ਅੰਨਾ ਹਜ਼ਾਰੇ, ਭ੍ਰਿਸ਼ਟਾਚਾਰ ਅਤੇ ਭਾਰਤੀ ਹਾਕਮ

anna hazar

ਪੀ.ਡੀ.ਐਫ਼. ਡਾਊਨਲੋਡ ਕਰੋ

 ਸਰਮਾਏਦਾਰੀ ਭ੍ਰਿਸ਼ਟਾਚਾਰ ਦੀ ਜਣਨੀ ਹੈ। ਸਰਮਾਏਦਾਰੀ ਅਤੇ ਭ੍ਰਿਸ਼ਟਾਚਾਰ ਕਰੰਗੜੀ ਪਾ ਕੇ ਚਲਦੇ ਹਨ। ਜਦ ਤੱਕ ਸਰਮਾਏਦਾਰੀ ਰਹੇਗੀ, ਭ੍ਰਿਸ਼ਟਾਚਾਰ ਰਹੇਗਾ। ਪਿਛਲੇ ਦੋ ਦਹਾਕਿਆਂ ਤੋਂ, ਜਦੋਂ ਤੋਂ ਭਾਰਤੀ ਹਾਕਮਾਂ ਨੇ ਨਵਉਦਾਰਵਾਦੀ ਨੀਤੀਆਂ ਅਪਣਾਈਆਂ ਹਨ ਭਾਰਤ ਦੇ ਲੋਕ ਨਿੱਤ ਨਵੇਂ ਘਪਲੇ-ਘੋਟਾਲਿਆਂ ਦੀਆਂ ਖ਼ਬਰਾਂ ਸੁਣਦੇ ਹਨ। ਭ੍ਰਿਸ਼ਟਾਚਾਰ ਤਾਂ ਉਸ ਤੋਂ ਪਹਿਲਾਂ ਵੀ ਜਾਰੀ ਸੀ ਪਰ ਪਿਛਲੇ ਦੋ ਦਹਾਕਿਆਂ ਤੋਂ ਇੱਥੇ ਘਪਲੇ-ਘੋਟਾਲਿਆਂ ਦਾ ਹੜ੍ਹ ਜਿਹਾ ਆ ਗਿਆ ਹੈ। ਅੱਜ ਇੱਥੋਂ ਦੀ ਹਾਕਮ ਸਰਮਾਏਦਾਰ ਜਮਾਤ, ਉਹਨਾਂ ਦੀਆਂ ਨੁਮਾਇੰਦਾ ਸੰਸਦੀ ਪਾਰਟੀਆਂ, ਇਨ੍ਹਾਂ ਪਾਰਟੀਆਂ ਦੇ ਲੀਡਰ ਸਭ ਭ੍ਰਿਸ਼ਟਾਚਾਰ ਦੀ ਗੰਗਾ ‘ਚ ਡੁਬਕੀਆਂ ਲਾ ਰਹੇ ਹਨ। ਉਹ ਲੋਕਾਂ ਦੀਆਂ ਨਜ਼ਰਾਂ ‘ਚ ਪੂਰੀ ਤਰ੍ਹਾਂ ਬੇਪੜਦ ਹਨ।

ਅਜਿਹੇ ਮਹੌਲ ਵਿੱਚ ਪੂੰਜੀਵਾਦ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਸਾਫ਼ ਸੁਥਰਾ ਬਣਾਉਣ ਦਾ ਝੰਡਾ ਸਭ ਤੋਂ ਪਹਿਲਾਂ ਰਾਸ਼ਟਰੀ ਸਵੈਸੇਵਕ ਸੰਘ (ਆਰ. ਐਸ. ਐਸ) ਦੇ ਏਜੰਟ ਰਾਮਦੇਵ ਨੇ ਚੁੱਕਿਆ। ਉਸ ਦੀ ਇਹ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹਮੇਸ਼ਾ ਕਨਫਿਊਜ਼ ਰਹਿਣ ਵਾਲੇ, ਅਗਿਆਨੀ, ਮੂਰਖ ਭਾਰਤੀ ਮੱਧ ਵਰਗ ਦੇ ਇੱਕ ਹਿੱਸੇ ਨੂੰ ਪ੍ਰਭਾਵਤ ਵੀ ਕਰ ਰਹੀ ਸੀ। ਪਰ ਅਚਾਨਕ ਇਸ ਭ੍ਰਿਸ਼ਟਾਚਾਰ ਵਿਰੋਧੀ ‘ਜੰਗ’ ਦੇ ਮੈਦਾਨ ਵਿੱਚ ਅੰਨਾ ਹਜ਼ਾਰੇ ਆ ਟਪਕੇ। ਇਸ ਤੋਂ ਪਹਿਲਾਂ ਅੰਨਾ ਹਜ਼ਾਰੇ ਨੂੰ ਇਸ ਦੇ ਵਿੱਚ ਜ਼ਿਆਦਾ ਲੋਕ ਨਹੀਂ ਜਾਣਦੇ ਸਨ। ਅੰਨਾ ਹਜ਼ਾਰੇ ਦੇ ਮੈਦਾਨ ਵਿੱਚ ਆ ਜਾਣ ਨਾਲ਼ ਰਾਮਦੇਵ ਨੇ ਖੁਦ ਨੂੰ ਖੂੰਜੇ ਲਗਦਾ ਮਹਿਸੂਸ ਕੀਤਾ। ਭਾਵੇਂ ਪਹਿਲਾਂ ਉਸ ਨੇ ਅੰਨਾ ਨਾਲ਼ ਭ੍ਰਿਸ਼ਟਾਚਾਰ ਵਿਰੋਧੀ ਸਾਂਝਾ ਮੋਰਚਾ ਬਣਾਇਆ ਪਰ ਬਾਅਦ ਵਿੱਚ ਉਹ ਅੰਨਾ ਨੂੰ ਫਿੱਬੀ ਲਾਉਣ ਅਤੇ ਭਾਰਤ ਵਿੱਚ ਭ੍ਰਿਸ਼ਟਾਚਾਰ ਵਿਰੋਧੀ ‘ਜੰਗ’ ਦਾ ਇੱਕੋ ਇੱਕ ਸੂਰਮਾ ਬਣਨ ਦੀ ਦੌੜ ਵਿੱਚ ਇਕੱਲਿਆਂ ਹੀ ਇਸ ‘ਜੰਗ’ ਦੇ ਮੈਦਾਨ ਵਿੱਚ ਨਿੱਤਰ ਆਇਆ। ਉਸ ਨੇ ਦਿੱਲੀ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮੋਰਚਾ ਲਾ ਦਿੱਤਾ। ਪਰ ਦਿੱਲੀ ਪੁਲਿਸ ਦੀ ਮਾਮੂਲੀ ਜਿਹੀ ਘੁਰਕੀ ਨਾਲ਼ ਹੀ ਇਹ ਸੂਰਮਾ ਪੂਛ ਚੁੱਕ ਕੇ ਭੱਜ ਗਿਆ। ਬਾਅਦ ‘ਚ ਕੇਂਦਰ ਸਰਕਾਰ ਦੀਆਂ ਘੁਰਕੀਆਂ ਤੋਂ ਡਰਦਾ ਪੂਰੀ ਤਰ੍ਹਾਂ ਇਸ ਭ੍ਰਿਸ਼ਟਾਚਾਰ ਵਿਰੋਧੀ ‘ਜੰਗ’ ਤੋਂ ਕਿਨਾਰਾ ਕਰ ਗਿਆ। ਬਾਬੇ ਦੀ ਇਸ ਕਾਇਰਤਾ ਪੂਰਨ ਕਰਤੂਤ ਨੇ ਉਸ ਦੇ ਮੱਧ ਵਰਗੀ ਪੈਰੋਕਾਰਾਂ ਨੂੰ ਕਾਫੀ ਨਿਰਾਸ਼ ਕੀਤਾ ਅਤੇ ਬਾਬੇ ਤੋਂ ਉਹਨਾਂ ਦਾ ਮੋਹ ਭੰਗ ਵੀ ਹੋਇਆ।

ਦੂਜੇ ਪਾਸੇ ਅੰਨਾ ਹਜ਼ਾਰੇ ਦੀ ਕੇਂਦਰ ਸਰਕਾਰ ਨਾਲ਼ ਗੱਲਬਾਤ, ਸੁਲਹ-ਸਫਾਈ ਸਿਰੇ ਨਾ ਚੜ੍ਹੀ। ਕੇਂਦਰ ਸਰਕਾਰ ਉਸ ਦੀ ਮਰਜ਼ੀ ਦਾ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਬਣਾਉਣ ਲਈ ਤਿਆਰ ਨਾ ਹੋਈ। ਜਿਸ ਕਾਰਨ ਅੰਨਾ ਨੇ 16 ਅਗਸਤ 2011 ਤੋਂ ਫਿਰ ਤੋਂ ਦਿੱਲੀ ‘ਚ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਇਸ ਨੂੰ ਅੰਨਾ ਨੇ ‘ਦੂਸਰੀ ਜੰਗੇ ਆਜ਼ਾਦੀ’ ਦਾ ਨਾਂ ਦਿੱਤਾ। ਅੰਨਾ ਦੀ ਲੜਾਈ ਸਰਮਾਏਦਾਰੀ ਵਿਰੁੱਧ ਨਹੀਂ ਸਿਰਫ ਇਸ ਦੀ ਜਾਇਜ਼ ਸੰਤਾਨ ਭ੍ਰਿਸ਼ਟਾਚਾਰ ਵਿਰੁੱਧ ਹੈ। ਦੇਸ਼ ਦੇ ਸਨਅਤਕਾਰਾਂ, ਪੇਂਡੂ ਸਰਮਾਏਦਾਰਾਂ (ਵੱਡੇ ਜ਼ਮੀਨ ਮਾਲਕ), ਵਪਾਰੀਆਂ, ਬੈਂਕਰਾਂ, ਸੂਦਖੋਰਾਂ, ਸਾਮਰਾਜਵਾਦੀਆਂ ਦੁਆਰਾ ਜੋ ਹਰ ਰੋਜ਼ ਕਰੋੜਾਂ ਕਿਰਤੀਆਂ ਦੀ ਕਿਰਤ ਸ਼ਕਤੀ ਲੁੱਟੀ ਜਾ ਰਹੀ ਹੈ ਉਸ ਤੋਂ ਅੰਨਾ ਅਤੇ ਉਸ ਦੇ ਜੋਟੀਦਾਰਾਂ ਨੂੰ ਕੋਈ ਤਕਲੀਫ ਨਹੀਂ ਹੈ। ਉਸ ਬੱਸ ਇਸ ਦੇਸ਼ ਦੀ ਹਾਕਮ ਜਮਾਤ (ਸਰਮਾਏਦਾਰ) ਅਤੇ ਸਾਮਰਾਜਵਾਦੀਆਂ ਦੁਆਰਾ ਇਸ ਦੇ ਕਿਰਤੀਆਂ ਦੀ ਅਥਾਹ ਲੁੱਟ ‘ਚੋਂ ਟੁਕੜਿਆਂ ਦੇ ਰੂਪ ‘ਚ ਜੋ ਕੁਝ ਇੱਥੋਂ ਦੇ ਸਿਆਸਤਦਾਨਾਂ ਨੌਕਰਸ਼ਾਹਾਂ ਦੁਆਰਾ ‘ਗੈਰ-ਕਾਨੂੰਨੀ’ ਰੂਪ ‘ਚ ਹਾਸਲ ਕੀਤਾ ਜਾਂਦਾ ਹੈ, ਵਿਰੁੱਧ ਹੀ ਝੰਡਾ ਚੁੱਕ ਰਹੇ ਹਨ। ਇਹ ਭੋਲ਼ੀਆਂ (ਜੇ ਸੱਚਮੁੱਚ ਅਜਿਹਾ ਹੋਵੇ ਤਾਂ) ਆਤਮਾਵਾਂ ਇਹ ਨਹੀਂ ਸਮਝਦੀਆਂ ਕਿ ਹਾਕਮ ਜਮਾਤਾਂ ਦੇ ਸਿਆਸੀ ਨੁਮਾਇੰਦੇ ਅਤੇ ਨੌਕਰਸ਼ਾਹ ਜੋ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਨ ਕਿ ਇਸ ਦੇਸ਼ ਦੇ ਕਿਰਤੀਆਂ ਦੀ ਬੇਪਨਾਹ ਲੁੱਟ ਨਿਰੰਤਰ, ਨਿਰਵਿਘਨ ਚੱਲਦੀ ਰਹੇ, ਭਲਾ ਉਹ ਇਸ ਲੁੱਟ ਚੋਂ ਕੁਝ ਅੰਸ਼ ਕਿਉਂ ਨਹੀਂ ਹਾਸਲ ਕਰਨਗੇ? ਇਸ ਭ੍ਰਿਸ਼ਟਾਚਾਰ ਰੂਪੀ ‘ਗੈਰ ਕਾਨੂੰਨੀ’ ਲੁੱਟ ਨੂੰ ਖ਼ਤਮ ਕਰਨ ਲਈ ਜ਼ਰੂਰੀ ਹੈ ਕਿ ਪਹਿਲਾਂ ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੁਆਰਾ ਇਸ ਦੇਸ਼ ਦੇ ਕਿਰਤੀਆਂ ਦੀ ਕਿਰਤ ਸ਼ਕਤੀ ਦੀ ਕਾਨੂੰਨੀ ਲੁੱਟ ਖ਼ਤਮ ਕੀਤੀ ਜਾਵੇ। ਪਰ ਇਹ ਅੰਨਾ ਅਤੇ ਉਸ ਦੇ ਜੋੜੀਦਾਰਾਂ ਦਾ ਏਜੰਡਾ ਨਹੀਂ, ਉਹ ਪੂੰਜੀਵਾਦ ਤਾਂ ਚਾਹੁੰਦੇ ਹਨ ਪਰ ਭ੍ਰਿਸ਼ਟਾਚਾਰ ਨਹੀਂ। ਇਹ ਕਿਸੇ ਦਾ ਭੋਲਾ ਸੁਪਨਾ ਤਾਂ ਹੋ ਸਕਦਾ ਹੈ, ਪਰ ਇਸ ਸੁਪਨੇ ਦੇ ਹਕੀਕਤ ਬਣਨ ਦੀ ਕੋਈ ਵੀ ਸੰਭਾਵਨਾ ਮੌਜੂਦ ਨਹੀਂ ਹੈ। ਸਰਮਾਏਦਾਰ ਜਮਾਤ ਦੁਆਰਾ ਬਣਾਏ ਕਿਸੇ ਕਾਨੂੰਨ ਦੁਆਰਾ ਸਰਮਾਏਦਾਰੀ ਦੀ ਅਟੱਲ ਉਪਜ ਭ੍ਰਿਸ਼ਟਾਚਾਰ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।

1991 ‘ਚ ਭਾਰਤੀ ਹਾਕਮਾਂ ਵੱਲੋਂ ਅਪਣਾਈਆਂ ਨਵਉਦਾਰਵਾਦੀ ਨੀਤੀਆਂ ਤੋਂ ਬਾਅਦ ਭਾਰਤੀ ਹਾਕਮਾਂ ਵੱਲੋਂ ਭਾਰਤ ਦੇ ਕਿਰਤੀਆਂ ‘ਤੇ ਵਿੱਢਿਆਂ ਲੋਟੂ ਹੱਲਾ ਹੋਰ ਵੀ ਤੇਜ਼ ਹੋਇਆ ਹੈ। ਅਮੀਰ ਗਰੀਬ ਦਾ ਪਾੜਾ ਵਧਿਆ ਹੈ, ਜਮਾਤੀ ਧਰੁਵੀਕਰਨ ਤਿੱਖਾ ਹੋਇਆ ਹੈ, ਬੇਰੁਜ਼ਗਾਰੀ ਵਧੀ ਹੈ, ਪੱਕੇ ਰੁਜ਼ਗਾਰ ਦੀ ਥਾਂ ਠੇਕੇ-ਦਿਹਾੜੀ ਅਤੇ ਪੀਸ ਰੇਟ ਸਿਸਟਮ ਨੇ ਲੈ ਲਈ ਹੈ। ਲੋਕਾਂ ਦੀ ਗੁਜ਼ਰ-ਬਸਰ ਬਹੁਤ ਹੀ ਅਨਿਸ਼ਚਿਤ ਹੋਈ ਹੈ। ਸਿੱਟੇ ਵਜੋਂ ਭਾਰਤੀ ਹਾਕਮਾਂ ਵਿਰੁੱਧ ਲੋਕ ਰੋਹ ਵੀ ਵਧਿਆ ਹੈ। ਜਿਸ ਦਾ ਫੁਟਾਰਾ ਦੇਸ਼ ਭਰ ‘ਚ ਮਜ਼ਦੂਰਾਂ, ਕਿਸਾਨਾਂ, ਆਦਿਵਾਸੀਆਂ ਦੇ ਸੰਘਰਸ਼ਾਂ ਵਿੱਚ ਹੁੰਦਾ ਹੈ। ਪਰ ਕਿਰਤੀ ਲੋਕਾਂ ਦੇ ਇਨ੍ਹਾਂ ਸੰਘਰਸ਼ਾਂ ਨੂੰ ਆਮ ਤੌਰ ‘ਤੇ ਵੱਡੇ ਸਰਮਾਏਦਾਰ ਘਰਾਣਿਆਂ ਦੁਆਰਾ ਸੰਚਾਲਤ ਪ੍ਰਿੰਟ ਅਤੇ ਇਲੈਕਟ੍ਰਾਨਕ ਮੀਡੀਆ ਦੁਆਰਾ ਪੂਰੀ ਤਰ੍ਹਾਂ ਬਲੈਕਆਉਟ ਕੀਤਾ ਜਾਂਦਾ ਹੈ। ਪਰ ਅੰਨਾ ਹਜ਼ਾਰੇ ਦਾ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਜਿਸ ਦਾ ਕਿ ਹਮਾਇਤੀ ਘੇਰਾ ਵੀ ਬੇਹੱਦ ਸੀਮਤ ਹੈ, ਨੂੰ ਮੀਡੀਆ ‘ਚ ਪ੍ਰਮੁੱਖ ਥਾਂ ਮਿਲ ਰਹੀ ਹੈ। ਇਹ ਵੀ ਭਾਰਤੀ ਹਾਕਮਾਂ ਦੀ ਇੱਕ ਸਾਜ਼ਿਸ ਹੀ ਹੈ ਕਿ ਲੋਕਾਂ ਦਾ ਧਿਆਨ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾਇਆ ਜਾਵੇ। ਇਸ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।

ਅੰਨਾ ਦਾ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਇਸੇ ਲੋਟੂ ਢਾਂਚੇ ਦੇ ਦਾਇਰੇ ਅੰਦਰ ਦਾ ਸੰਘਰਸ਼ ਹੈ। ਇਸ ਤੋਂ ਇਸ ਢਾਂਚੇ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਭਾਰਤ ਦੇ ਹਾਕਮ ਅਜਿਹੇ ਕਿਸੇ ਸੰਘਰਸ਼ ਨੂੰ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਉਹਨਾਂ ਦਿੱਲੀ ਵਿੱਚ ਅੰਨਾ ਨੂੰ ਭੁੱਖ ਹੜਤਾਲ ਕਰਨ ਦੀ ਇਜ਼ਾਜਤ ਨਹੀਂ ਦਿੱਤੀ। ਅੰਨਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਭਾਰਤੀ ਰਾਜਸੱਤਾ ਦੇ ਲਗਾਤਾਰ ਫਾਸਿਸਟ ਹੁੰਦੇ ਜਾਣ ਦਾ ਇੱਕ ਖ਼ਤਰਨਾਕ ਸੰਕੇਤ ਹੈ। ਇਨ੍ਹਾਂ ਹਾਕਮਾਂ ਦੁਆਰਾ ਬਣਾਏ ਸੰਵਿਧਾਨ ਦੇ ਦਾਇਰੇ ‘ਚ ਰਹਿ ਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰ ਸਕਣਾ, ਹਰ ਭਾਰਤੀ ਨਾਗਰਿਕ ਦਾ ਜਮਹੂਰੀ ਹੱਕ ਹੈ। ਅਤੇ ਅੱਜ ਭਾਰਤੀ ਹਾਕਮ ਅਜਿਹੇ ਸਭ ਜਮਹੂਰੀ ਹੱਕਾਂ ਨੂੰ ਖ਼ਤਮ ਕਰਨ ‘ਤੇ ਉਤਾਰੂ ਹਨ। ਨਵਉਦਾਰਵਾਦੀ ਨੀਤੀਆਂ ਦਾ ਇਹ ਤਰਕ ਹੈ। ਸਰਮਾਏਦਾਰਾਂ ਜਮਹੂਰੀਅਤ ਅਤੇ ਨਵਉਦਾਰਵਾਦੀ ਨੀਤੀਆਂ ਕਰੰਗੜੀ ਪਾਕੇ ਨਹੀਂ ਚੱਲ ਸਕਦੀਆਂ। ਨਵਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਲਈ ਹਾਕਮ ਸਿਰਫ਼ ਡੰਡੇ ‘ਤੇ ਹੀ ਟੇਕ ਰੱਖ ਸਕਦੇ ਹਨ ਅਤੇ ਅਜਿਹਾ ਹੀ ਉਹ ਕਰ ਰਹੇ ਹਨ। ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਕਈ ਥਾਵਾਂ ਉੱਪਰ ਤਾਂ ਉਹ ਬਾਕਾਇਦਾ ਕਾਨੂੰਨ ਬਣਾ ਕੇ ਲੋਕਾਂ ਤੋਂ ਉਹਨਾਂ ਦੇ ਜਮਹੂਰੀ ਹੱਕ ਖੋਹ ਰਹੇ ਹਨ। 

ਸਰਕਾਰ ਨੇ ਅੰਨਾ ਨੂੰ ਦਿੱਲੀ ‘ਚ ਰੋਸ ਵਿਖਾਵਾ ਕਰਨ ਤੋਂ ਰੋਕ ਕੇ ਉਸ ਦੇ ਜਮਹੂਰੀ ਹੱਕਾਂ ‘ਤੇ ਡਾਕਾ ਮਾਰਿਆ ਹੈ, ਜਿਸ ਦੀ ਕਿ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਪਰ ਨਾਲ਼ ਦੀ ਨਾਲ਼ ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਅਜਿਹੇ ਸੰਘਰਸ਼ ਲੋਕਾਂ ਦਾ ਧਿਆਨ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾ ਕੇ, ਕਿਰਤ ਸ਼ਕਤੀ ਦੀ ਕਾਨੂੰਨੀ ਲੁੱਟ ਦੀ ਥਾਂ ਭ੍ਰਿਸ਼ਟਾਚਾਰ ਰੂਪੀ ‘ਗੈਰ-ਕਾਨੂੰਨੀ’ ਲੁੱਟ ਨੂੰ ਲੁੱਟ ਦਾ ਇੱਕ ਇੱਕ ਰੂਪ ਦੱਸਕੇ, ਭ੍ਰਿਸ਼ਟਾਚਾਰ ਮੁਕਤ ਸਰਮਾਏਦਾਰੀ ਦਾ ਭਰਮ ਪੈਦਾ ਕਰਕੇ ਇਸ ਲੋਟੂ ਸਰਮਾਏਦਾਰਾਂ ਢਾਂਚੇ ਲਈ ਸੇਫਟੀ ਵਾਲਵ ਦਾ ਵੀ ਕੰਮ ਕਰਦੇ ਹਨ।

 

“ਲਲਕਾਰ” – ਅੰਕ 19 ਸਤੰਬਰ-ਅਕਤੂਬਰ 2011

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s