ਔਰਤਾਂ ਦੀ ਦੁਰਦਸ਼ਾ •ਰਣਬੀਰ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

8 ਮਾਰਚ ਦਾ ਦਿਨ ਆਇਆ ਤੇ ਚਲਾ ਗਿਆ। ਸਰਕਾਰਾਂ ਨੇ ਔਰਤਾਂ ਦੀ ਹਾਲਤ ”ਸੁਧਾਰਨ” ਲਈ ਕੀਤੇ ਗਏ ”ਉਪਰਾਲੇ” ਗਿਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਕੌਮਾਂਤਰੀ ਔਰਤ ਦਿਵਸ ਨੂੰ ”ਸਮਰਪਿਤ” ਸੰਸਦ ਮੈਂਬਰਾਂ ਦਾ ਦੋ ਦਿਨਾਂ ਦਾ ਸਮਾਗਮ ਵੀ ਸੰਸਦ ਭਵਨ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨੇ ਔਰਤ ਭਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ। ਔਰਤਾਂ ਦੀ ਭਲਾਈ ਲਈ ਚੁੱਕੇ ਕਦਮਾਂ ਦੇ ਵੱਡੇ-ਵੱਡੇ ਦਾਅਵਿਆਂ ਵਿਚਕਾਰ ਔਰਤਾਂ ਦੀ ਦੁਰਦਸ਼ਾ ਨਾ ਸਿਰਫ਼ ਬਰਕਰਾਰ ਹੈ ਸਗੋਂ ਉਹ ਤਾਂ ਦਿਨ-ਬ-ਦਿਨ ਵੱਧਦੀ ਹੀ ਜਾ ਰਹੀ ਹੈ। ਹਰ ਦਿਨ ਔਰਤਾਂ ਨਾਲ਼ ਭਿਆਨਕ ਅਪਰਾਧਾਂ ਦੀਆਂ ਘਟਨਾਵਾਂ ਦੇਖਣ-ਸੁਨਣ ਵਿੱਚ ਆ ਰਹੀਆਂ ਹਨ। ਦਰਦਨਾਕ ਘਟਨਾ ਵਾਪਰਦੀ ਹੈ, ਲੋਕਾਂ ਦਾ ਰੋਹ ਭੜਕਦਾ ਹੈ, ਸਰਕਾਰ-ਪੁਲੀਸ-ਪ੍ਰਸ਼ਾਸਨ ”ਢੁੱਕਵੇਂ ਕਦਮ ਚੁੱਕਣ” ਦੇ ਐਲਾਨ ਕਰਦੇ ਹਨ…. ਫੇਰ ਕੋਈ ਘਟਨਾ ਵਾਪਰਦੀ ਹੈ. . . ਇਹ ਕੁਚੱਕਰ ਅਰੁੱਕ ਜਾਰੀ ਹੈ। ਹਾਲਤਾਂ ਕਿੰਨੀਆਂ ਭਿਅੰਕਰ ਹੋ ਚੁੱਕੀਆਂ ਹਨ ਇਸਨੂੰ ਸਮਝਣ ਲਈ ਪਿਛਲੇ ਦਿਨੀਂ ਔਰਤਾਂ ਨਾਲ਼ ਵਾਪਰੀਆਂ ਕੁੱਝ ਭਿਆਨਕ ਘਟਨਾਵਾਂ ਦਾ ਜ਼ਿਕਰ ਹੀ ਕਾਫ਼ੀ ਹੈ।

ਲੰਘੀ 24 ਫਰਵਰੀ ਨੂੰ ਲੁਧਿਆਣੇ ਦੇ ਸ਼ੇਰਪੁਰ ਇਲਾਕੇ ਵਿੱਚ 12 ਸਾਲ ਦੀ ਕੁੜੀ ਨੂੰ ਬਲਾਤਕਾਰ ਤੋਂ ਬਾਅਦ ਜਿਉਂਦਾ ਸਾੜ ਦਿੱਤਾ ਗਿਆ। ਉਸ ਲੜਕੀ ਦੀ ਮੌਤ ਹੋ ਚੁੱਕੀ ਹੈ। ਇਹ ਕਾਰਾ ਸੁਨੀਲ ਨਾਂ ਦੇ ਇੱਕ ਹੈਵਾਨ ਨੇ ਕੀਤਾ ਜੋ ਉਸ ਲੜਕੀ ਨੂੰ 8-10 ਦਿਨਾਂ ਤੋਂ ਬਲਾਤਕਾਰ ਦਾ ਸ਼ਿਕਾਰ ਬਣਾ ਰਿਹਾ ਸੀ। ਲੜਕੀ ਮਾਂ-ਬਾਪ ਕੋਲ਼ ਸ਼ਿਕਾਇਤ ਕਰਨ ਦੀ ਗੱਲ ਕਹਿੰਦੀ ਸੀ ਤਾਂ ਉਹ ਉਸਨੂੰ ਉਸ ਸਮੇਤ ਉਸਦੇ ਮਾਪੇ, ਭੈਣਾਂ, ਭਰਾਵਾਂ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਰਿਹਾ। 24 ਫਰਵਰੀ ਨੂੰ ਜਦ ਲੜਕੀ ਦੇ ਮਾਂ-ਬਾਪ ਇਲਾਕੇ ਵਿੱਚ ਕਿਸੇ ਮਰਗ ‘ਤੇ ਗਏ ਹੋਏ ਸਨ ਤਾਂ ਪਿੱਛੋਂ ਉਸ ਨਾਲ਼ ਫਿਰ ਤੋਂ ਇਹ ਘਿਨਾਉਣਾ ਕਾਰਾ ਕੀਤਾ ਗਿਆ। ਲੜਕੀ ਵੱਲੋਂ ਮਾਂ-ਬਾਪ ਨੂੰ ਸ਼ਿਕਾਇਤ ਕੀਤੇ ਜਾਣ ਦੀ ਗੱਲ ਸੁਣ ਕੇ ਸੁਨੀਲ ਨੇ ਉਸ ‘ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ।

ਇਸ ਤੋਂ ਬਾਅਦ ਜੋ ਹੋਇਆ ਉਹ ਵੀ ਬਹੁਤ ਭਿਆਨਕ ਹੈ। ਸਾੜੀ ਗਈ ਲੜਕੀ ਨੂੰ ਮਾਪੇ ਸਰਕਾਰੀ ਹਸਪਤਾਲ ਲੈ ਗਏ। ਡਾਕਟਰਾਂ ਨੇ ਉੱਥੋਂ ਉਸਨੂੰ ਪੀ.ਜੀ.ਆਈ. ਚੰਡੀਗੜ੍ਹ• ਲਈ ਭੇਜ ਦਿੱਤਾ। ਮਾਪੇ ਦੱਸਦੇ ਹਨ ਕਿ ਉੱਥੇ ਉਹਨਾਂ ਤੋਂ ਵੀਹ ਹਜ਼ਾਰ ਰੁਪਏ ਤੁਰੰਤ ਜਮ੍ਹਾਂ ਕਰਾਉਣ ਦੀ ਮੰਗ ਕੀਤੀ ਗਈ। ਪਰ ਕਾਰਖਾਨੇ ਵਿੱਚ ਬਹੁਤ ਘੱਟ ਤਨਖਾਹ ‘ਤੇ ਗੁਜ਼ਾਰਾ ਕਰਨ ਵਾਲ਼ੇ ਇਸ ਪਰਿਵਾਰ ਕੋਲ਼ ਏਨੇ ਪੈਸੇ ਕਿੱਥੇ ਸਨ। ਮਜ਼ਬੂਰਨ ਉਹਨਾਂ ਨੂੰ ਲੜਕੀ ਨੂੰ ਲੈ ਕੇ ਲੁਧਿਆਣੇ ਦੇ ਸਰਕਾਰੀ ਹਸਪਤਾਲ ਲਈ ਮੁੜਨਾ ਪਿਆ। ਰਸਤੇ ਵਿੱਚ ਲੜਕੀ ਦੀ ਮੌਤ ਹੋ ਗਈ। ਸਰਕਾਰੀ ਪ੍ਰਬੰਧ ਵਿੱਚ ਕਿਸ ਪੱਧਰ ਉੱਤੇ ਅਸੰਵੇਦਨਸ਼ੀਲਤਾ ਫੈਲ ਚੁੱਕੀ ਹੈ, ਇਹ ਘਟਨਾ ਇਸਦੀ ਉੱਘੜਵੀਂ ਉਦਾਹਰਣ ਹੈ। ਸਰਕਾਰਾਂ ਦੀਆਂ ਗਰੀਬ ਮਾਰੂ ਨਿੱਜੀਕਰਨ ਦੀਆਂ ਨੀਤੀਆਂ ਕਿਸ ਹੱਦ ਤੱਕ ਮਨੁੱਖਤਾ ਦਾ ਘਾਣ ਕਰ ਸਕਦੀਆਂ ਹਨ, ਹਸਪਤਾਲ ਦਾ ਇਹ ਰਵੱਈਆ ਇਸਦੀ ਕੌੜੀ ਗਵਾਹੀ ਭਰਦਾ ਹੈ। ਏਨੀ ਵੱਡੀ ਘਟਨਾ ਹੋ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਪੁਲੀਸ ਦੁਆਰਾ ਢੁੱਕਵੀਂ ਕਾਰਵਾਈ ਲਈ ਜੀ.ਟੀ. ਰੋਡ ‘ਤੇ ਜਾਮ ਲਾਉਣਾ ਪਿਆ। ਇਸ ਤੋਂ ਬਾਅਦ ਹਮੇਸ਼ਾਂ ਦੀ ਤਰ੍ਹਾਂ ਪੁਲੀਸ ਨੇ ਢੁੱਕਵੀਂ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਉਠਵਾਇਆ। ਘਟਨਾ ਤੋਂ 10 ਦਿਨ ਬਾਅਦ ਹੀ 4 ਮਾਰਚ ਨੂੰ ਦੋਸ਼ੀ ਦੀ ਗ੍ਰਿਫਤਾਰੀ ਹੋ ਸਕੀ। ਉਸਨੂੰ ਸਜ਼ਾ ਹੋ ਸਕੇਗੀ ਜਾਂ ਨਹੀਂ, ਇਸਦਾ ਕੋਈ ਭਰੋਸਾ ਨਹੀਂ ਹੈ। ਦੋਸ਼ੀ ਨੂੰ ਸਜ਼ਾ ਕਰਵਾਉਣ ਲਈ ਪੀੜਤ ਪਰਿਵਾਰ ਨੂੰ ਸਾਲਾਂਬੱਧੀ ਖੱਜਲ-ਖੁਆਰੀ ਦਾ ਸ਼ਿਕਾਰ ਹੋਣਾ ਪਏਗਾ।

ਰਾਖਵੇਂਕਰਨ ਲਈ ਸਰਕਾਰ ‘ਤੇ ਦਬਾਅ ਪਾਉਣ ਲਈ ਹਰਿਆਣਾ ‘ਚ ਭੜਕੀ ਜਾਟ ਲਹਿਰ ਦੌਰਾਨ ਅਨੇਕਾਂ ਥਾਵਾਂ ਤੋਂ ਬਲਾਤਕਾਰ, ਧੱਕੇਸ਼ਾਹੀ, ਛੇੜਛਾੜ ਦੀਆਂ ਖਬਰਾਂ ਆਈਆਂ ਹਨ। ਇਹਨਾਂ ਵਿੱਚੋਂ ਸਭ ਤੋਂ ਦਿਲਕੰਬਾਊ ਘਟਨਾ ਮੁਰਥਲ (ਸੋਨੀਪਤ ਜਿਲ੍ਹਾ) ਵਿੱਚ ਸਾਹਮਣੇ ਆਈ। ਸ਼ੇਰਸ਼ਾਹ ਸੂਰੀ ਰੋਡ (ਜੀ.ਟੀ.ਰੋਡ) ‘ਤੇ ਗੱਡੀਆਂ ਚੋਂ ਔਰਤਾਂ ਨੂੰ ਧੂਹ ਕੇ ਲਾਗੇ ਦੇ ਖੇਤਾਂ ਵਿੱਚ ਲਿਜਾਇਆ ਗਿਆ। ਇੱਕ ਪਾਸੇ ਭੀੜ ਗੱਡੀਆਂ ਨੂੰ ਅੱਗ ਲਾ ਰਹੀ ਸੀ ਤੇ ਦੂਜੇ ਪਾਸੇ ਦਰਿੰਦੇ ਔਰਤਾਂ ਨੂੰ ਹਵਸ ਦਾ ਸ਼ਿਕਾਰ ਬਣਾ ਰਹੇ ਸਨ। ਮੁਰਥਲ ਵਿੱਚ ਘੱਟੋ-ਘੱਟ ਦਸ ਔਰਤਾਂ ਨਾਲ਼ ਬਲਾਤਕਾਰ ਕੀਤਾ ਗਿਆ। ਬਹੁਤ ਔਰਤਾਂ ਨੇ ਇੱਧਰ ਉਧਰ ਲੁਕ ਕੇ ਆਪਣੀ ਰੱਖਿਆ ਕੀਤੀ। ਇਸ ਸਭ ਕਾਸੇ ਤੋਂ ਬਾਅਦ ਪੁਲੀਸ ਨੇ ਆਪਣੇ ਕਿਰਦਾਰ ਮੁਤਾਬਿਕ ”ਢੁੱਕਵੀ” ਕਾਰਵਾਈ ਕੀਤੀ। ਔਰਤਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ”ਇੱਜਤ ਬਚਾਉਣ ਲਈ” ਚੁੱਪ ਰਹਿਣ ਦੀ ਸਲਾਹ ਦਿੱਤੀ ਗਈ। ਮੀਡੀਆ ਵਿੱਚ ਬੜਾ ਰੌਲ਼ਾ ਮੱਚਿਆ। ਵੱਡੇ ਵੱਡੇ ਲੀਡਰਾਂ ਨੇ ”ਇਨਸਾਫ਼” ਦੁਆਉਣ ਲਈ ਬਿਆਨ ਦਾਗੇ। ਸਰਕਾਰ ਨੇ ਜਾਂਚ-ਪੜਤਾਲ ਵਿੱਚ ਕੋਈ ਕਸਰ ਬਾਕੀ ਨਾ ਰਹਿਣ ਦਾ ਭਰੋਸਾ ਦਿੱਤਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੁਲੀਸ ਨੂੰ ”ਸਖ਼ਤ ਹਦਾਇਤਾਂ” ਦਿੱਤੀਆਂ। ਪੁਲੀਸ ਵੀ ਟਸ ਤੋਂ ਮਸ ਨਾ ਹੋਈ। ਮੁਰਥਲ ਦੇ ਪੀੜਤਾਂ ਨੂੰ ਸਾਹਮਣੇ ਆਉਣ ਹੀ ਨਹੀਂ ਦਿੱਤਾ ਗਿਆ।

ਔਰਤਾਂ ਘਰੋਂ ਬਾਹਰ ਹੀ ਨਹੀਂ ਸਗੋਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹੈ। ਬਠਿੰਡੇ ਜਿਲ੍ਹੇ ਦੇ ਇੱਕ ਪਿੰਡ ਵਿੱਚ ਵਾਪਰੀ ਇੱਕ ਘਟਨਾ ਔਰਤਾਂ ਦੀ ਘਰਾਂ ਵਿੱਚ ਅਸੁਰੱਖਿਅਤ ਹਾਲਤ ਦਾ ਕੌੜਾ ਸੱਚ ਜੱਗਜ਼ਾਹਰ ਕਰਦੀ ਹੈ। ਇਸ ਜਿਲ੍ਹੇ ਦੇ ਇੱਕ ਪਿੰਡ ਦੀ ਅੱਠਵੀਂ ਜਮਾਤ ਦੀ ਕੁੜੀ ਨੇ ਆਪਣੇ ਅਧਿਆਪਕਾਂ ਨੂੰ ਦੱਸਿਆ ਕਿ ਉਸਦਾ ਬਾਪ ਉਸਨੂੰ ਬਲਾਤਕਾਰ ਦਾ ਸ਼ਿਕਾਰ ਬਣਾਉਂਦਾ ਰਹਿੰਦਾ ਹੈ। ਉਸਦੀ ਮਾਂ ਅਤੇ ਭਰਾ ਨੂੰ ਇਸ ਗੱਲ ਦਾ ਪਤਾ ਸੀ ਪਰ ਦੋਸ਼ੀ ਉਹਨਾਂ ਵੱਲੋਂ ਵਿਰੋਧ ਕਰਨ ਉੱਤੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਸੀ। ਉਸ ਲੜਕੀ ਨੇ ਦੱਸਿਆ ਕਿ ਉਹ ਖੁਦਕੁਸ਼ੀ ਦਾ ਇਰਾਦਾ ਬਣਾ ਚੁੱਕੀ ਹੈ। ਅਧਿਆਪਕਾਂ ਨੇ ਉਸ ਲੜਕੀ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਪੁਲੀਸ ਨੂੰ ਸੂਚਨਾ ਦਿੱਤੀ ਗਈ। ਘਰ ਦਾ ਪਤਾ ਪੂਰੀ ਤਰ੍ਹਾਂ ਜਾਣਨ ਦੇ ਬਾਵਜੂਦ ਪੁਲੀਸ ਨੇ ਬਹਾਨਾ ਕੀਤਾ ਕਿ ਉਸਨੂੰ ਦੋਸ਼ੀ ਘਰ ਨਹੀਂ ਮਿਲਿਆ। ਅਗਲੇ ਦਿਨ ਪੁਲੀਸ ਸਕੂਲ ਪਹੁੰਚੀ। ਪਿੰਡ ਦੇ ਘੜੰਮ ਚੌਧਰੀ, ਅਕਾਲੀ ਦਲ ਦੇ ਲੀਡਰ ਦੋਸ਼ੀ ਨੂੰ ਬਚਾਉਣ ਲਈ ਸਰਗਰਮ ਹੋ ਚੁੱਕੇ ਸਨ। ਪੁਲੀਸ ਤੇ ਮਾਮਲਾ ਰਫ਼ਾ ਦਫ਼ਾ ਕਰਨ ਲਈ ਦਬਾਅ ਪਾਇਆ ਗਿਆ। ਅਧਿਆਪਕਾਂ ਨੂੰ ਡਰਾਇਆ ਧਮਕਾਇਆ ਗਿਆ। ਉਹਨਾਂ ‘ਤੇ ਦੋਸ਼ ਲਾਇਆ ਗਿਆ ਕਿ ”ਬਾਹਰੀ ਲੋਕ” ਉਸ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੁੜੀ ਉੱਤੇ ਕੇਸ ਵਾਪਿਸ ਲੈਣ ਲਈ ਦਬਾਅ ਪਾਇਆ ਗਿਆ। ਪੁਲੀਸ ਨੂੰ ਕਿਹਾ ਗਿਆ ਕਿ ਜਾਂਚ-ਪੜਤਾਲ ਵਿੱਚ ਲਿਖ ਦੇਵੇ ਕਿ ਕੁੜੀ ਨੇ ਝੂਠੀ ਸ਼ਿਕਾਇਤ ਕੀਤੀ ਹੈ। ਲੜਕੀ ‘ਤੇ ਤਰ੍ਹਾਂ-ਤਰ੍ਹਾਂ ਦੇ ਝੂਠੇ ਦੋਸ਼ ਲਾਏ ਗਏ। ਸਕੂਲ ਦੇ ਅਧਿਆਪਕਾਂ ਅਤੇ ਪੀੜਤ ਕੁੜੀ ਦੇ ਡਟੇ ਰਹਿਣ ਕਾਰਨ ਪੁਲੀਸ ਨੂੰ ਐਫ.ਆਈ.ਆਰ. ਦਰਜ ਕਰਨੀ ਪਾਈ। ਪਰ ਪੁਲੀਸ ਨੇ ਬਲਾਤਕਾਰ ਦਾ ਨਹੀਂ ਸਗੋਂ ਸਿਰਫ਼ ਛੇੜਖਾਨੀ ਦਾ ਹੀ ਕੇਸ ਦਰਜ ਕੀਤਾ ਹੈ!

ਔਰਤਾਂ ਨਾਲ਼ ਵਾਪਰਨ ਵਾਲ਼ੇ ਜ਼ਬਰ ਜੁਲਮ ਦੇ ਸਮੁੰਦਰ ਚੋਂ ਇਹ ਘਟਨਾਵਾਂ ਕੁੱਝ ਬੂੰਦਾਂ ਹਨ। ਪਰ ਇਹ ਬੂੰਦਾਂ ਵੀ ਇਸ ਗੱਲ ਦਾ ਅਹਿਸਾਸ ਕਰਵਾ ਦਿੰਦੀਆਂ ਹਨ ਕਿ ਇਸ ਸਮੁੰਦਰ ਦਾ ਪਾਣੀ ਕਿਸ ਭਿਆਨਕ ਹੱਦ ਤੱਕ ਜ਼ਹਿਰੀਲਾ ਹੈ। ਇਸ ਜ਼ਹਿਰ ਦਾ ਇਲਾਜ ਕਰਨ ਲਈ ਡੂੰਘੀ ਸੋਚ ਵਿਚਾਰ ਹੋਣੀ ਚਾਹੀਦੀ ਹੈ, ਸਮਾਜ ਦੀਆਂ ਔਰਤ ਵਿਰੋਧੀ ਕਾਲ਼ੀਆਂ ਤਾਕਤਾਂ ਖਿਲਾਫ਼ ਬੇਕਿਰਕ ਘੋਲ਼ ਲੜਿਆ ਜਾਣਾ ਚਾਹੀਦਾ ਹੈ। ਇਸ ਵਾਸਤੇ ਸੰਵੇਦਨਸ਼ੀਲ ਲੋਕਾਂ ਨੂੰ ਸਿਰ ਜੋੜ ਬੈਠਣਾ ਪਵੇਗਾ, ਔਰਤ ਦੀ ਦੁਰਦਸ਼ਾ ਖਤਮ ਕਰਨ ਲਈ ਔਖੇ ਤੇ ਲੰਮੇਰੇ ਪਰ ਨਾਟਾਲਣਯੋਗ ਘੋਲ਼ ਵਿੱਚ ਕੁੱਦਣਾ ਪਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements