਕੁਲ ਨਹੀਂ ਕਰ ਸਕਦੀ ਕਿ ਆਰਥਿਕ ਨਿਯਮਾਂ ਨੂੰ ਕਾਰਜ ਕਰਨ ਤੋਂ ਰੋਕ ਦੇਵੇ।

ਇਸੇ ਪਿੱਠਭੂਮੀ ‘ਚ ਸਰਮਾਏਦਾਰ ਜਮਾਤ ਅੱਜ ਸਰਮਾਏਦਾਰੀ ਤੋਂ ਸਮਾਜਵਾਦ ‘ਚ ਤਬਦੀਲੀ ਦਾ ਵਿਰੋਧ ਕਰ ਰਹੀ ਹੈ। ਪਰ ਉਹ ਇਸ ਨਿਯਮ ਨੂੰ ਲਗਾਤਾਰ ਕਾਰਜ ਕਰਨ ਤੋਂ ਨਹੀਂ ਰੋਕ ਸਕਦੇ ਕਿ ਪੈਦਾਵਾਰੀ ਸਬੰਧਾਂ ਨੂੰ ਲਾਜ਼ਮੀ ਹੀ ਪੈਦਾਵਾਰੀ ਤਾਕਤਾਂ ਦੇ ਕਿਰਦਾਰ ਦੇ ਅਨੁਸਾਰੀ ਹੋਣਾ ਚਾਹੀਦਾ ਹੈ। ਜਿੰਨਾ ਸਮਾਂ ਸਰਮਾਏਦਾਰੀ ਟਿਕਦੀ ਹੈ, ਸਮਾਜਿਕ ਪੈਦਾਵਾਰ ਅਤੇ ਵਿਅਕਤੀਗਤ ਸਰਮਾਏਦਾਰਾ ਲੁੱਟ-ਖਸੁੱਟ ਵਿਚਾਲੇ ਵਿਰੋਧਤਾਈ ਉਸਦੇ ਅਟੱਲ ਨਤੀਜਿਆਂ ਨੂੰ ਜਨਮ ਦਿੰਦੀ ਰਹੇਗੀ ਅਤੇ ਸਰਮਾਏਦਾਰ ਭਾਵੇਂ ਜੋ ਕੁੱਝ ਵੀ ਕਰਨ, ਉਹ ਸਰਮਾਏਦਾਰਾ ਢਾਂਚੇ ‘ਚ ਵਾਰ-ਵਾਰ ਪੈਦਾ ਹੋਣ ਵਾਲ਼ੇ ਸੰਕਟਾਂ ਨੂੰ ਨਹੀਂ ਰੋਕ ਸਕਦੇ। ਕੁੱਲ ਮਿਲਾਕੇ ਉਹ ਇੰਨਾ ਕਰ ਸਕਦੇ ਹਨ ਕਿ ਉਹ ਸੰਕਟਾਂ ਦਾ ਬੋਝ ਕਿਰਤੀ ਲੋਕਾਂ ਦੀ ਪਿੱਠ ‘ਤੇ ਲੱਦਣ ਦਾ ਯਤਨ ਕਰਨ ਪਰ ਇਹ ਯਤਨ ਸੰਕਟਾਂ ਨੂੰ ਹੋਰ ਜ਼ਿਆਦਾ ਗੰਭੀਰ ਬਣਾਉਂਦਾ ਹੈ। ਇਸ ਤਰ੍ਹਾਂ ਆਰਥਿਕ ਨਿਯਮਾਂ ਦੀ ਰਚਨਾਤਮਕ ਵਰਤੋਂ ਦਾ ਟਾਕਰਾ ਕਰਨ ਦੇ ਉਹਨਾਂ ਦੇ ਯਤਨਾਂ ਦਾ ਕੇਵਲ ਇਹੀ ਅਰਥ ਹੈ ਕਿ ਉਹ ਨਿਯਮ ਵਿਨਾਸ਼ਕ ਪ੍ਰਭਾਵਾਂ ਦੇ ਨਾਲ਼ ਲਗਾਤਾਰ ਕੰਮ ਕਰਦੇ ਰਹਿੰਦੇ ਹਨ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਰਥਿਕ ਨਿਯਮ ਇੱਕ ਜਮਾਤ ਦੇ ਪੱਖ ‘ਚ ਅਤੇ ਦੂਜੀ ਦੇ ਵਿਰੁੱਧ ਕਾਰਜ ਕਰਦੇ ਹਨ। ਇਸੇ ਕਾਰਣ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਅੰਤ ‘ਚ ਮਜ਼ਦੂਰ ਜਮਾਤ ਜੇਤੂ ਹੋਵੇਗੀ, ਕਿਉਂਕਿ ਸਰਮਾਏਦਾਰਾ ਸਮਾਜ ‘ਚ ਇਹੀ ਅਗਾਂਹਵਧੂ ਜਮਾਤ ਹੈ, ਜਿਸਦੇ ਪੱਖ ‘ਚ ਆਰਥਿਕ ਨਿਯਮ ਕਾਰਜ ਕਰ ਰਹੇ ਹਨ ਜਿਵੇਂ ਕਦੇ-ਕਦੇ ਕਿਹਾ ਜਾਂਦਾ ਹੈ : “ਇਤਿਹਾਸ ਸਾਡੇ ਪੱਖ ‘ਚ ਹੈ”। ਪਰ ਇਸਦੀ ਜਿੱਤ ਇਸਦੇ ਖਿੰਡਾਅ ਜਾਂ ਭਰਮ ਨੀਤੀਆਂ ਅਤੇ ਸਰਮਾਏਦਾਰਾ ਟਕਰਾਅ ਦੀ ਤਾਕਤ ਕਾਰਣ ਪਿੱਛੇ ਵੀ ਪੈ ਸਕਦੀ ਹੈ।

(3) ਭਾਵੇਂ ਆਰਥਿਕ ਨਿਯਮਾਂ ਦੀ ਵਰਤੋਂ ਹਮੇਸ਼ਾ ਜਮਾਤੀ-ਹਿੱਤਾਂ ਦੁਆਰਾ ਤੈਅ ਹੁੰਦੀ ਹੈ, ਪਰ ਮਜ਼ਦੂਰ ਜਮਾਤ ਦੁਆਰਾ ਆਪਣੇ ਪੱਖ ‘ਚ ਸਮਾਜਵਾਦ ਦੇ ਘੋਲ਼ ‘ਚ ਆਰਥਿਕ ਨਿਯਮਾਂ ਦੀ ਵਰਤੋਂ ਪੂਰੀ ਪ੍ਰਕ੍ਰਿਆ ਨੂੰ ਇੱਕ ਨਵਾਂ ਕਿਰਦਾਰ ਪ੍ਰਦਾਨ ਕਰਦੀ ਹੈ।

ਸਤਾਲਿਨ ਨੇ ਲਿਖਿਆ ਹੈ : “ਇਸ ਸੰਬੰਧ ਵਿੱਚ ਮਜ਼ਦੂਰ ਜਮਾਤ ਅਤੇ ਦੂਜੀਆਂ ਜਮਾਤਾਂ, ਜਿਨ੍ਹਾਂ ਨੇ ਇਤਿਹਾਸ ਦੀ ਯਾਤਰਾ ‘ਚ ਕਿਸੇ ਸਮੇਂ ਪੈਦਾਵਾਰੀ ਸਬੰਧਾਂ ਨੂੰ ਇਨਕਲਾਬੀ ਰੂਪ ਦਿੱਤਾ, ਦੇ ਵਿਚਾਲੇ ਅੰਤਰ ਇਸ ਸਥਿਤੀ ‘ਚ ਸਮੋਇਆ ਹੈ ਕਿ ਮਜ਼ਦੂਰ ਜਮਾਤ ਦੇ ਜਮਾਤੀ ਹਿੱਤ ਸਮਾਜ ਦੀ ਵਿਸ਼ਾਲ ਵਸੋਂ ਦੇ ਹਿੱਤਾਂ ਵਿੱਚ ਘੁਲ਼ਮਿਲ ਜਾਂਦੇ ਹਨ, ਕਿਉਂਕਿ ਮਜ਼ਦੂਰ ਜਮਾਤ ਦੇ ਇਨਕਲਾਬ ਦਾ ਮਤਲਬ ਲੁੱਟ ਦੇ ਇੱਕ ਜਾਂ ਦੂਜੇ ਰੂਪ ਦਾ ਅੰਤ ਨਹੀਂ, ਸਗੋਂ ਸਾਰੀ ਲੁੱਟ ਦਾ ਖ਼ਾਤਮਾ ਕਰਨਾ ਹੁੰਦਾ ਹੈ, ਦੂਜੇ ਪਾਸੇ ਦੂਜੀਆਂ ਜਮਾਤਾਂ ਦੇ ਇਨਕਲਾਬ, ਜਿਨ੍ਹਾਂ ਨੇ ਲੁੱਟ ਦੇ ਕੇਵਲ ਇੱਕ ਜਾਂ ਦੂਜੇ ਰੂਪ ਨੂੰ ਹੀ ਖ਼ਤਮ ਕੀਤਾ, ਉਹਨਾਂ ਦੇ ਸੌੜੇ ਜਮਾਤੀ ਹਿੱਤਾਂ ਦੇ ਅੰਦਰ ਹੀ ਸੀਮਿਤ ਹੋ ਕੇ ਰਹਿ ਗਏ ਅਤੇ ਉਹਨਾਂ ਸੌੜੇ ਜਮਾਤੀ ਹਿੱਤਾਂ ਦਾ ਸਮਾਜ ਦੀ ਬਹੁ-ਗਿਣਤੀ ਦੇ ਹਿੱਤਾਂ ਨਾਲ਼ ਟਕਰਾਅ ਬਰਕਰਾਰ ਰਿਹਾ।”5

ਮਜ਼ਦੂਰ ਜਮਾਤ ਅਤੇ ਸਮਾਜਵਾਦ ਦੇ ਲਈ ਉਸਦੇ ਘੋਲ਼ ਦੇ ਨਾਲ਼ ਹੁਣ ਅਜਿਹੀ ਹਾਲਤ ਨਹੀਂ ਰਹਿ ਜਾਂਦੀ ਕਿ ਇੱਕ ਜਮਾਤ ਖ਼ੁਦ ਨੂੰ ਅਜਿਹੀ ਸਥਿਤੀ ਵਿੱਚ ਸਥਾਪਿਤ ਕਰਨਾ ਚਾਹੁੰਦੀ ਹੋਵੇ ਜਿਸ ਨਾਲ਼ ਉਹ ਬਾਕੀ ਸਮਾਜ ਦੀ ਲੁੱਟ ਕਰ ਸਕੇ ਅਤੇ ਆਰਥਿਕ ਨਿਯਮਾਂ ਦੀ ਆਪਣੇ ਸੌੜੇ ਹਿੱਤਾਂ ਲਈ ਵਰਤੋਂ ਕਰ ਸਕੇ, ਸਗੋਂ ਉਸ ਦਿਸ਼ਾ ‘ਚ ਆਰਥਿਕ ਨਿਯਮਾਂ ਦੀ ਵਰਤੋਂ ਸਾਰੀ ਤਰ੍ਹਾਂ ਦੀ ਲੁੱਟ ਦਾ ਨਾਸ਼ ਕਰਨ ਅਤੇ ਸਾਰੇ ਲੋਕਾਂ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਲਈ ਹੁੰਦਾ ਹੈ। ਸਰਮਾਏਦਾਰਾ ਲੁੱਟ ਦੇ ਖ਼ਾਤਮੇ ਦੁਆਰਾ ਮਜ਼ਦੂਰ ਜਮਾਤ ਦੇ ਹਿੱਤਾਂ ਦੀ ਪ੍ਰਾਪਤੀ ਦਾ ਅਰਥ ਸਾਰੇ ਤਰ੍ਹਾਂ ਦੀ ਲੁੱਟ ਦੇ ਖ਼ਾਤਮੇ, ਜਮਾਤੀ-ਵਿਰੋਧਾਂ ਦਾ ਨਾਸ਼ ਅਤੇ ਇੱਕ ਸਮਾਜਿਕ ਪ੍ਰਬੰਧ, ਸਮਾਜਵਾਦ ਦੀ ਸਥਾਪਨਾ ਹੈ, ਜਿਸ ਵਿੱਚ ਸਾਰਿਆਂ ਦੇ ਲਾਭ ਲਈ ਸਮਾਜਿਕ ਪੈਦਾਵਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਜਦ ਸਮਾਜਵਾਦ ਦੀ ਸਥਾਪਨਾ ਹੋ ਜਾਂਦੀ ਹੈ, ਸਮਾਜ ਦਾ ਸੰਪੂਰਨ ਆਰਥਿਕ ਜੀਵਨ ਅੰਤ ਸੁਚੇਤਨ, ਵਿਉਂਤਬੱਧ ਕੰਟਰੋਲ ਦੇ ਹੇਠ ਲਿਆਇਆ ਜਾਂਦਾ ਹੈ ਜਿਸ ਨਾਲ਼ ਲੋਕਾਂ ਦੀਆਂ ਲੋੜਾਂ ਦੀ ਸੰਤੁਸ਼ਟੀ ਹੋ ਸਕੇ। ਆਰਥਿਕ ਨਿਯਮ ਆਪਣੀ ਗਤੀ ਨਾਲ਼ ਚੱਲਦੇ ਰਹਿੰਦੇ ਹਨ ਅਤੇ ਜੇਕਰ ਸਮਾਜਵਾਦ ਦੇ ਉਸਰੱਈਏ ਇਸ ਤੱਥ ਨੂੰ ਪਛਾਣਨ ‘ਚ ਅਸਫ਼ਲ ਰਹਿੰਦੇ ਹਨ ਅਤੇ ਸਮਾਜਵਾਦ ਦੇ ਆਰਥਿਕ ਨਿਯਮਾਂ ਦਾ ਉਲੰਘਣ ਸ਼ੁਰੂ ਕਰ ਦਿੰਦੇ ਹਨ, ਤਾਂ ਉਸਦਾ ਇੱਕ ਹੀ ਨਤੀਜਾ ਸੰਭਵ ਹੈ ਕਿ ਉਹਨਾਂ ਦੀਆਂ ਯੋਜਨਾਵਾਂ ਅਸਫ਼ਲ ਹੋ ਜਾਣਗੀਆਂ। ਪਰ ਉਸ ਸਮੇਂ ਆਰਥਿਕ ਨਿਯਮਾਂ ਦੀ ਵਰਤੋਂ ਦਾ ਉਦੇਸ਼ ਕਿਸੇ ਵਿਸ਼ੇਸ਼ ਹਿੱਤ ਦੀ ਸੇਵਾ ਕਰਨਾ ਨਹੀਂ ਰਹਿੰਦਾ, ਸਗੋਂ ਉਹਨਾਂ ਦੀ ਵਰਤੋਂ ਸੰਪੂਰਨ ਸਮਾਜ ਦੇ ਸਮੂਹਿਕ ਹਿੱਤ ਲਈ ਹੁੰਦੀ ਹੈ ਕਿਉਂਕਿ ਆਪਸ ਵਿੱਚ ਵਿਰੋਧੀ ਜਮਾਤਾਂ ਅਤੇ ਘੋਲ਼ ਦੇ ਹਿੱਤ ਅੰਤਿਮ ਰੂਪ ਨਾਲ਼ ਖ਼ਤਮ ਕਰ ਦਿੱਤੇ ਜਾਂਦੇ ਹਨ।

(4) ਜਦ ਲੋਕ ਆਪਣੇ ਸੌੜੇ ਜਮਾਤੀ-ਹਿੱਤਾਂ ਦੇ ਪਾਲਣ-ਪੋਸ਼ਣ ਲਈ ਆਰਥਿਕ ਨਿਯਮਾਂ ਦੀ ਵਰਤੋਂ ਕਰਦੇ ਹਨ ਤਾਂ ਇਸਦਾ ਇਹ ਮਤਲਬ ਨਹੀਂ ਕਿ ਉਹਨਾਂ ਨੂੰ ਪਹਿਲਾਂ ਉਹਨਾਂ ਨਿਯਮਾਂ ਦਾ ਸ਼ੁੱਧ, ਵਿਗਿਆਨਕ ਗਿਆਨ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਲੋਕਾਂ ਨੇ ਭੋਜਨ ਤਿਆਰ ਕਰਨ ਲਈ ਅੱਗ ਦੀ ਵਰਤੋਂ ਕੀਤੀ, ਪਰ ਉਹਨਾਂ ਨੂੰ ਭੌਤਿਕੀ ਦੇ ਨਿਯਮਾਂ ਦਾ ਬਹੁਤ ਹੀ ਘੱਟ ਗਿਆਨ ਸੀ ਅਤੇ ਉਹ ਅੱਗ ਵਰਗੇ ਪ੍ਰਤੱਖ ਪਦਾਰਥ ਦੇ ਵਿਸ਼ੇ ‘ਚ ਕੇਵਲ ਕਾਲਪਨਿਕ ਅਤੇ ਪੌਰਾਣਿਕ ਬਿਰਤਾਂਤ ਪੇਸ਼ ਕਰ ਸਕਦੇ ਸਨ। ਆਰਥਿਕ ਨਿਯਮਾਂ ਦੀ ਵੀ ਇਹੀ ਸਥਿਤੀ ਹੈ। ਜਦ ਕਿਸੇ ਲੋਟੂ ਜਮਾਤ, ਮਿਸਾਲ ਵਜੋਂ ਸਰਮਾਏਦਾਰ ਜਮਾਤ ਨੇ ਵਿਰੋਧੀ ਲੋਟੂ ਜਮਾਤ ਤੋਂ ਸਮਾਜ ਦੀ ਭਾਰੂ ਹੈਸੀਅਤ ਖੋਹਣ ਲਈ ਆਰਥਿਕ ਨਿਯਮਾਂ ਦੀ ਵਰਤੋਂ ਕੀਤੀ, ਉਸ ਸਮੇਂ ਉਹ ਆਰਥਿਕ ਪ੍ਰਕ੍ਰਿਆ ਦੇ, ਜਿਸਨੂੰ ਉਸਨੇ ਗਤੀ ਪ੍ਰਦਾਨ ਕੀਤੀ ਸੀ, ਨਿਯਮਾਂ ਦੇ ਸ਼ੁੱਧ ਅਤੇ ਵਿਗਿਆਨਕ ਗਿਆਨ ਤੋਂ ਬਹੁਤ ਦੂਰ ਸੀ। ਸਰਮਾਏਦਾਰ ਜਮਾਤ ਇਸ ਪ੍ਰਕ੍ਰਿਆ ਨੂੰ ਕੇਵਲ ਆਪਣੇ ਸੌੜੇ ਜਮਾਤੀ ਹਿੱਤਾਂ ਦੇ ਨਜ਼ਰੀਏ ਤੋਂ ਸਮਝ ਰਹੀ ਸੀ, ਭਾਵ ਉਸਨੇ ਉਹਨਾਂ ਨਿਯਮਾਂ ਸਬੰਧੀ ਬਹੁਤ ਭਰਮ ਪਾਲ਼ ਰੱਖੇ ਸਨ।

ਅੱਖਾਂ ਬੰਦ ਕਰਕੇ ਆਰਥਿਕ ਨਿਯਮਾਂ ਦਾ ਲਾਭ ਉਠਾਉਣ, ਉਹਨਾਂ ਦੀ ਇਸ ਤਰ੍ਹਾਂ ਵਰਤੋਂ ਕਰਨ ਅਤੇ ਉਹਨਾਂ ਦੀ ਪੂਰਾ ਸਮਝ ਨਾਲ਼ ਵਰਤੋਂ ਕਰਨ ਵਿਚਾਲੇ ਅਸਲ ਵਿੱਚ ਬਹੁਤ ਵੱਡਾ ਫ਼ਰਕ ਹੈ। ਆਰਥਿਕ ਨਿਯਮਾਂ ਦੀ ਵਰਤੋਂ ਸਬੰਧੀ ਪੂਰੀ ਸਮਝਦਾਰੀ ਦੀ ਪ੍ਰਾਪਤੀ ਸੌੜੇ ਜਮਾਤੀ ਹਿੱਤਾਂ ਲਈ ਨਹੀਂ, ਸਗੋਂ ਕੇਵਲ ਸਮਾਜ ਦੀ ਵਿਸ਼ਾਲ ਵਸੋਂ ਦੇ ਹਿੱਤਾਂ ਲਈ ਸ਼ੂਰੂ ਹੁੰਦੀ ਹੈ। ਇਸਦੀ ਪ੍ਰਾਪਤੀ ਅੱਜ, ਕੇਵਲ ਸਮਾਜਵਾਦ ਦੇ ਲਈ ਮਜ਼ਦੂਰ ਜਮਾਤ ਦੇ ਘੋਲ਼ ਦੀਆਂ ਸਥਿਤੀਆਂ ਵਿੱਚ ਸ਼ੁਰੂ ਹੁੰਦੀ ਹੈ।

ਠੀਕ ਇਸੇ ਤਰ੍ਹਾਂ, ਮਨੁੱਖਾਂ ਦੁਆਰਾ ਆਪਣੇ ਜਮਾਤੀ-ਹਿੱਤਾਂ ਦੇ ਪੋਸ਼ਣ ਵਿੱਚ ਆਪਣੀ ਸਮਾਜਿਕ ਜਥੇਬੰਦੀ ਦੇ ਨਿਸ਼ਚਿਤ ਨਿਯਮਾਂ ਦੀ ਵਰਤੋਂ ਅਤੇ ਉਹਨਾਂ ਦਾ ਆਪਣੀ ਜਥੇਬੰਦੀ ਦਾ ਅਸਲੀ ਸੰਚਾਲਕ ਹੋਣ ਵਿਚਾਲੇ ਬੜਾ ਅੰਤਰ ਹੈ। ਆਪਣੀ ਸਮਾਜਿਕ ਜਥੇਬੰਦੀ ਦੇ ਅਸਲੀ ਸੰਚਾਲਕ ਬਣਨ ਲਈ ਉਹਨਾਂ ਨੂੰ ਪਹਿਲਾਂ ਉਸਦੇ ਨਿਯਮਾਂ ਦੀ ਪੂਰੀ ਸਮਝ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਦੂਜੇ, ਅਰਥਚਾਰੇ ਦੇ ਸਾਰੇ ਖੇਤਰਾਂ ‘ਤੇ ਅਜਿਹਾ ਸਮਾਜਿਕ ਕੰਟਰੋਲ ਕਾਇਮ ਕਰਨਾ ਚਾਹੀਦਾ ਹੈ ਕਿ ਉਹ ਉਸਦੇ ਨਿਯਮਾਂ ਦੀ ਸਮਾਜਿਕ ਯੋਜਨਾ ਦੇ ਅਨੁਸਾਰ ਵਰਤੋਂ ਕਰ ਸਕੇ। ਇਹ ਦਸ਼ਾਵਾਂ ਕੇਵਲ ਉਸੇ ਸਮੇਂ ਹਾਸਲ ਹੁੰਦੀਆਂ ਹਨ ਜਦ ਸਮਾਜ ਤਰੱਕੀ ਕਰਕੇ ਸਮਾਜਵਾਦ ਦੇ ਪੜਾਅ ਵਿੱਚ ਪਹੁੰਚਦਾ ਹੈ।

(5) ਜਦ ਲੋਕ ਅੰਤ ‘ਚ ਆਪਣੀ ਸਮਾਜਿਕ ਜਥੇਬੰਦੀ ਦੇ ਅਸਲੀ ਸੰਚਾਲਕ ਬਣ ਜਾਂਦੇ ਹਨ, ਉਸ ਸਮੇਂ ਅਜਿਹੀ ਸਥਿਤੀ ਆਉਂਦੀ ਹੈ ਜਿਸ ਵਿੱਚ ਆਰਥਿਕ ਨਿਯਮਾਂ ਦੀ ਕਾਰਜ-ਵਿਧੀ ਉਹਨਾਂ ਦੀ ਸਮਾਜਿਕ ਪਹਿਲਕਦਮੀ ਨੂੰ ਸੀਮਿਤ ਕਰਨ ਜਾਂ ਸੰਗੋੜਨ, ਉਹਨਾਂ ਦੇ ਉਦੇਸ਼ਾਂ ਅਤੇ ਟੀਚਿਆਂ ਨੂੰ ਅਸਫ਼ਲ ਅਤੇ ਅਣਚਾਹੇ ਨਤੀਜਿਆਂ ਦੇ ਵੱਲ ਲੈ ਜਾਣ ਦੀ ਬਜਾਏ ਸੰਪੂਰਨ ਸਮਾਜ ਦੀ ਪਦਾਰਥਕ ਅਤੇ ਸੱਭਿਆਚਾਰਕ ਲੋੜਾਂ ਦੀ ਸੰਤੁਸ਼ਟੀ ਲਈ ਬੇਰੋਕ ਸਮਾਜਿਕ ਕਾਰਵਾਈ ਦੀ ਹਾਲਤ ਗ੍ਰਹਿਣ ਕਰ ਲੈਂਦੀ ਹੈ। ਉਸ ਸਮੇਂ ਲੋਕ ਇਹਨਾਂ ਨਿਯਮਾਂ ਨੂੰ ਜਾਣਨ ਅਤੇ ਸਮਝਣ ਅਤੇ ਹਰੇਕ ਵਿਅਕਤੀ ਅਤੇ ਸੰਪੂਰਨ ਸਮਾਜ ਦੇ ਲਾਭ ਲਈ ਯੋਜਨਾਬੱਧ ਤਰੀਕੇ ਨਾਲ਼ ਉਹਨਾਂ ਦੀ ਵਰਤੋਂ ਕਰਨ ਦੇ ਯੋਗ ਬਣ ਜਾਂਦੇ ਹਨ।

ਏਂਗਲਜ਼ ਨੇ ਲਿਖਿਆ ਹੈ : “ਸਮਾਜ ਅੰਦਰ ਕਾਰਜਸ਼ੀਲ ਤਾਕਤਾਂ, ਕੁਦਰਤ ਅੰਦਰ ਕਾਰਜਸ਼ੀਲ ਤਾਕਤਾਂ ਵਾਂਗ ਹੀ ਕੰਮ ਕਰਦੀਆਂ ਹਨ ਨਜ਼ਰ-ਵਿਹੂਣੇ, ਹਿੰਸਕ, ਵਿਨਾਸ਼ਕ ਰੂਪ ‘ਚ, ਉਸ ਸਮੇਂ ਤੱਕ ਜਦ ਤੱਕ ਅਸੀਂ ਉਹਨਾਂ ਨੂੰ ਸਮਝ ਨਹੀਂ ਸਕਦੇ ਅਤੇ ਉਹਨਾਂ ‘ਤੇ ਵਿਚਾਰ ਕਰਨ ‘ਚ ਅਸਫ਼ਲ ਰਹਿੰਦੇ ਹਾਂ। ਪਰ ਜਦ ਇੱਕ ਵਾਰ ਅਸੀਂ ਉਹਨਾਂ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਾਂ ਅਤੇ ਸਮਝ ਲੈਂਦੇ ਹਾਂ ਕਿ ਉਹ ਕਿਵੇਂ ਕਾਰਜ ਕਰਦੀਆਂ ਹਨ, ਤਾਂ ਉਹਨਾਂ ਦੀ ਦਿਸ਼ਾ ਅਤੇ ਉਹਨਾਂ ਦੇ ਪ੍ਰਭਾਵ, ਸਾਡੀ ਇੱਛਾ ਪ੍ਰਤੀ ਉਹਨਾਂ ਦੀ ਅਧੀਨਤਾ ਅਤੇ ਸਾਡੇ ਟੀਚਿਆਂ ਦੀ ਪ੍ਰਾਪਤੀ ਲਈ ਉਹਨਾਂ ਦੀ ਵਰਤੋਂ ਪੂਰੀ ਤਰ੍ਹਾਂ ਸਾਡੇ ‘ਤੇ ਨਿਰਭਰ ਕਰਦੇ ਰਹਿੰਦੇ ਹਨ।”

ਉਹਨਾਂ ਨੇ ਅੱਗੇ ਲਿਖਿਆ ਹੈ : “ਇਹ ਵਰਤਮਾਨ ਯੁੱਗ ਦੀਆਂ ਤਾਕਤਵਰ ਪੈਦਾਵਾਰੀ ਤਾਕਤਾਂ ਦੇ ਸਬੰਧ ‘ਚ ਵਿਸ਼ੇਸ਼ ਰੂਪ ‘ਚ ਸੱਚ ਹੈ। ਜਦ ਤੱਕ ਅਸੀਂ ਉਹਨਾਂ ਦੇ ਸੁਭਾਅ ਅਤੇ ਉਹਨਾਂ ਦਾ ਕਿਰਦਾਰ ਸਮਝਣ ਤੋਂ ਜਿੱਦ ਨਾਲ਼ ਇਨਕਾਰ ਕਰਦੇ ਹਾਂ ਅਤੇ ਪੈਦਾਵਾਰ ਦੀ ਸਰਮਾਏਦਾਰਾ ਪ੍ਰਣਾਲੀ ਅਤੇ ਉਸਦੇ ਰੱਖਿਅਕ ਅਜਿਹੇ ਕਿਸੇ ਯਤਨ ਦੇ ਵਿਰੁੱਧ ਮੋਰਚਾ ਬੰਨ੍ਹ ਲੈਂਦੇ ਹਨ – ਇਹ ਤਾਕਤਾਂ ਸਾਡੇ ਬਾਵਜੂਦ, ਸਾਡੇ ਵਿਰੁੱਧ ਕਾਰਜ ਕਰਦੀਆਂ ਹਨ ਅਤੇ ਸਾਡੇ ਉੱਤੇ ਆਪਣਾ ਦਾਬਾ ਥੋਪਦੀਆਂ ਹਨ। ਪਰ ਇੱਕ ਵਾਰ ਉਹਨਾਂ ਦਾ ਸੁਭਾਅ ਸਮਝ ਆ ਗਿਆ, ਤਾਂ ਸਮੂਹਿਕ ਕਿਰਤ ਕਰਨ ਵਾਲ਼ਿਆਂ ਪੈਦਾਕਾਰਾਂ ਦੇ ਹੱਥ ‘ਚ ਆ ਕੇ ਉਹਨਾਂ ਦੀ ਕਾਇਆਪਲਟੀ ਦਾਨਵ  ਮਾਲਕਾਂ ਤੋਂ ਆਗਿਆ ਪਾਲਣ ਲਈ ਪੱਬਾਂ ਭਾਰ ਸੇਵਕਾਂ ਵਿੱਚ ਹੋ ਸਕਦੀ ਹੈ…।”

“ਵਰਤਮਾਨ ਦੌਰ ਦੀਆਂ ਪੈਦਾਵਾਰੀ ਤਾਕਤਾਂ ਦਾ ਉਹਨਾਂ ਦੇ ਸੁਭਾਅ ਅਨੁਸਾਰੀ ਵਰਤਾਅ, ਜੋ ਹੁਣ ਅੰਤ ਜਾਣ ਲਿਆ ਗਿਆ ਹੈ, ਸਮਾਜਿਕ ਪੈਦਾਵਾਰ ‘ਚ ਲੁਪਤ ਅਰਾਜਕਤਾ ਦੀ ਥਾਂ ‘ਤੇ ਸੰਪੂਰਨ ਸਮਾਜ ਅਤੇ ਹਰੇਕ ਬੰਦੇ, ਦੋਨਾਂ ਦੀਆਂ ਲੋੜਾਂ ਦੇ ਅਨੁਸਾਰ ਪੈਦਾਵਾਰ ਦੇ ਯੋਜਨਾਬੱਧ ਸਮਾਜਿਕ ਕੰਟਰੋਲ ਦਾ ਰਾਹ ਪੱਧਰਾ ਕਰਦਾ ਹੈ।”6

ਅਸੀਂ ਇਸ ਸਿੱਟੇ ‘ਤੇ ਪਹੁੰਚ ਸਕਦੇ ਹਾਂ ਕਿ ਲੋਕ ਆਪਣੇ ਆਰਥਿਕ ਹਿੱਤਾਂ ਦੇ ਅਨੁਸਾਰ ਆਪਣੇ ਨਿੱਜੀ ਉਦੇਸ਼ਾਂ ਲਈ ਆਰਥਿਕ ਨਿਯਮਾਂ ਦੀ ਵਰਤੋਂ ਕਰ ਸਕਦੇ ਹਨ ਅਤੇ ਕਰਦੇ ਹਨ। ਸਮਾਜਿਕ ਤਬਦੀਲੀ ਦੇ ਸਾਰੇ ਮਹਾਨ ਯੁੱਗਾਂ ਵਿੱਚ ਇੱਕ ਅਗਾਂਹਵਧੂ ਜਮਾਤ ਰਹੀ ਹੈ, ਜੋ ਆਪਣੀ ਆਰਥਿਕ ਸਥਿਤੀ ਦੇ ਕਾਰਣ ਅਤੇ ਆਪਣੇ ਨਿੱਜੀ ਪਦਾਰਥਕ ਹਿੱਤਾਂ ਨੂੰ ਪ੍ਰਾਪਤ ਕਰਨ ਦੇ ਯਤਨ ‘ਚ ਸਮਾਜਿਕ ਅਰਥਚਾਰੇ ਨੂੰ ਇਨਕਲਾਬੀ ਸਰੂਪ ਦੇਣ ਅਤੇ ਉੱਚੇ ਪੜਾਅ ‘ਚ ਲੈ ਜਾਣ ਲਈ ਆਰਥਿਕ ਨਿਯਮਾਂ ਦੀ ਵਰਤੋਂ ਕਰਨ ਵਿੱਚ ਯੋਗ ਰਹਿੰਦੀ ਆਈ ਹੈ। ਅੰਤ ‘ਚ, ਸਮਾਜਵਾਦ ਲਈ ਮਜ਼ਦੂਰ ਜਮਾਤ ਦੇ ਘੋਲ਼ ਦੌਰਾਨ ਅਤੇ ਸਮਾਜਵਾਦ ਦੀ ਜਿੱਤ ਨਾਲ਼ ਲੋਕ ਆਪਣੀ ਨਿੱਜ਼ੀ ਸਮਾਜਿਕ ਜਥੇਬੰਦੀ ਦੇ ਨਿਯਮਾਂ ਨੂੰ ਜਾਣਨ, ਸਮਝਣ ਅਤੇ ਸੰਪੂਰਨ ਸਮਾਜ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਪੂਰੀ ਚੇਤਨਾ ਨਾਲ਼ ਉਹਨਾਂ ਨਿਯਮਾਂ ਦੀ ਵਰਤੋਂ ਕਰਨ ਦੇ ਯੋਗ ਬਣ ਜਾਂਦੇ ਹਨ।

ਟਿੱਪਣੀਆਂ

1. ਸਤਾਲਿਨ : ਇਕਨੌਮਿਕ ਪ੍ਰੋਬਲਮਜ਼ ਆਫ਼ ਸੋਸ਼ਲਿਜ਼ਮ ਇੰਨ ਦੀ ਯੂ.ਐਸ.ਐਸ.ਆਰ.
2. ਉਹੀ ,, ,, ,, ,, ,, ,,
3. ਉਹੀ ,, ,, ,, ,, ,, ,,
4. ਉਹੀ ,, ,, ,, ,, ,, ,,
5. ਉਹੀ ,, ,, ,, ,, ,, ,,
6. ਏਂਗਲਜ਼ :ਸੋਸ਼ਲਿਜ਼ਮ, ਯੂਟੋਪਿਅਨ ਐਂਡ ਸਾਇੰਟੀਫਿਕ, ਪਾਠ 3.

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements