ਅਮਰੀਕੀ ਸਾਮਰਾਜ ਦਾ ਜਾਬਰ ਚਿਹਰਾ ਦੂਜੀ ਸੰਸਾਰ ਜੰਗ ਤੋਂ ਬਾਅਦ ਤਿੰਨ ਕਰੋੜ ਲੋਕਾਂ ਦਾ ਕਤਲ •ਅਜੇਪਾਲ

156

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਮਰੀਕੀ ਸਾਮਰਾਜ ਦੁਆਰਾ ਕੀਤੀ ਕਤਲੋ-ਗਾਰਤ ਦਾ ਇਤਿਹਾਸ ਤਾਂ ਪਹਿਲਾਂ ਹੀ ਬਹੁਤ ਘਿਨੌਣਾ ਹੈ, ਪਰ ਹੁਣੇ ਜਿਹੇ ਆਏ ਨਵੇਂ ਅਧਿਐਨ ਇਸ ਇਤਿਹਾਸ ਨੂੰ ਹੈਰਤ ਦੀ ਹੱਦ ਤੱਕ ਘਿਨੌਣਾ ਦਿਖਾ ਰਹੇ ਹਨ। 2001 ਦੇ ਨੌਂ ਗਿਆਰਾਂ ਹਮਲੇ ਵਿੱਚ ਵੱਡੀ ਗਿਣਤੀ ਅਮਰੀਕੀ ਹਲਾਕ ਹੋ ਗਏ ਤੇ ਅਮਰੀਕਾ ਆਪਣਾ ਅਖੌਤੀ ‘ਬਦਲੇ’ ਦਾ ਕਟਕ ਲੈ ਕੇ ਅਰਬ ਮੁਲਕਾਂ ‘ਤੇ ਜਾ ਚੜ੍ਹਿਆ ਤੇ ਹੁਣ ਕਈ ਅਰਬ ਦੇਸ਼ਾਂ ਦੇ ਤੇਲ ਦਾ ਮਾਲਕ ਬਣੀ ਬੈਠਾ ਹੈ। ਪਰ ਪਾਠਕ ਜ਼ਰਾ ਸੋਚ ਕੇ ਵੇਖੇ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਨੇ ਹੋਰਨਾਂ ਮੁਲਕਾਂ ਵਿੱਚ ਕਿੰਨੇ ਕੁ ਨੌਂ-ਗਿਆਰਾਂ ਜਿਹੇ ਹਮਲੇ ਕੀਤੇ ਹੋਣਗੇ, ਤਾਂ ਜਵਾਬ ਹੈ ਕਿ ਕੋਈ ਦੱਸ ਹਜ਼ਾਰ ਤੋਂ ਵੱਧ ਹਮਲੇ!! ਜੀ ਹਾਂ ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਜਿਹੀਆਂ ਫ਼ੌਜੀ ਮੁਹਿੰਮਾਂ ਵਿੱਚ ਮਰਨ ਵਾਲ਼ਿਆਂ ਦੀ ਗਿਣਤੀ ਕੋਈ ਤਿੰਨ ਕਰੋੜ ਦੇ ਕਰੀਬ ਹੈ। ਜਰਮਨੀ ਵਿੱਚ ਨਾਜ਼ੀਆਂ ਨੇ ਕੋਈ 10 ਲੱਖ ਯਹੂਦੀ ਮਾਰੇ ਸਨ, ਕਈ ਅੰਕੜੇ ਇਹ ਗਿਣਤੀ 60 ਲੱਖ ਤੋਂ ਵੀ ਵਧੇਰੇ ਦੱਸਦੇ ਹਨ ਪਰ ਜੇ ਇਹਨਾਂ ਅੰਕੜਿਆਂ ਨੂੰ ਅਮਰੀਕੀ ਕਤਲਾਂ ਨਾਲ਼ ਮੇਚੀਏ ਤਾਂ ਇਹ ਨਿਗੂਣੇ ਭਾਸਦੇ ਹਨ। ਪਰ ਅਮਰੀਕਾ ਨੂੰ ਕੋਈ ਅੱਤਵਾਦੀ ਨਹੀਂ ਕਹਿੰਦਾ ਸਗੋਂ ਉਹ ਤਾਂ ‘ਮੁਕਤੀ-ਦਾਤਾ’ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ਕਈ ਹਮਲਿਆਂ ਵਿੱਚ ਅਮਰੀਕਾ ਸਿੱਧਾ ਸ਼ਾਮਲ ਨਹੀਂ ਸੀ, ਸਗੋਂ ਕਿਸੇ ਇੱਕ ਧਿਰ ਨੂੰ ਦੂਜੇ ਵਿਰੁੱਧ ਉਕਸਾ ਕੇ ਵੀ ਉਹ ਅਜਿਹੇ ਕਾਰੇ ਕਰਦਾ ਰਿਹਾ ਹੈ।

ਅਫ਼ਗਾਨਿਸਤਾਨ

ਅਫ਼ਗਾਨਿਸਤਾਨ ਅਤੇ ਸਮਾਜਿਕ-ਸਾਮਰਾਜੀ ਸੋਵੀਅਤ ਯੂਨੀਅਨ ਦੀ ਜੰਗ ਵਿੱਚ ਅਮਰੀਕਾ ਦੀ ਅਜਿਹੀ ਹੀ ਭੂਮਿਕਾ ਰਹੀ ਸੀ। ਅਫ਼ਗਾਨਿਸਤਾਨ ਅਤੇ ਸੋਵੀਅਤ ਜੰਗ ਵਿੱਚ 18 ਲੱਖ ਦੇ ਕਰੀਬ ਮੌਤਾਂ ਹੋਈਆਂ ਸਨ। 1998 ਵਿੱਚ ਇੱਕ ਫਾਰਸੀ ਪ੍ਰਕਾਸ਼ਨ ‘ਲੇ ਨੋਵਲ ਓਬਜ਼ਰਵੇਚਰ’ ਦੇ ਇੱਕ ਇੰਟਰਵਿਊ ਦੌਰਾਨ ਰਾਸ਼ਟਰਪਤੀ ਕਾਰਟਰ ਦੇ ਸਲਾਹਕਾਰ ‘ਜ਼ਬੀਗਨਿਊ ਬ੍ਰੇਜ਼ੇਜ਼ੰਸਕੀ’ ਨੇ ਮੰਨਿਆ ਕਿ ਅਫ਼ਗਾਨਿਸਤਾਨ ਵਿੱਚ ਮੁਜਾਹਦੀਨਾਂ ਮੁੱਢਲੀ ਮਦਦ ਦਿੱਤੀ ਗਈ ਸੀ ਜਿਨ੍ਹਾਂ ਨੇ ਕਿ ਅੱਗੇ ਜਾਕੇ ਸੋਵੀਅਤ ਯੂਨੀਅਨ ਨੂੰ ਹਮਲੇ ਲਈ ਉਕਸਾਇਆ। ਬ੍ਰੇਜ਼ੇਜ਼ੰਸਕੀ ਦੇ ਆਪਣੇ ਸ਼ਬਦਾਂ ਵਿੱਚ, ”ਇਤਿਹਾਸ ਦੀ ਦਫ਼ਤਰੀ ਭਾਸ਼ਾ ਵਿੱਚ ਸੀ.ਆਈ.ਏ. ਦੁਆਰਾ ਮੁਜਾਹਦੀਨਾਂ ਨੂੰ ਮਦਦ ਦੇਣੀ 1980 ਦੇ ਵਿੱਚ ਸ਼ੁਰੂ ਹੋਈ ਜੋ ਕਿ ਸੋਵੀਅਤ ਫ਼ੌਜ ਦੇ ਅਫ਼ਗਾਨਿਸਤਾਨ ‘ਤੇ ਹਮਲੇ, 24 ਦਸੰਬਰ 1979 ਤੋਂ ਬਾਅਦ ਦੀ ਦਰਜ ਹੈ ਪਰ ਅਸਲੀਅਤ ਨੂੰ ਹਾਲੇ ਤੱਕ ਗੁਪਤ ਢੰਗ ਨਾਲ਼ ਹਿਫ਼ਾਜ਼ਤ ਦਿੱਤੀ ਹੋਈ ਹੈ। ਦਰਅਸਲ, ਇਹ 3 ਜੁਲਾਈ 1979 ਸੀ ਜਦ ਰਾਸ਼ਟਰਪਤੀ ਕਾਰਟਰ ਨੇ ਕਾਬੁਲ ਵਿਚਲੀ ਸੋਵੀਅਤ ਸੱਤਾ ਦੀ ਹਾਮੀ ਹਕੂਮਤ ਦੇ ਵਿਰੋਧੀਆਂ ਨੂੰ ਮਦਦ ਦੇਣ ਦਾ ਹੁਕਮ ਦਸਤਖ਼ਤ ਕੀਤਾ ਸੀ ਅਤੇ ਉਸੇ ਦਿਨ ਮੈਂ ਰਾਸ਼ਟਰਪਤੀ ਨੂੰ ਇੱਕ ਨੋਟ ਲਿਖਿਆ ਜਿਸ ਵਿੱਚ ਮੈਂ ਕਿਹਾ ਕਿ ਮੇਰੀ ਰਾਏ ਵਿੱਚ ਇਹ ਮਦਦ ਸੋਵੀਅਤ ਫ਼ੌਜੀ ਹਮਲੇ ਨੂੰ ਉਕਸਾਵੇਗੀ।” ਇਸ ਪੂਰੇ ਕਾਰੇ ਵਿੱਚ ਸੀ.ਆਈ.ਏ. ਨੇ ਪੰਜ ਤੋਂ ਛੇ ਬਿਲੀਅਨ ਡਾਲਰ ਖਰਚ ਕੀਤੇ ਸਿਰਫ਼ ਇਸ ਲਈ ਕਿ ਸੋਵੀਅਤ ਯੂਨੀਅਨ ਆਪਣਾ ਖੂਨ ਵਹਾਵੇ।

ਅੰਗੋਲਾ

ਅੰਗੋਲਾ ਵਿੱਚ ਪੁਰਤਗਾਲੀ ਹਕੂਮਤ ਵਿਰੁੱਧ ਹਥਿਆਰਬੰਦ ਘੋਲ਼ 1961 ਵਿੱਚ ਸ਼ੁਰੂ ਹੋਇਆ। 1977 ਦੀ ਅੰਗੋਲਿਅਨ ਸਰਕਾਰ ਨੂੰ ਯੂ. ਐਨ ਓ ਨੇ ਤਾਂ ਮਾਨਤਾ ਦੇ ਦਿੱਤੀ ਪਰ ਅਮਰੀਕਾ ਇਸਦਾ ਵਿਰੋਧ ਕਰਦਾ ਰਿਹਾ। ਫਿਰ 1986 ਵਿੱਚ ਅੰਗੋਲਾ ਵਿੱਚ ਯੂਨੀਟਾ ਨਾਮ ਦੇ ਸਰਕਾਰ ਵਿਰੋਧੀ ਗਰੁੱਪ ਨੂੰ ਪਦਾਰਥਕ ਮਦਦ ਦੇਣੀ ਸ਼ੁਰੂ ਕਰ ਦਿੱਤੀ, ਅੱਜ ਵੀ ਇਸ ਲੜਾਈ ਵਿੱਚ ਕਈ ਹੋਰ ਦੇਸ਼ ਸ਼ਾਮਲ ਹੋ ਚੁੱਕੇਹਨ। ਅਮਰੀਕੀ ਦਖਲਅੰਦਾਜ਼ੀ ਨੂੰ ਇਹ ਕਹਿਕੇ ਜਾਇਜ਼ ਸਿੱਧ ਕੀਤਾ ਗਿਆ ਕਿ ਇਹ 50,000 ਕਿਊਬਨ ਟਰੂਪਾਂ ਦੇ ਅੰਗੋਲਾ ਵਿੱਚ ਦਾਖਲੇ ਵਿਰੁੱਧ ਹੈ। ਪਰ ਜਿਵੇਂ ਕਿ ਬਾਅਦ ਵਿੱਚ ਜੋਨਜ਼ ਹੋਪਕਿਨਜ਼ ਯੂਨੀਵਰਸਿਟੀ ਦੇ ਇਤਿਹਾਸ ਦੇ ਪ੍ਰੋਫੈਸਰ ਪਿਓਰੋ ਗਲੀਜੀਸਸ ਨੇ ਕਿਹਾ ਕਿ ਅਸਲ ਵਿੱਚ ਇਹਦਾ ਉਲਟ ਸਹੀ ਸੀ। ਸੀ.ਆਈ.ਏ. ਦੇ ਦਖਲ ਕਾਰਨ ਕਿਊਬਾ ਨੇ ਦਖਲ ਦਿੱਤਾ ਸੀ। ਅੰਗੋਲਾ ਵਿੱਚ ਮੌਤਾਂ ਦੀ ਗਿਣਤੀ ਦੇ ਤਿੰਨ ਅੰਦਾਜ਼ੇ ਹਨ ਜੋ ਕਿ ਤਿੰਨ ਲੱਖ ਤੋਂ ਸਾਢੇ ਸੱਤ ਲੱਖ ਵਸਨੀਕਾਂ ਦੇ ਹਨ।

ਬੋਲੀਵੀਆ

ਸੱਤਰਵਿਆਂ ਦੇ ਬੋਲੀਵੀਆ ਦੀ ਜਾਬਰ ਹਕੂਮਤ ਦਾ ਕੁਖਿਆਤ ਆਗੂ ਹਿਊਗੋ ਬੈਨਜ਼ਰ ਤਾਂ ਪਨਾਮਾ ਸਥਿਤ ਅਮਰੀਕਾ ਦੇ ਸਕੂਲਾਂ ਵਿੱਚ ਸਿਖਲਾਈ ਪ੍ਰਾਪਤ ਸੀ ਅਤੇ ਜਿਸ ਨੇ 1971 ਵਿੱਚ ਇੱਕ ਕਾਮਯਾਬ ਤਖ਼ਤਾ ਪਲਟ ਕੀਤਾ ਅਤੇ ਬੋਲੀਵੀਆ ਵਿੱਚ ਅਮਰੀਕਾ ਦੀ ਕਠਪੁਤਲੀ ਸਰਕਾਰ ਚਲਾਣੀ ਸ਼ੁਰੂ ਕੀਤੀ। ਬੈਨਜ਼ਰ ਤੋਂ ਪਹਿਲਾਂ ਦੇ ਆਗੂ ਨੇ ‘ਟਿਨ ਦੀਆਂ ਖਾਣਾਂ’ ਦਾ ਕੌਮੀਕਰਨ ਕਰ ਦਿੱਤਾ ਸੀ ਅਤੇ ਮੁਜ਼ਾਹਰਿਆਂ ਵਿੱਚ ਜ਼ਮੀਨ ਵੰਡ ਦਿੱਤੀ ਸੀ ਜੋ ਕਿ ਅਮਰੀਕਾ ਦੇ ਅੱਖੀਂ ਰੜਕ ਰਿਹਾ ਸੀ। ਇਸੇ ਦੇ ਵਿਰੁੱਧ ਅਮਰੀਕਾ ਨੇ ਬੈਨਜ਼ਰ ਹੱਥੋਂ ਹਥਿਆਰਬੰਦ ਤਖ਼ਤਾ ਪਲਟ ਕਰਵਾਇਆ। 1975 ਦੀ ਟਿਨ ਮਜ਼ਦੂਰਾਂ ਦੀ ਇੱਕ ਹੜਤਾਲ ਨੂੰ ਕੁਚਲਣ ਲਈ ਕੀਤੀ ਗਈ ਕਤਲੋਗਾਰਤ ਨੂੰ ਵੇਖ਼ਕੇ ਹੀ ਪਤਾ ਲੱਗ ਜਾਵੇਗਾ ਕਿ ਅਮਰੀਕਾ ਨੇ ਬੋਲੀਵੀਆ ਦਾ ਕੀ ਹਸ਼ਰ ਕੀਤਾ ਸੀ। ਇਸ ਹੜਤਾਲ ਨੂੰ ਕੁਚਲਣ ਲਈ 400 ਦੇ ਕਰੀਬ ਮਜ਼ਦੂਰਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ।

ਕੰਬੋਡੀਆ

ਅਮਰੀਕੀ ਰਾਸ਼ਟਰਪਤੀਆਂ ਜੌਨਸਨ ਅਤੇ ਨਿਕਸਨ ਦੇ ਪ੍ਰਸ਼ਨਕਾਲ ਦੌਰਾਨ ਕੰਬੋਡੀਆ ‘ਤੇ ਕੀਤੀ ਗਈ ਅਮਰੀਕੀ ਬੰਬਾਰੀ ਕੋਈ ਲੁਕੀ ਹੋਈ ਗੱਲ ਨਹੀਂ ਹੈ। ਨਿਕਸਨ ਨੇ ਤਾਂ ਬਾਅਦ ਵਿੱਚ ਇਸ ਬੰਬਾਰੀ ਆਪਰੇਸ਼ਨ ਨੂੰ ਸ਼ਰ੍ਹੇਆਮ ਸ਼ੁਰੂ ਕਰ ਦਿੱਤਾ ਸੀ ਅਤੇ ਜਿਸਦਾ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਵਿਰੋਧ ਵੀ ਹੋਇਆ ਸੀ। ਕੰਬੋਡੀਆ ਵਿੱਚ ਪੋਲ ਪੋਟ ਦੀ ਅਗਵਾਈ ਵਾਲ਼ੀ ਪਾਰਟੀ ਖਮੇਰ ਰੋਗ ਤਾਂ ਲੰਮੇ ਸਮੇਂ ਤੱਕ ਲੱਖਾਂ ਕੰਬੋਡਿਆਈ ਲੋਕਾਂ ਦੇ ਕਤਲਾਂ ਲਈ ਬਦਨਾਮ ਰਹੀ ਅਤੇ ਇਸ ਪਾਰਟੀ ਨੂੰ ਚੁੱਕਣ ਵਾਲ਼ਾ ਅਮਰੀਕਾ ਹੀ ਸੀ।  ਇਸ ਦੇਸ਼ ਵਿੱਚ ਅਮਰੀਕਾ ਨਾ ਸਿਰਫ਼ ਆਪਣੇ ਦੁਆਰਾ ਸਿੱਧੀ ਬੰਬਾਰੀ ਦੌਰਾਨ ਮਾਰੇ ਗਏ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹੈ ਸਗੋਂ ਉਹ ਖਮੇਰ ਰੋਗ ਦੁਆਰਾ ਹੋਏ ਕਤਲਾਂ ਲਈ ਵੀ ਜ਼ਿੰਮੇਵਾਰ ਹੈ ਅਤੇ ਜੋ ਗਿਣਤੀ 25 ਲੱਖ ਮਨੁੱਖੀ ਮੌਤਾਂ ਦੀ ਬਣਦੀ ਹੈ।

ਚੈਡ

1982 ਦੀ ਜੂਨ ਵਿੱਚ ਸੀ ਆਈ ਏ ਦੇ ਪੈਸੇ ਅਤੇ ਹਥਿਆਰਾਂ ਨਾਲ਼ ਚੈਡ ਦੀ ਸੱਤਾ ਵਿੱਚ ਹਿਸੱਨ ਹੇਬਰੇ ਆਇਆ ਜੋ ਕਿ ਅੱਠ ਸਾਲ ਸੱਤਾ ਵਿੱਚ ਰਿਹਾ। ਹੇਬਰੇ ਦੀ ਹਕੂਮਤ ਦੌਰਾਨ ਚਾਲ਼ੀ ਹਜ਼ਾਰ ਲੋਕਾਂ ਨੂੰ, ਜੋ ਉਹਦੀ ਸੱਤਾ ਅਤੇ ਅਮਰੀਕੀ ਬੁੱਤਪ੍ਰਸਤੀ ਦਾ ਵਿਰੋਧ ਕਰਦੇ ਸਨ, ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਇਲਾਵਾ 2,00,000 ਲੋਕਾਂ ਨੂੰ ਤਸੀਹਾ ਕੇਂਦਰਾਂ ਵਿੱਚ ਭਿਅੰਕਰ ਤਸੀਹੇ ਦਿੱਤੇ ਗਏ। ਬੈਲਜਿਅਮ ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਹੇਬਰੇ ‘ਤੇ ਮੁਕਦਮਾ ਹਾਲੇ ਤੱਕ ਚੱਲ ਰਿਹਾ ਹੈ, ਪਰ ਇਹਦਾ ਕੋਈ ਫੈਸਲਾ ਨਹੀਂ ਹੋਇਆ।

ਚਿਲੀ

ਚਿਲੀ ਵਿੱਚ ਅਮਰੀਕੀ ਜਬਰ ਦੀ ਦਾਸਤਾਨ ਤਾਂ ਪਹਿਲਾਂ ਵੀ ਕਈ ਵਾਰ ਸੁਣਾਈ ਜਾ ਚੁੱਕੀ ਹੈ। 1958 ਅਤੇ 64 ਦੀਆਂ ਚੋਣਾਂ ਦੌਰਾਨ ਸੀ ਆਈ ਏ ਨੇ ਚਿਲੀ ਵਿੱਚ ਦਖਲ ਦੇਣਾ ਸ਼ੁਰੂ ਕੀਤਾ। 1970 ਦੀਆਂ ਚੋਣਾਂ ਵਿੱਚ ਸਮਾਜਵਾਦੀ ਆਗੂ ‘ਸਲਵਾਡੋਰ ਐਲਾਂਡੇ’ ਚਿਲੀ ਦਾ ਰਾਸ਼ਟਰਪਤੀ ਬਣਿਆ। ਐਲਾਂਡੇ ਦਾ ਅਮਰੀਕਾ ਵਿਰੋਧੀ ਰੁੱਖ ਸੀ.ਆਈ.ਏ. ਪਹਿਲਾਂ ਤੋਂ ਹੀ ਜਾਣਦੀ ਸੀ। 11 ਸਤੰਬਰ 1973 ਨੂੰ ਐਲਾਂਡੇ ਦੀ ਮੌਤ ਹੋ ਜਾਂਦੀ ਹੈ। ਜਿਸਨੂੰ ਆਤਮ-ਹੱਤਿਆ ਐਲਾਨਿਆ ਜਾਂਦਾ ਹੈ ਜੋ ਕਿ ਅਸਲ ਵਿੱਚ ਸੀ.ਆਈ.ਏ. ਵੱਲੋਂ ਉਹਦਾ ਕਤਲ ਸੀ। ਐਲਾਂਡੇ ਤੋਂ ਬਾਅਦ ਜਨਰਲ ਪਿਨੋਛੇ ਨੂੰ ਸੀ.ਆਈ.ਏ. ਦੁਆਰਾ ਗੱਦੀ ‘ਤੇ ਬਿਠਾ ਦਿੱਤਾ ਜਾਂਦਾ ਹੈ। ਪਿਨੋਛੇ ਦੇ ਦਹਿਸ਼ਤ ਭਰਪੂਰ ਰਾਜ ਦੌਰਾਨ 3000 ਚਿਲੀਵਾਸੀ ਜਾਂ ਤਾਂ ਮਾਰੇ ਗਏ ਅਤੇ ਜਾਂ ਫਿਰ ਗਾਇਬ ਕਰ ਦਿੱਤਾ ਗਏ।

ਕੋਲੰਬੀਆ

1960 ਤੋਂ ਕੋਲੰਬੀਆ ਦੀ ਸੱਤਾ ਅੱਜ ਤੱਕ ਅਮਰੀਕਾ ਦੀ ਕਠਪੁਤਲੀ ਸਰਕਾਰ ਹੱਥ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ 1960 ਤੋਂ ਹੁਣ ਤੱਕ ਅਮਰੀਕੀ ਥਾਪੀ ਪ੍ਰਾਪਤ ਕੋਲੰਬੀਆ ਦੀ ਸੱਤ੍ਹਾ ਦੀ ਦਹਿਸ਼ਤਗਰਦੀ ਕਾਰਨ ਕੋਈ 67,000 ਮੌਤਾਂ ਹੋ ਚੁੱਕੀਆਂ ਹਨ। 1994 ਵਿੱਚ ਐਮਨੇਸਟੀ ਇੰਟਰਨੈਸ਼ਨਲ ਨੇ ਇੱਕ ਰਿਪੋਰਟ ਪੇਸ਼ ਕੀਤੀ ਜਿਸ ਅਨੁਸਾਰ 1986 ਤੱਕ ਕੋਲੰਬੀਆ ਵਿੱਚ ਸਿਆਸੀ ਕਾਰਨਾਂ ਕਰਕੇ 20,000 ਲੋਕਾਂ ਦਾ ਕਤਲ ਕੀਤਾ ਜਾ ਚੁੱਕਾ ਸੀ। ਇੰਨਾ ਹੀ ਨਹੀਂ ਐਮਨੈਸਟੀ ਨੇ ਆਪਣੀ ਰਿਪੋਰਟ ਵਿੱਚ ਦੋਸ਼ ਲਾਇਆ, ”ਅਮਰੀਕੀ ਫ਼ੌਜੀ ਸਾਜ਼ੋ-ਸਮਾਨ ਜੋ ਕਿ ਨਸ਼ਾ ਤਸਕਰਾਂ ਵਿਰੁੱਧ ਭੇਜੇ ਗਏ ਸਨ, ਕੋਲੰਬੀਆਈ ਫ਼ੌਜ ਦੁਆਰਾ ‘ਬਗ਼ਾਵਤ ਨੂੰ ਕੁਚਲਣ’ ਲਈ ਵਰਤੋਂ ਵਿੱਚ ਲਿਆਂਦੇ ਗਏ।” 2002 ਵਿੱਚ ਐਮਨੈਸਟੀ ਦਾ ਕਹਿਣਾ ਸੀ ਕਿ ਅੰਦਾਜ਼ੇ ਮੁਤਾਬਕ ਅਮਰੀਕੀ ਫੰਡਾਂ ਨਾਲ਼ ਚੱਲ ਰਿਹਾ ਕੋਲੰਬੀਆ ਗ੍ਰਹਿ-ਯੁੱਧ ਹਰ ਸਾਲ ਔਸਤਨ 3500 ਮਨੁੱਖੀ ਜਾਨਾਂ ਨਿਗਲ਼ ਜਾਂਦਾ ਹੈ।

ਕਿਊਬਾ

18 ਅਪ੍ਰੈਲ 1961 ਨੂੰ ਅਮਰੀਕੀ ਫ਼ੌਜਾਂ ਦੁਆਰਾ ਕਿਊਬਾ ‘ਤੇ ਹਮਲਾ ਕੀਤਾ ਗਿਆ ਜੋ ਤਿੰਨ ਦਿਨ ਚੱਲਿਆ ਅਤੇ ਅਮਰੀਕੀਆਂ ਨੂੰ ਵਾਪਸ ਜਾਣਾ ਪਿਆ ਪਰ ਇਹਨਾਂ ਤਿੰਨ ਦਿਨਾਂ ਵਿੱਚ ਹੀ ਕਿਊਬਾ ਦੇ 2000 ਤੋਂ 4000 ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨਾਗਰਿਕ ਮੌਤਾਂ ਇਹਨਾਂ ਤੋਂ ਇਲਾਵਾ ਅੱਡਰੀਆਂ ਹੋਈਆਂ ਸਨ।

ਡੋਮੀਨੀਕਨ ਰਿਪਬਲਿਕ

1962 ਵਿੱਚ ਜੂਆਨ ਬੋਚ ਡੋਮੀਨੀਕਨ ਰਿਪਬਲਿਕ ਦਾ ਰਾਸ਼ਟਰਪਤੀ ਬਣਿਆ। ਬੋਚ ਨੇ ਨਾ ਸਿਰਫ਼ ਅਮਰੀਕਾ ਦਾ ਵਿਰੋਧ ਕੀਤਾ ਸਗੋਂ ਉਹਨੇ ਭੂਮੀ-ਸੁਧਾਰ ਅਤੇ ਹੋਰ ਲੋਕ-ਭਲਾਈ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ। ਇਸ ਵਕਾਲਤ ਨੇ ਉਹਦੇ ਅਮਰੀਕਾ ਨਾਲ਼ ਸਬੰਧ ਖ਼ਰਾਬ ਕਰ ਦਿੱਤੇ। ਅਗਲੇ ਸੱਤ ਮਹੀਨਿਆਂ ਵਿੱਚ ਹੀ ਸੀ.ਆਈ.ਏ. ਨੇ ਉਸ ਨੂੰ ਗੱਦੀਓਂ ਲਾਹ ਦਿੱਤਾ। 1965 ਵਿੱਚ ਜਦ ਇੱਕ ਗਰੁੱਪ ਨੇ ਬੋਚ ਨੂੰ ਫਿਰ ਤੋਂ ਰਾਸ਼ਟਰਪਤੀ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ 22,000 ਅਮਰੀਕੀ ਫ਼ੌਜ ਨੇ ਡੋਮੀਨੀਕਨ ਰਿਪਬਲਿਕ ਵਿੱਚ ਵਿਦੇਸ਼ੀਆਂ ਦੀ ਰੱਖਿਆ ਦਾ ਪੱਜ ਬਣਾਕੇ ਹਮਲਾ ਬੋਲ ਦਿੱਤਾ ਅਤੇ ਇਸ ਲੜਾਈ ਦੌਰਾਨ 3,000 ਡੋਮੀਲੀਕਨ ਮਾਰੇ ਗਏ।

ਪੂਰਬੀ ਤਿਮੋਰ

ਦਸੰਬਰ 1975 ਵਿੱਚ ਇੰਡੋਨੇਸ਼ੀਆ ਨੇ ਪੂਰਬੀ ਤਿਮੋਰ ‘ਤੇ ਹਮਲਾ ਕੀਤਾ। ਇਹ ਤਦ ਵਾਪਰਿਆ ਜਦ ਅਮਰੀਕੀ ਰਾਸ਼ਟਰਪਤੀ ਗੇਰਾਲ਼ ਫੋਰਡ ਅਤੇ ਸਟੇਟ ਸੈਕਟਰੀ ਹੈਨਰੀ ਕਿਸਿੰਗਰ ਨੇ ਇੰਡੋਨੇਸ਼ੀਆ ਆ ਕੇ ਰਾਸ਼ਟਰਪਤੀ ਸੁਹਾਰਤੋ ਨੂੰ ਅਮਰੀਕੀ ਹਥਿਆਰ ਵਰਤਣ ਦੀ ਆਗਿਆ ਦਿੱਤੀ ਉਹਨਾਂ ਦੇ ਵਾਪਸ ਪਰਤਣ ਤੋਂ ਅਗਲੇ ਹੀ ਦਿਨ ਇੰਡੋਨੇਸ਼ੀਆ ਨੇ ਪੂਰਬੀ ਤਿਮੋਰ ‘ਤੇ ਚੜ੍ਹਾਈ ਕਰ ਦਿੱਤੀ। ਸਿੱਟੇ ਵਜੋਂ ਪੂਰਬੀ ਤਿਮੋਰ ਜਿਹਦੀ ਅਬਾਦੀ ਸੱਤ ਲੱਖ ਸੀ, ਵਿੱਚੋਂ ਦੋ ਲੱਖ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੋਲਾਂ ਸਾਲਾਂ ਬਾਅਦ 12 ਨਵੰਬਰ 1991 ਨੂੰ ਅਮਰੀਕੀ ਸਿਖਲਾਈ ਪ੍ਰਾਪਤ ਪਰਾਬੋਵੋ ਸੁਬਿਆਨਤੋ (ਸੁਹਾਰਤੋ ਦਾ ਜਵਾਈ) ਨੇ ਦਿਲੀ ਵਿੱਚ ਮੁਜ਼ਾਹਰਾ ਕਰ ਰਹੇ ਪੂਰਬੀ ਤਿਮੋਰੀਆਂ ‘ਤੇ ਗੋਲੀ ਚਲਵਾ ਦਿੱਤੀ ਅਤੇ ਸਿੱਟੇ ਵਜੋਂ 217 ਪੂਰਬੀ ਤਿਮੋਰੀ ਮਾਰੇ ਗਏ ਅਤੇ ਮਰੇ ਹੋਇਆਂ ਦੀਆਂ ਲਾਸ਼ਾਂ ਟਰੱਕਾਂ ਵਿੱਚ ਭਰਕੇ ਸਮੁੰਦਰ ਵਿੱਚ ਸੁੱਟ ਦਿੱਤੀਆਂ ਗਈਆਂ।

ਅਲ ਸਲਵਾਡੋਰ

1981 ਤੋਂ 1992 ਤੱਕ ਚੱਲਣ ਵਾਲ਼ੀ ਅਲ ਸਲਵਾਡੋਰ ਦਾ ਗ੍ਰਹਿ-ਯੁੱਧ ਅਮਰੀਕਾ ਦੁਆਰਾ ਦਿੱਤੇ ਛੇ ਬਿਲੀਅਨ ਡਾਲਰਾਂ ਦੁਆਰਾ ਚਲਾਇਆ ਗਿਆ। ਇਹ ਸਭ ਇਸ ਲਈ ਕਿ ਅਲ ਸਲਵਾਡੋਰ ਦੀ ਅਮਰੀਕਾ-ਪ੍ਰਸਤ ਸੱਤਾ ਵਿਰੁੱਧ ਲੋਕ ਵਿਰੋਧ ਪ੍ਰਗਟ ਕਰ ਰਹੇ ਸਨ। ਅਲ ਸਲਵਾਡੋਰ ਦੇ ਫ਼ੌਜੀਆਂ ਨੂੰ ਨਾ ਸਿਰਫ਼ ਫੌਜੀ ਇਮਦਾਦ ਦਿੱਤੀ ਗਈ ਸਗੋਂ ਪਨਾਮਾ ਸਥਿਤ ਕਈ ਅਮਰੀਕੀ ਸਿਖਲਾਈ ਕੈਂਪਾਂ ਵਿੱਚ ਉਹਨਾਂ ਨੂੰ ਤਸੀਹਿਆਂ ਦੀ ਖਾਸ ਸਿਖਲਾਈ ਦਿੱਤੀ ਗਈ। 1981 ਵਿੱਚ ਹੀ ਅਲ ਮੋਜ਼ੋਟੇ ਪਿੰਡ ਵਿੱਚ 900 ਪੇਂਡੂਆਂ ਨੂੰ ਮਾਰ ਦਿੱਤਾ ਗਿਆ ਪਰ ਇਹ ਪੂਰੇ ਗ੍ਰਹਿ-ਯੁੱਧ ਦੌਰਾਨ ਮਾਰੇ ਗਏ ਤਕਰੀਬਨ 75,000 ਲੋਕਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੀ।

ਗਰੇਨਾਡਾ- 1979 ਵਿੱਚ ਮੌਰਸ ਬਿਸ਼ਪ ਰਾਸ਼ਟਰਪਤੀ ਬਣੇ। ਅਮਰੀਕਾ ਵੱਲੋਂ ਕਿਊਬਾ ਦਾ ਬਾਈਕਾਟ ਦਾ ਸੱਦਾ ਉਹਨਾਂ ਪ੍ਰਵਾਨ ਨਾ ਕੀਤਾ। ਇਸੇ ਕਾਰਨ 25 ਅਕਤੂਬਰ 1983 ਨੂੰ ਅਮਰੀਕੀ ਫ਼ੌਜੀ ਦਖ਼ਲ ਨੇ ਉਸਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਇਸ ਹਮਲੇ ਵਿੱਚ 277 ਲੋਕ ਮਾਰੇ ਗਏ।

ਗੁਆਂਟੇਮਾਲਾ- 1951 ਵਿੱਚ ਜੈਕੋਬੋ ਅਰਬੇਨਜ਼ ਗੁਆਂਟੇਮਾਲਾ ਦਾ ਰਾਸ਼ਟਰਪਤੀ ਬਣਿਆ ਅਤੇ ਆਉਂਦੇ ਹੀ ਉਹਨੇ ਅਮਰੀਕੀ ਯੂਨਾਈਟਡ ਫਰੂਟ ਕੰਪਨੀ ਦੀਆਂ ਮਨਮਾਨੀਆਂ ‘ਤੇ ਨਾ ਸਿਰਫ਼ ਰੋਕ ਲਗਾਈ ਸਗੋਂ ਜੁਰਮਾਨਿਆਂ ਲਈ ਮਜਬੂਰ ਕੀਤਾ। ਸਿੱਟੇ ਵਜੋਂ ਕੰਪਨੀ ਨੇ ਸੀ.ਆਈ.ਏ ਨਾਲ਼ ਮਿਲ਼ਕੇ ਅਰਬੇਨਜ਼ ਨੂੰ ਗੱਦੀਓਂ ਲਾਹਕੇ ਦੇਸ਼ ਛੱਡਣ ਲਈ ਮਜ਼ਬੂਰ ਕਰ ਦਿੱਤਾ। ਅਗਲੇ 40 ਸਾਲਾਂ ਵਿੱਚ ਅਨੇਕਾਂ ਕਠਪੁਤਲੀ ਸਰਕਾਰਾਂ ਨੇ ਹਜ਼ਾਰਾਂ ਲੋਕ ਮਾਰੇ। 1999 ਵਿੱਚ ‘ਵਾਸ਼ਿੰਗਟਨ ਪੋਸਟ’ ਨੇ ਇੱਕ ਰਿਪੋਰਟ ਵਿੱਚ ਦੱਸਿਆ ਕਿ ਹਿਸਟੋਰੀਕਲ ਕਲਾਸਿਫਿਕੇਸ਼ਨ ਕਮਿਸ਼ਨ ਮੁਤਾਬਕ ਹੁਣ ਤੱਕ ਗ੍ਰਹਿ-ਯੁੱਧ ਵਿੱਚ 2,00,000 ਲੋਕ ਮਾਰੇ ਗਏ ਹਨ ਅਤੇ 42,000 ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਪਾਏ ਗਏ ਹਨ, ਜਿਹਨਾਂ ਵਿੱਚੋਂ 92% ਫੌਜ ਵੱਲੋਂ ਕੀਤੇ ਗਏ ਸਨ। ਕਮਿਸ਼ਨ ਨੇ ਹੋਰ ਅੱਗੇ ਲਿਖਿਆ ਕਿ ਅਮਰੀਕੀ ਸਰਕਾਰ ਅਤੇ ਸੀ ਆਈ ਏ ਨੇ ਗੁਆਂਟੇਮਾਲਾ ਸਰਕਾਰ ‘ਤੇ ਗੁਰੀਲਾ ਲਹਿਰ ਨੂੰ ਬੇਕਿਰਕੀ ਨਾਲ਼ ਕੁਚਲਣ ਲਈ ਵੀ ਪੂਰਾ ਦਬਾਅ ਪਾਇਆ।

ਹੈਤੀ -1957 ਤੋਂ 86 ਤੱਕ ਪਾਪਾ ਡੋਕ ਡੁਵੇਲਰ ਅਤੇ ਬਾਅਦ ਵਿੱਚ ਉਹਦੇ ਪੁੱਤਰ ਦੀ ਹੈਤੀ ਉੱਪਰ ਹਕੂਮਤ ਰਹੀ। ਪਾਪਾ ਡੋਕ ਦਾ ਸੀ.ਆਈ.ਏ ਪ੍ਰੇਮ ਕੋਈ ਛੁਪੀ ਹੋਈ ਚੀਜ਼ ਨਹੀਂ ਹੈ। ਪਰ ਫਿਰ ਵੀ ਸੀ.ਆਈ.ਏ ਵੱਲੋਂ ਇਜ਼ਰਾਈਲ ਰਾਹੀਂ ਪਾਪਾ ਡੋਕ ਕਈ ਮਿਲਿਅਨਾਂ ਡਾਲਰਾਂ ਦੀ ਸਬਸਿਡੀ ਦਿੱਤੀ ਜਾਂਦੀ ਰਹੀ ਜਿਸ ਨੂੰ ਕਿ ਪਾਪਾ ਡੋਕ ਨੇ ਲੋਕ ਲਹਿਰਾਂ ਕੁਚਲਣ ਲਈ ਵਰਤਿਆ। ਪਾਪਾ ਡੋਕ ਦੀ ਹਕੂਮਤ ਦੌਰਾਨ ਇੱਕ ਅੰਦਾਜ਼ੇ ਮੁਤਾਬਕ ਤੀਹ ਹਜ਼ਾਰ ਤੋਂ ਇੱਕ ਲੱਖ ਤੱਕ ਲੋਕ ਮਾਰੇ ਗਏ ਸਨ।

ਹੋਂਡਰਸ ਵਿੱਚ ਇਸੇ ਤਰਾਂ ਅੱਸੀਵਿਆਂ ਵਿੱਚ ਸੀ ਆਈ ਏ ਨੇ ‘ਬਟਾਲਿਅਨ 316’ ਪੈਸਾ ਦੇਣਾ ਸ਼ੁਰੂ ਕੀਤਾ ਜੋ ਕਿ ਹਕੂਮਤ ਵਿਰੋਧੀਆਂ ਨੂੰ ਅਗਵਾ ਕਰਨ, ਤਸੀਹੇ ਦੇਣ ਅਤੇ ਕਤਲ ਕਰਨ ਲਈ ਮਸ਼ਹੂਰ ਸੀ। ਲਗਭਗ 400 ਲੋਕਾਂ ਨੇ ਆਪਣੀਆਂ ਜਾਨਾਂ ਇਸ ਹਕੂਮਤ ਹੱਥੋਂ ਗਵਾਈਆਂ।

ਇੰਡੋਨੇਸ਼ੀਆ ਵਿੱਚ 1965 ਵਿੱਚ ਜਨਰਲ ਸੁਕਾਰਨੋ ਦਾ ਹਥਿਆਰਬੰਦ ਤਖ਼ਤਾ ਪਲਟ ਕਰਕੇ ਜਨਰਲ ਸੁਹਾਰਤੋ ਗੱਦੀ ‘ਤੇ ਬੈਠਾ। ਇੰਡੋਨੇਸ਼ੀਆ ਵਿਚਲੇ ਅਮਰੀਕੀ ਦੂਤਾਵਾਸ ਦੇ ਸਾਬਕਾ ਅਫ਼ਸਰ ਰਾਬਰਟ ਮਾਰਟਨਜ਼ ਦੱਸਦਾ ਹੈ ਕਿ ਸੁਹਾਰਤੋ ਦੀ ਫ਼ੌਜ ਦੇ ਕਾਤਲ ਦਸਤੇ ਨੂੰ 5,000 ਲੋਕਾਂ ਦੀ ਇੱਕ ਸੂਚੀ ਫੜਾਈ। ਉਸ ਤੋਂ ਬਾਅਦ ਜੋ ਵਾਪਰਿਆ ਉਸ ਬਾਰੇ ਸੰਸਾਰ ਜਾਣਦਾ ਹੈ। ਕਮਿਊਨਿਸਟ ਹਮਾਇਤੀ ਲੋਕਾਂ ਦਾ ਵੱਡੇ ਪੱਧਰ ‘ਤੇ ਘਾਣ ਕੀਤਾ ਗਿਆ। ਅੰਦਾਜ਼ੇ ਪੰਜ ਲੱਖ ਤੋਂ ਤੀਹ ਲੱਖ ਲੋਕਾਂ ਦੀ ਮੌਤ ਦੇ ਹਨ।

ਇਰਾਨ ਨੇ 1980 ਤੋਂ 88 ਤੱਕ ਅਮਰੀਕਾ ਵੱਲੋਂ ਥੋਪੀ ਜੰਗ ਵਿੱਚ ਆਪਣੇ 2,62,000 ਲੋਕਾਂ ਨੇ ਜਾਨ ਗਵਾਈ।

ਇਰਾਕ ਜੰਗ ਬਾਰੇ ਤਾਂ ਅੱਜ ਹਰ ਕੋਈ ਜਾਣਦਾ ਹੈ। ਪਰ ਇਹ ਜੰਗ ਹੁਣ ਦੀ ਸ਼ੁਰੂ ਨਹੀਂ ਹੋਈ। ਅਮਰੀਕਾ ਦੁਆਰਾ ਉਤਸ਼ਾਹਤ ਇਰਾਕ-ਇਰਾਨ ਜੰਗ ਵਿੱਚ 1980-88 ਦੌਰਾਨ ਵਾਸ਼ਿੰਗਟਨ ਪੋਸਟ ਮੁਤਾਬਕ 10,5,000 ਇਰਾਕੀ ਮਾਰੇ ਗਏ। ਫਿਰ 17 ਜਨਵਰੀ 1991 ਵਿੱਚ ਹਵਾਈ ਹਮਲਾ ਕੀਤਾ ਗਿਆ ਜੋ 42 ਦਿਨ ਚੱਲਿਆ ਜਿਸ ਵਿੱਚ ਦੋ ਲੱਖ ਇਰਾਕੀ ਮਾਰੇ ਗਏ ਅਤੇ ਕੋਈ 400 ਟਨ ਖ਼ਰਾਬ ਯੂਰੇਨੀਅਮ ਉੱਥੇ ਹੀ ਛੱਡ ਦਿੱਤਾ ਗਿਆ। 1995 ਵਿੱਚ ਸੰਯੁਕਤ ਰਾਸ਼ਟਰ ਦੀ ਖ਼ੁਰਾਕ ਅਤੇ ਖੇਤੀ ਜਥੇਬੰਦੀ ਨੇ ਰਿਪੋਰਟ ਦਿੱਤੀ ਜਿਸ ਮੁਤਾਬਕ 1990 ਤੋਂ 95 ਤੱਕ ਸੰਯੁਕਤ ਰਾਸ਼ਟਰ ਦੀਆਂ ਇਰਾਕ ਵਿਰੁੱਧ ਪਬੰਦੀਆਂ ਇਰਾਕ ਵਿੱਚ 56,000 ਬੱਚਿਆਂ ਦੀ ਮੌਤ ਦਾ ਕਾਰਨ ਬਣੀਆਂ। 1999 ਵਿੱਚ ਯੁਨੀਸੈਫ ਦੀ ਰਿਪੋਰਟ ਮੁਤਾਬਕ 5,000 ਬੱਚੇ ਰੋਜ਼ਾਨਾ ਜੰਗ ਅਤੇ ਪਬੰਦੀਆਂ ਕਾਰਨ ਮਰਦੇ ਸਨ। ਅਮਰੀਕਾ ਦੀਆਂ ਫ਼ੌਜੀ ਮੁਹਿੰਮਾਂ ਵਿੱਚੋਂ ਇਰਾਕ ਜੰਗ ਸਭ ਤੋਂ ਵੱਧ ਘਾਤਕ ਜੰਗਾਂ ਵਿੱਚੋਂ ਇੱਕ ਹੈ। ਜੌਨ ਹੋਪਕਿਨਜ਼ ਖੋਜਕਾਰਾਂ ਮੁਤਾਬਕ 2001 ਤੋਂ ਹੁਣ ਤੱਕ ਇਰਾਕ ਵਿੱਚ ਚੱਲ ਰਹੀ ਅਮਰੀਕੀ ਜੰਗ ਅਤੇ ਦਖ਼ਲ-ਅੰਦਾਜ਼ੀ ਕਾਰਨ 6,54,000 ਮੌਤਾਂ ਹੋਈਆਂ।

ਇਜ਼ਰਾਈਲ-ਫ਼ਲੀਸਤੀਨ ਜੰਗ

ਇਜ਼ਰਾਈਲ ਦੀ ਅਮਰੀਕੀ ਸਰਪ੍ਰਸਤੀ ਨੂੰ ਕੋਈ ਲੁਕੀ ਗੱਲ ਨਹੀਂ ਹੈ ਅਤੇ ਇਜ਼ਰਾਈਲ ਦੁਆਰਾ ਫ਼ਲੀਸਤੀਨ ਦਾ ਘਾਣ ਵੀ ਕੋਈ ਲੁਕਿਆ ਹੋਇਆ ਨਹੀਂ ਹੈ। ਇਕੱਲੀ ਇਸੇ ਜੰਗ ਵਿੱਚ ਹੁਣ ਤੱਕ ਦੋ ਲੱਖ ਲੋਕ ਆਪਣੀ ਜਾਨ ਗਵਾ ਬੈਠੇ ਹਨ।

ਉੱਤਰੀ ਅਤੇ ਦੱਖਣੀ ਕੋਰੀਆ

ਕੋਰੀਆ ਯੁੱਧ 1950 ਵਿੱਚ ਸ਼ੁਰੂ ਹੋਇਆ ਅਤੇ ਇਸ ਚੱਲ ਰਹੇ ਯੁੱਧ ਵਿੱਚ ਨੱਕ ਫਸਾਉਣ ਲਈ ਅਮਰੀਕਾ ਇੰਨਾ ਕਾਹਲ਼ਾ ਸੀ ਕਿ ਉਸ ਨੇ ਸੰਯੁਕਤ ਰਾਸ਼ਟਰ ਵੱਲੋਂ ਆਪਣੇ ਹੱਕ ਵਿੱਚ ਮਤਾ ਪਾਸ ਹੋਣ ਦੀ ਵੀ ਉਡੀਕ ਨਹੀਂ ਕੀਤੀ। ਇਸ ਯੁੱਧ ਵਿੱਚ ਅਮਰੀਕਾ ਨੇ ਪਹਿਲੀ ਵਾਰ ਨਾਪਾਮ ਬੰਬਾਂ ਦੀ ਵਰਤੋਂ ਕੀਤੀ। ਜਿਸ ਵਿੱਚ ਉੱਤਰੀ, ਦੱਖਣੀ ਕੋਰੀਆ ਅਤੇ ਚੀਨ ਤਿੰਨਾਂ ਮੁਲਕਾਂ ਦੇ 45 ਲੱਖ ਲੋਕਾਂ ਦਾ ਘਾਣ ਕੀਤਾ ਗਿਆ। ਜਿਸ ਵਿੱਚੋਂ ਨੌਂ ਲੱਖ ਚੀਨ ਦੇ ਸਨ, ਇੱਕ ਰਿਪੋਰਟ ਮੁਤਾਬਕ ਕੋਰੀਆ ਦੇ ਮਰਨ ਵਾਲ਼ਿਆਂ ਫ਼ੌਜੀਆਂ ਦੀ ਗਿਣਤੀ ਪੰਜ ਲੱਖ ਸੀ।

ਲਾਓਸ

1965 ਤੋਂ 73 ਤੱਕ ਦੇ ਵੀਅਤਨਾਮੀ ਯੁੱਧ ਦੌਰਾਨ ਅਮਰੀਕਾ ਨੇ ਲਾਓਸ ਉੱਤੇ ਵੀਹ ਲੱਖ ਟਨ ਬੰਬ ਸੁੱਟੇ। ਲਾਓਸ ਦੀ ਚੌਥੇ ਹਿੱਸੇ ਤੋਂ ਵੱਧ ਅਬਾਦੀ ਰਿਫਿਊਜੀ ਬਣਾ ਦਿੱਤੀ ਗਈ ਸੀ। ਇਸ ਨੂੰ ਬਾਅਦ ਵਿੱਚ ‘ਗੁਪਤ ਯੁੱਧ’ ਵੀ ਕਿਹਾ ਜਾਣ ਲੱਗਿਆ ਕਿਉਂਕਿ ਚੱਲ ਰਹੇ ਵੀਅਤਨਾਮੀ ਯੁੱਧ ਕਾਰਨ ਇਸ ਨੂੰ ਪ੍ਰੈਸ ਵਿੱਚ ਬਹੁਤ ਘੱਟ ਹੀ ਥਾਂ ਮਿਲ਼ੀ ਜਦਕਿ ਲਾਓਸ ਵਿੱਚ ਇਸ ਸਮੇਂ ਦੌਰਾਨ ਦੋ ਲੱਖ ਮੌਤਾਂ ਹੋਈਆਂ ਸਨ।

ਨੇਪਾਲ

ਨੇਪਾਲ ਵਿੱਚ 1996 ਤੋਂ ਸ਼ੁਰੂ ਹੋਏ ਲੋਕ-ਯੁੱਧ ਵਿੱਚ ਕੋਈ 12,000 ਹਜ਼ਾਰ ਨੇਪਾਲੀ ਮਾਰੇ ਗਏ। ਨੇਪਾਲੀ ਸੱਤਾ ਨੂੰ ਹਮੇਸ਼ਾ ਹੀ ਅਮਰੀਕਾ ਦੀ ਪੂਰੀ ਸ਼ੀਹ ਰਹੀ ਹੈ। 2002 ਵਿੱਚ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਨੇਪਾਲੀ ਸਰਕਾਰ ਦੀ ਮਦਦ ਲਈ ਕਾਂਗਰਸ ਵਿੱਚ ਦੋ ਕਰੋੜ ਡਾਲਰਾਂ ਦੀ ਫ਼ੌਜੀ ਇਮਦਾਦ ਮਨਜ਼ੂਰ ਕੀਤੀ ਸੀ।

ਫਿਲਿਪੀਨਜ਼ ਕੋਈ ਇੱਕ ਸੌ ਸਾਲ ਅਮਰੀਕਾ ਦੇ ਕੰਟਰੋਲ ਵਿੱਚ ਰਿਹਾ ਹੈ ਅਤੇ ਉੱਥੇ ਹਰ ਤਰਾਂ ਦੀ ਲੋਕ ਲਹਿਰ ਨੂੰ ਕੁਚਲਣ ਲਈ ਅਮਰੀਕਾ ਨੇ ਹਮੇਸ਼ਾ ਮੌਕੇ ਦੀ ਹਕੂਮਤ ਦੀ ਦਿਲ ਖੋਲਕੇ ਮਦਦ ਕੀਤੀ ਹੈ। 1969 ਦੀ ਸਿਮਿੰਗਟਨ ਕਮੇਟੀ ਨੇ ਵੀ ਅਮਰੀਕਾ ਦੁਆਰਾ ਦਿੱਤੀ ਜਾ ਰਹੀ ਇਸ ਫ਼ੌਜੀ ਮਦਦ ਦਾ ਪਰਦਾ ਚਾਕ ਕੀਤਾ ਸੀ। ਫਿਲਿਪੀਨਜ਼ ਵਿੱਚ ਅਮਰੀਕਾ ਦੀ ਸਰਪ੍ਰਸਤੀ ਵਾਲ਼ੀਆਂ ਸਰਕਾਰਾਂ ਵੱਲੋਂ ਕੁੱਲ ਕਿੰਨੀ ਕਤਲੋਗਾਰਤ ਕੀਤੀ ਗਈ ਹੋਵੇਗੀ ਇਸ ਗੱਲ ਦਾ ਅੰਦਾਜ਼ਾ ਸਿਰਫ਼ ਇੱਥੋਂ ਹੀ ਲੱਗ ਸਕਦਾ ਹੈ ਕਿ ਰਾਸ਼ਟਰਪਤੀ ਫ਼ਰਨੈਂਡੋ ਮਾਰਕੋਜ਼ ਦੀ ਹਕੂਮਤ 1965 ਤੋਂ 86 ਦੌਰਾਨ ਇੱਕ ਲੱਖ ਲੋਕਾਂ ਨੂੰ ਜ਼ਿੰਦਗੀ ਤੋਂ ਮਹਿਰੂਮ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਸੁਡਾਨ ਵਿੱਚ 1995 ਤੋਂ 2003 ਤੱਕ ਤਕਰੀਬਨ 20 ਲੱਖ ਲੋਕਾਂ ਦਾ ਘਾਣ ਗ੍ਰਹਿ-ਯੁੱਧ ਕਾਰਨ ਹੋਇਆ। ਵੀਅਤਨਾਮ ਯੁੱਧ ਵਿੱਚ ਅਮਰੀਕਾ ਨੂੰ ਭਾਵੇਂ ਕਮਿਊਨਿਸਟਾਂ ਹੱਥੋਂ ਮੂੰਹ ਦੀ ਖਾਣੀ ਪਈ ਪਰ ਫਿਰ ਵੀ ਇਸ ਵਿੱਚ 51 ਲੱਖ ਵੀਅਤਨਾਮੀਆਂ ਦਾ ਘਾਣ ਕੀਤਾ ਗਿਆ। ਯੁਗੋਸਲਾਵੀਆ ਵਿੱਚ ਬੋਸਨੀਆ, ਕਰਾਜੀਨਾ, ਕਰੋਸ਼ੀਆ ਅਤੇ ਕੋਸੋਵੋ ਵਿਚਲੇ ਯੁੱਧ ‘ਚ ਹੋਈਆਂ ਕੁੱਲ ਮੌਤਾਂ ਦੀ ਗਿਣਤੀ ਇੱਕ ਲੱਖ ਸੱਤ ਹਜ਼ਾਰ ਦੇ ਨੇੜੇ ਢੁਕਦੀ ਹੈ।

ਇੱਕ ਗੱਲ ਜੋ ਉਪਰੋਕਤ ਸਾਰੇ ਦੇਸ਼ਾਂ ਵਿੱਚ ਸਾਂਝੀ ਦੇਖਣ ਨੂੰ ਮਿਲ਼ਦੀ ਹੈ ਕਿ ਇਹ ਸਾਰੇ ਦੇਸ਼ ਉਹ ਸਨ ਜੋ ਸਮਾਜਵਾਦੀ ਚੀਨ ਜਾਂ ਰੂਸ ਤੋਂ ਪ੍ਰਭਾਵਤ ਹੋਏ ਸਨ ਅਤੇ ਇੱਥੋਂ ਦੀਆਂ ਲੋਕ ਲਹਿਰਾਂ ‘ਤੇ ਵੀ ਜ਼ਿਆਦਾਤਰ ਅੱਡ-ਅੱਡ ਵਿਚਾਰਾਂ ਦੇ ਸਮਾਜਵਾਦੀ ਜਾਂ ਨਿਰੋਲ ਕਮਿਊਨਿਸਟ ਹਾਵੀ ਸਨ। ਇਹ ਸਮਕਾਲੀ ਲਹਿਰਾਂ ਸਮੇਂ ਦੀਆਂ ਸਰਕਾਰਾਂ ਵਿਰੁੱਧ, ਸਾਮਰਾਜ ਵਿਰੁੱਧ ਇੱਕ ਵੱਡੀ ਲਲਕਾਰ ਸਨ। ਰੂਸ ਅਤੇ ਚੀਨ ਵਿਚਲੇ ਸਮਾਜਵਾਦ ਤੋਂ ਅਮਰੀਕੀ ਸਾਮਜਰਾਜ ਬੁਰੀ ਤਰਾਂ ਡਰਦਾ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਇਹ ‘ਵਾਇਰਸ’ ਹੋਰਨਾਂ ਦੇਸ਼ਾਂ ਵਿੱਚ ਵੀ ਪੈਰ ਪਸਾਰੇ। ਸੋ, ਉਹਨੇ ਹਰ ਹੀਲੇ ਇਹਨਾਂ ਲਹਿਰਾਂ ਨੂੰ ਕੁਚਲਣ ਦੀ ਹੀ ਕੀਤੀ ਅਤੇ ਨਾਲ਼ ਹੀ ਇਹਨਾਂ ਦੇਸ਼ਾਂ ਵਿੱਚ ਆਪਣੇ ਫ਼ੌਜੀ ਟਿਕਾਣੇ ਵੀ ਪੱਕੇ ਕੀਤੇ, ਭਾਵੇਂ ਇਸ ਸਭ ਲਈ ਅਮਰੀਕੀ ਸਾਮਰਾਜ ਨੂੰ ਤਿੰਨ ਕਰੋੜ ਲੋਕਾਂ ਦੀਆਂ ਲਾਸ਼ਾਂ ਤੋਂ ਗੁਜ਼ਰਨਾ ਪਿਆ। ਕੀ ਇਹ ਅਮਰੀਕੀ ਸਾਮਰਾਜ ਕਿਸੇ ਹਿਟਲਰ ਜਾਂ ਮੁਸੋਲਿਨੀ ਤੋਂ ਕਿਸੇ ਗੱਲੋਂ ਘੱਟ ਦਿੱਸਦਾ ਹੈ?

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements