ਔਰਤ ਦੀ ਗੁਲਾਮੀ ਦਾ ਆਰਥਿਕ ਅਧਾਰ •ਸੀਤਾ (ਦੂਜੀ ਕਿਸ਼ਤ)

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਰਮਾਏਦਾਰੀ ਸਮਾਜ ‘ਚ ਔਰਤ

ਆਓ ਹੁਣ ਅਸੀਂ ਉੱਥੇ ਹੀ ਮੁੜਦੇ ਹਾਂ ਜਿੱਥੋਂ ਸ਼ੁਰੂ ਕੀਤਾ ਸੀ। ਯਾਨਿ, ਅੱਜ ਦੇ ਯੁੱਗ, ਸਰਮਾਏਦਾਰਾ ਯੁੱਗ, ਜਿਸ ‘ਚ ਅਸੀਂ ਜੀਅ ਰਹੇ ਹਾਂ। ਸਰਮਾਏਦਾਰਾ ਦੌਰ ਮਾਅਨੇ ਪੈਸੇ ਦੀ ਸਰਦਾਰੀ ਦਾ ਦੌਰ, ਜਿਣਸੀ ਪੈਦਾਵਾਰ ਦਾ ਦੌਰ, ਉਹ ਦੌਰ ਜਿਸ ‘ਚ ਹਰ ਸ਼ੈਅ ਦਾ ਮਾਪਦੰਡ ਪੈਸਾ ਹੈ, ਜਿਸ ‘ਚ ਹਰ ਸ਼ੈਅ ਵਿਕਾਊ ਹੈ, ਮੰਡੀ ਲਈ ਹੈ।

ਇਸ ਦੌਰ ਤੋਂ ਅਸੀਂ ਔਰਤ ਦੀ ਕਿਰਤ ਦੇ ਬੇਵੁੱਕਤੇ ਹੋਣ ਨੂੰ ਵੱਧ ਸੌਖੀ ਤਰ੍ਹਾਂ ਸਮਝ ਸਕਦੇ ਹਾਂ ਤੇ ਇਸ ਬੇਵੁੱਕਤੇਪੁਣੇ ਨੂੰ ਸਮਝਣ ਲਈ ਸਾਨੂੰ ਪਹਿਲਾਂ ਇਸ ਸਮਾਜ ਤੇ ਇਸ ਦੇ ਚਲਨ ਨੂੰ ਸਮਝਣਾ ਚਾਹੀਦਾ ਹੈ। ਸਰਮਾਏਦਾਰੀ ਨਿਜ਼ਾਮ, ਦੋ ਮੁੱਖ ਜਮਾਤਾਂ—ਸਰਮਾਏਦਾਰ ਤੇ ਮਜ਼ਦੂਰਾਂ ‘ਚ ਵੰਡਿਆ ਹੋਇਆ ਜਿਣਸੀ ਪੈਦਾਵਾਰ ਵਾਲ਼ਾ ਨਿਜ਼ਾਮ ਹੈ। ਸਰਮਾਏਦਾਰੀ ਉਹ ਜਮਾਤ ਹੈ ਜਿਸ ਦੀ ਪੈਦਾਵਾਰ ਦੇ ਸਾਧਨਾਂ, ਯਾਨਿ, ਕਲ-ਕਾਰਖਾਨੇ, ਜ਼ਮੀਨ-ਜਾਇਦਾਦ ਉੱਪਰ ਮਾਲਕੀ ਹੈ ਤੇ ਮਜ਼ਦੂਰਾਂ ਨੂੰ ਉਜਰਤਾਂ ਦੇ ਕੇ ਮੁਨਾਫੇ ਲਈ ਪੈਦਾਵਾਰ ਕਰਦੀ ਹੈ। ਮਜ਼ਦੂਰ ਉਹ ਲੋਕ ਹਨ ਜੋ ਅਪਣੀ ਕਿਰਤ ਸ਼ਕਤੀ ਨੂੰ ਵੇਚ ਕੇ ਗੁਜ਼ਾਰਾ ਕਰਦੇ ਹਨ। ਯਾਨਿ ਉਹ ਲੋਕ ਜਿਹਨਾਂ ਦੀ ਪੈਦਾਵਾਰੀ ਸਾਧਨਾਂ ਤੱਕ ਕੋਈ ਪਹੁੰਚ ਨਹੀਂ ਹੁੰਦੀ ਜਾਂ ਜਿਹਨਾਂ ਕੋਲ਼ ਜਿਉਣ ਲਈ ਲੋੜੀਂਦੀਆਂ ਚੀਜ਼ਾਂ ਦੀ ਥੁੜ ਹੁੰਦੀ ਹੈ। ਅਪਣੀ ਕਿਰਤ ਸ਼ਕਤੀ ਦੇ ਵਟਾਂਦਰੇ ‘ਚ ਇਹਨਾਂ ਨੂੰ ਜੋ ਉਜਰਤ ਮਿਲ਼ਦੀ ਹੈ ਉਹ ਇਹਨਾਂ ਦੀ ਲੋੜੀਂਦੀਆਂ ਖਪਤਕਾਰੀ ਚੀਜ਼ਾ ਤੱਕ ਪਹੁੰਚ ਬਣਾਉਂਦੀ ਹੈ ਜੋ ਉਹਨਾਂ ਦੀ ਆਪਣੇ ਤੇ ਆਪਣੇ ਪਰਿਵਾਰ ਦੀ ਪਾਲਣਾ ਲਈ ਜ਼ਰੂਰੀ ਹਨ। ਜਿਣਸ ਸਿੱਧੀ ਖਪਤ ਲਈ ਪੈਦਾ ਕੀਤੀ ਗਈ ਉਪਜ ਦੇ ਉਲਟ ਉਹ ਉਪਜ ਹੈ ਜੋ ਸਿਰਫ ਮੰਡੀ ਲਈ ਤਬਾਦਲੇ ਲਈ ਪੈਦਾ ਕੀਤੀ ਜਾਂਦੀ ਹੈ। ਹਰ ਜਿਣਸ ‘ਚ ਤਬਾਦਲਾ ਕਦਰ ਤੇ ਵਰਤੋਂ ਕਦਰ ਹੁੰਦੀ ਹੈ।

ਦੂਸਰੇ ਪਾਸੇ ਹਰ ਪੈਦਾਵਾਰ ਜਿਸ ਦੀ ਕਿ ਵਰਤੋਂ ਕਦਰ ਹੁੰਦੀ ਹੈ ਜ਼ਰੂਰੀ ਨਹੀਂ ਹੈ ਕਿ ਉਸ ਦੀ ਤਬਾਦਲਾ ਕਦਰ ਵੀ ਹੋਵੇ।  ਕਹਿਣ ਤੋਂ ਭਾਵ ਜ਼ਰੂਰੀ ਨਹੀਂ ਕਿ ਉਹ ਜਿਣਸ ਹੋਵੇ। ਪੈਦਾਵਾਰ ਦੀ ਤਬਾਦਲਾ ਕਦਰ ਉਸ ਹੱਦ ਤੱਕ ਹੀ ਹੋਵੇਗੀ, ਜਿਸ ਹੱਦ ਤੱਕ ਸਮਾਜ, ਜਿਸ ‘ਚ ਇਹ ਜਿਣਸ ਪੈਦਾ ਹੋਈ ਹੈ, ਨੂੰ ਇਸ ਦੇ ਤਬਾਦਲੇ ਦੀ ਲੋੜ ਹੋਵੇ। ਅਜਿਹੇ ਸਮਾਜ ‘ਚ ਤਬਾਦਲਾ ਇੱਕ ਆਮ ਨਿਯਮ ਹੈ। ਸਰਮਾਏਦਾਰਾ ਸਮਾਜ ‘ਚ ਜਿਣਸੀ ਪੈਦਾਵਾਰ— ਤਬਾਦਲਾ ਕਦਰ ਵਾਲ਼ੀ ਪੈਦਾਵਾਰ— ਅਪਣੀ ਉੱਨਤੀ ਦੇ ਸਿੱਖਰ ਉੱਤੇ ਹੈ। ਮਨੁੱਖੀ ਇਤਿਹਾਸ ‘ਚ ਇਹ ਪਹਿਲਾ ਸਮਾਜ ਹੈ ਜਿਸ ‘ਚ ਪੈਦਾਵਾਰ ਦਾ ਵੱਡਾ ਹਿੱਸਾ ਖੁਦ ਦੀ ਵਰਤੋਂ ਲਈ ਨਹੀਂ ਸਗੋਂ ਮੰਡੀ ‘ਚ ਵੇਚਣ ਲਈ ਪੈਦਾ ਕੀਤਾ ਜਾਂਦਾ ਹੈ। ਤਾਂ ਵੀ ਇਹ ਪੂਰਾ ਸੱਚ ਨਹੀਂ ਹੈ ਕਿ ਸਰਮਾਏਦਾਰੀ ਹੇਠ ਦੀ ਸਾਰੀ ਦੀ ਸਾਰੀ ਪੈਦਾਵਾਰ ਜਿਣਸੀ ਪੈਦਾਵਾਰ ਹੈ। ਘਰੇਲੂ ਪੈਦਾਵਾਰ ‘ਚ ਲੱਗਿਆ ਔਰਤਾਂ ਦਾ ਹਾਲੇ ਵੀ ਵੱਡਾ ਹਿੱਸਾ ਉਜਰਤੀ ਕਿਰਤ, ਜਿਣਸੀ ਪੈਦਾਵਾਰ ਦੇ ਅਮਲ ‘ਚੋਂ ਬਾਹਰ ਹੈ। ਕਿਉਂਕਿ ਘਰੇਲੂ ਪੈਦਾਵਾਰ ਹਾਲੇ ਵੀ ਮੰਡੀ ਦੇ ਚਲਣ ਤੋਂ ਬਾਹਰ ਦਾ ਪੂਰਵ-ਸਰਮਾਏਦਾਰਾ ਪੈਦਾਵਾਰੀ ਅਮਲ ਹੈ। ਘਰੇਲੂ ਪੈਦਾਵਾਰ ਜਿਸ ‘ਚ ਬੱਚੇ ਜੰਮਣਾ-ਪਾਲਣਾ, ਚੁੱਲ੍ਹਾ-ਚੌਂਕਾ ਤੇ ਘਰ ਦੀ ਸਾਂਭ-ਸੰਭਾਈ ਦਾ ਕੰਮ ਆਉਂਦਾ ਹੈ, ਸਮਾਜ ਲਈ ਬੇਹੱਦ ਲੋੜੀਂਦੀ ਉਪਜ ਹੈ ਤੇ ਇਸ ਉੱਤੇ ਅੰਤਾਂ ਦੀ ਮਨੁੱਖੀ ਸ਼ਕਤੀ ਖਰਚ ਹੁੰਦੀ ਹੈ। ਤਦ ਵੀ ਜਿਣਸੀ ਪੈਦਾਵਾਰ ‘ਤੇ ਅਧਾਰਤ ਇਸ ਸਮਾਜ ‘ਚ ਇਸ ਉਪਜ ਦਾ ਵਪਾਰ ਤੇ ਮੰਡੀ ਤੋਂ ਬਾਹਰ ਦੀ ਸ਼ੈਅ ਹੋਣ ਕਰਕੇ ਇਸ ਨੂੰ ਸਹੀ ਅਰਥਾਂ ‘ਚ ਕਿਰਤ ਵੀ ਨਹੀਂ ਸਮਝਿਆ ਜਾਂਦਾ। ਕਿਉਂਕਿ ਇਸ ਨਿਜ਼ਾਮ ‘ਚ ਪੈਸੇ ਦੇ ਪ੍ਰਧਾਨ ਹੋਣ ਕਰਕੇ ਉਸ ਕੰਮ ਨੂੰ ਹੀ ਕੰਮ ਸਮਝਿਆ ਜਾਂਦਾ ਹੈ ਜਿਸ ਨਾਲ਼ ਪੈਸਾ ਪੈਦਾ ਹੁੰਦਾ ਹੈ, ਜਿਸ ਨੂੰ ਖ੍ਰੀਦਿਆ ਜਾ ਸਕਦਾ ਹੈ। ਇੰਝ ਇਹ ਕਿਰਤ ਅਪਣੇ ਹਕੀਕੀ ਅਰਥਾਂ ‘ਚ ਸਰਮਾਏ ਦੇ ਨਿਜ਼ਾਮ ਤੋਂ ਪਹਿਲਾਂ ਦੀ ਅਵਸਥਾ ‘ਚ ਹੈ। ਇਸ ਲਈ ਅਸੀਂ ਮੋਟੇ ਰੂਪ ‘ਚ ਔਰਤਾਂ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰ ਸਕਦੇ ਹਾਂ— ਉਹਨਾਂ ਇਨਸਾਨਾਂ ਦਾ ਸਮੂਹ ਜੋ ਘਰ ਪਰਿਵਾਰ ਨਾਲ਼ ਸਬੰਧਿਤ ਸਧਾਰਨ ਵਰਤੋਂ ਕਦਰ ਵਾਲੀ ਪੈਦਾਵਾਰ ਲਈ ਜ਼ੁੰਮੇਵਾਰ ਹੈ। ਮਰਦ ਇਸ ਪੈਦਾਵਾਰ ਲਈ ਜ਼ੁੰਮੇਵਾਰ ਨਹੀਂ ਹੈ, ਇਹੀ ਇਹਨਾਂ ਦੋਵਾਂ ਦਰਮਿਆਨ ਦਾ ਪਾੜਾ ਹੈ।

ਅੱਜ ਦੇ ਸੰਦਰਭ ‘ਚ ਇੱਕ ਗੱਲ ਧਿਆਨ ਦੇਣ ਵਾਲ਼ੀ ਹੈ। ਅੱਜ ਔਰਤਾਂ ਵੀ ਉਜਰਤੀ ਮਜ਼ਦੂਰੀ ‘ਚ ਹਿੱਸਾ ਲੈਂਦੀਆਂ ਹਨ। ਪਰ ਇੱਕ ਤਬਕੇ ਦੇ ਤੌਰ ‘ਤੇ ਇਸ ਖੇਤਰ ‘ਚ ਉਹਨਾਂ ਦੀ ਕੋਈ ਖਾਸ ਜ਼ੁੰਮੇਵਾਰੀ ਨਹੀਂ ਹੈ, ਸਗੋਂ ਉਹਨਾਂ ਦੀ ਹਿੱਸੇਦਾਰੀ ਨੂੰ ਥੋੜਚਿਰੀ ਮੰਨਿਆ ਜਾਂਦਾ ਹੈ। ਦੂਸਰੇ ਬੰਨੇ, ਮਰਦਾਂ ਨੂੰ ਜਿਣਸੀ ਪੈਦਾਵਾਰ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਤੇ ਸਿਧਾਂਤਕ ਤੌਰ ‘ਤੇ ਘਰੇਲੂ ਉਪਜ ਲਈ ਉਹਨਾਂ ‘ਤੇ ਕੋਈ ਜ਼ੁੰਮਵਾਰੀ ਨਹੀਂ ਆਉਂਦੀ। ਉਲਟਾ ਜੋ ਮਰਦ ਘਰੇਲੂ ਕੰਮਾਂ ‘ਚ ਹਿੱਸਾ ਲੈਂਦੇ ਹਨ ਉਹਨਾਂ ਨੂੰ ਵਿਰਲੇ ਟਾਂਵੇ ਕੰਮ ਮੰਨਿਆ ਜਾਂਦਾ ਹੈ ਤੇ ਇਸ ਕੰਮ ਨੂੰ ਬੇਇਜ਼ਤੀ ਵਾਲ਼ਾ, ਘਟੀਆ ਤੇ ਜਨਾਨੜਾ ਸਮਝਿਆ ਜਾਂਦਾ ਹੈ।

ਇਸ ਤਰ੍ਹਾਂ ਅਸੀਂ ਵੇਖਿਆ ਹੈ ਕਿ ਔਰਤਾਂ ਦੀ ਇਸ ਪ੍ਰੀਭਾਸ਼ਾ ਵਿੱਚ ਉਹਨਾਂ ਦੇ ਨੀਵੇਂ ਦਰਜੇ ਦੇ ਨਾਗਰਿਕ ਹੋਣ ਦਾ ਪਦਾਰਥਕ ਅਧਾਰ ਮੌਜੂਦ ਹੈ। ਪੈਸਾ ਪ੍ਰਧਾਨ ਸਮਾਜ ਵਿੱਚ ਔਰਤਾਂ ਇੱਕ ਅਜਿਹਾ ਤਬਕਾ ਹਨ ਜੋ ਪੈਸੇ ਦੀ ਆਰਥਿਕਤਾ ‘ਚੋਂ ਮੁੱਖ ਤੌਰ ‘ਤੇ ਬਾਹਰ ਹਨ। ਉਹਨਾਂ ਦਾ ਕੰਮ ਪੈਸੇ ਨੂੰ ਪੈਦਾ ਨਹੀਂ ਕਰਦਾ, ਇਸ ਲਈ ਇਸ ਕੰਮ ਦੀ ਨਾ ਤਾ ਕੋਈ ਕਦਰ ਹੈ ਤੇ ਨਾ ਹੀ ਇਸ ਕੰਮ ਨੂੰ ਕੰਮ ਹੀ ਗਿਣਿਆ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਔਰਤਾਂ ਦੀ ਹਾਲਤ ਉਹਨਾਂ ਭੂਮੀ ਗੁਲਾਮਾਂ ਜਾਂ ਕਿਸਾਨਾਂ ਵਰਗੀ ਹੈ ਜਿਹੜੇ ਜਿਹੜੇ ਜਿਣਸੀ ਪੈਦਾਵਾਰ ਤੋਂ ਬਾਹਰ ਹੁੰਦੇ ਹਨ।

ਪੇਂਡੂ ਖੇਤਰ ‘ਚ ਗਰੀਬ ਔਰਤਾਂ ਦਾ ਵੱਡਾ ਹਿੱਸਾ ਘਰੇਲੂ ਕੰਮ ਜਿਵੇਂ ਕਿ ਬੱਚੇ ਜੰੰਮਣਾ-ਪਾਲਣਾ, ਖਾਣਾ ਪਕਾਉਣਾ, ਅਨਾਜ ਦੀ ਸਾਂਭ-ਸੰਭਾਈ ਕਰਨਾ, ਪਸ਼ੂਆ ਦੀ ਸਾਂਭ ਸੰਭਾਈ ਕਰਨਾ, ਘਰਾਂ ਨੂੰ ਲਿਪਣਾ-ਪੋਚਣਾ ਆਦਿ ਕਰਦੀਆਂ ਹਨ। ਜ਼ਿੰਦਗੀ ਦੇ ਨਿਰਬਾਹ ਲਈ ਤੇ ਪਰਿਵਾਰ ਨੂੰ ਬਣਾਏ ਰੱਖਣ ਲਈ ਅਤਿ ਲੋੜੀਂਦੇ ਇਸ ਕੰਮ ਦਾ ਵੱਡਾ ਹਿੱਸਾ ਜ਼ਿਆਦਾਤਰ ਔਰਤਾਂ ਵੱਲੋਂ ਹੀ ਪੂਰਾ ਕੀਤਾ ਜਾਂਦਾ ਹੈ। ਪਰ ਇਸ ਕੰਮ ਦੇ ਗੈਰ-ਉਜਰਤੀ ਹੋਣ ਕਰਕੇ ਇਸ ਕੰਮ ਨੂੰ ਕੰਮ ਨਹੀਂ ਗਿਣਿਆ ਜਾਂਦਾ, ਕਿਉਂਕਿ ਇਹ ਕੰਮ ਖੁਦ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤਾ ਜਾਂਦਾ ਹੈ, ਯਾਨਿ ਇਸ ‘ਚ ਸਿਰਫ ਵਰਤੋਂ ਕਦਰ ਹੈ ਤਬਾਦਲਾ ਕਦਰ ਨਹੀਂ।

ਖੇਤੀਬਾੜੀ ‘ਚ ਗਰੀਬ ਤੇ ਛੋਟੀ ਕਿਸਾਨੀ ਦਾ ਗੁਜ਼ਾਰਾ ਪੂਰੇ ਪਰਿਵਾਰ ਦੀ ਮਿਹਨਤ ਨਾਲ਼ ਹੀ ਚਲਦਾ ਹੈ, ਕਿਉਂਕਿ ਉਹ ਧਨੀ ਕਿਸਾਨ ਵਾਂਗ ਉਜਰਤੀ ਮਿਹਨਤ ਨਹੀਂ ਖਰੀਦ ਸਕਦੇ। ਇਸੇ ਤਰ੍ਹਾਂ ਹੀ ਛੋਟੀ ਘਰੇਲੂ ਦਸਤਕਾਰੀ, ਹੱਥਖੱਡੀ ਵਗੈਰਾ ‘ਚ ਕਤਾਈ-ਬੁਣਾਈ ਵਰਗੇ ਕੰਮ ਘਰ ‘ਚ ਬੈਠ ਕੇ ਹੀ ਕੀਤੇ ਜਾਂਦੇ ਹਨ। ਛੋਟੇ-ਮੋਟੇ ਪਾਲਣ ਵਾਲ਼ੇ ਧੰਦੇ ਜਿਵੇਂ ਮੁਰਗੀਆਂ, ਸੂਰ ਤੇ ਬੱਕਰੀਆਂ ਵਗੈਰਾ ਪਾਲਣ ‘ਚ ਵੀ ਔਰਤਾਂ ਵੱਲੋਂ ਵਾਹਵਾ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਪਰ ਤਦ ਵੀ ਉਹਨਾਂ ਨੂੰ ਕਾਮੇ ਦਾ ਰੁਤਬਾ ਨਹੀਂ ਮਿਲ਼ਦਾ। ਕਿਉਂਕਿ ਇੱਥੇ ਵੀ ਭਾਵੇਂ ਆਮਦਨ ‘ਚ ਉਹਨਾਂ ਦਾ ਚੌਖਾ ਯੋਗਦਾਨ ਹੁੰਦਾ ਹੈ ਪਰ ਤਦ ਵੀ ਉਹਨਾਂ ਦਾ ਕੰਮ ਪੈਸੇ ਨੂੰ ਪੈਦਾ ਨਹੀਂ ਕਰਦਾ।

ਅਪਣੀਆਂ ਲੋੜਾਂ ਤਹਿਤ ਸਰਮਾਏਦਾਰੀ ਸਮਾਜ ਨੇ ਔਰਤਾਂ ਨੂੰ ਘਰੇਲੂ ਕੰਮਾਂ ‘ਚੋਂ ਕੱਢ ਕੇ ਇੱਕ ਹੱਦ ਤੱਕ ਸਮਾਜਕ ਪੈਦਾਵਾਰੀ ਅਮਲ ਪੈਦਾਵਾਰ ਨਾਲ਼ ਜੋੜਿਆ ਹੈ। ਅੱਜ ਔਰਤਾਂ ਵੀ ਉਜਰਤੀ ਮਜ਼ਦੂਰਾਂ ਦੇ ਤੌਰ ‘ਤੇ ਖੇਤਾਂ, ਕਾਰਖਾਨਿਆਂ, ਮਿੱਲਾਂ, ਖਾਣਾਂ ਤੇ ਦਫਤਰਾਂ ‘ਚ ਕੰਮ ਕਰਦੀਆਂ ਹਨ। ਪਰ ਉਹਨਾਂ ਦੇ ਕੰਮ ਦੀ ਕਿਸਮ ਉਹਨਾਂ ਦੇ ਪਰਿਵਾਰ ਦੀ ਸਮਾਜਕ, ਆਰਥਕ ਤੇ ਜਾਤ-ਪਾਤੀ ਹੈਸੀਅਤ ਮੁਤਾਬਕ ਹੀ ਹੁੰਦੀ ਹੈ। ਪੇਂਡੂ ਖੇਤਰ ‘ਚ ਨਿਰਬਾਹੀ ਕਿਸਮ ਦੀ ਮਿਹਨਤ ਮਜ਼ਦੂਰੀ ਦੇ ਕੰਮ ਦਾ ਬੋਝ ਗਰੀਬ ਦਲਿਤ ਪਰਿਵਾਰਾਂ ਦੀਆਂ ਔਰਤਾਂ ਸਿਰ ਡਿੱਗਦਾ ਹੈ ਤੇ ਵੱਡੇ ਘਰਾਂ ਦੀਆਂ ਔਰਤਾਂ ਦੇ ਕੰਮ ਨਾ ਕਰਨ ਨੂੰ ਸ਼ਾਨ ਸਮਝਿਆ ਜਾਂਦਾ ਹੈ। ਔਰਤਾਂ ਦੇ ਕੰਮ ਦੀ ਕਿਸਮ ਤੇ ਉਹਨਾਂ ਦੇ ਪਰਿਵਾਰ ਦੀ ਹੈਸੀਅਤ ਦਾ ਸਿੱਧਾ ਅਨੁਪਾਤੀ ਰਿਸ਼ਤਾ ਹੁੰਦਾ ਹੈ। ਗਰੀਬ ਦਲਿਤ ਪਰਿਵਾਰਾਂ ਦੀਆਂ ਔਰਤਾਂ ਦੇ ਅਨਪੜ੍ਹ ਤੇ ਗੈਰ-ਸਿੱਖਿਅਤ  ਹੋਣ ਕਰਕੇ ਉਹਨਾਂ ਲਈ ਕੰਮ ਦੀ ਕਿਸਮ ਦੀ ਚੋਣ ਦਾ ਸੁਆਲ ਨਹੀਂ ਸਗੋਂ ਜੀਵਨ ਨਿਰਬਾਹ ਦਾ ਸੁਆਲ ਮੁੱਖ ਹੁੰਦਾ ਹੈ। ਕਈ ਵਾਰ ਤਾਂ ਉਹ ਪਰਿਵਾਰ ਦੀਆਂ ਮੁੱਖ ਕਮਾਊ ਹੁੰਦੀਆਂ ਹਨ, ਪਰ ਫਿਰ ਵੀ ਸਮਾਜਕ ਪ੍ਰੰਪਰਾਵਾਂ ਤੇ ਮਾਨਤਾਵਾਂ ਮੁਤਾਬਕ ਮਰਦ ਨੂੰ ਹੀ ਪਰਿਵਾਰ ਦਾ ਮੁੱਖ ਕਮਾਊ ਸਮਝਿਆ ਜਾਂਦਾ ਹੈ। ਅਨਪੜ੍ਹਤਾ ਤੇ ਗੈਰਸਿੱਖਿਅਤ ਹੋਣ ਕਰਕੇ ਇਹਨਾਂ ਵਰਗਾਂ ਦੀਆਂ ਔਰਤਾਂ ਲਈ ਚੰਗੇ ਰੁਜ਼ਗਾਰ ‘ਚ ਥਾਂ ਬਣਾ ਸਕਣਾ ਲਗਭਗ ਅਸੰਭਵ ਹੈ।

ਦੂਸਰੇ ਪਾਸੇ ਮੱਧਵਰਗੀ ਤੇ ਵੱਡੇ ਘਰਾਂ ਦੀਆਂ ਔਰਤਾਂ ਅੱਜ ਦੇ ਖਪਤਕਾਰੀ ਦੌਰ ‘ਚ ਪਰਿਵਾਰ ਦੇ ਆਰਥਕ ਪੱਧਰ ਨੂੰ ਉੱਚਾ ਚੁੱਕਣ ਜਾਂ ਵਧ ਰਹੀ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਨੌਕਰੀ ਪੇਸ਼ੇ ‘ਚ ਆ ਰਹੀਆਂ ਹਨ। ਇਹਨਾਂ ਔਰਤਾਂ ‘ਚ ਸਿੱਖਿਆ ਦੇ ਫੈਲਣ ਨਾਲ਼ ਨੌਕਰੀ ਪੇਸ਼ੇ ‘ਚ ਕਈ ਤਰ੍ਹਾਂ ਦੇ ਮੌਕੇ ਪੈਦਾ ਹੋਏ ਹਨ। ਪਰ ਇੱਥੇ ਵੀ ਲਿੰਗ ਅਧਾਰਤ ਵਖਰੇਵਿਆਂ, ਪੰਰਪਰਾਵਾਂ ਤੇ ਮਾਨਤਾਵਾਂ ਕਰਕੇ ਤੇ ਉਸ ਤੋਂ ਵੀ ਵੱਧ, ਕਿਰਤ ਮੰਡੀ ‘ਚ ਬੋਰੁਜ਼ਗਾਰਾਂ ਦੀ ਫੌਜ ਕਾਰਨ ਤੇ ਘਰੇਲੂ ਕੰਮ ਔਰਤਾਂ ਦੀ ਮੁੱਖ ਜ਼ੁਮੇਵਾਰੀ ਹੋਣ ਕਰਕੇ, ਇਹਨਾਂ ਵੱਧ ਪੜ੍ਹੀਆਂ ਲਿਖੀਆਂ ਔਰਤਾਂ ਲਈ ਵੀ ਰੁਜ਼ਗਾਰ ਦਾ ਮੌਕੇ ਘਟਦੇ ਜਾ ਰਹੇ ਹਨ। ਉਹਨਾਂ ਨੂੰ ਖਾਸ ਕਿਸਮ ਦੇ ਪੇਸ਼ਿਆਂ ‘ਚ ਹੀ ਵੱਧ ਨੁਮਾਇੰਦਗੀ ਮਿਲ਼ਦੀ ਹੈ, ਜਿਵੇਂ ਕਿ ਕਲਰਕੀ, ਅਧਿਆਪਨ ਤੇ ਨਰਸਿੰਗ ਵਗੈਰਾ। ਉੱਚ ਪੱਧਰੀ ਤਕਨੀਕੀ ਕਿਸਮ ਦੇ ਕਿੱਤਿਆ ਤੇ ਪ੍ਰਸ਼ਾਸਕੀ ਕਿਸਮ ਦੇ ਵੱਡੇ ਰੁਤਬਿਆਂ ‘ਚ ਔਰਤਾਂ ਨੂੰ ਬਹੁੱਤ ਘੱਟ ਥਾਂ ਮਿਲ਼ਦੀ ਹੈ। ਭਾਵੇਂ ਕਿ ਅੱਜ ਇਹ ਹਾਲਤ ਬਦਲ ਰਹੀ ਹੈ। ਪਰ ਇਹਨਾਂ ਕਿੱਤਿਆਂ ਨੂੰ ਹਾਸਲ ਕਰਨ ਲਈ ਔਰਤਾਂ ਨੂੰ ਮਰਦਾਂ ਨਾਲ਼ੋਂ ਕਿੱਤੇ ਵੱਧ ਮਿਹਨਤ ਕਰਨੀ ਪੈਂਦੀ ਹੈ ਤੇ ਅਪਣੇ ਆਪ ਨੂੰ ਵਾਰ ਵਾਰ ਵੱਧ ਕਾਬਿਲ ਸਾਬਿਤ ਕਰਨਾ ਪੈਂਦਾ ਹੈ। ਇਹਨਾਂ ਕਿੱਤਿਆਂ ‘ਚ ਦਾਖਲਾ ਹਾਸਲ ਕਰਨ ਲਈ ਔਰਤਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਇਹਨਾਂ ਕਿੱਤਿਆਂ ‘ਚ ਬੇਸ਼ੱਕ ਉਹਨਾਂ ਨਾਲ਼ ਉਜਰਤਾਂ ‘ਚ ਗੈਰ-ਬਰਾਬਰਤਾ ਨਹੀਂ ਹੁੰਦੀ, ਪਰ ਇੱਥੇ ਵੀ ਉਹਨਾਂ ਨੂੰ ਲਿੰਗ ਅਧਾਰਤ ਭੇਦਭਾਵ ਝੱਲਣਾ ਪੈਂਦਾ ਹੈ।

ਵਧ ਰਹੇ ਸਨੱਅਤ ਦੇ ਆਧੁਨਿਕੀਕਰਨ ਨੇ ਜਿੱਥੇ ਔਰਤਾਂ ਦੇ ਇੱਕ ਛੋਟੇ ਪੜ੍ਹੇ-ਲਿਖੇ ਤੇ ਵੱਧ ਸਿੱਖਿਅਤ ਹਿੱਸੇ ਲਈ ਕੰਮ ਦੇ ਵਧੀਆ ਮੌਕੇ ਪੈਦਾ ਕੀਤੇ ਹਨ ਉੱਥੇ ਇਸ ਨੇ ਔਰਤਾਂ ਦੇ ਵੱਡੇ ਅਨਪੜ੍ਹ ਤੇ ਗੈਰ ਸਿੱਖਿਅਤ ਹਿੱਸੇ ਲਈ ਕੰਮ ਦੇ ਮੌਕੇ ਘਟਾਏ ਹਨ। ਜਿਵੇਂ ਕਿ ਕੱਪੜਾ ਸੱਨਅਤ, ਜੂਟ ਤੇ ਖਾਣਾਂ ‘ਚ ਔਰਤਾਂ ਦਾ ਪਹਿਲਾਂ ਜਿਹੜਾ ਵੱਡਾ ਹਿੱਸਾ ਕੰਮ ਕਰਦਾ ਸੀ, ਉਸ ਲਈ ਹੁਣ ਵਧ ਰਹੇ ਅਧੁਨਿਕੀਕਰਨ ਕਾਰਨ ਮੌਕੇ ਘਟੇ ਹਨ। ਇਹੋ ਕਾਰਨ ਹੈ ਕਿ 1951 ‘ਚ ਔਰਤਾਂ ਦਾ ਇੱਕ ਤਿਹਾਈ ਹਿੱਸਾ ਖੇਤੀਬਾੜੀ ਸੈਕਟਰ ‘ਚ ਕੰਮ ‘ਤੇ ਲੱਗਾ ਹੋਇਆ ਸੀ, ਪਰ ਤਾਜ਼ੇ ਅੰਕੜਿਆਂ ਮੁਤਾਬਕ 1/2 ਹਿੱਸਾ ਖੇਤੀਬਾੜੀ ਸੈਕਟਰ ‘ਚ ਹੈ। ਤਾਜ਼ੇ ਅੰਕੜਿਆਂ ਮੁਤਾਬਿਕ ਹੀ 14% ਔਰਤਾਂ ਉਜਰਤੀ ਮਜ਼ਦੂਰ ਹਨ। ਪਰ ਉਹ ਅੰਕੜੇ ਪੂਰੀ ਤਰ੍ਹਾਂ ਸਹੀ ਨਹੀਂ ਜਾਪਦੇ, ਕਿਉਂਕਿ ਅੰਕੜੇ ਇੱਕਠੇ ਕਰਨ ਵਾਲਿਆਂ ਦੇ ਮਾਪਦੰਡ ਮੁਤਾਬਕ ਔਰਤਾਂ ਦੇ ਬਹੁਤ ਸਾਰੇ ਕੰਮ, ਕੰਮ ਹੀ ਨਹੀਂ ਬਣਦੇ। ਇਸ ਕਰਕੇ ਔਰਤਾਂ ਦਾ 14% ਤੋਂ ਵੀ ਵੱਧ ਹਿੱਸਾ ਉਜਰਤੀ ਮਜ਼ਦੂਰਾਂ ‘ਚ ਆਉਂਦਾ ਹੈ। ਉਜਰਤੀ ਮਜ਼ਦੂਰਾਂ ਦਾ 87% ਪਿੰਡਾਂ ਤੇ ਸ਼ਹਿਰਾਂ ਦੇ ਗੈਰ-ਜਥੇਬੰਦਕ ਸੈਕਟਰ ‘ਚ ਕੰਮ ਕਰਦਾ ਹੈ। ਭਾਰਤੀ ਖੇਤੀਬਾੜੀ ਦਾ ਕੰਮ ਔਰਤਾਂ ਦੀ ਉਜਰਤੀ ਤੇ ਗੈਰ-ਉਜਰਤੀ ਮਜ਼ਦੂਰਾਂ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਪਰ ਇਸ ਖੇਤਰ ‘ਚ ਵੀ ਔਰਤਾਂ ਨਾਲ਼ ਲਿੰਗ-ਅਧਾਰਤ ਭੇਦਭਾਵ ਬਹੁਤ ਹੁੰਦਾ ਹੈ। ਔਰਤਾਂ ਦੇ ਹਿੱਸੇ ਵਧ ਔਖੇ, ਵੱਧ ਮਿਹਨਤ ਚੂਸਣ ਵਾਲ਼ੇ ਪਰ ਘੱਟ ਉਜਰਤ ਵਾਲ਼ੇ ਕੰਮ ਆਉਂਦੇ ਹਨ। ਦੂਸਰੇ ਪਾਸੇ ਸੱਨਅਤੀ ਖੇਤਰ ਜਿਵੇਂ ਤੰਬਾਕੂ ਇੰਡਸਟਰੀ ‘ਚ ਬੀੜੀਆਂ ਬਣਾਉਣ ਦਾ ਕੰਮ, ਇਮਾਰਤ ਉਸਾਰੀ ‘ਚ ਮਿਟੀ-ਗਾਰਾ ਢੋਣ ਦਾ ਕੰਮ ਤੇ ਮਿੱਲਾਂ ‘ਚ ਵੀ ਗੈਰ ਹੁਨਰਮੰਦ ਕਾਮਿਆਂ ਵਾਲ਼ਾ ਕੰਮ ਜ਼ਿਆਦਾਤਰ ਔਰਤਾਂ ਦੇ ਹਿੱਸੇ ਆਉਂਦਾ ਹੈ। ਸੱਨਅਤੀ ਖੇਤਰ ‘ਚ ਔਰਤਾਂ  ਨੂੰ ਕੰਮ ਮਿਲਣਾ ਸੱਨਅਤ ਦੀਆਂ ਲੋੜਾਂ ‘ਤੇ, ਯਾਨਿ ਉਹਨਾਂ ਨੂੰ ਕਿੰਨੇ ਕੁ ਮਜ਼ਦੂਰ ਚਾਹੀਦੇ ਹਨ, ਨਿਰਭਰ ਕਰਦਾ ਹੈ। ਜ਼ਿਆਦਾਤਰ ਤਾਂ ਔਰਤਾਂ ਦਾ ਤਬਕਾ ਬੇਰੁਜ਼ਗਾਰਾਂ ਦੀ ਫੌਜ ਦੇ ਤੌਰ ‘ਤੇ ਹੀ ਰਹਿੰਦਾ ਹੈ, ਜਿਸ ਨੂੰ ਵਿਸ਼ੇਸ਼ ਹਾਲਤਾਂ ‘ਚ ਹੀ ਕੰਮ ਮਿਲ਼ਦਾ ਹੈ। ਜਦੋਂ ਵੀ ਇਸ ਨਿਜ਼ਾਮ ‘ਚ ਆਰਥਿਕ ਸੰਕਟ ਆਉਂਦੇ ਹਨ ਜਾਂ ਕੋਈ ਹੋਰ ਕਾਰਨਾਂ ਕਰਕੇ ਮਜ਼ਦੂਰਾਂ ਦੀ ਛਾਂਟੀ ਕਰਨੀ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਦੀ ਮਾਰ ਹੇਠ ਔਰਤਾਂ ਹੀ ਆਉਂਦੀਆਂ ਹਨ। ਮਰਦ ਪ੍ਰਧਾਨ, ਪਿਤਾਪੁਰਖੀ, ਪਿਛਾਂਹਖਿੱਚੂ ਕਦਰਾਂ-ਕੀਮਤਾਂ ‘ਤੇ ਉੱਸਰੇ ਇਸ ਸਮਾਜ ‘ਚ ਪਾਈ ਜਾਂਦੀ ਇਹ ਸੋਚ ਕਿ ਔਰਤਾਂ ਦੀ ਅਸਲੀ ਜਗ੍ਹਾ ਤਾਂ ਘਰ ਹੀ ਹੈ, ਜਦੋਂ ਮਰਦ ਬੇਕਾਰ ਹਨ ਤਾਂ ਔਰਤਾਂ ਨੂੰ ਕੰਮ ਦੇਣ ਦੀ ਕੀ ਲੋੜ ਹੈ- ਔਰਤਾਂ ਦੀ ਛਾਂਟੀ ਨੂੰ ਵਾਜਬੀਅਤ ਪ੍ਰਦਾਨ ਕਰਦੀ ਹੈ।

ਇਹ ਗੈਰ-ਜਥੇਬੰਦਕ ਖੇਤਰ ਉਹ ਖੇਤਰ ਹੈ ਜਿੱਥੇ ਭਾਰਤ ਸਰਕਾਰ ਵੱਲੋਂ ਬਣਾਏ ”ਕਿਰਤ ਕਨੂੰਨ” ਲਾਗੂ ਨਹੀਂ ਹੁੰਦੇ। ਨਾ ਤਾਂ ਬਰਾਬਰ ਕੰਮ ਦੀ ਬਰਾਬਰ ਤਨਖਾਹ ਮਿਲ਼ਦੀ ਹੈ, ਨਾ ਪ੍ਰਸੂਤਾ ਛੁੱਟੀ। ਉੱਪਰੋਂ ਹਰ ਵੇਲ਼ੇ ਨੌਕਰਿਉਂ ਜੁਆਬ ਮਿਲਣ ਦਾ ਖਦਸ਼ਾ ਤੇ ਲਿੰਗਕ ਹਿੰਸਾ ਦਾ ਡਰ। ਇਹ ਨੇ ਕੰਮ ਦੀਆਂ ਹਾਲਤਾਂ ਜੋ ਸਰਮਾਏਦਾਰੀ ਸਮਾਜ ਔਰਤਾਂ ਲਈ ਮੁੱਹਈਆ ਕਰਦਾ ਹੈ, ਇੱਕ ਪਾਸੇ ਮੰਡੀ ‘ਚ ਉਹਨਾਂ ਦੀ ਮਿਹਨਤ ਨੂੰ ਸਸਤੀ ਮਿਹਨਤ ਦੇ ਤੌਰ ‘ਤੇ ਦੋਵੇਂ ਹੱਥੀ ਲੁੱਟਦਾ ਹੈ ਤੇ ਦੂਸਰੇ ਪਾਸੇ ਘਰੇਲੂ ਕੰਮ ਪੂਰੀ ਤਰ੍ਹਾਂ ਔਰਤਾਂ ‘ਤੇ ਠੋਸ ਕੇ ਉਹਨਾਂ ਦੀ ਗੁਲਾਮੀ ਦੇ ਅਧਾਰ ਨੂੰ ਪੱਕੇ ਪੈਰੀਂ ਕਰਦਾ ਹੈ। ਬੇਸ਼ੱਕ ਸਮਾਜਕ ਪੈਦਾਵਾਰੀ ਅਮਲ ‘ਚ ਔਰਤਾਂ ਦੀ ਹਿੱਸੇਦਾਰੀ ਨੇ ਜਿੱਥੇ ਇੱਕ ਪਾਸੇ ਉਹਨਾਂ ਦੀ ਸਮਾਜਕ ਹੈਸੀਅਤ ‘ਚ ਕੁੱਝ ਹੱਦ ਤੱਕ ਬਿਹਤਰੀ ਲਿਆਂਦੀ ਹੈ ਉਥੇ ਦੂਸਰੇ ਪਾਸੇ ਇਸ ਨੇ ਇਹਨਾਂ ਉਪਰ ਕੰਮ ਦਾ ਵਾਧੂ ਭਾਰ ਲੱਦਿਆ ਹੈ। ਕਿਉਂਕਿ ਨੌਕਰੀ ਪੇਸ਼ੇ ਦੇ ਨਾਲ਼-ਨਾਲ਼ ਅੱਜ ਵੀ ਘਰੇਲੂ ਕੰਮ ਜੋ ਸ਼ੁਰੂ ਤੋਂ ਹੀ ਔਰਤ ਦੀ ਜ਼ੁੰਮੇਵਾਰੀ ਹੈ, ਉਵੇਂ ਹੀ ਉਸ ਦੀ ਮੁੱਖ ਜ਼ੁੰਮੇਵਾਰੀ ਹਨ। ਅੱਜ ਵੀ ਕੰਮ ਤੋਂ ਪਰਤ ਕੇ ਘਰੇਲੂ ਕੰਮ ਚੁੱਲ੍ਹਾ-ਚੌਂਕਾ ਸਾਂਭਣਾ, ਬੱਚਿਆ ਦੀ ਦੇਖ-ਭਾਲ਼ ਕਰਨਾ ਵਗੈਰਾ ਉਸੇ ਦੀ ਹੀ ਜ਼ੁੰਮੇਵਾਰੀ ਹਨ। ਉਸ ਨੂੰ ਘਰੇਲੂ ਕੰਮਾਂ ਤੋਂ ਆਪਣੇ ਕੈਰੀਅਰ ਨੂੰ ਕੁਰਬਾਨ ਕਰਨਾ ਪੈਂਦਾ ਹੈ। ਉਹ ਨੌਕਰੀ ਦੌਰਾਨ ਆਪਣੇ ਕਿੱਤੇ ‘ਚ ਮੁਹਾਰਤ ਹਾਸਲ ਕਰਨ ਜਾਂ ਤਰੱਕੀ ਦੇ ਮੌਕਿਆ ਨੂੰ ਲੈਣ ਤੋਂ ਇਸ ਲਈ ਘਬਰਾਉਂਦੀ ਹੈ ਕਿ ਕਿਤੇ ਇਹ ਕੋਈ ਉਸ ਦੇ ਬਣੇ ਬਣਾਏ ਘਰ ਨੂੰ ਖਰਾਬ ਨਾ ਕਰੇ। ਇਸ ਤਰ੍ਹਾਂ ਕਿਰਤ ਮੰਡੀ ‘ਚ ਉਸ ਦੀ ਥਾਂ ਹੇਠਲੇ ਦਰਜੇ ਦੇ ਕਾਮੇ ਦੀ ਰਹਿ ਜਾਂਦੀ ਹੈ ਜੋ ਮੋੜਵੇਂ ਰੂਪ ‘ਚ ਸਮਾਜ ‘ਚ ਉਸ ਦੀ ਹੈਸੀਅਤ ਉੱਪਰ ਫਰਕ ਪਾਉਂਦੀ ਹੈ। ਦੂਸਰੇ ਪਾਸੇ ਕੰਮ ਦਾ ਦੂਹਰਾ ਬੋਝ ਉਸ ਲਈ ਕਈ ਤਰ੍ਹਾਂ ਦੀਆਂ ਮਾਨਸਿਕ ਤੇ ਸਰੀਰਕ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ।

ਸਰਮਾਏਦਾਰੀ ਦੇ ਆਉਣ ਨਾਲ਼, ਉਜਰਤੀ ਕਿਰਤ ਦੇ ਵਾਧੇ ਨਾਲ਼ ਲੋਕ ਕੰਮਾਂ ਕਾਰਾਂ ਦੀ ਤਲਾਸ਼ ‘ਚ ਅਪਣੀਆਂ ਜੱਦੀ ਥਾਵਾਂ, ਜਿਨ੍ਹਾਂ ਨਾਲ਼ ਉਹ ਪੀੜ੍ਹੀ ਦਰ ਪੀੜ੍ਹੀ ਬੱਝੇ ਰਹਿੰਦੇ ਸਨ, ਨੂੰ ਛੱਡ ਕੇ ਅੱਜ ਦੂਸਰੀਆਂ ਅਜਨਬੀ ਥਾਵਾਂ ਵੱਲ ਚੱਲੇ ਜਾਂਦੇ ਹਨ। ਇਹਨਾਂ ਤੇ ਅਜਿਹੇ ਹੀ ਕੁੱਝ ਹੋਰ ਆਰਥਿਕ ਕਾਰਨਾਂ ਨੇ ਪਰਿਵਾਰਕ ਸੰਸਥਾ ‘ਚ ਵੀ ਮਹੱਤਵਪੂਰਨ ਤਬਦੀਲੀਆਂ ਲਿਆਦੀਆਂ ਹਨ। ਹੁਣ ਪਹਿਲਾ ਦੇ ਵੱਡੇ ਸਾਂਝੇ ਪਰਿਵਾਰ ਟੁੱਟ ਕੇ ਛੋਟੇ ਪਰਿਵਾਰ ਹੋਂਦ ‘ਚ ਆ ਰਹੇ ਹਨ। ਛੋਟੇ ਪਰਿਵਾਰਾਂ ਦੇ ਇਸ ਵਰਤਾਰੇ ਨੇ ਜਿੱਥੇ ਇੱਕ ਹੱਦ ਤੱਕ ਪੁਰਾਣੀਆਂ ਪ੍ਰੰਪਰਾਵਾਂ ਨੂੰ ਤੇ ਮਾਨਤਾਵਾਂ ਨੂੰ ਤੋੜ ਕੇ ਔਰਤ ਨੂੰ ਕੁੱਝ ਹੱਦ ਤੱਕ ਅਜ਼ਾਦ ਕੀਤਾ ਹੈ, ਪਰਿਵਾਰ ‘ਚ ਪਹਿਲਾਂ ਨਾਲ਼ੋਂ ਉਸ ਦੀ ਹਾਲਤ ‘ਚ ਸੁਧਾਰ ਲਿਆਂਦਾ ਹੈ, ਉਸ ਦੇ ਕਹੇ-ਸੁਣੇ ਜਾਣ ਦੀ ਵੁੱਕਤ ਬਣਾਈ ਹੈ, ਉੱਥੇ ਦੂਸਰੇ ਪਾਸੇ ਇਸ ਵਰਤਾਰੇ ਨੇ ਇਸ ਲਈ ਨਵੀਂ ਕਿਸਮ ਦੀਆਂ ਸੱਮਸਿਆਵਾਂ ਨੂੰ ਵੀ ਜਨਮ ਦਿੱਤਾ ਹੈ। ਹੁਣ ਘਰ ਦੇ ਸਾਰੇ ਘਰ ਦਾ ਬੋਝ ਉਸ ਕੰਮ ਇਕੱਲੀ ਉੱਤੇ ਆ ਡਿੱਗਾ ਹੈ— ਜਿਵੇਂ ਪਹਿਲਾਂ ਬੱਚਿਆਂ ਦੀ ਸਾਂਭ-ਸੰਭਾਈ ਦਾ ਕੰਮ, ਜਿਸ ‘ਚ ਪਹਿਲਾਂ ਘਰ ਦੇ ਬਜੁਰਗ ਤੇ ਵੱਡੇ ਬੱਚੇ ਮਦੱਦ ਕਰਿਆ ਕਰਦੇ ਸਨ, ਹੁਣ ਉਸ ਇੱਕਲੀ ਦੀ ਜ਼ੁੰਮੇਵਾਰੀ ਬਣ ਗਿਆ ਹੈ। ਇਸੇ ਤਰ੍ਹਾਂ ਰੋਟੀ-ਟੁੱਕ ਦੇ ਮਾਮਲੇ ‘ਚ ਹੁਣ ਕੋਈ ਮਦਦ ਕਰਨ ਵਾਲ਼ਾ ਨਹੀਂ ਹੁੰਦਾ। ਨੌਕਰੀ ਪੇਸ਼ੇ ਦੇ ਨਾਲ਼ ਨਾਲ਼ ਘਰ ਪਰਿਵਾਰ ਦੀ ਵਧੀ ਹੋਈ ਜ਼ੁੰਮੇਵਾਰੀ ਇੱਕਲੇ ਉਠਾਉਣ ਨੇ ਕਈ ਤਰ੍ਹਾਂ ਦੀਆਂ ਮਾਨਸਿਕ ਤੇ ਸਰੀਰਕ ਪ੍ਰੇਸ਼ਾਨੀਆਂ ਨੂੰ ਵੀ ਜਨਮ ਦਿੱਤਾ ਹੈ।

ਇਹ ਤਸਵੀਰ ਤਾਂ ਸੀ ਉਜਰਤੀ ਕਿਰਤ ‘ਚ ਲੱਗੇ ਔਰਤਾਂ ਦੇ ਇੱਕ ਹਿੱਸੇ ਦੀ। ਪਰ ਅੱਜੇ ਵੀ ਔਰਤਾਂ ਦਾ ਇੱਕ ਵੱਡਾ ਹਿੱਸਾ ਉਜਰਤੀ ਕਿਰਤ ਤੋਂ ਬਾਹਰ ਘਰਾਂ ਦੀ ਚਾਰਦਿਵਾਰੀ ਅੰਦਰ ਹੀ ਸਿਰਫ਼ ਘਰੇਲੂ ਕੰਮੀਂ ਧੰਦੀਂ ਲੱਗਾ ਹੋਇਆ ਹੈ। ਉਹਨਾਂ ਦੀ ਜ਼ਿੰਦਗੀ ਉੱਪਰ ਇਹ ਸਮਾਜਕ ਆਰਥਕ ਪ੍ਰਬੰਧ ਕੀ ਅਸਰ ਪਾਉਂਦਾ ਹੈ। ਇਸ ਨੂੰ ਵੇਖਣਾ ਵੀ ਜ਼ਰੂਰੀ ਹੈ।

ਸਾਨੂੰ ਅਕਸਰ ਸਕੂਲਾਂ ‘ਚ ਪਰਿਵਾਰ ਦੀ ਪਵਿੱਤਰਤਾ ਬਾਰੇ, ਪਤੀ-ਪਤਨੀ ਤੇ ਬੱਚਿੱਆਂ ਦੇ ਰਿਸ਼ਤਿਆਂ ਦੇ ਭਾਵਨਾਤਮਕ ਪੱਖਾਂ ‘ਤੇ ਜ਼ੋਰ ਦੇ ਕੇ ਪੜ੍ਹਾਇਆ ਜਾਂਦਾ ਹੈ। ਬੇਸ਼ੱਕ ਬੰਦਾ ਪਰਿਵਾਰ ‘ਚ ਅਪਣੀਆਂ ਭਾਵਨਾਵਾਂ ਤੇ ਰਿਸ਼ਤਿਆਂ ਦੇ ਨਿੱਘ ‘ਚ ਬੱਝਾ ਹੁੰਦਾ ਹੈ ਪਰ ਫਿਰ ਵੀ ਪਰਿਵਾਰ ਮੁੱਖ ਰੂਪ ‘ਚ ਉਸ ਸਮਾਜ ਵਿਸ਼ੇਸ਼ ਦੀ ਆਰਥਕ ਇਕਾਈ ਤੌਰ ‘ਤੇ ਹੀ ਕੰਮ ਕਰਦਾ ਹੈ। ਜਿਵੇਂ ਕਿ ਅਸੀਂ ਪਿੱਛੇ ਵੇਖਿਆ ਸੀ, ਪਰਿਵਾਰ ਹੋਂਦ ‘ਚ ਹੀ ਆਰਥਕ ਇਕਾਈ ਤੌਰ ‘ਤੇ ਆਇਆ ਸੀ। ਉਜਰਤੀ ਮਜ਼ਦੂਰ ਅਪਣੀ ਮਜ਼ਦੂਰੀ ਨਾਲ਼ ਸਿਰਫ਼ ਅਪਣਾ ਹੀ ਨਹੀਂ ਸਗੋਂ ਅਪਣੀ ਪਤਨੀ ਤੇ ਬੱਚਿਆ ਦਾ ਪੇਟ ਵੀ ਪਾਲ਼ਦਾ ਹੈ। ਇਸ ਤਰ੍ਹਾਂ ਮਜ਼ਦੂਰਾਂ ਦੀ ਅਗਲੀ ਪੀੜ੍ਹੀ ਵੀ ਤਿਆਰ ਕਰਦਾ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਹ ਪ੍ਰਬੰਧ ਇੱਕ ਦੀ ਉਜਰਤ ਨਾਲ਼ ਦੋਵਾਂ, ਯਾਨਿ ਪਤੀ-ਪਤਨੀ ਦੀ ਕਿਰਤ ਸ਼ਕਤੀ ਨੂੰ ਖ੍ਰੀਦਦਾ ਹੈ। ਜਦੋਂ ਕੋਈ ਪਰਿਵਾਰ ਟੁੱਟਦਾ ਹੈ ਤਾਂ ਪਤੀ ਨੂੰ ਅਪਣੀ ਸਾਬਕਾ ਬੀਵੀ ਤੇ ਬੱਚਿਆਂ ਨੂੰ ਖਰਚਾ ਦੇਣਾ ਪੈਂਦਾ ਹੈ। ਫਿਰ ਉਹ ਅਪਣੀ ਘੱਟ ਰਹਿ ਗਈ ਆਮਦਨ ਨਾਲ਼ ਦੋ ਪਰਿਵਾਰਾਂ ਨੂੰ ਚਲਾ ਨਹੀਂ ਸਕਦਾ, ਜਿਸ ਕਰਕੇ ਉਸ ਦੀਆਂ ਭਾਵਨਾਤਮਕ ਲੋੜਾਂ ਨੂੰ ਆਰਥਕ ਲੋੜਾਂ ਤੋਂ ਕੁਰਬਾਨ ਹੋਣਾ ਪੈਂਦਾ ਹੈ।.. ਤੇ ਇਹ ਗੱਲ ਵਿਖਾਉਂਦੀ ਹੈ ਕਿ ਪਰਿਵਾਰ ਪਹਿਲਾਂ ਇੱਕ ਆਰਥਕ ਇਕਾਈ ਹੈ ਪਿੱਛੋਂ ਕੁੱਝ ਹੋਰ। ਸਰਮਾਏਦਾਰਾ ਸਮਾਜ ‘ਚ ਛੋਟੇ ਪਰਿਵਾਰ ਦਾ ਇੱਕ ਆਰਥਿਕ ਇਕਾਈ ਹੋਣਾ ਇਸ ਪ੍ਰਬੰਧ ਲਈ ਬੜਾ ਲਾਹੇਵੰਦਾ ਹੈ। ਕਿਉਂਕਿ ਇੱਕ ਤਾਂ ਇਸ ਤਰ੍ਹਾਂ ਉਹ ਇੱਕ ਨੂੰ ਵੀ ਪੂਰੀ ਉਜਰਤ ਨਾ ਦੇ ਕੇ ਦੋ ਜਾਣਿਆ ਦੀ ਮਿਹਨਤ ਨੂੰ ਖ੍ਰੀਦਦਾ ਹੈ, ਦੂਸਰਾ, ਕਿਉਂਕਿ ਘਰ ਪਰਿਵਾਰ ਦਾ ਖਰਚਾ ਪਤੀ ਦੀ ਮਿਹਨਤ ਨਾਲ਼ ਚਲਦਾ ਹੈ, ਜਿਸ ਕਰਕੇ ਮੰਡੀ ‘ਚ ਅਪਣੀ ਮਿਹਨਤ ਨਾ ਵੇਚਣ ਜਾਂ ਇੱਥੋਂ ਤੱਕ ਕੀ ਪੇਸ਼ਾ ਬਦਲਣ ਤੱਕ ਦਾ ਖਤਰਾ ਵੀ ਉਹ ਵਿਅਕਤੀ ਨਹੀਂ ਲੈ ਸਕਦਾ। ਦੂਸਰੇ ਪਾਸੇ ਔਰਤ ਦਾ ਮੰਡੀ ‘ਚ ਸਿੱਧੀ ਥਾਂ ਨਾ ਹੋਣ ਕਰਕੇ ਉਸਦਾ ਅਪਣਾ ਨਿੱਜੀ ਜ਼ਿੰਦਗੀ ਦੀਆਂ ਹਾਲਤਾਂ ‘ਤੇ ਕੋਈ ਕੰਟਰੋਲ ਨਹੀਂ ਹੁੰਦਾ, ਜਿਸ ਕਰਕੇ ਉਸ ਦੀ ਮਰਦ ‘ਤੇ ਆਰਥਿਕ ਨਿਰਭਰਤਾ ਬਣਦੀ ਹੈ ਜੋ ਕਿ ਉਸਦੀ ਭਾਵਨਾਤਮਕ ਨਿਰਭਰਤਾ, ਬੇਵਾਸਤਗੀ ਤੇ ਹੋਰ ਨਾਰੀ ਸੁਭਾ ਵਰਗੀਆਂ ਗੱਲਾਂ ‘ਚ ਦਿਸਦੀ ਹੈ। ਇਸੇ ਕਰਕੇ ਉਹ ਡਰੀ, ਦਬੀ, ਰੂੜੀਵਾਦੀ ਤੇ ‘ਜੋ ਹੈ ਠੀਕ ਹੈ’ ਦੀ ਹਮਾਇਤੀ ਹੁੰਦੀ ਹੈ। ਇਸ ਕਰਕੇ ਅਕਸਰ ਉਹ ਬਹੁਤ ਤਸੀਹੇ, ਦਾਬਾ ਤੇ ਮਾਨਸਿਕ ਪੀੜਾ ਝੱਲਦੀ ਹੋਈ ਵੀ ਵਿਆਹ ਦੇ ਬੰਧਨ ਤੋੜ ਕੇ ਅਲੱਗ ਹੋਣ ਬਾਰੇ ਸੋਚ ਹੀ ਨਹੀਂ ਸਕਦੀ।

(ਅਗਲੇ ਅੰਕ ਵਿੱਚ ਜਾਰੀ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements