ਆਪਣੀ ਅਸੁਰੱਖਿਅਤਾ ‘ਚੋਂ •ਪਾਸ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜੇ ਦੇਸ਼ ਦੀ ਸੁਰੱਖਿਆ ਇਹੋ ਹੁੰਦੀ ਹੈ 
ਕਿ ਬੇ-ਜ਼ਮੀਰੀ ਜ਼ਿੰਦਗੀ ਲਈ ਸ਼ਰਤ ਬਣ ਜਾਵੇ
ਅੱਖ ਦੀ ਪੁਤਲੀ ‘ਚ ‘ਹਾਂ’ ਤੋਂ ਬਿਨਾਂ ਕੋਈ ਵੀ ਸ਼ਬਦ ਅਸ਼ਲੀਲ ਹੋਵੇ
ਤੇ ਮਨ ਬਦਕਾਰ ਘੜੀਆਂ ਸਾਹਮਣੇ ਡੰਡੌਤ ‘ਚ ਝੁਕਿਆ ਰਹੇ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖ਼ਤਰਾ ਹੈ

ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਘਰ ਵਰਗੀ ਪਵਿੱਤਰ ਸ਼ੈਅ
ਜਿਦ੍ਹੇ ਵਿੱਚ ਹੁੱਸੜ ਨਹੀਂ ਹੁੰਦਾ
ਮਨੁੱਖ ਵਰ੍ਹਦੇ ਮੀਹਾਂ ਦੀ ਗੂੰਜ ਵਾਂਗ ਗਲ਼ੀਆਂ ‘ਚ ਵਹਿੰਦਾ ਹੈ
ਕਣਕ ਦੀਆਂ ਬੱਲੀਆਂ ਦੇ ਵਾਂਗ ਖੇਤੀਂ ਝੂਮਦਾ ਹੈ
ਅਤੇ ਅਸਮਾਨ ਦੀ ਵਿਸ਼ਾਲਤਾ ਨੂੰ ਅਰਥ ਦਿੰਦਾ ਹੈ

ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਜੱਫੀ ਵਰਗੇ ਇੱਕ ਅਹਿਸਾਸ ਦਾ ਨਾਂ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੰਮ ਵਰਗਾ ਨਸ਼ਾ ਕੋਈ
ਅਸੀਂ ਤਾਂ ਦੇਸ਼ ਨੂੰ ਸਮਝੇ ਸਾਂ ਕੁਰਬਾਨੀ ਜਹੀ ਵਫ਼ਾ

ਪਰ ਜੇ ਦੇਸ਼
ਰੂਹ ਦੀ ਵਗਾਰ ਦਾ ਕੋਈ ਕਾਰਖਾਨਾ ਹੈ
ਪਰ ਜੇ ਦੇਸ਼ ਉੱਲੂ ਬਣਨ ਦਾ ਪ੍ਰਯੋਗਘਰ ਹੈ
ਤਾਂ ਸਾਨੂੰ ਓਸ ਤੋਂ ਖ਼ਤਰਾ ਹੈ
ਜੇ ਦੇਸ਼ ਦਾ ਅਮਨ ਇਹੋ ਹੁੰਦੈ
ਕਿ ਕਰਜ਼ੇ ਦੇ ਪਹਾੜਾਂ ਤੋਂ ਰਿੜਦਿਆਂ ਪੱਥਰਾਂ ਵਾਂਗ ਟੁੱਟਦੀ ਰਹੇ ਹੋਂਦ ਸਾਡੀ
ਕਿ ਤਨਖ਼ਾਹਾਂ ਦੇ ਮੂੰਹ ਤੇ ਥੁੱਕਦਾ ਰਹੇ
ਕੀਮਤਾਂ ਦਾ ਬੇਸ਼ਰਮ ਹਾਸਾ
ਕਿ ਆਪਣੇ ਲਹੂ ਵਿੱਚ ਨਹਾਉਣਾ ਹੀ ਤੀਰਥ ਦਾ ਪੁੰਨ ਹੋਵੇ
ਤਾਂ ਸਾਨੂੰ ਅਮਨ ਤੋਂ ਖਤਰਾ ਹੈ

ਜੇ ਦੇਸ਼ ਦੀ ਸੁਰੱਖਿਅਤਾ ਇਹੋ ਹੁੰਦੀ ਹੈ
ਕਿ ਹਰ ਹੜਤਾਲ ਨੂੰ ਫੇਹ ਕੇ ਅਮਨ ਨੂੰ ਰੰਗ ਚੜ੍ਹਨਾ ਹੈ
ਕਿ ਸੂਰਮਗਤੀ ਬੱਸ ਹੱਦਾਂ ‘ਤੇ ਮਰ ਪ੍ਰਵਾਨ ਚੜ੍ਹਨੀ ਹੈ
ਕਲਾ ਦਾ ਫੁੱਲ ਬੱਸ ਰਾਜੇ ਦੀ ਖਿੜਕੀ ਵਿੱਚ ਖਿੜਨਾ ਹੈ
ਅਕਲ ਨੇ ਹੁਕਮ ਦੇ ਖੂਹੇ ‘ਤੇ ਗਿੜ ਕੇ ਧਰਤ ਸਿੰਜਣੀ ਹੈ
ਕਿਰਤ ਨੇ ਰਾਜ ਮਹਿਲਾਂ ਦੇ ਦਰੀਂ ਖਰਕਾ ਹੀ ਬਣਨਾ ਹੈ
ਤਾਂ ਸਾਨੂੰ ਦੇਸ਼ ਦੀ ਸੁਰੱਖਿਅਤਾ ਤੋਂ ਖ਼ਤਰਾ ਹੈ  

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements