ਔਰਤ ਮੁਕਤੀ ਦਾ ਸਵਾਲ ਅਤੇ ਔਰਤਾਂ ਦੀ ਅਜ਼ਾਦੀ ‘ਤੇ ਫਾਸੀਵਾਦੀ ਵਿਚਾਰਧਾਰਕ ਹਮਲੇ •ਡਾ. ਸੁਖਦੇਵ ਹੁੰਦਲ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

‘ਤੀਹਰੇ ਤਲਾਕ’ ਦੇ ਮਸਲੇ ‘ਤੇ ਸਰਵਉੱਚ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਮੁਸਲਿਮ ਪਰਸਨਲ ਲਾਅ ਵਿੱਚ ਇਸ ਗੱਲ ਦੀ ਵਿਵਸਥਾ ਹੈ ਕਿ ਮਰਦ ਤਿੰਨ ਵਾਰ ਤਲਾਕ ਕਹਿ ਕੇ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਹੈ। ਮੁਸਲਿਮ ਮੂਲਵਾਦੀਆਂ ਅਤੇ ਹਿੰਦੂ ਫਿਰਕਾਪ੍ਰਸਤ ਧਿਰਾਂ ਵੱਲੋਂ, ਆਪਣੇ ਆਪਣੇ ਢੰਗ ਨਾਲ਼ ਇਸ ਦੀ ਵਿਆਖਿਆ ਸਾਹਮਣੇ ਆ ਰਹੀ ਹੈ। 17 ਅਪ੍ਰੈਲ 2017 ਨੂੰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦਾ ਤੀਹਰੇ ਤਲਾਕ ਦੇ ਬਹਾਨੇ, ਫਿਰਕਾਪ੍ਰਸਤ ਤੇ ਫਾਸੀਵਾਦੀ ਨਜ਼ਰੀਆ ਸਾਹਮਣੇ ਆਇਆ। ‘ਤੀਹਰੇ ਤਲਾਕ’ ਦੇ ਮਾਮਲੇ ਵਿਚ ਚੁੱਪ ਰਹਿਣ ਵਾਲ਼ਿਆਂ ਨੂੰ ਫਿਟਕਾਰਦੇ ਹੋਏ, ਉਹਨਾਂ ਦੀ ਚੁੱਪ ਨੂੰ ਦ੍ਰੋਣਾਚਾਰੀਆ ਅਤੇ ਭੀਸ਼ਮ ਵਾਲ਼ੀ ਚੁੱਪ ਕਿਹਾ ਜਿਹੜੇ ਦ੍ਰੋਪਦੀ ਨੂੰ ਨੰਗਿਆਂ ਕਰਨ ਦੀ ਘਟਨਾ ਨੂੰ ਚੁੱਪਚਾਪ ਵੇਖਦੇ ਰਹੇ ਸਨ। ਮਹਾਂਭਾਰਤ ਦੀ ਮਿੱਥ ਨੂੰ, ਬੇਹੱਦ ਅਤਾਰਕਿਕ ਢੰਗ ਨਾਲ਼ ਵਰਤਦੇ ਹੋਏ ਹਿੰਦੂ ਕੌਮਵਾਦ ਦੇ ਆਪਣੇ ਅੰਨੇ ਕੌਮਵਾਦੀ ਨਜ਼ਰੀਏ ਦੀ ਪ੍ਰੋੜਤਾ ਕੀਤੀ। ਜਿਵੇਂ ਕਿ ਆਸ ਸੀ, ਘੱਟ ਗਿਣਤੀਆਂ ਦੇ ਫਿਰਕੂ ਨਜ਼ਰੀਏ ਤੋਂ, ਮੁਸਲਿਮ ਮੂਲਵਾਦੀ ਜਥੇਬੰਦੀਆਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ। ਵਿਰੋਧੀ ਸਰਮਾਏਦਾਰ ਪਾਰਟੀਆਂ ਖਾਸ ਕਰਕੇ ਕਾਂਗਰਸ ਦੇ ਆਗੂ ਸੁਰਜੇਵਾਲਾ ਵੱਲੋਂ ਇਸ ਬਿਆਨ ਦੀ ਨਿਖੇਧੀ ਕੀਤੀ ਗਈ। ਸਰਮਾਏਦਾਰਾਂ ਲੀਡਰਾਂ ਦੇ ਬਿਆਨ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਸਾਹਮਣੇ ਆਉਂਦੇ ਹਨ। ਸਰਮਾਏਦਾਰੀ ਪ੍ਰਬੰਧ ਵਿਚ, ਮੱਧਯੁਗੀਨ ਜਗੀਰੂ ਸੱਭਿਆਚਾਰ ਦੇ ਮੁਕਾਬਲੇ ਔਰਤਾਂ ਨੂੰ ਕਾਫੀ ਹੱਦ ਤੱਕ ਅਜ਼ਾਦੀਆਂ ਮਿਲ਼ੀਆਂ ਹਨ। ਇਹਨਾਂ ਅਜ਼ਾਦੀਆਂ ਲਈ ਵੀ, ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੇ ਸੰਘਰਸ਼ਾਂ ਦਾ ਇੱਕ ਲੰਮਾ ਇਤਿਹਾਸ ਹੈ। ਪਰ ਪਤਨਗ੍ਰਸਤ ਸਰਮਾਏਦਾਰੀ ਦੇ ਇਸ ਨਵਉਦਾਰਵਾਦੀ ਦੌਰ ਵਿੱਚ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੀ ਬੇਕਿਰਕ ਅਤੇ ਨੰਗੀ ਚਿੱਟੀ ਬੇਸ਼ਰਮ ਲੁੱਟ, ਪ੍ਰਬੰਧ ਦੇ ਜਿਉਂਦੇ ਰਹਿਣ ਦੀ ਸ਼ਰਤ ਬਣ ਗਈ ਹੈ। ਮਜ਼ਦੂਰ ਜਮਾਤ ਦੇ ਇਨਕਲਾਬੀ ਉਭਾਰ ਦੀ ਅਣਹੋਂਦ ਕਰਕੇ ਫ਼ਾਸੀਵਾਦ ਲਈ ਰਾਹ ਪੱਧਰਾ ਹੋ ਗਿਆ ਹੈ। ਫ਼ਾਸੀਵਾਦ ਗਲ਼ੀ-ਸੜੀ ਸਰਮਾਏਦਾਰੀ ਹੈ। ਇਸ ਦਾ ਸਭ ਤੋਂ ਵੱਧ ਹਮਲਾ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਵੱਲ ਸੇਧਤ ਹੁੰਦਾ ਹੈ। ਸਾਡੇ ਸਮਾਜ ਦੀ ਅੱਧੀ ਅਬਾਦੀ, ਔਰਤਾਂ, ਇਸ ਹਮਲੇ ਦੀਆਂ ਸਭ ਤੋਂ ਵੱਧ ਭੁਗਤ ਭੋਗੀ ਬਣਦੀਆਂ ਹਨ। ਮਜ਼ਦੂਰ ਔਰਤਾਂ ਬਿਨਾਂ, ਕਾਫੀ ਹੱਦ ਤੱਕ ਮੱਧ ਵਰਗੀ ਔਰਤਾਂ ਵੀ ਆਪਣੇ ਘਰਾਂ ਵਿੱਚ ਅਰਧ ਗੁਲਾਮਾਂ ਵਾਲ਼ੀ ਜ਼ਿੰਦਗੀ ਜਿਉਂਦੀਆਂ ਹਨ। ਫ਼ਾਸੀਵਾਦ ਬੀਤੇ ਤੋਂ ਪ੍ਰੇਰਨਾ ਲੈਂਦਾ ਹੈ ਅਤੇ ਹਰ ਤਰਾਂ ਦੀਆਂ ਅਜ਼ਾਦੀਆਂ ਅਤੇ ਨਵੇਂ ਵਿਚਾਰਾਂ ਤੋਂ ਭੈਅ ਖਾਂਦਾ ਹੈ। ਲੋਕਾਂ ਦਾ ਵਿਚਾਰਧਾਰਕ ਸੱਭਿਆਚਾਰਕ ਪਛੜੇਵਾਂ, ਇਹਨਾਂ ਦੇ ਪਿਛਾਖੜੀ ਲਹਿਰ ਨੂੰ ਫਾਇਦਾ ਪਹੁੰਚਾਉਂਦਾ ਹੈ। ਫ਼ਾਸੀਵਾਦ, ਸੰਕਟਗ੍ਰਸਤ ਸਰਮਾਏਦਾਰੀ ਦਾ ਤਰਕਸੰਗਤ ਨਤੀਜਾ ਹੈ। ਇਹ ਲੋਕਾਂ ਵਿਰੁੱਧ ਸਰਮਾਏਦਾਰੀ ਦਾ ਐਸਾ ਹਮਲਾ ਹੈ ਜੋ ਆਪਣਾ ਵਿਚਾਰਧਾਰਕ ਗਲਬਾ ਕਾਇਮ ਕਰਕੇ ਲੋਕਾਂ ਦੀ ਆਪਣੀ ਏਕਤਾ ਖਤਮ ਕਰਦਾ ਹੈ। ਇਹ ਧਰਮ ਜਾਤੀ ਅਤੇ ਕੌਮ ਦੇ ਨਾਂ ‘ਤੇ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਨੂੰ ਵੰਡਦਾ ਹੈ, ਉਹਨਾਂ ਵਿੱਚ ਫੁੱਟ ਦੇ ਬੀਜ ਬੀਜਦਾ ਹੈ। ਫਿਰਕੂ ਉਨਮਾਦ ਦੇ ਇਸ ਦੌਰ ਵਿਚ, ਔਰਤਾਂ ਅਤੇ ਖਾਸ ਕਰਕੇ ਕਿਰਤੀ ਔਰਤਾਂ ਸਭ ਤੋਂ ਵੱਧ ਮੁਸੀਬਤਾਂ ਦਾ ਸ਼ਿਕਾਰ ਹੁੰਦੀਆਂ ਹਨ।

ਇਸ ਸੰਦਰਭ ਵਿੱਚ ਦੇਸ਼ ਵਿੱਚ ਵਧ ਰਹੀ ਭਗਵਾਂਕਰਨ ਦੀ ਮੁਹਿੰਮ ਦੇ ਸਰਗਰਮ ਬੁਲਾਰੇ ਯੋਗੀ ਦੇ ਵਿਚਾਰਾਂ ਦੀ ਚੀਰਫਾੜ ਕੀਤੀ ਜਾਣੀ ਚਾਹੀਦੀ ਹੈ। ਉਸਦੇ ਵਿਚਾਰਾਂ ਅਨੁਸਾਰ, ਔਰਤ ਇੱਕ ਤਾਕਤ ਜਾਂ ਊਰਜਾ ਹੈ, ਜਿਸ ਨੂੰ ਬੇਮੁਹਾਰਾ ਜਾਂ ਅਜਾਦ ਨਹੀਂ ਛੱਡਿਆ ਜਾ ਸਕਦਾ। ਉਹਨਾਂ ਅਨੁਸਾਰ ਇਹ ਧਰਮ ਸ਼ਾਸਤਰਾਂ ਵਿੱਚ ਲਿਖਿਆ ਹੈ। ਤਾਕਤ ਨੂੰ ਅਜ਼ਾਦ ਛੱਡਿਆਂ ਇਹ ਬਰਬਾਦ ਹੋ ਜਾਂਦੀ ਹੈ ਜਾਂ ਨੁਕਸਾਨ ਪਹੁੰਚਾਉਂਦੀ ਹੈ। ਔਰਤ ਨੂੰ ਅਜਾਦੀ ਨਹੀਂ ਸੁਰੱਖਿਆ ਦੀ ਜਰੂਰਤ ਹੈ। ਸੰਸਕ੍ਰਿਤ ਦੇ ਇੱਕ ਸਲੋਕ ਅਨੁਸਾਰ, ਬਚਪਨ ਵਿੱਚ ਪਿਤਾ, ਜਵਾਨੀ ਵਿੱਚ ਪਤੀ ਅਤੇ ਬੁਢਾਪੇ ਵਿੱਚ ਪੁੱਤਰ ਇਸ ਦੀ ਸੁਰੱਖਿਆ ਕਰਦਾ ਹੈ। ਉਹਨਾਂ ਦੇ ਵਿਚਾਰਾਂ ਦੀਆਂ ਕੁਝ ਵੰਨਗੀਆਂ ਇਸ ਪ੍ਰਕਾਰ ਹਨ। ਜੇ ਔਰਤ ਕੋਲ਼ ਤਾਕਤ ਆ ਜਾਵੇ ਤਾਂ ਇਹ ਰਾਖਸ਼ ਬਣ ਜਾਂਦੀ ਹੈ। ਜੇ ਘਰ ਵਿੱਚ ਔਰਤ ਮਰਦਾਂ ਜਿੰਨੀ ਪ੍ਰਭਾਵਸ਼ਾਲੀ ਬਣੇ ਤਾਂ ਘਰ ਤਬਾਹ ਹੋ ਜਾਂਦਾ ਹੈ। ਉਹਨੇ ਪੰਚਾਇਤਾਂ ਵਰਗੇ ਅਦਾਰਿਆਂ ਵਿੱਚ ਵੀ ਔਰਤਾਂ ਦੀਆਂ ਸੀਟਾਂ ਦੇ ਰਾਖਵੇਂਕਰਨ ‘ਤੇ ਮੁੜਰਵਿਚਾਰ ਦੀ ਮੰਗ ਕੀਤੀ ਹੈ। ਜੇ ਔਰਤਾਂ, ਬਾਹਰ ਦੇ ਕੰਮਾਂ ਖਾਸ ਕਰਕੇ ਸਮਾਜਕ, ਸਿਆਸੀ ਕੰਮਾਂ ਵਿਚ ਮਰਦਾਂ ਦੇ ਬਰਾਬਰ ਹਿੱਸਾ ਲੈਣਗੀਆਂ ਤਾਂ ਇਹ ਮਾਂ, ਭੈਣ, ਪਤਨੀ ਅਤੇ ਧੀ ਦੀ ਹੈਸੀਅਤ ਅਤੇ ਮਹੱਤਵ ਗਵਾ ਲੈਣਗੀਆਂ। ਇਹ ਇੱਕ ਐਸਾ ਵਿਚਾਰਧਾਰਕ ਨਜ਼ਰੀਆ ਹੈ, ਜੋ ਬੁਰਜੁਆ ਨਵਰਜਾਗਰਣ ਅਤੇ ਗਿਆਨ-ਪ੍ਰਸਾਰ ਦੀਆਂ ਕਦਰਾਂ-ਕੀਮਤਾਂ ‘ਤੇ ਵੀ ਹਮਲਾ ਹੈ। ਫਾਸੀਵਾਦੀ ਵਿਚਾਰਧਾਰਾ, ਔਰਤ ਨੂੰ ਇੱਕ ਭਰੇ ਪੂਰੇ ਆਦਰ ਦੇ ਯੋਗ ਮਨੁੱਖ ਦਾ ਦਰਜਾ ਨਹੀਂ ਦੇਂਦੀ। ਉਹਨਾਂ ਲਈ ਔਰਤ ਬੱਚੇ ਪੈਦਾ ਕਰਨ ਵਾਲ਼ੀ ਮਸ਼ੀਨ ਅਤੇ ਘਰ ਦਾ ਕੰਮ ਕਰਨ ਵਾਲ਼ੀ ਇੱਕ ਆਦਰਸ਼ ਗੁਲਾਮ ਹੈ।

ਔਰਤ ਦੀ ਗੁਲਾਮੀ ਦਾ ਸਮਾਜਕ ਅਧਾਰ- ਮਨੁੱਖ ਜਾਤੀ ਦੇ ਇਤਿਹਾਸ ਵਿੱਚ, ਔਰਤ ਹਮੇਸ਼ਾ ਗੁਲਾਮ ਨਹੀਂ ਰਹੀ। ਆਦਮ ਸਾਮਵਾਦ ਦੇ ਲੰਮੇ ਦੌਰ ਵਿੱਚ, ਔਰਤਾਂ ਤੇ ਮਰਦਾਂ ਦੇ ਦਰਜੇ ਵਿੱਚ ਕੋਈ ਫਰਕ ਨਹੀਂ ਸੀ। ਕੁਦਰਤੀ ਅਨਾਜ ਇਕੱਠਾ ਕਰਨ, ਸ਼ਿਕਾਰ ਕਰਨ ਤੋਂ ਲੈ ਕੇ ਖੇਤੀ ਦੇ ਵਿਕਾਸ ਤੱਕ ਦੇ, ਮਨੁੱਖ ਦੇ ਸਫਰ ਵਿੱਚ, ਔਰਤ ਮਰਦ ਵਿਚਕਾਰ, ਕਿਰਤ ਦੀ ਵੰਡ ਦੇ ਬਾਵਜੂਦ, ਬਰਾਬਰੀ ਦੇ ਸਮਾਜਕ ਸਬੰਧ ਸਨ। ਜਿਉਂਦੇ ਰਹਿਣ ਲਈ ਪੈਦਾਵਾਰ ਅਤੇ ਆਪਣੀ ਪ੍ਰਜਾਤੀ ਨੂੰ ਚਲਦਾ ਰੱਖਣ ਲਈ ਮੁੜ ਪੈਦਾਵਾਰ, ਮਨੁੱਖ ਦੇ ਸਭ ਤੋਂ ਮਹੱਤਵਪੂਰਨ ਕੰਮ ਰਹੇ ਹਨ। ਔਰਤ ‘ਤੇ ਬੱਚਿਆਂ ਨੂੰ ਜਨਮ ਦੇਣ ਅਤੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਕਾਰਨ, ਮੁੱਢਲੀ ਕੰਮ ਦੀ ਵੰਡ ਔਰਤ ਮਰਦ ਦੇ ਕੰਮਾਂ ਦੀ ਵੰਡ ਦੇ ਰੂਪ ਵਿਚ ਸੀ। ਔਰਤਾਂ ਸ਼ਿਕਾਰ ਦੀ ਕਾਰਵਾਈ ਵਿੱਚ ਵੀ ਮਰਦਾਂ ਦੇ ਬਰਾਬਰ ਹਿੱਸਾ ਲੈਂਦੀਆਂ ਸਨ।  ਪਰ ਕੰਮ ਦੀ ਵੰਡ ਤੋਂ ਬਾਅਦ ਘਰ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਕਰਕੇ ਸ਼ਿਕਾਰ ਦਾ ਕੰਮ ਮਰਦਾਂ ਦੀ ਜਿੰਮੇਵਾਰੀ ਬਣਨ ਦੇ ਬਾਅਦ ਵੀ ਔਰਤਾਂ ਪ੍ਰਭਾਵਸ਼ਾਲੀ ਹੈਸੀਅਤ ਰੱਖਦੀਆਂ ਸਨ। ਬਹੁਤੇ ਸਮਾਜ ਸ਼ਾਸਤਰੀਆਂ ਮੁਤਾਬਕ ਖੇਤੀ ਦੀ ਪੈਦਾਵਾਰ ਵੀ ਔਰਤਾਂ ਨੇ ਹੀ ਸ਼ੁਰੂ ਕੀਤੀ ਹੈ। ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਇੱਕ ਖਾਸ ਪੱਧਰ ‘ਤੇ ਸਮਾਜ ਜਮਾਤਾਂ ਵਿੱਚ ਵੰਡਿਆ ਜਾਂਦਾ ਹੈ। ਕੰਮ ਕਰਨ ਵਾਲ਼ਿਆਂ ਅਤੇ ਕੰਮ ਕਰਾਉਣ ਵਾਲ਼ਿਆਂ ਵਿੱਚ। ਨਿੱਜੀ ਜਾਇਦਾਦ ਪੈਦਾ ਹੋਣ ‘ਤੇ ਨਵੇਂ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਜੋੜਾ ਪਰਿਵਾਰ ਅਤੇ ਰਾਜ ਦੀ ਉਤਪਤੀ ਹੁੰਦੀ ਹੈ। ਨਿੱਜੀ ਜਾਇਦਾਦ ‘ਤੇ ਅਧਾਰਤ ਪ੍ਰਬੰਧ ਵਿੱਚ ਸਮਾਜ ਮਰਦ ਪ੍ਰਧਾਨ ਹੋ ਗਿਆ। ਮਰਦ ਨੂੰ ਆਪਣੀ ਜਾਇਦਾਦ ਦਾ ਇੱਕ ਵਾਰਸ ਚਾਹੀਦਾ ਸੀ। ਨਿੱਜੀ ਜਾਇਦਾਦ ਦੀ ਉਤਪਤੀ ਨੇ ਔਰਤ ਦੀ ਗੁਲਾਮੀ ਲਈ ਬਾਹਰਮੁਖੀ ਅਧਾਰ ਤਿਆਰ ਕੀਤਾ। ਅੱਗੇ ਜਾ ਕੇ ਲੰਮੇ ਮਧਕਾਲੀ, ਧਰਮ ਕੇਂਦਰਤ ਜਗੀਰੂ ਸਮਾਜ ਵਿੱਚ, ਔਰਤ ਘਰ ਦੀ ਚਾਰਦੀਵਾਰੀ ਵਿੱਚ ਕੈਦ, ਬੱਚੇ ਪੈਦਾ ਕਰਨ ਵਾਲ਼ੀ, ਇੱਕ ਘਰੇਲੂ ਨੌਕਰਾਣੀ ਬਣ ਕੇ ਰਹਿ ਗਈ। ਜਿਸਦੀਆਂ ਘਰ ਤੋਂ ਬਾਹਰ ਦੇ ਕੰਮਾਂ ਦੀਆਂ ਭੂਮਿਕਾਵਾਂ ਵੀ ਮਰਦ ਤੈਅ ਕਰਦੇ ਸਨ।

ਸਰਮਾਏਦਾਰੀ ਪ੍ਰਬੰਧ ਵਿੱਚ ਔਰਤਾਂ- ਯੌਰਪ ਵਿੱਚ, ਬੁਰਜੂਆ ਨਵਰਜਾਗਰਣ ਅਤੇ ਗਿਆਨ-ਪ੍ਰਸਾਰ ਦੇ ਦੌਰ ਵਿੱਚ, ਜਗੀਰੂ ਪ੍ਰਬੰਧ ਦੇ ਨਾਲ਼ ਨਾਲ਼ ਸੱਭਿਆਚਾਰਕ ਖੇਤਰ ਵਿੱਚ ਵੀ ਜਗੀਰੂ ਯੁੱਗ ਦੀਆਂ ਕਦਰਾਂ ਕੀਮਤਾਂ ਦਾ ਭੋਗ ਪੈ ਗਿਆ। ਔਰਤਾਂ ਵੀ ਜਗੀਰੂ ਯੁੱਗ ਦੀ ਘੁਟਨ ਭਰੀ ਗੁਲਾਮੀ ਤੋਂ ਮੁਕਤ ਹੋ ਗਈਆਂ। ਜਿੰਦਗੀ ਦੇ ਹਰ ਖੇਤਰ ਵਿੱਚ ਔਰਤਾਂ ਨੇ ਆਪਣੀ ਯੋਗਤਾ ਦਾ ਲੋਹਾ ਮਨਵਾਇਆ। ਅਸਲ ਵਿੱਚ ਔਰਤਾਂ ਨੇ ਸਾਬਤ ਕਰ ਦਿੱਤਾ ਕਿ ਮੌਕਾ ਮਿਲ਼ਣ ‘ਤੇ ਉਹ ਕਿਸੇ ਵੀ ਕੰਮ ਵਿਚ, ਮਰਦਾਂ ਤੋਂ ਘੱਟ ਨਹੀਂ ਹਨ। ਪਰ ਸਰਮਾਏਦਾਰੀ ਸਮਾਜ ਵਿੱਚ ਕਿਰਤ ਅਤੇ ਸਰਮਾਏ ਦੀ ਟੱਕਰ ਵਾਲ਼ੇ ਸਮਾਜ ਵਿੱਚ ਮਜ਼ਦੂਰ ਦੀ ਕਿਰਤ ਸ਼ਕਤੀ ਵੀ ਇੱਕ ਜਿਣਸ ਬਣ ਜਾਂਦੀ ਹੈ। ਇੱਕ ਪਾਸੇ ਵੱਡੀ ਗਿਣਤੀ ਵਿੱਚ ਔਰਤ ਮਜ਼ਦੂਰ, ਆਪਣੇ ਮਰਦ ਸਾਥੀਆਂ ਵਾਂਗ, ਉਜਰਤੀ ਗੁਲਾਮਾਂ ਦੀ ਜੂਨ ਹੰਢਾਉਂਦੀਆਂ ਹਨ, ਦੂਜੇ ਪਾਸੇ ਔਰਤਾਂ ਦੀ ਕੋਮਲਤਾ ਅਤੇ ਸੁੰਦਰਤਾ ਨੂੰ ਵੀ ਮੰਡੀ ਵਿੱਚ, ਮੁਨਾਫ਼ੇ ਦਾ ਸਾਧਨ ਬਣਾ ਦਿੱਤਾ ਜਾਂਦਾ ਹੈ। ਮੁਨਾਫ਼ੇ ਦੀ ਹਵਾਸ ਵਿੱਚ ਅੰਨੀ ਮੰਡੀ ਲਈ, ਔਰਤ ਸਿਰਫ ਇੱਕ ਵਸਤੂ ਹੈ। ਇੱਕ ਜਿਉਂਦਾ ਜਾਗਦਾ ਸੋਚਣ ਸਮਝਣ ਵਾਲ਼ਾ ਇਨਸਾਨ ਨਹੀਂ। ਭਾਰਤੀ ਸਮਾਜ ਵਿੱਚ ਸੱਭਿਆਚਾਰਕ ਪਛੜੇਵੇਂ ਕਾਰਨ, ਖਾਸ ਕਰਕੇ ਯੋਰਪ ਵਰਗੇ ਨਵਜਾਗਰਣ ਤੇ ਗਿਆਨ-ਪ੍ਰਸਾਰ ਦੀ ਪ੍ਰਕਿਰਿਆ ਨਾ ਹੋਣ ਕਰਕੇ, ਹੋਰ ਖੇਤਰਾਂ ਵਾਂਗ, ਔਰਤਾਂ ਦੇ ਮਾਮਲੇ ਵਿੱਚ ਵੀ, ਦਕੀਆਨੂਸੀ ਜਗੀਰੂ ਕਦਰਾਂ ਕੀਮਤਾਂ ਦਾ ਬੋਲਬਾਲਾ ਬਣਿਆ ਰਿਹਾ ਹੈ। ਭਾਰਤ ਵਿਚ ਔਰਤਾਂ ਦੀ ਅਜਾਦੀ ਦੇ ਸਰਮਾਏਦਾਰਾ ਸੱਭਿਆਚਾਰਕ ਕਦਰਾਂ-ਕੀਮਤਾਂ ਵੀ ਪੂਰੀ ਤਰਾਂ ਵਿਕਸਤ ਨਹੀਂ ਹੋ ਸਕੀਆਂ। ਭਾਵੇਂ ਆਰਥਕ ਅਤੇ ਸਿਆਸੀ ਖੇਤਰ ਵਿੱਚ ਜਗੀਰੂ ਸਬੰਧ ਖਤਮ ਹੋ ਚੁੱਕੇ ਹਨ ਸਾਡੇ ਇੱਥੇ ਸਰਮਾਏਦਾਰੀ ਦਾ ਵਿਕਾਸ ਉਦੋਂ ਸ਼ੁਰੂ ਹੋਇਆ ਜਦੋਂ ਸੰਸਾਰ ਪੱਧਰ ‘ਤੇ ਇਹ ਆਪਣੇ ਅੰਤਮ ਪੜਾਅ ਸਾਮਰਾਜਵਾਦ ਦੀ ਮੰਜਲ ਵਿੱਚ ਪਹੁੰਚ ਚੁੱਕਾ ਸੀ। ਇੱਥੋਂ ਦੇ ਬੁੱਢੇ ਬਿਮਾਰ ਸਰਮਾਏਦਾਰੀ ਪ੍ਰਬੰਧ ਵਿੱਚ ਏਨੀ ਹਿੰਮਤ ਤੇ ਤਾਕਤ ਨਹੀਂ ਸੀ ਕਿ ਇਹ ਸੱਭਿਆਚਾਰਕ ਖੇਤਰ ਵਿੱਚ ਵੀ, ਜਗੀਰੂ ਤੌਰ ਤਰੀਕਿਆਂ ਦਾ ਪੂਰੀ ਤਰਾਂ ਭੋਗ ਪਾ ਸਕਦਾ। ਇਸ ਨੇ ਉਲਟਾ ਸਮਾਜਵਾਦੀ ਇਨਕਲਾਬਾਂ ਦੇ ਭੈਅ ਕਾਰਨ ਹਰ ਤਰਾਂ ਦੀਆਂ ਜਗੀਰੂ ਸੰਸਥਾਵਾਂ ਅਤੇ ਕਦਰਾਂ-ਕੀਮਤਾਂ ਨਾਲ਼ ਸਮਝੌਤਾ ਕੀਤਾ। ਇਸਨੇ ਆਪਣੇ ਫਾਇਦੇ ਲਈ ਉਹਨਾਂ ਨੂੰ ਕਾਇਮ ਰੱਖਦੇ ਹੋਏ, ਹੌਲ਼ੀ-ਹੌਲ਼ੀ ਉਹਨਾਂ ਦੇ ਸਾਰੇ ਢਮਢਮੇ ਨੂੰ ਸਰਮਾਏਦਾਰੀ ਮੰਡੀ ਦੇ ਨਿਯਮਾਂ ਅਧੀਨ ਕਰ ਲਿਆ। ਸਾਡਾ ਇੱਥੋਂ ਦਾ ਸਰਮਾਏਦਾਰੀ ਸੱਭਿਆਚਾਰ, ਹਰ ਕਿਸਮ ਦੀਆਂ ਦਕੀਆਨੂਸੀ ਅਤੇ ਪੱਛੜੀਆਂ ਕਦਰਾਂ-ਕੀਮਤਾਂ ਨਾਲ ਸ਼ਿੰਗਾਰਿਆ ਹੋਇਆ ਹੈ। ਸਾਡੇ ਦੇਸ਼ ਦੇ ਪੜੇ ਲਿਖੇ ਮੱਧਵਰਗ ਦਾ ਵੱਡਾ ਹਿੱਸਾ ਆਪਣੇ ਇਸ ਪਛੜੇਵੇਂ ‘ਤੇ ਮਾਣ ਕਰਦਾ ਹੈ, ਇਸ ਨੂੰ ਆਪਣੀ ਸੱਭਿਆਚਾਰਕ ਪਛਾਣ ਦੱਸਦਾ ਹੈ। ਸਾਡੇ ਇੱਥੇ ਤਾਂ ਅਗਾਂਹਵਧੂ ਅਤੇ ਲੋਕਪੱਖੀ ਕਹਾਉਣ ਵਾਲ਼ੇ ਬੁੱਧੀਜੀਵੀਆਂ ਦੇ ਘਰਾਂ ਵਿੱਚ ਵੀ ਇਹ ਗਲ਼ੀਆਂ ਸੜੀਆਂ ਜਗੀਰੂ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਭਾਰ ਲਾਹ ਸੁੱਟਣ ਦੀ ਹਿੰਮਤ ਨਹੀਂ ਹੈ। ਜੰਮਣ-ਮਰਣ ਵਿਆਹ ਸ਼ਾਦੀਆਂ ਅਤੇ ਤਿਉਹਾਰਾਂ ਦੇ ਮੌਕੇ ‘ਤੇ ਜੋ ਨਜ਼ਾਰਾ ਵੇਖਣ ਨੂੰ ਮਿਲ਼ਦਾ ਹੈ ਸਾਡੇ ਬੁੱਧੀਜੀਵੀਆਂ ਦੇ ਖੂਹ ਦੇ ਡੱਡੂਪੁਣੇ ਦੀ ਸ਼ਾਨਦਾਰ ਮਿਸਾਲ ਹੈ। ਹਰ ਤਰਾਂ ਦੇ ਪਛੜੇਵੇਂ ਅੱਗੇ ਸਿਰ ਝੁਕਾਉਣ ਦੀ ਕਮਾਲ ਦੀ ਨਿਮਰਤਾ ਅਤੇ ਹਲੀਮੀ। ਮੁਆਫ ਕਰਨਾ ਇਹ ਉਹਨਾਂ ਬੁੱਧੀਜੀਵੀਆਂ ਲਈ ਨਹੀਂ ਹੈ ਜਿੰਨਾਂ ਦੀ ਜ਼ਮੀਰ ਅਜੇ ਮਰੀ ਨਹੀਂ। ਜਿਥੋਂ ਤੱਕ ਔਰਤ ਮੁਕਤੀ ਦਾ ਸਵਾਲ ਹੈ ਇਸ ਦੀ ਸਭ ਤੋਂ ਵੱਧ ਭੁਗਤ ਭੋਗੀ ਔਰਤ ਹੈ, ਖਾਸ ਕਰਕੇ ਕਿਰਤੀ ਔਰਤ। ਸੰਕਟਾਂ ਦੇ ਦੌਰ ਵਿਚ ਇਹ ਇਹਨਾਂ ਦਾ ਪਛੜੇਵਾਂ ਫਾਸੀਵਾਦੀਆਂ ਲਈ ਖਾਦ ਪਾਣੀ ਦਾ ਕੰਮ ਕਰਦਾ ਹੈ।

ਇਤਿਹਾਸਿਕ ਤੌਰ ‘ਤੇ ਇਹ ਨਿੱਜੀ ਜਾਇਦਾਦ ‘ਤੇ ਅਧਾਰਤ ਜਮਾਤੀ ਪ੍ਰਬੰਧ ਸੀ ਜੋ ਔਰਤ ਦੀ ਗੁਲਾਮੀ ਦਾ ਕਾਰਨ ਬਣਿਆ। ਇਸ ਲਈ ਜਮਾਤੀ ਸਮਾਜ ਵਿੱਚ ਔਰਤ ਪੂਰੀ ਤਰਾਂ ਮੁਕਤ ਨਹੀਂ ਹੋ ਸਕਦੀ। ਸਰਮਾਏਦਾਰਾ ਢਾਂਚੇ ਨੂੰ ਖਤਮ ਕਰਨ ਦਾ ਇਤਿਹਾਸਿਕ ਮਿਸ਼ਨ, ਮਜਦੂਰ ਜਮਾਤ ਨੇ ਪੂਰਾ ਕਰਨਾ ਹੈ। ਪਰ ਕੋਈ ਵੀ ਇਨਕਲਾਬੀ ਤਬਦੀਲੀ ਔਰਤਾਂ ਤੋਂ ਬਿਨਾਂ ਨਹੀਂ ਹੋ ਸਕਦੀ। ਕਿਸੇ ਵੀ ਲਹਿਰ ਦੀ ਸਫਲਤਾ ਇਸ ਗੱਲ ‘ਤੇ ਨਿਰਭਰ ਹੈ ਕਿ ਉਸ ਵਿਚ ਔਰਤਾਂ ਦੀ ਸ਼ਮੂਲੀਅਤ ਕਿੰਨੀ ਹੈ। ਔਰਤਾਂ ਦੀ ਮੁਕਤੀ ਦਾ ਸਵਾਲ ਸਰਮਾਏਦਾਰੀ ਪ੍ਰਬੰਧ ਦੇ ਮਜ਼ਬੂਤ ਕਿਲੇ, ਸਰਮਾਏਦਾਰੀ ਦੇ ਵਿਚਾਰਧਾਰਕ ਗਲਬੇ ‘ਤੇ ਹਮਲੇ ਦਾ ਸਵਾਲ ਹੈ। ਜੀਵਨ ਦੇ ਹਰੇਕ ਖੇਤਰ ਵਿੱਚ ਦਾਬੇ ਵਾਲ਼ੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ‘ਤੇ ਹਮਲਾ ਕਰਨਾ ਜਰੂਰੀ ਹੈ। ਪਿੱਤਰਸੱਤਾ ਵਾਲ਼ੇ ਮਰਦ ਦਾਬੇ ਵਿਰੁੱਧ ਸੰਘਰਸ਼ ਜਾਤੀ ਤੌਰ ‘ਤੇ ਮਰਦਾਂ ਵਿਰੁੱਧ ਸੰਘਰਸ਼ ਨਹੀਂ ਹੈ, ਜਿਵੇਂ ਕਿ ਕੁਝ ਬੁਰਜੂਆ ਨਾਰੀਵਾਦੀ ਸਿਧਾਂਤਕਾਰ ਕਹਿੰਦੇ ਹਨ। ਸਗੋਂ ਇਹ ਮਰਦ ਦਾਬਾ ਪੈਦਾ ਕਰਨ ਵਾਲ਼ੇ ਪ੍ਰਬੰਧ ਵਿਰੁੱਧ ਲੜਾਈ ਹੈ।

ਕੀ ਔਰਤ ਸਰੀਰਕ ਤੌਰ ‘ਤੇ ਕਮਜੋਰ ਹੋਣ ਕਰਕੇ ਗੁਲਾਮ ਬਣੀ ਹੈ? ਇਸ ਤਰਾਂ ‘ਤੇ ਸਿਧਾਂਤ ਦਿੱਤੇ ਜਾ ਰਹੇ ਹਨ ਕਿ ਇਹ ਔਰਤ ਦੀ ਮਰਦ ਦੇ ਮੁਕਾਬਲੇ ਕਮਜੋਰ ਸਰੀਰਕ ਬਣਤਰ ਹੈ, ਜਿਸ ਕਰਕੇ ਉਹ ਉਸਦੇ ਬਰਾਬਰ ਨਹੀਂ ਹੋ ਸਕੀ। ਇਹ ਗਲਤ ਤਰਕ ਹੈ। ਜੀਵ ਜੰਤੂਆਂ ਦੇ ਸੰਸਾਰ ਦੇ ਨਿਯਮ, ਮਨੁੱਖਾਂ ਦੇ ਸੰਸਾਰ ‘ਤੇ ਲਾਗੂ ਨਹੀਂ ਹੋ ਸਕਦੇ। ਇਸ ਤਰਕ ਅਨੁਸਾਰ ਤਾਂ ਬਹੁਤ ਜਾਨਵਰ ਹਨ ਜੋ ਸਰੀਰਕ ਤੌਰ ‘ਤੇ ਮਨੁੱਖ ਤੋਂ ਕਿਤੇ ਵੱਧ ਤਾਕਤਵਰ ਹਨ। ਸਰੀਰਕ ਤਾਕਤ ਦੇ ਜੈਵਿਕ ਸੰਸਾਰ ਦੇ ਇਸ ਬੇਹੂਦਾ ਤਰਕ ਅਨੁਸਾਰ ਤਾਂ ਮਨੁੱਖ ਉਹਨਾਂ ਦਾ ਗੁਲਾਮ ਹੋਣਾ ਚਾਹੀਦਾ ਸੀ। ਪਰ ਇਸ ਬ੍ਰਹਿਮੰਡ ਵਿੱਚ ਮਨੁੱਖ ਹੀ ਮਹਾਂਬਲੀ ਹੈ ਕਿਓਂਕਿ ਇਹ ਸਮਾਜਕ ਜੀਵ ਹੈ। ਕਿਰਤ ਦੀ ਕਿਰਿਆ ਨੇ ਇਸ ਨੂੰ ਪਸ਼ੁ ਜਗਤ ਤੋਂ ਸਿਫਤੀ ਤੌਰ ‘ਤੇ ਵੱਖ ਕਰ ਦਿੱਤਾ ਸੀ। ਮਨੁੱਖਾਂ ਦੇ ਸੰਸਾਰ ਵਿੱਚ ਸਮਾਜਕ ਨਿਯਮ ਕੰਮ ਕਰਦੇ ਹਨ। ਇੱਥੇ ਜੇ ਔਰਤ ਦੀ ਹੈਸੀਅਤ ਗੁਲਾਮਾਂ ਵਾਲ਼ੀ ਹੋਈ ਹੈ ਤਾਂ ਇਹ ਸਮਾਜਕ ਵਰਤਾਰਾ ਹੈ। ਜਮਾਤੀ ਸਮਾਜ ਦੇ ਪੈਦਾ ਹੋਣ ਤੇ ਇਸ ਦਾ ਪਹਿਲਾ ਸ਼ਿਕਾਰ ਔਰਤ ਹੀ ਬਣੀ। ਇਹ ਮਨੁੱਖੀ ਇਤਿਹਾਸ ਦੀ ਪਹਿਲੀ ਗੁਲਾਮ ਬਣੀ ਹੈ। ਦੂਜਾ ਸ਼ਿਕਾਰ, ਕੰਮ ਕਰਨ ਵਾਲ਼ੀ ਕਿਰਤੀ ਅਬਾਦੀ ਸੀ। ਭਾਰਤੀ ਪ੍ਰਸੰਗ ਵਿੱਚ ਵਰਣ ਜਾਤ ਪ੍ਰਣਾਲੀ ਨਾਲ਼ ਸੱਭਿਆਚਾਰਕ ਸਮਾਜਕ ਢਾਂਚੇ ਵਿੱਚ ਬਹੁਗਿਣਤੀ ਕਿਰਤੀ ਅਬਾਦੀ ਨੂੰ ਬੇਹਦ ਗੈਰ ਮਨੁੱਖੀ ਹਾਲਤਾਂ ਵਿੱਚ ਧੱਕ ਦਿੱਤਾ ਗਿਆ। ਵਰਤਮਾਨ ਸਰਮਾਏਦਾਰੀ ਪ੍ਰਬੰਧ ਵਿੱਚ ਸੰਸਾਰ ਦੇ ਸਾਰੇ ਪਦਾਰਥਕ ਤੇ ਆਤਮਕ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਵਾਲੀ ਕਿਰਤੀ ਅਬਾਦੀ ਨੂੰ ‘ਉਜਰਤੀ ਗੁਲਾਮੀ’ ਵਾਲ਼ੀ ਜ਼ਿੰਦਗੀ ਜੀਣੀ ਪੈ ਰਹੀ ਹੈ। ਉਜਰਤੀ ਗੁਲਾਮੀ ਵਾਲ਼ੇ ਇਸ ਸਰਮਾਏਦਾਰੀ ਢਾਂਚੇ ਦੀ ਅੱਧੀ ਅਬਾਦੀ ਔਰਤਾਂ ਦੀ ਹੈ। ਮਜ਼ਦੂਰ ਔਰਤਾਂ ਦੂਹਰੀ ਗੁਲਾਮੀ ਭੋਗ ਰਹੀਆਂ ਹਨ। ਮਜ਼ਦੂਰ ਦੇ ਤੌਰ ‘ਤੇ ਤਾਂ ਉਹਨਾਂ ਨੂੰ ਹੱਡ ਭੰਨਵੀਂ ਮਿਹਨਤ ਕਰਨੀ ਹੀ ਪੈਂਦੀ ਹੈ, ਘਰੇਲੂ ਮੋਰਚੇ ‘ਤੇ ਵੀ ਉਸ ਨੂੰ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਹੋਰ ਘਰੇਲੂ ਜ਼ਿੰਮੇਵਾਰੀਆਂ ਦਾ ਭਾਰ ਉਠਾਉਣਾ ਪੈਂਦਾ ਹੈ। ਮਜ਼ਦੂਰ ਜਮਾਤ ਅਤੇ ਕਿਰਤੀ ਅਬਾਦੀ ਵਿਚ ਵੀ ਔਰਤ ਵਿਰੋਧੀ ਅਤੇ ਮਰਦ ਦਾਬੇ ਵਾਲ਼ੀਆਂ ਸਭਿਆਚਾਰਕ ਕਦਰਾਂ ਕੀਮਤਾਂ ਔਰਤਾਂ ਦੀ ਜਿੰਦਗੀ ਨੂੰ ਜਿਆਦਾ ਮੁਸ਼ਕਲ ਬਣਾ ਦਿੰਦੀਆਂ ਹਨ।

ਔਰਤ ਮੁਕਤੀ ਦਾ ਸਵਾਲ ਮਜ਼ਦੂਰ ਜਮਾਤ ਦੀਆਂ ਸਫਾਂ ਵਿੱਚ ਵੀ ਪਿਛਾਂਹਖਿਚੂ ਹਾਕਮ ਜਮਾਤਾਂ ਦੇ ਵਿਚਾਰਧਾਰਕ ਗਲਬੇ ਵਿਰੁੱਧ ਸੰਘਰਸ਼ ਦਾ ਅਹਿਮ ਸਵਾਲ ਹੈ। ਮੱਧਵਰਗੀ ਅਤੇ ਹੋਰ ਮਾਲਕੀ ਵਾਲ਼ੀਆਂ ਜਮਾਤਾਂ ਵਿੱਚ ਵੀ ਲਗਭਗ ਮਰਦ ਹੀ ਜਾਇਦਾਦ ਦੇ ਮਾਲਕ ਹੁੰਦੇ ਹਨ, ਔਰਤਾਂ ਨੂੰ ਮਿਲਣ ਵਾਲ਼ੀ ਸੀਮਤ ਅਜ਼ਾਦੀ ਵੀ ਮਰਦਾਂ ਵੱਲੋਂ ਮਿਲ਼ੀ ਭੀਖ ਵਾਂਗ ਹੀ ਹੈ। ਇਸ ਲਈ ਅਜ਼ਾਦ ਔਰਤ ਦੀ ਸ਼ਕਤੀ ਦਾ ਭੈਅ, ਬੁਰਜੂਆ ਸਿਧਾਂਤਕਾਰਾਂ ਅਤੇ ਫ਼ਾਸੀਵਾਦੀਆਂ ਵਿੱਚ ਡਰ ਪੈਦਾ ਕਰ ਰਿਹਾ ਹੈ। ਮਜ਼ਦੂਰ ਜਮਾਤ ਦੀ ਮੁਕਤੀ ਲਹਿਰ ਤੇ ਔਰਤ ਮੁਕਤੀ ਦੀ ਲਹਿਰ ਇੱਕ ਦੂਜੇ ਦੇ ਪੂਰਕ ਹਨ। ਸਹੀ ਅਰਥਾਂ ਵਿੱਚ ਜਮਾਤੀ ਸਮਾਜ ਦੇ ਖਾਤਮੇ ਨਾਲ ਹੀ ਔਰਤ ਦੀ ਗੁਲਾਮੀ ਦੇ ਸੰਗਲ਼ ਕੱਟੇ ਜਾਣਗੇ।

– 24-5-17

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements