ਅਮਰੀਕੀ ਬੱਚਿਆਂ ਦਰਮਿਆਨ ਵਧਦੀ ਗਰੀਬੀ-ਦਰ •ਸਿਕੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਦੇ ਨੌਜਵਾਨਾਂ ਨੂੰ ਅਮਰੀਕਾ ਇੱਕ ਸੁਪਨਮਈ ਸਵਰਗ ਵਾਂਗ ਭਾਉਂਦਾ ਹੈ। ਪਰ ਉਹਨਾਂ ਦੀ ਇਹ ਧਾਰਨਾ ਗੈਰ-ਵਿਗਿਆਨਕ ਅਤੇ ਅਫ਼ਵਾਹਾਂ ਭਰਪੂਰ ਜਾਣਕਾਰੀ ਉੱਤੇ ਅਧਾਰਿਤ ਹੁੰਦੀ ਹੈ। ਹਾਲੀਆ ਜਾਰੀ ਹੋਏ ਅੰਕੜੇ ਉਹਨਾਂ ਦੀਆਂ ਇਹਨਾਂ ਧਾਰਨਾਵਾਂ ਨੂੰ ਗ਼ਲਤ ਸਾਬਤ ਕਰਦੇ ਹਨ। ਯੂਨੀਸੈਫ ਵੱਲੋਂ ਜਾਰੀ ਹੋਈ ਤਾਜ਼ਾ ਰਿਪੋਰਟ ਮੁਤਾਬਕ ਸੰਸਾਰ ਦੇ ਵਿਕਸਤ ਮੁਲਕਾਂ ਵਿੱਚੋਂ ਅਮਰੀਕਾ ਵਿੱਚ ਬੱਚਿਆਂ ਦਰਮਿਆਨ ਗਰੀਬੀ ਸਭ ਤੋਂ ਜ਼ਿਆਦਾ ਹੈ। ਸੰਸਾਰ ਦੇ ਇਸ ਸਭ ਤੋਂ ਅਮੀਰ ਮੁਲਕ ਵਿੱਚ 1.6 ਕਰੋੜ ਬੱਚੇ ਅਨਾਜ ਕੂਪਨਾਂ ਉੱਤੇ ਨਿਰਭਰ ਹਨ। ਇਸੇ ਰਿਪੋਰਟ ਮੁਤਾਬਾਕ ਹੀ ਇੱਕ-ਤਿਹਾਈ ਅਮਰੀਕੀ ਬੱਚੇ ਅਜਿਹੇ ਪਰਿਵਾਰਾਂ ਵਿੱਚ ਰਹਿੰਦੇ ਹਨ ਜਿਹਨਾਂ ਦੀ ਆਮਦਨ 2008 ਦੀ ਔਸਤ ਆਮਦਨ ਨਾਲ਼ੋਂ ਹੁਣ 40% ਘੱਟ ਹੋ ਗਈ ਹੈ। 2008 ਦੀ ਮੰਦੀ ਤੋਂ ਬਾਅਦ ਗਰੀਬੀ ਵਿੱਚ ਰਹਿ ਰਹੇ ਬੱਚਿਆਂ ਦੀ ਗਿਣਤੀ ਵਿੱਚ 2% ਦਾ ਵਾਧਾ ਹੋਰ ਹੋ ਗਿਆ ਹੈ। ਸਮੁੱਚੇ ਤੌਰ ਉੱਤੇ 2012 ਵਿੱਚ 2 ਕਰੋੜ 42 ਲੱਖ ਅਮਰੀਕੀ ਬੱਚੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸਨ। ਅਮਰੀਕਾ ਦੇ 4 ਕਰੋੜ 65 ਲੱਖ ਬੱਚੇ ਆਪਣੀਆਂ ਭੋਜਨ ਜ਼ਰੂਰਤਾਂ ਲਈ ਅਮਰੀਕੀ ਸਰਕਾਰ ਵੱਲੋਂ ਚਲਾਏ ਜਾਂਦੇ ਅਨਾਜ ਸਹਾਇਤਾ ਪ੍ਰੋਗਰਾਮ ਸਨੈਪ (ਸਪਲੀਮੈਂਟ ਨਿਊਟ੍ਰਿਸ਼ਨ ਅਸਿਸਟੈਂਸ ਪ੍ਰੋਗਰਾਮ) ਉੱਤੇ ਨਿਰਭਰ ਹਨ। ਇਸ ਪ੍ਰੋਗਰਾਮ ਦੀ ਫੰਡਿੰਗ ਸਰਕਾਰ ਕਰਦੀ ਹੈ ਪਰ ਹੁਣ ਆਰਥਿਕ ਸੰਕਟ ਕਾਰਨ ਅਮਰੀਕੀ ਸਰਕਾਰ ਇਹਨਾਂ ਫੰਡਾਂ ਵਿੱਚ ਲਗਾਤਾਰ ਕਟੌਤੀ ਕਰਦੀ ਰਹੀ ਹੈ। 2016 ਵਿੱਚ ਹੀ ਸਰਕਾਰ ਵੱਲੋਂ ਫੰਡ ਘਟਾ ਦਿੱਤੇ ਜਾਣ ਨਾਲ਼ 10 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇੱਕ ਪਾਸੇ ਤਾਂ ਅਮਰੀਕੀ ਸਰਕਾਰ ਸੰਸਾਰ ਭਰ ਵਿੱਚ ਸਾਮਰਾਜੀ ਜੰਗਾਂ ਲਈ ਹਰ ਸਾਲ 600 ਅਰਬ ਡਾਲਰ ਤੋਂ ਵਧੇਰੇ ਰਕਮ ਆਪਣੀ ਫੌਜ, ਹਥਿਆਰਾਂ ਆਦਿ ਉੱਤੇ ਲਾਉਂਦੀ ਹੈ, ਜਦਕਿ 2016 ਵਿੱਚ ਓਬਾਮਾ ਸਰਕਾਰ ਵੱਲੋਂ ਸਨੈਪ ਪ੍ਰੋਗਰਾਮ ਲਈ ਸਿਰਫ਼ 83 ਅਰਬ ਡਾਲਰ ਹੀ ਰੱਖੇ ਗਏ ਹਨ, ਜਦਕਿ ਇਸ ਪ੍ਰੋਗਰਾਮ ਉੱਤੇ 4.57 ਕਰੋੜ ਅਮਰੀਕੀ (ਅਮਰੀਕਾ ਦੀ 15% ਅਬਾਦੀ) ਨਿਰਭਰ ਹਨ।

ਅਮਰੀਕਾ ਦੇ ਕਈ ਸੂਬਿਆਂ ‘ਚ ਤਾਂ ਹਾਲ਼ਤ ਹੋਰ ਵੀ ਖਰਾਬ ਹਨ, ਜਿਵੇਂ ਕਿ ਸੂਬੇ ਨਿਊ ਮੈਕਸੀਕੋ ਵਿੱਚ 10 ਵਿੱਚੋਂ 4 ਬੱਚੇ ਗਰੀਬੀ ਵਿੱਚ ਰਹਿ ਰਹੇ ਹਨ, ਕੈਲੀਫੋਰਨੀਆ ਵਿੱਚ 27%, ਜਦਕਿ ਗਵਾਂਢੀ ਸੂਬਿਆਂ ਐਰੀਜ਼ੋਨਾ ਅਤੇ ਨੇਵਾਡਾ ਵਿੱਚ 22% ਬੱਚੇ ਗਰੀਬੀ ਵਿੱਚ ਰਹਿਣ ਲ਼ਈ ਮਜਬੂਰ ਹਨ।

ਇਸ ਤਰਾਂ ਇਹਨਾਂ ਅੰਕੜਿਆਂ ਤੋਂ ਅਸੀਂ ਦੇਖਦੇ ਹਾਂ ਕਈ ਕਿਸ ਤਰਾਂ ਇਹ ਲੋਕ-ਦੋਖੀ ਸਰਮਾਏਦਾਰਾ ਢਾਂਚਾ ਅਟੱਲ ਤੌਰ ਉੱਤੇ ਬੱਚਿਆਂ ਨੂੰ ਉਹਨਾਂ ਦੇ ਬਚਪਨੇ ਦੌਰਾਨ ਹੀ, ਆਪਣੇ ਗੈਰ-ਬਰਾਬਰੀ ਦੇ ਖੂਹ ਵਿੱਚ ਸੁੱਟ ਦਿੰਦਾ ਹੈ। ਉਹਨਾਂ ਨੂੰ ਬਚਪਨ ਵਿੱਚ ਹੀ ਮੁੱਢਲੀਆਂ ਜ਼ਰੂਰਤਾਂ – ਰੋਟੀ, ਕੱਪੜਾ, ਸਿੱਖਿਆ, ਸਿਹਤ ਸਹੂਲਤਾਂ, ਮਨੋਰੰਜਨ ਦੇ ਸਾਧਨ, ਆਦਿ – ਤੋਂ ਵਿਰਵੇ ਕਰ ਦਿੰਦਾ ਹੈ। . ਸਰਮਾਏਦਾਰਾ ਢਾਂਚੇ ਅੰਦਰ ਸਭ ਬੱਚਿਆਂ ਨੂੰ ਰੌਸ਼ਨ ਭਵਿੱਖ ਦੇ ਸਕਣਾ ਮਹਿਜ਼ ਕਲਪਨਾ ਹੀ ਹੋ ਸਕਦੀ ਹੈ। ਇਹ ਸਾਰੇ ਅੰਕੜੇ ਸਾਡੇ ਸਾਹਮਣੇ ਕੁੱਝ ਬੇਹੱਦ ਅਹਿਮ ਅਤੇ ਫੌਰੀ ਸਵਾਲ ਖੜੇ ਕਰਦੇ ਹਨ, ਕਿ ਕੀ ਸਾਡੀਆਂ ਆਉਣ ਵਾਲ਼ੀਆਂ ਪੀੜ•ੀਆਂ ਦਾ ਬਚਪਨ ਇਸੇ ਤਰਾਂ ਰੁਲ਼ਦਾ ਰਹੇਗਾ ਜਾਂ ਫ਼ਿਰ ਕਿ ਅਸੀਂ ਇੱਕ ਬਿਹਤਰ, ਮਨੁੱਖ ਕੇਂਦਰਤ ਢਾਂਚਾ ਕਾਇਮ ਕਰਨ ਲਈ ਉੱਠ ਖੜੇ ਹੋਵਾਂਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements