ਅਮਰੀਕਾ ਵਿੱਚ ਵੀ ਅਸੁਰੱਖਿਅਤ ਨੇ ਔਰਤਾਂ •ਸ਼੍ਰਿਸ਼ਟੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਅੱਜ ਆਦਮੀ ਉਸਦੀ ਇੱਜਤ ਕਰਨ ਦਾ ਦਾਅਵਾ ਕਰਦੇ ਹਨ। ਕੁੱਝ ਆਦਮੀ ਆਪਣੀਆਂ ਕੁਰਸੀਆਂ ਉਸ ਲਈ ਖਾਲੀ ਕਰ ਦਿੰਦੇ ਹਨ ਤੇ ਉਸਦੇ ਰੁਮਾਲ ਚੁੱਕਦੇ ਹਨ। ਦੂਜੇ ਇਹ ਮੰਨਦੇ ਹਨ ਕਿ ਉਸਨੂੰ ਸਾਰੀਆਂ ਪਦਵੀਆਂ ਰਾਜਪ੍ਰਬੰਧਕ, ਕਾਰਜਕਾਰੀ ਕੋਈ ਵੀ ਮੱਲਣ ਦਾ ਹੱਕ ਹੈ। ਇਹ ਚੀਜ਼ ਹੈ ਜਿਸਦਾ ਉਹ ਦਾਅਵਾ ਕਰਦੇ ਹਨ ਪਰ ਉਸ ਵੱਲ ਉਹਨਾਂ ਦਾ ਵਤੀਰਾ ਉਹੀ ਰਹਿੰਦਾ ਹੈ। ਉਹ ਮੌਜ ਮੇਲੇ ਦਾ ਇੱਕ ਸਾਧਨ ਹੈ। ਉਸਦਾ ਸਰੀਰ ਖੁਸ਼ੀ ਦੇਣ ਦਾ ਸਾਧਨ ਹੈ। ਇਹ ਇੱਕ ਤਰਾਂ ਦੀ ਗੁਲਾਮੀ ਹੈ।”

ਲਿਓ ਤਾਲਸਤਾਏ ਦੇ ਇਹ ਸ਼ਬਦ ਸਰਏਦਾਰੀ ਵੱਲੋਂ ਔਰਤਾਂ ਨੂੰ ਦਿੱਤੀ ਅਜ਼ਾਦੀ ਅਤੇ ਮਰਦਾਂ ਵੱਲੋਂ ਔਰਤਾਂ ਨੂੰ ਦਿੱਤੇ ਜਾਂਦੇ ਆਦਰ ਤੇ ਮਾਣ ਦੇ ਮਖੌਟੇ ਪਿੱਛੇ ਲੁਕੀ ਔਰਤਾਂ ਦੀ ਸਦੀਆਂ ਤੋਂ ਚਲਦੀ ਆ ਰਹੀ ਭਿਅੰਕਰ ਗੁਲਾਮੀ ਦਾ ਸੱਚ ਬਹੁਤ ਸਾਫ ਅਤੇ ਸਪੱਸ਼ਟ ਰੂਪ ਵਿੱਚ ਦਰਸਾਉਂਦੇ ਹਨ। ਵੇਸਵਾਗਮਨੀ, ਬਲਾਤਕਾਰ, ਛੇੜਛਾੜ, ਘਰੇਲੂ ਹਿੰਸਾ ਆਦਿ ਸਭ ਔਰਤਾਂ ਦੀ ਗੁਲਾਮੀ ਦੇ ਹੀ ਰੂਪ ਹਨ। ਔਰਤਾਂ ਦੀ ਇਹ ਗੁਲਾਮੀ ਕਿਸੇ ਸਰਹੱਦ ਤੱਕ ਸੀਮਤ ਨਹੀਂ। ਕਿਸੇ ਵੀ ਦੇਸ਼ ਜਾਂ ਕੌਮ ਦੀ ਔਰਤ ਇਸਤੋਂ ਅਜ਼ਾਦ ਨਹੀਂ। ਪਰ ਸਰਮਾਏਦਾਰਾ ਢਾਂਚਾ ਆਪਣੇ ਝੂਠੇ ਪ੍ਰਚਾਰ ਤੰਤਰ ਰਾਹੀਂ ਕੁੱਝ ਦੇਸ਼ਾਂ ਦੀਆਂ ਔਰਤਾਂ ਨੂੰ ਇਸ ਗੁਲਾਮੀ ਦੀਆਂ ਬੇੜੀਆਂ ਤੋਂ ਅਜ਼ਾਦ ਪੇਸ਼ ਕਰਦਾ ਹੈ। ਅਜਿਹੇ ਦੇਸ਼ਾਂ ਚੋਂ ਸਭ ਤੋਂ ਪਹਿਲੇ ਸਥਾਨ ‘ਤੇ ਅਮਰੀਕਾ ਦਾ ਨਾਮ ਲਿਆ ਜਾਂਦਾ ਹੈ। ਅਮਰੀਕਾ ਬਾਰੇ ਆਮ ਲੋਕਾਂ ਦੀ ਰਾਇ ਪੁੱਛੋ ਤਾਂ ਅਕਸਰ ਇਹੀ ਸੁਣਿਆ ਹੈ ਕਿ ਸੁਪਨਿਆਂ ਦਾ ਦੇਸ਼ ਹੈ, ਜਿੱਥੇ ਅਜ਼ਾਦੀ ਤੇ ਬਰਾਬਰੀ ਦਾ ਬੋਲਬਾਲਾ ਹੈ। ਪਰ ਔਰਤਾਂ ਦੇ ਮਾਮਲੇ ਵਿੱਚ ਇਸ ਦੇਸ਼ ਬਾਰੇ ਇਹ ਸਭ ਗੱਲਾਂ ਦਾ ਝੂਠ ਸਾਹਮਣੇ ਆਉਂਦਾ ਹੈ ਜਦੋਂ ‘ਮੈਕਿਨਜੀ ਐਂਡ ਕੰਪਨੀ’ ਵੱਲੋਂ ਦਿੱਤੀ ਇੱਕ ਰਿਪੋਰਟ ਆਮ ਧਾਰਨਾ ਦੇ ਵਿਰੁੱਧ ਇਹ ਐਲਾਨ ਕਰਦੀ ਹੈ ਕਿ ਅਮਰੀਕਾ ਔਰਤਾਂ ਲਈ ਅਸੁਰੱਖਿਅਤ ਹੈ ਅਤੇ ਔਰਤਾਂ ਖਿਲਾਫ ਹਿੰਸਾ ਵਿੱਚ ਸੰਸਾਰ ਪੱਧਰ ‘ਤੇ ਦਰਮਿਆਨੇ ਦਰਜੇ ‘ਤੇ ਆਉਂਦਾ ਹੈ।

ਨਿਆਂ ਵਿਭਾਗ ਦੀ ਇੱਕ ਰਿਪੋਰਟ ਮੁਤਾਬਕ

1) ਹਰ 2 ਵਿੱਚੋਂ ਇੱਕ ਔਰਤ ਆਪਣੇ ਜੀਵਨ ਸਾਥੀ ਜਾਂ ਕਿਸੇ ਬਹੁਤ ਨੇੜੇ ਦੇ ਕਿਸੇ ਸਕੇ-ਸਬੰਧੀ ਵੱਲੋਂ ਹਿੰਸਾ ਦੀ ਸ਼ਿਕਾਰ ਹੁੰਦੀ ਹੈ।

2) ਹਰ ਛੇ ਔਰਤਾਂ ਵਿੱਚੋਂ ਇੱਕ ਔਰਤ ਸਰੀਰਕ ਤਸੀਹਿਆਂ ਦੀਆਂ ਸ਼ਿਕਾਰ ਹੁੰਦੀਆਂ ਹਨ।

3) ਆਪਣੇ ਜਾਣ-ਪਛਾਣ ਦੇ ਮਰਦਾਂ ਵੱਲੋਂ ਅਮਰੀਕਾ ‘ਚ ਹਰ ਰੋਜ਼ 3 ਔਰਤਾਂ ਨੂੰ ਕਤਲ ਕੀਤਾ ਜਾਂਦਾ ਹੈ।

4) 75 ਫੀਸਦੀ ਬਲਾਤਕਾਰ ਪੀੜਤ ਔਰਤਾਂ ਆਪਣੇ ਦੋਸ਼ੀਆਂ ਨੂੰ ਜਾਣਦੀਆਂ ਹੁੰਦੀਆਂ ਹਨ।

ਇਹ ਤੱਥ ਸਰਮਾਏਦਾਰੀ ਦੀ ਸੁਪਰਪਾਵਰ ਅਮਰੀਕਾ ‘ਚ ਨਾ ਸਿਰਫ ਔਰਤਾਂ ਦੀ ਦਰਦਨਾਕ ਹਾਲਤ ਦਾ ਵਰਨਣ ਕਰਦੇ ਹਨ ਸਗੋਂ ਸਰਮਾਏਦਾਰਾ ਸਮਾਜ ‘ਚ ਪਵਿੱਤਰਤਾ ਦਾ ਲਿਬਾਸ ਪਾਏ ਸਬੰਧਾਂ ਦੇ ਸੱਚ ਨੂੰ ਬਾਖੂਬੀ ਦਰਸਾਉਂਦੇ ਹਨ।

ਅਫਸੋਸ ਕਿ ਇਹ ਦਾਸਤਾਨ ਇੱਥੇ ਹੀ ਖਤਮ ਨਹੀਂ ਹੁੰਦੀ। ਇਹ ਉਸ ਹੱਦ ਤੱਕ ਜਾਂਦੀ ਹੈ ਕਿ ਜਦੋਂ ਤੱਕ ਇੱਕ ਔਰਤ ਖੁਦ ਦੇ ਔਰਤ ਹੋਣ ‘ਤੇ ਹੀ ਸ਼ਰਮ ਅਤੇ ਅਪਮਾਣ ਮਹਿਸੂਸ ਕਰਨਾ ਅਤੇ ਅਫਸੋਸ ਜਤਾਉਣਾ ਸ਼ੁਰੂ ਕਰ ਦਿੰਦੀ ਹੈ। ਆਪਣੀ ਜ਼ਿੰਦਗੀ ‘ਚ ਇੱਕ ਵਾਰ ਵੀ ਹਿੰਸਾ ਦੀ ਸ਼ਿਕਾਰ ਹੋਈ ਔਰਤ ਮੁੜ ਆਮ ਜ਼ਿੰਦਗੀ ਬਤੀਤ ਨਹੀਂ ਕਰ ਸਕਦੀ।

ਮੈਕਿਨਜੀ ਦੀ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਉਸ ਅਨੁਸਾਰ ਹਿੰਸਾ ਅਤੇ ਆਰਥਿਕਤਾ ਦਾ ਆਪਸੀ ਸਬੰਧ ਹੈ। ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ‘ਤੇ ਨਾ ਸਿਰਫ ਸਰੀਰਕ ਤੇ ਮਾਨਸਿਕ ਤਸ਼ੱਦਦ ਕੀਤਾ ਜਾਂਦਾ ਹੈ ਸਗੋਂ ਉਹਨਾਂ ਦੀ ਅਜ਼ਾਦ ਆਰਥਿਕਤਾ ‘ਤੇ ਵੀ ਤਿੱਖਾ ਹਮਲਾ ਕੀਤਾ ਜਾਂਦਾ ਹੈ। ਆਰਥਕਿਤਾ ‘ਤੇ ਇਸ ਹਮਲੇ ਨੂੰ ਵਿੱਤੀ ਲੁੱਟ ਕਿਹਾ ਜਾਂਦਾ ਹੈ। ਇਸਦੇ ਕਈ ਰੂਪ ਹਨ ਤੇ ਸਭ ਦਾ ਕੰਮ ਔਰਤਾਂ ਦੀ ਗੁਲਾਮੀ ਨੂੰ ਹੋਰ ਭੈੜਾ ਬਣਾਉਣਾ ਹੈ। ਹਿੰਸਾ ਦੀਆਂ ਪੀੜਤ ਔਰਤਾਂ ਨੂੰ ਨੌਕਰੀ ਲੱਭਣ, ਨੌਕਰੀ ਨੂੰ ਜਾਰੀ ਰੱਖਣ, ਤਰੱਕੀ ਆਦਿ ਵਿੱਚ ਵੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਜੀਜੇ ਵਜੋਂ ਇੱਕ ਬਦਹਾਲ ਜ਼ਿੰਦਗੀ।

ਜੁਆਂਇੰਟ ਸੈਂਟਰ ਫਾਰ ਪਾਵਰਟੀ ਰਿਸਰਚ ਐਟ ਨਾਰਥ ਵੈਸਟਰਨ ਯੂਨੀਵਰਸਿਟੀ ਦਾ ਇੱਕ ਅਧਿਐਨ ਇਸ ਆਰਥਿਕ ਸੋਸ਼ਣ ਬਾਰੇ ਇਹ ਚਾਨਣਾ ਪਾਉਂਦਾ ਹੈ:

1.) ਘਰੇਲੂ ਹਿੰਸਾ ਤੋਂ ਪੀੜਤ 25 ਤੋਂ 50 ਫੀਸਦੀ ਔਰਤਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪੈਂਦਾ ਹੈ।

2.) 3 ਔਰਤਾਂ ਵਿੱਚੋਂ ਇੱਕ ਔਰਤ ਜੋ ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀ ਹੈ, ਉਹਨਾਂ ਵਿੱਚੋਂ 38 ਫੀਸਦੀ ਜ਼ਿੰਦਗੀ ਦੇ ਕਿਸੇ ਪੜਾਅ ‘ਤੇ ਬੇਘਰ ਹੋ ਜਾਂਦੀਆਂ ਹਨ।

3.) 50 ਫੀਸਦੀ ਅਮਰੀਕੀ ਸੂਬੇ ਘਰੇਲੂ ਹਿੰਸਾ ਨੂੰ ਬੇਘਰੀ ਦਾ ਮੁੱਖ ਕਾਰਨ ਮੰਨਦੇ ਹਨ।

ਉਂਝ ਇਹਨਾਂ ਤੱਥਾਂ ਤੋਂ ਸਰਮਾਏਦਾਰਾ ਪ੍ਰਬੰਧ ਦੇ ਇਨਸਾਫ ਦੀ ਇੱਕ ਝਲਕ ਵੀ ਮਿਲ਼ਦੀ ਹੈ। ਪਹਿਲਾਂ ਤਾਂ ਔਰਤਾਂ ਦੇ ਸਵੈਮਾਣ ਅਤੇ ਆਤਮ-ਵਿਸ਼ਵਾਸ ਨੂੰ ਆਪਣੀ ਭੜਾਸ ਕੱਢਣ ਤੇ ਖੁਸ਼ੀ ਪ੍ਰ੍ਰਾਪਤ ਕਰਨ ਲਈ ਦਰੜ ਦਿਉ ਅਤੇ ਫਿਰ ਵੀ ਜੇ ਔਰਤ ਹਿੰਮਤ ਕਰੇ ਤਾਂ ਉਸ ਤੋਂ ਹੀ ਉਸਦਾ ਰੁਜ਼ਗਾਰ ਖੋਹ ਲਵੋ ਅਤੇ ਉਸਨੂੰ ਸੜਕਾਂ ‘ਤੇ ਰੁਲਣ ਲਈ ਛੱਡ ਦਿਉ।

ਇਹ ਨਹੀਂ ਕਿ ਅਮਰੀਕੀ ਸਾਮਰਾਜ ਨੇ ਇਸਨੂੰ ਹੱਲ ਕਰਨ ਦਾ ਢੋਂਗ ਨਹੀਂ ਕੀਤਾ, ਪਰ ਸਰਮਾਏਦਾਰਾ ਪ੍ਰਬੰਧ ਵੱਲੋਂ ਪੈਦਾ ਕੀਤੀ ਇਸ ਬਿਮਾਰੀ ਦਾ ਹੱਲ ਸਰਮਾਏਦਾਰਾ ਪ੍ਰਬੰਧ ‘ਚ ਨਹੀਂ ਹੋ ਸਕਦਾ ਤੇ ਇੰਝ ਹੀ ਵਾਪਰਿਆ ਹੈ। 2015 ‘ਚ ‘ਦ ਨੈਸ਼ਨਲ ਨੈਟਵਰਕ ਟੂ ਐਂੱਡ ਡੋਮੈਸਟਿਕ ਵਾਇਲੈਂਸ’ ਨੂੰ ਇੱਕ ਦਿਨ 31,500 ਪਰਿਵਾਰਾਂ ਵੱਲੋਂ ਮਦਦ ਲਈ ਫੋਨ ਆਏ, ਪਰ ਲੋਕਾਂ ਅਤੇ ਫੰਡ ਦੀ ਘਾਟ ਕਾਰਨ ਇਹ ਸਿਰਫ 12197 ਦੀ ਹੀ ਮਦਦ ਕਰ ਸਕੇ। ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ ‘ਚ ਵੀ ਔਰਤਾਂ ਦੀ ਮਦਦ ਲਈ ਚਲਾਏ ਜਾ ਰਹੇ ਪ੍ਰੋਗਰਾਮ ਲਈ ਫੰਡ ਦੀ ਅਤੇ ਬੇਰੁਜ਼ਗਾਰਾਂ ਦੇ ਬਾਵਜੂਦ ਲੋਕਾਂ ਦੀ ਘਾਟ ਹੋ ਸਕਦੀ ਹੈ। ਇਹ ਹੈ ਅਮਰੀਕੀ ਸਮਾਜ ‘ਚ ਔਰਤਾਂ ਦੀ ਜ਼ਿੰਦਗੀ ਦਾ ਸੱਚ ਨਾ ਅਜ਼ਾਦੀ, ਨਾ ਬਰਾਬਰੀ, ਬੱਸ ਭਿਅੰਕਰ ਗੁਲਾਮੀ।

ਕਾਰਲ ਮਾਰਕਸ ਨੇ ਕਿਹਾ ਸੀ ਕਿ “ਕਿਸੇ ਵੀ ਸਮਾਜ ਦੀ ਹਾਲਤ ਉਸ ਸਮਾਜ ਦੀਆਂ ਔਰਤਾਂ ਦੀ ਸਮਾਜਿਕ ਹਾਲਤ ਤੋਂ ਮਾਪੀ ਜਾ ਸਕਦੀ ਹੈ।” ਤਾਂ ਅਮਰੀਕਾ ਦੀਆਂ ਔਰਤਾਂ ਦੀ ਹਾਲਤ ਤੋਂ ਤੁਸੀਂ ਵੀ ਅਮਰੀਕਾ ਬਾਰੇ ਅੰਦਾਜਾ ਲਾ ਸਕਦੇ ਹੋ। ਹੋ ਸਕਦਾ ਹੈ ਕਿ ਕੁੱਝ ਲੋਕਾਂ ਲਈ ਇਹ ਤੱਥ ਹੀ ਹੋਣ, ਪਰ ਕਿਸੇ ਵੀ ਆਮ ਜਿਹੀ ਸਮਝ ਵਾਲ਼ੇ ਮਨੁੱਖ ਲਈ ਇਹਨਾਂ ਤੱਥਾਂ ਤੋਂ ਪ੍ਰਗਟਾਏ ਸਰਮਾਏਦਾਰੀ ਦੇ ਔਰਤ ਵਿਰੋਧੀ ਚਿਹਰੇ ਨੂੰ ਸਮਝ ਸਕਣਾ ਕੋਈ ਬਹੁਤਾ ਔਖਾ ਨਹੀਂ। ਕੁੱਝ ਲੋਕ ਇਸ ਤੋਂ ਇਸ ਸਿੱਟੇ ‘ਤੇ ਵੀ ਪਹੁੰਚ ਸਕਦੇ ਹਨ ਕਿ ਅਮਰੀਕੀ ਲੋਕ ਵੀ ਇਸਦੇ ਜ਼ਿੰਮੇਵਾਰ ਹਨ। ਇਹ ਇੱਕ ਗਲਤ ਨਤੀਜਾ ਕੱਢਣਾ ਹੋਵੇਗਾ ਕਿਉਂਕਿ ਬੋ ਲੋਕਾਂ ‘ਚੋਂ ਨਹੀਂ ਸਗੋਂ ਮਰਨ ਕਿਨਾਰੇ ਪਏ ਸਰਮਾਏਦਾਰਾ ਸਮਾਜ ‘ਚੋਂ ਆ ਰਹੀ ਹੈ।

ਬੇਸ਼ੱਕ ਇਹ ਤੱਥ ਇੱਕ ਦੇਸ਼ ਦੇ ਹਨ ਪਰ ਇਹ ਵਰਤਾਰਾ ਸਮੁੱਚੇ ਸੰਸਾਰ ਦਾ ਹੈ। ਜਦ ਸਮੱਸਿਆ ਦੀ ਜੜ ਲੋਕਾਂ ‘ਚ ਨਹੀਂ ਸਗੋਂ ਸਮਾਜਿਕ ਪ੍ਰਬੰਧ ‘ਚ ਹੈ ਤਾਂ ਇਸਦਾ ਹੱਲ ਵੀ ਇਸ ਔਰਤ ਵਿਰੋਧੀ ਪ੍ਰਬੰਧ ਨੂੰ ਬਦਲਣ ਵਿੱਚ ਹੀ ਹੋਵੇਗਾ। ਔਰਤਾਂ ਦੀ ਗੁਲਾਮੀ ਦਾ ਅੰਤ ਇਸ ਪ੍ਰਬੰਧ ਦੇ ਅੰਤ ‘ਚ ਹੀ ਹੈ।

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements