ਅਪਰਾਧਾਂ ‘ਚ ਨਾਬਾਲਗਾਂ ਦੀ ਵਧਦੀ ਸ਼ਮੂਲੀਅਤ ਭਵਿੱਖ ਲਈ ਚਿੰਤਾ ਦਾ ਮਸਲਾ •ਛਿੰਦਰਪਾਲ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਬੱਚੇ ਸਮਾਜ ਦਾ ਭਵਿੱਖ ਹੁੰਦੇ ਹਨ। ਆਉਣ ਵਾਲ਼ੇ ਸਮਾਜ ਦੀ ਝਲਕ ਸਾਨੂੰ ਸਮਾਜ ਦੀ ਇਸ ਨਵੀਂ ਪੀੜੀ ਵੱਲ ਵੇਖਕੇ ਮਿਲ਼ ਜਾਂਦੀ ਹੈ। ਪਰ ਅੱਜ ਦੇ ਸਰਮਾਏਦਾਰਾ ਮਨੁੱਖਦੋਖੀ ਢਾਂਚੇ, ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਸਾਡੀ ਇਸ ਭਵਿੱਖੀ ਪੀੜੀ ਨੂੰ ਲਗਾਤਾਰ ਨਿੱਘਰੀਆਂ ਕਦਰਾਂ ਕੀਮਤਾਂ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸੇ ਕਰਕੇ ਨੈਤਿਕ ਤੌਰ ‘ਤੇ ਨਿੱਘਰੇ ਅਤੇ ਅਣਮਨੁੱਖੀ ਕਾਰਿਆਂ ‘ਚ ਨਵੀਂ ਪੀੜੀ ਦੀ ਸ਼ਮੂਲੀਅਤ ਵਧਦੀ ਜਾਂਦੀ ਹੈ। ਅੱਜ ਸਾਡੇ ਸਮਾਜ ਵਿੱਚ ਬੱਚਿਆਂ ਦੀ ਜੋ ਜੀਵਨ-ਸੇਧ ਹੈ, ਇਸ ਦੇ ਮੱਦੇਨਜਰ ਸਮਾਜ ਦਾ ਭਵਿੱਖ ਬਹੁਤ ਧੁੰਦਲਾ ਤੇ ਹਨੇਰਮਈ ਵਿਖਾਈ ਦਿੰਦਾ ਹੈ। ਨੌਜਵਾਨ ਪੀੜੀ, ਇੱਥੋਂ ਤੱਕ ਬੱਚੇ ਵੀ ਗੰਧਲੇ ਸੱਭਿਆਚਾਰ ਦੀ ਚੱਲਦੀ ਹਨੇਰੀ ਦੇ ਗੇੜ ਵਿੱਚ ਬੁਰੀ ਤਰਾਂ ਫਸੇ ਹੋਏ ਹਨ। ਨਾਬਾਲਗਾਂ ਦੀ ਬਲਾਤਕਾਰ, ਕਤਲ, ਛੇੜਛਾੜ ਵਰਗੇ ਮਨੁੱਖਦੋਖੀ ਕਾਰਿਆਂ ‘ਚ ਵਧਦੀ ਸ਼ਮੂਲੀਅਤ ਸਾਡੇ ਅੱਜ ਦੇ ਸਮਾਜ ਅਤੇ ਆਉਣ ਵਾਲ਼ੇ ਭਵਿੱਖ ਲਈ ਗੰਭੀਰ ਤੇ ਇੱਕ ਚਿੰਤਾਜਨਕ ਮਸਲਾ ਹੈ।

ਕੌਮੀ ਅਪਰਾਧ ਬਿਊਰੋ ਸੰਸਥਾ ਮੁਤਾਬਕ ਪਿਛਲੇ ਕੁਝ ਕੁ ਸਾਲਾਂ ਦੌਰਾਨ ਨਾਬਾਲਗਾਂ ਦੁਆਰਾ ਕੀਤੇ ਜਾਣ ਵਾਲ਼ੇ ਅਪਰਾਧਾਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਖਾਸਕਰ ਔਰਤ-ਵਿਰੋਧੀ ਕਾਰਿਆਂ ‘ਚ ਨਾਬਾਲਗਾਂ ਦੀ ਸ਼ਮੂਲੀਅਤ ਕਾਫੀ ਵਧੀ ਹੈ। ਇਕੱਲੇ ਸਾਲ 2012 ਵਿੱਚ 1316 ਨਾਬਾਲਗਾਂ ਉੱਤੇ ਬਲਾਤਕਾਰ ਦੇ ਕੇਸ ਦਰਜ ਹਨ ਅਤੇ ਬਲਾਤਕਾਰ ਤੋਂ ਬਿਨਾਂ ਔਰਤਾਂ ਨਾਲ਼ ਛੇੜਛਾੜ ਦੇ ਸੈਂਕੜਿਆਂ ਕੇਸਾਂ ਵਿਚਲੇ ਅਪਰਾਧੀ ਉਮਰੋਂ ਨਾਬਾਲਗ ਹਨ। ਨਾਬਲਗਾਂ ਵੱਲੋਂ 2010 ਤੋਂ 2014 ਤੱਕ ਕੀਤੇ ਗਏ ਕੁੱਲ ਅਪਰਾਧਾਂ ਦੀ ਦਰ ਵਿੱਚ 47 ਫੀਸਦੀ ਵਾਧਾ ਹੋਇਆ ਹੈ, ਜੋ ਆਉਣ ਵਾਲ਼ੇ ਭਵਿੱਖ ਦੀ ਇੱਕ ਡਰਾਉਣੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰ ਰਿਹਾ ਹੈ। ਸਾਲ 2010 ਵਿੱਚ ਨਾਬਾਲਗਾਂ ਤੇ ਕੁੱਲ 22,740 ਕੇਸ ਦਰਜ ਹੋਏ, ਸਾਲ 2012 ਵਿੱਚ ਇਹਨਾਂ ਅਪਰਾਧਿਕ ਮਾਮਲਿਆਂ ਦੀ ਗਿਣਤੀ 35,465 ਅਤੇ 2014 ਵਿੱਚ ਇਹਨਾਂ ਦਰਜ ਹੋਏ ਕੇਸਾਂ ਦੀ ਗਿਣਤੀ ਵਧਕੇ 42,566 ਹੋ ਗਈ ਤੇ ਅਪਰਾਧਾਂ ਦੀ ਇਹ ਦਰ ਅੱਗੇ ਹੋਰ ਲਗਾਤਾਰ ਵਧ ਰਹੀ ਹੈ। ਕੌਮੀ ਅਪਰਾਧ ਰੋਕਥਾਮ ਬਿਉਰੋ ਦੁਆਰਾ ਪੇਸ਼ ਇਹ ਅੰਕੜੇ ਲਾਜ਼ਮੀ ਹੀ ਲੂ-ਕੰਡੇ ਖੜੇ ਕਰਨ ਵਾਲ਼ੇ ਹਨ। 16 ਦਸੰਬਰ, 2012 ਨੂੰ ਦਿੱਲੀ ਵਿੱਚ ਹੋਣ ਵਾਲ਼ੀ ਨਿਰਭੈਆ ਬਲਾਤਕਾਰ ਕਾਂਡ ਦੀ ਦਿਲ ਦਹਿਲਾ ਦੇਣ ਵਾਲ਼ੀ ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲ਼ੀ ਘਟਨਾ ਦੇ ਦੋਸ਼ੀਆਂ ਵਿੱਚ ਵੀ ਨਾਬਾਲਗ ਸ਼ਾਮਲ ਸੀ। ਨਾਬਾਲਗਾਂ ਦੀ ਇਸ ਕਿਸਮ ਦੀ ਅਪਰਾਧੀ ਮਾਨਸਿਕਤਾ ਭਵਿੱਖ ਪ੍ਰਤੀ ਬਹੁਤ ਖਤਰਨਾਕ ਸੰਕੇਤ ਦੇ ਰਹੀ ਹੈ।

ਇਸ ਕਿਸਮ ਦੇ ਨਾਬਾਲਗ ਅਪਰਾਧੀਆਂ ਲਈ ਭਾਵੇਂ ਕਨੂੰਨ ਰਾਹੀਂ ਸਜ਼ਾਵਾਂ ਦੀ ਮੰਗ ਵੀ ਕੀਤੀ ਜਾਣੀ ਚਾਹੀਦੀ ਹੈ, ਪਰ ਇਹਦੇ ਨਾਲ਼-ਨਾਲ਼ ਵਧਦੀ ਅਪਰਾਧਿਕ ਮਾਨਸਿਕਤਾ ਦੇ ਸਮਾਜੀ-ਸੱਭਿਆਚਾਰਕ ਕਾਰਨਾਂ ਦੀ ਵੀ ਘੋਖ-ਪੜਤਾਲ ਲਾਜ਼ਮੀ ਕਰਨੀ ਚਾਹੀਦੀ ਹੈ। ਕਿਉਂਕਿ ਆਖਰਕਾਰ ਅਪਰਾਧਾਂ ਦੀ ਲਾਜਮੀ ਸਮਾਜਿਕ ਜੜ ਹੁੰਦੀ ਹੈ ਅਤੇ ਇਸ ਮਸਲੇ ਦੀ ਸਮਾਜਿਕ ਜੜ ਸਮਾਜ ਦੇ ਸਮਾਜਿਕ-ਆਰਥਕ-ਸੱਭਿਆਚਾਰਕ ਤੇ ਸਿਆਸੀ ਢਾਂਚੇ ਨਾਲ਼ ਗੁੰਦੀ ਹੋਈ ਹੈ। ਅਸੀਂ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਦੇਸ਼ ਦੇ ਅਜੋਕੇ ਨਫਾਖੋਰ ਲੋਟੂ ਢਾਂਚੇ ਨੇ ਦੇਸ਼ ਦੇ ਲੋਕਾਂ ਨੂੰ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਤੋਂ ਬਿਨਾਂ ਹੋਰ ਕੁਝ ਨਹੀਂ ਦਿੱਤਾ। ਦੇਸ਼ ਦੀ ਵੱਡੀ ਅਬਾਦੀ ਨੂੰ ਸਮਾਜ ਵਿਚਲੀਆਂ ਇਹਨਾਂ ਅਲਾਮਤਾਂ ਨਾਲ਼ ਦੋ-ਚਾਰ ਹੋਣਾ ਪੈਂਦਾ ਹੈ। ਦੇਸ਼ ਦੀ ਨੌਜਵਾਨੀ ਬੇਰੁਜਗਾਰੀ ਨਾਲ਼ ਘੁਲ਼ ਰਹੀ ਹੈ ਤੇ ਪੂਰੀ ਤਰ੍ਹਾਂ ਦਿਸ਼ਾਹੀਣ ਹੈ। ਰੁਜਗਾਰ ਤੇ ਸਿੱਖਿਆ ਦੇ ਮੌਕੇ ਲਗਾਤਾਰ ਘਟਦੇ ਜਾ ਰਹੇ ਹਨ। ਸਮੁੱਚੀ ਨਵੀਂ ਪੀੜੀ ਮੁੱਢ ਤੋਂ ਹੀ ਇੱਕ ਸਮਾਜਿਕ ਅਸੁਰੱਖਿਆ ਦੇ ਡਰ ‘ਚ ਘਿਰੀ ਹੁੰਦੀ ਹੈ ਅਤੇ ਭਵਿੱਖ ਪ੍ਰਤੀ ਲਗਾਤਾਰ ਇੱਕ ਅਸਪੱਸ਼ਟਤਾ ਬਣੀ ਰਹਿੰਦੀ ਹੈ। ਜਿਸ ਕਰਕੇ ਐਸੀ ਮਾਨਸਿਕਤਾ ਦੇ ਕਾਰਨ ਅਪਰਾਧਿਕ ਸਰਗਰਮੀਆਂ ਦੀ ਜ਼ਮੀਨ ਲਗਾਤਾਰ ਤਿਆਰ ਹੁੰਦੀ ਰਹਿੰਦੀ ਹੈ।

ਦੂਜਾ ਪੱਖ ਜੋ ਪਹਿਲੇ ਜਿੰਨਾ ਹੀ ਮਹੱਤਵਪੂਰਨ ਹੈ, ਸਾਡੇ ਸਮਾਜ ਦਾ ਸੱਭਿਆਚਾਰਕ ਗੰਧਲਾਪਣ,ਜਿਸ ਵਿੱਚ ਔਰਤ ਵਿਰੋਧੀ ਮਾਨਸਿਕਤਾ ਤੇ ਹੋਰ ਮੱਧਯੁਗੀ ਕਦਰਾਂ ਕੀਮਤਾਂ ਦਾ ਬੋਲਬਾਲਾ ਹੈ। ਸਾਡੇ ਸਮਾਜ ਵਿੱਚ ਭਾਰੂ ਮੱਧਯੁਗੀ ਕਦਰਾਂ ਕੀਮਤਾਂ ਦੀ ਜੋ ਗੁੜਤੀ ਬਚਪਨ ਤੋਂ ਮਿਲ਼ਦੀ ਹੈ ,ਉਹ ਵੀ ਬੱਚਿਆਂ ਦੀ ਮਨੋਦਸ਼ਾ ਨੂੰ ਵਿਗਾੜਨ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਬਚਪਨ ਤੋਂ ਹੀ ਵੀਡੀਓ ਗੇਮਾਂ, ਕਾਰਟੂਨਾਂ, ਕਾਮਿਕਸਾਂ ਜਰੀਏ ਬੱਚਿਆਂ ਦੀ ਕਲਪਨਾਸ਼ੀਲਤਾ, ਸਿਰਜਣਾਤਮਕਤਾ, ਸੁਭਾਵਿਕਤਾ ਦਾ ਗਲ਼ ਘੁੱਟਕੇ ਉਹਨਾਂ ਨੂੰ ਉਪਰੋਕਤ ਗੰਧਲੇ ਸੱਭਿਆਚਾਰ ਦੀਆਂ ਜ਼ਹਿਰੀਲੀਆਂ ਖੁਰਾਕਾਂ ਪਿਆਈਆਂ ਜਾਂਦੀਆਂ ਹਨ। ਉੱਤੋਂ ਲਗਾਤਾਰ ਟੀਵੀ ਮੀਡੀਆ ਰਾਹੀਂ ਪ੍ਰਚਾਰੀਆਂ ਜਾਂਦੀਆਂ ਮਨੁੱਖਦੋਖੀ ਕਦਰਾਂ-ਕੀਮਤਾਂ ਬੱਚਿਆਂ ਦੀ ਅਪਰਾਧਿਕ ਮਨੋਬਿਰਤੀ ਵੱਲ ਉਲਾਰ ਦਿੰਦੀਆਂ ਹਨ। ਟੀਵੀ ਚੈਨਲਾਂ, ਫਿਲਮਾਂ, ਕਾਰਟੂਨਾਂ, ਕਾਮਿਕਸਾਂ ਜਰੀਏ ਹਿੰਸਾ, ਔਰਤ ਵਿਰੋਧੀ ਵਿਚਾਰ, ਜਾਤ ਪਾਤੀ ਤੇ ਹੋਰ ਪਛੜੇ ਮਧਯੁੱਗੀ ਵਿਚਾਰ  ਆਮ ਲੋਕ-ਸਮਝ ਦਾ ਇੱਕ ਸੁਭਾਵਿਕ ਹਿੱਸਾ ਬਣਾ ਦਿੱਤੇ ਜਾਂਦੇ ਹਨ। ਖਾਸਕਰ ਮੀਡੀਆ ਜਿਸ ਤਰਾਂ ਔਰਤਾਂ ਦੇ ਸਰੀਰ ਦਾ ਜਿਣਸੀਕਰਨ ਕਰਦਾ ਹੈ, ਉਸਦੇ ਸਿੱਟੇ ਵਜੋਂ ਅੱਜ ਸਮਾਜ ਵਿੱਚ ਔਰਤ ਵਿਰੋਧੀ ਕਾਰਿਆਂ ਦੀ ਦਰ ਬਹੁਤ ਜਿਆਦਾ ਵਧ ਗਈ ਹੈ। ਨਾਬਾਲਗ ਉਮਰ ਦੇ ਨੌਜਵਾਨ ਵੀ ਇਸ ਗੰਧਲੀ ਮਾਨਸਿਕਤਾ ਦਾ ਸ਼ਿਕਾਰ ਹੋ ਜਾਂਦੇ ਹਨ- ਜਿਸਦੇ ਨਤੀਜੇ ਇਹ ਹਨ ਕਿ ਨਾਬਾਲਗ ਦੁਆਰਾ ਕੀਤੇ ਕੁੱਲ ਅਪਰਾਧਾਂ ਵਿੱਚੋਂ ਔਰਤਾਂ ਨਾਲ਼ ਛੇੜਛਾੜ ਤੇ ਬਲਾਤਕਾਰ ਵਰਗੀਆਂ ਘਟਨਾਵਾਂ ‘ਚ ਉਹਨਾਂ ਦੀ ਸ਼ਮੂਲੀਅਤ ਕਾਫੀ ਜਿਆਦਾ ਹੈ, ਜਿਸਨੂੰ ਉਪਰੋਕਤ ਅੰਕੜੇ ਵੀ ਸਾਬਤ ਕਰਦੇ ਹਨ।

ਐਸੀਆਂ ਹਾਲਤਾਂ ‘ਚ ਅਸੀਂ ਸਾਡੇ ਆਉਣ ਵਾਲ਼ੇ ਭਵਿੱਖ ਦਾ ਅੰਦਾਜਾ ਸਹਿਜੇ ਹੀ ਲਾ ਸਕਦੇ ਹਾਂ। ਇਹ ਵੀ ਸਪੱਸ਼ਟਤਾ ਨਾਲ਼ ਕਿਹਾ ਜਾ ਸਕਦਾ ਹੈ ਕਿ ਕਿਸ ਤਰਾਂ ਅਜੋਕਾ ਮਨੁੱਖਦੋਖੀ ਢਾਂਚਾ ਜਿੱਥੇ ਨੌਜਵਾਨਾਂ ਨੂੰ ਦਿਸ਼ਾਹੀਣ, ਅਸੁਰੱਖਿਅਤ ਠੋਕਰਾਂ ਖਾਣ ਵਾਸਤੇ ਛੱਡ ਦਿੰਦਾ ਹੈ ,ਐਸੇ ਵੇਲੇ ਸਮਾਜ ਵਿਚਲੀਆਂ ਪਛੜੀਆਂ ਕਦਰਾਂ ਕੀਮਤਾਂ ਤੇ ਮੀਡੀਆ ਰਾਹੀ ਪ੍ਰਚਾਰੇ ਦੋਖੀ ਸੱਭਿਆਚਾਰ ਦੀ ਗ੍ਰਿਫਤ ‘ਚ ਆਏ ਨਵੀਂ ਪੀੜੀ ਦੇ ਨੌਜਵਾਨ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ।

ਇਹ ਹਾਲਤਾਂ ਸਮਾਜ ਦੇ ਚੇਤੰਨ ਤੇ ਸੰਵੇਦਨਸ਼ੀਲ ਤਬਕੇ ਨੂੰ ਝੰਜੋੜਨ ਵਾਲ਼ੀਆਂ ਹਨ। ਕਿਉਂਕਿ ਸਮਾਜ ਦੇ ਭਵਿੱਖ ਦਾ ਅੰਦਾਜਾ ਉਹਦੀ ਨਵੀਂ ਪੀੜੀ ਦੀ ਸੇਧ ਤੋਂ ਲੱਗ ਜਾਂਦਾ ਹੈ। ਇਸ ਕਰਕੇ ਬਿਹਤਰ ਭਵਿੱਖ ਦੀ ਇੱਛਾ ਰੱਖਣ ਵਾਲ਼ੇ ਲੋਕਾਂ ਅੱਗੇ ਇਸ ਪੀੜੀ ਨੂੰ ਬਚਾਉਣ ਦਾ ਇੱਕ ਵੱਡਾ ਕਾਰਜ ਹੈ। ਅੱਜ ਦੇ ਸਮੇਂ ਨੌਜਵਾਨਾਂ ਨੂੰ ਸਮਾਜਿਕ ਸੁਰੱਖਿਆ ਹਾਸਲ ਕਰਨ, ਭਾਵ ਰੁਜ਼ਗਾਰ ਤੇ ਸਿੱਖਿਆ ਦੇ ਘਟਦੇ ਮੌਕਿਆਂ ਵਿਰੁੱਧ ਲਾਮਬੰਦ ਕਰਨ ਤੇ ਇਸ ਮਨੁੱਖਦੋਖੀ ਢਾਂਚੇ ਦੀ ਤਬਦੀਲੀ ਦਾ ਦੂਰਗਾਮੀ ਕਾਰਜ ਉਹਨਾਂ ਮੂਹਰੇ ਰੱਖਣ ਦੀ ਲੋੜ ਹੈ। ਉੱਥੇ ਗੰਧਲੇ ਸੱਭਿਆਚਾਰ ਦੀ ਚਲਦੀ ਹਨੇਰੀ ਨੂੰ ਠੱਲ ਪਾਉਣ ਵਾਸਤੇ ਲਗਾਤਾਰ ਨਵੀਂ ਪੀੜੀ ਨੂੰ ਅਤੀਤ ਦੀ ਮਹਾਨ ਵਿਰਾਸਤ ਤੇ ਭਵਿੱਖ ਦੇ ਸੁਪਨਿਆਂ ਨਾਲ਼ ਜੋੜਨ ਲਈ ਇੱਕ ਬਦਲਵਾਂ ਸੱਭਿਆਚਾਰ ਦੇਣ ਦੀ ਵੀ ਲੋੜ ਹੈ। ਜੋ ਨਵੀਂ ਪੀੜੀ ਨੂੰ ਇੱਕ ਦਿਸ਼ਾ, ਇੱਕ ਮੁਕਾਮ ਦੇ ਸਕੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements