ਆਰਥਿਕ ਨਿਯਮ ਅਤੇ ਉਹਨਾਂ ਦੀ ਵਰਤੋਂ •ਮੌਰਿਸ ਕੌਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਮਾਜਿਕ ਵਿਕਾਸ ਦੇ ਬੁਨਿਆਦੀ ਨਿਯਮ ਆਰਥਿਕ ਨਿਯਮ ਹਨ। ਇਹ ਬਾਹਰਮੁਖੀ ਨਿਯਮ ਹਨ ਜੋ ਮਨੁੱਖ ਦੀ ਇੱਛਾ ਤੋਂ ਅਜ਼ਾਦਾਨਾ ਰੂਪ ‘ਚ ਕਾਰਜਸ਼ੀਲ ਹੁੰਦੇ ਹਨ, ਇਹਨਾਂ ਵਿੱਚ ਹਰ ਇੱਕ ਖਾਸ ਸਮਾਜੀ ਆਰਥਿਕ ਬਣਤਰ ਦੇ ਵਸ਼ਿਸ਼ਟ ਨਿਯਮ ਅਤੇ ਸਾਰੀਆਂ ਬਣਤਰਾਂ ਲਈ ਸਾਂਝੇ ਆਮ ਨਿਯਮ ਸ਼ਾਮਿਲ ਹਨ।

ਸਮਾਜ ਵਿੱਚ ਲੋਕ ਆਰਥਿਕ ਨਿਯਮਾਂ ਦੀ ਵਰਤੋਂ ਸਮਾਜਿਕ ਤਬਦੀਲੀਆਂ ਲਿਆਉਣ ਲਈ ਕਰਦੇ ਹਨ।  (1) ਜਮਾਤੀ ਸਮਾਜ ਵਿੱਚ ਆਰਥਿਕ ਨਿਯਮਾਂ ਦੀ ਵਰਤੋਂ ਹਮੇਸ਼ਾਂ ਜਮਾਤੀ ਹਿੱਤਾਂ ਤੋਂ ਤੈਅ ਹੁੰਦੀ ਹੈ। (2) ਅਗਾਂਹਵਧੂ ਜਮਾਤ ਆਰਥਿਕ ਨਿਯਮਾਂ ਦੀ ਵਰਤੋਂ ਸਮਾਜ ਨੂੰ ਅੱਗੇ ਵੱਲ ਵਿਕਾਸ ਦੇ ਉਚੇਰੇ ਪੜਾਅ ‘ਤੇ ਲਿਜਾਣ ਲਈ ਇਸਤੇਮਾਲ ਕਰਦੀ ਹੈ, ਜਦਕਿ ਪਿਛਾਖੜੀ ਜਮਾਤਾਂ ਇਸਦਾ ਟਾਕਰਾ ਕਰਦੀਆਂ ਹਨ। (3) ਜਦੋਂ ਮਜ਼ਦੂਰ ਜਮਾਤ ਸਮਾਜਵਾਦ ਲਈ ਸੰਘਰਸ਼ ਕਰਦੀ ਹੈ, ਆਰਥਿਕ ਨਿਯਮਾਂ ਦਾ ਇਸਤੇਮਾਲ ਸਿਰਫ ਇੱਕ ਜਮਾਤ ਦੇ ਹਿੱਤਾਂ ਵਿੱਚ ਨਹੀਂ ਸਗੋਂ ਸਮਾਜ ਦੀ ਬਹੁਗਿਣਤੀ ਦੇ ਹਿੱਤਾਂ ਵਿੱਚ ਕੀਤਾ ਜਾਂਦਾ ਹੈ। (4) ਜਿੱਥੇ ਬੀਤੇ ਸਮੇਂ ਵਿੱਚ ਆਰਥਿਕ ਨਿਯਮਾਂ ਦਾ ਇਸਤੇਮਾਲ, ਅਜਿਹੇ ਨਿਯਮਾਂ ਬਾਰੇ ਵਿਗਿਆਨਕ ਗਿਆਨ ਤੋਂ ਬਿਨਾਂ ਕੀਤਾ ਗਿਆ, ਸਮਾਜਵਾਦ ਲਈ ਸੰਘਰਸ਼ ਦਾ ਰਾਹ ਦਰਸਾਵਾ ਵਿਗਿਆਨਕ ਗਿਆਨ ਕਰਦਾ ਹੈ। (5) ਜਦੋਂ ਸਮਾਜਵਾਦ ਸਥਾਪਤ ਹੋ ਜਾਂਦਾ ਹੈ, ਤਦ ਪੂਰੀ ਜਾਣਕਾਰੀ ਨਾਲ਼ ਆਰਥਿਕ ਨਿਯਮਾਂ ਦੀ ਵਰਤੋਂ, ਸਮੁੱਚੇ ਸਮਾਜ ਅਤੇ ਹਰ ਵਿਅਕਤੀ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਪੈਦਾਵਾਰ ਦੇ ਵਿਉਂਤਬੱਧ ਵਿਨਿਯਮਨ ਲਈ ਕੀਤਾ ਜਾਂਦਾ ਹੈ।

ਆਰਥਿਕ ਨਿਯਮ ਕੀ ਹਨ?

ਅਸੀਂ ਜਾਣ ਚੁੱਕੇ ਹਾਂ ਕਿ ਸਮਾਜ ਵਿੱਚ ਵਿਕਾਸ ਦੇ ਬੁਨਿਆਦੀ ਨਿਯਮ ਆਰਥਿਕ ਨਿਯਮ ਹਨ। ਅੱਗੇ ਵਧਣ ਤੋਂ ਪਹਿਲਾਂ, ਇਸ ਪਾਠ ਵਿੱਚ ਅਸੀਂ ਆਰਥਿਕ ਨੇਮਾਂ ਦੀ ਪ੍ਰਕ੍ਰਿਤੀ ਅਤੇ ਸਮਾਜ ਵਿੱਚ ਮਨੁੱਖਾਂ ਦੁਆਰਾ ਵੱਖ-ਵੱਖ ਮਕਸਦਾਂ ਲਈ ਉਹਨਾਂ ਦੇ ਇਸਤੇਮਾਲ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਾਂਗੇ।

ਸਿਆਸੀ ਆਰਥਿਕਤਾ ਉਹ ਸਹੀ ਵਿਗਿਆਨ ਹੈ ਜੋ ਆਰਥਿਕ ਵਿਕਾਸ ਦੇ ਨਿਯਮਾਂ ਦੀ ਛਾਣਬੀਣ ਕਰਦਾ ਹੈ।

ਸਤਾਲਿਨ ਨੇ ਲਿਖਿਆ ਹੈ, ”ਸਿਆਸੀ ਆਰਥਿਕਤਾ ਮਨੁੱਖਾਂ ਦੇ ਪੈਦਾਵਾਰ ਦੇ ਸਬੰਧਾਂ ਦੇ ਨਿਯਮਾਂ ਦੀ ਛਾਣਬੀਣ ਕਰਦੀ ਹੈ।” ਇਸਦੇ ਖੇਤਰ ਵਿੱਚ” (ਓ) ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦੇ ਰੂਪ (ਅ) ਪੈਦਾਵਾਰ ਵਿੱਚ ਵੱਖ-ਵੱਖ ਸਮਾਜਿਕ ਸਮੂਹਾਂ ਦਾ ਸਥਾਨ ਅਤੇ ਇਹਨਾਂ ਰੂਪਾਂ ਵਿੱਚ ਨਿੱਕਲ਼ਦੇ ਉਹਨਾਂ ਦੇ ਅੰਤਰ-ਸਬੰਧ ਜਾਂ ਜਿਵੇਂ ਕਿ ਮਾਰਕਸ ਨੇ ਕਿਹਾ ਹੈ ‘ਉਹਨਾਂ ਦੀਆਂ ਸਰਗਰਮੀਆਂ ਦਾ ਆਪਸੀ ਵਟਾਂਦਰਾ; (ਇ) ਉਪਜਾਂ ਦੀ ਵੰਡ ਦੇ ਰੂਪ, ਜੋ ਕਿ ਪੂਰੀ ਤਰਾਂ ਉਹਨਾਂ ਦੁਆਰਾ ਤੈਅ ਹੁੰਦੇ ਹਨ , ਸ਼ਾਮਲ ਹਨ।

ਇਸ ਤਰਾਂ ਆਰਥਿਕ ਵਿਕਾਸ ਦੇ ਨਿਯਮ ਉਹ ਨਿਯਮ ਹਨ ਜੋ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦੇ ਰੂਪਾਂ ਦੇ ਵਿਕਾਸ, ਜਮਾਤਾਂ ਅਤੇ ਜਮਾਤੀ ਸਬੰਧਾਂ ਅਤੇ ਉਪਜਾਂ ਦੀ ਵੰਡ ਦੇ ਰੂਪਾਂ ਨੂੰ ਵਿਨਿਯਮਤ ਕਰਦੇ ਹਨ।

ਆਰਥਿਕ ਨਿਯਮਾਂ ‘ਤੇ ਵਿਚਾਰ ਕਰਨ ਲਈ ਸਿਰਫ ਅਰਥਚਾਰੇ ਦੇ ਹਾਸਲ ਪ੍ਰਬੰਧ ‘ਚ ਕਾਰਜਸ਼ੀਲ ਨਿਯਮਾਂ ‘ਤੇ ਵਿਚਾਰ ਕਰਨਾ ਹੀ ਜਰੂਰੀ ਨਹੀਂ ਹੈ, ਸਗੋਂ ਉਹਨਾਂ ਨਿਯਮਾਂ ‘ਤੇ ਵਿਚਾਰ ਕਰਨਾ ਵੀ ਜ਼ਰੂਰੀ ਹੈ ਜੋ ਅਰਥਚਾਰੇ ਦੇ ਇੱਕ ਪੜਾਅ ਤੋਂ ਦੂਜੇ ਪੜਾਅ ‘ਚ ਵਿਕਾਸ ਨੂੰ ਤੈਅ ਕਰਦੇ ਹਨ। ਆਰਥਿਕ ਪ੍ਰਬੰਧ ਬਦਲਦੇ ਹਨ ਅਤੇ ਇੱਕ ਦੂਸਰੇ ਲਈ ਥਾਂ ਖਾਲੀ ਕਰਦਾ ਹੈ।

ਅਰਥਚਾਰੇ ਦਾ ਹਰ ਪ੍ਰਬੰਧ, ਹਰ ਇੱਕ ਸਮਾਜਿਕ-ਆਰਥਿਕ ਬਣਤਰ, ਜੋ ਸਮਾਜੀ ਵਿਗਾਸ ਦੀ ਪ੍ਰਕ੍ਰਿਆ ‘ਚ ਉੱਭਰਦੀ ਹੈ ਜਿਵੇਂ ਕਿ ਗੁਲਾਮਦਾਰੀ ਪ੍ਰਬੰਧ, ਜਗੀਰੂ ਪ੍ਰਬੰਧ, ਸਰਮਾਏਦਾਰੀ ਪ੍ਰਬੰਧ, ਸਮਾਜਵਾਦੀ ਪ੍ਰਬੰਧ ਇਹਨਾਂ ਦੇ ਆਰਥਿਕ ਵਿਕਾਸ ਦੇ ਆਪਣੇ ਵਸ਼ਿਸ਼ਟ ਨਿਯਮ ਹਨ, ਜੋ ਸਿਰਫ ਸਿਰਫ ਖਾਸ ਪ੍ਰਬੰਧ ਦੇ ਜੀਵਨ ਦੌਰਾਨ ਕਾਰਜਸ਼ੀਲ ਹੁੰਦੇ ਹਨ। ਇਹ ਨਿਯਮ ਸਮਾਜ ਦੇ ਪਦਾਰਥਕ ਜੀਵਨ ਦੀਆਂ ਬਾਹਰਮੁਖੀ ਤੌਰ ‘ਤੇ ਹੋਂਦ ਰੱਖਦੀਆਂ ਹਾਲਤਾਂ ਤੋਂ ਨਿੱਕਲ਼ਦੇ ਹਨ। ਪ੍ਰੰਤੂ ਉਹ ਸਥਾਈ ਨਹੀਂ ਸਗੋਂ ਵਕਤੀ, ਚਲਾਇਮਾਨ ਹੁੰਦੇ ਹਨ।

ਅਜਿਹੇ ਆਰਥਿਕ ਨਿਯਮ ਆਰਥਿਕ ਪ੍ਰਬੰਧਾਂ ਦੀ ਸਿਰਫ ਵਿਕਾਸ ਦੇ ਹਾਸਿਲ ਪੜਾਅ ਦੌਰਾਨ ਦੀ ਕਾਰਗੁਜ਼ਾਰੀ ਨੂੰ ਵਿਨਿਯਮਿਤ ਨਹੀਂ ਕਰਦੇ, ਸਗੋਂ ਉਹਨਾਂ ਪੜਾਵਾਂ ਦੀ ਲੜੀ ਜਰੀਏ ਵਿਕਾਸ ਨੂੰ ਵੀ ਵਿਨਿਯਮਤ ਕਰਦੇ ਹਨ। ਉਦਾਹਰਣ ਵਜੋਂ ਸਰਮਾਏਦਾਰੀ, ਦਸਤਕਾਰੀ ਤੋਂ ਮਸ਼ੀਨੀ ਸੱਨਅਤ ਵੱਲ ਅਤੇ ਖੁੱਲ੍ਹੇ ਮੁਕਾਬਲੇ ਤੋਂ ਇਜਾਰੇਦਾਰੀ ਵੱਲ ਵਿਕਸਤ ਹੁੰਦੀ ਹੈ; ਇਹ ਆਰਥਿਕ ਨਿਯਮਾਂ ਦਾ ਨਤੀਜਾ ਹੈ ਅਤੇ ਆਪਣੇ ਆਪ ‘ਚ ਵੀ ਸਰਮਾਏਦਾਰਾ ਆਰਥਿਕ ਵਿਕਾਸ ਦਾ ਨਿਯਮ ਹੈ। ਪਰ ਆਰਥਿਕ ਨਿਯਮ ਇੱਕ ਪ੍ਰਬੰਧ ਦੀ ਦੂਸਰੇ ਪ੍ਰਬੰਧ ਦੁਆਰਾ ਥਾਂ ਲੈਣ ਨੂੰ ਵੀ ਵਿਨਿਯਮਤ ਕਰਦੇ ਹਨ। ਇਸ ਲਈ ਜੇਕਰ ਅਸੀਂ ਯੂਰੋਪ ‘ਚ ਪਿਛਲੇ ਦੋ ਹਜ਼ਾਰ ਸਾਲਾਂ ਦੇ ਆਰਥਿਕ ਵਿਕਾਸ ‘ਤੇ ਵਿਚਾਰ ਕਰੀਏ ਤਾਂ ਅਸੀਂ ਗੁਲਾਮਦਾਰੀ, ਜਗੀਰਦਾਰੀ ਅਤੇ ਸਰਮਾਏਦਾਰਾ ਅਰਥਚਾਰੇ ਤੋਂ ਸਮਾਜਵਾਦ ਵੱਲ ਵਿਕਾਸ ਦੇਖਦੇ ਹਾਂ ਅਤੇ ਇਹ ਸਾਰਾ ਵਿਕਾਸ ਆਰਥਿਕ ਨਿਯਮਾਂ ਦੁਆਰਾ ਵਿਨਿਯਮਤ ਹੁੰਦਾ ਹੈ।

ਬਹੁਤ ਆਮ ਅਤੇ ਬਹੁਤ ਬੁਨਿਆਦੀ ਆਰਥਿਕ ਨਿਯਮ ਹਨ ਜੋ ਸਮਾਜ ਦੀ ਸਮੁੱਚੀ ਵਿਗਾਸ ਪ੍ਰਕ੍ਰਿਆ ਦੌਰਾਨ ਕਾਰਜਸ਼ੀਲ ਰਹਿੰਦੇ ਹਨ। ਇਹ ਖੁਦ ਨੂੰ ਸਾਰੇ ਪੜਾਵਾਂ ਦੌਰਾਨ ਸਥਾਪਿਤ ਕਰਦੇ ਹਨ ਅਤੇ ਇੱਕ ਪੜਾਅ ਤੋਂ ਅਗਲੇ ਪੜਾਅ ਵੱਲ ਤਬਦੀਲੀ ਨੂੰ ਵਿਨਿਯਮਤ ਕਰਦੇ ਹਨ।

ਅਜਿਹਾ ਹੀ ਨਿਯਮ ਹੈ ਕਿ ਪੈਦਾਵਾਰ ਦੇ ਸਬੰਧਾਂ ਨੂੰ ਲਾਜ਼ਮੀ ਹੀ ਪੈਦਾਵਾਰੀ ਤਾਕਤਾਂ ਦੇ ਅਨੁਸਾਰੀ ਹੋਣਾ ਚਾਹੀਦਾ ਹੈ। ਇਹ ਨਿਯਮ ਹਮੇਸ਼ਾ ਖੁਦ ਨੂੰ ਇਸ ਨਤੀਜੇ ਨਾਲ ਕਿ ਕੋਈ ਵੀ ਆਰਥਿਕ ਪ੍ਰਬੰਧ ਜੋ ਨਵੀਆਂ ਪੈਦਾਵਾਰੀ ਤਾਕਤਾਂ ਦੇ ਖਾਸੇ ਦੇ ਅਨੁਸਾਰੀ ਨਹੀਂ ਰਹਿੰਦਾ, ਲੁਪਤਸ਼ੀਲ ਹੋ ਜਾਂਦਾ ਹੈ ਅਤੇ ਸੰਕਟ ‘ਚ ਫਸ ਜਾਂਦਾ ਹੈ ਅਤੇ ਸਮੇਂ ਨਾਲ਼ ਇਸ ਦੀ ਥਾਂ ਨਵਾਂ ਪ੍ਰਬੰਧ ਲੈ ਲੈਂਦਾ ਹੈ ਜੋ ਪੈਦਾਵਾਰੀ ਤਾਕਤਾਂ ਦੇ ਖਾਸੇ ਦੇ ਅਨੁਸਾਰੀ ਹੁੰਦਾ ਹੈ, ਸਥਾਪਤ ਕਰਦਾ ਹੈ।

ਨਤੀਜਤਨ ਵੱਖ-ਵੱਖ ਸਮਾਜੀ-ਆਰਥਿਕ ਬਣਤਰਾਂ ”ਇੱਕ ਦੂਸਰੀ ਤੋਂ ਆਪੋ-ਆਪਣੇ ਵਸ਼ਿਸ਼ਟ ਆਰਥਿਕ ਨਿਯਮਾਂ ਕਾਰਨ ਵੰਡੀਆਂ ਹੁੰਦੀਆਂ ਹਨ ਪਰ ਸਾਰੀਆਂ ਬਣਤਰਾਂ ਲਈ ਸਾਂਝੇ ਆਰਥਿਕ ਨਿਯਮਾਂ ਦੁਆਰਾ ਇੱਕ ਦੂਜੀ ਨਾਲ਼ ਜੁੜੀਆਂ ਵੀ ਹੁੰਦੀਆਂ ਹਨ।”

ਸਮਾਜਿਕ ਵਿਕਾਸ ਦੀ ਵਿਗਿਆਨਕ ਸਮਝ ਵਾਸਤੇ। ਜ਼ਰੂਰੀ ਹੈ ਕਿ ਅਸੀਂ ਹਾਸਲ ਸਮਾਜੀ-ਆਰਥਿਕ ਬਣਤਰ, ਜਿਵੇਂ ਕਿ ਸਰਮਾਏਦਾਰੀ ਦੇ ਵਸ਼ਿਸ਼ਟ ਨਿਯਮਾਂ ਨੂੰ ਸਮਝੀਏ, ਜੋ ਕਿ ਅੰਤਮ ਵਿਸ਼ਲੇਸ਼ਣ ਵਿੱਚ ਇੱਕ ਖਾਸ ਦੌਰ ‘ਚ ਸਮਾਜਿਕ ਵਿਕਾਸ ਦੀਆਂ ਖਾਸੀਅਤਾਂ ਦੀ ਵਿਆਖਿਆ ਕਰਦੇ ਹਨ ਅਤੇ ਅਸੀਂ ਸਮਾਜ ਦੀ ਸਮੁੱਚੀ ਆਰਥਿਕ ਵਿਕਾਸ ਪ੍ਰਕ੍ਰਿਆ ਦੇ ਆਮ ਨਿਯਮਾਂ ਨੂੰ ਸਮਝੀਏ, ਜੋ ਕਿ ਅੰਤਮ ਵਿਸ਼ਲੇਸ਼ਣ ਵਿੱਚ ਨਾ ਸਿਰਫ ਸਮਾਜਿਕ ਵਿਕਾਸ ਦੇ ਹਰ ਖਾਸ ਦੌਰ ਦੇ ਕੁੱਲ ਲੱਛਣਾਂ ਦੀ ਵਿਆਖਿਆ ਕਰਦੇ ਹਨ ਸਗੋਂ ਇੱਕ ਸਮਾਜ ਆਰਥਿਕ ਬਣਤਰ ਤੋਂ ਦੂਜੀ ਵੱਲ ਤਬਦੀਲੀ ਦੀ ਵੀ ਵਿਆਖਿਆ ਕਰਦੇ ਹਨ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements