ਅਮਰੀਕਾ ‘ਚ ਵਧ ਰਹੇ ਕਤਲ਼ •ਕੁਲਦੀਪ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਸਾਰ ਸਰਮਾਏਦਾਰੀ ਦਾ ਸਵਰਗ ਮੰਨੇ ਜਾਂਦੇ ਅਮਰੀਕਾ ਵਿੱਚ ਜਿੱਥੇ ਪਿਛਲੇ ਦਹਾਕੇ ਤੋਂ ਆਰਥਿਕ ਤੇ ਸਿਆਸੀ ਨਿਘਾਰ ਆਪਣੇ ਸਿਖ਼ਰ ਵੱਲ ਨੂੰ ਵਧ ਰਿਹਾ ਹੈ ਉੱਥੇ ਸਮਾਜਿਕ-ਸੱਭਿਆਚਾਰਕ ਪੱਧਰ ‘ਤੇ ਨਸਲੀ ਹਿੰਸਾ, ਪਰਿਵਾਰਕ ਕਲੇਸ਼, ਲੜਾਈ-ਝਗੜੇ, ਕਤਲ਼, ਬਲਾਤਕਾਰ, ਘਰੇਲੂ ਹਿੰਸਾ ਆਦਿ ਅਲਾਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਪਿੱਛੇ ਜਿਹੇ ਹੀ 4 ਫਰਵਰੀ, 2017 ਦੇ ‘ਇਕੋਨੋਮਿਸਟ’ ਰਸਾਲੇ ਦਾ ਅਮਰੀਕਾ ‘ਚ ਵਧ ਰਹੇ ਕਤਲਾਂ ਸਬੰਧੀ ਇੱਕ ਸਰਵੇਖਣ ਸਾਹਮਣੇ ਆਇਆ ਹੈ ਜਿਸ ਅਨੁਸਾਰ ਦੱਸਿਆ ਗਿਆ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਅਮਰੀਕਾ ਵਿੱਚ ਕਤਲ਼ਾਂ ਵਿੱਚ ਬਹੁਤ ਵਾਧਾ ਹੋਇਆ ਹੈ। ਇਹ ਦਰ ਹਰ ਸਾਲ ਵਧ ਰਹੀ ਹੈ। ਜਿਵੇਂ 2015 ਦੇ ਮੁਕਾਬਲੇ 2016 ‘ਚ ਹੋਏ ਕਤਲ਼ਾਂ ਵਿੱਚ 11% ਵਾਧਾ ਹੋਇਆ ਹੈ। ਅਮਰੀਕੀ ਖ਼ੁਫ਼ੀਆਂ ਏਜੰਸੀ ਐਫਬੀਆਈ ਨੇ 50 ਸ਼ਹਿਰਾਂ ਦਾ ਅੰਕੜਾ ਜਾਰੀ ਕੀਤਾ ਹੈ ਜਿਹਨਾਂ ਵਿੱਚ 2016 ਦੌਰਾਨ ਹੋਏ ਕਤਲ਼ ਪਿਛਲੇ ਸਾਲਾਂ ਦੇ ਮੁਕਾਬਲੇ ਹਰੇਕ ਸ਼ਹਿਰ ਵਿੱਚ ਵਧੇ ਹਨ। ਸੇਂਟ ਲੁਇਸ ਵਿੱਚ ਇਹ ਵਾਧਾ 57% ਤੱਕ ਹੈ। ਬਾਲਟੀਮੋਰ ਵਿੱਚ 70% ਦਾ ਵਾਧਾ ਹੈ। ਇਹਨਾਂ 50 ਸ਼ਹਿਰਾਂ ਵਿੱਚੋਂ ਸ਼ਿਕਾਗੋ, ਟੈਕਸਸ, ਦਾਲਾਸ, ਕੋਲੋਰੈਡੋ ਅਲਾਸਕਾ, ਲੌਸ ਏਂਜਲਸ, ਹਾਉਸਟਨ, ਸੈਨ ਡਾਇਗੋ, ਫਿਲੇਡੈਲਫਿਆ, ਸੇਨ ਜੋਸ, ਓਰਲੈਂਡੋ, ਨਿਊਯਾਰਕ ਆਦਿ ਪ੍ਰਮੁੱਖ ਸ਼ਹਿਰ ਹਨ। 1980 ਤੋਂ ਲੈ ਕੇ 2016 ਤੱਕ ਅਮਰੀਕਾ ਵਿੱਚ 2,80,000 ਕਤਲ਼ ਹੋ ਚੁੱਕੇ ਹਨ। 2016 ‘ਚ ਜਨਵਰੀ-ਮਾਰਚ ਤਿੰਨ ਮਹੀਨਿਆਂ ਦੇ ਵਕਫ਼ੇ ਦੌਰਾਨ 1365 ਕਤਲ਼ ਹੋਏ ਹਨ। ਇਕੱਲੇ ਸ਼ਿਕਾਗੋ ਵਿੱਚ ਹੀ 2016 ਦੌਰਾਨ 141 ਕਤਲ਼ ਹੋਏ। 2016 ਵਿੱਚ ਅਮਰੀਕਾ ਵਿੱਚ 6407 ਕਤਲ਼ ਹੋ ਚੁੱਕੇ ਹਨ। ਇਹਨਾਂ ਕਤਲਾਂ ਵਿੱਚ ਕਿਸੇ ਬੰਦੂਕਧਾਰੀ ਦੁਆਰਾ ਪਾਰਕ, ਫ਼ਿਲਮ ਥੀਏਟਰ, ਸਕੂਲ, ਮਾਰਕੀਟ ਆਦਿ ਵਿੱਚ ਘੁਸ ਕੇ ਅੰਨ•ੇਵਾਹ ਗੋਲ਼ੀਆਂ ਚਲਾ ਕੇ ਲੋਕਾਂ ਨੂੰ ਮਾਰਨਾ, ਪੁਲਿਸ ਗੋਲ਼ੀ ਨਾਲ਼ ਹੋਏ ਪਿਛਲੇ ਕੁਝ ਸਾਲਾਂ ਦੇ ਕਤਲ਼, ਨਸਲੀ ਕਤਲ਼ ਜਿਵੇਂ ਗੋਰੇ ਦੁਆਰਾ ਕਾਲ਼ੇ ਨੂੰ ਮਾਰਨਾ ਅਤੇ ਅਮਰੀਕੀ ਦੁਆਰਾ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਮਾਰਨ ਦੀਆਂ ਵਾਰਦਾਤਾਂ ਸ਼ਾਮਲ ਹਨ। ਇਹਨਾਂ ਵਾਰਦਾਤਾਂ ਦੌਰਾਨ ਹੀ ਅਮਰੀਕਾ ਵਿੱਚ ਕੁਝ ਭਾਰਤੀ ਵੀ ਕਤਲ਼ ਹੋਏ ਹਨ।

ਇਹ ਕਿਉਂ ਹੋ ਰਿਹਾ ਹੈ? ਅਮਰੀਕਾ ਵਿੱਚ ਬੇਗਾਨਗ਼ੀ ਬਹੁਤ ਭਿਅੰਕਰ ਹੈ ਜੋ ਸਰਮਾਏਦਾਰੀ ‘ਚ ਆਮ ਗੱਲ ਹੈ, ਪਰ ਅਮਰੀਕਾ ਵਿੱਚ ਸਰਮਾਏਦਾਰੀ ਆਪਣੇ ਸਿਖ਼ਰ ‘ਤੇ ਹੋਣ ਕਰਕੇ ਬੇਗਾਨਗ਼ੀ ਵੀ ਸਿਖ਼ਰਾਂ ‘ਤੇ ਹੈ। ਬੰਦਾ ਭੀੜ ਵਿੱਚ ਇਕੱਲਾ ਹੋ ਜਾਂਦਾ ਹੈ। ਸਭ ਆਪਣੇ-ਆਪਣੇ ਮੁਨਾਫ਼ੇ ਵਧਾਉਣ ਵਿੱਚ ਮਸ਼ਰੂਫ਼ ਹੁੰਦੇ ਹਨ ਕਿਉਂਕਿ ਜੇਕਰ ਤੁਸੀਂ ਆਪਣੇ ਮੁਨਾਫ਼ੇ ਨਹੀਂ ਵਧਾਉਂਦੇ ਤਾਂ ਤਕੜਾ ਤੁਹਾਨੂੰ ਨਿਗਲ ਜਾਵੇਗਾ। ਇਸ ਮੁਕਾਬਲੇ ਵਿੱਚ ਕੋਈ ਜਿੱਤਦਾ ਹੈ ਤੇ ਕੋਈ ਹਾਰ ਜਾਂਦਾ ਹੈ। ਕੋਈ ਜੀ-ਜਾਨ ਲਾ ਕੇ ਲੜਾਈ ਲੜਦਾ ਹੈ ਪਰ ਹੌਲ਼ੀ-ਹੌਲ਼ੀ ਕਰਕੇ ਜਿੱਤ ਉਸਦੇ ਹੱਥੋਂ ਨਿਕਲਦੀ ਜਾ ਰਹੀ ਹੈ। ਇਹ ਸਰਮਾਏਦਾਰੀ ਦਾ ਆਮ ਨਿਯਮ ਹੈ ਅਤੇ ਸੰਕਟ ਦੇ ਦੌਰ ‘ਚ ਇਹ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਲੋਕਾਂ ਨੂੰ ਹਰ ਵੇਲੇ ਤਬਾਹੀ ਦਾ ਖ਼ਤਰਾ ਰਹਿੰਦਾ ਹੈ। ਕੰਮ ਦਾ ਘਟਣਾ, ਰੁਜ਼ਗਾਰ ਦੇ ਮੌਕੇ ਘਟਣਾ, ਬੇਰੁਜਗ਼ਾਰੀ, ਛਾਂਟੀਆਂ, ਜਿਹਨੂੰ ਕੰਮ ਮਿਲ਼ਿਆ ਹੁੰਦਾ ਉਸ ‘ਤੇ ਕੰਮ ਦਾ ਬੋਝ ਲਗਾਤਾਰ ਵਧਣਾ, ਮਹਿੰਗਾਈ, ਗ਼ਰੀਬੀ, ਜੀਵਨ ਵਿਚਲੀ ਅਨਿਸ਼ਚਿਤਤਾ ਆਦਿ ਸਮੱਸਿਆਵਾਂ ਕਰਕੇ ਮਨੁੱਖ ਸਦਾ ਮਾਨਸਿਕ ਦਬਾਅ ‘ਚ ਰਹਿੰਦੇ ਹਨ। ਇਹਨਾਂ ਸਮੱਸਿਆਵਾਂ ਨੇ ਪਿਛਲੇ ਦਹਾਕੇ ਤੋਂ ਅਮਰੀਕਾ ਵਿੱਚ ਬਹੁਤ ਭਿਅੰਕਰ ਰੂਪ ਧਾਰਿਆ ਹੈ। ਦੂਜਾ ਹਾਲੀਵੁੱਡ ਫ਼ਿਲਮਾਂ ਰਾਹੀਂ ਪਰੋਸੀ ਜਾ ਰਹੀ ਨਿਰੀ ਹਿੰਸਾ, ਖ਼ੂਨ-ਖਰਾਬਾ ਤੇ ਹਥਿਆਰਾਂ ਦੀ ਦਹਿਸ਼ਤ ਆਦਿ ਅਜਿਹੇ ਦਮਘੋਟੂ ਮਾਹੌਲ ‘ਤੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕਰਦੇ ਹਨ। ਗਾਰਡੀਅਨ ਆਫ਼ ਗਲੈਕਸੀ, ਜਸਟਿਸ ਲੀਗ, ਟ੍ਰਾਂਸਫਾਰਮਰ, ਸਟਾਰ ਵਾਰਜ਼, ਥੌਰ, ਕੈਪਟੇਨ ਅਮੈਰੀਕਾ: ਸਿਵਲ ਵਾਰ, ਬੈਟਮੈਨ ਵਰਸਸ ਸੁਪਰਮੈਨ, ਡਾਰਕ ਨਾਇਟ ਰਾਇਸਜ਼, ਦਿ ਅਕਾਊਟੈਂਟ, ਦਿ ਰੈਵੇਨੈਂਟ, ਦਿ ਅਵੈਂਜ਼ਰਜ਼, ਗੌਡਜ਼ਿਲਾ ਆਦਿ ਵਰਗੀਆਂ ਹਿੰਸਕ ਫ਼ਿਲਮਾਂ ਦਾ ਪਿਛਲੇ ਦਹਾਕੇ ਤੋਂ ਤਾਂ ਹਾਲੀਵੁਡ ਵਿੱਚ ਹੜ• ਜਿਹਾ ਆ ਗਿਆ ਹੈ। ਇਹ ਫ਼ਿਲਮਾਂ ਅੰਨ•ੇਵਾਹ ਗੋਲ਼ੀਆਂ ਚਲਾ ਕੇ ਬੰਦੇ ਮਾਰਨਾ, ਖ਼ੂਨ-ਖਰਾਬਾ, ਬਦਲਾ ਆਦਿ ਵਰਗੀਆਂ ਪ੍ਰਵਿਰਤੀਆਂ ਨੂੰ ਸਹਿਜ ਬਣਾ ਕੇ ਪੇਸ਼ ਕਰਦੀਆਂ ਹਨ। ਜੋ ਦੱਸਦੀਆਂ ਹਨ ਕਿ ਜੋ ਵੀ ਤੁਹਾਡੇ ਰਾਹ ‘ਚ ਅੜਦਾ ਹੈ ਉਸਨੂੰ ਗੋਲ਼ੀ ਮਾਰ ਦਿਓ। ਇਹ ਫ਼ਿਲਮਾਂ ਇੱਕ ਮਿੱਥਿਆ ਦੁਸ਼ਮਣ ਖੜ•ਾ ਕਰਦੀਆਂ ਹਨ ਤਾਂ ਜੋ ਲੋਕ ਅਸਲ ਦੁਸ਼ਮਣ ਦੀ ਪਛਾਣ ਨਾ ਕਰ ਸਕਣ। ਇੱਕ ਕਾਲਪਨਿਕ ਜਗਤ ਨੂੰ ਅਸਲ ਜਗਤ ਦੀ ਥਾਂ ਦਿੱਤੀ ਜਾਂਦੀ ਹੈ। ਇਹ ਫ਼ਿਲਮਾਂ ਬਹੁਤ ਕੁਸ਼ਲ ਢੰਗ ਨਾਲ਼ ਵਿਅਕਤੀ ਨੂੰ ਹਿਰਦੇਹੀਣ, ਅਸੰਵੇਦਨਸ਼ੀਲ ਤੇ ਪਸ਼ੂ ਬਣਾਉਣ ਦੇ ਕਲਾਤਮਕ ਯਤਨ ਕਰਦੀਆਂ ਹਨ। ਇਹ ਵੀ ਕੋਈ ਚਾਨਚੱਕ ਵਾਪਰਿਆ ਵਰਤਾਰਾ ਨਹੀਂ ਹੈ ਸਗੋਂ ਅਮਰੀਕੀ ਸਮਾਜ ਵਿੱਚ ਰਿਸ ਰਹੇ ਫੋੜੇ ਦੀ ਪਾਕ ਹੈ। ਅਮਰੀਕੀ ਸਮਾਜ ਦਾ ਆਤਮਿਕ ਨਿਘਾਰ ਇਹਨਾਂ ਫ਼ਿਲਮਾਂ ਵਿੱਚ ਪ੍ਰਗਟ ਹੋ ਰਿਹਾ ਹੈ ਅਤੇ ਉਹ ਮੁੜਵੇਂ ਰੂਪ ਵਿੱਚ ਇਸ ਨਿਘਾਰ ਨੂੰ ਹੋਰ ਨਿਘਾਰ ਰਿਹਾ ਹੈ।

ਅਮਰੀਕਾ ਵਿੱਚ ਹਥਿਆਰ ਬੰਦੂਕ, ਪਿਸਤੌਲ ਆਦਿ ਕੇਲਿਆਂ ਵਾਂਗ ਮਿਲ਼ਦੇ ਹਨ। ਹਰ ਬੰਦੇ ਕੋਲ਼ ਹਥਿਆਰ ਹੈ, ਦੂਜੇ ਪਾਸੇ ਸਮਾਜਿਕ ਜੀਵਨ ਹਤਾਸ਼ਾ-ਨਿਰਾਸ਼ਾ ‘ਚ ਹੈ। ਸਮਾਜ ‘ਚ ਬਿਮਾਰ ਮਾਨਸਿਕਤਾ ਵਾਲ਼ੇ ਲੋਕਾਂ ਦੀ ਭਰਮਾਰ, ਉੱਤੋਂ ਫ਼ਿਲਮਾਂ ਦੁਆਰਾ ਹਿੰਸਾ, ਕਤਲ਼, ਖ਼ੂਨ-ਖਰਾਬੇ ਆਦਿ ਨੂੰ ਸਹਿਜ ਬਣਾ ਕੇ ਪੇਸ਼ ਕਰਨਾ, ਸਮਾਜ ਵਿੱਚ ਆਰਥਿਕ ਤੇ ਸਮਾਜਿਕ ਨਿਘਾਰ, ਨੈਤਿਕ-ਕਦਰਾਂ ਕੀਮਤਾਂ ਦਾ ਪਤਨ, ਨੰਗਾ ਚਿੱਟਾ ਸਵਾਰਥੀ ਜੀਵਨ, ਇਕੱਲਤਾ, ਬੇਗਾਨਗੀ ਆਦਿ ਬਹੁਤ ਸਾਰੇ ਤੱਤ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਅਸਲ ਵਿੱਚ ਇਹ ਘਟਵਾਨਾਂ ਸਰਮਾਏਦਾਰਾ ਸਮਾਜ ਰੂਪੀ ਗੰਦੇ ਫੋੜੇ ਦੁਆਰਾ ਆਪਣੇ ਸਿਖ਼ਰ ‘ਤੇ ਪਹੁੰਚ ਕੇ ਮਨੁੱਖਤਾ ‘ਤੇ ਪਾਏ ਜਾ ਰਹੇ ਪਾਕ ਦੇ ਛਿੱਟਿਆਂ ਦਾ ਪ੍ਰਤੀਬਿੰਬ ਹਨ। ਜਿਵੇਂ-ਜਿਵੇਂ ਇਹ ਸਮਾਜ ਗਲ-ਸੜ ਕੇ ਆਪਣੀ ਕਬਰ ਵੱਲ਼ ਵਧੇਗਾ – ਤੇ ਇਨਕਲਾਬੀ ਤਾਕਤਾਂ ਦੇ ਭਾਰੂ ਸਥਿਤੀ ‘ਚ ਨਾ ਹੋਣ ਦੀ ਹਾਲਤ ਵਿੱਚ ਉਸੇ ਰੂਪ ਇਹ ਫੋੜਾ ਹੋਰ ਗੰਦੀ ਸੜਿਆਂਦ ਛੱਡੇਗਾ। ਜਿਸਦੇ ਪ੍ਰਗਟਾਵੇ ਅਜਿਹੇ ਹੀ ਕਤਲ਼ਾਂ, ਆਤਮ-ਹੱਤਿਆਵਾਂ, ਦਸਿਸ਼ਤਗਰਦੀ, ਜੰਗਾਂ ਆਦਿ ਰੂਪਾਂ ਵਿੱਚ ਹੁੰਦੇ ਰਹਿਣਗੇ। ਪਰ ਹਤਾਸ਼, ਨਿਰਾਸ਼ ਜੀਵਨ ਦੇ ਬਾਵਜੂਦ ਮਨੁੱਖ ਦੀ ਇਹ ਵੀ ਖਾਸੀਅਤ ਹੈ ਕਿ ਉਹ ਜਿੱਥੇ ਹਾਲਤਾਂ ਤੋਂ ਪ੍ਰਭਾਵਿਤ ਹੁੰਦਾ ਹੈ ਉੱਥੇ ਹਾਲਤਾਂ ਨੂੰ ਬਦਲਣ ਦਾ ਕੰਮ ਵੀ ਉਹੀ ਕਰਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements