ਅੰਤਰ-ਸਾਮਰਾਜੀ ਖਹਿਭੇੜ ਦੀ ਭੂਮੀ ਬਣਿਆ ਸੀਰੀਆ •ਮਾਨਵ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਤਿੰਨ ਹਫ਼ਤਿਆਂ ਤੋਂ ਰੂਸ ਵੱਲੋਂ ਸੀਰਿਆ ਵਿੱਚ ਆਈ.ਐੱਸ.ਆਈ.ਐੱਸ ਦੇ ਟਿਕਾਣਿਆਂ ਉੱਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਸੀਰਿਆ ਅੰਤਰ-ਸਾਮਰਾਜੀ ਖਹਿਭੇੜ ਦਾ ਕੇਂਦਰ-ਬਿੰਦੂ ਬਣ ਗਿਆ ਹੈ। ਇਸ ਨਾਲ ਜੰਗਾਂ ਬਾਰੇ ਮਾਰਕਸਵਾਦੀ ਸਮਝ ਇੱਕ ਵਾਰ ਫ਼ਿਰ ਤੋਂ ਸਹੀ ਸਾਬਿਤ ਹੋ ਜਾਂਦੀ ਹੈ ਕਿ ਜਦ ਤੱਕ ਨਿੱਜੀ ਜਾਇਦਾਦ ਉੱਪਰ ਅਧਾਰਿਤ ਸਮਾਜਿਕ-ਆਰਥਿਕ ਢਾਂਚਾ ਕਾਇਮ ਹੈ, ਓਨਾਂ ਚਿਰ ਜੰਗਾਂ ਦਾ ਅਧਾਰ ਬਣਿਆ ਰਹੇਗਾ। ਅਤੇ ਇਸ ਲਈ ਸਰਮਾਏਦਾਰੀ ਪ੍ਰਬੰਧ ਅਧੀਨ ਜੰਗਾਂ ਦਾ ਹੋਣਾ ਅਟੱਲ ਹੈ ।

1991 ਵਿੱਚ ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਵਕਤੀ ਤੌਰ ‘ਤੇ ਅਮਰੀਕੀ ਸਾਮਰਾਜਵਾਦ ਦਾ ਹੱਥ ਉੱਤੋਂ ਦੀ ਹੋ ਗਿਆ। ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਕਮਜ਼ੋਰ ਹੋਏ ਰੂਸ ਦਾ ਫ਼ਾਇਦਾ ਲੈ ਅਮਰੀਕਾ ਨੇ ਪੂਰਬੀ ਯੂਰਪ ਵੱਲ ਨੂੰ ਵਿਸਤਾਰ ਤੇਜ਼ ਕੀਤਾ ਅਤੇ ਨਾਲ ਹੀ ਮੱਧ-ਪੂਰਬ ਵਿੱਚ ਆਪਣੇ ਹਿੱਤਾਂ ਨੂੰ ਅੱਗੇ ਵਧਾਉਂਦਿਆਂ ਖਾੜੀ ਯੁੱਧ ਸ਼ੁਰੂ ਕੀਤਾ। ਇਸ ਸਭ ਨੂੰ ਦੇਖ ਕੇ ਕਈ ਅਨੁਭਵਵਾਦੀ ਬੁੱਧੀਜੀਵੀਆਂ ਨੇ ਸੰਸਾਰ ਦੀ ਸਦੀਵੀ ਇੱਕ-ਧਰੁਵਤਾ ਦੇ ਸਿਧਾਂਤ ਘੜਨੇ ਸ਼ੁਰੂ ਕਰ ਦਿੱਤੇ, ਕਿ ਹੁਣ ਤਾਂ ਹਮੇਸ਼ਾ ਲਈ ਸੰਸਾਰ ਵਿੱਚ ਅਮਰੀਕਾ ਦਾ ਰਾਜ ਹੋ ਗਿਆ ਹੈ, ਕਿ ਅਮਰੀਕਾ ਅਧੀਨ ਨਾਟੋ ਧੁਰੀ ਨੂੰ ਚੁਣੌਤੀ ਦੇਣ ਵਾਲਾ ਹੁਣ ਕੋਈ ਨਹੀਂ ਹੈ।

ਪਰ ਇਹਨਾਂ ਸਭ ਪ੍ਰਸਥਾਪਨਾਵਾਂ ਦਾ ਜਵਾਬ ਸਮੇਂ ਨੇ ਹੀ ਦਿੱਤਾ। ਇੱਕ ਦਹਾਕੇ ਤੋਂ ਵੀ ਘੱਟ ਸਮੇਂ ਅੰਦਰ ਰੂਸ ਆਪਣੇ ਕੁਦਰਤੀ ਸਰੋਤਾਂ ਅਧਾਰਿਤ ਅਰਥਚਾਰੇ ਉੱਤੇ ਨਿਰਭਰ ਕਰਦੇ ਹੋਏ ਮੁੜ ਉੱਭਰਿਆ ਅਤੇ ਇੱਕੀਵੀਂ ਸਦੀ ਤੱਕ ਆਉਂਦੇ-ਆਉਂਦੇ ਚੀਨ ਵੀ ਇੱਕ ਤਕੜੀ ਆਰਥਿਕ ਸ਼ਕਤੀ ਬਣਕੇ ਉੱਭਰਿਆ। ਅੱਜ ਅਸੀਂ ਰੂਸ-ਚੀਨ ਦੇ ਗੱਠਜੋੜ ਨੂੰ ਅਮਰੀਕੀ ਧੁਰੀ ਦੀ ਚੌਧਰ ਖਿਲਾਫ਼ ਕਾਇਮ ਹੋਏ ਗੱਠਜੋੜ ਵਜੋਂ ਦੇਖ ਸਕਦੇ ਹਾਂ। ਆਰਥਿਕ ਸੰਕਟ ਦੇ ਸਮੇਂ ਵਿੱਚ ਸਾਰੇ ਭੂ-ਸਿਆਸੀ ਤਣਾਅ ਵੀ ਹੋਰ ਤੀਬਰ ਹੋ ਜਾਂਦੇ ਹਨ, ਇਸੇ ਲਈ ਅਸੀਂ ਰੂਸ-ਚੀਨ ਅਤੇ ਅਮਰੀਕੀ ਧੁਰੀ ਤੋਂ ਇਲਾਵਾ ਸਭਨਾਂ ਸਾਮਰਾਜੀ ਤਾਕਤਾਂ ਨੂੰ ਨਵੇਂ ਸਿਰੇ ਤੋਂ ਸੰਸਾਰ ਚੌਧਰ ਲਈ ਆਪਣੇ-ਆਪਣੇ ਪਰ ਤੋਲਦੇ ਹੋਏ ਦੇਖ ਸਕਦੇ ਹਾਂ। ਜਿਵੇਂ ਕਿ ਜਰਮਨੀ ਵੀ ਯੂਰਪੀ ਯੂਨੀਅਨ ਅੰਦਰ ਆਪਣੀ ਪ੍ਰਭਾਵੀ ਭੂਮਿਕਾ ਜ਼ਰੀਏ ਪੂਰੇ ਸੰਸਾਰ ਅੰਦਰ ਆਪਣੇ ਸਾਮਰਾਜੀ ਹਿੱਤਾਂ ਦਾ ਪਸਾਰਾ ਕਰਨਾ ਚਾਹੁੰਦਾ ਹੈ। ਇਸਦੇ ਰਾਸ਼ਟਰਪਤੀ ਅਤੇ ਹੋਰਨਾਂ ਪ੍ਰਮੁੱਖ ਅਹੁਦਿਆਂ ਉੱਤੇ ਬੈਠੇ ਲੋਕਾਂ ਦੇ ਬਿਆਨਾਂ ਤੋਂ ਇਸਦੀਆਂ ਸਾਮਰਾਜੀ ਅਕਾਂਖਿਆਂਵਾਂ ਸਪੱਸ਼ਟ ਹੋ ਜਾਂਦੀਆਂ ਹਨ। ਓਧਰ ਜਪਾਨ ਵੀ ਦੂਜੀ ਸੰਸਾਰ ਜੰਗ ਤੋਂ ਬਾਅਦ ਫੌਜੀ ਸਰਗਰਮੀਆਂ ਉੱਪਰ ਲਾਈਆਂ ਸਭ ਰੋਕਾਂ ਹਟਾ ਰਿਹਾ ਹੈ। ਫ਼ਿਲਹਾਲ ਉਹ ਆਪਣੇ ਚੀਨ ਨਾਲ ਟਕਰਾਅ ਵਿੱਚੋਂ ਅਮਰੀਕਾ ਨਾਲ ਖੜ੍ਹਾ ਹੈ।

ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਸੰਸਾਰ ਸਰਮਾਏਦਾਰੀ ਦੇ ਇਸ ਸੰਕਟ ਵਾਲੇ ਦੌਰ ਅੰਦਰ ਇੱਕ ਵਾਰ ਫ਼ਿਰ ਤੋਂ ਵੱਡੇ ਸਾਮਰਾਜੀ ਮੁਲਕ ਸਿੱਧਮ-ਸਿੱਧੇ ਇਸ ਆਰਥਿਕ ਸੰਕਟ ਦਾ ਹੱਲ ਜੰਗਾਂ ਦੇ ਰੂਪ ਵਿੱਚ ਦੇਖ ਰਹੇ ਹਨ ।

ਅਸੀਂ ਇੱਥੇ ਸੀਰੀਆ ਮਸਲੇ ਦੇ ਪਿਛੋਖੜ ਵਿੱਚ ਨਹੀਂ ਜਾਂਵਾਂਗੇ। ਇਸ ਬਾਰੇ ਲਲਕਾਰ ਦੇ ਅੰਕ ਜੁਲਾਈ 2013 ਵਿੱਚ ਲਿਖਿਆ ਜਾ ਚੁੱਕਾ ਹੈ। ਇੱਥੇ ਸੀਰਿਆ ਮਸਲੇ ਨੂੰ ਲੈ ਕੇ ਹੋ ਰਹੀ ਮੌਜੂਦਾ ਸਿਆਸਤ ਅਤੇ ਕਿਵੇਂ ਦੋ ਪ੍ਰਮੁੱਖ ਸਾਮਰਾਜੀ ਤਾਕਤਾਂ ਇੱਥੇ ਉਲਝੀਆਂ ਹਨ, ਉਸ ਨੂੰ ਲੈ ਕੇ ਗੱਲ ਕਰਾਂਗੇ ।

ਅਮਰੀਕਾ ਅਤੇ ਰੂਸ ਦੋਵੇਂ ਹੀ ਸੀਰਿਆ ਉੱਪਰ ਹਮਲੇ ਦੇ ਕਾਰਨਾਂ ਵਿੱਚੋਂ ਇਸਲਾਮੀ ਕੱਟੜਪੰਥੀ ਆਈ.ਐੱਸ. ਨੂੰ ਨਿਸ਼ਾਨਾ ਬਣਾਉਣਾ ਦੱਸ ਰਹੇ ਹਨ। ਪਰ ਇੱਥੇ ਦੋਵੇਂ ਹੀ ਆਪਣੇ ਹਿੱਤਾਂ ਨੂੰ ਲੁਕਾਉਣ ਲਈ ਇਹ ਬਹਾਨਾ ਬਣਾ ਰਹੇ ਹਨ। ਅਮਰੀਕਾ ਇਸ ਪੂਰੇ ਖਿੱਤੇ ਵਿੱਚ ਆਪਣੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਸੀਰਿਆ ਉੱਪਰ ਕੰਟਰੋਲ ਚਾਹੁੰਦਾ ਹੈ ਕਿਉਂਜੋ ਇਸ ਦੇ ਨਾਲ ਲੱਗਦੇ ਮੁਲਕ – ਤੁਰਕੀ, ਇਜ਼ਰਾਇਲ, ਸਾਊਦੀ ਅਰਬ ਅਤੇ ਇਰਾਕ – ਉੱਪਰ ਉਸਦਾ ਪਹਿਲਾਂ ਹੀ ਘੱਟ-ਵੱਧ ਕੰਟਰੋਲ ਹੈ। ਸੀਰਿਆ ਵਿੱਚ ਵੀ ਆਪਣੀ ਮਨਪਸੰਦ ਸਰਕਾਰ ਬਿਠਾਕੇ ਉਹ ਇਸ ਖਿੱਤੇ ਵਿੱਚ ਬਚਦੇ ਆਪਣੇ ਇੱਕੋ-ਇੱਕ ਵਿਰੋਧੀ ਇਰਾਨ ਨੂੰ ਵੀ ਘੇਰ ਸਕੇਗਾ ਅਤੇ ਆਪਣੀ ਨੀਤੀਆਂ ਲਾਗੂ ਕਰਨ ਲਈ ਮਜ਼ਬੂਰ ਕਰ ਸਕੇਗਾ ।

ਦੂਜੇ ਪਾਸੇ ਰੂਸ ਲਈ ਸੀਰਿਆ ਪੂਰੇ ਮੱਧ-ਪੂਰਬੀ ਖਿੱਤੇ ਵਿੱਚ ਇੱਕੋ ਸਹਿਯੋਗੀ ਹੈ। ਇਸ ਜ਼ਰੀਏ ਉਹ ਪੂਰੇ ਖਿੱਤੇ ਵਿੱਚ ਆਪਣੀ ਲੱਤ ਅੜਾਈ ਰੱਖ ਸਕਦਾ ਹੈ। ਸਾਬਕਾ ਸੋਵੀਅਤ ਯੂਨੀਅਨ ਦੇ ਵਿੱਚ ਸ਼ਾਮਲ ਪੂਰਬੀ ਯੂਰਪ ਦੇ ਮੌਜੂਦਾ ਮੁਲਕਾਂ ਨੂੰ ਛੱਡ ਦੇਈਏ, ਤਾਂ ਇਹਨਾਂ ਮੁਲਕਾਂ ਤੋਂ ਬਾਹਰ ਰੂਸ ਦੇ ਕੇਵਲ ਦੋ ਫ਼ੌਜੀ ਟਿਕਾਣੇ ਹਨ – ਇੱਕ ਵਿਅਤਨਾਮ ਵਿੱਚ ਅਤੇ ਦੂਜਾ ਸੀਰਿਆ ਵਿੱਚ ।

ਦੂਜਾ, ਜੇਕਰ ਸੀਰਿਆ ਅਮਰੀਕੀ ਕੰਟਰੋਲ ਹੇਠ ਆ ਜਾਂਦਾ ਹੈ ਤਾਂ ਅਮਰੀਕਾ ਨੂੰ ਕਤਰ ਤੋਂ ਲੈ ਕੇ ਸਿੱਧੀ ਪੱਛਮੀ ਯੂਰਪ ਤੱਕ ਗੈਸ ਪਾਈਪ ਵਿਛਾਉਣੀ ਸੌਖੀ ਹੋ ਜਾਵੇਗੀ ਕਿਉਂਕਿ ਬਾਕੀ ਦੇ ਮੁਲਕ ਤਾਂ ਉਸਦੇ ਸੰਗੀ ਹੀ ਹਨ। ਇਸ ਤਰ੍ਹਾਂ ਰੂਸ ਦੇ ਹਿੱਤਾਂ ਨੂੰ ਵੱਡਾ ਖੋਰਾ ਲੱਗੇਗਾ ਕਿਉਂਕਿ ਪੱਛਮੀ ਯੂਰਪ ਨੂੰ ਇਸ ਸਮੇਂ ਗੈਸ ਦਾ ਸਭ ਤੋਂ ਵੱਡਾ ਰਸਦ-ਦਾਤਾ/ਪੂਰਤੀਕਾਰ ਰੂਸ ਹੀ ਹੈ ।

ਤੀਜਾ, ਆਈ.ਐੱਸ.ਆਈ.ਐੱਸ ਵਿੱਚ ਸ਼ਾਮਲ ਕੱਟੜਪੰਥੀਆਂ ਵਿੱਚ ਕਾਫੀ ਗਿਣਤੀ ਵਿੱਚ ਰੂਸ ਦੇ ਚੇਚਨੀਆ ਇਲਾਕੇ ਤੋਂ ਗਏ ਲੜਾਕੇ ਵੀ ਹਨ। ਰੂਸ ਨੂੰ ਡਰ ਹੈ ਕਿ ਇਹ ਲੜਾਕੇ ਸੀਰਿਆ ਵਿੱਚ ਜਿੱਤ ਕੇ ਵੱਡੀ ਗਿਣਤੀ ਵਿੱਚ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਮੁੜ ਰੂਸ ਵਿੱਚ ਆ ਸਕਦੇ ਹਨ ਜਾਂ ਅਮਰੀਕਾ ਵੱਲੋਂ ਰੂਸ ਵਿੱਚ ਗੜਬੜ ਫੈਲਾਉਣ ਲਈ ਵਰਤੇ ਜਾ ਸਕਦੇ ਹਨ ।

ਚੌਥਾ, ਆਰਥਿਕ ਸੰਕਟ ਕਾਰਨ ਪ੍ਰਭਾਵਿਤ ਹੋ ਰਹੀ ਰੂਸੀ ਆਰਥਿਕਤਾ ਕਾਰਨ ਆਪਣੀ ਮਕਬੂਲੀਅਤ ਵਿੱਚ ਜੋ ਗਿਰਾਵਟ ਆ ਰਹੀ ਹੈ, ਉਸ ਤੋਂ ਲੋਕਾਂ ਦਾ ਧਿਆਨ ਲਾਂਭੇ ਲਾਉਣ ਲਈ ਪੁਤਿਨ ਸਭ ਹੱਥਕੰਡੇ ਵਰਤ ਰਿਹਾ ਹੈ। ਸੋਵੀਅਤ ਯੂਨੀਅਨ ਅਤੇ ਵਿਸ਼ੇਸ਼ਕਰ ਸਤਾਲਿਨ ਦੌਰ ਦੀਆਂ ਪ੍ਰਾਪਤੀਆਂ ਨੂੰ ਉਚਿਆ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਤੇ ਹੁਣ ਇਸੇ ਤਰ੍ਹਾਂ ‘ਦਹਿਸ਼ਤਗਰਦੀ ਖਿਲਾਫ਼ ਜੰਗ’ ਦੇ ਪੁਰਾਣੇ ਪੱਤੇ ਖੇਡ ਕੇ ਆਪਣੇ ਸਮਰਥਨ ਵਿੱਚ ਲੋਕਾਂ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਦਾ ਫ਼ੌਰੀ ਫਾਇਦਾ ਵੀ ਉਸ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਕਈ ਸਰਵੇਖਣਾਂ ਵਿੱਚ ਸਾਹਮਣੇ ਆ ਰਿਹਾ ਹੈ ਕੇ ਵੱਡੀ ਗਿਣਤੀ ਰੂਸੀ (ਤਕਰੀਬਨ 70% ) ਰੂਸ ਦੇ ਸੀਰਿਆ ਵਿੱਚ ਦਾਖ਼ਲੇ ਦੀ ਹਮਾਇਤ ਕਰ ਰਹੇ ਹਨ।

ਸੀਰੀਆ ਮਸਲੇ ਦੇ ਇਸ ਸਿਆਸੀ-ਅਰਥਸ਼ਾਸਤਰ ਨੂੰ ਸਮਝਣਾ ਬੇਹੱਦ ਜਰੂਰੀ ਹੈ ਕਿਉਂਕਿ ਕਈ ਸੁਹਿਰਦ ਲੋਕ ਵੀ ਅਮਰੀਕੀ ਸਾਮਰਾਜ ਦਾ ਵਿਰੋਧ ਕਰਦੇ-ਕਰਦੇ ਨਾਸਮਝੀ ਵਿੱਚ ਰੂਸੀ ਸਾਮਰਾਜ ਦਾ ਪੱਖ ਲੈ ਲੈਂਦੇ ਹਨ ।

ਹੁਣ ਅਮਰੀਕਾ ਦਾ ਰੂਸੀ ਦਾਖ਼ਲੇ ਦਾ ਵਿਰੋਧ ਕਰਨਾ, ਉਸ ਦੇ ਦੋਗਲਾਪਣ ਨੂੰ ਨੰਗਾ ਕਰ ਰਿਹਾ ਹੈ। ਅਮਰੀਕਾ ਦੇ ਰੱਖਿਆ ਸਕੱਤਰ ਐਸ਼ਟਨ ਕਾਰਟਰ ਦਾ ਇਹ ਕਹਿਣਾ ਕਿ ਰੂਸ, “ਬਲ਼ਦੀ ਉੱਤੇ ਤੇਲ ਪਾ ਰਿਹਾ ਹੈ” ਦੋਗਲੇਪਣ ਦੀ ਇੰਤਿਹਾ ਹੈ। ਕਿਉਂਜੋ ਇਹ ਅੱਗ ਸਭ ਤੋਂ ਪਹਿਲਾਂ ਅਮਰੀਕਾ ਨੇ ਹੀ ਲਾਈ ਸੀ, ਜਦੋਂ ਉਸ ਨੇ ਅੱਜ ਦੇ ਦਹਿਸ਼ਤਗਰਦਾਂ (ਆਈ.ਐੱਸ.ਆਈ.ਐੱਸ ) ਨੂੰ 4 ਸਾਲ ਪਹਿਲਾਂ ਹਰ ਸੰਭਵ ਸਹਾਇਤਾ ਦਿੱਤੀ ਸੀ ਤਾਂ ਜੋ ਇਹਨਾਂ ਨੂੰ ਅਸਦ ਸਰਕਾਰ ਖਿਲਾਫ਼ ਵਰਤ ਸਕੇ। ਸਗੋਂ, ਹੁਣੇ ਜਾਰੀ ਵਿਕੀਲੀਕਸ ਦੇ ਨਵੇਂ ਦਸਤਾਵੇਜਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਅਮਰੀਕਾ ਨੇ ਆਪਣੇ ਆਰਥਿਕ-ਸਿਆਸੀ ਹਿੱਤਾਂ ਲਈ ਸੀਰੀਆ ਦੀ ਸਰਕਾਰ ਨੂੰ ਉਲਟਾਉਣ ਦੀ ਯੋਜਨਾ ਦੀ ਸ਼ੁਰੂਆਤ 2006 ਵਿੱਚ ਹੀ ਕਰ ਦਿੱਤੀ ਸੀ, ਮਤਲਬ ਕਿ ਮੌਜੂਦਾ ਸੰਕਟ ਤੋਂ ਵੀ 5 ਸਾਲ ਪਹਿਲਾਂ। ਇਸ ਲਈ ਇਹ ਸਾਫ਼ ਹੈ ਕਿ ਇਹ ‘ਬਾਗੀ'( ਅਤੇ ਹੁਣ ਦਹਿਸ਼ਤਗਰਦ ) ਕੌਣ ਹਨ ਅਤੇ ਕਿਸਦੇ ਪੈਦਾ ਕੀਤੇ ਹਨ। ਆਈ.ਐੱਸ ਨੂੰ ਸਹਾਇਤਾ ਦੇਣ ਲਈ ਅਮਰੀਕਾ ਨੇ ਤੁਰਕੀ ਅਤੇ ਸਾਊਦੀ ਅਰਬ ਦਾ ਵੀ ਪੂਰਾ ਸਹਿਯੋਗ ਲਿਆ ਸੀ ਅਤੇ ਲੈ ਰਿਹਾ ਹੈ। ਤੁਰਕੀ ਨੇ ਇਸ ਮਸਲੇ ਦਾ ਇਸਤੇਮਾਲ ਆਪਣੇ ਵਿਰੋਧੀ ਕੁਰਦਿਸ਼ ਬਾਗੀਆਂ ਨੂੰ ਕੁਚਲਣ ਲਈ ਕੀਤਾ ਸੀ। ਫ਼ਿਰ ਜਦੋਂ ਇਹਨਾਂ ਇਸਲਾਮੀ ਕੱਟੜਪੰਥਾਂ ਨੇ ਇਹੋ ਹਥਿਆਰ ਇਰਾਕ ਅਤੇ ਸੀਰਿਆ ਵਿੱਚ ਆਪਣੇ ਹਿੱਤਾਂ ਲਈ ਵਰਤਣੇ ਸ਼ੁਰੂ ਕਰ ਦਿੱਤੇ ਅਤੇ ਇਹਨਾਂ ਦੀ ਖੌਫ਼ਨਾਕ ਦਹਿਸ਼ਤਗਰਦੀ ਦੀਆਂ ਤਸਵੀਰਾਂ ਪੂਰੇ ਸੰਸਾਰ ਵਿੱਚ ਜਾਣ ਲੱਗੀਆਂ ਤਾਂ ਅਮਰੀਕਾ ਨੂੰ ‘ਐਕਸ਼ਨ’ ਲੈਣਾ ਪਿਆ। ਉਹ ਐਕਸ਼ਨ ਸੀ – ਸੀ.ਆਈ.ਏ ਦੀ ਮਦਦ ਨਾਲ ਇੱਕ ‘ਸੈਕੂਲਰ’ ਫੌਜ ਖੜੀ ਕਰਨੀ, ਜਿਸ ਵਾਸਤੇ ਉਸਨੇ 500 ਅਰਬ ਡਾਲਰ ਖ਼ਰਚ ਵੀ ਕੀਤੇ। ਪਰ ਇਸ ‘ਸੈਕੂਲਰ’ ਫੌਜ ਨੂੰ ਦਿੱਤੀ ਸਿਖਲਾਈ ਦਾ ਨਤੀਜਾ ਇਹ ਹੋਇਆ ਹੈ ਕਿ ਇਸ ਫੌਜ ਵਿੱਚ ਸ਼ਾਮਲ ਸੈਨਿਕ ਜਾ ਕੇ ਆਈ.ਐੱਸ.ਆਈ.ਐੱਸ ਨਾਲ ਜਾਂ ਫ਼ਿਰ ਅਲ-ਨੁਸਰਾ ਫਰੰਟ (ਜੋ ਅਲਕਾਇਦਾ ਦੀ ਸੀਰਿਆ ਵਿੱਚ ਜਥੇਬੰਦੀ ਹੈ ) ਮਿਲ ਗਏ। ਅਮਰੀਕੀ ਕਮਾਂਡਰ ਜਨਰਲ ਲਾਇਡ ਆਸਟਿਨ ਨੇ ਮੰਨਿਆ ਹੈ ਕਿ 500 ਅਰਬ ਡਾਲਰ ਦੀ ਇਹ ਯੋਜਨਾ ਮਹਿਜ਼ “4 ਜਾਂ 5 ਲੜਾਕਿਆਂ ਨੂੰ ਹੀ ਤਿਆਰ ਕਰ ਪਾਈ ਹੈ” ਅਤੇ ਹੁਣ ਕਿਸੇ ਨਵੀਂ ਯੋਜਨਾ ਦੀ ਲੋੜ ਹੈ।

ਇਹ ਨਵੀਂ ਯੋਜਨਾ ਕੀ ਹੋਵੇ, ਇਸ ਨੂੰ ਲੈ ਕੇ ਅਮਰੀਕੀ ਹਾਕਮ ਜਮਾਤ ਦੇ ਅੰਦਰ ਤਿੱਖਾ ਮੱਤਭੇਦ ਹੈ। ਇੱਕ ਪਾਸੇ ਤਾਂ 2016 ਵਿੱਚ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਖੜ੍ਹੀ ਹੋ ਰਹੀ ਹਿਲੇਰੀ ਕਲਿੰਟਨ ਅਤੇ ਵਿਰੋਧੀ ਰਿਪਬਲਿਕਨ ਪਾਰਟੀ ਦਾ ਵੱਡਾ ਹਿੱਸਾ ਸੀਰਿਆ ਉੱਪਰ ‘ਜਹਾਜ਼-ਮੁਕਤ ਜ਼ੋਨ’ ਬਣਾਉਣ ਦੀ ਤਜਵੀਜ਼ ਕਰ ਰਿਹਾ ਹੈ। ਪਰ ਅਮਰੀਕੀ ਸਰਕਾਰ ਦੇ ਜਿਆਦਾ ‘ਸਿਆਣੇ’ ਰਣਨੀਤਕ ਵੀ ਇਹ ਸਮਝਦੇ ਹਨ ਕਿ ਅਜਿਹਾ ਕਰਨਾ ਅਮਰੀਕਾ ਦੇ ਖ਼ੁਦ ਲਈ ਘਾਤਕ ਹੋਵੇਗਾ। ਕਿਉਂਕਿ ‘ਜਹਾਜ਼-ਮੁਕਤ ਜ਼ੋਨ’ ਬਣਾਉਣ ਦਾ ਮਤਲਬ ਹੋਵੇਗਾ ਉਹਨਾਂ ਰੂਸੀ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਉਣਾ ਜੋ ਇਸ ਸਮੇਂ ਸੀਰਿਆ ਵਿੱਚ ਤੈਨਾਤ ਹਨ। ਮਤਲਬ ਕਿ ਰੂਸ ਨਾਲ ਸਿੱਧੀ ਜੰਗ ਵਿੱਚ ਉਲਝਣਾ। ਪਰ ਇਸ ਸਮੇਂ ਅਮਰੀਕਾ ਇਸ ਤਰ੍ਹਾਂ ਨਹੀਂ ਚਾਹੁੰਦਾ। ਉਹ ਫ਼ਿਲਹਾਲ ਦੀ ਘੜ੍ਹੀ ਸੀਰਿਆ ਦੇ ‘ਸੈਕੂਲਰ ਬਾਗੀਆਂ’ ਨੂੰ ਇਮਦਾਦ ਦੇ ਕੇ ਹੀ ਸਾਰਨਾ ਚਾਹੁੰਦਾ ਹੈ। ਆਰਥਿਕ ਸੰਕਟ ਦੇ ਝੰਬੇ ਅਮਰੀਕਾ ਦੀ ਸਿਆਸੀ ਤਾਕਤ ਨੂੰ ਵੀ ਪਿਛਲੇ ਸਮੇਂ ਵਿੱਚ ਖੋਰਾ ਲੱਗਿਆ ਹੈ। ਇਸ ਲਈ ਵੀ ਉਹ ਰੂਸ ਨਾਲ ਇਸ ਸਮੇਂ ਸਿੱਧੀ ਟੱਕਰ ਨਹੀਂ ਚਾਹੁੰਦਾ। ਇਸ ਘਟੀ ਤਾਕਤ ਦਾ ਪ੍ਰਤੱਖ ਪ੍ਰਮਾਣ ‘ਸਯੁੰਕਤ ਰਾਸ਼ਟਰ ਸੰਘ ਦੀ ਆਮ ਸਭਾ’ ਵਿੱਚ ਓਬਾਮਾ ਅਤੇ ਪੁਤਿਨ ਦਾ ਭਾਸ਼ਣ ਹੈ। ਜਿੱਥੇ ਆਪਣੇ ਪਹਿਲੇ ਭਾਸ਼ਣ ਵਿੱਚ ਓਬਾਮਾ ਨੇ ਰੂਸ ਵੱਲੋਂ ਆਈ.ਐੱਸ.ਆਈ.ਐੱਸ ਦੇ ਬਹਾਨੇ ‘ਸੈਕੂਲਰ’ ਤਾਕਤਾਂ ਨੂੰ ਵੀ ਨਿਸ਼ਾਨਾ ਬਣਾਉਣ ਲਈ ਉਸਦੀ ਦੱਬ ਕੇ ਨਿਖ਼ੇਧੀ ਕੀਤੀ, ਉੱਥੇ ਹੀ ਪੁਤਿਨ ਵੱਲੋਂ ਵੀ ਆਪਣੇ ਭਾਸ਼ਣ ਵਿੱਚ ਅਮਰੀਕਾ ਪ੍ਰਤੀ ਇਤਰਾਜ਼ ਰੱਖੇ ਜਾਣ ਤੋਂ ਬਾਅਦ ਓਬਾਮਾ ਨੇ ਆਪਣੀ ਸੁਰ ਬਦਲੀ ਅਤੇ ਰੂਸ ਨਾਲ ਗੱਲਬਾਤ ਲਈ ਤਿਆਰ ਹੋਣਾ ਮੰਨਿਆ। ਓਬਾਮਾ ਨੇ ਕਿਹਾ ਕਿ ਸੀਰਿਆ ਨਾਲ ਕਿਸੇ ਵੀ ਸਮਝੌਤੇ ਦੀ ਸ਼ਰਤ ਅਸਦ ਦਾ ਅਹੁਦਿਓਂ ਜਾਣਾ ਹੈ ਪਰ ਉਹ ਓਨਾ ਚਿਰ, ਅਣਮਿੱਥੇ ਸਮੇਂ ਲਈ ਰਾਸ਼ਟਰਪਤੀ ਰਹਿ ਸਕਦਾ ਹੈ ਜਦੋਂ ਤੱਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ। ਨਾਲ ਹੀ ਓਬਾਮਾ ਨੇ ਇਹ ਵੀ ਕਿਹਾ ਕਿ ਨਵੀਂ ਬਣੀ ਸਰਕਾਰ ਵਿੱਚ ਮੌਜੂਦਾ ਹਾਕਮ ਬਾਥ ਪਾਰਟੀ ਦੇ ਨੁਮਾਇੰਦੇ ਵੀ ਸ਼ਾਮਲ ਹੋ ਸਕਦੇ ਹਨ। ਓਬਾਮਾ ਦਾ ਇਹ ਭਾਸ਼ਣ ਅਮਰੀਕੀ ਸਿਆਸੀ ਚੌਧਰ ਦੀ ਡਿੱਗਦੀ ਤਾਕਤ ਬਾਰੇ ਕਾਫੀ ਕੁੱਝ ਕਹਿ ਰਿਹਾ ਸੀ। ਦੂਸਰਾ, ਅਮਰੀਕਾ ਦਾ ਭਾਈਵਾਲ ਜਰਮਨੀ ਵੀ ਪ੍ਰਵਾਸ ਸੰਕਟ ਤੋਂ ਤੰਗ ਆ ਕੇ ਹੁਣ ਅਮਰੀਕਾ ਦੀ ਜੰਗ ਨੂੰ ਜਾਰੀ ਰੱਖਣ ਦੀ ਨੀਤੀ ਤੋਂ ਕਿਨਾਰਾ ਕਰ ਰਿਹਾ ਹੈ ਅਤੇ ਗੱਲਬਾਤ ਦੀ ਨੀਤੀ ਦੀ ਵਕਾਲਤ ਕਰ ਰਿਹਾ ਹੈ। ਨਾਲ ਹੀ ਚੀਨ ਵੀ ਸੀਰਿਆ ਮਸਲੇ ਵਿੱਚ ਦਖ਼ਲ ਦੇਣ ਦੇ ਇਸ਼ਾਰੇ ਦੇ ਰਿਹਾ ਹੈ। ਇਸ ਲਈ ਸੀਰਿਆ ਅੰਦਰ ਜੰਗ ਜਾਰੀ ਰੱਖਣ ਲਈ ਪੱਛਮੀ ਸਾਮਰਾਜੀਆਂ ਕੋਲ ਹੁਣ ਓਨਾਂ ‘ਉਤਸ਼ਾਹ’ ਨਹੀਂ ਹੈ ਜਿੰਨਾਂ ਕਿ ਤਿੰਨ-ਚਾਰ ਸਾਲ ਪਹਿਲਾਂ ਸੀ। ਦੂਜੇ ਪਾਸੇ, ਰੂਸ ਦੀ ਆਈ.ਐੱਸ.ਆਈ.ਐੱਸ ਖਿਲਾਫ਼ ਕੀਤੀ ਕਾਰਵਾਈ ਨੇ ਵੀ ਅਮਰੀਕਾ ਨੂੰ ਚੱਕਰ ਵਿੱਚ ਪਾਇਆ ਹੈ। ਉਹ ਰੂਸ ਦਾ ਸਿਰਫ਼ ਇਸ ਅਧਾਰ ਉੱਤੇ ਵਿਰੋਧ ਕਰ ਰਿਹਾ ਹੈ ਕਿ ਰੂਸ ਆਈ.ਐੱਸ ਤੋਂ ਇਲਾਵਾ ਜਿਹੜੇ ‘ਸੈਕੂਲਰ’ ਬਾਗੀ ਹਨ, ਉਹਨਾਂ ਉੱਤੇ ਵੀ ਹਮਲੇ ਕਰ ਰਿਹਾ ਹੈ। ਪਰ ਇਹ ‘ਸੈਕੂਲਰ’ ਬਾਗੀ ਹਨ ਕੌਣ, ਇਸ ਬਾਰੇ ਅਮਰੀਕਾ ਚੁੱਪ ਹੈ। ਇਸ ਲਈ ਅਮਰੀਕਾ ਫ਼ਿਲਹਾਲ ਦੀ ਘੜੀ ਸੀਰਿਆ ਮਸਲੇ ਉੱਤੇ ਘਿਰਿਆ ਹੋਇਆ ਹੈ। ਪਰ ਰੂਸ ਦਾ ਹੱਥ ਉੱਪਰ ਜਾਂਦਾ ਦੇਖ ਉਹ ਲਗਾਤਾਰ ਵਿਰੋਧੀਆਂ ਨੂੰ ਹਥਿਆਰਾਂ ਦੀ ਖੇਪ ਅਤੇ ਹੋਰ ਅਸਿੱਧੀ ਮਦਦ ਭੇਜ ਰਿਹਾ ਹੈ।

ਫ਼ਿਲਹਾਲ ਜੋ ਸੰਭਾਵੀ ਘਟਨਾਕ੍ਰਮ ਬਣਦਾ ਨਜ਼ਰ ਆ ਰਿਹਾ ਹੈ ਅਤੇ ਅਮਰੀਕਾ ਵੱਲੋਂ ਰੂਸ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਉਸ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਰੂਸ ਅਤੇ ਅਮਰੀਕਾ ਕਿਸੇ ਸਹਿਮਤੀ ਉੱਤੇ ਪਹੁੰਚ ਸਕਦੇ ਹਨ। ਪਰ ਸਰਮਾਏਦਾਰਾ ਢਾਂਚੇ ਦੇ ਮੌਜੂਦਾ ਆਰਥਿਕ ਸੰਕਟ ਤੋਂ ਬਾਅਦ ਤੇਜ਼ ਹੋਏ ਅੰਤਰ-ਸਾਮਰਾਜੀ ਖਹਿਭੇੜ ਸੰਸਾਰ ਦੇ ਇੱਕ ਨਵੇਂ ਦੌਰ ਵਿੱਚ ਦਾਖਲ਼ੇ ਦੇ ਸੂਚਕ ਹਨ। ਅਜਿਹੇ ਸਮੇਂ ਵਿੱਚ ਇਹਨਾਂ ਸਾਮਰਾਜੀ ਮੁਲਕਾਂ ਦਰਮਿਆਨ ਜੋ ਕੋਈ ਵੀ ਸਹਿਮਤੀ ਬਣਦੀ ਹੈ ਉਹ ਕੇਵਲ ਵਕਤੀ ਹੀ ਹੋਵੇਗੀ ਅਤੇ ਅਜਿਹੀ ਕੋਈ ਵੀ ਸਹਿਮਤੀ ਭਵਿੱਖੀ ਅਸਹਿਮਤੀ ਨੂੰ ਹੀ ਜਨਮ ਦੇਵੇਗੀ। ਇਸੇ ਲਈ ਜਦੋਂ ਤੱਕ ਨਿੱਜੀ ਜਾਇਦਾਦ ਉੱਤੇ ਆਧਰਿਤ ਮੌਜੂਦਾ ਸਰਮਾਏਦਾਰਾ ਢਾਂਚਾ ਉਖਾੜ ਕੇ ਇੱਕ ਨਵਾਂ ਢਾਂਚਾ ਨਹੀਂ ਕਾਇਮ ਕੀਤਾ ਜਾਂਦਾ, ਉਦੋਂ ਤੱਕ ਜੰਗਾਂ ਦਾ ਅਧਾਰ ਕਾਇਮ ਰਹੇਗਾ। ਇਹ ਜੰਗਾਂ ਚਾਹੇ ਸੰਸਾਰ ਪੱਧਰੀ ਹੋਣ, ਚਾਹੇ ਸੀਰੀਆ, ਲੀਬਿਆ ਆਦਿ ਜਿਹੀਆਂ ਇਲਾਕਾਈ ਜੰਗਾਂ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements