ਔਰਤਾਂ ਖ਼ਿਲਾਫ਼ ਵਧ ਰਹੇ ਜੁਰਮ : ਕੌਮੀ ਜੁਰਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ •ਕੁਲਦੀਪ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸ ਦੇਸ਼ ਵਿੱਚ ‘ਔਰਤ’ ਸ਼ਬਦ ਇੱਕ ਹੀਣਤਾ-ਭਾਵ ਦਾ ਸੂਚਕ ਸ਼ਬਦ ਬਣਦਾ ਜਾ ਰਿਹਾ ਹੈ। ਕਿਉਂਕਿ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡੇ ਦੇਸ਼ ਵਿੱਚ ਉਸਨੂੰ ਜੋ ਪੀੜਾ ਝੱਲਣੀ ਪੈਂਦੀ ਹੈ ਉਸਦਾ ਬਿਆਨ ਹੀ ਕਈ ਵਾਰ ਲੂੰ-ਕੰਡੇ ਖੜ੍ਹੇ ਕਰ ਦਿੰਦਾ ਹੈ। ਬਚਪਨ ‘ਚ ਹੀ ਉਸਨੂੰ ਘਰਾਂ ‘ਚੋਂ ਤਾਅਨੇ-ਮਿਹਣੇ, ਪੈਰ-ਪੈਰ ‘ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਘਰਾਂ ਵਿੱਚ ਖਾਣ-ਪੀਣ, ਪਹਿਣਨ, ਆਉਣ-ਜਾਣ, ਖੇਡਣ-ਕੁੱਦਣ ਦੇ ਮਾਮਲੇ ਵਿੱਚ ਆਮ ਤੌਰ ‘ਤੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨਾਲ਼ ਹੀ ਵਿਤਕਰਾ ਕੀਤਾ ਜਾਂਦਾ ਹੈ। ਜੀਵਨ ਦੇ ਕਿਸੇ ਪੜਾਅ ‘ਤੇ ਪਿਤਾ ਜਾਂ ਭਰਾ ਉਹਦੀ “ਰੱਖਿਆ” ਕਰਦਾ ਹੈ ਅਤੇ ਫਿਰ ਵਿਆਹ ਨਾਮੀ ਸੌਦੇ ਹੇਠ ਉਸਨੂੰ ਪਤੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ, ਜਿਵੇਂ ਇੱਕ ਅਜ਼ਾਦ ਇਨਸਾਨ ਨਾ ਹੋ ਕੇ ਉਹ ਕੋਈ ਭੇਡ-ਬੱਕਰੀ ਹੋਵੇ – ਜਿੱਥੇ ਸਾਰੀ ਉਮਰ ਪਤੀ ਉਹਦੀ “ਰਖਵਾਲੀ” ਕਰਦਾ ਹੈ। ਭਾਵ ਜਿੱਥੇ ਵਿਆਹ ਤੋਂ ਪਹਿਲਾਂ ਔਰਤ ਦੇ ਚਾਹ, ਮਲਿਆਰ, ਰੀਝਾਂ, ਇੱਛਾਵਾਂ, ਸ਼ੌਂਕ, ਰੁਚੀਆਂ ਆਦਿ ਪਿਤਾ ਅਤੇ ਭਰਾ ਦੀ “ਅਣਖ” ਦੀ ਜੁੱਤੀ ਹੇਠ ਕੁਰਲਾਉਂਦੇ ਅਤੇ ਵਿਲਕਦੇ ਰਹਿੰਦੇ ਹਨ, ਉੱਥੇ ਵਿਆਹ ਤੋਂ ਬਾਅਦ ਔਰਤ ਦੇ ਇਨਸਾਨੀ ਜਜ਼ਬਿਆਂ ਦਾ ਦੇਹ ਸਮੇਤ ਬਲਤਾਕਾਰ ਕਰਨ ਦਾ ਹੱਕ ਪਤੀ ਕੋਲ਼ ਚਲਿਆ ਜਾਂਦਾ ਹੈ, ਜਿੱਥੇ ਹਰ ਸਾਹ ‘ਤੇ ਪਤੀ ਦੇ ਪਹਿਰੇ ਤੇ ਪਬੰਦੀ ਦੀ ਕੈਦ ਵਿੱਚ ਉਹ ਘੁੱਟੀ-ਘੁੱਟੀ ਜੀਵਨ ਬਿਤਾਉਂਦੀ ਹੈ। ਜਦ ਬਾਹਰ ਵੀ ਨਿੱਕਲ਼ਦੀ ਹੈ ਤਾਂ ਜਿੱਥੇ ਇੱਕ ਪਾਸੇ ਉਸਨੂੰ ਮਿਲ਼ੇ “ਘਰ ਦੀ ਅਣਖ” ਨਾਮੀ “ਸਨਮਾਨ” ਦੀ ਲਾਜ ਰੱਖਣੀ ਪੈਂਦੀ ਹੈ ਤਾਂ ਦੂਜੇ ਪਾਸੇ ਬਾਹਰ ਜੋ ਉਸ ਨਾਲ਼ ਵਾਪਰਦਾ ਹੈ ਇਸ ਬਾਰੇ ਅਸੀਂ ਹਰ-ਰੋਜ਼ ਆਪਣੇ ਆਲੇ-ਦੁਆਲੇ ਦੇਖਦੇ ਰਹਿੰਦੇ ਹਾਂ। ਛੇੜ-ਛਾੜ, ਭੱਦੀਆਂ ਟਿੱਪਣੀਆਂ ਅਤੇ ਲਲਚਾਈਆਂ ਭੱਦੀਆਂ ਅਸ਼ਲੀਲ ਨਜ਼ਰਾਂ ਆਦਿ ਦਾ ਸਮੁੰਦਰ ਉਸਨੂੰ ਹਰ ਰੋਜ਼ – “ਘਰ ਦੀ ਅਣਖ” ਦੇ ਬੋਝ ਸਮੇਤ – ਤਰਨਾ ਪੈਂਦਾ ਹੈ ਜਦ ਉਸਨੇ ਸਕੂਲ, ਕਾਲਜ ਜਾਂ ਕੰਮ ‘ਤੇ ਜਾਣਾ ਹੋਵੇ। ਅੱਜ ਇਸ “ਮਹਾਨ ਭਾਰਤ” ਤੇ “ਡਿਜੀਟਲ ਭਾਰਤ” ਵਿੱਚ ਔਰਤ ਲਈ ਸਵੈ-ਮਾਣ ਦੀ ਜ਼ਿੰਦਗੀ ਜਿਉਣਾ ਹੀ ਇੱਕ ਵੰਗਾਰ ਬਣ ਚੁੱਕਾ ਹੈ। ਅਜਿਹੇ ਹਾਲਾਤਾਂ ਨਾਲ਼ ਨਿੱਤ ਬਾਵਸਤਾ ਹੁੰਦੇ ਹੋਏ ਔਰਤਾਂ ਨੂੰ ‘ਔਰਤ” ਸ਼ਬਦ ਵੀ ਗਾਲ੍ਹ ਵਰਗਾ ਲੱਗਦਾ ਹੈ। ਜਦ ਉਹ ਘਰਾਂ ਤੋਂ ਲੈ ਕੇ ਸਮਾਜ ਤੱਕ ਆਪਣੀ ਹੋਂਦ ਦਾ ਅਹਿਸਾਸ ਕਰਾਉਣ ਦਾ ਯਤਨ ਕਰਦੀ ਹੈ ਜਾਂ ਇੱਕ ਇਨਸਾਨ ਦੀ ਤਰ੍ਹਾਂ ਜਿਉਣ ਦਾ ਹੰਭਲ਼ਾ ਮਾਰਦੀ ਹੈ ਤਾਂ ਸਮਾਜ ਉਸਨੂੰ ਪਤਾ ਨਹੀਂ ਕੀ-ਕੀ ਭੱਦੇ ਵਿਸ਼ੇਸ਼ਣਾਂ ਨਾਲ਼ “ਵਡਿਆਉਂਦਾ” ਹੈ। ਕਿਉਂਕਿ ਇਹ “ਮਾਣ” ਸਾਡੇ ਦੇਸ਼ ਦੀ ਅਜੋਕੀ ਔਰਤ ਦੇ ਹਿੱਸੇ ਬਾਖੂਬੀ ਆਇਆ ਹੈ ਕਿ ਜਿੱਥੇ ਇੱਕ ਪਾਸੇ ਉਸਨੂੰ ਘਰ ਦੀ ਇੱਜਤ, ਅਣਖ, ਘਰ ਸੰਭਾਲਣ ਵਾਲ਼ੀ, ਬੱਚੇ ਪੈਦਾ ਕਰਨ ਦੀ ਮਸ਼ੀਨ, ਪਤੀ ਲਈ ਭੋਗ-ਵਿਲਾਸ ਦੀ ਵਸਤ ਆਦਿ ਜਗੀਰੂ ਵਿਸ਼ੇਸ਼ਣ ਹਾਲੇ ਵੀ ਮਿਲ਼ੇ ਹੋਏ ਹਨ ਤਾਂ ਦੂਜੇ ਪਾਸੇ ‘ਮੰਡੀ ਦਾ ਮਾਲ’ ਨਾਮੀ ਸਰਮਾਏਦਾਰਾ ਵਿਸ਼ੇਸ਼ਣ ਵੀ ਉਸਨੂੰ “ਵਡਿਆ” ਰਹੇ ਹਨ। ਅਜਿਹੇ ਨਵੇਂ ਪੁਰਾਣੇ ਦੇ ਘਾਲ਼ੇ-ਮਾਲ਼ੇ ਵਿੱਚ ਔਰਤ ਜੋ ਦੁਖਾਂਤ ਭੋਗ ਰਹੀ ਹੈ ਤੱਥ ਉਸਦੀ ਬਹੁਤ ਹੀ ਭਿਅੰਕਰ ਤਸਵੀਰ ਪੇਸ਼ ਕਰਦੇ ਹਨ।

ਪਿਛਲੇ ਦਿਨੀ ਐਨਸੀਆਰਬੀ (ਕੌਮੀ ਜੁਰਮ ਰਿਕਾਰਡ ਬਿਊਰੋ) ਦੀ ਇੱਕ ਰਿਪੋਰਟ ਆਈ ਜਿਸ ਵਿੱਚ ਔਰਤਾਂ ਵਿਰੁੱਧ ਵਧ ਰਹੇ ਜੁਰਮਾਂ ਦਾ ਵੇਰਵਾ ਵੀ ਦਰਜ ਸੀ। ਇਹ ਰਿਪੋਰਟ ਦੱਸਦੀ ਹੈ ਕਿ 2001 ਤੋਂ 2014 ਤੱਕ ਔਰਤਾਂ ਵਿਰੁੱਧ ਹੁੰਦੇ ਜੁਰਮਾਂ ਬਲਾਤਕਾਰ, ਛੇੜਛਾੜ, ਘਰੇਲੂ ਹਿੰਸਾ, ਅਗਵਾ, ਉਧਾਲ਼ਾ ਆਦਿ ਵਿੱਚ ਦੁੱਗਣੇ ਤੋਂ ਵੀ ਵੱਧ ਵਾਧਾ ਹੋਇਆ ਹੈ। 2001 ਵਿੱਚ ਐਨਸੀਆਰਬੀ ਨੇ ਔਰਤਾਂ ਵਿਰੁੱਧ ਹੁੰਦੇ ਜੁਰਮਾਂ ਦੀ ਗਿਣਤੀ 1,43,795 ਦਰਜ ਕੀਤੀ ਸੀ ਜੋ ਕਿ 2014 ‘ਚ ਵਧਕੇ 3,37,992 ਹੋ ਗਈ। ਇਸ ਰਿਪੋਰਟ ਵਿੱਚ ਔਰਤਾਂ ਵਿਰੁੱਧ ਹੁੰਦੀ ਹਿੰਸਾ ਦੇ ਛੇ ਰੂਪ ਬਣਾਏ ਗਏ ਹਨ ਜਿਹਨਾਂ ਵਿੱਚ ਪਤੀ ਜਾਂ ਸਬੰਧੀਆਂ ਦੁਆਰਾ ਜ਼ੁਲਮ, ਅਣਖ ਦੇ ਨਾਂ ਹੇਠ ਕੀਤਾ ਜ਼ੁਲਮ ਜਾਂ ਹਿੰਸਾ, ਅਗਵਾ ਕਰਨਾ ਜਾਂ ਉਧਾਲਣਾ, ਦਹੇਜ ਸਬੰਧੀ ਮੌਤਾਂ, ਬਲਾਤਕਾਰ, ਲਿੰਗੀ ਹਿੰਸਾ ਆਦਿ। 2001 ਵਿੱਚ ਭਾਰਤ ਵਿੱਚ ਪਤੀ ਜਾਂ ਸਬੰਧੀਆਂ ਦੀ ਹਿੰਸਾ ਜਾਂ ਜ਼ੁਲਮ ਦਾ ਸ਼ਿਕਾਰ 49,170 ਔਰਤਾਂ ਹੋਈਆਂ ਸਨ ਜਿਹਨਾਂ ਦੀ ਗਿਣਤੀ 2010 ‘ਚ ਵਧ ਕੇ 94,041 ਤੇ 2014 ‘ਚ 1,22,877 ‘ਤੇ ਪਹੁੰਚ ਗਈ। ਇਸੇ ਤਰ੍ਹਾਂ ਅਣਖ ਦੇ ਨਾਂ ਹਿੰਸਾ ਦੇ ਕੇਸ 2010 ‘ਚ 40,613 ਸਨ ਜੋ 2014 ‘ਚ ਵਧਕੇ 82,235 ਹੋ ਗਏ। ਅਗਵਾ ਅਤੇ ਉਧਾਲ਼ੇ ਦੇ ਕੇਸ 2010 ‘ਚ 29,795 ਸਨ ਜੋ 2014 ‘ਚ ਵਧ ਕੇ 57,311 ਹੋ ਗਏ। ਦਹੇਜ ਦੇ ਨਾਂ ਮੌਤਾਂ ਦੇ ਕੇਸ 2010 ‘ਚ 8,391 ਸਨ ਜੋ 2014 ‘ਚ 8,455 ਹੋ ਗਏ ਅਤੇ 2010 ‘ਚ ਬਲਾਤਕਾਰ ਦੇ 22,172 ਕੇਸ ਦਰਜ ਹੋਏ ਜੋ 2014 ‘ਚ ਵਧ ਕੇ 36,735 ਹੋ ਗਏ। ਇਹਨਾਂ ਬਲਾਤਕਾਰ ਕੇਸਾਂ ਵਿੱਚ 8,344 ਔਰਤਾਂ ਗੁਆਂਢੀਆਂ ਦੁਆਰਾ ਬਲਾਤਕਾਰ ਦੀਆਂ ਸ਼ਿਕਾਰ ਹੋਈਆਂ ਹਨ। 2014 ‘ਚ ਜਿਨਸੀ ਛੇੜਛਾੜ ਦੇ ਭਾਰਤ ‘ਚ 21,938 ਕੇਸ ਦਰਜ ਹੋਏ। 2014 ‘ਚ ਹੀ 713 ਬਲਾਤਕਾਰ ਦੇ ਅਜਿਹੇ ਕੇਸ ਦਰਜ ਹੋਏ ਜਿਹਨਾਂ ਵਿੱਚ ਦੋਸ਼ੀ ਖ਼ੂਨੀ ਸਬੰਧਾਂ ‘ਚੋ ਸੀ।

ਔਰਤਾਂ ਵਿਰੁੱਧ ਹੋ ਰਹੇ ਜੁਰਮਾਂ ਵਿੱਚ 2001 ਤੋਂ 2014 ਤੱਕ ਹੋਏ ਵਾਧੇ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। 2001 ‘ਚ ਦਿੱਲੀ ਵਿੱਚ ਔਰਤ ਵਿਰੁੱਧ ਜੁਰਮਾਂ ਦੇ 2,291 ਕੇਸ ਦਰਜ ਹੋਏ ਸਨ ਜੋ 2014 ‘ਚ ਵਧਕੇ 15,265 ਹੋ ਗਏ। ਇਸ ਤੋਂ ਬਿਨਾਂ ਬਿਹਾਰ (5,356 ਤੋਂ 15,382), ਹਰਿਆਣਾ (3,393 ਤੋਂ 8,974), ਰਾਜਸਥਾਨ (12,175 ਤੋਂ 31,151), ਰਾਜਾਂ ਵਿੱਚ ਔਰਤ ਵਿਰੋਧੀ ਜੁਰਮਾਂ ਵਿੱਚ 2001 ਤੋਂ 2014 ਦੌਰਾਨ ਲਗਪਗ 3 ਗੁਣਾ ਵਾਧਾ ਹੋਇਆ ਹੈ। ਆਸਾਮ (4,243 ਤੋਂ 19,139) ਵਿੱਚ ਇਹ ਵਾਧਾ ਲਗਪਗ ਪੰਜ ਗੁਣਾ ਹੈ, ਬੰਗਾਲ (6,570 ਤੋਂ 38,299) ਵਿੱਚ 6.2 ਗੁਣਾ, ਝਾਰਖੰਡ (2,229 ਤੋਂ 5,972) ਵਿੱਚ 2.5 ਗੁਣਾ, ਉਡੀਸ਼ਾ (5,357 ਤੋਂ 14,606) ਵਿੱਚ 3 ਗੁਣਾ, ਆਂਧਰ ਪ੍ਰਦੇਸ਼ (16,477 ਤੋਂ 30,648) ‘ਚ 1.9 ਗੁਣਾ, ਕਰਨਾਟਕਾ (6,002 ਤੋਂ 13,914) ‘ਚ 2.2 ਗੁਣਾ ਵਾਧਾ ਹੋਇਆ ਹੈ।

ਇਹ ਗੱਲ ਧਿਆਨਯੋਗ ਹੈ ਕਿ ਇਹ ਤੱਥ ਵੱਖ-ਵੱਖ ਸਮਿਆਂ ‘ਤੇ ਥਾਣਿਆਂ ਵਿੱਚ ਦਰਜ ਹੋਏ ਕੇਸਾਂ ਮੁਤਾਬਕ ਹਨ। ਪਰ ਇਹਨਾਂ ਅੰਕੜਿਆਂ ਤੋਂ ਬਿਨਾਂ ਵੱਡੀ ਗਿਣਤੀ ਅਜਿਹੇ ਕੇਸ ਹਨ ਜੋ ਜਾਂ ਤਾਂ ਦਰਜ ਹੀ ਨਹੀਂ ਹੁੰਦੇ ਜਾਂ ਪੁਲਿਸ ਦੀ ਮਿਲ਼ੀ-ਭੁਗਤ ਨਾਲ਼ ਰਫਾ-ਦਫਾ ਕਰ ਦਿੱਤੇ ਜਾਂਦੇ ਹਨ। ਇਸਦੇ ਬਾਵਜੂਦ ਵੀ ਉਪਰੋਕਤ ਤੱਥ ਸਾਡੇ ਦੇਸ਼ ਵਿੱਚ ਔਰਤ ਦੀ ਹਾਲਤ ਦੀ ਭਿਆਨਕਤਾ ਨੂੰ ਦਰਸਾਉਣ ਲਈ ਕਾਫ਼ੀ ਹਨ। ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਸਾਡੇ ਦੇਸ਼ ਵਿੱਚ ਔਰਤ ਨੂੰ ਦਿਨੋ-ਦਿਨ ਇੱਜਤ ਨਾਲ਼ ਜ਼ਿੰਦਗੀ ਜਿਉਣਾ ਵੀ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ।

ਸਾਡੇ ਸਮਾਜ ਦੇ ਜਗੀਰਦਾਰੀ ਤੋਂ ਸਰਮਾਏਦਾਰਾ ਵਿਕਾਸ ਦੇ ਭੱਦੇ ਮਾਡਲ ਦਾ ਸਭ ਤੋਂ ਵੱਧ ਦੁਖਾਂਤ ਜੇਕਰ ਸਾਡੇ ਦੇਸ਼ ਦੇ ਕਿਰਤੀਆਂ ਮਜ਼ਦੂਰਾਂ ਨੇ ਭੋਗਿਆ ਹੈ ਤਾਂ ਇਸਦੇ ਦੂਜੇ ਵੱਡੇ ਦੁਖਾਂਤ ਦੀ ਭਾਗੀ ਸਾਡੀ ਔਰਤ ਬਣੀ ਹੈ। ਕਿਉਂਕਿ ਅਜਿਹੇ ਧੀਮੇ, ਮਰੀਅਲ, ਸਮਝੌਤਿਆਂ ਰਾਹੀਂ ਹੋਏ ਵਿਕਾਸ ਨਾਲ਼ ਜਗੀਰੂ ਔਰਤ ਵਿਰੋਧੀ ਸੰਸਕਾਰ ਵੱਡੇ ਪੱਧਰ ‘ਤੇ ਬਚੇ ਹੋਏ ਹਨ ਜਿਹਨਾਂ ਅਨੁਸਾਰ ਔਰਤ ਪੈਰ ਦੀ ਜੁੱਤੀ, ਘਰ ਦੀ ਸਾਂਭ-ਸੰਭਾਲ ਕਰਨ ਵਾਲ਼ੀ, ਮਰਦ ਦੀ ਭੋਗ ਵਿਲਾਸ ਦੀ ਵਸਤੂ, ਜਾਇਦਾਦ ਦੇ ਵਾਰਸ ਪੈਦਾ ਕਰਨ ਵਾਲ਼ੀ ਆਦਿ ਕੋਈ ਸ਼ੈਅ ਹੁੰਦੀ ਹੈ, ਜਿਸਨੂੰ ਹਰ ਸਾਹ ਮਰਦ ਦੀ ਇੱਛਾ ਨਾਲ਼ ਲੈਣਾ ਪੈਂਦਾ ਸੀ। ਦੂਜੇ ਪਾਸੇ ਸਰਮਾਏਦਾਰਾ ਮੀਡੀਆ ਦੁਆਰਾ ਫੈਲਾਏ ਅਸ਼ਲੀਲਤਾ, ਲੱਚਰਤਾ, ਭੋਗ-ਵਿਲਾਸ ਆਦਿ ਦੇ ਮਾਹੌਲ ਨੇ ਜਗੀਰੂ ਔਰਤ ਵਿਰੋਧੀ ਮਾਨਸਿਕਤਾ ਲਈ ਬਲ਼ਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਜ਼ਿਆਦਾਤਰ ਟੀ.ਵੀ. ਸੀਰੀਅਲਾਂ, ਫ਼ਿਲਮਾਂ ਆਦਿ ਵਿੱਚ ਔਰਤ ਦੇ ਸਰੀਰ ਦੀ ਨੁਮਾਇਸ਼ ਲਾਈ ਜਾਂਦੀ ਹੈ। ਫ਼ਿਲਮੀ ਨਾਇਕਾਵਾਂ ਦੇ ਕਿਰਦਾਰ ‘ਤੇ ਜ਼ੋਰ ਦੇਣ ਦੀ ਥਾਂ ਅੱਜਕੱਲ੍ਹ ਜ਼ਿਆਦਾਤਰ ਫ਼ਿਲਮਾਂ ਵਿੱਚ ਔਰਤ ਦੇ ਜਿਸਮ ਦੀ ਨੁਮਾਇਸ਼ ਲਾਉਣ ‘ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ। ਭਾਵ ਮੀਡੀਆ ਨੇ ਔਰਤ ਨੂੰ ਇਨਸਾਨ ਹੋਣ ਦੇ ਉਸਦੇ ਮਨੁੱਖੀ ਹੱਕ ਤੋਂ ਵੀ ਵਾਂਝਾ ਕਰਕੇ ਉਸਨੂੰ ਮੰਡੀ ਦੀ ਵਸਤ ਵਿੱਚ ਬਦਲ ਕੇ ਰੱਖ ਦਿੱਤਾ ਹੈ। ਮੀਡੀਆ ਦੀ ਮੰਡੀ ਦੇ ਦੈਂਤਾਂ ਨੇ ਆਪਣੇ ਮੁਨਾਫ਼ੇ ਵਧਾਉਣ ਲਈ ਹਰ ਸ਼ਰਮ ਤੇ ਲਾਜ ਨੂੰ ਕਿੱਲੀ ‘ਤੇ ਟੰਗ ਕੇ ਹਰ ਪਸ਼ੂ ਪੱਧਰ ਦੀ ਪ੍ਰਵਿਰਤੀ ਨੂੰ ਉਗਾਸਾ ਦਿੰਦੇ ਹੋਏ ਉਸਨੂੰ ਮਨੁੱਖੀ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਿਵੇਂ-ਜਿਵੇਂ ਇਹਨਾਂ ਵਿਚਲਾ ਮੁਕਾਬਲਾ ਤਿੱਖਾ ਹੋ ਰਿਹਾ ਹੈ ਓਨੀਆਂ ਹੀ ਭੱਦਆਂ ਅਤੇ ਵਹਿਸ਼ੀ ਕਦਰਾਂ-ਕੀਮਤਾਂ ਇਹ ਪਸਾਰ ਰਹੇ ਹਨ। ਇਸ ਤੋਂ ਬਿਨਾਂ ਇੰਟਰਨੈਟ ਆਦਿ ਰਾਹੀਂ ਅਸ਼ਲੀਲ ਤੇ ਪੋਰਨ ਫ਼ਿਲਮਾਂ ਦਾ ਜੋ ਹੜ੍ਹ ਆਇਆ ਹੈ ਇਹਨੇ ਤਾਂ ਹਾਲਤ ਬਹੁਤ ਹੀ ਭਿਅੰਕਰ ਬਣਾ ਦਿੱਤੀ ਹੈ, ਉੱਤੋਂ ਤਕਨੀਕੀ ਵਿਕਾਸ ਨੇ ਇਸ ਤੱਕ ਸਭ ਦੀ ਪਹੁੰਚ ਸੰਭਵ ਬਣਾ ਦਿੱਤੀ ਹੈ। ਅਜਿਹਾ ਮਹੌਲ ਇੱਕ ਬਿਮਾਰ ਮਾਨਸਿਕਤਾ ਵਾਲ਼ੇ ਲੋਕਾਂ ਨੂੰ ਖਾਦ-ਪਾਣੀ ਦੇ ਰਿਹਾ ਹੈ ਜਿਹਨਾਂ ਲਈ ਔਰਤ ਬਸ ਭੋਗਣ ਦੀ ਵਸਤ ਹੈ ਅਤੇ ਉਹ ਹਰ ਹੀਲੇ ਉਸਨੂੰ ਭੋਗਣਾ ਚਾਹੁੰਦੇ ਹਨ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਉਪਰੋਕਤ ਅੰਕੜੇ ਅਤੇ ਔਰਤ ਨਾਲ਼ ਨਿੱਤ ਵਧ ਰਹੀਆਂ ਛੇੜ-ਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਸਮਾਜ ਦੀ ਨਾੜ-ਨਾੜ ਵਿੱਚ ਪਸਰ ਰਹੇ ਇਸ ਗੰਦੇ ਫੋੜੇ ਦੇ ਰਿਸਣ ਦੀਆਂ ਉਦਾਹਰਨਾਂ ਹਨ।

ਅਜਿਹੇ ਮਾਹੌਲ ਤੋਂ ਨਿਜਾਤ ਪਾਉਣ ਲਈ ਜਿੱਥੇ ਔਰਤਾਂ ਲਈ ਖੁਦ ਘਰਾਂ ਦੀ ਚਾਰਦੀਵਾਰੀ ‘ਚੋ ਬਾਹਰ ਆ ਕੇ ਅਤੇ ਜਥੇਬੰਦ ਹੋ ਕੇ ਅਜਿਹੀਆਂ ਦੁਸ਼ਵਾਰੀਆਂ ਨਾਲ਼ ਲੋਹਾ ਲੈਣਾ ਸਮੇਂ ਦੀ ਲੋੜ ਹੈ ਤਾਂ ਉੱਥੇ ਦੂਜੇ ਪਾਸੇ ਸਮਾਜ ਦੇ ਸੰਵੇਦਨਸ਼ੀਲ ਲੋਕਾਂ ਨੂੰ ਸਮਾਜ ਵਿੱਚ ਫੈਲੀਆਂ ਮੱਧਯੁਗੀ ਕਦਰਾਂ-ਕੀਮਤਾਂ ਅਤੇ ਔਰਤ ਵਿਰੋਧੀ ਮਾਨਸਿਕਤਾ ਵਿਰੁੱਧ ਸ਼ੰਘਰਸ਼ ਕਰਨਾ ਚਾਹੀਦਾ ਹੈ। ਔਰਤਾਂ ‘ਤੇ ਜੁਰਮ ਕਰਨ ਵਾਲ਼ਿਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਸਾਨੂੰ ਇਸ ਅਖੌਤੀ ਮੀਡੀਆ ਜਿਹੜਾ ਮੀਡੀਆ ਆਪਣੀ ਥੋੜ੍ਹੀ-ਬਹੁਤ ਬਾਕੀ ਬਚੀ ਚੰਗੀ ਭੂਮਿਕਾ ਵੀ ਹੁਣ ਗਵਾ ਚੁੱਕਿਆ ਹੈ – ਦੇ ਬਰਾਬਰ ਇੱਕ ਸੱਚਾ, ਇਨਕਲਾਬੀ ਲੋਕ ਮੀਡੀਆ ਖੜ੍ਹਾ ਕਰਨਾ ਚਾਹੀਦਾ ਹੈ ਜੋ ਸਮਾਜ ਵਿੱਚ ਸਿਹਤਮੰਦ ਕਦਰਾਂ-ਕੀਮਤਾਂ ਦਾ ਵਾਹਕ ਬਣੇ ਅਤੇ ਇਨਸਾਨੀ ਰਿਸ਼ਤਿਆਂ ਨੂੰ ਇਨਸਾਨੀ ਪੱਧਰ ‘ਤੇ ਪੇਸ਼ ਕਰੇ। ਇਸ ਤੋਂ ਬਿਨਾਂ ਔਰਤ ਮੁਕਤੀ ਦਾ ਸਵਾਲ ਅੱਜ ਸੱਭਿਆਚਾਰਕ ਪੱਧਰ ਦੇ ਸਵਾਲ ਦੇ ਨਾਲ਼-ਨਾਲ਼ ਹੀ ਪੈਦਾਵਾਰੀ ਸਬੰਧੀ ਦੀ ਇਨਕਲਾਬੀ ਤਬਦੀਲੀ ਦੇ ਸਵਾਲ ਨਾਲ਼ ਵੀ ਨੇੜਿਓਂ ਜੁੜਿਆ ਹੋਇਆ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements