ਅੰਨ੍ਹੇ-ਕੌਮਵਾਦ ਵਿੱਚ ਬਦਲ ਰਿਹਾ ਕੌਮਵਾਦ •ਡਾ. ਸੁਖਦੇਵ ਹੁੰਦਲ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਟੈਲੀਵਿਜ਼ਨ, ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ’ਤੇ ਦੇਸ਼-ਭਗਤੀ ਦੇ ਰੰਗ’ਚ ਰੰਗਿਆ ਕੌਮਵਾਦ ਛਾਇਆ ਹੋਇਆ ਹੈ। ਦੇਸ਼ ਭਗਤੀ ਤੇ ਕੌਮ ਭਗਤੀ ਇਕ ਹੀ ਅਰਥ ਵਿੱਚ ਸਮਝੀ ਜਾ ਰਹੀ ਹੈ। ਪ੍ਰਚਾਰ ਦੀ ਯੋਜਨਾ ਅਤੇ ਨੀਤੀ, ਪਹਿਲਾਂ ਤੈਅ ਨਤੀਜਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਹੈ। ਬੁਰਜੁਆ ਪ੍ਰਚਾਰ ਤੰਤਰ ਆਪਣੇ ਵਿਚਾਰਧਾਰਕ ਦਬਦਬੇ ਨੂੰ ਬਣਾਈ ਰੱਖਣ ਲਈ ਬੇਹੱਦ ਸੁਚੇਤ ਹੈ। ਜੇ ਤੁਸੀਂ ਕੌਮਵਾਦ ਦੇ ਨਾਂ ਤੇ ਚਲਾਏ ਜਾ ਰਹੇ ਪ੍ਰਚਾਰ ਦੇ ਵਿੱਚ ਨਹੀਂ ਹੋ ਤਾਂ ਤੁਸੀਂ ਦੇਸ਼ ਧ੍ਰੋਹੀ ਹੋ।  ਕੌਮਵਾਦ ਦੀ ਇਸ ਪ੍ਰਚਾਰ ਮੁਹਿੰਮ ਨਾਲ਼, ਹਾਕਮ ਜਮਾਤਾਂ, ਫਾਸੀਵਾਦ ਦੇ ਇਸ ਦੌਰ ਵਿੱਚ ਆਪਣਾ ਅੰਨ੍ਹਾ-ਕੌਮਵਾਦੀ ਏਜੰਡਾ ਲਾਗੂ ਕਰਨ ਵਿੱਚ ਕਾਮਯਾਬ ਹੁੰਦੀਆਂ ਨਜ਼ਰ ਆ ਰਹੀਆਂ ਹਨ। ਆਮ ਆਦਮੀ ਲਈ ਆਪਣੀ ਧਰਤੀ, ਆਪਣੇ ਦੇਸ਼ ਨਾਲ਼ ਭਾਵਨਾਤਮਕ ਤੌਰ ਤੇ ਜੁੜਿਆ ਹੋਣ ਕਰਕੇ ਅਤੇ ਦੇਸ਼ ਪ੍ਰੇਮ ਦੀ ਭਾਵਨਾ ਕਾਰਨ, ਇਸ ਪ੍ਰਚਾਰ ਅੰਦਰ ਲੁਕੇ ਮਜ਼ਦੂਰ ਵਿਰੋਧੀ ਅਤੇ ਲੋਕ ਵਿਰੋਧੀ ਵਿਚਾਰਧਾਰਕ ਹਮਲੇ ਨੂੰ ਸਮਝਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਕੌਮ ਕੀ ਹੈ? ਕੀ ਕੌਮਾਂ ਹਮੇਸ਼ਾਂ ਰਹੀਆਂ ਹਨ? ਅਜੋਕੇ ਸਮੇਂ ਵਿੱਚ ਕੌਮਵਾਦ ਦੀ ਭੂਮਿਕਾ ਕੀ ਹੈ? ਇਹਨਾਂ ਸਵਾਲਾਂ ਨੂੰ ਸਮਝ ਕੇ ਹੀ ਇਸ ਸਮੇਂ ਚੱਲ ਰਹੇ ਅੰਨ੍ਹੇ-ਕੌਮਵਾਦੀ ਪਾਗਲਪਣ ਨੂੰ ਸਮਝਿਆ ਜਾ ਸਕਦਾ ਹੈ। ਸਾਡੇ ਇੱਥੇ ‘ਕੌਮ’ ਸ਼ਬਦ ਕਬਾਇਲੀ ਲੋਕ-ਸਮੂਹਾਂ ਅਤੇ ਕਈ ਵਾਰ ਕੁਝ ਗੋਤਾਂ ਜਾਂ ਜਾਤੀ ਸਮੂਹਾਂ ਲਈ ਵੀ ਵਰਤੇ ਜਾਣ ਦਾ ਰਿਵਾਜ ਰਿਹਾ ਹੈ। ਜਿਵੇਂ ਬਾਜ਼ੀਗਰ ਕੌਮ ਜਾਂ ਜੱਟ ਕੌਮ ਵਗੈਰਾ। ਅਸੀਂ ਆਪਣੇ ਇਸ ਲੇਖ ਵਿੱਚ ‘ਕੌਮ’ ਸ਼ਬਦ ਅੰਗਰੇਜ਼ੀ ਦੇ ਨੇਸ਼ਨ ਸ਼ਬਦ ਦੇ ਅਰਥਾਂ ਵਿੱਚ ਵਰਤਾਂਗੇ।

ਸਰਮਾਏਦਾਰੀ ਦੌਰ ਤੋਂ ਪਹਿਲਾਂ ਦੇ ਯੁੱਗਾਂ ਵਿੱਚ ਕੌਮਾਂ ਦੀ ਹੋਂਦ ਨਹੀਂ ਸੀ। ਕੌਮਾਂ ਦਾ ਵਿਕਾਸ ਸਰਮਾਏਦਾਰੀ ਵਿਕਾਸ ਦੀ ਲੋੜ ਵਿੱਚੋਂ ਪੈਦਾ ਹੋਇਆ ਹੈ। ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਲੈਨਿਨ ਅਨੁਸਾਰ, “ਸਾਰੇ ਸੰਸਾਰ ਵਿੱਚ, ਜਗੀਰਦਾਰੀ ਉੱਤੇ ਸਰਮਾਏਦਾਰੀ ਦੀ ਅੰਤਮ ਜਿੱਤ ਕੌਮੀ ਲਹਿਰਾਂ ਨਾਲ਼ ਜੁੜੀ ਰਹੀ ਹੈ। ਜਿਣਸ ਪੈਦਾਵਾਰ ਦੀ ਮੁਕੰਮਲ ਜਿੱਤ ਲਈ ਇਹ ਲਾਜ਼ਮੀ ਹੈ ਕਿ ਬੁਰਜੁਆਜੀ ਘਰੋਗੀ ਮੰਡੀ ‘ਤੇ ਕਬਜ਼ਾ ਕਰ ਲਵੇ, ਅਤੇ ਰਾਜਸੀ ਪੱਖੋਂ ਇੱਕਮੁੱਠ ਅਜਿਹੇ ਇਲਾਕੇ ਹੋਣ ਜਿਹਨਾਂ ਦੀ ਵੱਸੋਂ ਇਕੋ-ਇੱਕ ਭਾਸ਼ਾ ਬੋਲਦੀ ਹੋਵੇ, ਜਿਸ ਭਾਸ਼ਾ ਦੇ ਵਿਕਾਸ ਅਤੇ ਸਾਹਿਤ ਵਿੱਚ, ਓਹਦੇ ਪਕੇਜ ਦੇ ਰਾਹ ਵਿੱਚ ਸਾਰੀਆਂ ਰੋਕਾਂ ਖਤਮ ਕਰ ਦਿੱਤੀਆਂ ਗਈਆਂ ਹੋਣ।”  ਅੱਗੇ ਜਾ ਕੇ ਉਹ ਲਿਖਦੇ ਹਨ, “ ਕੌਮੀ ਲਹਿਰ ਦੀ ਪ੍ਰਵਿਰਤੀ ਕੌਮੀ ਰਾਜਾਂ ਦੀ ਸਥਾਪਤੀ ਵੱਲ ਹੈ, ਜਿਹਨਾਂ ਅਧੀਨ ਨਵੀਂ ਸਰਮਾਏਦਾਰੀ ਦੀਆਂ ਇਹ ਲੋੜਾਂ ਸਭ ਤੋਂ ਚੰਗੀ ਤਰ੍ਹਾਂ ਪੂਰੀਆਂ ਹੁੰਦੀਆਂ ਹਨ।”  ਸਰਮਾਏਦਾਰੀ ਰਾਜ ਪ੍ਰਬੰਧ ਦੇ ਦੌਰ ਤੋਂ ਪਹਿਲਾਂ ਦੀਆਂ ਵੱਡੀਆਂ ਸਲਤਨਤਾਂ ਵਿੱਚ ਵੱਖ-ਵੱਖ ਬੋਲੀਆਂ ਦੇ ਲੋਕ, ਜਗੀਰਦਾਰੀ ਰਾਜਾਂ ਦਾ ਹਿੱਸਾ ਸਨ। ਓਹ ਕਿਸੇ ਜਗੀਰਦਾਰ, ਧਾਰਮਿਕ ਆਗੂ ਅਤੇ ਰਾਜੇ ਪ੍ਰਤੀ ਵਫ਼ਾਦਾਰ ਹੁੰਦੇ ਸਨ। ਰਾਜ-ਭਗਤੀ ਤਾਂ ਸੀ ਪਰ ਦੇਸ਼-ਭਗਤੀ ਦੀ ਧਾਰਨਾ ਅਜੇ ਪੈਦਾ ਨਹੀਂ ਸੀ ਹੋਈ। ਕਿਸੇ ਇੱਕ ਰਾਜ ਅਧੀਨ ਇਲਾਕੇ ਨੂੰ, ਦੇਸ਼ ਦਾ ਨਾਂ ਤਾਂ ਦਿੱਤਾ ਜਾ ਸਕਦਾ ਸੀ ਪਰ ਕੌਮ ਨਹੀਂ ਕਿਹਾ ਜਾ ਸਕਦਾ ਸੀ। ਅੱਗੇ ਜਾ ਕੇ ਸਰਮਾਏਦਾਰੀ ਦੇ ਯੁੱਗ ਵਿੱਚ ਕੌਮੀ ਰਾਜ ਬਣੇ। ਸਰਮਾਏਦਾਰੀ ਪ੍ਰਬੰਧ ਵਿੱਚ ਇਕ ਕੌਮੀ ਰਾਜ ਦੇ ਨਾਲ਼-ਨਾਲ਼ ਬਹੁ-ਕੌਮੀ ਰਾਜ ਵੀ ਹੋਂਦ ਵਿੱਚ ਆਏ। ਦੇਸ਼, ਰਾਜ ਅਤੇ ਕੌਮ ਸ਼ਬਦ ਅੱਡ-ਅੱਡ ਅਰਥ ਰੱਖਦੇ ਹਨ। ਰਾਜ ਦੀ ਹੋਂਦ ਤਾਂ ਜਮਾਤੀ ਸਮਾਜ ਦੇ ਪੈਦਾ ਹੋਣ ਦੇ ਸਮੇਂ ਤੋਂ ਹੀ ਹੈ। ਰਾਜ ਆਪਣੇ ਪੂਰੇ ਇਤਿਹਾਸ ਵਿੱਚ, ਇੱਕ ਤਰ੍ਹਾਂ ਦਾ ਨਹੀਂ, ਲਗਾਤਾਰ ਬਦਲਦਾ ਰਿਹਾ ਹੈ। ਗੁਲਾਮਦਾਰੀ ਦੌਰ ਦਾ ਰਾਜ, ਜਗੀਰਦਾਰੀ ਰਾਜ ਅਤੇ ਹੁਣ ਸਰਮਾਏਦਾਰੀ ਰਾਜ, ਸਾਰੇ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ ਰੱਖਦੇ ਹਨ। ‘ਦੇਸ਼’ ਕਿਸੇ ਵੀ ਤਰ੍ਹਾਂ ਦੇ ਰਾਜ ਦੀਆਂ ਹੱਦਾਂ ਵਿੱਚ ਇੱਕ ਸੀਮਤ ਇਲਾਕੇ ਦਾ ਬੋਧ ਦਿੰਦਾ ਹੈ। ਪਰ ‘ਕੌਮ’ ਇਤਿਹਾਸਕ ਤੌਰ ਤੇ ਵਿਕਸਤ ਹੋਏ ਲੋਕਾਂ ਦਾ ਸਮੂਹ ਹੁੰਦਾ ਹੈ। ‘ਕੌਮ’ ਦੇ ਸਵਾਲ ਤੇ, ਸੰਸਾਰ ਦੇ ਵੱਡੇ-ਵੱਡੇ ਵਿਦਵਾਨਾਂ ਨੇਂ, ਇਸ ਦੇ ਚੰਗੇ-ਮਾੜੇ ਪੱਖਾਂ ਬਾਰੇ ਬਹੁਤ ਕੁੱਝ ਲਿਖਿਆ ਹੈ। ਭਾਰਤ ਵਿੱਚ ਸਰਮਾਏਦਾਰੀ ਦੇ ਆਉਂਣ ਤੋਂ ਬਾਅਦ 19ਵੀਂ ਤੇ 20ਵੀਂ ਸਦੀ ਵਿੱਚ ਇਸ ਵਿਸ਼ੇ ਤੇ ਬਹਿਸਾਂ ਸ਼ੁਰੂ ਹੋਈਆਂ। ਪ੍ਰਸਿੱਧ ਵਿਦਵਾਨ ਗੁਰੂਦੇਵ ਟੈਗੋਰ ਨੇਂ ਲਿਖਿਆ ਹੈ, “ਦੇਸ਼ ਸਾਡੇ ਪੈਰਾਂ ਹੇਠਲੀ ਜ਼ਮੀਨ ਨਹੀਂ, ਸਗੋਂ ਇਹ ਲੋਕ ਦੇਸ਼ ਹਨ।”  ਟੈਗੋਰ ਨੇਂ ਉਸ ਵੇਲੇ ਦੀ ਦੁਨੀਆਂ ਵਿੱਚ ਚੱਲ ਰਹੇ ਕੌਮੀ ਟਕਰਾਵਾਂ ਅਤੇ ਜਾਬਰ ਕੌਮਾਂ ਵੱਲੋਂ ਕਮਜ਼ੋਰ ਕੌਮਾਂ ਤੇ ਕੀਤੇ ਜਾ ਰਹੇ ਜਬਰ ਕਾਰਨ, ਕੌਮਵਾਦ ਦੇ ਖਤਰਿਆਂ ਤੋਂ ਸਾਵਧਾਨ ਵੀ ਕੀਤਾ। ਵਿਚਾਰਵਾਦੀ ਚਿੰਤਕ ਹੋਣ ਕਾਰਨ, ਬੇਸ਼ੱਕ ਉਹ ਕੌਮਵਾਦ ਦੇ ਵਰਤਾਰੇ ਨੂੰ ਜਨਮ ਦੇਣ ਵਾਲੇ ਬਾਹਰਮੁਖੀ ਕਾਰਨਾਂ ਦੀ ਤਹਿ ਤੱਕ ਨਹੀਂ ਜਾ ਸਕੇ, ਪਰ ਪ੍ਰਤਿਭਾਵਾਨ ਬੁੱਧੀਜੀਵੀ ਹੋਣ ਨਾਤੇ ਉਹ ਆਪਣੇ ਅਨੁਭਵ ਰਾਹੀਂ, ਕੌਮਵਾਦ ਦੇ ਖਤਰਿਆਂ ਨੂੰ ਸਮਝ ਰਹੇ ਸਨ।

ਕੌਮ ਦੀ ਵਿਆਖਿਆ ਤੋਂ ਪਹਿਲਾਂ ਇਹ ਜਾਣ ਲੈਣਾ ਜਰੂਰੀ ਹੈ ਕਿ ਹੋਰ ਹਰੇਕ ਵਰਤਾਰੇ ਵਾਂਗ ‘ਕੌਮ ਦੀ ਉਤਪਤੀ’ ਦਾ ਵਰਤਾਰਾ ਵੀ, ਇਤਿਹਾਸਕ ਵਰਤਾਰਾ ਹੈ। ਜਗੀਰਦਾਰੀ ਪ੍ਰਬੰਧ ਦਾ ਭੋਗ ਪਾਉਂਣ ਦੇ ਆਪਣੇ ਇਤਿਹਾਸਕ ਕੰਮ ਕਰਕੇ ਜਿਵੇਂ ਸਰਮਾਏਦਾਰੀ ਨੇਂ ਇਤਿਹਾਸਕ ਤੌਰ ਤੇ ਅਗਾਂਹਵਧੂ ਭੂਮਿਕਾ ਨਿਭਾਈ ਹੈ, ਇਸੇ ਤਰ੍ਹਾਂ ਹੀ ਕੌਮੀ ਲਹਿਰਾਂ ਆਪਣੇ ਜਨਮ ਸਮੇਂ ਅਗਾਂਹਵਾਧੂ ਲਹਿਰਾਂ ਸਨ। ਪੱਛਮੀ ਯੂਰਪ ਵਿੱਚ ਸਰਮਾਏਦਾਰੀ ਵਿਕਾਸ ਦੀ ਬਦੌਲਤ, ਕੌਮਾਂ ਦਾ ਨਿਰਮਾਣ ਹੋਇਆ ਅਤੇ ਫ਼ਰਾਂਸ ਅਤੇ ਇੰਗਲੈਂਡ ਵਰਗੇ ਕੌਮੀ ਰਾਜ ਹੋਂਦ ਵਿੱਚ ਆਏ। ਪਹਿਲਾਂ ਦੀਆਂ ਰਾਜਸ਼ਾਹੀ ਸਲਤਨਤਾਂ ਕੌਮੀ ਰਾਜ ਨਹੀਂ ਸਨ। ਸ਼ੁਰੂਆਤੀ ਦੌਰ ਵਿੱਚ ਅਗਾਂਹਵਧੂ ਭੂਮਿਕਾ ਦੇ ਬਾਵਜੂਦ, ਇਹ ਵਰਤਾਰਾ ਵੀ ਲਗਾਤਾਰ ਬਦਲਣ ਦੇ ਨਿਯਮ ਤੋਂ ਮੁਕਤ ਨਹੀਂ ਹੋ ਸਕਦਾ। ਕੌਮਵਾਦ ਦੀ ਉਤਪਤੀ ਤੇ ਵਿਕਾਸ, ਵੱਖ-ਵੱਖ ਇਤਿਹਾਸਕ ਦੌਰਾਂ ਅਤੇ ਵੱਖ-ਵੱਖ ਦੇਸ਼ਾਂ ਵਿੱਚ ਇੱਕੋ ਜਿਹਾ ਨਹੀਂ ਰਿਹਾ। ਮਜ਼ਦੂਰ ਜਮਾਤ ਦੇ ਅਧਿਆਪਕ ਅਤੇ ਪਹਿਲੇ ਸਮਾਜਵਾਦੀ ਰਾਜ ਦੇ ਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾਉਂਣ ਵਾਲੇ ਕਾਮਰੇਡ ਸਤਾਲਿਨ ਨੇਂ ‘ਕੌਮੀ’ ਸਵਾਲ ਤੇ ਗੰਭੀਰ ਅਧਿਐਨ ਕਰਕੇ, ਕੌਮ ਦੀ ਜੋ ਪਰਿਭਾਸ਼ਾ ਦਿੱਤੀ ਹੈ, ਉਹ ਇਸ ਤਰਾਂ ਹੈ, “ਕੌਮ, ਸਾਂਝੀ ਭਾਸ਼ਾ, ਖਿੱਤੇ, ਆਰਥਿਕ ਜੀਵਨ ਅਤੇ ਸਾਂਝੇ ਸੱਭਿਆਚਾਰ ਵਿੱਚ ਪ੍ਰਗਟ ਹੋਣ ਵਾਲੀ ਸਾਂਝੀ ਮਾਨਸਿਕ ਬਣਤਰ ਦੇ ਅਧਾਰ ਤੇ, ਇਤਿਹਾਸਕ ਤੌਰ ਤੇ ਨਿਰਮਤ ਲੋਕਾਂ ਦਾ ਸਥਿਰ ਸਮੂਹ ਹੈ।” ਉਹਨਾਂ ਅਨੁਸਾਰ ਕੌਮ ਸਿਰਫ ਇਤਿਹਾਸਕ ਪ੍ਰਾਵਰਗ ਨਹੀਂ ਸਗੋਂ ਇੱਕ ਨਿਸ਼ਚਿਤ ਸਮੇਂ ਜਾਂ ਯੁੱਗ ਨਾ. ਸਬੰਧਤ ਇਤਿਹਾਸਕ ਪ੍ਰਾਵਰਗ ਹੈ।

ਪੂਰਬੀ ਯੂਰਪ ਵਿੱਚ ਇੱਕ ਕੌਮ ਦੀ ਬਜਾਏ ਬਹੁ-ਕੌਮੀ ਸਰਮਾਏਦਾਰੀ ਰਾਜ ਹੋਂਦ ਵਿੱਚ ਆਏ। ਰੂਸ ਵੀ ਕਈ ਕੌਮਾਂ ਦਾ ਦੇਸ਼ ਸੀ। ਸਰਮਾਏਦਾਰੀ ਵਿਕਾਸ ਕਰਦੀ ਹੋਈ, ਸਾਮਰਾਜ ਵਿੱਚ ਬਦਲਦੀ ਹੈ, ਅਜ਼ਾਦ ਮੁਕਾਬਲੇ ਵਾਲ਼ਾ ਪ੍ਰਬੰਧ, ਇਜਾਰੇਦਾਰ ਸਰਮਾਏ ਵਿੱਚ ਬਦਲਣ ਦੇ ਨਾਲ਼ ਹੀ, ਸਰਮਾਏਦਾਰਾਂ ਦੀ ਮੁਨਾਫ਼ੇ ਦੀ ਬੇਲਗਾਮ ਹਵਸ, ਵੱਖ-ਵੱਖ ਕੌਮਾਂ ਵਿਚਕਾਰ ਜੰਗਾਂ ਨੂੰ ਜਨਮ ਦਿੰਦੀ ਹੈ। ਜਾਬਰ ਕੌਮਾਂ ਵੱਲੋਂ, ਕਮਜ਼ੋਰ ਕੌਮਾਂ ਦੀ ਲੁੱਟ ਤੇ ਜਬਰ ਦਾ ਸਿਲਸਿਲਾ ਜ਼ੋਰ ਫੜ੍ਹ ਜਾਂਦਾ ਹੈ। ਬਹੁਕੌਮੀ ਰਾਜਾਂ ਵਿੱਚ ਵੀ, ਭਾਰੂ ਹੈਸੀਅਤ ਰੱਖਣ ਵਾਲ਼ੀ ਕੌਮ, ਅਰਥਤੰਤਰ ‘ਤੇ ਕਾਬਜ਼ ਹੋਣ ਦੀ ਸੂਰਤ ਵਿੱਚ, ਆਪਣੇ ਹੀ ਮੁਲਕਾਂ ਅੰਦਰ ਦੂਜੀਆਂ ਕਮਜ਼ੋਰ ਕੌਮਾਂ ਦੀ ਲੁੱਟ ਕਰਦੀ ਹੈ। ਰੂਸ ਵਿੱਚ, ਦੂਜੀਆਂ ਕੌਮਾਂ ਤੇ ਰੂਸੀ ਕੌਮ ਦੇ ਜਬਰ ਕਰਨ ਕਰਕੇ, ਉਹਨੂੰ ਕੌਮਾਂ ਦਾ ਜੇਲਖਾਨਾ ਕਿਹਾ ਜਾਂਦਾ ਸੀ। ਇਹ ਉਹ ਦੌਰ ਹੈ ਜਦੋਂ ਕੌਮਵਾਦ, ਅੰਨ੍ਹੇ-ਕੌਮਵਾਦ ਵਿੱਚ ਬਦਲਦਾ ਹੈ ਅਤੇ ਆਪਣਾ ਅਗਾਂਹਵਧੂ ਖਾਸਾ ਤਿਆਗ ਦਿੰਦਾ ਹੈ।

ਅਫਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਕੌਮੀ ਲਹਿਰਾਂ ਦੀਆਂ ਆਪਣੀਆਂ ਵੱਖਰੀਆਂ ਵਿਸ਼ੇਸ਼ਤਾਈਆਂ ਹਨ। ਅਸੀਂ ਇੱਥੇ ਇਹਨਾਂ ਦੇ ਇਤਿਹਾਸ ਵਿੱਚ ਨਹੀਂ ਜਾ ਸਕਦੇ। ਪਰ ਇਹਨਾਂ ਦੇਸ਼ਾਂ ਦੀ ਇੱਕ ਵਿਸ਼ੇਸ਼ਤਾਈ ਇਹ ਵੀ ਹੈ ਕਿ ਇੱਥੇ ਕੌਮਵਾਦ ਦੇ ਵਿਕਾਸ ਵਿੱਚ, ਸਾਮਰਾਜ ਅਤੇ ਬਸਤੀਵਾਦ ਵਿਰੁੱਧ ਲੜੇ ਗਏ, ਕੌਮੀ ਮੁਕਤੀ ਘੋਲਾਂ ਦੀ ਵੀ ਬਹੁਤ ਭੂਮਿਕਾ ਰਹੀ ਹੈ। ਇਹਨਾਂ ਦੇਸ਼ਾਂ ਵਿੱਚ ਕੌਮੀ ਚੇਤਨਾਂ ਜਾਂ ਕੌਮਾਂ ਦੇ ਨਿਰਮਾਣ ਦੀ ਪ੍ਰਕਿਰਿਆ ਉਸ ਸਮੇਂ ਸ਼ੁਰੂ ਹੋਈ ਜਦੋਂ ਵਿਕਸਤ ਸਰਮਾਏਦਾਰੀ ਸੰਸਾਰ ਦੀਆਂ ਕੌਮਾਂ, ਆਪਣਾ ਅਗਾਂਹਵਧੂ ਖਾਸਾ ਤਿਆਗ ਚੁੱਕੀਆਂ ਸਨ। ਸਾਮਰਾਜੀ ਸਰਮਾਏਦਾਰੀ, ਮੰਦੀ ਅਤੇ ਮਹਾਂ-ਮੰਦੀ ਦੇ ਦੌਰਾਂ ਵਿੱਚ ਜਿੱਥੇ ਇੱਕ ਪਾਸੇ ਜੰਗਾਂ ਯੁੱਧਾਂ ਦਾ ਸ੍ਰੋਤ ਸੀ, ਦੂਜੇ ਪਾਸੇ ਇਹਨੇ ਇਟਲੀ ਅਤੇ ਜਰਮਨੀ ਆਦਿ ਵਿੱਚ, ਫਾਸੀਵਾਦ ਨੂੰ ਵੀ ਜਨਮ ਦਿੱਤਾ ਜੋ ਯੂਰਪ ਵਿੱਚ ਅੰਨ੍ਹੇ-ਕੌਮਵਾਦ ਦੀ ਪ੍ਰਤਿਨਿਧ ਮਿਸਾਲ ਸੀ। ਏਸ਼ੀਆ, ਅਫਰੀਕਾ ਅਤੇ ਸਾਬਕਾ ਬਸਤੀਆਂ ਵਿੱਚ ਕੌਮਾਂ ਅਤੇ ਕੌਮੀਅਤਾਂ ਦੇ ਅੱਧੇ-ਅਧੂਰੇ ਵਿਕਾਸ ਦਾ ਕਾਰਨ ਏਥੋਂ ਦੀ ਸਰਮਾਏਦਾਰੀ ਦੀਆਂ ਜਮਾਂਦਰੂ ਕਮਜ਼ੋਰੀਆਂ ਦਾ ਨਤੀਜ਼ਾ ਸੀ।

ਸਰਮਾਏਦਾਰਾ ਸੰਸਾਰ ਲਗਾਤਾਰ ਚਲਦੀ ਰਹਿਣ ਵਾਲ਼ੀ ਮਹਾਂ-ਮੰਦੀ ਦੇ ਦੌਰ ਵਿੱਚ ਸ਼ਾਮਲ ਹੋ ਗਿਆ ਹੈ। 20ਵੀਂ ਸਦੀ ਵਿੱਚ ਸੰਕਟਾਂ ਤੇ ਕਾਬੂ ਪਾਉਣ ਲਈ ਜੋ ਕੀਨਜ਼ਵਾਦੀ ਜੁਗਾੜ ਕੀਤਾ ਸੀ, ਉਸ ਦੀ ਮਿਆਦ ਵੀ ਖਤਮ ਹੋ ਗਈ ਹੈ। ਲੋਕਾਂ ਤੋਂ ਹਰ ਤਰਾਂ ਦੀਆਂ ਸੁਰੱਖਿਆ ਜਾਮਨੀਆਂ ਖੋਹ ਕੇ ਅਤੇ ਮਜ਼ਦੂਰਾਂ ਦੇ ਹੱਕਾਂ ‘ਤੇ ਹਮਲੇ ਕਰਕੇ, ਆਪਣੇ ਮੁਨਾਫ਼ੇ ਵਧਾਉਣਾ ਤੇ ਸੰਕਟ ‘ਤੇ ਕਾਬੂ ਪਾਉਣਾ, ਸਰਮਾਏਦਾਰੀ ਢਾਂਚੇ ਦੇ ਜਿਉਂਦੇ ਰਹਿਣ ਦੀ ਸ਼ਰਤ ਬਣ ਗਿਆ ਹੈ। ਸਰਮਾਏਦਾਰਾ ਜਮਹੂਰੀਅਤ ਸੁੰਘੜ ਰਹੀ ਹੈ। ਨਤੀਜੇ ਵਜੋਂ ਸਾਰੇ ਸੰਸਾਰ ਵਿੱਚ ਫਾਸੀਵਾਦੀ ਰੁਝਾਨ ਜ਼ੋਰ ਫੜ੍ਹ ਰਿਹਾ ਹੈ। ਬਰਤਾਨੀਆ ਦਾ ਬ੍ਰੀ-ਐਗਜ਼ਿਟ ਵਰਤਾਰਾ, ਅਮਰੀਕਾ ਵਿੱਚ ਟਰੰਪ ਦਾ ਆਉਣਾ, ਫਰਾਂਸ ਵਿੱਚ ਲੀ-ਪੈਨ ਦੇ ‘ਨੈਸ਼ਨਲ ਫਰੰਟ’ ਦਾ ਉੱਭਰਨਾ ਅਤੇ ਫ੍ਰੈ-ਐਗਜ਼ਿਟ ਦੀ ਚਰਚਾ, ਜਰਮਨ ਚਾਂਸਲਰ ਵੱਲੋਂ ਆਪਣੀ ਕ੍ਰਿਸ਼ਚੀਅਨ ਡੈਮੋਕ੍ਰੇਟਿਕ ਪਾਰਟੀ ਨੂੰ ਸੱਜਾ ਮੋੜਾ ਦੇਣਾ ਜੋ ਪਹਿਲਾਂ ਰਸਮੀ ਤੌਰ ਤੇ ਸੈਂਟਰਿਸਟ ਪਾਰਟੀ ਮੰਨੀਂ ਜਾਂਦੀ ਸੀ, ਹੰਗਰੀ, ਪੋਲੈੰਡ ਆਦਿ ਵਿੱਚ ਸੱਜੇ-ਪੱਖੀ ਰੁਝਾਨ ਕੌਮਵਾਦ ਦੇ ਨਾਰਿਆਂ ਨਾਲ਼ ਲੈਸ ਹਨ। ਰੂਸ ਅਤੇ ਚੀਨ ਵਿੱਚ ਇਹ ਵਰਤਾਰਾ ਜ਼ੋਰ ਫੜ ਰਿਹਾ ਹੈ। ਚੀਨ ਵਿੱਚ ‘ਅਮਰੀਕਨ ਸੁਪਨੇ’ ਵਾਂਗ ਹੀ ‘ਚੀਨੀ ਸੁਪਨੇ’ ਦੇ ਨਾਲ਼ ਹੀ, ਉੱਥੋਂ ਦਾ ਸਿੱਖਿਆ ਮੰਤਰੀ ਦੁਆਰਾ ਪੱਛਮੀ ਕਦਰਾਂ ਕੀਮਤਾਂ ਫੈਲਾਉਂਣ ਵਾਲੀਆਂ ਕਿਤਾਬਾਂ ‘ਤੇ ਪਾਬੰਦੀ ਦੀਆਂ ਗੱਲਾਂ ਕਰਕੇ, ਚੀਨੀ ਅੰਨ੍ਹੇ-ਕੌਮਵਾਦ ਦੀ ਖੁੱਲੀ ਵਕਾਲਤ ਕੀਤੀ ਜਾ ਰਹੀ। ਇਹ ਕੁਝ ਮਿਸਾਲਾਂ ਹਨ। ਕੁੱਲ ਮਿਲਾ ਕੇ ਸਰਮਾਏਦਾਰੀ ਸੰਸਾਰ ਪੱਧਰ ‘ਤੇ, ਅੰਨ੍ਹੇ ਕੌਮਵਾਦ ਦੇ ਨੁਸਖੇ ਨੂੰ ਅਪਣਾ ਰਹੀ ਹੈ। ਫਾਸੀਵਾਦ ਅੰਨ੍ਹੇ-ਕੌਮਵਾਦ ਦੇ ਪ੍ਰਚਾਰ ਨਾਲ਼ ਸਾਹਮਣੇ ਆ ਰਿਹਾ ਹੈ। ਇਸ ਦਾ ਮਕਸਦ ਕੀ ਹੈ? ਕਿਉਂਕਿ ਫਾਸੀਵਾਦ ਸਰਮਾਏਦਾਰੀ ਦਾ ਗਲਿਆ-ਸੜਿਆ ਰੂਪ ਹੈ, ਇਹ ਉਜਰਤੀ ਗੁਲਾਮੀ ਅਤੇ ਸਰਮਾਏਦਾਰੀ ਵਿਰੁੱਧ ਲੜਨ ਵਾਲੇ ਹਰੇਕ ਤੱਤ, ਸੰਸਥਾ ਜਾਂ ਸੰਘਰਸ਼ ਨੂੰ ਕੁਚਲ ਦੇਣਾ ਚਾਹੁੰਦਾ ਹੈ। ਇਹਨਾਂ ਅਰਥਾਂ ਵਿੱਚ ਇਹ ਇਕ ਜਥੇਬੰਦ ਲਹਿਰ ਹੈ। ਇਹ ਸਮਾਜਕ ਤਬਦੀਲੀ ਨੂੰ ਰੋਕਣ ਦੀ ਲਹਿਰ ਹੈ। ਹੁਣ ਸਰਮਾਏਦਾਰ ਸੱਤਾ ਵਿੱਚ ਹਨ। ਫਿਰ ਇਹ ਸੰਘਰਸ਼ ਕਿਸ ਦੇ ਖਿਲਾਫ਼ ਹੈ? ਸਪਸ਼ਟ ਹੈ ਕਿ ਇਹ ਬੇਹੱਦ ਬੇਚੈਨੀ ਦੇ ਦੌਰ ਵਿੱਚ, ਮਜ਼ਦੂਰ ਜਮਾਤ ਤੇ ਕਿਰਤੀ ਜਮਾਤਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਦਾ ਸੰਘਰਸ਼ ਹੈ। ਕੌਮਵਾਦ ਤੇ ਦੇਸ਼ਭਗਤੀ ਇਸ ਦਾ ਵਿਚਾਰਧਾਰਕ ਹਥਿਆਰ ਹੈ। ਇਹ ਸ਼ਬਦ ਦੇ ਸਹੀ ਅਰਥਾਂ ਵਿੱਚ ਅੰਨ੍ਹਾ-ਕੌਮਵਾਦ ਹੈ, ਅਤੇ ਇਤਿਹਾਸਕ ਤੌਰ ਤੇ ਇੱਕ ਪਿਛਾਂਹਖਿੱਚੂ ਵਰਤਾਰਾ ਹੈ। ਕਿਉਂਕਿ ਮੁੱਖ ਹਮਲਾ ਮਜ਼ਦੂਰ ਜਮਾਤ ‘ਤੇ ਹੈ ਇਸ ਲਈ ਮੁਕਾਬਲੇ ਦੀ ਜੁੰਮੇਵਾਰੀ ਵੀ ਮਜ਼ਦੂਰ ਜਮਾਤ ‘ਤੇ ਹੈ। ਕੌਮਵਾਦ ਮਜ਼ਦੂਰ ਜਮਾਤ ਦਾ ਸਿਧਾਂਤ ਨਹੀਂ ਹੈ। ਇਹ ਵੱਖਰਾ ਵਿਸ਼ਾ ਹੈ ਕਿ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕਾਂ ਨੇਂ ਆਪਣੇ ਸਮੇਂ ਵਿੱਚ ਇਸ ਸਵਾਲ ਸਬੰਧੀ, ਮਜ਼ਦੂਰ ਜਮਾਤ ਨੂੰ ਸਿੱਖਿਅਤ ਕਰਦੇ ਹੋਏ, ਹਰ ਤਰ੍ਹਾਂ ਦੇ ਕੌਮੀ ਜਬਰ ਖਿਲਾਫ਼, ਮਜ਼ਦੂਰ ਜਮਾਤ ਨੂੰ ਸਹਾਇਤਾ ਕਰਨ ਦਾ ਸੱਦਾ ਦਿੱਤਾ। ਵਿਸ਼ੇਸ਼ ਇਤਿਹਾਸਕ ਹਾਲਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ‘ਕੌਮਾਂ ਦੇ ਆਪਾ ਨਿਰਣੇ’ ਦਾ ਸਿਧਾਂਤ ਦਿੱਤਾ। ਉਹਨਾਂ ਦੱਸਿਆ ਕਿ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਵਾਲਾ ਰਾਜ, ਹਰ ਕਿਸਮ ਦੇ ਕੌਮੀ, ਨਸਲੀ ਤੇ ਧਾਰਮਿਕ ਦਾਬੇ ਤੋਂ ਮੁਕਤ ਹੋਵੇਗਾ। ਜਦੋਂ ਕੌਮੀ ਮੁਕਤੀ ਲਹਿਰਾਂ ਦੇ ਦੌਰ ਵਿੱਚ ਕਿਰਤੀ ਵਸੋਂ ਦੇ ਸਾਰੇ ਹਿੱਸੇ, ਜਾਬਰ ਕੌਮਾਂ ਅਤੇ ਬਸਤੀਵਾਦੀ ਹਾਕਮਾਂ ਖਿਲਾਫ਼ ਲੜ ਰਹੇ ਸਨ ਤਾਂ ਦੁਨੀਆਂ ਭਰ ਦੇ ਕਮਿਊਨਿਸਟਾਂ ਨੇਂ ਉਹਨਾਂ ਦਾ ਸਮਰਥਨ ਕੀਤਾ ਅਤੇ ਕਈ ਦੇਸ਼ਾਂ ਵਿੱਚ ਅਗਵਾਈ ਵੀ ਸੰਭਾਲੀ।

ਭਾਰਤ ਵਿੱਚ ਜਾਗੀਰਦਾਰੀ ਤੋਂ ਸਰਮਾਏਦਾਰੀ ਵਿੱਚ ਤਬਦੀਲੀ ਦੇ ਇਤਿਹਾਸਕ ਦੌਰ ਵਿੱਚ, ਬਸਤੀਵਾਦੀ ਦਖਲ ਨੇਂ ਤਬਦੀਲੀ ਦੀ ਸਹਿਜ ਪ੍ਰਕਿਰਿਆ ਨੂੰ, ਇੱਕ ਵਾਰ ਅੱਧਵਾਟੇ ਭੰਗ ਕਰ ਦਿੱਤਾ। ਪਰ ਆਪਣੀਆਂ ਵਿਸ਼ੇਸ਼ ਹਾਲਤਾਂ ਵਿੱਚ ਇੱਥੇ ਜੋ ਸਰਮਾਏਦਾਰਾ ਵਿਕਾਸ ਹੋਇਆ ਉਸ ਵਿੱਚ ਆਪਣੇ ਜਨਮ ਸਮੇਂ ਪੈਦਾ ਹੋਈ ਸਰਮਾਏਦਾਰੀ ਵਾਲੀ ਸਮਰੱਥਾ ਤੇ ਜਲੌਅ ਨਹੀਂ ਸੀ। ਫਿਰ ਵੀ ਸਰਮਾਏਦਾਰੀ ਦੇ ਆਉਣ ਨਾਲ਼ ਸਰਮਾਏਦਾਰਾ ਪੈਦਾਵਾਰੀ ਸਬੰਧਾਂ ਦੀ ਲੋੜ ਨੇਂ ਸਾਡੇ ਦੇਸ਼ ਵਿੱਚ ਕੌਮੀ ਚੇਤਨਾ ਨੂੰ ਜਨਮ ਦਿੱਤਾ। ਵੱਖ-ਵੱਖ ਭਾਸ਼ਾਈ ਸਮੂਹਾਂ ਵਾਲਾ ਸਾਡਾ ਦੇਸ਼, ਸਰਮਾਏਦਾਰੀ ਦੇ ਯੁੱਗ ਵਿੱਚ ਬਹੁਕੌਮੀ ਦੇਸ਼ ਦੇ ਰੂਪ ਵਿੱਚ ਉੱਭਰਿਆ। ਵੱਖ-ਵੱਖ ਕੌਮਾਂ ਤੇ ਕੌਮੀਅਤਾਂ ਦੇ ਵਿਕਾਸ ਦਾ ਪੱਧਰ ਇੱਕੋ ਜਿਹਾ ਨਹੀਂ ਹੋਇਆ। ਇਸ ਲਈ ਸਾਡੇ ਇੱਥੇ ਕੌਮਾਂ ਦੇ ਅਧੂਰੇ ਵਿਕਾਸ ਦਾ ਸੰਤਾਪ ਵੀ ਲੋਕਾਂ ਨੂੰ ਭੁਗਤਣਾਂ ਪੈ ਰਿਹਾ ਹੈ। ਅਜ਼ਾਦੀ ਸੰਘਰਸ਼ ਦੇ ਦੌਰਾਨ ਕਾਇਮ ਹੋਈ ਦੇਸ਼-ਵਿਆਪੀ ਏਕਤਾ ਨੂੰ ਕੁਝ ਵਿਦਵਾਨਾਂ ਨੇਂ ਭਾਰਤੀ ਕੌਮ ਦੇ ਵਿਕਾਸ ਦੇ ਰੂਪ ਵਿੱਚ ਵੀ ਵੇਖਿਆ। ਪਰ ਵੱਖ-ਵੱਖ ਕੌਮੀਅਤਾਂ ਵਾਲਾ ਸਾਡਾ ਦੇਸ਼ ਇੱਕ ਭਾਰਤੀ ਕੌਮ ਵਿੱਚ ਨਹੀਂ ਬਦਲ ਸਕਿਆ। ਇਸ ਦਾ ਬਹੁ-ਕੌਮੀ ਚਰਿੱਤਰ ਇੱਕ ਇਤਿਹਾਸਕ ਸੱਚ ਹੈ।

ਸਰਮਾਏਦਾਰਾ ਸੰਕਟ ਦੇ ਇਸ ਦੌਰ ਵਿੱਚ ਜੋ ਲੋਕਾਂ ਲਈ ਬੇਸ਼ੁਮਾਰ ਮੁਸ਼ਕਲਾਂ ਲੈ ਕੇ ਆਇਆ ਹੈ, ਕਿਸੇ ਇੱਕ ਕੌਮੀ ਏਜੰਡੇ ਦੇ ਅਧਾਰ ‘ਤੇ, ਕਿਰਤੀ ਲੋਕਾਂ ਨੂੰ ਇੱਕ ਮੰਚ ਤੇ ਨਹੀਂ ਲਿਆਂਦਾ ਜਾ ਸਕਦਾ। ਵੱਖ-ਵੱਖ ਕੌਮਾਂ ਵਿੱਚ ਕੌਮਵਾਦ ਦਾ ਉਭਾਰ, ਅਬਾਦੀ ਦੇ ਵੱਖ-ਵੱਖ ਹਿੱਸਿਆਂ ਵਿੱਚ ਦੁਸ਼ਮਣੀਆਂ ਹੀ ਖੜ੍ਹੀਆਂ ਕਰ ਸਕਦਾ ਹੈ।ਮਿਸਾਲ ਵਜ਼ੋਂ  ਪੰਜਾਬ ਹਰਿਆਣੇ ਦੇ ਪਾਣੀਆਂ ਦਾ ਵਿਵਾਦ ਵੀ ਖੇਤਰੀ ਕੌਮਵਾਦ ਨੂੰ ਹਵਾ ਦੇ ਰਿਹਾ ਹੈ। ਖੇਤਰੀ ਕੌਮਵਾਦ ਦੇ ਪੈਂਤੜੇ ਤੋਂ, ਭਾਰਤੀ ਸਰਮਾਏਦਾਰੀ ਦੇ ਜਬਾੜੇ ਹੇਠ ਪਿਸ ਰਹੀਆਂ ਕਸ਼ਮੀਰ ਤੇ ਮਣੀਪੁਰ ਵਰਗੀਆਂ ਕੌਮਾਂ ਦੇ ਦਰਦ ਨੂੰ ਸਮਝ ਸਕਣਾ ਵੀ ਮੁਸ਼ਕਲ ਹੈ। ਜ਼ੁਲਮ ਸਹਿ ਰਹੀਆਂ ਕੌਮਾਂ ਦੀ ਵੀ ਅਤੇ ਦੇਸ਼ ਦੀਆਂ ਸਾਰੀਆਂ ਕੌਮਾਂ ਦੇ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੇ ਹਿੱਤਾਂ ਦੀ ਰਾਖੀ ਵੀ, ਕੌਮਾਂਤਰੀਵਾਦੀ ਪੈਂਤੜੇ ਤੋਂ ਹੀ ਸੰਭਵ ਹੈ। ਇਹ ਕੌਮਾਂਤਰੀਵਾਦੀ ਪੈਂਤੜਾ ਹੀ ਹੈ ਜੋ ਆਪਣੀ ਮੁਕਤੀ ਲਈ ਸੰਘਰਸ਼ ਕਰਨ ਦੇ ਨਾਲ਼-ਨਾਲ਼ ਦੱਬੀਆਂ ਕੁਚਲੀਆਂ ਕੌਮਾਂ ਤੇ ਹੋ ਰਹੇ ਜਬਰ ਦਾ ਵਿਰੋਧ ਵੀ ਕਰ ਸਕਦਾ ਹੈ। ਦੂਜੇ ਪਾਸੇ ਸੰਕਟਗ੍ਰਸਤ ਸਰਮਾਏਦਾਰਾ ਢਾਂਚਾ, ਹਿੰਦੁਤਵ ਦੇ ਨਾਂ ਤੇ, ਫਾਸੀਵਾਦੀ ਅੰਨ੍ਹਾ-ਕੌਮਵਾਦੀ ਪਾਗਲਪਣ ਪੈਦਾ ਕਰ ਰਿਹਾ ਹੈ। ਵੱਖ-ਵੱਖ ਕੌਮਾਂ ਤੇ ਧਰਮਾਂ ਵਿੱਚ ਦੁਸ਼ਮਣੀਆਂ ਖੜੀਆਂ ਕਰਕੇ, ਆਪਣੇ ਜਹਿਰੀਲੇ ਫਿਰਕੂ ਪ੍ਰਚਾਰ ਨੂੰ ਦੇਸ਼ਭਗਤੀ ਦੇ ਨਾਂ ‘ਤੇ, ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੀ ਏਕਤਾ ਨੂੰ ਤੋੜ ਰਿਹਾ ਹੈ। ਹਿੰਦੂ ਕੌਮ ਦਾ ਸੰਕਲਪ, ਅੰਨ੍ਹੇ-ਕੌਮਵਾਦ ਦਾ ਭਾਰਤੀ ਸੰਸਕਰਣ ਹੈ। ਦੇਸ਼ਭਗਤੀ ਜਾਂ ਕੌਮਵਾਦ ਦੇ ਕਿਸੇ ਅਖੌਤੀ ਸਾਫ਼ ਸੁਥਰੇ ਤੇ ਸਿਹਤਮੰਦ ਮਾਡਲ ਦੇ ਪੈਂਤੜੇ ਤੋਂ, ਅੰਨ੍ਹੇ-ਕੌਮਵਾਦ ਦਾ ਮੁਕਾਬਲਾ ਨਹੀਂ ਹੋ ਸਕਦਾ।

ਅੱਜ ਦੇਸ਼ ਦੇ ਕਰੋੜਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ, ਖਾਸ ਕਰਕੇ ਨੌਜ਼ਵਾਨਾਂ ਅਤੇ ਲੋਕਾਂ ਦੀ ਧਿਰ ਵਿੱਚ ਖੜ੍ਹੇ ਬੁਧੀਜੀਵੀਆਂ ਅੱਗੇ ਇਹ ਵੰਗਾਰ ਹੈ ਕਿ ਦੇਸ਼ ਪੱਧਰ ‘ਤੇ ਲੋਕਾਂ ਦੀ ਲਾਮਬੰਦੀ ਨੇ ਨਾਲ਼-ਨਾਲ਼ , ਵਿਆਪਕ ਪ੍ਰਚਾਰ ਮੁਹਿਮ ਚਲਾ ਕੇ, ਸਰਮਾਏਦਾਰ ਜਮਾਤਾਂ ਦੇ ਕਲਮ ਘਸੀਟਾਂ ਵੱਲੋਂ ਚਲਾਏ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਮੁਕਾਬਲਾ ਕਰਨ। ਅਗਾਂਹਵਧੂ ਹਲਕਿਆਂ ਵਿੱਚ, ਇਸ ਸਬੰਧੀ ਪਾਏ  ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ, ਸੰਜੀਦਾ ਬਹਿਸ ਵੀ ਚਲਾਉਣ।

-10 ਦਿਸੰਬਰ 2016

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements