ਔਰਤ ਦੀ ਗੁਲਾਮੀ ਦਾ ਆਰਥਿਕ ਅਧਾਰ (ਤੀਸਰੀ ਕਿਸ਼ਤ) •ਸੀਤਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੁਕਤੀ ਦਾ ਰਾਹ ਕੀ ਹੈ?

ਹੁਣ ਵੇਖਣ ਵਾਲ਼ੀ ਗੱਲ ਇਹ ਹੈ ਕਿ ਸਮਾਜ ਦੇ ਆਰਥਕ ਅਧਾਰ ‘ਚ ਅਜਿਹੀਆਂ ਕੀ ਤਬਦੀਲੀਆਂ ਆਉਣ ਤਾਂ ਜੋ ਔਰਤਾਂ ਦੀ ਜ਼ਿੰਦਗੀ ਦੀਆਂ ਹਾਲਤਾਂ ਬਦਲਣ। ਇਸ ਲਈ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਉਹਨਾਂ ਨੂੰ ਸਮਾਜਕ ਪੈਦਾਵਾਰੀ ਅਮਲ ਨਾਲ਼ ਜੋੜਿਆ ਜਾਵੇ ਤੇ ਉਹਨਾਂ ਨੂੰ ਘਰੇਲੂ ਕੰਮਾਂ ਕਾਰਾਂ ਦੇ ਬੋਝ ਤੋਂ ਅਜ਼ਾਦ ਕੀਤਾ ਜਾਵੇ। ਕਹਿਣ ਦਾ ਭਾਵ ਇਹ ਹੈ ਕਿ ਸਭ ਲਈ ਰੁਜ਼ਗਾਰ ਹੋਵੇ। ਸਾਰੀਆਂ ਔਰਤਾਂ ਸਮਾਜਕ ਕਿਰਤ ‘ਚ ਹਿੱਸਾ ਲੈਣ। ਘਰੇਲੂ ਕੰਮਾਂ ਦਾ ਸਮਾਜੀਕਰਨ ਕੀਤਾ ਜਾਵੇ ਜਿਵੇਂ ਕਿ ਸਾਂਝੇ ਰਸੋਈ ਘਰ, ਕੱਪੜੇ ਧੋਣ ਲਈ ਸਾਂਝੇ ਲਾਂਡਰੀ ਪਲਾਂਟ ਆਦਿ ਤੇ ਬੱਚਿਆ ਦੀ ਪਾਲਣਾ-ਪੋਸ਼ਣਾ ਤੇ ਪੜ੍ਹਾਈ ਲਿਖਾਈ ਦੀ ਜ਼ੁੰਮੇਵਾਰੀ ਸਮਾਜ ਉਠਾਵੇ। ਯਾਨਿ ਕਿ ਸਾਰੀ ਸਮਾਜਕ ਕਿਰਤ ਨੂੰ ਸਭ ਮਿਲ਼ ਕੇ ਪੂਰਾ ਕਰਨ ਤੇ ਉਸ ਦੇ ਫਲ਼ ਨੂੰ ਕਿਰਤ ਅਨੁਸਾਰ ਸਾਰੇ ਕਿਰਤੀਆਂ (ਸਮੇਤ ਔਰਤਾਂ) ‘ਚ ਵੰਡਿਆ ਜਾਵੇ।

ਪਰ ਇਹ ਸਭ ਸਰਮਾਏਦਾਰੀ ਪ੍ਰਬੰਧ ‘ਚ ਸੰਭਵ ਨਹੀਂ ਹੋ ਸਕਦਾ। ਇਹ ਪ੍ਰਬੰਧ ਤਾਂ ਔਰਤਾਂ ਨੂੰ ਤਾਂ ਕੀ ਸਾਰੇ ਮਰਦਾਂ ਨੂੰ ਵੀ ਪੂਰਨ ਰੁਜ਼ਗਾਰ ਨਹੀਂ ਦੇ ਸਕਦਾ। ਭਾਵੇਂ ਔਰਤਾਂ ਦਾ ਵੱਡਾ ਹਿੱਸਾ ਘਰੇਲੂ ਚਾਰਦਿਵਾਰੀ ਅੰਦਰ ਹੀ ਹੈ ਫਿਰ ਵੀ ਇਹ ਸਮਾਜ ‘ਚ ਅੰਤਾਂ ਦੀ ਬੇਰੁਜ਼ਗਾਰੀ ਹੈ। ਪਹਿਲੀ ਹੀ ਉਜਰਤੀ ਕਿਰਤ ਸ਼ਕਤੀ ਨੂੰ ਜਦੋਂ ਇਹ ਕਿਰਤ ਮੰਡੀ ਖਪਾ ਨਹੀਂ ਸਕਦੀ ਤਾਂ ਜੋ ਸਾਰੀਆਂ ਔਰਤਾਂ ਰੁਜ਼ਗਾਰ ਮੰਗਣ ਤਾਂ ਇਹ ਪ੍ਰਬੰਧ ਕਿੱਥੋਂ ਦੇਵੇਗਾ? ਮੁਨਾਫੇ ‘ਤੇ ਟਿਕਿਆ ਇਹ ਪ੍ਰਬੰਧ ਲੋਕਾਂ ਦੀ ਜ਼ਿੰਦਗੀ ਦੀਆਂ ਹਾਲਤਾਂ ਨੂੰ ਬਿਹਤਰ ਬਣਾਉਣ ਲਈ ਨਹੀਂ ਸਗੋਂ ਲੋਕਾਂ ਦੀ ਕਿਰਤ ਨੂੰ ਸਰਮਾਏਦਾਰਾਂ ਲਈ ਮੁਨਾਫੇ ‘ਚ ਵਟਾਉਣ ਦੀ ਸੋਚ ‘ਤੇ ਅਧਾਰਤ ਹੈ। ਤਦੇ ਹੀ ਤਾਂ ਇਹ ਪ੍ਰਬੰਧ ਪੁਰਾਣੀਆਂ ਪਿਛਾਖੜੀ ਪ੍ਰੰਪਰਾਵਾਂ ਨੂੰ ਪੂਰੀ ਤਰ੍ਹਾਂ ਤੋੜਨ ਦੀ ਥਾਂ ਅਪਣੇ ਹਿੱਤ ‘ਚ ਪ੍ਰਚਾਰਦਾ ਹੈ ਕਿ ਔਰਤ ਦੀ ਜ਼ੁੰਮੇਵਾਰੀ ਸਮਾਜਕ ਕੰਮਾਂ ‘ਚ ਥਾਂ ਬਣਾਉਣਾ ਨਹੀਂ ਸਗੋਂ ਘਰ ਪਰਿਵਾਰ ਚਲਾਉਣਾ ਹੈ ਤੇ ਉਸ ਦੀ ਜਗ੍ਹਾ ਉਸਦੇ ਘਰ ਦੀ ਚਾਰਦਿਵਾਰੀ ਅੰਦਰ ਹੈ। ਇਸ ਲਈ ਇਹ ਘਰ-ਪਰਿਵਾਰ ਨਹੀਂ ਹੈ ਜੋ ਔਰਤ ਦੀ ਸਮਾਜ ‘ਚ ਤੇ ਕਿਰਤ ਦੀ ਮੰਡੀ ‘ਚ ਉਸਦੀ ਨੀਵੀਂ ਹੈਸੀਅਤ ਲਈ ਜ਼ੁੰਮੇਵਾਰ ਹੈ, ਸਗੋਂ ਇਹ ਪ੍ਰਬੰਧ, ਜੋ ਬੇਰੁਜ਼ਗਾਰਾਂ ਦੀ ਫੌਜ ‘ਚ ਹੋਰ ਵਾਧੇ ਦੇ ਡਰ ‘ਚੋਂ ਔਰਤਾਂ ਨੂੰ ਘਰਾਂ ‘ਚ ਕੈਦ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤੇ ਘਰ ਪਰਿਵਾਰ ‘ਚ ਉਹਨਾਂ ਵੱਲੋਂ ਕੀਤੀ ਕਿਰਤ, ਜੋ ਕਿ ਸਮਾਜਕ ਤੌਰ ‘ਤੇ ਬੇਹੱਦ ਹੀ ਲੋੜੀਂਦੀ ਹੈ, ਨੂੰ ਮਾਨਤਾ ਨਹੀਂ ਦਿੰਦਾ, ਜ਼ੁੰਮੇਵਾਰ ਹੈ।

ਇਸ ਸਰਮਾਏਦਾਰਾ ਪ੍ਰਬੰਧ ‘ਚ ਹਰ ਕਿਸਮ ਦੀ ਕਿਰਤ ਦਾ ਸਮਾਜੀਕਰਨ ਸੰਭਵ ਨਹੀਂ ਹੈ, ਇੱਥੇ ਉਹੀ ਕਿਰਤ ਮੰਡੀ ‘ਚ ਵਿਕਦੀ ਹੈ ਜਿਸ ਤੋਂ ਮੁਨਾਫਾ ਕਮਾਇਆ ਜਾ ਸਕਦਾ ਹੈ ਤੇ ਜੋ ਕਿਰਤ ਮੁਨਾਫਾ ਨਹੀਂ ਦੇ ਸਕਦੀ ਉਹ ਬੇਵੁਕੱਤੀ ਹੀ ਰਹਿੰਦੀ ਹੈ। ਸਰਮਾਏਦਾਰੀ ਪ੍ਰਬੰਧ ਕਦੇ ਵੀ ਘਰੇਲੂ ਕੰਮਾਂ ਦੀ, ਖਾਸ ਤੌਰ ‘ਤੇ ਬੱਚਿਆਂ ਦੀ ਪਾਲਣਾ-ਪੋਸ਼ਣਾ ਦੀ, ਜ਼ੁੰਮੇਵਾਰੀ ਨਹੀਂ ਲੈਂਦ। ਉਹ ਇਹ ਕੰਮ ਵਿਅਕਤੀ ਤੇ ਪਰਿਵਾਰ ‘ਤੇ ਹੀ ਸੁਟੱਦਾ ਹੈ ‘ਤੇ ਅੰਤਮ ਤੌਰ ‘ਤੇ ਜਿਸਨੂੰ ਔਰਤ ਹੀ ਮੁੱਖ ਰੂਪ ‘ਚ ਨਿਭਾਉਂਦੀ ਹੈ। ਦੂਸਰੇ ਲਫ਼ਜਾ ‘ਚ ਕਹਿਣਾ ਹੋਵੇ ਤਾਂ ਸਰਮਾਏਦਾਰਾ ਸਮਾਜ ‘ਚ ਇਹ ਸੰਭਵ ਹੀ ਨਹੀਂ ਹੈ ਕਿ ਸਾਰੀ ਕਿਰਤ ਨੂੰ ਪੂਰੇ ਸਮਾਜ ਦੁਆਰਾ ਵੰਡ ਕੇ ਕੀਤਾ ਜਾਵੇ ਤੇ ਪੈਦਾਵਾਰ ਨੂੰ ਕਿਰਤ ਅਨੁਸਾਰ ਸਮਾਜ ‘ਚ ਵੰਡ ਦਿੱਤਾ ਜਾਵੇ।

ਅਜਿਹਾ ਤਾਂ ਉਸੇ ਪ੍ਰਬੰਧ ‘ਚ ਸੰਭਵ ਹੈ ਜੋ ਮੁਨਾਫੇ ਤੇ ਦੂਸਰਿਆਂ ਦੀ ਲੁੱਟ-ਖਸੁੱਟ ‘ਤੇ ਅਧਾਰਤ ਨਾ ਹੋ ਕੇ ਲੋਕ ਪੱਖੀ ਹੋਵੇ। ਜਿਸ ‘ਚ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਨਾਲ਼ ਦੂਸਰਿਆਂ ਦੀ ਮਿਹਨਤ ਦੇ ਫਲ਼ ਨੂੰ ਹੜੱਪਿਆ ਨਾ ਜਾ ਸਕਦਾ ਹੋਵੇ। ਜਿੱਥੇ ਜਿਣਸੀ ਪੈਦਾਵਾਰ ਨੂੰ ਖਤਮ ਕਰਕੇ ਲੋਕਾਂ ਦੀ ਲੋੜਾਂ ਅਨੁਸਾਰ ਪੈਦਾਵਾਰ ਕੀਤੀ ਜਾਵੇ। ਸਿਰਫ ਉਸੇ ਸਮਾਜ ‘ਚ ਹੀ ਹਰ ਕਿਸੇ ਦੀ ਮਿਹਨਤ ਦੀ ਕਦਰ ਕੀਤੀ ਜਾ ਸਕਦੀ ਹੈ ਤੇ ਲਿੰਗ ਅਧਾਰਤ ਭੇਦਭਾਵ ਖਤਮ ਕਰਕੇ ਔਰਤ ਮਰਦ ਦੀ ਸਮਾਨਤਾ ‘ਤੇ ਅਧਾਰਤ ਸਮਾਜ ਉਸਾਰਿਆ ਜਾ ਸਕਦਾ ਹੈ। ਇਹੀ ਵਜ੍ਹਾ ਹੈ ਕਿ ਨਾਰੀ ਮੁਕਤੀ ਦਾ ਸੁਆਲ ਇਸ ਪ੍ਰਬੰਧ ਦੇ ਖਾਤਮੇ ਤੇ ਲੁੱਟ-ਖਸੁੱਟ ਰਹਿਤ ਸਮਾਜ ਦੀ ਉਸਾਰੀ ਨਾਲ਼ ਅਨਿੱਖੜਵੇਂ ਤੌਰ ‘ਤੇ ਜੁੜਿਆ ਹੋਇਆ ਹੈ। ਇਹ ਸਿਰਫ ਆਦਰਸ਼ ਖਿਆਲ ਹੀ ਨਹੀਂ ਸਮਾਜਕ ਤਜ਼ਰਬੇ ਦੁਆਰਾ ਅਜ਼ਮਾਇਆ ਸੱਚ ਹੈ। ਇਸ ਸੱਚ ਨੂੰ ਆਮਲੀ ਜਾਮਾ ਰੂਸ ਤੇ ਚੀਨ ‘ਚ ਇਨਕਲਾਬਾਂ ਰਾਹੀਂ ਸਮਾਜਵਾਦੀ ਸਮਾਜ ਦੀ ਉਸਾਰੀ ਨਾਲ਼ ਪੁਆਇਆ ਗਿਆ। ਇਹਨਾਂ ਦੇਸ਼ਾ ‘ਚ ਮਨੁੱਖ ਦੀ ਲੁੱਟ ਦੇ ਅਧਾਰ ਤੇ ਮੁਨਾਫੇ ਦੇ ਪ੍ਰਬੰਧ ਨੂੰ ਖਤਮ ਕਰਕੇ ਕਿਰਤੀ ਲੋਕਾਂ ਦੀ ਸਰਦਾਰੀ ਹੇਠ ਇੱਕ ਲੋਕ ਪੱਖੀ ਪ੍ਰਬੰਧ ਕਾਇਮ ਕੀਤਾ ਗਿਆ। ਸਮਾਜ ‘ਚ ਮਰਦ ਪ੍ਰਧਾਨਤਾ ਤੇ ਲਿੰਗ ਅਧਾਰਤ ਭੇਦਭਾਵ ਨੂੰ ਖਤਮ ਕਰਕੇ ਪੂਰਨ ਰੂਪ ‘ਚ ਔਰਤ ਮਰਦ ਸਮਾਨਤਾ ‘ਤੇ ਅਧਾਰਤ ਸਮਾਜ ਉਸਾਰਨ ਦੀਆਂ ਚੇਤੰਨ ਕੋਸ਼ਿਸ਼ਾਂ ਕੀਤੀਆਂ ਗਈਆਂ। ਕਮਿਊਨਿਸਟਾਂ ਦੀ ਅਗਵਾਈ ਵਾਲ਼ੀ ਰਾਜਸੱਤਾ ਨੇ ਪਹਿਲ-ਪ੍ਰਿਥਮੇ ਔਰਤ ਦੀ ਗੁਲਾਮੀ ਦੇ ਆਰਥਕ ਅਧਾਰ ਨੂੰ ਤੋੜਿਆ। ਉਹਨਾਂ ਨੇ ਔਰਤ ਨੂੰ ਘਰੇਲੂ ਜਿੱਲਣ ‘ਚੋਂ ਕੱਢਕੇ ਸਮਾਜਕ ਪੈਦਾਵਾਰ ਦੇ ਖੇਤਰ ‘ਚ ਅੱਗੇ ਲਿਆਂਦਾ ਤਾਂ ਜੋ ਉਹਨਾਂ ਦਾ ਸਰਬਪੱਖੀ ਵਿਕਾਸ ਹੋ ਸਕੇ ਤੇ ਉਹਨਾਂ ਨੂੰ ਪੂਰਨ ਰੂਪ ‘ਚ ਮਰਦਾਂ ਦੇ ਬਰਾਬਰ ਹੱਕ ਮਿਲ਼ ਸਕਣ। ਹੱਕ ਸਿਰਫ ਸਵਿਧਾਨ ਦੇ ਪੋਥਿਆਂ ‘ਚ ਹੀ ਨਹੀਂ, ਜਿਵੇਂ ਕਿ ਸਰਮਾਏਦਾਰਾ ਸਮਾਜ ‘ਚ ਹੁੰਦਾ ਹੈ, ਜਿਨ੍ਹਾਂ ਦੇ ਕਨੂੰਨੀ ਪੋਥੇ ਔਰਤਾਂ ਨੂੰ ਸਿਰਫ ਜ਼ੁਬਾਨੀ-ਕਲਾਮੀ ਹੀ ਮਰਦ ਦੀ ਬਰਾਬਰੀ ਦੇ ਹੱਕ ਦਿੰਦੇ ਹਨ, ਸਗੋਂ ਹਕੀਕੀ ਰੂਪ ‘ਚ ਮਾਨਣ ਯੋਗ ਹੱਕ। ਸਮਾਜਵਾਦੀ ਸਮਾਜ ਨੇ ਸਮੁੱਚੀ ਕਿਰਤੀ ਵਸੋਂ ਨੂੰ ਪੂਰਨ ਰੁਜ਼ਗਾਰ ਮੁੱਹਈਆ ਕਰਕੇ ਸਮੁੱਚੀ ਔਰਤ ਵਸੋਂ ਨੂੰ ਰੁਜ਼ਗਾਰ ਦੇ ਕੇ ਸਮਾਜਕ ਕਿਰਤ ‘ਚ ਬਰਾਬਰ ਦੇ ਹਿੱਸੇਦਾਰ ਬਣਾਇਆ। ਔਰਤਾਂ ਦੀ ਬੇਰੁਜ਼ਗਾਰੀ ਤਾਂ ਦੂਰ ਦੀ ਗੱਲ ਸੀ ਸਗੋਂ ਔਰਤਾਂ ਦੀ ਸਮਾਜਕ ਕਿਰਤ ‘ਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਹਰ ਪਿਛਾਂਹਖਿੱਚੂ ਰੀਤੀ-ਰਿਵਾਜਾਂ, ਕਦਰ ਕੀਮਤਾਂ ਤੇ ਸੋਚਾਂ ਖਿਲਾਫ ਮੁਹਿੰਮਾਂ ਬਣਾ ਕੇ ਸੰਘਰਸ਼ ਕੀਤਾ ਗਿਆ। ਉੱਥੇ ਕੋਈ ਵੀ ਔਰਤ ਨੂੰ ਘਰ ‘ਚ ਰਹਿਣ ਲਈ ਮਜ਼ਬੂਰ ਨਹੀਂ ਕਰ ਸਕਦਾ ਸੀ ਤੇ ਨਾ ਹੀ ਔਰਤਾਂ ਨੂੰ ਸਮਾਜਕ ਕੰਮਾਂ ‘ਚ ਸ਼ਾਮਲ ਹੋਣ ਤੋਂ ਰੋਕ ਸਕਦਾ ਸੀ। ਇਸ ਤਰ੍ਹਾਂ ਔਰਤਾਂ ਦੀ ਮੁਕਤੀ ਲਈ ਸਭ ਤੋਂ ਵੱਧ ਮਹਤੱਵਪੂਰਨ ਰੂਪ ‘ਚ ਲੋੜੀਂਦੀ ਆਰਥਕ ਬੁਨਿਆਦ ਕਾਇਮ ਕੀਤੀ।

ਕਮਿਊਨਿਸਟਾਂ ਦੀ ਅਗਵਾਈ ਵਾਲ਼ੀ ਰਾਜਸੱਤਾ ਨੇ ਨਾ ਸਿਰਫ ਔਰਤਾਂ ਦੀ ਗੁਲਾਮੀ ਦੇ ਆਰਥਕ ਅਧਾਰ ਨੂੰ ਖਤਮ ਕੀਤਾ ਸਗੋਂ ਇਸ ਆਰਥਕ ਅਧਾਰ ਨੂੰ ਵਾਜਬੀਅਤ ਪ੍ਰਦਾਨ ਕਰਦੀ ਔਰਤ ਵਿਰੋਧੀ ਵਿਚਾਰਧਾਰਾ ਨੂੰ ਤੋੜ ਕੇ ਇੱਕ ਨਵੀਂ ਵਿਚਾਰਧਾਰਾ, ਔਰਤ ਦੀ ਮੁਕਤੀ ਦੀ ਵਿਚਾਰਧਾਰਾ ਨੂੰ ਪ੍ਰਚਾਰਿਆ। ਉਹਨਾਂ ਨੇ ਪ੍ਰਚਾਰਿਆ ਕਿ ਜਦ ਤੱਕ ਔਰਤਾਂ ਲਈ ਸਮਾਜ ‘ਚ ਪੂਰਨ ਸਮਾਨਤਾ ਨਹੀਂ ਲਿਆਈ ਜਾਂਦੀ ਤੱਦ ਤੱਕ ਕੋਈ ਸਮਾਜ ਤਰੱਕੀ ਦੇ ਸਿਖਰ ਤੱਕ ਨਹੀਂ ਪਹੁੰਚ ਸਕਦਾ। ਤੇ ਅਜਿਹਾ ਤਦ ਤੱਕ ਨਹੀਂ ਹੋ ਸਕਦਾ ਜਦ ਤੱਕ ਔਰਤਾਂ ਘਰ ਦੇ ਕੰਮ-ਕਾਰਾਂ ‘ਚ ਰੁੱਝੀਆਂ ਰਹਿੰਦੀਆਂ ਹਨ, ਤਦ ਤੱਕ ਉਹਨਾਂ ਦੀ ਹੈਸੀਅਤ ਰੋਕਾਂ ਤੇ ਬੰਦਿਸ਼ਾਂ ਅਧੀਨ ਹੀ ਰਹੇਗੀ। ਇਸਤਰੀਆਂ ਦੀ ਬੰਦਖਲਾਸੀ ਲਈ ਤੇ ਉਹਨਾਂ ਨੂੰ ਸੱਚੀ-ਮੁੱਚੀ ਮਰਦਾਂ ਦੇ ਬਰਾਬਰ ਲਿਆਉਣ ਘਰੇਲੂ ਕਿਰਤ ਦਾ ਸਮਾਜੀਕਰਨ ਕਰਕੇ ਇੱਕ ਸੇਵਾ ਪ੍ਰਬੰਧ ਚਾਲੂ ਕਰਨਾ ਚਾਹੀਦਾ ਹੈ (ਯਾਨਿਕਿ ਔਰਤਾਂ ਦੀ ਘਰੇਲੂ ਕੰਮ ਤੋਂ ਮੁਕਤੀ ਕਰਵਾਉਣ ਲਈ ਨਮੂਨੇ ਦੀਆਂ ਸੰਸਥਾਵਾਂ ਜਿਵੇਂ ਸਾਂਝੇ ਭੋਜਨਘਰ, ਬਾਲਘਰ ਤੇ ਲਾਂਡਰੀ ਪਲਾਂਟ ਵਗੈਰਾ) ਤੇ ਔਰਤਾਂ ਨੂੰ ਪੈਦਾਵਾਰੀ ਕਿਰਤ ‘ਚ ਲਿਆਉਣਾ ਚਾਹੀਦਾ ਹੈ… ਉਹਨਾਂ ਸਿਰਫ ਪ੍ਰਚਾਰਿਆ ਹੀ ਨਹੀਂ, ਸਗੋਂ ਇਸਨੂੰ ਅਸਲੀ ਜਾਮਾ ਪੁਆਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਔਰਤ ਦੇ ਮਾਂ ਬਨਣ ਦੇ ਵਿਸ਼ੇਸ਼ ਗੁਣ ਲਈ ਉਹਨਾਂ ਨੂੰ ਮਾਣ-ਸਨਮਾਨ ਦਿੱਤਾ ਗਿਆ ਤੇ ਸਹੂਲਤਾਂ ਦਿੱਤੀਆਂ ਗਈਆਂ। ਉਦਾਹਰਨ ਲਈ ਮਾਵਾਂ ਦੀ ਸਹੂਲਤਾਂ ਲਈ ਦੁੱਧ ਚੁੰਘਦੇ ਬੱਚਿਆਂ ਨੂੰ ਔਰਤਾਂ ਦੀਆਂ ਕੰਮ ਦੀਆਂ ਥਾਵਾਂ ‘ਤੇ ਹੀ ਸੰਭਾਲਣ ਦੇ ਇੰਤਜਾਮ ਕੀਤੇ ਗਏ ਤੇ ਮਾਵਾਂ ਨੂੰ ਦੁੱਧ ਚੁੰਘਾਉਣ ਲਈ ਹਰ ਦੋ ਘੰਟੇ ਬਾਅਦ ਛੁੱਟੀ ਦਾ ਹੱਕ ਦਿੱਤਾ ਗਿਆ। ਇਸ ਦੇ ਨਾਲ਼ ਹੀ ਛੋਟਿਆਂ ਬੱਚਿਆਂ ਨੂੰ ਸੰਭਾਲਣ ਲਈ ਵੀ ਨਰਸਰੀਆਂ ਤੇ ਕਿੰਡਰਗਾਰਡਨਾਂ ਦਾ ਇੰਤਜਾਮ ਕੀਤਾ ਗਿਆ। ਬੱਚਿਆ ਦੀ ਸਮੁੱਚੀ ਪੜ੍ਹਾਈ-ਲਿਖਾਈ, ਸਕੂਲ ‘ਚ ਖਾਣਾ ਤੇ ਸਿਹਤ ਸੰਭਾਲ਼ ਦੀ ਪੂਰੀ ਜ਼ੁੰਮੇਵਾਰੀ ਰਾਜ-ਪ੍ਰਬੰਧ ਤੇ ਸਮਾਜ ਉਠਾਉਂਦਾ ਸੀ।

ਸੋ ਇਹ ਸੀ ਸਮਾਜਵਾਦੀ ਸਮਾਜ ਤੇ ਉਸਦੀ ਵਿਚਾਰਧਾਰਾ ਜਿੱਥੇ ਔਰਤਾਂ ਵੀ ਮਰਦਾਂ ਵਾਂਗ ਬਰਾਬਰ ਸਮਾਜਕ ਪੈਦਾਵਾਰ ‘ਚ ਹਿੱਸਾ ਲੈਂਦੀਆਂ ਸਨ ਤੇ ਉਹਨਾਂ ਵਾਂਗ ਹੀ ਸਭ ਹੱਕ ਮਾਣਦੀਆਂ ਹਨ। ਉਹ ਨਾ ਸਿਰਫ ਬਰਾਬਰ ਦੀਆਂ ਕਮਾਊ ਸਨ ਬਲਕਿ ਉਹਨਾਂ ਵੱਲੋਂ ਕੀਤੀ ਜਾਂਦੀ ਸਮਾਜਕ ਤੌਰ ‘ਤੇ ਜ਼ਰੂਰੀ ਕਿਰਤ, ਬੱਚੇ ਪੈਦਾ ਕਰਨ ਤੇ ਪਾਲਣ ਪੋਸ਼ਣ, ਲਈ ਪੂਰੀਆਂ ਸਹੂਲਤਾਂ ਤੇ ਮਾਣ-ਸਤਿਕਾਰ ਮਿਲ਼ਦਾ ਸੀ ਤੇ ਘਰ ਦੇ ਬਾਕੀ ਕੰਮਾਂ ਕਾਰਾਂ ਤੋਂ ਮੁਕਤ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

ਹੁਣ ਅਸੀਂ ਇੱਕ ਉਦਾਹਰਨ ਨਾਲ਼ ਇਸ ਗੱਲ ਨੂੰ ਵੱਧ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਰਾਜਸੱਤਾ ਤੇ ਸਮਾਜ ਦੇ ਆਰਥਕ ਅਧਾਰ ਦੇ ਬਦਲਣ ਨਾਲ਼ ਲੋਕਾਂ ਦੀ ਜ਼ਿੰਦਗੀ ਤੇ ਸੋਚ ਬਦਲਦੀ ਹੈ ਤੇ ਇਸ ਨੇ ਔਰਤਾਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕੀਤਾ। ਰੂਸ ਤੇ ਚੀਨ ‘ਚ ਇੱਕ ਵਾਰ ਫਿਰ ਸੱਤਾ ਬਦਲਕੇ ਸਰਮਾਏਦਾਰੀ ਦਾ ਹੱਥਾਂ ‘ਚ ਚਲੀ ਗਈ ਹੈ। ਉੱਥੇ ਜਿਣਸੀ ਪੈਦਾਵਾਰ ਦਾ ਅਮਲ ਵਧ ਫੁੱਲ ਰਿਹਾ ਹੈ, ਮੁਨਾਫੇ ਦਾ ਦੌਰ ਮੁੜ ਆਇਆ ਹੈ ਤੇ ਕਿਰਤ ਨੂੰ ਮੁਨਾਫੇ ਨਾਲ਼ ਅੰਗਿਆ ਜਾਣ ਲੱਗਾ ਹੈ। ਬੇਰੁਜ਼ਗਾਰੀ ਜੋ ਉੱਥੇ ਕਿਤੇ ਨਹੀਂ ਸੀ ਮੁੜ ਪੈਦਾ ਹੋ ਚੁੱਕੀ ਹੈ ਤੇ ਲਗਾਤਾਰ ਵਧ ਰਹੀ ਹੈ। ਮੁਨਾਫੇ ਦੇ ਨਿਜ਼ਾਮ ਨੂੰ ਚਲਾਉਣ ਲਈ ਉਹ ਇੱਕ ਵਾਰ ਫਿਰ ਔਰਤਾਂ ਨੂੰ ਸਮਾਜਕ ਪੈਦਾਵਾਰੀ ਅਮਲ ਨਾਲ਼ੋਂ ਤੋੜਕੇ ਘਰੇਲੂ ਗੁਲਾਮੀ ਵੱਲ਼ ਧੱਕ ਰਹੇ ਹਨ। ਭਾਵੇਂ ਕਿ ਉਹ ਵੀ ਹੋਰਨਾਂ ਸਰਮਾਏਦਾਰਾਂ ਸਮਾਜਾਂ ਵਾਂਗ ਔਰਤ ਨੂੰ ਅਪਣੀਆਂ ਲੋੜਾਂ ਮੁਤਾਬਕ ਇੱਕ ਸੀਮਿਤ ਹੱਦ ਤੱਕ ਸਮਾਜਕ ਪੈਦਾਵਾਰੀ ਅਮਲ ‘ਚ ਰੱਖਣਗੇ, ਪਰ ਨਾਲ਼ ਹੀ ਪਹਿਲਾਂ ਵਾਲ਼ੇ ਆਮ ਸੇਵਾ ਪ੍ਰਬੰਧ ਨੂੰ ਖਤਮ ਕਰਕੇ ਤੇ ਘਰੇਲੂ ਕੰਮਾਂ ਦਾ ਉਹਨਾਂ ‘ਤੇ ਬੋਝ ਵਧਾ ਕੇ ਔਰਤ ਦੀ ਗੁਲਾਮੀ ਦੇ ਆਰਥਕ ਅਧਾਰ ਨੂੰ ਤਿਆਰ ਕੀਤਾ ਜਾ ਰਿਹਾ ਹੈ। ਤੇ ਇੰਝ ਜਦੋਂ ਤੱਕ ਔਰਤ ਕੋਲ਼ੋਂ ਆਰਥਕ ਸਮਾਨਤਾ ਖੁੱਸੇਗੀ ਤਾਂ ਲਾਜ਼ਮੀ ਹੀ ਸਮਾਜਕ ਸਮਾਨਤਾ ਵੀ ਖੁੱਸੇਗੀ ਤੇ ਉਹਨਾਂ ਦਾ ਮਾਣ- ਸਨਮਾਨ ਵੀ ਘਟੇਗਾ। ਘਰ ‘ਚ ਕੀਤੀ ਔਰਤ ਦਾ ਮਿਹਨਤ ਬੇਵੁੱਕਤੀ ਹੋ ਜਾਵੇਗੀ। ਹੁਣ ਫੇਰ ਉੱਥੇ ਪੁਰਸ਼ ਪ੍ਰਧਾਨ ਤੇ ਔਰਤ ਦੀ ਅਧੀਨਗੀ ਦੀ ਸਥਿਤੀ ਵਾਲ਼ਾ ਸਮਾਜ ਹੋਂਦ ‘ਚ ਆ ਰਿਹਾ ਹੈ। ਔਰਤ ਨੂੰ ਫੈਸ਼ਨ ਤੇ ਕਾਮ ਦਾ ਪ੍ਰਤੀਕ ਬਣਾ ਕੇ ਔਰਤ ਨੂੰ ਕਾਮ ਸੰਤੁਸ਼ਟੀ ਦੇ ਤੌਰ ‘ਤੇ ਉਭਾਰਿਆ ਜਾ ਰਿਹਾ ਹੈ। ਵੇਸ਼ਵਾਗਮਨੀ ਮੁੜ ਸਿਰ ਚੁੱਕ ਰਹੀ ਹੈ। ਇਸ ਸਭ ਦਾ ਨਤੀਜਾ ਜਿੱਥੇ ਇੱਕ ਪਾਸੇ ਔਰਤ ਦੀ ਜਿਸਮਾਨੀ ਲੁੱਟ ‘ਚ ਨਿੱਕਲ਼ ਰਿਹਾ ਹੈ ਉੱਥੇ ਇਹ ਔਰਤਾਂ ਖਿਲਾਫ ਜਿਸਮਾਨੀ ਹਿੰਸਾ ਨੂੰ ਵੀ ਵਧਾਏਗਾ। ਬਿਨਾਂ ਡਰ-ਭੈਅ ਦੇ ਬੰਦਸ਼ਾਂ ਤੋਂ ਰਹਿਤ ਸਮਾਜ ‘ਚ ਵਿਚਰਨ ਦੀ ਔਰਤ ਦੀ ਅਜ਼ਾਦੀ ਖਤਮ ਹੋ ਰਹੀ ਹੈ।

ਅਪਣੇ ਇਸ ਕੁਕਰਮਾਂ ਨੂੰ ਢਕਣ ਲਈ ਉੱਥੋਂ ਦੇ ਸਰਮਾਏਦਾਰ ਹਾਕਮ ਇਸ ਸੋਚ ਨੂੰ ਪ੍ਰਚਾਰਦੇ ਹਨ ਕਿ ਔਰਤਾਂ ਦੇ ਪੈਦਾਵਾਰੀ ਅਮਲ ‘ਚ ਹਿੱਸਾ ਲੈਣ ਨਾਲ਼ ਨੈਤਿਕ ਤੇ ਸੱਭਿਆਚਾਰਕ ਗਿਰਾਵਟ ਆ ਰਹੀ ਹੈ। ਇਸ ਲਈ ਔਰਤਾਂ ਨੂੰ ਪੈਦਾਵਾਰੀ ਅਮਲ ਨਾਲ਼ੋਂ ਟੁੱਟ ਕੇ ਘਰੇਲੂ ‘ਫਰੰਟ’ ‘ਤੇ ਅਪਣੀ ਮੁੱਖ ਜ਼ੁੰਮੇਵਾਰੀ ਸਾਂਭਣੀ ਚਾਹੀਦੀ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਸਰਮਾਏਦਾਰੀ ਸਮਾਜਾਂ ‘ਚ ਜੋ ਨੈਤਿਕ ਤੇ ਸੱਭਿਆਚਾਰਕ ਗਿਰਾਵਟ ਹੁੰਦੀ ਹੈ ਉਸਨੇ ਰੂਸ ਤੇ ਚੀਨ ‘ਚ ਸਰਮਾਏਦਾਰੀ ਦੇ ਮੁੜ ਆਉਣ ਨਾਲ਼ ਲਾਜ਼ਮੀ ਹੀ ਆਉਣਾ ਸੀ ਨਾ ਕਿ ਔਰਤਾਂ ਦੇ ਪੈਦਾਵਾਰੀ ਅਮਲ ‘ਚ ਹਿੱਸਾ ਲੈਣ ਨਾਲ਼। ਇਹ ਦੰਭ ਤਾਂ ਉੱਥੋਂ ਦੇ ਸਰਮਾਏਦਾਰ ਹਾਕਮ ਅਪਣੇ ਪ੍ਰਬੰਧ ਦੀ ਕਮਜ਼ੋਰੀ ਨੂੰ ਢਕਣ ਲਈ ਕਰ ਰਹੀ ਹੈ, ਕਿਉਂਕਿ ਉੱਥੇ ਵੀ ਇਸ ਪ੍ਰਬੰਧ ਦੇ ਸੰਕਟ ਨੇ ਬੇਰੁਜ਼ਗਾਰੀ ਲਿਆ ਕੇ ਕਿਰਤ ਸ਼ਕਤੀ ਨੂੰ ਵਿਹਲਿਆਂ ਕਰਨਾ ਹੈ ਤੇ ਇਸ ਨੂੰ ਛੁਪਾਉਣ ਲਈ, ਬੇਰੁਜ਼ਗਾਰਾਂ ਦੀ ਫੌਜ ਨੂੰ ਘੱਟ ਕਰਨ ਲਈ ਔਰਤ ਦਾ ਘਰਾਂ ਨੂੰ ਧੱਕਿਆ ਜਾਣਾ ਜ਼ਰੂਰੀ ਹੈ।

ਸਾਰ ਤੱਤ

ਅੰਤ ‘ਚ ਸਾਰ ਤੱਤ ਕੱਢਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਦੇ ਆਰਥਕ ਅਧਾਰ ਤੇ ਇਸ ਅਨੁਸਾਰ ਉੱਸਰੇ ਸਮਾਜ ਦੀ ਬਣਤਰ ਤੇ ਸੋਚ ਔਰਤ ਦੀ ਹੋਣੀ ਨੂੰ ਨਿਰਧਾਰਿਤ ਕਰਦੇ ਹਨ। ਮੁੱਢਲੇ ਸਮਾਜਾਂ ‘ਚ ਨਿੱਜੀ ਜਾਇਦਾਦ ਦੇ ਹੋਂਦ ‘ਚ ਆਉਣ ਨਾਲ਼ ਸਮਾਜ ਦੇ ਲੁਟੇਰਿਆਂ ਤੇ ਲੁਟੀਦੀਆਂ ਜਮਾਤਾਂ ‘ਚ  ਵੰਡੇ ਜਾਣ ਨਾਲ਼ ਔਰਤ ਦੀ ਸਮਾਜ ‘ਚ ਗੁਲਾਮੀ ਦਾ ਮੁੱਢ ਬੱਝਾ। ਇਸ ਨੇ ਔਰਤ ਦਾ ਕਿਰਤ ਤੇ ਉਸਦੀ ਜਿਸਮਾਨੀ ਲੁੱਟ ਨੂੰ ਵਧਾਇਆ। ਘਰ ਪਰਿਵਾਰ ਨੂੰ ਚਲਾਉਣ ਦਾ ਬੋਝ ਨਾ ਸਿਰਫ ਔਰਤ ਦੇ ਮੋਢਿਆਂ ‘ਤੇ ਆਣ ਪਿਆ ਸਗੋਂ ਇਸ ‘ਚ ਉਸ ਵੱਲੋਂ ਲਾਈ ਜਾਂਦੀ ਬੇਥਾਹ ਕਿਰਤ ਸ਼ਕਤੀ ਸਮਾਜ ‘ਚ ਬੇਵੁੱਕਤੀ ਹੋ ਕੇ ਰਹਿ ਗਈ। ਪੁਰਸ਼ ਪ੍ਰਧਾਨਤਾ ਇਹਨਾਂ ਸਮਾਜਾਂ ਦਾ ਅਟੁੱਟ ਅੰਗ ਬਣ ਗਈ।  ਘਰ ਪਰਿਵਾਰ ਤੇ ਸਮਾਜ ‘ਚ ਹਰ ਤਰ੍ਹਾਂ ਦੇ ਹੱਕਾਂ ਤੋਂ ਵਿਰਵੀ ਔਰਤ ਦੂਸਰੇ ਦਰਜੇ ਦੇ ਨਾਗਰਿਕਾਂ ਵਾਲ਼ੀ ਹੈਸੀਅਤ ‘ਚ ਸੁੱਟ ਦਿੱਤੀ ਗਈ। ਅਜੋਕੇ ਸਰਮਾਏਦਾਰਾ ਸਮਾਜ ਕਿਰਤ ਦੀ ਲੁੱਟ ਨਿੱਜੀ ਜਾਇਦਾਦ, ਮੁਨਾਫ਼ੇ ਤੇ ਮੰਡੀ ਦੀਆਂ ਲੋੜਾਂ ਤੇ ਜਮਾਤੀ ਦਾਬੇ ‘ਤੇ ਅਧਾਰਤ ਹੋਣ ਕਰਕੇ ਔਰਤ ਦੀ ਗੁਲਾਮੀ ਨੂੰ ਪੂਰਨ ਰੂਪ ‘ਚ ਖਤਮ ਕਰਨ ਤੋਂ ਅਸਮਰੱਥ ਹਨ। ਇਹ ਪ੍ਰਬੰਧ ਸਮੁੱਚੀ ਔਰਤ ਵਸੋਂ ਨੂੰ ਸਮਾਜਕ ਪੈਦਾਵਾਰ ‘ਚ ਮਰਦਾਂ ਦੇ ਬਰਾਬਰ ਰੁਜ਼ਗਾਰ ਦੇਣ ਤੋਂ ਅਸਮਰੱਥ ਹਨ ਤੇ ਔਰਤਾਂ ਦੇ ਵੱਡੇ ਹਿੱਸੇ ਨੂੰ ਸਿੱਧੇ ਹੀ ਘਰ ਦੀ ਚਾਰਦਿਵਾਰੀ ‘ਚ ਕੈਦ ਕਰਨ ਦਾ ਕਾਰਨ ਬਣਦੇ ਹਨ। ਇਹ ਸਮਾਜ ਨਾ ਕੇਵਲ ਘਰ ਦੇ ਸਾਰੇ ਕੰਮ ਮੁੱਖ ਰੂਪ ‘ਚ ਔਰਤਾਂ ‘ਤੇ ਸੁੱਟਦੇ ਹਨ ਬਲਕਿ ਉਹਨਾਂ ਵੱਲੋਂ ਘਰਾਂ ‘ਚ ਕੀਤੀ ਜਾਂਦੀ ਮਿਹਨਤ ਦੀ ਕੋਈ ਕਦਰ ਨਹੀਂ ਪਾਉਂਦੇ। ਪੁਰਸ਼ ਪ੍ਰਧਾਨਤਾ ਤੇ ਭੇਦਭਾਵ ਨੂੰ ਪੂਰਨ ਰੂਪ ‘ਚ ਖਤਮ ਕਰਨ ਦੀ ਨਾ ਤਾਂ ਇਹਨਾਂ ਸਮਾਜਾਂ ਦੀ ਸੋਚ ਹੈ ਤੇ ਨਾ ਹੀ ਇਹ ਅਪਣੇ ਖਾਸੇ ਮੁਤਾਬਕ ਇਹ ਕਰ ਸਕਦੇ ਹਨ। ਔਰਤ ਨੂੰ ਦੂਸਰੇ ਦਰਜੇ ਦੇ ਨਾਗਰਿਕ ਦੀ ਹੈਸੀਅਤ ‘ਚੋਂ ਕਢੱਣ ਲਈ,ਔਰਤ ਮਰਦ ਦੀ ਪੂਰਨ ਸਮਾਨਤਾ ਲਈ, ਔਰਤ ਦੀ ਮੁਕੰਮਲ ਮੁਕਤੀ ਲਈ ਇਹ ਜ਼ਰੂਰੀ ਹੈ ਕਿ ਅਜਿਹਾ ਸਮਾਜ ਸਿਰਜਿਆ ਜਾਵੇ ਜਿੱਥੇ ਸਾਰੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਾਜਕ ਪੈਦਾਵਾਰੀ ਅਮਲ ‘ਚ ਸਥਾਨ ਮਿਲ਼ੇ। ਘਰੇਲੂ ਕੰਮਾਂ ਦੀ ਜਿਲ੍ਹਣ ‘ਚੋਂ ਔਰਤਾਂ ਨੂੰ ਕੱਢਣ ਲਈ ਵੱਧ ਤੋਂ ਵੱਧ ਹੱਦ ਤੱਕ ਘਰੇਲੂ ਕੰਮਾਂ ਦਾ ਸਮਾਜੀਕਰਨ ਕੀਤਾ ਜਾਵੇ। ਬੱਚੇ ਪੈਦਾ ਕਰਨ ਤੇ ਮਸੂਮਾਂ ਨੂੰ ਪਾਲਣਾ ਵਰਗੇ ਕੁਦਰਤੀ ਤੌਰ ‘ਤੇ ਹੀ ਔਰਤ ਦੇ ਜ਼ਿੰਮੇ ਆਉਣ ਵਾਲ਼ੇ ਸਮਾਜ ਲਈ ਅਤਿ ਜ਼ਰੂਰੀ ਕੰਮਾਂ ਲਈ ਔਰਤਾਂ ਨੂੰ ਪੂਰਾ ਸਨਮਾਨ ਤੇ ਸਹੂਲਤਾਂ ਮਿਲਣ। ਔਰਤਾਂ ਦੀ ਮੁਕਤੀ ਲਈ ਲਾਜ਼ਮੀ ਇਹਨਾਂ ਕਾਰਜਾਂ ਨੂੰ ਸਿਰੇ ਚਾੜਨ ਲਈ ਤੇ ਸਦੀਆਂ ਤੋਂ ਚੱਲੀ ਆ ਰਹੀ ਔਰਤ ਵਿਰੋਧੀ ਮਾਨਸਿਕਤਾ ਤੇ ਸੋਚ ਨੂੰ ਬਦਲਣ ਲਈ ਲਗਾਤਾਰ ਤੇ ਯੋਜਨਾਬੱਧ ਢੰਗ ਨਾਲ ਜਮਹੂਰੀ, ਔਰਤ ਮਰਦ ਸਮਾਨਤਾ, ਹਰ ਤਰ੍ਹਾਂ ਦੇ ਲੁੱਟ ਤੇ ਦਾਬੇ ਨੂੰ ਖਤਮ ਕਰਨ ਦੀ ਸੋਚ ਤੇ ਅਧਾਰਤ ਕਦਰਾਂ-ਕੀਮਤਾਂ ਤੇ ਪ੍ਰੰਪਰਾਵਾਂ ਨੂੰ ਸਥਾਪਤ ਕਰਨ ਲਈ ਸੰਘਰਸ਼ ਕੀਤਾ ਜਾਵੇ। ਇਸ ਤਰ੍ਹਾਂ ਦੇ ਸਮਾਜ ਨੂੰ ਸਿਰਜਣ ਵੱਲ ਸੇਧਤ ਹੋਣਾ ਹੀ ਅੱਜ ਦੀ ਨਾਰੀ ਮੁਕਤੀ ਲਹਿਰ ਨੂੰ ਔਰਤ ਦੀ ਪੂਰਨ ਮੁਕਤੀ ਵੱਲ ਲਿਜਾ ਸਕਦਾ ਹੈ। ਇਸ ਦਿਸ਼ਾ ਵੱਲ ਅੱਗੇ ਵਧਦੇ ਹੋਏ ਹੀ ਸਾਡੇ ਫੌਰੀ ਕਾਰਜਾਂ ਦੀਆਂ ਛੋਟੀਆਂ ਵੱਡੀਆਂ ਲੜਾਈਆਂ ਨੂੰ ਔਰਤ ਦੀ ਪੂਰਨ ਮੁਕਤੀ ਦੀ ਲਹਿਰ ਦਾ ਹਿੱਸਾ ਬਣਾਇਆ ਜਾ ਸਕਦਾ ਹੈ।  

(ਸਮਾਪਤ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements