ਔਰਤ ਦੀ ਗੁਲਾਮੀ ਦਾ ਆਰਥਿਕ ਅਧਾਰ •ਸੀਤਾ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਅਕਸਰ ਕਿਸੇ ਮਰਦ ਨੂੰ ਪੁੱਛੋਂ ਕਿ ਉਸ ਦੀ ਪਤਨੀ ਕੀ ਕਰਦੀ ਹੈ ਤਾਂ ਉਹ ਇੱਕਦਮ ਕਹੇਗਾ ਕਿ ”ਜੀ, ਬਸ ਕੁੱਝ ਨਹੀਂ, ਬਸ ਘਰ ਹੀ ਹੁੰਦੀ ਹੈ।”… ਤੇ ਅਸੀਂ ਵੀ ਇਸ ਗੱਲ ਨੂੰ ਬੜੀ ਸਹਿਜਤਾ ਨਾਲ਼ ਲੈਂਦੇ ਹਾਂ ਕਿ ਕੁੱਝ ਨਹੀਂ ਕਰਦੀ। ਇੱਕ ਔਰਤ ਜੋ ਅਪਣੇ ਮਰਦ ਨਾਲ਼ੋਂ ਦੂਣਾ ਕੰਮ ਕਰਦੀ ਹੈ, ਜਿਸਦੀ ਮਿਹਨਤ ਨਾਲ਼ ਘਰ-ਪਰਿਵਾਰ ਚਲਦਾ ਹੈ, ਪੀੜ੍ਹੀਆਂ ਅਗਾਂਹ ਵਧਦੀਆਂ ਹਨ, ਜੋ ਘਰ ਦੇ ਸਭ ਜੀਆਂ ਦੇ ਸੁੱਤੇ ਪਿਆਂ ਉੱਠਦੀ ਹੈ ਤੇ ਸਭ ਤੋਂ ਪਿੱਛੋਂ ਸੌਂਦੀ ਹੈ, ਯਾਨੀ ਜੋ ਔਸਤਨ 12 ਤੋਂ 14 ਘੰਟੇ ਕੰਮ ਕਰਦੀ ਹੈ— ਉਸ ਬਾਰੇ ਅਸੀਂ ਬੜੀ ਸਹਿਜਤਾ ਨਾਲ਼ ਕਹਿੰਦੇ ਹਾਂ ”ਕੁੱਝ ਨਹੀਂ ਕਰਦੀ”। ਅਜਿਹਾ ਕਿਉਂ? ਸਾਰਾ ਦਿਨ ਰੁੱਝੇ ਰਹਿਣ ਵਾਲ਼ੇ ਇਨਸਾਨ ਬਾਰੇ ਇਹ ਰਵੱਈਆ ਕਿਉਂ? ਕਿਉਂ ਉਸ ਦੀ ਕਿਰਤ ਨੂੰ ਮਾਨਤਾ ਮਿਲਣ ਦੀ ਬਜਾਏ ਉਸ ਨੂੰ ਦੂਸਰੇ ਦਰਜੇ ਦੀ ਨਾਗਰਿਕਤਾ ਤੇ ਮਰਦ ਦੀ ਗੁਲਾਮੀ ਮਿਲ਼ਦੀ ਹੈ। ਪੈਰ-ਪੈਰ ‘ਤੇ ਉਸਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਖੁਦ ਕੁੱਝ ਨਹੀਂ ਹੈ ਸਗੋਂ ਮਰਦ ਦੇ ਮੋਢਿਆਂ ਉੱਤੇ ਇੱਕ ਬੋਝ ਹੈ ਜਿਸ ਨੂੰ ਮਰਦ ਨੂੰ ਉਮਰ ਭਰ ਲਈ ਖੁਆਉਣਾ ਪੈਂਦਾ ਹੈ। ਜੋ ਖੁਦ ਤਾਂ ਉਮਰ ਭਰ ਕਮਾਉਂਦੀ ਨਹੀਂ ਸਗੋਂ ਖਰਚ ਹੀ ਕਰਦੀ ਹੈ। ਇਸੇ ਲਈ ਮਰਦ ਨੂੰ ਹੱਕ ਹੈ ਕਿ ਉਹ ਔਰਤ ਨੂੰ ਦਾਸੀ ਬਣਾ ਕੇ ਰੱਖੇ ਤੇ ਔਰਤ ਦਾ ਇਹ ਫਰਜ਼ ਹੈ ਕਿ ਉਹ ਹਰ ਜਬਰ-ਜੁਲਮ ਨੂੰ ਬਿਨਾਂ ਸੀਂ ਕੀਤੇ ਸਹਿਜ-ਸੁਭਾ ਨਾਲ਼ ਜਰੇ। ਇਹ ਸਿਰਫ ਸਾਡੇ ਭਾਰਤੀ ਸਮਾਜ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਪ੍ਰਵਾਨ ਕੀਤੀ ਜਾਂਦੀ ਸੋਚ ਹੈ, ਇੱਕ ਮਾਨਤਾ ਹੈ, ਪ੍ਰੰਪਰਾ ਹੈ। ਇਹ ਸੋਚਾਂ ਪ੍ਰੰਪਰਾਵਾਂ ਉਂਝ ਹੀ ਨਹੀਂ ਪੈਦਾ ਹੋ ਜਾਂਦੀਆਂ। ਇਹਨਾਂ ਦੇ ਪੈਦਾ ਹੋਣ ਦੇ ਪਦਾਰਥਕ ਕਾਰਨ ਹੁੰਦੇ ਹਨ। ਇਹ ਪਦਾਰਥਕ ਕਾਰਨ ਮੌਜੂਦ ਹੁੰਦੇ ਹਨ ਸਮਾਜ ਦੇ ਨਿਸ਼ਚਿਤ ਆਰਥਿਕ ਅਧਾਰ ਵਿੱਚ ਤੇ ਉਸੇ ਮੁਤਾਬਕ ਬਣਦੇ, ਢਲ਼ਦੇ ਤੇ ਬਦਲਦੇ ਰਹਿੰਦੇ ਹਨ। ਇਸੇ ਲਈ ਔਰਤ ਪ੍ਰਤੀ ਇਸ ਸੋਚ, ਇਸ ਪ੍ਰੰਪਰਾ ਦੀਆਂ ਜੜ੍ਹਾਂ ਵੀ ਇਸ ਸਮਾਜ ਦੀ ਆਰਥਕਤਾ ਵਿੱਚੋਂ ਹੀ ਲੱਭਣਗੀਆਂ।

ਪਰ ਅਸੀਂ ਵੇਖਦੇ ਹਾਂ ਕਿ ਅਕਸਰ ਔਰਤ ਦੀ ਗੁਲਾਮੀ ਦੀ ਚਰਚਾ ਕਰਦੇ ਹੋÂ ਔਰਤ ਮੁਕਤੀ ਲਹਿਰ ਦੀਆਂ ਵੱਖ-ਵੱਖ ਧਰਾਵਾਂ ਵੱਲੋਂ, ਸੁਭਾਵਕ ਹੀ, ਨਾਰੀ ਸਮੱਸਿਆ ਦੇ ਸਮਾਜਕ, ਸਰੀਰਕ ਤੇ ਭਾਵਨਾਤਮਕ ਪੱਖਾਂ ਉੱਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ ਤੇ ਇਹਨਾਂ ਸਮੱਸਿਆਵਾਂ ਨੂੰ ਪੈਦਾ ਕਰਨ ਵਾਲ਼ੇ ਆਰਥਿਕ ਅਧਾਰ ਵੱਲ ਘੱਟ। ਕਿਉਂਕਿ ਔਰਤ ਉੱਤੇ ਕੀਤੇ ਜਾਣ ਵਾਲ਼ੇ ਅੱਤਿਆਚਾਰਾਂ ਦੀ ਲੰਬੀ ਸੂਚੀ ਵਿੱਚ ਸਰੀਰਕ ਜੁਰਮ ਤੇ ਲੁੱਟ, ਭਾਵਨਾਤਮਕ ਪੀੜਾਂ ਤੇ ਸਮਾਜਕ ਅਨਿਆਂ ਤੇ ਭੇਦ-ਭਾਵ ਦੀਆਂ ਉਦਾਹਰਨਾਂ ਦੀ ਸੰਖਿਆ ਬਹੁਤ ਲੰਮੀ ਅਤੇ ਪ੍ਰਤੱਖ ਹੁੰਦੀ ਹੈ, ਜਦੋਂ ਕਿ ਆਰਥਕ ਪੱਖ ਬੁਨਿਆਦੀ ਹੁੰਦੇ ਹੋਏ ਵੀ ਅਪ੍ਰਤੱਖ ਤੇ ਲੁਕਵਾਂ ਹੁੰਦਾ ਹੈ। ਇਸੇ ਲਈ ਔਰਤ ਦੀ ਗੁਲਾਮੀ ਦੇ ਇਸ ਮੁੱਖ ਕਾਰਨ ਵੱਲ ਧਿਆਨ ਘੱਟ ਦਿੱਤਾ ਜਾਂਦਾ ਹੈ ਸਮਾਜਕ ਮਾਨਤਾਵਾਂ ਤੇ ਪ੍ਰੰਪਰਾਵਾਂ ਵੱਲ ਵੱਧ। ਔਰਤ ਗ਼ੁਲਾਮੀ ਦੇ ਆਰਥਕ ਅਧਾਰ ਨੂੰ ਸਮਝਣ ਲਈ ਚੇਤੰਨ ਕੋਸ਼ਿਸ਼ਾਂ ਦੀ ਲੋੜ ਹੈ ਤੇ ਇਸ ਨੂੰ, ਸਮਝਣਾ ਬੇਹੱਦ ਜ਼ਰੂਰੀ ਹੈ। ਇਸ ਤਰ੍ਹਾਂ ਹੀ ਅਸੀਂ ਔਰਤ ਦੀ ਗ਼ੁਲਾਮੀ ਦੇ ਸਮਾਜ ਵਿਚਲੇ ਆਧਾਰ ਨੂੰ ਖਤਮ ਕਰਨ ਦਾ ਰਾਹ ਤਲਾਸ਼ ਸਕਦੇ ਹਾਂ ਤੇ ਨਾਰੀ ਮੁਕਤੀ ਲਹਿਰ ਲਈ ਸਹੀ ਦਿਸ਼ਾ ਅਪਣਾ ਸਕਦੇ ਹਾਂ।

ਔਰਤ ਦੀ ਸਮਾਜਕ ਪ੍ਰੀਭਾਸ਼ਾ

ਸਮਾਜ ਵਿੱਚ ਔਰਤ ਦੀ ਸਥਿਤੀ ਸਿਰਫ ਮਾਨਤਾਵਾਂ ਤੇ ਪ੍ਰੰਪਰਾਵਾਂ ਨਾਲ਼ ਹੀ ਨਿਰਧਾਰਤ ਨਹੀਂ ਹੋ ਜਾਂਦੀ। ਜਿਵੇਂ ਵੱਖ-ਵੱਖ ਵਰਗਾਂ ਅਤੇ ਤਬਕਿਆ ਦੀਆਂ ਸਮਾਜਿਕ ਸਥਿਤੀਆਂ ਦੇ ਨਿਸ਼ਚਤ ਅਧਾਰ ਹੁੰਦੇ ਹਨ ਉਸੇ ਤਰ੍ਹਾਂ ਵੱਖ-ਵੱਖ ਵਰਗਾਂ ਤੇ ਤਬਕਿਆਂ ਵਿੱਚ ਵੰਡੇ ਹੋਣ ਦੇ ਬਾਵਜੂਦ ਔਰਤਾਂ ਦੀ ਸਮਾਜਿਕ ਸਥਿਤੀ ਦਾ ਵੀ ਇੱਕ ਨਿਸ਼ਚਤ ਅਧਾਰ ਹੈ। ਇਸੇ ਅਧਾਰ ਤੋਂ ਹੀ ਔਰਤ ਦੀ ਗੁਲਾਮੀ ਦੇ ਵੱਖੋ-ਵੱਖਰੇ ਰੂਪਾਂ ਦਾ ਜਨਮ ਹੁੰਦਾ ਹੈ। ਔਰਤ ਦੀ ਸਮਾਜਕ ਚਰਚਾ ਕਰਦੇ ਵਕਤ ਅਸੀਂ ਕਿਸ ਔਰਤ ਦੀ ਗੱਲ ਕਰ ਰਹੇ ਹਾਂ? ਔਰਤ ਸਰਮਾਏਦਾਰ ਹੋ  ਸਕਦੀ ਹੈ (ਭਾਵੇਂ ਕਿ ਟਾਵੀਂ ਹੀ), ਖੇਤ ਜਾਂ ਕਾਰਖਾਨੇ ਦੀ ਮਜ਼ਦੂਰ ਹੋ ਸਕਦੀ ਹੈ, ਦਫ਼ਤਰ ‘ਚ ਕੰਮ ਕਰਨ ਵਾਲ਼ੀ ਮੁਲਾਜ਼ਮ ਹੋ ਸਕਦੀ ਹੈ। ਪਰ ਸਰਮਾਏਦਾਰ, ਮਜ਼ਦੂਰ ਜਾਂ ਮੁਲਾਜ਼ਮ ਹੋਣ ਨਾਲ਼ ਔਰਤ ਪ੍ਰੀਭਾਸ਼ਤ ਨਹੀਂ ਹੁੰਦੀ। ਸਰਮਾਏਦਾਰ ਤੇ ਮਜ਼ਦੂਰਾਂ ਦੀਆਂ ਸਮਾਜਕ ਹਾਲਤਾਂ ਤੇ ਉਹਨਾਂ ਦੇ ਆਰਥਕ ਅਧਾਰਾਂ ਦਾ ਵਿਸ਼ਲੇਸ਼ਣ ਔਰਤ ਤੇ ਮਰਦ ਦੇ ਜ਼ਿਕਰ ਤੋਂ ਬਿਨਾਂ ਹੀ ਮੁਕੰਮਲ ਤੌਰ ‘ਤੇ ਕੀਤਾ ਜਾ ਸਕਦਾ ਹੈ। ਜੋ ਪੈਦਾਵਾਰੀ ਸਾਧਨਾਂ ਦਾ ਮਾਲਕ ਹੈ ਉਹ ਸਰਮਾਏਦਾਰ ਹੈ। ਜਿਸ ਕੋਲ਼ ਪੈਦਾਵਾਰ ਦਾ ਕੋਈ ਸਾਧਨ ਨਹੀਂ ਤੇ ਜਿਸ ਨੂੰ ਅਪਣੀ ਰੋਜ਼ੀ ਰੋਟੀ ਲਈ ਅਪਣੀ ਕਿਰਤ ਸ਼ਕਤੀ ਵੇਚਣੀ ਪੈਂਦੀ ਹੈ ਉਹ ਮਜ਼ਦੂਰ ਜਾਂ ਮੁਲਾਜਮ ਹੈ। ਇਸ ਤਰ੍ਹਾਂ ਦੀ ਪ੍ਰੀਭਾਸ਼ਾ ਲੱਭੀਏ ਤਾਂ ਔਰਤ ਕੌਣ ਹੈ?

ਔਰਤ ਦੀ ਸਮਾਜਕ ਪ੍ਰੀਭਾਸ਼ਾ ਪਰਿਵਾਰ ਨਾਂ ਦੀ ਸੰਸਥਾ ਨਾਲ਼ ਜੁੜੀ ਹੋਈ ਹੈ। ਪਰਿਵਾਰ ਵਿੱਚ ਚੀਜ਼ਾਂ ਦੀ ਪੈਦਾਵਾਰ ਵੀ ਹੁੰਦੀ ਹੈ ਤੇ ਲੋਕ ਵੀ ਪੈਦਾ ਹੁੰਦੇ ਹਨ। ਇਹਨਾਂ ਦੋਹਾਂ ਕਿਸਮਾਂ ਦੀ ਪੈਦਾਵਾਰ ਵਿੱਚ ਚੁੱਲ੍ਹਾ-ਚੌਂਕਾ, ਝਾੜੂ-ਪੋਚਾ ਅਤੇ ਬੱਚੇ ਜੰਮਣ ਤੇ ਪਾਲਣ-ਪੋਸ਼ਣ ਵਿੱਚ ਅੰਤਾਂ ਦੀ ਮਿਹਨਤ ਲਗਦੀ ਹੈ ਤੇ ਇਹ ਲੱਕ ਤੋੜ ਮਿਹਨਤ ਔਰਤਾਂ ਦੇ ਜ਼ਿੰਮੇ ਲਗਦੀ ਹੈ। ਇਹ ਠੀਕ ਹੈ ਕਿ ਕਦੇ ਆਦਮੀ ਵੀ ਹੱਥ ਵਟਾ ਦੇਂਦਾ ਹੈ। ਚੇਤਨਾ ਦੇ ਵਧਣ ਨਾਲ ਹੱਥ ਵਟਾਉਣ ਦੀ ਇਹ ਮਾਤਰਾ ਵੀ ਵਧਦੀ ਜਾਂਦੀ ਹੈ। ਫਿਰ ਵੀ ਅੱਜ ਭਾਰਤ ਵਰਗੇ ਪਛੜੇ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਸੱਚਾਈ ਇਹ ਹੈ ਕਿ ਘਰ ਦਾ ਕੰਮ ਔਰਤ ਦੀ ਮਿਹਨਤ ਨਾਲ ਹੀ ਚਲਦਾ ਹੈ ਤੇ ਇਸ ਕੰਮ ਨੂੰ ਘਟੀਆ ਕੰਮ ਵਜੋਂ ਹੀ ਲਿਆ ਜਾਂਦਾ ਹੈ। ਆਦਮੀ ਦਾ ਘਰ ਦੇ ਕੰਮ ਵਿੱਚ ਹੱਥ ਵਟਾਉਣਾ ਛੋਟ ਵਜੋਂ ਹੀ ਹੈ। ਔਰਤ ਜੋ ਬਾਹਰ ਨੌਕਰੀ ਕਰਦੀ ਹੈ ਤਾਂ ਇਹ ਉਸਦਾ ਵਾਧੂ ਕੰਮ ਹੈ। ਘਰ ਦਾ ਕੰਮ ਫਿਰ ਵੀ ਉਸ ਦੀ ਮੁੱਖ ਜ਼ਿੰਮੇਵਾਰੀ ਰਹਿੰਦਾ ਹੈ। ਸੋ ਸਮਾਜਕ ਪ੍ਰੀਭਾਸ਼ਾ ਦੇ ਤੌਰ ‘ਤੇ ਜੇ ਲੈਣਾ ਹੋਇਆ ਤਾਂ ਔਰਤ ਉਹ ਪ੍ਰਾਣੀ ਹੈ ਜਿਸ ਦੀ ਮਿਹਨਤ ਨਾਲ਼ ਘਰ ਪਰਿਵਾਰ ਚੱਲਦਾ ਹੈ, ਟੱਬਰ ਅਗਾਂਹ ਵਧਦਾ ਹੈ।

ਬੇਸ਼ਕ ਔਰਤ ਦੀ ਮਿਹਨਤ ਨਾਲ਼ ਘਰ ਪਰਿਵਾਰ ਚੱਲਦਾ ਹੈ ਤੇ ਪੀੜ੍ਹਆਂ ਅਗਾਂਹ ਵਧਦੀਆਂ ਹਨ, ਪਰ ਫੇਰ ਵੀ ਉਸ ਦੇ ਕੰਮ ਨੂੰ ਘਟੀਆ ਤੇ ਖ਼ੁਦ ਉਸ ਨੂੰ ਦੂਸਰੇ ਦਰਜੇ ਦਾ ਨਾਗਰਿਕ ਮੰਨਿਆ ਜਾਂਦਾ ਹੈ। ਅਜਿਹਾ ਕਿਉਂ? ਕੀ ਅਜਿਹਾ ਮੁੱਢ ਕਦੀਮ ਤੋਂ ਹੀ ਸੀ? ਜੇ ਅਜਿਹਾ ਮੁੱਢ ਕਦੀਮ ਤੋਂ ਨਹੀਂ ਸੀ ਤਾਂ ਢੇਰ ਮਨੁੱਖੀ ਇਤਿਹਾਸ ਵਿੱਚ ਅਜਿਹਾ ਕੀ ਤੇ ਕਦੋਂ ਵਾਪਰਿਆ ਜਿਸ ਨੇ ਔਰਤ ਨੂੰ ਅਧੀਨਗੀ ਦੀ ਤੇ ਦੂਸਰੇ ਦਰਜੇ ਦੀ ਨਾਗਰਿਕਤਾ ‘ਚ ਲੈ ਜਾ ਸੁੱਟਿਆ। ਅਸੀਂ ਦੇਖਿਆ ਹੈ ਕਿ ਔਰਤ ਦੀ ਅਧੀਨਗੀ, ਉਸ ਦੀ ਗੁਲਾਮੀ ਰੂਪਮਾਨ ਹੁੰਦੀ ਹੈ ਟੱਬਰ ਜਾਂ ਪਰਿਵਾਰ ਨਾ ਦੀ ਸੰਸਥਾ ਅੰਦਰ। ਇੰਝ ਔਰਤ ਦੀ ਗੁਲਾਮੀ ਦੇ ਲੰਬੇ ਸਫਰ ਨੂੰ ਵੇਖਣ ਲਈ ਸਾਨੂੰ ਸਮਾਜ ਦੇ ਇਤਿਹਾਸਕ ਵਿਕਾਸ-ਕ੍ਰਮ ਦੌਰਾਨ ਵਾਪਰੇ ਟੱਬਰ ਦੇ ਇਤਿਹਾਸਕ ਵਿਕਾਸ-ਕ੍ਰਮ ਨੂੰ ਵੇਖਣਾ-ਜਾਂਚਣਾ ਪਵੇਗਾ। ਮਤਲਬ ਇਹ ਕਿ ਔਰਤ ਦੀ ਹੋਣੀ ਨੂੰ ਜਾਨਣ ਲਈ ਬੇ-ਹੱਦ ਜ਼ਰੂਰੀ ਹੈ ਇਸ ਗੱਲ ਨੂੰ ਜਾਨਣਾ ਕਿ ਮੱਨੁਖੀ ਇਤਿਹਾਸ ਦੇ ਵਿਕਾਸ ਦੌਰਾਨ ਟੱਬਰ ਦੀ ਉਤਪਤੀ, ਨਿੱਜੀ ਜਾਇਦਾਦ ਦੇ ਨਾਲ਼ੋ-ਨਾਲ਼ ਹੁੰਦੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਟੱਬਰ ਇੱਕ ਸਰਗਰਮ ਅਮਲ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਕਦੇ ਅਹਿੱਲ ਨਹੀਂ ਰਹਿੰਦਾ। ਜਿਓਂ ਜਿਓਂ ਸਮਾਜ ਨੀਵੀਂ ਤੋਂ ਉਚੇਰੀ ਸਥਿਤੀ ਵੱਲ ਵਧਦਾ ਹੈ ਤਿਓਂ, ਤਿਓਂ ਟੱਬਰ ਨੀਵੇਂ ਤੋਂ ਉਚੇਰੇ ਰੂਪ ਵੱਲ ਵਧਦਾ ਹੈ ਤੇ ਇਸ ਦੇ ਨਾਲ਼ ਹੀ ਜੁੜੀ ਹੋਈ ਤੁਰਦੀ ਹੈ ਔਰਤ ਦੀ ਹੋਣੀ।

ਟੱਬਰ ਦਾ ਮੁੱਢ ਤੇ ਵਿਕਾਸ

ਸਭ ਤੋਂ ਪਹਿਲਾਂ ਅਸੀਂ ਪਹੁੰਚਦੇ ਹਾਂ ਉਸ ਦੌਰ ‘ਚ ਜਿੱਥੇ ਮੱਨੁਖ ਜਾਨਵਰ ਦੇ ਪੱਧਰ ਨਾਲ਼ੋਂ ਕੁਝ ਹੀ ਉੱਪਰ ਉੱਠਿਆ ਸੀ। ਇੱਥੇ ਮੱਨੁਖਾਂ ਦਰਮਿਆਨ ਟੱਬਰ ਦੀ ਕੋਈ ਹੋਂਦ ਨਹੀਂ ਹੈ। ਇੱਥੇ ਅਸੀਂ ਵੇਖਦੇ ਹਾਂ ਕਿ ਮੱਨੁਖ ਟੋਲੀਆਂ ਦੇ ਰੂਪ ‘ਚ ਰਹਿੰਦੇ ਹਨ। ਮਰਦਾਂ ਦੀ ਪੂਰੀ ਦੀ ਪੂਰੀ ਟੋਲੀ ਪਰਸਪਰ ਰੂਪ ਵਿੱਚ ਔਰਤਾਂ ਦੀ ਪੂਰੀ ਦੀ ਪੂਰੀ ਟੋਲੀ ਨਾਲ਼ ਵਿਆਹੀ ਹੋਈ ਹੈ। ਯਾਨੀ ਇਸ ‘ਚ ਖੁੱਲੇ ਲਿੰਗ ਸਬੰਧ ਸਨ। ਇਸ ਪੂਰੀ ਟੋਲੀ ਦੇ ਬੱਚੇ ਸਾਂਝੇ ਹਨ। ਸਾਰੇ ਮਰਦ ਬਾਪ ਹਨ ਤੇ ਸਾਰੀਆਂ ਔਰਤਾਂ ਮਾਂਵਾ ਹਨ ਤੇ ਉਹ ਸਾਰੇ ਬੱਚਿਆਂ ਲਈ ਇੱਕ ਹੀ ਤਰ੍ਹਾਂ ਫ਼ਰਜ ਨਿਭਾਉਦੇ ਹਨ। ਇੱਥੇ ਬੱਚਿਆਂ ਦੇ ਬਾਪ ਦੀ ਕੋਈ ਪਛਾਣ ਨਹੀਂ ਹੈ। ਬੱਚੇ ਮਾਂ ਤੋਂ ਪਛਾਣੇ ਜਾਂਦੇ ਹਨ ਤੇ ਇਓਂ ਹੌਲ਼ੀ ਹੌਲ਼ੀ ਮਾਤਰੀ ਲੀਹ ਵਿਕਸਤ ਹੋ ਰਹੀ ਹੈ। ਇਹਨਾਂ ਟੋਲੀਆਂ ਦੀ ਰੋਜ਼ੀ ਰੋਟੀ ਦਾ ਵਸੀਲਾ ਕੰਦ-ਮੂਲ ਇੱਕਠਾ ਕਰਨਾ ਤੇ ਸ਼ਿਕਾਰ ਕਰਨਾ ਹੈ ਜਿਸ ਨੂੰ ਇਹ ਲੋਕ ਮਿਲ਼ ਕੇ ਹਾਸਲ ਕਰਦੇ ਹਨ ਤੇ ਮਿਲ਼ ਕੇ ਖਾਂਦੇ ਹਨ। ਇੰਝ ਕੰਦ-ਮੂਲ ਤੇ ਸ਼ਿਕਾਰ ਹਾਸਲ ਕਰਨਾ ਹੀ ਇਸ ਯੁੱਗ ਦੀ ਆਰਥਿਕਤਾ ਹੈ। ਇੱਥੇ ਕੋਈ ਕਿਸੇ ਦੇ ਅਧੀਨ ਨਹੀਂ ਹੈ ਤੇ ਨਾ ਹੀ ਕੋਈ ਕਿਰਤ ਦੀ ਵੰਡ। ਸਭ ਕਾਮੇ ਹਨ ਤੇ ਸਭ ਬਰਾਬਰ ਹਨ।

ਹੁਣ ਮੱਨੁਖ ਆਪਣੇ ਵਿਕਾਸ-ਕ੍ਰਮ ‘ਚ ਇੱਕ ਪੁਲਾਂਘ ਅੱਗੇ ਵਧਦਾ ਹੈ। ਹੁਣ ਉਸ ਕੋਲ ਸ਼ਿਕਾਰ ਕਰਨ ਤੇ ਕੰਦਮੂਲ ਇੱਕਠੇ ਕਰਨ ਲਈ ਮੁੱਢਲੇ ਕਿਸਮ ਦੇ ਹਥਿਆਰ ਜਿਵੇਂ ਤੀਰ ਕਮਾਨ, ਬਰਛੇ, ਹਥੌੜੇ ਤੇ ਚਾਕੂ ਵਗੈਰਾ ਹਨ। ਔਰਤਾਂ ਦੀ ਗਰਭ ਅਵਸਥਾ, ਬੱਚੇ ਜੰਮਣ ਤੇ ਦੁੱਧ ਚੁੰਘਾਉਣ ਦੇ ਕੰਮ ਨਾਲ਼ ਸ਼ਿਕਾਰ ਅਨੁਕੂਲ ਨਾ ਬੈਠਦਾ ਹੋਣ ਕਾਰਨ ਹੁਣ ਔਰਤਾਂ ਜ਼ਿਆਦਾ ਕੰਦਮੂਲ ਇੱਕਠਾ ਕਰਨ ਦਾ ਤੇ ਆਦਮੀ ਸ਼ਿਕਾਰ ਦਾ ਕੰਮ ਕਰਦੇ ਹਨ। ਹੁਣ ਇਹਨਾਂ ਕੰਮਾਂ ‘ਚ ਇੱਕ ਹੱਦ ਤੱਕ ਦੀ ਮੁਹਾਰਤ ਆ ਚੁੱਕੀ ਹੈ। ਇਓਂ ਕਿਰਤ ਦੀ ਹਲਕੀ ਜਿਹੀ ਵੰਡ ਉਹਨਾਂ ਦਰਮਿਆਨ ਸ਼ੁਰੂ ਹੁੰਦੀ ਹੈ। ਬੇਸ਼ੱਕ ਇਹ ਕੋਈ ਪੱਕੀ ਵੰਡ ਨਹੀਂ ਹੈ। ਕਿਉਂਕਿ ਮਰਦ ਵੀ ਕੰਦਮੂਲ ਇੱਕਠਾ ਕਰਨ ਦਾ ਤੇ ਔਰਤਾਂ ਵੀ ਸ਼ਿਕਾਰ ਕਰਨ ਦਾ ਕੰਮ ਹਾਲੇ ਵੀ ਕਰਦੀਆਂ ਹਨ। ਇਹ ਸਮਾਜ ਜਿਸ ਨੂੰ ਕੰਦਮੂਲ ਇੱਕਠਾ ਕਰਨ ਵਾਲ਼ਾ ਤੇ ਸ਼ਿਕਾਰੀ ਸਮਾਜ ਕਿਹਾ ਜਾਂਦਾ ਹੈ, ਲਿੰਗ ਸਬੰਧਾ ਦੀ ਸਮਾਨਤਾ ਦਾ ਸਮਾਜ ਸੀ ਤੇ ਇਸ ਨੂੰ ਨਿੱਤ ਦੀ ਖੁਰਾਕ ਲਈ ਨਿੱਤ ਹੀ ਸੰਘਰਸ਼ ਕਰਨਾ ਪੈਂਦਾ ਸੀ।

ਮੱਨੁਖ ਨੇ ਅਪਣੇ ਵਿਕਾਸ ‘ਚ ਅਗਲੀ ਪੁਲਾਂਘ ਇਹ ਭਰੀ ਕਿ ਸਹਿਗੋਤਰ ਟੱਬਰ ਹੋਂਦ ‘ਚ ਆਏ ਤੇ ਇਹੋ ਹੀ ਟੱਬਰ ਦਾ ਮੁੱਢਲਾ ਰੂਪ ਸੀ। ਇੱਥੇ ਟੋਲੀ ਵਿਆਹ ਪੀੜੀਆਂ ਅਨੁਸਾਰ ਬੱਝੇ ਹੋਏ ਸਨ। ਯਾਨਿ ਸਭ ਦਾਦੇ, ਨਾਨੇ ਤੇ ਦਾਦੀਆਂ, ਨਾਨੀਆਂ ਟੱਬਰ ਦੀਆਂ ਹੱਦਾਂ ਅੰਦਰ ਪਤੀ-ਪਤਨੀ ਤੇ ਭੈਣ-ਭਰਾ ਹਨ ਤੇ ਇਸ ਤਰ੍ਹਾਂ ਉਹਨਾਂ ਦੀਆਂ ਔਲਾਦਾਂ ਵੀ। ਇਓਂ ਟੱਬਰ ਦੇ ਇਸ ਰੂਪ ‘ਚ ਪਿਤਾ-ਪਿਤਾਮਾ ਤੇ ਉਹਨਾਂ ਦੀ ਔਲਾਦ ਤੇ ਅਗਾਂਹ ਉਹਨਾਂ ਦੇ ਬੱਚੇ ਇੱਕ ਦੂਜੇ ਨਾਲ਼ ਵਿਆਹ ਦੇ ਹੱਕਾਂ ਤੇ ਜ਼ਿੰਮੇਵਾਰੀਆਂ ਤੋਂ ਬਾਹਰ ਕਰ ਦਿੱਤੇ ਗਏ। ਹੌਲ਼ੀ ਹੌਲ਼ੀ ਚੇਤਨਤਾ ਦੇ ਵਿਕਾਸ ਨਾਲ਼ ਪਹਿਲਾਂ ਖੂਨ ਤੇ ਫਿਰ ਨੇੜਲਿਆਂ ਰਿਸ਼ਤਿਆਂ ਤੇ ਫਿਰ ਦੁਰੇਡੇ ਰਿਸ਼ਤਿਆਂ ਦਰਮਿਆਨ ਲਿੰਗ ਸਬੰਧਾਂ ਦੀ ਮਨਾਹੀ ਕਰ ਦਿੱਤੀ ਗਈ। ਇੰਝ ਹੋਂਦ ‘ਚ ਆਏ ਟੱਬਰ ਨੂੰ ਪਨਾਲੂਆਨ ਟੱਬਰ ਕਿਹਾ ਜਾਂਦਾ ਹੈ। ਇਓਂ ਅਸੀਂ ਦੇਖਦੇ ਹਾਂ ਕਿ ਲਿੰਗ ਸਬੰਧਾਂ ਉੱਤੇ ਨਿਰਭਰ ਵਧ ਰਹੀ ਮਨਾਹੀ ਨੇ ਮੁੱਢਲੇ ਕਿਸਮ ਦੇ ਜੋੜੇ ਟੱਬਰ ਨੂੰ ਜਨਮ ਦਿੱਤਾ। ਪਰ ਇਹ ਟੱਬਰ ਇੱਕ ਪਤੀ-ਇੱਕ ਪਤਨੀ ਦੇ ਬਾਵਜੂਦ ਵੀ ਹੁਣ ਵਾਂਗ ਕਿਵੇਂ ਵੀ ਨਹੀਂ ਸਨ। ਇਹਨਾਂ ਨੂੰ ਕੋਈ ਵੀ ਇੱਕ ਧਿਰ ਅਪਣੀ ਮਰਜ਼ੀ ਨਾਲ਼ ਜਦੋਂ ਚਾਹੁੰਦੀ ਤੋੜ ਸਕਦੀ ਸੀ ਤੇ ਬੱਚੇ ਪਹਿਲਾਂ ਵਾਂਗ ਹੀ ਮਾਂ ਦੇ ਨਾਲ਼ ਰਹਿੰਦੇ ਸਨ ਤੇ ਇੱਥੇ ਵੀ ਲੀਹ ਮਾਂ ਤੋਂ ਚੱਲਦੀ ਸੀ, ਯਾਨਿ, ਇਹ ਵੀ ਮਾਤਰੀ ਲੀਹ ਪ੍ਰਧਾਨ ਸਮਾਜ ਸੀ।  ਇਸ ਸਮਾਜ ‘ਚ ਪਤੀ ਨੂੰ ਪਤਨੀ ਦੇ ਟੱਬਰ ‘ਚ ਸ਼ਾਮਲ ਹੋਣਾ ਪੈਂਦਾ ਸੀ ਤੇ ਸਬੰਧ ਟੁੱਟਣ ਦੀ ਹਾਲਤ ‘ਚ ਉਸੇ ਨੂੰ ਹੀ ਘਰ ਛੱਡ ਕੇ ਜਾਣਾ ਪੈਂਦਾ ਸੀ। ਅੱਲਗ ਹੋਣ ਦੀ ਜਾਂ ਮੌਤ ਦੀ ਸੂਰਤ ‘ਚ ਔਰਤ ਜਾਂ ਮਰਦ ਦੀ ਖੁਦ ਦੀ ਜਾਇਦਾਦ ਜੋ ਕਿ ਦੋਵਾਂ ਵੱਲੋਂ ਵਰਤੇ ਜਾਣ ਵਾਲ਼ੇ ਵੱਖ-ਵੱਖ ਸੰਦ ਤੇ ਭਾਂਡੇ ਟੀਂਡੇ ਜੋ ਵੀ ਸਨ ਉਹ ਔਰਤ ਦੇ ਔਰਤ ਦੀ ਗੋਤ ‘ਚ ਤੇ ਮਰਦ ਦੇ ਮਰਦ ਦੀ ਗੋਤ ‘ਚ ਚਲੇ ਜਾਂਦੇ ਸਨ। ਇਹ ਕੋਈ ਰੱਟੇ ਦਾ ਮੁੱਦਾ ਨਹੀਂ ਸਨ ਬਣਦੇ।

ਮੱਨੁਖ ਅਪਣੇ ਵਿਕਾਸ ਦੇ ਅਗਲੇਰੇ ਪੜਾਅ ‘ਚ ਦਾਖਲ ਹੁੰਦਾ ਹੈ। ਉਸ ਨੇ ਪਸ਼ੂਆਂ ਨੂੰ ਪਾਲਤੂ ਬਣਾ ਕੇ ਉਹਨਾਂ ਦੇ ਵੱਗ ਤਿਆਰ ਕਰਨਾ ਸਿੱਖ ਲਿਆ। ਪਰ ਇਹ ਪਸ਼ੂਆ ਨੂੰ ਪਾਲਤੂ ਬਣਾਉਣ ਤੇ ਉਹਨਾਂ ਦੀ ਸਾਂਭ ਦਾ ਕੰਮ ਜਿੰਨੀ ਮੱਨੁਖੀ ਸ਼ਕਤੀ ਦੀ ਮੰਗ ਕਰਦਾ ਸੀ ਉਹ ਔਰਤ ਦੀ ਗਰਭ ਅਵਸਥਾ, ਬੱਚਾ ਜੰਮਣ ਤੇ ਦੁੱਧ ਚੰਘਾਉਣ ਦੇ ਸਮੇਂ ਉਸ ਦੀ ਘਟੀ ਹੋਈ ਸਰੀਰਕ ਸ਼ਕਤੀ ਨਾਲ਼ ਮੇਲ ਨਹੀਂ ਖਾਂਦਾ ਹੋਵੇਗਾ। ਭਾਵੇਂ ਕਿ ਬਾਕੀ ਵੇਲ਼ਿਆਂ ‘ਚ ਉਸ ਸਮੇਂ ਦੀ ਔਰਤ ਕਿਸੇ ਵੀ ਤਰ੍ਹਾਂ-ਦਿਮਾਗੀ ਜਾਂ ਜਿਸਮਾਨੀ ਤੌਰ ‘ਤੇ-ਮਰਦ ਨਾਲ਼ੋਂ ਘੱਟ ਨਹੀਂ ਹੋਵੇਗੀ। ਪਰ ਅਜਿਹੇ ਵੇਲ਼ਿਆ ‘ਤੇ ਜ਼ਰੂਰ ਹੀ ਉਸ ਨੂੰ ਮਰਦ ਦੀ ਮਦਦ ਦੀ ਲੋੜ ਪੈਂਦੀ ਹੋਵੇਗਾ। ਪਰ ਇਹ ਉਹ ਵੇਲ਼ਾ ਸੀ ਜਦੋਂ ਸਰੀਰਕ ਸ਼ਕਤੀ ਹੀ ਹੋਂਦ ਦੀ ਸਭ ਤੋਂ ਵੱਡੀ ਗਰੰਟੀ ਸੀ ਤੇ ਸ਼ਾਇਦ ਇਹ ਉਹ ਸਮੇਂ ਹੁੰਦੇ ਹੋਣਗੇ ਜਦੋਂ ਔਰਤ ਖਿਲਾਫ ਹਿੰਸਾ ਦੀ ਸ਼ੁਰੂਆਤ ਹੋਈ ਹੋਵੇਗੀ।

ਦੂਸਰੇ ਬੰਨੇ ਪਸ਼ੂਆਂ ਦੇ ਵੱਗ ਤਿਆਰ ਕਰਨ ਨੇ ਦੌਲਤ ਦੇ ਅਜਿਹੇ ਸੋਮਿਆਂ ਨੂੰ ਪੈਦਾ ਕੀਤੇ ਜਿਸਨੇ ਨਵੇਂ ਸਮਾਜੀ ਸਬੰਧਾਂ ਨੂੰ ਜਨਮ ਦਿੱਤਾ। ਹੁਣ ਖੁਰਾਕ ਦੀ ਨਿੱਤ ਦੀ ਭਾਲ਼ ਖਤਮ ਹੋ ਗਈ। ਉਲਟੇ ਮੱਨੁਖ ਕੋਲ਼ ਖੁਰਾਕ ਦੀ ਬਹੁਲਤਾ ਹੋ ਗਈ। ਪਰ ਇਹ ਦੌਲਤ ਕਿਸ ਦੀ ਸੀ? ਸ਼ੁਰੂ ‘ਚ ਤਾਂ ਸਾਰੀ ਗੋਤ ਦੀ ਹੀ ਸੀ। ਪਰ ਇਸ ਵਿÎੱਚ ਸ਼ੁਰੂ ਤੋਂ ਹੀ ਨਿੱਜੀ ਜਾਇਦਾਦ ਦੇ ਅੰਸ਼ ਸ਼ਾਮਲ ਸਨ। ਇਸੇ ਹੀ ਦੌਰਾਨ ਖੇਤੀ ਦੀ ਸ਼ੁਰੂਆਤ ਹ ੋਜਾਂਦੀ ਹੈ। ਇਸ ਦੌਰ ‘ਚ ਮੱਨੁਖ ਨੇ ਘਮੰਤੂਪੁਣੇ ਨੂੰ ਤਿਆਗ ਕੇ ਪਿੰਡ ਬੰਨ੍ਹ ਕੇ ਪੱਕੇ ਤੌਰ ‘ਤੇ ਟਿਕਵੀਂ ਜਗ੍ਹਾ ਰਹਿਣਾ ਸ਼ੁਰੂ ਕਰ ਦਿੱਤਾ। ਇਸੇ ਸਮੇਂ ਨੂੰ ਸੱਭਿਅਤਾ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ, ਯਾਨਿ ਵਾਧੂ ਪੈਦਾਵਾਰ ਦਾ ਦੌਰ। ਇਸ ਤੋਂ ਪਹਿਲਾਂ ਕਿਸੇ ਕੋਲ਼ ਵੀ ਵਾਧੂ ਪੈਦਾਵਾਰ ਨਹੀਂ ਸੀ ਜਿਸ ਨਾਲ਼ ਦੂਜੇ ਦੀ ਮਿਹਨਤ ਤੋਂ ਪੈਦਾ ਹੋਈਆਂ ਚੀਜ਼ਾਂ ਨੂੰ ਹੜੱਪਿਆ ਜਾ ਸਕੇ। ਪਰ ਹੁਣ ਇਹ ਪੈਦਾ ਹੋ ਚੁੱਕੀ ਸੀ। ਪਸ਼ੂਆ ਦੇ ਵੱਡੇ ਵੱਗ ਇਸ ਲਈ ਨਹੀਂ ਸੀ ਪਾਲ਼ੇ ਜਾਂਦੇ ਸਨ ਕਿ ਖੁਰਾਕ ਦੀ ਵੱਧ ਲੋੜ ਸੀ। ਸਗੋਂ ਇਸ ਲਈ ਪਾਲ਼ੇ ਜਾਂਦੇ ਸਨ ਕਿ ਇਹਨਾਂ ਦੀ ਵਰਤੋਂ ਕਦਰ ਦੇ ਨਾਲ਼-ਨਾਲ਼ ਇੱਕ ਵਟਾਂਦਰਾ ਕਦਰ ਵੀ ਪੈਦਾ ਹੋ ਗਈ ਸੀ। ਮਾਅਨੇ ਇਹ ਕਿ ਨਿੱਜੀ ਜਾਇਦਾਦ ਦੀ ਉੱਤਪਤੀ ਹੋ ਗਈ ਸੀ। ਹੁਣ ਤੱਕ ਹੋਂਦ ਵਿੱਚ ਆ ਚੁੱਕੇ ਜੋੜਾ ਟੱਬਰ ਕਾਰਨ ਮਾਂ ਦੇ ਨਾਲ਼ ਨਾਲ਼ ਵੀਰਜੀ ਪਿਤਾ ਦੀ ਵੀ ਪਛਾਣ ਹੋਣ ਲੱਗ ਗਈ ਸੀ। ਪਰ ਹਾਲੇ ਵੀ ਗੋਤ ਤੇ ਵਿਰਾਸਤ ਮਾਤਰੀ ਲੀਹ ਤੋਂ ਹੀ ਚੱਲਦੀ ਸੀ। ਜਿਸ ਕਰਕੇ ਜਾਇਦਾਦ ਉਸ ਨੂੰ ਬਣਾਉਣ ਵਾਲ਼ੇ ਦੇ ਅਪਣੇ ਬੱਚਿਆ ਨੂੰ ਨਹੀਂ ਸਗੋਂ ਉਸ ਦੀਆਂ ਭੈਣਾਂ ਦੇ ਬੱਚਿਆਂ ਨੂੰ ਮਿਲ਼ਦੀ ਸੀ। ਸੋ ਇਸ ਗੱਲ ਨੇ ਇਸ ਲੋੜ ਨੂੰ ਉਭਾਰਿਆ ਕਿ ਵਿਰਾਸਤ ਦੇ ਮਾਤਰੀ ਹੱਕ ਦੀ ਜਗ੍ਹਾ ਪਿਤਰੀ ਹੱਕ ਨੂੰ ਲਿਆਂਦਾ ਜਾਵੇ। ਜਾਇਦਾਦ ਦੇ ਹੋਂਦ ‘ਚ ਆਉਣ ਨੇਂ ਪਹਿਲਾਂ ਹੀ ਟੱਬਰ ‘ਚ ਮਰਦ ਦੀ ਸਥਿਤੀ ਭਾਰੂ ਤੇ ਮਜ਼ਬੂਤ ਬਣਾ ਦਿੱਤੀ ਸੀ। ਅਪਣੀ ਇਸ ਭਾਰੂ ਸਥਿਤੀ ਦਾ ਲਾਭ ਉਠਾਉਂਦਿਆ ਉਸ ਨੇ ਮਾਤਰੀ ਲੀਹ ਦੀ ਥਾਂ ਪਿਤਰੀ-ਲੀਹ ਨੂੰ ਲਿਆ ਖੜ੍ਹਾ ਕੀਤਾ। ਅਜਿਹਾ ਉਹ ਸੌਖਿਆਂ ਹੀ ਕਰ ਸਕਿਆ, ਕਿਉਂਕਿ ਇਹ ਉਸ ਵੇਲ਼ੇ ਦੇ ਸਮਾਜ ਦੀਆਂ ਲੋੜਾਂ ਅਨੁਸਾਰੀ ਹੀ ਸੀ। ਹੁਣ ਗੋਤ ਤੇ ਵਿਰਸਾ ਮਾਂ ਦੀ ਥਾਂ ਪਿਤਾ ਤੋਂ ਮਿੱਥਿਆ ਜਾਣ ਲੱਗਾ ਤੇ ਇੰਝ ਅਸੀਂ ਦੇਖਦੇ ਹਾਂ ਮਾਤਰੀ ਲੀਹ ਦਾ ਖਾਤਮਾ। ਜਿਵੇਂ ਕਿ ਏਂਗਲਜ਼ ਨੇ ਕਿਹਾ ਹੈ, ” ਇਹ ਮਦੀਨ ਦੀ ਸੰਸਾਰ ਇਤਿਹਾਸਕ ਹਾਰ ਸੀ।” ਉਹ ਮਰਦ ਦੀ ਵਾਸ਼ਨਾ ਦੀ ਗੁਲਾਮ ਬਣ ਗਈ। ਬੱਚੇ ਪੈਦਾ ਕਰਨ ਲਈ ਕੇਵਲ ਇੱਕ ਸਾਧਨ ਬਣ ਗਈ।

ਹੁਣ ਪਹਿਲਾਂ ਦੇ ਢਿੱਲੇ-ਢਾਲੇ ਜੋੜਾ ਟੱਬਰ ਨੇ ਇੱਕ ਪਤੀ-ਇੱਕ ਪਤਨੀ ਟੱਬਰ ਦਾ ਰੂਪ ਲੈ ਲਿਆ। ਪਰ ਇਸ ਵਿਆਹ ਦੇ ਬੱਧਨ ਪਹਿਲਾਂ ਨਾਲ਼ੋਂ ਵੱਧ ਕਰੜੇ ਸਨ। ਹੁਣ ਇਸ ਨੂੰ ਦੋਵੇਂ ਧਿਰਾਂ ਅਪਣੀ ਮਰਜ਼ੀ ਨਾਲ਼ ਤੋੜ ਨਹੀਂ ਸਨ ਸਕਦੀਆਂ। ਔਰਤ ਤਾਂ ਬਿਲਕੁਲ ਹੀ ਨਹੀਂ। ਬੇ-ਵਫਾਈ ਕਰਨ ਦਾ ਜਾਂ ਵਿਆਹ ਤੋੜਨ ਦਾ ਹੱਕ ਹੁਣ ਸਿਰਫ ਪਤੀ ਲਈ ਹੀ ਰਾਖਵਾਂ ਸੀ। ਇੰਝ ਅਸੀਂ ਦੇਖਦੇ ਹਾਂ ਕਿ ਟੱਬਰ ਦਾ ਇਹ ਪਹਿਲਾ ਰੂਪ ਸੀ ਜੋ ਕੁਦਰਤੀ ਹਾਲਤਾਂ ‘ਤੇ ਨਹੀਂ ਸਗੋਂ ਆਰਥਕ ਹਾਲਤਾਂ ‘ਤੇ ਆਧਰਿਤ ਸੀ। ਅਰਥਾਤ ਕੁਦਰਤੀ ਤੌਰ ‘ਤੇ ਵਿਕਸਤ ਹੋਈ ਸਾਂਝੀ ਮਾਲਕੀ ‘ਤੇ ਨਿੱਜੀ ਮਾਲਕੀ ਦੀ ਜਿੱਤ ‘ਤੇ ਅਧਾਰਿਤ ਸੀ। ਇਸ ਟੱਬਰ ਦਾ ਅਧਾਰ ਸੀ ਮਰਦ ਦੀ ਪ੍ਰਮੁੱਖਤਾ ਤੇ ਇਸ ਦਾ ਮੰਤਵ ਸੀ ਅਜਿਹੇ ਬੱਚੇ ਪੈਦਾ ਕਰਨਾ ਜਿਨ੍ਹਾਂ ਦੀ ਪਿੱਤਰਤਾ ਸਬੰਧੀ ਸ਼ੱਕ-ਸ਼ੁਬ੍ਹਾ ਨਾ ਹੋਵੇ। ਇਸ ਪਿੱਤਰਤਾ ਦੀ ਇਸ ਲਈ ਲੋੜ ਸੀ ਤਾਂ ਕਿ ਇਹ ਬੱਚੇ ਸਮਾਂ ਆਉਣ ‘ਤੇ ਆਪਣੇ ਬਾਪ ਦੇ ਹਕੀਕੀ ਵਾਰਸ ਸਿੱਧ ਹੋ ਸਕਣ। ਇੰਝ ਅਸੀਂ ਦੇਖਦੇ ਮਰਦ ਤੇ ਔਰਤ ਦਰਮਿਆਨ ਕਿਰਤ ਦੀ ਪਹਿਲੀ ਵੰਡ ਵਾਰਸ ਪੈਦਾ ਕਰਨ ਦੀ ਜਰੂਰਤ ‘ਚੋਂ ਹੋਈ।

ਹੁਣ ਵਾਰਸ ਦੀ ਪਿੱਤਰਤਾ ਯਕੀਨੀ ਬਣਾਉਣ ਲਈ ਔਰਤ ਨੂੰ ਸਮਾਜਿਕ ਪੈਦਾਵਾਰ ਦੇ ਅਮਲ ਨਾਲ਼ੋਂ ਕੱਟ ਕੇ ਉਹਨੂੰ ਘਰ ਦੀ ਚਾਰਦਿਵਾਰੀ ‘ਚ ਬੰਦ ਕਰ ਦਿੱਤਾ ਗਿਆ। … ਤੇ ਇਓਂ ਔਰਤ ਦੇ ਹਿੱਸੇ ਉਹ ਕੰਮ ਆਇਆ ਜੋ ਜ਼ਿੰਦਗੀ ਨੂੰ ਚੱਲਦਾ ਰੱਖਣ ਲਈ ਤਾਂ ਬੇ-ਹੱਦ ਜ਼ਰੂਰੀ ਸੀ ਪਰ ਜਿਸ ਦੀ ਸਮਾਜਿਕ ਵੁੱਕਤ ਕੋਈ ਨਹੀਂ ਸੀ, ਕਿਉਂਕਿ ਇਹ ਕੰਮ ਸੀ ਜਿਸ ਦੀ ਵਰਤੋਂ ਕਦਰ ਤਾਂ ਸੀ ਪਰ ਵਟਾਂਦਰਾ ਕਦਰ ਨਹੀਂ ਸੀ। ਵਟਾਂਦਰਾ ਕਦਰ ਦੀ ਪੂਰੀ ਦੀ ਪੂਰੀ ਆਰਥਿਕਤਾ ਨੂੰ ਮਰਦ ਕੰਟਰੋਲ ਕਰਨ ਲੱਗੇ। ਸੋ ਇਹਨਾਂ ਹਾਲਤਾਂ ਨੇ ਔਰਤ ਦੀ ਮਰਦ ‘ਤੇ ਆਰਥਕ ਨਿਰਭਰਤਾ ਬਣਾ ਦਿੱਤੀ। ਜੋਂ ਉਦੋਂ ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਹੈ। ਇਸ ਨਿਰਭਰਤਾ ਦੇ ਰੂਪ ਸਮੇਂ ਸਮੇਂ ਬਦਲਦੇ ਰਹੇ ਹਨ ਪਰ ਇਹ ਬਾ-ਦਸਤੂਰ ਜਾਰੀ ਹੈ। ਤੇ ਇਓਂ ਅਸੀਂ ਦੇਖਦੇ ਹਾਂ ਕਿ ਪਹਿਲੀ ਜਮਾਤੀ ਵੰਡ ਵੀ ਮਰਦ ਤੇ ਔਰਤ ਦਰਮਿਆਨ ਹੋਈ।

ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਸੇ ਹੀ ਵੇਲ਼ੇ, ਯਾਨਿ, ਟੱਬਰ ਦੀ ਉੱਤਪਤੀ ਵੇਲ਼ੇ ਹੀ ਸ਼ੁਰੂਆਤ ਹੁੰਦੀ ਹੈ ਗੁਲਾਮਦਾਰੀ ਦੀ ਤੇ ਉਸ ਨੂੰ ਵਾਜਬੀਅਤ ਪ੍ਰਦਾਨ ਕਰਦੀ ਰਾਜਸੱਤਾ ਤੇ ਧਾਰਮਿਕ ਸੰਸਥਾਵਾਂ ਦੀ। ਹੁਣ ਤੱਕ ਕਬੀਲੇ ਅਪਣੇ ਅਪਣੇ ਕੰਮਾਂ ਕਾਰਾਂ ਨੂੰ, ਅਪਣੀਆਂ ਜੰਗਾਂ ਨੂੰ ਆਪਣੇ ਸਾਰੇ ਜਵਾਨ ਮੈਬਰਾਂ ਦੀ ਸਹਾਇਤਾ ਨਾਲ਼ ਸਿਰੇ ਚਾੜ੍ਹਦੇ ਸਨ। ਕਬੀਲੇ ਦੇ ਸਾਰੇ ਮਰਦਾਂ ਔਰਤਾਂ ਦੇ ਬਰਾਬਰ ਦੇ ਅਧਿਕਾਰ ਸਨ। ਉਹਨਾਂ ਨੂੰ ਕਬੀਲੇ ਦੇ ਮੁਖੀ ਤੇ ਸੈਨਾਪਤੀ ਨੂੰ ਚੁਨਣ ਲਈ ਵੋਟ ਦੇ ਬਰਾਬਰ ਦੇ ਹੱਕ ਸਨ। ਹੁਣ ਤੱਕ ਇਹ ਕਬੀਲੇ ਅਪਣੇ ਵਿਰੋਧੀ ਕਬੀਲਿਆਂ ਨੂੰ, ਜਿਨ੍ਹਾਂ ਨਾਲ਼ ਉਹ ਚੰਗੀਆਂ ਚਰਾਗਾਹਾਂ, ਚੰਗੀ ਜ਼ਮੀਨ ਜਾਂ ਫਿਰ ਪਸ਼ੂਆ ਦੇ ਵੱਗਾਂ ਲਈ ਲੜਦੇ ਸਨ ਉਹ ਹਾਰੇ ਹੋਏ ਕਬੀਲੇ ਨੂੰ ਜਾਂ ਤਾਂ ਕਤਲ ਕਰ ਦਿੰਦੇ ਸਨ ਜਾਂ ਫਿਰ ਬਰਾਬਰਤਾ ਦਾ ਅਧਾਰ ‘ਤੇ ਅਪਣੇ ‘ਚ ਸ਼ਾਮਿਲ ਕਰ ਲੈਂਦੇ ਸਨ। ਪਰ ਹੁਣ ਪਸ਼ੂ ਧਨ ਦੇ ਵਧਣ ਫੁੱਲਣ ਨਾਲ਼, ਜਿਸ ਦੀ ਸਾਂਭ ਸੰਭਾਲ਼ ਇੱਕਲੇ ਟੱਬਰ ਲਈ ਕਰਨੀ ਮੁਸ਼ਕਲ ਸੀ, ਉਹਨਾਂ ਨੂੰ ਲੱਗਾ ਕਿ ਹਾਰੇ ਹੋਏ ਕਬੀਲੇ ਨੂੰ ਮਾਰਨ ਜਾਂ ਅਪਣੇ ‘ਚ ਸ਼ਾਮਲ ਕਰਨ ਨਾਲ਼ੋਂ ਕਿਤੇ ਵੱਧ ਲਾਹੇਵੰਦਾ ਹੈ ਉਹਨਾਂ ਨੂੰ ਗੁਲਾਮ ਬਣਾ ਕੇ ਕੰਮ ਲਿਆ ਜਾਣਾ ਯਾਨਿ ਕਿ ਉਹਨਾਂ ਦੀ ਮਿਹਨਤ ਦੇ ਫਲ਼ ਨੂੰ ਖੁਦ ਹੜੱਪ ਲੈਣਾ। ਸੋ ਇਓਂ ਹੋਂਦ ‘ਚ ਆਏ ਗੁਲਾਮ-ਮਾਲਕ ਤੇ ਗੁਲਾਮ। ਗੁਲਾਮ ਜਿਨ੍ਹਾਂ ਦੀ ਜ਼ਿੰਦਗੀ-ਮੌਤ ‘ਤੇ ਉਹਨਾਂ ਦੇ ਮਾਲਕਾਂ ਨੂੰ ਪੂਰਾ ਇਖਤਿਆਰ ਸੀ। ਸੋ ਇਓਂ ਹੋਂਦ ‘ਚ ਆਈ ਨਿੱਜੀ ਜਾਇਦਾਦ ਨੇ ਸਮਾਜ ਨੂੰ ਲੁਟੇਰਿਆ ਤੇ ਲੁਟੀਂਦੀਆਂ ਜਮਾਤਾਂ ਦਰਮਿਆਨ ਵੰਡ ਦਿੱਤਾ ਤੇ ਮੋੜਵੇਂ ਰੂਪ ‘ਚ ਦੌਲਤ ਦੇ ਫਰਕਾਂ ਨੇ ਰਾਠ-ਸ਼ਾਹੀ ਬਾਦਸ਼ਾਹੀ ਦੇ ਮੁੱਢਲੇ ਰੂਪਾਂ ਨੂੰ ਜਨਮ ਦਿੱਤਾ, ਹਥਿਆਰਬੰਦ ਸੱਤਾ ਨੂੰ ਜਨਮ ਦਿੱਤਾ ਜਿਹੜੀ ਲੁਟੀਂਦੀਆਂ ਜਮਾਤਾਂ ਦੇ ਖਿਲਾਫ ਲੁਟੇਰੀਆਂ ਜਮਾਤਾਂ ਦੀ ਹਿਫ਼ਾਜਤ ਕਰਦੀ ਸੀ। ਤੇ ਇਸ ਨੂੰ ਵਾਜਬੀਅਤ ਪ੍ਰਦਾਨ ਕਰਦੀਆਂ ਸਨ ਧਾਰਮਕਿ ਸੰਸਥਾਵਾਂ ਜੋਂ ਉਦੋਂ ਤੱਕ ਹੋਂਦ ‘ਚ ਆ ਚੁੱਕੀਆਂ ਸਨ।

ਹੁਣ ਵਸਤਾਂ ਦੀ ਕਦਰ ਦੇ ਨਾਲ਼ ਨਾਲ਼ ਵਟਾਦਰਾ ਕਦਰ ਵੀ ਪੈਦਾ ਹੋ ਗਈ। ਇਸ ਵਟਾਂਦਰਾ ਕਦਰ ਦੇ ਪੈਦਾ ਹੋਣ ਨਾਲ਼ ਔਰਤਾਂ ਤੇ ਗੁਲਾਮਾਂ ਨੂੰ ਪਸ਼ੂਆਂ ਦੇ ਬਦਲੇ ‘ਚ ਖ੍ਰੀਦਿਆ ਵੇਚਿਆ ਜਾਣ ਲੱਗਾ। ਜਿਸ ਨਾਲ਼ ਜਾਇਦਾਦ ਦੇ ਵੱਡੇ ਸੋਮੇ ਦੇ ਤੌਰ ‘ਤੇ ਪਸ਼ੂਆ ਦੇ ਵੱਡੇ ਵੱਗਾਂ ਵਾਲ਼ਿਆ ਨੂੰ ਇੱਜ਼ਤ ਮਿਲਣ ਲੱਗੀ। ਇਸੇ ਹੀ ਦੌਰ ‘ਚ ਆਉਂਦੀ ਹੈ ਬਹੁ-ਪਤਨੀ ਪ੍ਰਥਾ। ਜਿਹੜੀ ਕਿ ਜ਼ਿਆਦਾਤਰ Àੁੱਪਰਲੇ ਤਬਕੇ ਦੇ ਮਰਦਾਂ ਦਾ ਹੱਕ ਬਣੀ।

ਇਸ ਤਰ੍ਹਾਂ ਹੋਂਦ ‘ਚ ਆਏ ਜ਼ਿੰਦਗੀ ਲਈ ਦੂਹਰੇ ਮਿਆਰ। ਜੋ ਮਰਦਾਂ ਲਈ ਕੁੱਝ ਹੋਰ ਤੇ ਔਰਤਾਂ ਲਈ ਕੁੱਝ ਹੋਰ ਸਨ, ਬਿਲਕੁਲ ਉਵੇਂ ਹੀ ਜਿਵੇਂ ਗੁਲਾਮ ਮਾਲਕਾਂ ਲਈ ਕੁੱਝ ਹੋਰ ਤੇ ਗੁਲਾਮਾਂ ਲਈ ਕੁੱਝ ਹੋਰ। ਫੈਮੀਲੀਆ (Familia) ਸ਼ਬਦ ਜੇ ਕਿ ਰੋਮਨ ਭਾਸ਼ਾ ‘ਚੋਂ ਆਇਆ ਹੈ, ਦੇ ਮਾਅਨੇ ਹਨ—ਗੁਲਾਮ ਤੇ ਇਓਂ ”ਫੈਮਿਲੀ” (Family) ਉਹ ਸੰਸਥਾ ਬਣੀ ਜੋ ਟੱਬਰ ਦੇ ਮੁਖੀ ਦੇ ਨਿਰੰਕੁਸ਼ ਅਧਿਕਾਰ ਹੇਠ ਸੀ ਜਿਸ ‘ਚ ਪਤਨੀ ਤੇ ਬੱਚਿਆਂ ਤੋਂ ਇਲਾਵਾ ਗੁਲਾਮ ਤੇ ਬਾਂਦੀਆ ਵੀ ਸਨ। ਇਸ ਸੰਸਥਾ ‘ਚ ਪਤਨੀ ਦੀ ਭੂਮਿਕਾ ਮੁੱਖ ਬਾਂਦੀ ਵਾਲ਼ੀ ਸੀ ਯਾਨਿ ਉਸ ਦਾ ਕੰਮ ਆਪਣੇ ਮਾਲਕ ਮਰਦ ਦੀ ਸੇਵਾ ਕਰਨੀ, ਉਸ ਲਈ ”ਜ਼ਾਇਜ” ਔਲਾਦ ਪੈਦਾ ਕਰਨੀ ਤੇ ਘਰ ਦੀ ਸਾਂਭ ਸੰਭਾਈ ਕਰਨੀ ਸੀ। ਪਰ ਇਸ ਮੁੱਖ ਬਾਂਦੀ ਦੀ ਗੁਲਾਮੀ ਨੂੰ ਖੂਬਸੂਰਤ ਲਫਜ਼ਾਂ ਦੇ ਲਿਬਾਸ ਨਾਲ਼ ਢੱਕਣ ਦੀ ਕੋਸ਼ਿਸ਼ ਕੀਤੀ ਗਈ। ਉਸਨੂੰ ਸਤੀ-ਸਵਿੱਤਰੀ ਦਾ ਰੁਤਬਾ ਦਿੱਤਾ ਗਿਆ, ਪਤੀਵਰਤਾ ਰਹਿਣ ਸਿੱਖਿਆ ਦਿੱਤੀ ਗਈ। … ਤੇ ਇਸ ਪਤੀਵਰਤਾ ਦੇ ਮਿਆਰ ਤੋਂ ਥੋੜਾ-ਬਹੁਤ ਵੀ ਇੱਧਰ-ਉੱਧਰ ਹੋਣ ‘ਤੇ ਉਸਨੂੰ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਗਈ। ਮਤਲਬ ਇਹ ਕਿ ਵੀਰਯੀ-ਵਾਰਸ ਹਾਸਲ ਕਰਨ ਲਈ ਔਰਤ ਨੂੰ ਬੱਚੇ ਪੈਦਾ ਕਰਨ ਵਾਲ਼ੀ ਇੱਕ ਮਸ਼ੀਨ ਬਣਾ ਦਿੱਤਾ ਗਿਆ ਤੇ ਇਸ ਲਈ ਔਰਤ ਦੀ ਲਿੰਗਤਾ ਨੂੰ ਕੰਟਰੋਲ ਕਰਨ ਦੀ ਹਰ ਕੋਸ਼ਿਸ਼ ਕੀਤੀ ਗਈ।

ਪਰ ਮਰਦ ਨੇ ਅਪਣੇ ਲਈ ਦੂਸਰਾ ਮਿਆਰ ਰੱਖਿਆ। ਉਸ ਨੇ ਟੋਲੀ ਵਿਆਹ ਵੇਲ਼ੇ ਦੀਆਂ ਆਦਤਾਂ ਨੂੰ ਅੱਜ ਤੱਕ ਵੀ ਨਹੀਂ ਤਿਆਗਿਆ ਹੈ। ਅਪਣੀ ਇਸ ਭੁੱਖ ਨੂੰ ਪੂਰਾ ਕਰਨ ਲਈ ਉਸ ਨੇ ਬਹੁਪਤਨੀ ਪ੍ਰਥਾ, ਦੇਵਦਾਸੀ ਪ੍ਰਥਾ, ਨਗਰ ਵਧੂ ਤੇ ਵੇਸ਼ਵਾਗਮਨੀ ਨੂੰ ਇਜਾਦ ਕੀਤਾ ਤੇ ਇਸ ਨੂੰ ਕਨੂੰਨੀ ਤੇ ਧਾਰਮਿਕ ਮਾਨਤਾ ਦਿਵਾਈ। ਯਾਨਿ ਮਰਦ ਲਈ ਲਿੰਗ ਸਬੰਧਾਂ ਦੀ ਪੂਰੀ ਖੁੱਲ੍ਹ-ਖੇਡ੍ਹ ਤੇ ਔਰਤ ਲਈ ਇੱਕ ਪਾਸੇ ਘਰ ਦੀ ਚਾਰਦਿਵਾਰੀ ਤੇ ਦੂਸਰੇ ਪਾਸੇ ਕੋਠਾ। ਇਹ ਸੀ ਉਹ ਫਲ਼ ਜੋ ਸੱਭਿਅਤਾ ਦੀ ਉੱਨਤੀ ਨੇ ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉੱਤਪਤੀ ਨੇ ਔਰਤ ਦੀ ਝੋਲ਼ੀ ਪਾਇਆ।

ਮੱਨੁਖੀ ਸਮਾਜ ਅਪਣੇ ਵਿਕਾਸ ਦੀ ਅਗਲੀ ਪੁਲਾਂਘ ਭਰਦਾ ਹੋਇਆ ਗੁਲਾਮਦਾਰੀ ਯੁੱਗ ‘ਚੋਂ ਨਿੱਕਲ਼ ਕੇ ਜਗੀਰਦਾਰੀ ਪ੍ਰਬੰਧ ‘ਚ ਦਾਖਲ ਹੁੰਦਾ ਹੈ। ਹੁਣ ਰਾਜਸੱਤਾ ‘ਤੇ ਇੱਕ ਨਵੀਂ ਜਮਾਤ ਬਿਰਾਜਮਾਨ ਹੈ ਤੇ ਆਮ ਆਦਮੀ ਗੁਲਾਮ ਤੋਂ ਮੁਜ਼ਾਰਾ ਬਣ ਜਾਂਦਾ ਹੈ। ਪਰ ਔਰਤ ਦੀ ਜ਼ਿੰਦਗੀ ਬਦਤਰ ਹੀ ਰਹਿੰਦੀ ਹੈ। ਰਾਜਿਆ ਤੇ ਜਾਗੀਰਦਾਰਾਂ ਨੇ ਅਪਣੇ ਹਰਮਾਂ ਨੂੰ ਸਜਾਵਟ ਦੇ ਸਮਾਨ ਵਾਂਗ ਵਰਤਿਆ। ਪੰਜ-ਪੰਜ ਹਜ਼ਾਰ ਤੱਕ ਦੀ ਗਿਣਤੀ ‘ਚ ਔਰਤਾਂ ਨੂੰ ਇੱਕ ਰਾਜੇ ਦੇ ਹਰਮ ‘ਚ ਰੱਖਿਆ ਜਾਣ ਲੱਗਾ। ਔਰਤਾਂ ਤੇ ਮਰਦਾਂ ਦੇ ਇਸ ਵਿਗੜ ਰਹੇ ਤਵਾਜਨ ‘ਚ ਪੈਦਾ ਹੋਣ ਵਾਲ਼ੀਆਂ ਇਖਲਾਕੀ ਸਮੱਸਿਆ ਨੂੰ ਨੱਥ ਪਾਉਣ ਲਈ ਫਿਰ ਕੁਹਾੜਾ ਔਰਤਾਂ ਦੇ ਸਿਰ ਚੱਲਣ ਲੱਗਾ। ਵੱਡੇ ਘਰਾਂ ਦੀਆਂ ਔਰਤਾਂ ਲਈ ਘਰਾਂ ਦੀ ਚਾਰਦੀਵਾਰੀ ਤੇ ਇਸ ਤੋਂ ਵੀ ਅਗਾਂਹ ਪਰਦੇ ‘ਚ ਰਹਿਣਾ ਲਾਜ਼ਮੀ ਕਰਾਰ ਦਿੱਤਾ ਗਿਆ। ਪਰਾਏ ਮਰਦ ਦੇ ਮੱਥੇ ਲੱਗਣ ਨੂੰ ਸਜਾਯੋਗ ਗੁਨਾਹ ਕਰਾਰ ਦਿੱਤਾ ਗਿਆ। ਸਮਾਜਕ ਕਾਰ ਵਿਹਾਰ ‘ਚ ਉਹਨਾਂ ਦਾ ਸ਼ਾਮਲ ਹੋਣਾ ਬਿਲਕੁਲ ਵਰਜਿਤ ਕਰ ਦਿੱਤਾ ਗਿਆ। ਉਹਨਾਂ ਦੀ ਸੋਚ ‘ਤੇ ਤਾਲਾ ਲਾ ਉਹਨਾਂ ਨੂੰ ਸਿਰਫ ਐਸ਼ੋ-ਇਸ਼ਰਤ ਦੀ ਸ਼ੈਅ ‘ਚ ਬਦਲ ਦਿੱਤਾ ਗਿਆ। ਮਰਦ ਨੂੰ ਪੂਰੀ ਤਰ੍ਹਾਂ ਔਰਤ ਦੀ ਹੋਣੀ ਦਾ ਮਾਲਕ ਬਣਾ ਦਿੱਤਾ ਗਿਆ। ਔਰਤ ਦੇ ਵਿਧਵਾ ਹੋਣ ਦੀ ਸੂਰਤ ‘ਚ , ਭਾਵੇ ਕਿ ਕਈ ਵਾਰ ਅਜਿਹਾ ਉਸਦੇ ਸਹੁਰੇ ਜਾਣ ਤੋਂ ਪਹਿਲਾ ਹੀ ਵਾਪਰ ਜਾਂਦਾ ਸੀ, ਉਸ ਨੂੰ ਉਮਰ ਭਰ ਵਿਧਵਾ ਦੀ ਅਤਿ ਔਖਆਈਆਂ ਭਰੀ ਪਸ਼ੂਆ ਜਿਹੀ ਜੂਨ ਹੰਢਾਉਣੀ ਪੈਂਦੀ ਸੀ ਜਾਂ ਜਿਉਂਦੇ ਜੀ ਪਤੀ ਦੀ ਚਿਖਾ ‘ਤੇ ਸੜ ਕੇ ਸਤੀ ਹੋਣਾ ਪੈਂਦਾ ਸੀ। ਮਤਲਬ ਇਹ ਕਿ ਅਜਿਹੀਆਂ ਪ੍ਰੰਪਰਾਵਾਂ ਹੋਂਦ ‘ਚ ਆ ਗਈਆਂ ਜਿਨ੍ਹਾਂ ਰਾਹੀਂ ਪਤੀ ਦੀ ਮੌਤ ਪਿੱਛੋਂ ਵੀ ਔਰਤ ਦੀ ਲਿੰਗਤਾ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਸੀ।

ਦੂਸਰੇ ਬੰਨੇ ਗਰੀਬ ਤੇ ਛੋਟੀਆਂ ਜਾਤਾਂ ਦੇ ਘਰਾਂ ਦੀਆਂ ਔਰਤਾਂ ਦੀ ਹਾਲਤ ਤਾਂ ਇਸ ਤੋਂ ਵੀ ਬਦਤਰ ਸੀ। ਉਹਨਾਂ ਨੂੰ ਅਪਣੇ ਤੇ ਅਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਜਗੀਰਦਾਰਾਂ ਦੇ ਖੇਤਾਂ-ਬੰਨਿਆਂ ‘ਤੇ ਕੰਮ ਕਰਨਾ ਪੈਂਦਾ ਸੀ ਜਿੱਥੇ ਉਹਨਾਂ ਨੂੰ ਪੈਰ-ਪੈਰ ‘ਤੇ ਲਿੰਗਕ ਹਿੰਸਾ ਦਾ ਤੇ ਸਰੀਰਕ ਜਬਰ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ ਸੀ। ਇੱਥੋਂ ਤੱਕ ਕਿ ਜਦੋਂ ਵੀ ਜਗੀਰਦਾਰ ਚਾਹੇ ਉਹ ਕਿਸੇ ਵੀ ਮੁਜ਼ਾਰੇ  ਦੀ ਬਹੂ-ਬੇਟੀ ਨੂੰ ਹਵੇਲੀ ‘ਚ ਅਪਣੀ ਹਵਸ ਪੂਰਤੀ ਲਈ ਸੱਦ ਸਕਦਾ ਸੀ। ਮੁਜ਼ਾਰੇ ਦੀ ਨਵਵਿਆਹੀ ਪਤਨੀ ਨਾਲ ਪਹਿਲੀ ਰਾਤ ਸੌਣ ਦਾ ਹੱਕ ਵੀ ਜਗੀਰਦਾਰ ਲਈ ਰਾਖਵਾਂ ਸੀ ਤੇ ਇਸ ਹੱਕ ਨੂੰ ਸਮਾਜਕ ਧਾਰਮਕ ਸੰਸਥਾਵਾਂ ਵੱਲੋਂ ਸਮਾਜਕ ਰਹੁ-ਰੀਤ ਦਾ ਨਾਂ ਦਿੱਤਾ ਜਾਂਦਾ ਸੀ। ਇਸ ਲਈ ਇਹ ਜਬਰ-ਜ਼ੁਲਮ ਦੀ ਕਿਧਰੇ ਵੀ ਕੋਈ ਦਾਦ-ਫ਼ਰਿਆਦ ਨਹੀਂ ਸੀ ਹੋ ਸਕਦੀ।

ਬੇਸ਼ਕ ਔਰਤ ਦੀ ਲਿੰਗਕ ਪਵਿੱਤਰਤਾ ਦਾ ਬੜੇ ਜੋਰ ਸ਼ੋਰ ਨਾਲ਼ ਪ੍ਰਚਾਰ ਕੀਤਾ ਜਾਂਦਾ ਸੀ, ਪਰ ਇਹ ਮਾਪਦੰਡ ਵੱਡੇ ਘਰਾਂ ਦੀਆਂ ਔਰਤਾਂ ਉੱਪਰ ਹੀ ਲਾਗੂ ਹੁੰਦਾ ਸੀ। ਛੋਟੇ ਘਰਾਂ ਦੀਆਂ ਔਰਤਾਂ ਨੂੰ ਉਹਨਾਂ ਦੇ ਮਰਦ ਇਸ ਕਿਸਮ ਦੀ ਸੁਰੱਖਿਆ ਨਹੀਂ ਸਨ ਦੇ ਸਕਦੇ ਤੇ ਇੰਝ ਇਸ ਜ਼ਬਰ-ਜ਼ੁਲਮ ਨੂੰ ਸਹਿਣਾ ਉਹਨਾਂ ਦੀ ਹੋਣੀ ਸੀ। ਇਸ ਦੌਰ ‘ਚ ਦੇਵਦਾਸੀ ਪ੍ਰਥਾ ਨੂੰ, ਨਗਰ ਵਧੂ ਤੇ ਵੇਸ਼ਵਾਗਮਨੀ ਨੂੰ ਸੰਸਥਾਵਾਂ ਦੇ ਤੌਰ ‘ਤੇ ਪੂਰੀ ਤਰ੍ਹਾਂ ਵਿਕਸਤ ਕੀਤਾ ਗਿਆ।

ਇਤਿਹਾਸਿਕ ਤੌਰ ‘ਤੇ ਇਹ ਪੱਖ ਵੀ ਉੱਭਰਕੇ ਸਾਹਮਣੇ ਆਉਂਦਾ ਹੈ ਕਿ ਕਿਰਤੀ ਜਮਾਤਾਂ ਦੀਆਂ ਔਰਤਾਂ ਬਹੁਤ ਪਹਿਲਾਂ ਤੋਂ ਹੀ ਸਿੱਧੇ ਤੌਰ ‘ਤੇ ਸਮਾਜਕ ਪੈਦਾਵਾਰ, ਜਿਵੇਂ ਕਿ ਖੇਤੀ ਆਦਿ, ‘ਚ ਕੰਮ ਕਰਦੀਆਂ ਰਹੀਆਂ ਹਨ। ਇਸੇ ਵਜਾਹ ਕਰਕੇ ਭਾਵੇਂ ਕਿ ਉਹ ਲੋਟੂ ਜਮਾਤਾਂ ਦੇ ਦਾਬੇ ਤੇ ਸਰੀਰਕ ਲੁੱਟ ਦਾ ਸ਼ਿਕਾਰ ਹੁੰਦੀਆਂ ਹਨ ਪਰ ਅਪਣੇ ਘਰਾਂ ‘ਚ ਉਹਨਾਂ ਨੂੰ ਮੁਕਾਬਲਤਨ ਰੁਪ ‘ਚ ਵੱਧ ਅਜ਼ਾਦੀ ਰਹੀ ਹੈ ਤੇ ਵੱਧ ਅਧਿਕਾਰ ਮਾਣਦੀਆਂ ਰਹੀਆਂ ਹਨ ਤੇ ਸਮਾਜ ‘ਚ ਵੱਧ ਖੁੱਲ ਕੇ ਵਿਚਰਦੀਆਂ ਰਹੀਆਂ ਹਨ।    

ਅਗਲੇ ਅੰਕ ਵਿੱਚ ਜ਼ਾਰੀ…

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements