ਅੰਮ੍ਰਿਤਸਰ ਮਜ਼ਦੂਰ ਕਤਲ ਕਾਂਡ : ਸਰਮਾਏਦਾਰ ਜਮਾਤ ਦੇ ਮਜ਼ਦੂਰ ਵਿਰੋਧੀ ਰਵੱਈਏ ਦੀ ਉੱਘੜਵੀਂ ਮਿਸਾਲ •ਲਖਵਿੰਦਰ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿੱਚ ਰਾਮ ਸਿੰਘ ਨਾਂ ਦੇ ਮਜ਼ਦੂਰ ਨੂੰ ਕਾਰਖ਼ਾਨਾ ਮਾਲਕ ਵੱਲ਼ੋਂ ਕੁੱਝ ਹੋਰ ਵਿਅਕਤੀਆਂ ਨਾਲ਼ ਮਿਲ ਕੇ ਘੰਟਿਆਂ ਬੱਧੀ ਪੁੱਠਾ ਲਟਕਾ ਕੇ ਕੁੱਟਣ ਅਤੇ ਜਾਨ ਤੋਂ ਮਾਰ ਦੇਣ ਦੀ ਦਿਲ ਕੰਬਾਊ ਘਟਨਾ ਨੇ ਸੰਵੇਦਨਸ਼ੀਲ ਲੋਕਾਂ ਦੇ ਦਿਲ ਵਲੂੰਧਰ ਕੇ ਰੱਖ ਦਿੱਤੇ ਹਨ। ਇਸ ਕਾਰਖਾਨੇ ਦਾ ਨਾਂ ਕੀ ਹੈ, ਪਤਾ ਨਹੀਂ ਲੱਗ ਸਕਿਆ। ਗੇਟ ‘ਤੇ ਕੋਈ ਬੋਰਡ ਨਹੀਂ ਲੱਗਾ। ਸਿਰਫ਼ ਏਨਾ ਪਤਾ ਲੱਗ ਸਕਿਆ ਕਿ ਇਹ ਕਾਰਖਾਨਾ ਨਿਊ ਫੋਕਲ ਪੁਆਂਇੰਟ ਵਿੱਚ ਸਥਿਤ ਹੈ ਅਤੇ ਪਲਾਟ ਨੰਬਰ 71 ਹੈ। ਕਾਰਖਾਨੇ ਵਿੱਚ ਲੋਹੇ ਦੀ ਢਲਾਈ ਦਾ ਕੰਮ ਹੁੰਦਾ ਸੀ। ਨੇਪਾਲੀ ਮੂਲ ਦਾ ਰਾਮ ਸਿੰਘ ਇੱਥੇ ਸਫ਼ਾਈ ਦਾ ਕੰਮ ਕਰਦਾ ਸੀ। ਕੁੱਝ ਦਿਨ ਪਹਿਲਾਂ ਇਸ ਕਾਰਖ਼ਾਨੇ ਵਿੱਚ ਚੋਰੀ ਹੋ ਗਈ ਸੀ। ਕਾਰਖ਼ਾਨਾ ਮਾਲਕ ਜਸਪ੍ਰੀਤ ਸਿੰਘ ਨੂੰ ਰਾਮ ਸਿੰਘ ‘ਤੇ ਸ਼ੱਕ ਹੋਇਆ ਅਤੇ ਉਸ ਨੂੰ 14 ਅਕਤੂਬਰ ਵਾਲ਼ੇ ਦਿਨ ਇਨੋਵਾ ਗੱਡੀ ਵਿੱਚ ਘਰੋਂ ਚੁੱਕ ਕੇ ਲੈ ਗਿਆ। ਇਸ ਤੋਂ ਬਾਅਦ ਉਸਨੇ ਪਸ਼ੂਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਮਜ਼ਦੂਰ ‘ਤੇ ਬਰਬਰ ਜ਼ਬਰ ਢਾਹਿਆ। ਰਾਮ ਸਿੰਘ ਵਾਰ-ਵਾਰ ਕਹਿੰਦਾ ਰਿਹਾ ਕਿ ਉਸਨੇ ਚੋਰੀ ਨਹੀਂ ਕੀਤੀ। ਪਰ ਮਾਲਕ ਨੇ ਉਸਦੀ ਇੱਕ ਨਾ ਸੁਣੀ।

ਗਰੀਬ ਮਜ਼ਦੂਰ ‘ਤੇ ਕੁੱਟ-ਮਾਰ ਦੌਰਾਨ ਵਹਿਸ਼ੀ ਮਾਲਕ ਤੇ ਉਸਦੇ ਸਾਥੀਆਂ ਨੂੰ ਕਿਸੇ ਪ੍ਰਕਾਰ ਦਾ ਕੋਈ ਭੈਅ ਨਹੀਂ ਸੀ। ਉਹਨਾਂ ਆਪਣੇ ਇਸ ਕਾਰੇ ਦੀ ਖ਼ੁਦ ਵੀਡੀਓ ਵੀ ਬਣਾਈ। ਜ਼ਬਰ ਢਾਹੁੰਦੇ ਹੋਏ ਉਹ ਹੱਸਦੇ ਰਹੇ ਅਤੇ ਗੰਦੀਆਂ ਗਾਲ੍ਹਾਂ ਕੱਢਦੇ ਰਹੇ। ਕਤਲ ਕਰਨ ਤੋਂ ਬਾਅਦ ਉਹਨਾਂ ਰਾਮ ਸਿੰਘ ਦੀ ਲਾਸ਼ ਇੱਕ ਸੜਕ ਕਿਨਾਰੇ ਸੁੱਟ ਦਿੱਤੀ। ਜਦੋਂ ਰਾਮ ਸਿੰਘ ਘਰ ਨਾ ਪਰਤਿਆ ਤਾਂ ਪਰਿਵਾਰ ਵਾਲ਼ਿਆਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੂੰ ਖ਼ਬਰ ਕੀਤੀ। 15 ਅਕਤੂਬਰ ਨੂੰ ਇਸ ਕਾਰੇ ਦੀ ਵੀਡੀਓ ਇੰਟਰਨੈੱਟ ‘ਤੇ ਫੈਲ਼ ਜਾਣ ਤੋਂ ਬਾਅਦ ਲੋਕਾਂ ਨੂੰ ਬਘਿਆੜਾਂ ਦੇ ਭੇਸ ਵਿੱਚ ਮਨੁੱਖੀ ਸਮਾਜ ਵਿੱਚ ਰਹਿ ਰਹੇ ਸਰਮਾਏਦਾਰ ਦੇ ਇਸ ਕਾਲ਼ੇ ਕਾਰੇ ਦਾ ਪਤਾ ਲੱਗਿਆ।

ਸਰਮਾਏਦਾਰ ਵੱਲ਼ੋਂ ਮਜ਼ਦੂਰਾਂ ਨਾਲ਼ ਹੋਏ ਜ਼ਬਰ ਦੀ ਇਹ ‘ਕੱਲੀ-ਕਾਰੀ ਘਟਨਾ ਨਹੀਂ ਹੈ। ਅੰਮ੍ਰਿਤਸਰ ਹੋਵੇ ਜਾਂ ਲੁਧਿਆਣਾ, ਪੰਜਾਬ ਹੋਵੇ ਜਾਂ ਦਿੱਲੀ ਦੇਸ਼ ਦੇ ਹਰ ਸ਼ਹਿਰ, ਹਰ ਸੂਬੇ ‘ਚ ਮਜ਼ਦੂਰਾਂ ‘ਤੇ ਮਾਲਕਾਂ ਵੱਲ਼ੋਂ ਖੁਦ ਜਾਂ ਸੁਪਰਵਾਈਜ਼ਰਾਂ, ਮੈਨੇਜ਼ਰਾਂ, ਗੁੰਡਿਆਂ ਤੇ ਪੁਲਿਸ ਰਾਹੀਂ ਭਿਆਨਕ ਜ਼ਬਰ ਢਾਹੁਣਾ ਆਮ ਗੱਲ ਹੈ। ਛੋਟੀ-ਛੋਟੀ ਗੱਲ ਉੱਤੇ ਗਾਲ੍ਹਾਂ ਕੱਢਣੀਆਂ, ਕੁੱਟ-ਮਾਰ ਕਰਨੀ, ਤਸੀਹੇ ਦੇਣੇ ਸਨਅਤੀ ਇਲਾਕਿਆਂ ਦੀ ਇੱਕ ਭਿਆਨਕ ਹਕੀਕਤ ਹੈ। ਮਾਲਕ ਮੁਨਾਫ਼ੇ ਲਈ ਮਜ਼ਦੂਰਾਂ ਦੀ ਭਿਆਨਕ ਆਰਥਿਕ ਲੁੱਟ ਹੀ ਨਹੀਂ ਕਰਦੇ ਸਗੋਂ ਆਮ ਤੌਰ ‘ਤੇ ਉਹਨਾਂ ਦੀਆਂ ਨਜ਼ਰਾਂ ‘ਚ ”ਗੰਦੇ”, ”ਚੋਰ”, ”ਹਰਾਮੀ”, ”ਕੰਮਚੋਰ”, ”ਨਸ਼ੇੜੀ” ਮਜ਼ਦੂਰਾਂ ਨਾਲ਼ ਉਹ ਘੋਰ ਨਫ਼ਰਤ ਵੀ ਕਰਦੇ ਹਨ। ਅੱਜ ਜਦੋਂ ਪੂਰੇ ਦੇਸ਼ ਵਿੱਚ ਮਜ਼ਦੂਰਾਂ ਦੀ ਜੱਥੇਬੰਦ ਤਾਕਤ ਦੀ ਅਣਹੋਂਦ ਹੈ ਅਤੇ ਜੋ ਜੱਥੇਬੰਦੀਆਂ ਹਨ ਵੀ ਉਹਨਾਂ ਚੋਂ ਵੀ ਵੱਡੀ ਗਿਣਤੀ ਦਲਾਲ, ਸਮਝੌਤਾਪ੍ਰਸਤ, ਡਰਪੋਕ ਹਨ, ਤਾਂ ਇਨ੍ਹਾਂ ਹਾਲਤਾਂ ਵਿੱਚ ਮਾਲਕਾਂ ਨੂੰ ਸ਼ਰੇਆਮ, ਬੇਖੌਫ਼ ਹੋ ਕੇ ਬਰਬਰ ਢੰਗ ਨਾਲ਼ ਆਪਣੀ ਨਫ਼ਰਤ ਦਾ ਇਜ਼ਹਾਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਪ੍ਰਵਾਸੀ ਮਜ਼ਦੂਰਾਂ ਨਾਲ਼ ਤਾਂ ਹੋਰ ਵੀ ਬੁਰੀ ਵਾਪਰ ਰਹੀ ਹੈ। ਇਸ ਲਈ ਅੰਮ੍ਰਿਤਸਰ ਦੀ ਘਟਨਾ ਮਜ਼ਦੂਰਾਂ ਪ੍ਰਤੀ ਸਿਰਫ਼ ਇੱਕ ਮਾਲਕ ਦੇ ਰਵੱਈਏ ਦੀ ਨਹੀਂ ਸਗੋਂ ਸਰਮਾਏਦਾਰ ਜਮਾਤ ਦੇ ਅਣਮਨੁੱਖੀ ਮਜ਼ਦੂਰ ਵਿਰੋਧੀ ਰਵੱਈਏ ਦੀ ਇੱਕ ਉੱਘੜਵੀਂ ਉਦਾਹਰਣ ਹੈ।

ਪੁਲਿਸ ਦਾ ਕਹਿਣਾ ਹੈ ਕਿ ਫੈਕਟਰੀ ਮਾਲਕ ਜਸਪ੍ਰੀਤ ਸਿੰਘ ”ਫਰਾਰ” ਹੈ। ਪੁਲੀਸ ਦੇ ਘੋਰ ਲੋਕ ਵਿਰੋਧੀ (ਖਾਸਕਰ ਮਜ਼ਦੂਰ ਵਿਰੋਧੀ) ਕਿਰਦਾਰ ਦੇ ਲੰਮੇ ਇਤਿਹਾਸ ‘ਤੇ ਝਾਤੀ ਮਾਰਿਆਂ ਇਸ ਗੱਲ ‘ਤੇ ਯਕੀਨ ਕਰਨਾ ਮੁਸ਼ਕਿਲ ਹੈ। ਸਰਮਾਏਦਾਰਾਂ ਪ੍ਰਤੀ ਪੁਲਿਸ ਦੀ ਡੂੰਘੀ ਹਮਦਰਦੀ ਰਹਿੰਦੀ ਹੈ। ਪੀੜਤ ਮਜ਼ਦੂਰਾਂ ਨੂੰ ਦੋਸ਼ੀ ਠਹਿਰਾ ਦੇਣਾ ਪੁਲਿਸ ਦਾ ਸੁਭਾਅ ਬਣ ਚੁੱਕਾ ਹੈ। ਪ੍ਰਵਾਸੀ ਮਜ਼ਦੂਰਾਂ ਪ੍ਰਤੀ ਤਾਂ ਪੁਲਿਸ ਦਾ ਰਵੱਈਆ ਹੋਰ ਵੀ ਅਣਮਨੁੱਖੀ ਹੈ। ਪੁਲਿਸ ਮਜ਼ਦੂਰਾਂ ਪ੍ਰਤੀ ਕੀ ਸੋਚ ਰੱਖਦੀ ਹੈ ਉਸਦੀ ਇੱਥੇ ਮਿਸਾਲ ਦੇਣੀ ਕੁਥਾਵੀਂ ਨਹੀਂ ਹੋਵੇਗੀ। ਅੰਮ੍ਰਿਤਸਰ ਦੀ ਇਸ ਘਟਨਾ ਤੋਂ ਅਗਲੇ ਦਿਨ ਦੋ ਮਜ਼ਦੂਰਾਂ ਨਾਲ਼ ਫ਼ੈਕਟਰੀ ਮਾਲਕ ਵੱਲ਼ੋਂ ਹੋ ਰਹੇ ਧੱਕੇ ਦੇ ਸਬੰਧ ਵਿੱਚ ਮੈਂ ਲੁਧਿਆਣੇ ਦੀ ਸੁੰਦਰ ਨਗਰ ਪੁਲਿਸ ਚੌਂਕੀ ਗਿਆ ਸਾਂ। ਮਜ਼ਦੂਰਾਂ ਨਾਲ਼ ਹੁੰਦੇ ਧੱਕੇ ਦੀ ਗੱਲ ਕਰਦਿਆਂ ਮੈਂ ਚੌਂਕੀ ਇੰਚਾਰਜ ਨਾਲ਼ ਅੰਮ੍ਰਿਤਸਰ ਦੀ ਘਟਨਾ ਬਾਰੇ ਵੀ ਗੱਲ ਕੀਤੀ। ਚੌਂਕੀ ਇੰਚਾਰਜ਼ ਮਾਲਕ ਦੀ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਸੀ। ਉਸਦਾ ਕਹਿਣਾ ਸੀ ਕਿ ”ਜ਼ਰੂਰ ਮਜ਼ਦੂਰ ਦਾ ਹੀ ਕਸੂਰ ਹੋਣਾਂ…. . .  ਮੀਡੀਆ ਵਾਲ਼ੇ ਤਾਂ ਐਵੈਂ ਹੀ ਲਿਖ ਦਿੰਦੇ ਨੇ…. . . ਵਿੱਚੋਂ ਮਸਲੇ ਹੋਰ ਹੁੰਦੇ ਨੇ…. ਕੋਈ ਮਾਲਕ ਐਂਵੇਂ ਹੀ ਇੰਝ ਨਹੀਂ ਕਰਦਾ. . .ਹੋ ਸਕਦੈ  ਕਿ ਮਜ਼ਦੂਰ ਨੇ ਮਾਲਕ ਦੀ ਜਨਾਨੀ ਛੇੜੀ ਹੋਵੇ. . . ਬਾਕੀ ਮਜ਼ਦੂਰਾਂ ਦੀ ਤਾਂ ਆਦਤ ਹੀ ਹੈ ਚੋਰੀਆਂ-ਡਕੈਤੀਆਂ ਕਰਨਾ…. . .” ਆਦਿ-ਆਦਿ। ਚੌਂਕੀ ਇੰਚਾਰਜ ਨੇ ਮਜ਼ਦੂਰਾਂ ਵੱਲ਼ੋਂ ਮਾਲਕਾਂ ਨਾਲ਼ ਹੋਏ ”ਅਨਿਆਂ” ਦੇ ਕਈ ਕਿੱਸੇ ਸੁਣਾ ਦਿੱਤੇ। ਜਦ ਪੁਲਿਸ ਦੀ ਅਜਿਹੀ ਸਰਮਾਏਦਾਰੀ ਪੱਖੀ ਇੱਕਪਾਸੜ ਸੋਚ ਹੋਵੇ ਤਾਂ ਉਸ ਤੋਂ ਅਸੀਂ ਇਨਸਾਫ਼ ਦੀ ਕੀ ਉਮੀਦ ਕਰ ਸਕਦੇ ਹਾਂ?

ਕਾਰਖ਼ਾਨਾ ਮਜ਼ਦੂਰਾਂ ਨੂੰ ਮਾਲਕਾਂ ਵੱਲ਼ੋਂ ਪਹਿਚਾਣ ਪੱਤਰ ਤੱਕ ਨਹੀਂ ਦਿੱਤੇ ਜਾਂਦੇ। ਪੱਕੀ ਹਾਜ਼ਰੀ ਨਹੀਂ ਲਾਈ ਜਾਂਦੀ, ਹਾਜ਼ਰੀ ਕਾਰਡ ਨਹੀਂ ਬਣਾਏ ਗਏ। ਯਾਨੀ ਮਜ਼ਦੂਰਾਂ ਕੋਲ਼ ਸਬੰਧਤ ਕਾਰਖਾਨੇ ‘ਚ ਕੰਮ ਕਰਨ ਦਾ ਕੋਈ ਸਬੂਤ ਤੱਕ ਨਹੀਂ ਹੁੰਦਾ। ਤਨਖਾਹ, ਹਾਦਸਿਆਂ ਤੋਂ ਸੁਰੱਖਿਆ, ਈ.ਐਸ.ਆਈ, ਪੀ.ਐਫ. ਆਦਿ ਅਨੇਕਾਂ ਹੱਕਾਂ ਬਾਰੇ ਤਾਂ ਕਹਿਣ ਦੀ ਕੁੱਝ ਲੋੜ ਹੀ ਨਹੀਂ। ਮਾਲਕਾਂ ਦੇ ਜੰਗਲ ਰਾਜ ਵਿੱਚ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਤਬਾਹ ਹੋਈਆਂ ਪਈਆਂ ਹਨ। ਹੱਕ-ਸੱਚ ਲਈ ਅਵਾਜ਼ ਉਠਾਉਣ ‘ਤੇ ਜ਼ਬਰ ਢਾਹਿਆ ਜਾਂਦਾ ਹੈ। ਪੂਰਾ ਸਰਕਾਰੀ ਪ੍ਰਬੰਧ ਮਜ਼ਦੂਰਾਂ ‘ਤੇ ਟੁੱਟ ਪੈਂਦਾ ਹੈ। ਸਰਕਾਰਾਂ ਮਜ਼ਦੂਰਾਂ ਨੂੰ ”ਦੇਸ਼ਧ੍ਰੋਹੀ ਦਹਿਸ਼ਤਗਰਦ” ਐਲ਼ਾਨ ਦਿੰਦਿਆਂ ਹਨ। ਪਹਿਲਾਂ ਹੀ ਕਨੂੰਨੀ ਕਿਰਤ ਹੱਕਾਂ ਦਾ ਘੇਰਾ ਬਹੁਤ ਸੀਮਿਤ ਹੈ। ਇਹਨਾਂ ਨੂੰ ਵੀ ਸਰਕਾਰਾਂ ਖ਼ਤਮ ਕਰਨ ਦੇ ਰਾਹ ਤੁਰਦੀਆਂ ਆਈਆਂ ਹਨ। ਮੋਦੀ ਸਰਕਾਰ ਨੇ ਇਹ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ਮਜ਼ਦੂਰਾਂ ਨੂੰ ਰਗੜਾ ਚਾੜਨ ਲਈ ਸਨਅਤੀ ਇਲਾਕਿਆਂ ਵਿੱਚ ਪੁਲੀਸ ਦੇ ਦੰਦ ਤਿੱਖੇ ਕੀਤੇ ਜਾ ਰਹੇ ਹਨ।

ਜਦ ਸਰਕਾਰਾਂ ਸਰਮਾਏਦਾਰਾਂ ਦੀਆਂ ਹੋਣ, ਜਦ ਅਫ਼ਸਰ ਸਰਮਾਏਦਾਰਾਂ ਦੇ ਹੋਣ, ਜਦ ਪੁਲਿਸ ਪ੍ਰਬੰਧ ਤੇ ਅਦਾਲਤਾਂ ਵਿੱਚ ਮਜ਼ਦੂਰਾਂ ਲਈ ਨਫ਼ਰਤ ਤੇ ਜ਼ਬਰ ਦੀ ਭਾਵਨਾ ਭਾਰੂ ਹੋਵੇ ਤਦ ਅੰਮ੍ਰਿਤਸਰ ਕਾਂਡ ਤਾਂ ਵਾਪਨਗੇ ਹੀ। ਜਦ ਮਜ਼ਦੂਰਾਂ ਦੇ ਜੁਝਾਰੂ ਏਕੇ ਦੀ ਵੱਡੀ ਪੱਧਰ ‘ਤੇ ਅਣਹੋਂਦ ਹੋਵੇ ਉਸ ਸਮੇਂ ਜਸਪ੍ਰੀਤ ਸਿੰਘ ਜਿਹੇ ਕਾਰਖਾਨਾ ਮਾਲਕ ਨੂੰ ਕਿਸਦਾ ਡਰ ਹੋਵੇਗਾ? ਅਜਿਹੀ ਹਾਲਤ ਵਿੱਚ ਗਰੀਬ ਮਜ਼ਦੂਰ ਰਾਮ ਸਿੰਘ ਨੂੰ ਤਾਂ ਮਾਲਕ ਪੁੱਠਾ ਲਟਕਾਏਗਾ ਹੀ, ਤਸੀਹੇ ਦੇ ਕੇ ਮਾਰੇਗਾ ਹੀ।

ਇਤਿਹਾਸ ਗਵਾਹ ਹੈ ਕਿ ਇਕਮੁੱਠ ਹੋ ਕੇ ਹੀ ਮਜ਼ਦੂਰ ਜਮਾਤ ਸਰਮਾਏਦਾਰ ਜਮਾਤ ਦੇ ਜ਼ੁਲਮਾਂ ਦਾ ਢੁੱਕਵਾਂ ਜਵਾਬ ਦੇ ਸਕਦੀ ਹੈ। ਹਰ ਸੰਵੇਦਨਸ਼ੀਲ ਵਿਅਕਤੀ ਤੋਂ, ਹਰ ਸੱਚੇ ਨੌਜਵਾਨ ਤੋਂ ਅੱਜ ਦਾ ਸਮਾਂ ਮੰਗ ਕਰਦਾ ਹੈ ਉਹਨਾਂ ਕੋਸ਼ਿਸਾਂ ਦੀ, ਜਿਨ੍ਹਾਂ ਸਦਕਾ ਉਹ ਦਿਨ ਜਲਦ ਆਵੇਗਾ ਜਦ ਲੁਟੇਰੀ-ਅਣਮਨੁੱਖੀ ਸਰਮਾਏਦਾਰ ਜਮਾਤ ਨੂੰ ਮਜ਼ਦੂਰ ਜਮਾਤ ਉਲਟਾ ਲਟਕਾ ਦੇਵੇਗੀ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements