ਆਪਣੇ ਸਾਥੀ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ •ਅਰਜਨ ਸਿੰਘ ‘ਗੜਗੱਜ’ (ਤੀਜੀ ਕਿਸ਼ਤ)

bhagat_singh

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੈਂ ਮਾਰਚ 1928 ਵਿਚ ਕਿਰਤੀ ਦੇ ਦਫ਼ਤਰ ਅੰਮ੍ਰਿਤਸਰ ਗਿਆ। ਅਪ੍ਰੈਲ 1928 ਨੂੰ ਉਰਦੂ ਦਾ ਵੀ ਮਾਹਵਾਰੀ ਰਸਾਲਾ ‘ਕਿਰਤੀ’ ਪ੍ਰਕਾਸ਼ਤ ਹੋਇਆ। ਜੁਲਾਈ 1928 ਨੂੰ ਕਿਰਤੀ ਅਖ਼ਬਾਰ ਦੇ ਪਹਿਲੇ ਐਡੀਟਰ ਸ. ਹਰਨਾਮ ਸਿੰਘ ਭੌਰਾ ਨੇ ਐਡੀਟਰੀ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਕਿਰਤੀ ਅਖ਼ਬਾਰ ਦੀ ਐਡੀਟਰੀ ਨੂੰ ਹੋਰ ਕੋਈ ਨਾ ਸਰੇ ਕਿਉਂਕਿ ਉਸ ਵੇਲੇ ‘ਕਿਰਤੀ’ ਦੀ ਐਡੀਟਰੀ ਕਰਨੀ ‘ਸੂਲਾਂ ਦੀ ਸੇਜ’ ਜਾਂ ‘ਆ ਬੈਲ ਮੈਨੂੰ ਮਾਰ’ ਵਾਲੀ ਗੱਲ ਸਮਝੀ ਜਾਂਦੀ ਸੀ। ਕਾਰਨ ਇਹ ਸੀ ‘ਕਿਰਤੀ’ ਅਖ਼ਬਾਰ ਉੱਤੇ ਗੌਰਮੈਂਟ ਦੀ ਬੜੀ ਕਰੜੀ ਨਿਗਾਹ ਸੀ ਅਤੇ ਇਸ ਅਖ਼ਬਾਰ ਸਬੰਧੀ ਇਹ ਖ਼ਿਆਲ ਸੀ ਕਿ ਇਹ ਤਸ਼ੱਦਦ 1 ਦਾ ਪ੍ਰਚਾਰ ਕਰਦਾ ਹੈ। ਇਸ ਵਿਚ 1914-15 ਦੇ ਸ਼ਹੀਦਾਂ, ਕੈਦੀਆਂ ਤੇ ਹੋਰ ਜਲਾਵਤਨਾਂ ਆਦਿ ਦੇਸ਼ ਭਗਤਾਂ ਦੇ ਜੀਵਨ ਸਮਾਚਾਰ ਪ੍ਰਕਾਸ਼ਤ ਹੋਇਆ ਕਰਦੇ ਸਨ। ਜਦ ਇਹ ਹੋਇਆ ਕਿ ਨੀਯਤ ਸਮੇਂ ਤੱਕ ‘ਕਿਰਤੀ’ ਦਾ ਪਰਚਾ ਕੇਵਲ ਐਡੀਟਰ ਨਾ ਮਿਲਣ ਕਰਕੇ ਹੀ ਪ੍ਰਕਾਸ਼ਤ ਕਰ ਸਕਣ ਦੀ ਉਮੀਦ ਨਾ ਰਹੀ ਤਾਂ ਮੈਂ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਸ. ਸੋਹਣ ਸਿੰਘ ਜੋਸ਼, ਜੋ ਮੈਨੇਜਿੰਗ ਐਡੀਟਰ ਸਨ, ਨੇ ਕਿਹਾ ਕਿ ਸੋਚ-ਸਮਝ ਲੈ ਫੇਰ ਨਾ ਕਹੀਂ ਕਿ ਕਿਸੇ ਨੇ ਬਦੋ ਬਦੀ ਜਾਂ ਧੋਖੇ ਵਿਚ ਐਡੀਟਰ ਬਣਾ ਦਿੱਤਾ ਹੈ। ਮੈਂ ਕਿਹਾ ਮੈਂ ਸਾਰੇ ਪਾਸੇ ਸੋਚ ਲਏ ਹਨ। ਸੋ ਜੁਲਾਈ 1928 ਦਾ ਕਿਰਤੀ ਪੰਜਾਬੀ ਤੇ ਉਰਦੂ ਦੋਵੇਂ ਮੇਰੀ ਐਡੀਟਰੀ ਹੇਠ ਪ੍ਰਕਾਸ਼ਤ ਹੋਏ।

ਜਦ ਮੇਰੇ ਦੋਸਤਾਂ ਜਾਂ ਹੋਰ ਹਮਦਰਦਾਂ ਨੇ ਮੇਰਾ ਨਾਮ ਐਡੀਟਰੀ ਉੱਤੇ ਛਪਿਆ ਹੋਇਆ ਪੜਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿਉਂ ਬੱਕਰਾ ਬਣ ਗਿਆ ਏਂ। ਮੈਨੂੰ ਉਹਨਾਂ ਬਥੇਰਾ ਵਰਜਿਆ, ਪਰ ਮੈਂ ਆਪਣੇ ਇਰਾਦੇ ‘ਤੇ ਅਟੱਲ ਹਰ ਮੁਸੀਬਤ ਝੱਲਣ ਲਈ ਤਿਆਰ ਹੋ ਗਿਆ। ਇਹਨਾਂ ਦੋਸਤਾਂ ਤੇ ਹਮਦਰਦਾਂ ਵਿਚ ਰਾਜਸੀ ਖ਼ਿਆਲ ਰੱਖਣ ਵਾਲ਼ੇ ਕਈ ਉਸ ਵੇਲੇ ਦੇ ਪ੍ਰਸਿੱਧ ਲੀਡਰ ਵੀ ਸਨ।

ਸ. ਭਗਤ ਸਿੰਘ ਸ਼ਹੀਦ ਨਾਲ ਕੰਮ ਕਰਨਾ

ਮਿ. ਸਾਂਡਰਸ ਸੁਪ੍ਰਟੰਡੰਟ ਪੁਲੀਸ ਦੇ ਕਤਲ ਦੇ ਮੁਕੱਦਮੇ ਵਿਚ ਫਾਂਸੀ ਪਾ ਚੁੱਕੇ ਸ਼ਹੀਦ ਸ. ਭਗਤ ਸਿੰਘ ਜੀ ਵੀ ਕੋਈ ਤਿੰਨ ਚਾਰ ਮਹੀਨੇ, ਸਾਡੇ ‘ਕਿਰਤੀ’ ਦੇ ਸਟਾਫ਼ ਵਿਚ ਸਨ। ਕਿਰਤੀ ਸੋਸ਼ਲਿਜ਼ਮ ਦਾ ਪ੍ਰਚਾਰਕ ਸੀ, ਪਰ ਜੇ ਸਚਾਈ ਨੂੰ ਮੁਖ ਰੱਖਿਆ ਜਾਵੇ ਤਾਂ ਜਦ ਤੋਂ ਸ. ਸੋਹਨ ਸਿੰਘ ਜੋਸ਼ ਨੇ ਮੈਨੇਜਿੰਗ ਐਡੀਟਰੀ ਸੰਭਾਲੀ ਉਦੋਂ ਤੋਂ ਸਾਇੰਟੇਫਿਕ ਸੋਸ਼ਲਿਜ਼ਮ ਦਾ ਵਧੇਰੇ ਪ੍ਰਚਾਰ ਸ਼ੁਰੂ ਹੋ ਗਿਆ।

ਭਾਈ ਸੰਤੋਖ ਸਿੰਘ ਜੀ ਸ਼ਹੀਦ, ਜੋ ਕਿ ‘ਕਿਰਤੀ’ ਰਸਾਲੇ ਦੇ ਜਨਮ ਦਾਤਾ ਸਨ, ਭਾਵੇਂ ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਅਵਸਰ ਨਹੀਂ ਮਿਲਿਆ, ਪਰ ਉਹਨਾਂ ਬਾਬਤ ਇਹ ਜ਼ਰੂਰ ਸੁਣਿਆ ਹੈ ਕਿ ਆਪ ਅਣਥੱਕ ਤੇ ਨਿਸ਼ਕਾਮ ਦੇਸ਼ ਭਗਤ ਸਨ। ਉਹਨਾਂ ਨੇ ਕਿਰਤੀ ਨੂੰ ਕਾਫ਼ੀ ਉੱਨਤ ਕੀਤਾ ਨਾਲੇ ਪ੍ਰਬੰਧ ਕਰਨਾ ਤੇ ਨਾਲੇ ਲੇਖ ਲਿਖਣੇ। ਪਰ ਉਸ ਵੇਲੇ ਲੈਫਟ- ਨੈਸ਼ਨਲਿਜ਼ਮ, ਟੈਰਰਿਜ਼ਮ, ਸੋਸ਼ਲਿਜ਼ਮ ਆਦਿ ਸਾਰਿਆਂ ਪਾਸਿਆਂ ਦੇ ਲੇਖ ਛਪਦੇ ਹੁੰਦੇ ਸਨ, ਸਗੋਂ ਧਾਰਮਕ ਲੇਖ ਵੀ ਛਪਦੇ ਰਹੇ ਹਨ। ਜਿਹਾ ਕਿ ‘ਕਿਰਤੀ’ ਦੇ ਪਹਿਲੇ ਪਰਚੇ ਤੋਂ ਹੀ ਜ਼ਾਹਰ ਹੈ ਕਿ ‘ੴ’ ਅਤੇ ਗੁਰਬਾਣੀ ਦੇ ਸ਼ਬਦ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਛੁਟ ਗੁਰਪੁਰਬ ਨੰਬਰ ਆਦਿ ਵੀ ਨਿਕਲਦੇ ਰਹੇ ਹਨ। ਇਸ ਕਰਕੇ ਇਸ ਦਾ ਪ੍ਰਚਾਰ ਪਹਿਲਾਂ ਕੇਵਲ ਸਿੱਖਾਂ ਵਿਚ ਹੀ ਰਿਹਾ, ਇਸ ਦਾ ਮਤਲਬ ਇਹ ਨਹੀਂ ਕਿ ਭਾਈ ਸੰਤੋਖ ਸਿੰਘ ਜੀ ‘ਕਿਰਤੀ’ ਨੂੰ ਕੋਈ ਫਿਰਕੂ ਪੇਪਰ ਬਣਾ ਰਹੇ ਹਨ, ਉਹਨਾਂ ਦਾ ਖ਼ਿਆਲ ਇਹ ਵੀ ਹੋ ਸਕਦਾ ਹੈ ਕਿ ਹੌਲੀ ਹੌਲੀ ਅਸਲੀ ਨੁਕਤੇ ਵੱਲ ਜਾਇਆ ਜਾਵੇ। ਪਰ ਇਸ ਸਚਾਈ ਤੋਂ ਵੀ ਇਨਕਾਰ ਨਹੀਂ ਕਿ ਕਿਰਤੀ ਦੀ ਪੁੱਛ-ਗਿੱਛ ਹਿੰਦੂ-ਮੁਸਲਿਮ ਹਲਕੇ ਵਿਚ ਉਦੋਂ ਤੋਂ ਹੀ ਸ਼ੁਰੂ ਹੋਈ ਹੈ ਜਦ ਤੋਂ ਸ. ਸੋਹਨ ਸਿੰਘ ਜੋਸ਼ ਨੇ ਵਾਗਡੋਰ ਸੰਭਾਲੀ।

ਕੁਝ ਚਿਰ ਪਿਛੋਂ ਸ. ਭਗਤ ਸਿੰਘ ਜੀ ਗੁੰਮ ਹੋ ਗਏ ਤੇ ਉਹਨਾਂ ਦਾ ਉਦੋਂ ਹੀ ਪਤਾ ਲੱਗਾ ਜਦੋਂ ਉਹ ਦਿੱਲੀ ਵਿੱਖੇ ਅਸੈਂਬਲੀ ਚੈਂਬਰ ਵਿਚ ਬੰਬ ਮਾਰ ਕੇ ਆਪਣੇ ਸਾਥੀ ਮਿਸਟਰ ਭਟਕੇਸ਼ਵਰ ਦੱਤ ਨਾਲ ਜ਼ਾਹਰ ਹੋਏ।

ਉਰਦੂ ਕਿਰਤੀ ਦੇ ਐਡੀਟੋਰੀਅਲ ਸਟਾਫ਼ ਵਿਚ ਬੰਬਈ ਤੋਂ ਕਾਂਗਰਸ ਅਖ਼ਬਾਰ ਦੀ ਐਡੀਟਰੀ ਛੱਡ ਕੇ ਕਾਮਰੇਡ ਫਰੋਜ਼ਦੀਨ ‘ਮਨਸੂਰ’ ਵੀ ਆ ਗਏ। ਇਸ ਵੇਲੇ ਕਿਰਤੀ ਅਖ਼ਬਾਰ ਪੂਰੇ ਜੋਬਨ ‘ਤੇ ਸੀ। ਇਸ ਦਾ ਚਰਚਾ ਥਾਂ-ਥਾਂ ਹੋਣ ਲੱਗ ਪਿਆ। ਨੌਜਵਾਨ ਸਭਾ ਤੇ ਹੋਰ ਗਰਮ ਖ਼ਿਆਲੀ ਇਸ ਨੂੰ ਅਪਨਾਉਣ ਲੱਗ ਪਏ।

ਮੇਰੀ ਗ੍ਰਿਫ਼ਤਾਰੀ

11 ਫ਼ਰਵਰੀ, 1929 ਦਾ ਪਹਿਲਾਂ ਦਿਨ ਸੀ, ਜਿਸ ਦਿਨ ਓਅੰਕਾਰ ਪ੍ਰੈਸ (ਬੈਰੂਨ ਹਾਲ ਬਾਜ਼ਾਰ) ਅੰਮ੍ਰਿਤਸਰ ਜਿਥੇ ਕਿ ਕਿਰਤੀ ਛਪਦਾ ਸੀ, ਪੁਲਸ ਨੇ ‘ਕਿਰਤੀ’ ਅਖ਼ਬਾਰ ਦੇ ਸੰੰਬੰਧ ਵਿਚ ਕਿਰਤੀ ਦੇ ਦਫ਼ਤਰ ਵਿਚ ਪੈਰ ਪਾਇਆ। ਮੈਂ ਉਹਨੀਂ ਦਿਨੀਂ ਹਫ਼ਤੇਵਾਰ ‘ਬਬਰ ਸ਼ੇਰ’ ਅੰਮ੍ਰਿਤਸਰ ਨੂੰ ਵੀ ਐਡਿਟ ਕਰਦਾ ਸਾਂ। ਮੈਂ ‘ਬਬਰ ਸ਼ੇਰ’ ਦਫ਼ਤਰ ਵਿਚੋਂ ਆਇਆ ਹੀ ਸਾਂ ਅਤੇ ਆਪਣੇ ਕਮਰੇ ਵਿਚ ਜਾ ਕੇ ਬੈਠਾ ਹੀ ਸਾਂ ਕਿ ਪੁਲਸ ਪੁੱਜ ਗਈ। ਉਸ ਵੇਲੇ ਕਿਰਤੀ ਦੇ ਦਫ਼ਤਰ ਵਿਚ ਮੈਂ, ਕਾਮਰੇਡ ‘ਮਨਸੂਰ’ ਅਤੇ ਮਿ. ਭਗਵਤੀ ਚਰਨ ਵੀ ਮੌਜੂਦ ਸਨ 2। ਪੁਲਸ ਵਿਚ ਸ਼ੇਖ ਨਸੀਰਦੀਨ ਕੁਤਵਾਲ, ਜਿਸ ਨੇ ਦੋ ਵੇਰ ਪਹਿਲਾਂ ਮੈਨੂੰ ਗ੍ਰਿਫਤਾਰ ਕੀਤਾ ਸੀ, ਸ. ਪ੍ਰਤਾਪ ਸਿੰਘ ਇੰਸਪੈਕਟਰ ਸੀ. ਆਈ. ਡੀ. ਪੰਜਾਬ, ਸ. ਗੰਗਾ ਸਿੰਘ ਇੰਸਪੈਕਟਰ ਸੀ. ਆਈ. ਡੀ. ਪੰਜਾਬ, ਸ. ਸਾਧੂ ਸਿੰਘ ਕੱਕੜ ਮੈਜਿਸਟ੍ਰੇਟ ਅੰਮ੍ਰਿਤਸਰ, ਲਾ. ਫ਼ਰੋਜ਼ਚੰਦ ਸਬ ਇੰਸਪੈਕਟਰ ਪੁਲੀਸ ਤੇ ਤਿੰਨ ਹੋਰ ਸਬ ਇੰਸਪੈਕਟਰ ਪੁਲੀਸ ਅਤੇ ਦੋ ਦਰਜਨ ਦੇ ਕਰੀਬ ਬਾ-ਵਰਦੀ ਪੁਲਸ ਅਤੇ ਦਰਜਨ ਦੇ ਕਰੀਬ ਸੀ. ਆਈ. ਡੀ. ਪੁਲਸ ਸ਼ਾਮਲ ਸਨ।

ਮਿ. ਭਗਵਤੀ ਚਰਨ ਤਾਂ ਚਲੇ ਗਏ, ਕਾਮਰੇਡ ਫ਼ਰੋਜ਼ਦੀਨ ‘ਮਨਸੂਰ’ ਨੂੰ ਵੀ ਕੁਝ ਨਹੀਂ ਕਿਹਾ ਤੇ ਮੈਨੂੰ 124 (ਓ) ਹੇਠਾਂ ਗ੍ਰਿਫ਼ਤਾਰ ਕਰ ਲਿਆ ਗਿਆ। ਮੇਰੇ ਦਫ਼ਤਰ ਤੇ ਮੈਨੇਜਰ ਦੇ ਦਫਤਰ ਦੀ ਸਾਰੀ ਦਿਹਾੜੀ ਤਲਾਸ਼ੀ ਲਈ ਜਾਂਦੀ ਰਹੀ। ਇੰਨੇ ਨੂੰ ਸ. ਭਾਗ ਸਿੰਘ ਜੀ ਕੈਨੇਡੀਅਨ, ਜੋ ਕਿ ਕਿਰਤੀ ਦੇ ਪ੍ਰਬੰਧਕ ਸਨ, ਵੀ ਪੁੱਜ ਗਏ। ਤਲਾਸ਼ੀ ਵਿਚ ਪੁਲਸ ਗਾਹਕਾਂ ਦੇ ਰਜਿਸਟਰ, ਰਸੀਦਾਂ ਤੇ ਕਈ ਆਰਟੀਕਲਾਂ ਤੱਕ ਲੈ ਗਈ। ਸ਼ਾਮ ਨੂੰ ਮੈਨੂੰ ਵੀ ਹਥਕੜੀ ਲਗਾ ਕੇ ਅੰਮ੍ਰਿਤਸਰ ਸ਼ਹਿਰ ਦੀ ਕੁਤਵਾਲੀ ਵਿਚ ਲਿਜਾਇਆ ਗਿਆ। ਰਾਤ ਨੂੰ ਮੈਂ ਕੁਤਵਾਲੀ ਕਿਹਾ, ਸਵੇਰੇ ਹੀ ਕਾਮਰੇਡ ਸੋਹਨ ਸਿੰਘ ਜੋਸ਼, ਜੋ ਕਿ ਆਪਣੇ ਪਿੰਡ ਗਏ ਹੋਏ ਸਨ, ਆਏ ਕੇ ਆਉਂਦੇ ਹੀ ਸਿੱਧੇ ਮੇਰੇ ਕੋਲ ਕੁਤਵਾਲੀ ਪੁਜੇ। ਦਿਨ ਚੜ੍ਹੇ ਫੇਰ ਪੁਲਸ ਵਾਲੇ ਮੈਨੂੰ ‘ਕਿਰਤੀ’ ਦੇ ਦਫ਼ਤਰ ਵਿਚ ਲੈ ਗਏ ਅਤੇ ਫੇਰ ਸਾਰਾ ਦਿਨ ਤਲਾਸ਼ੀ ਹੁੰਦੀ ਰਹੀ। ਸ਼ਾਮ ਨੂੰ ਫੇਰ ਮੈਨੂੰ ਕੋਤਵਾਲੀ ਰੱਖਿਆ ਗਿਆ ਚੂੰਕਿ ਉਦੋਂ ਸਰਦੀ ਹੀ ਸੀ ਇਸ ਕਰਕੇ ਰਾਤ ਨੂੰ ਕੰਬਲ ਘੱਟ ਮਿਲਣ ਕਰਕੇ ਮੈਨੂੰ ਕਾਫ਼ੀ ਸਰਦੀ ਲੱਗੀ। ਅਗਲੇ ਦਿਨ ਅਖ਼ਬਾਰਾਂ ਨੇ ਇਸ ਉੱਤੇ ਲਿਖਿਆ ਤਾਂ ਕੰਬਲ ਜ਼ਿਆਦਾ ਮਿਲ ਗਏ। ਤੀਜੇ ਦਿਨ ਮੈਨੂੰ ਸਵੇਰੇ ਹੀ ਕੱਢਿਆ ਗਿਆ।

ਨੋਟ

1. ਉਸ ਵੇਲੇ ਦੀ ਬਸਤੀਵਾਦੀ ਸਰਕਾਰ ਅਜ਼ਾਦੀ ਲਹਿਰ ਵਿੱਚ ਹਿੰਸਾ ਦੀ ਵਰਤੋਂ ਦੇ ਪ੍ਰਚਾਰ ਨੂੰ ‘ਤਸ਼ੱਦਦ’ ਗਰਦਾਨਦੀ ਸੀ। (-ਸੰਪਾਦਕ)  

2. ਭਗਵਤੀ ਚਰਨ ਸ਼ਹੀਦ ਭਗਤ ਸਿੰਘ ਹੁਰਾਂ ਦੀ ਪਾਰਟੀ ‘ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ’ ਦੇ ਉੱਘੇ ਮੈਂਬਰ ਸਨ ਅਤੇ ਸਾਂਡਰਸ ਨੂੰ ਮਾਰਨ ਦੇ ਐਕਸ਼ਨ ਤੋਂ ਬਾਅਦ ਸ਼ਹੀਦ ਭਗਤ ਸਿੰਘ ਨੂੰ ਲਾਹੌਰੋਂ ਬਾਹਰ ਕੱਢ ਕੇ ਲਿਜਾਣ ਵਾਲ਼ੀ ਦੁਰਗਾ ‘ਭਾਬੀ’ ਦੇ ਪਤੀ ਸਨ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਛੁਡਾਉਣ ਲਈ ਬਣਾਏ ਗਏ ਬੰਬਾਂ ਦੀ ਪਰਖ ਦੌਰਾਨ ਬੰਬ ਫਟਣ ਨਾਲ਼ ਸ਼ਹੀਦ ਹੋਏ ਸਨ। (-ਸੰਪਾਦਕ)  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016