ਆਪਣੇ ਸਾਥੀ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ •ਅਰਜਨ ਸਿੰਘ ‘ਗੜਗੱਜ’

bhagat singh 3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

1

”ਅੱਜ ਮੇਰੇ ਲਈ ਮੰਦਭਾਗੀ ਦਿਨ ਹੈ ਜਦ ਕਿ ਭਾਰਤ ਮਾਤਾ ਦੀਆਂ ਜ਼ੰਜੀਰਾਂ ਤੋੜਨ ਅਰਥਾਤ ਆਪਣੇ ਦੇਸ਼ ਨੂੰ ਆਜ਼ਾਦ ਕਰਨ ਦੇ ਜੁਰਮ ਵਿਚ ਭਗਤ ਸਿੰਘ ਨੂੰ ਤਾਂ ਫਾਂਸੀ ਦਾ ਹੁਕਮ ਮਿਲ ਗਿਆ, ਪਰ ਮੈਨੂੰ ਉਮਰ ਕੈਦ ਹੀ ਕੀਤੀ ਗਈ।”

ਇਹ ਸ਼ਬਦ ਸਨ ਬੀ.ਕੇ. ਦੱਤ (ਬਟਕੇਸ਼ਵਰ ਦੱਤ) ਦੇ, ਜਿਹੜੇ ਉਸ ਨੇ ਜੂਨ 1930 ਦੇ ਇਕ ਦਿਨ ਲਾਹੌਰ ਸੈਂਟਰਲ ਜੇਲ ਦੀ ਬਾਰਕ ਨੰਬਰ 14 ਦੀਆਂ ਉਨ੍ਹਾਂ ਸੀਖਾਂ ਦੇ ਅੰਦਰੋਂ ਮੈਨੂੰ ਕਹੇ ਸਨ ਜਿਹੜੀਆਂ ਸੀਖਾਂ ਬੇਸ਼ੁਮਾਰ ਜਿਊਂਦੇ-ਮੁਰਦਿਆਂ ਦੀਆਂ ਲਾਸ਼ਾਂ ਨਾਲ ਖੇਡ ਚੁੱਕੀਆਂ ਸਨ। ਅਤੇ ਜਿਹੜੀਆਂ ਏਸੇ ਖੇਡ-ਮੱਲ ਵਿਚ ਆਪਣੇ ਕਈ ਅੰਗ ਵੀ ਤੁੜਵਾ ਬੈਠੀਆਂ ਸਨ। ਪਰ ਅੱਜ ਉਨ੍ਹਾਂ ਹੀ ਸੀਖ਼ਾਂ ਨਾਲ ਜਿਊਂਦੇ ਮੁਰਦੇ ਨਹੀਂ, ਜ਼ਿੰਦਾ ਸ਼ਹੀਦ ਖੇਡ ਰਹੇ ਸਨ। ਇਨ੍ਹਾਂ ਜ਼ਿੰਦਾ ਸ਼ਹੀਦਾਂ ਦੀ ਬਦੌਲਤ ਹੀ ਉਨ੍ਹਾਂ ਟੁੱਟੀਆਂ ਫੁੱਟੀਆਂ ਸੀਖਾਂ ਦੀ ਮਰਹਮ ਪੱਟੀ ਕੀਤੀ ਜਾ ਚੁੱਕੀ ਸੀ। ਉਨ੍ਹਾਂ ਦੀਆਂ ਸਾਰੀਆਂ ਪੁਰਾਣੀਆਂ ਹੱਡੀਆਂ ਨੂੰ ਕੱਢ ਕੇ ਨਵੀਆਂ ਤੇ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਪਾ ਦਿਤੀਆਂ ਗਈਆਂ ਸਨ। ਝਟਪਟ ਇਨ੍ਹਾਂ ਸੀਖਾਂ ‘ਤੇ ਜ਼ਖ਼ਮ ਠੀਕ ਕਰ ਦਿਤੇ ਗਏ ਸਨ।

ਉਕਤ ਫ਼ਿਕਰੇ ਬੀ.ਕੇ. ਦੱਤ ਨੇ ਭਗਤ ਸਿੰਘ ਦੇ ਗਲ ਵਿਚ ਬਾਂਹ ਪਾਈ ਤੇ ਆਪਣੀਆਂ ਅੱਖਾਂ ਵਿਚੋਂ ਹੰਝੂ ਵਹਾਉਂਦਿਆਂ ਆਖੇ ਸਨ।

2

ਲਾਹੌਰ ਸੈਂਟਰਲ ਜੇਲ ਅੰਦਰੋਂ ਇਕ ਪੂਰੇ ਦਾ ਪੂਰਾ ਸ਼ਹਿਰ ਵੱਸਿਆ ਹੋਇਆ ਲੱਗਦਾ ਹੈ। ਬਾਹਰਲੀ ਡਿਉਢੀ ਦੇ ਵੱਡੇ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਨਵਾਂ ਪੁਰਸ਼ ਭੂਲ ਭੁਲੱਈਆਂ ਵਿਚ ਪੈ ਜਾਂਦਾ ਹੈ। ਇਸ ਨਵੀਂ ਦੁਨੀਆ ਵਿਚ ਚਹੁੰ ਪਾਸਿਆਂ ਤੋਂ ਡਰ ਛਾਇਆ ਰਹਿੰਦਾ ਹੈ। ਬਾਹਰ ਦੀ ਦੁਨੀਆ ਅਤੇ ਅੰਦਰਲੀ ਦੁਨੀਆ ਵਿਚ ਇਹੋ ਇਕ ਵੱਡਾ ਫ਼ਰਕ ਹੈ। ਜੇਲ ਦੇ ਅੰਦਰ ਦੱਖਣ ਵੱਲ ਫਾਂਸੀ ਅਤੇ ਫਾਂਸੀ ਦੀਆਂ ਕੋਠੜੀਆਂ ਬਣੀਆਂ ਹੋਈਆਂ ਹਨ। ਪਿਛੋਂ ਸਿਰਫ਼ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਲਈ ਹੀ ਨਵੀਆਂ ਫਾਂਸੀ ਕੋਠੜੀਆਂ ਤਿਆਰ ਕੀਤੀਆਂ ਗਈਆਂ ਸਨ, ਪਰ ਪਹਿਲਾਂ ਓਹੋ 14 ਨੰਬਰ ਬਾਰਕ ਹੀ ਫਾਂਸੀ ਚਾੜ੍ਹੇ ਜਾਣ ਵਾਲਿਆਂ ਦੇ ਰਿਹਾਇਸ਼ੀ ‘ਕੁਆਰਟਰ’ ਸਨ ਜਿਸ ਵਿਚ ਬੀ. ਕੇ. ਦੱਤ ਤੇ ਭਗਤ ਸਿੰਘ ਮੇਰੇ ਸਾਹਮਣੇ ਖੜ੍ਹੇ ਸਨ।

ਜੇਲ ਦੇ ਅੰਦਰ ਹੀ ਉਤਰ ਵਾਲੇ ਪਾਸੇ ਇਕ ਨਿੱਕੀ ਜੇਲ੍ਹ ਸੀ ਜਿਸ ਨੂੰ ਹਵਾਲਾਤ ਕਹਿ ਕੇ ਸੱਦਿਆ ਜਾਂਦਾ ਸੀ। ਇਸ ਹਵਾਲਾਤ ਦਾ ਵੱਡਾ ਫਾਟਕ ਹਮੇਸ਼ਾ ਬੰਦ ਰਹਿੰਦਾ ਸੀ। ਓਸੇ ਹਵਾਲਾਤ ਵਿਚ ਉਸ ਵੇਲੇ ਹਿੰਦੁਸਤਾਨ ਗ਼ਦਰ ਪਾਰਟੀ ਦੇ 1914-15 ਵਾਲੇ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕਾਲੇ ਸੰਘੇ, ਬਾਬਾ ਚੂਹੜ ਸਿੰਘ, ਬਾਬਾ ਨਿਧਾਨ ਸਿੰਘ ਢੁੱਡੀਕੇ, ਬਾਬਾ ਕਿਰਪਾ ਸਿੰਘ ਅਤੇ ਮਾਰਸ਼ਲ-ਲਾਅ ਦੇ ਕੈਦੀ ਮਹਾਸ਼ਾ ਰਤਨ ਚੰਦ (ਪ੍ਰਸਿਧ ਰਤੋ) ਅਤੇ ਬੰਗਾਲੀ ਦੇਸ਼ ਭਗਤ ਬੈਂਕਮ ਮੁਕਰਜੀ ਨੂੰ ਰੱਖਿਆ ਹੋਇਆ ਸੀ।

ਇਹ ਸਾਰੇ ਦੇਸ਼-ਭਗਤ ਉਹ ਸਨ ਜਿਹੜੇ ਆਪਣੇ ਪਿਆਰੇ ਵਤਨ ਵਿਚ ਜਾਬਰ ਅੰਗ੍ਰੇਜ਼ ਦਾ ਸਾਇਆ ਤਕ ਨਹੀਂ ਵੇਖਣਾ ਚਾਹੁੰਦੇ ਸਨ। ਨਾ ਸਿਰਫ਼ ਸਾਇਆ ਸਗੋਂ ਉਹ ਅੰਗ੍ਰੇਜ਼ ਸਲਤਨਤ ਨਾਲ ਕੋਈ ਸੰਬੰਧ ਵੀ ਕਾਇਮ ਨਹੀਂ ਰੱਖਣਾ ਚਾਹੁੰਦੇ ਸਨ।

3

ਮੈਨੂੰ ਵੀ ਹਵਾਲਾਤ ਵਿਚ ਰੱਖਿਆ ਗਿਆ ਸੀ। ਮੈਨੂੰ ਲਾਹੌਰ ਸੈਂਟਰਲ ਜੇਲ ਵਿਚ ਆਇਆਂ ਅਜੇ ਦੋ ਦਿਨ ਹੀ ਹੋਏ ਸਨ ਕਿ ਉੜਤੀ ਚਿੜੀਆ ਨੇ ਪੈਗ਼ਾਮ ਦਿੱਤਾ ਕਿ 1929 ਵਿਚ ਮੇਰੇ ਨਾਲ ਕਿਰਤੀ ਰਸਾਲੇ ਦੇ ਐਡੀਟੋਰੀਅਲ ਸਟਾਫ਼ ਵਿਚ ਕੰਮ ਕਰਨ ਵਾਲੇ ਬਹਾਦਰ ਇਨਕਲਾਬੀ ਨੇ ਮੈਨੂੰ ਯਾਦ ਕੀਤਾ ਹੈ। ਇਸ ਇਨਕਲਾਬੀ ਦੇ ਆਪਣੇ ਹੱਥਾਂ ਦੇ ਲਿਖੇ ਹੋਏ ਰੁੱਕੇ ਵਿਚ ਇੰਨਾ ਹੀ ਲਿਖਿਆ ਸੀ—

”ਕਾਮਰੇਡ ਗੜਗੱਜ ਜਿਵੇਂ ਵੀ ਹੋਵੇ ਜ਼ਰੂਰ ਮਿਲੋ।”

ਇਹ ਬਹਾਦਰ ਇਨਕਲਾਬੀ ਭਗਤ ਸਿੰਘ ਸੀ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਭਗਤ ਸਿੰਘ ਏਸੇ ਜੇਲ ਵਿਚ ਮੌਜੂਦ ਹੈ ਤੇ ਉਸ ਨੂੰ ਫ਼ਾਂਸੀ ਦੀ ਸਜ਼ਾ ਹੋ ਚੁਕੀ ਹੈ, ਪਰ ਜਦ ਉਸਦਾ ਹੱਥ ਲਿਖਤ ਪੈਗ਼ਾਮ ਮਿਲਿਆ ਤਾਂ ਮਿਲਣ ਦੀ ਇੱਛਾ ਹੋਰ ਵੀ ਪ੍ਰਬਲ ਹੋ ਉਠੀ।

ਬਿਨਾਂ ਕਿਸੇ ਹੋਰ ਨੂੰ ਦੱਸਿਆਂ ਜੇਲ ਦੇ ਕੈਦੀ ਨਾਈ ਤੋਂ ਨਹੁੰ ਲਾਹੁਣ ਵਾਲਾ ਨਹੇਰਨਾ ਲਿਆ, ਆਪਣੇ ਖੱਬੇ ਹੱਥ ਦੇ ਗੁਟ ਕੋਲ ਨਹੇਰਨੇ ਨਾਲ ਇਕ ਜ਼ਖ਼ਮ ਕਰ ਲਿਆ, ਲਹੂ ਵਗਣ ਲੱਗ ਪਿਆ ਤੇ ਮੈਂ ਹਵਾਲਾਤ ਦੇ ਜੇਲ ਵਾਰਡਰ ਨੂੰ ਕਿਹਾ ਕਿ ਮੇਰਾ ਜ਼ਖ਼ਮ ਡਾਕਟਰ ਨੂੰ ਵਿਖਾਇਆ ਜਾਵੇ। ਮੈਂ ਇਸ ਤਰ੍ਹਾਂ ਦਵਾਈ ਲਿਆਉਣ ਦੇ ਬਹਾਨੇ ਹਵਾਲਾਤ ਦੇ ਉਸ ਵੱਡੇ ਫਾਟਕ ਤੋਂ ਬਾਹਰ ਆ ਗਿਆ। ਹਸਪਤਾਲ ਇਸ ਹਵਾਲਾਤ ਅਤੇ ਬਾਰਕ ਨੰਬਰ 14 ਦੇ ਦਰਮਿਆਨ ਇਕ ਪਾਸੇ ਵੱਲ ਸੀ। ਹਸਪਤਾਲ ਨੂੰ ਜਾਣ ਵਾਲੇ ਰਾਹ ਤੱਕ ਤਾਂ ਮੈਂ ਸਹਿਜੇ-ਸਹਿਜੇ ਕੈਦੀ ਨੰਬਰਦਾਰ ਦੇ ਪਿੱਛੇ-ਪਿੱਛੇ ਤੁਰਿਆ ਗਿਆ, ਹਸਪਤਾਲ ਵਾਲੀ ਸੜਕ ‘ਤੇ ਨੰਬਰਦਾਰ ਕਿਸੇ ਨੂੰ ਮਿਲਣ ਲਈ ਐਧਰ ਓਧਰ ਹੋ ਗਿਆ ਤੇ ਮੈਂ ਮੌਕਾ ਪਾ ਕੇ ਉਥੋਂ ਅਜਿਹੀ ਦੌੜ ਲਾਈ ਕਿ 14 ਨੰਬਰ ਬਾਰਕ ਦੇ ਸਾਹਮਣੇ ਜਾ ਖਲੋਤਾ ਜਿਥੇ ਭਗਤ ਸਿੰਘ ਤੇ ਦੱਤ ਖੜ੍ਹੇ ਮੇਰੀ ਉਡੀਕ ਕਰ ਰਹੇ  ਸਨ, ਕਿਉਂਕਿ ਉੜਤੀ ਚਿੜੀਆ ਨੇ ਹੀ ਉਨ੍ਹਾਂ ਨੂੰ ਮੇਰੇ ਪੁੱਜਣ ਦੀ ਖ਼ਬਰ ਕਰ ਦਿੱਤੀ ਸੀ। ਜੇਲ ਵਿਚ ਦੌੜਨਾ ਇਕ ਬੜਾ ਵੱਡਾ ਜੁਰਮ ਹੈ, ਪਰ ਜਦ ਭਗਤ ਸਿੰਘ ਲਈ ਸਾਰਾ ਦੇਸ ਜਾਨ ਵਾਰਨ ਨੂੰ ਤਿਆਰ ਸੀ ਤਾਂ ਜੇਲ ਦੀ ਕਿਸੇ ਸਜ਼ਾ ਦਾ ਖੌਫ਼ ਮੈਨੂੰ ਓਸ ਭਗਤ ਸਿੰਘ ਨੂੰ ਮਿਲਣ ਵਿਚ ਰੁਕਾਵਟ ਨਹੀਂ ਬਣ ਸਕਦਾ ਸੀ।

ਬੀ.ਕੇ. ਦੱਤ ਦੇ ਉਕਤ ਫ਼ਿਕਰੇ ਸੁਣਦਿਆਂ ਹੀ ਭਗਤ ਸਿੰਘ ਦੀਆਂ ਅੱਖਾਂ ਵਿਚ ਵੀ ਅੱਥਰੂ ਆ ਗਏ। ਉਹ ਬੋਲਿਆ:

”ਮੈਨੂੰ ਇਸ ਗੱਲ ਦਾ ਉੱਕਾ ਹੀ ਡਰ ਨਹੀਂ ਕਿ ਹੁਣ ਮੈਂ ਜਿਊਂਦਾ ਨਹੀਂ ਰਹਾਂਗਾ। ਸਗੋਂ ਮੈਨੂੰ ਮਾਣ ਪ੍ਰਾਪਤ ਹੈ ਕਿ ਮੈਂ ਵੀ ਉਸ ਦੇਸ਼ ਦੀ ਖਾਤਰ ਫ਼ਾਂਸੀ ‘ਤੇ ਲਟਕਾਂਗਾ ਜਿਸ ਦੇਸ਼ (ਹਿੰਦੋਸਤਾਨ) ਦੀ ਖ਼ਾਤਰ 1907 ਵਿਚ ਖ਼ੁਦੀ ਰਾਮ ਬੋਸ, 1914-15 ਵਿਚ ਗ਼ਦਰ ਪਾਰਟੀ ਦੇ ਹੀਰੋ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਹੋਰ ਸਾਥੀ, 1926 ਵਿਚ ਬੱਬਰੀ ਅਕਾਲੀ ਬੀਰ ਅਤੇ 1929 ਵਿਚ ਕਾਕੋਰੀ ਕੇਸ ਦੇ ਸ਼ਹੀਦ ਰਾਮ ਪਰਸ਼ਾਦ ਬਿਸਮਿਲ, ਠਾਕਰ ਰੌਸ਼ਨ ਸਿੰਘ, ਅਸ਼ਫ਼ਾਕ ਉੱਲਾ ਤੇ ਰਾਜਿੰਦਰ ਲਹਿਰੀ ਜਿਹੇ ਫਾਂਸੀ ਦੇ ਤਖ਼ਤੇ ਤੇ ਝੂਲ ਗਏ…..”

”ਤਾਂ ਫਿਰ ਤੇਰੀਆਂ ਅੱਖਾਂ ਵਿਚ ਇਹ ਅੱਥਰੂ ਕਿਸਤਰ੍ਹਾਂ?” ਮੈਂ ਭਗਤ ਸਿੰਘ ਦੀ ਗੱਲ ਨੂੰ ਕੱਟਦਿਆਂ ਹੋਇਆਂ ਆਖਿਆ।

ਭਗਤ ਸਿੰਘ ਨੇ ਉੱਤਰ ਵਿਚ ਕਿਹਾ:

”ਗੜਗੱਜ ਭਾਈ, ਕਿਤੇ ਤੂੰ ਇਹ ਤਾਂ ਨਹੀਂ ਸਮਝ ਬੈਠਾ ਕਿ ਮੈਂ ਮੌਤ ਤੋਂ ਡਰਦਾ ਹਾਂ। ਹੰਝੂ ਤਾਂ ਇਹ ਖ਼ਿਆਲ ਕਰਕੇ ਆ ਗਏ ਹਨ ਕਿ ਆਪਣੇ ਪਿਆਰੇ ਦੇਸ਼ ਲਈ ਅਜੇ ਬਹੁਤ ਕੁਝ ਨਹੀਂ ਕਰ ਸਕਿਆਂ ਸਾਂ।”

ਬੀ.ਕੇ.ਦੱਤ ਬੜਾ ਘੱਟ ਬੋਲਦਾ ਸੀ, ਉਂਜ ਵੀ ਬੰਗਾਲੀ ਹੋਣ ਕਰਕੇ ਟੁੱਟੀ ਫੁੱਟੀ ਹਿੰਦੀ ਬੋਲ ਸਕਦਾ ਸੀ। ਭਗਤ ਸਿੰਘ ਨੇ ਮੇਰੇ ਨਾਲ ਗੱਲਬਾਤ ਜਾਰੀ ਰੱਖੀ।

ਭਗਤ ਸਿੰਘ ਨੇ ਸਭ ਤੋਂ ਪਹਿਲਾਂ ਮੈਨੂੰ ਮੇਰਠ ਸਾਜ਼ਸ਼ ਕੇਸ ਦਾ ਹਾਲ ਪੁਛਿਆ। 20 ਮਾਰਚ, 1929 ਵਾਲੇ ਦਿਨ ਹਿੰਦੁਸਤਾਨ ਦੇ ਇਕ ਸਿਰਿਓਂ ਦੂਜੇ ਸਿਰੇ ਤੱਕ ਪੁਲਸ ਨੇ ਇਕੋ ਵੇਲੇ ਛਾਪੇ ਮਾਰ ਕੇ 31 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿਚ ਤਿੰਨ ਯੂਰਪੀਨ ਵੀ ਸਨ। ਪੰਜਾਬ ਤੋਂ ਸ੍ਰੀ ਸੋਹਣ ਸਿੰਘ ਜੋਸ਼, ਅਬਦੁਲ ਮਜੀਦ ਅਤੇ ਕਿਦਾਰ ਨਾਲ ਸਹਿਗਲ ਗ੍ਰਿਫ਼ਤਾਰ ਕੀਤੇ ਗਏ ਸਨ। ਇਨ੍ਹਾਂ ਸਾਰਿਆਂ ਉੱਤੇ ਹਿੰਦੁਸਤਾਨ ਵਿਚ ਬਾਦਸ਼ਾਹ ਦੇ ਵਿਰੁੱਧ ਜੰਗ ਕਰਕੇ ਕਿਰਤੀ ਕਿਸਾਨ ਹਕੂਮਤ ਕਾਇਮ ਕਰਨ ਦੀ ਸਾਜ਼ਸ਼ ਦੇ ਅਲਜ਼ਾਮ ਲਾਏ ਗਏ ਸਨ। ਫੜੇ ਗਏ ਨੌਜਵਾਨਾਂ ਦੇ ਘਰਾਂ ‘ਚੋਂ ਪੁਲਸ ਨੇ ਤਲਾਸ਼ੀ ਵਿਚ ਜਿਹੜਾ ਸਾਮਾਨ ਹਾਸਲ ਕੀਤਾ ਸੀ ਉਸ ਨਾਲ 16 ਗੱਡੇ ਭਰੇ ਗਏ ਸਨ। ਇਸ ਸਮਾਨ ਵਿਚ ਕੀ ਸੀ? ਬੰਦੂਕਾਂ ਜਾਂ ਬੰਬ ਨਹੀਂ ਸਨ ਸਗੋਂ ਪੁਸਤਕਾਂ, ਪੈਮਫਲਿਟ ਤੇ ਹੋਰ ਸੋਸ਼ਲਿਸਟ ਕਮਿਊਨਿਸਟ ਲਿਟਰੇਚਰ ਸੀ। ਚਾਰ ਸਾਲ ਰੋਜ਼ਾਨਾ ਮੁਕੱਦਮਾ ਚੱਲਣ ਪਿਛੋਂ ਇਨ੍ਹਾਂ ਨੂੰ ਅੱਡ-ਅੱਡ ਸਜ਼ਾਵਾਂ ਹੋਈਆਂ ਸਨ।

ਇਸੇ ਸਾਜ਼ਸ਼ ਕੇਸ ਦੇ ਹਾਲ ਮੈਥੋਂ ਭਗਤ ਸਿੰਘ ਨੇ ਦਰਿਆਫ਼ਤ ਕੀਤੇ ਸਨ। ਮੁਲਾਕਾਤ ਪਿਛੋਂ ਬਚਦਾ ਬਚੌਂਦਾ ਹਸਪਤਾਲ ਪਹੁੰਚਾ ਤੇ ਡਾਕਟਰ ਤੋਂ ਮਲ੍ਹਮ ਲੈ ਕੇ ਵਾਪਸ ਆਪਣੇ ਆਲ੍ਹਣੇ—ਅਰਥਾਤ ਹਵਾਲਾਤ ਦੀ ਕੋਠੀ ਵਿਚ ਪੁੱਜ ਗਿਆ।

ਅਗਲੇ ਹੀ ਦਿਨ ਮੈਨੂੰ ਡਿਉਢੀ ਵਿਚ ਲਿਜਾਇਆ ਗਿਆ ਤੇ ਕੈਂਬਲਪੁਰ ਜੇਲ ਨੂੰ ਤੋਰ ਦਿੱਤਾ ਗਿਆ। ਮੈਂ ਸਮਝ ਲਿਆ ਕਿ ਕਿਸੇ ਮੁਖ਼ਬਰ ਦੀ ਕਿਰਪਾ ਨਾਲ ਮੈਨੂੰ ਭਗਤ ਸਿੰਘ ਨਾਲ ਮਿਲਣ ਦੀ ਇਹ ਸਜ਼ਾ ਮਿਲੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements