ਅਮਰੀਕਾ ਅੰਦਰ ਵਧਦਾ ਪੁਲਿਸ ਜ਼ਬਰ •ਮਾਨਵ  

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਅੱਜ ਆਪਣੇ ਇਤਿਹਾਸ ਦੇ ਬੇਹੱਦ ਅਹਿਮ ਮੋੜ ਉੱਤੇ ਖੜ੍ਹਾ ਹੈ। 2008 ਦਾ ਆਰਥਿਕ ਸੰਕਟ ਉਹ ਨੁਕਤਾ ਸੀ ਜਿਥੋਂ ਅਸੀਂ ਅਮਰੀਕੀ ਸਮਾਜ ਵਿੱਚ ਇੱਕ ਨਵਾਂ ਮੋੜ ਦੇਖ ਸਕਦੇ ਹਾਂ। ਆਰਥਿਕ ਸੰਕਟ, ਉੱਠ ਰਹੀਆਂ ਲੋਕ ਲਹਿਰਾਂ, ਅਮਰੀਕਾ ਅਤੇ ਰੂਸ ਦਾ ਤਿੱਖਾ ਹੋ ਰਿਹਾ ਰੱਟਾ, ਇਹ ਸਭ ਉਹ ਸੂਚਕ ਹਨ ਜੋ ਚਿੰਨ੍ਹਤ ਕਰਦੇ ਹਨ ਕਿ ਸਮਾਜ ਵਿੱਚ ਚੀਜ਼ਾਂ ਬੜੀ ਤੇਜ਼ੀ ਨਾਲ਼ ਬਦਲ ਰਹੀਆਂ ਹਨ। ਇਸੇ ਬਦਲਾਅ ਨੂੰ ਜੇਕਰ ਅਸੀਂ ਇੱਕ ਹੋਰ ਪਹਿਲੂ ਤੋਂ ਦੇਖੀਏ ਤਾਂ ਇਹੀ ਤੱਥ ਹੋਰ ਪੁਖ਼ਤਾ ਹੁੰਦਾ ਹੈ। ਕੁੱਝ ਇੱਕ ਅਖਬਾਰਾਂ (ਵਾਸ਼ਿੰਗਟਨ ਪੋਸਟ ਅਤੇ ਗਾਰਡੀਅਨ) ਵੱਲੋਂ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਮਰੀਕੀ ਪੁਲਸ ਅਧਿਕਾਰੀ ਔਸਤ ਹਰ ਰੋਜ਼ 3 ਵਿਅਕਤੀਆਂ ਨੂੰ ਮੁਕਾਬਲੇ ਵਿੱਚ ਹਲਾਕ ਕਰਦੇ ਹਨ। ਸਾਲ 2015 ਵਿੱਚ 1058 ਅਮਰੀਕੀ ਨਾਗਰਿਕ ਪੁਲਸ ਮੁਕਾਬਲਿਆਂ ਵਿੱਚ ਮਾਰੇ ਗਏ ਹਨ। ਭਾਵ ਇਹ ਉਹ ਹਲਾਕਤਾਂ ਹਨ ਜੋ ਬਿਨਾਂ ਕਿਸੇ ‘ਤੇ ਮੁਕੱਦਮਾ ਚਲਾਏ ਕਰ ਦਿੱਤੀਆਂ ਜਾਂਦੀਆਂ ਹਨ।

ਇਹਨਾਂ ਮਾਰੇ ਗਏ ਵਿਅਕਤੀਆਂ ਵਿੱਚੋਂ ਤਕਰੀਬਨ 40% ਲੋਕ ਅਫ਼ਰੀਕੀ-ਅਮਰੀਕੀ ਹੁੰਦੇ ਹਨ ਜਦਕਿ ਅਫ਼ਰੀਕੀ-ਅਮਰੀਕੀ ਪੂਰੇ ਅਮਰੀਕਾ ਦੀ ਅਬਾਦੀ ਦਾ 6% ਹੀ ਬਣਦੇ ਹਨ। ਮੀਡੀਆ ਇਸੇ ਨੁਕਤੇ ਨੂੰ ਚੁੱਕ ਕੇ ਪੁਲਸ ਮੁਕਾਬਲਿਆਂ ਦੀ ਨਸਲੀ ਵਿਆਖਿਆ ਕਰ ਰਿਹਾ ਹੈ। ਕਈ ਅਖਬਾਰ ਇਹਨਾਂ ਮੁਕਾਬਲਿਆਂ ਨੂੰ ਇੱਕ ਨਵੀਂ “ਘਰੇਲੂ ਜੰਗ” ਦੱਸ ਰਹੇ ਹਨ, ਕਈ ਇਸ ਨੂੰ ਇਉਂ ਪੇਸ਼ ਕਰ ਰਹੇ ਹਨ ਕਿ ਪੁਲਸ ਮੁਕਾਬਲੇ ਗੋਰੇ ਲੋਕਾਂ ਦੀ ਕਾਲੇ ਲੋਕਾਂ ਪ੍ਰਤੀ ਸੁਭਾਵਿਕ ਨਫ਼ਰਤ ਦਾ ਕਰੂਰ ਪ੍ਰਗਟਾਵਾ ਹਨ। ਅਜਿਹੀ ਹੀ ਵਿਆਖਿਆ ਵੱਖ-ਵੱਖ ਸਿਆਸਤਦਾਨਾਂ ਅਤੇ ਅਕਾਦਮਿਕ ਖੇਤਰ ਦੇ ਖ਼ਾਸ ਹਿੱਸੇ ਵੱਲੋਂ ਕੀਤੀ ਜਾਂਦੀ ਹੈ। ਇਹਨਾਂ ਵਿਆਖਿਆਵਾਂ ਪਿਛਲੇ ਸਰੋਕਾਰ ਕੀ ਹਨ ? ਲਾਜ਼ਮੀ ਹੀ ਅਜਿਹੀ ਵਿਆਖਿਆ ਲੋਕਾਂ ਦਾ ਧਿਆਨ ਪੂਰੇ ਸਰਮਾਏਦਾਰਾ ਪ੍ਰਬੰਧ ਤੋਂ ਹਟਾਉਣ ਲਈ ਕੀਤੀ ਜਾਂਦੀ ਹੈ। ਇਹ ਸਰਮਾਏਦਾਰਾ ਪ੍ਰਬੰਧ ਤਹਿਤ ਤਿੱਖੇ ਹੋ ਰਹੇ ਜਮਾਤੀ ਘੋਲ੍ਹ ਤੋਂ ਧਿਆਨ ਉਲਾਂਭੇ ਕਰਨ ਲਈ ਕੀਤਾ ਜਾਂਦਾ ਹੈ। ਜੇ ਤੱਥਾਂ ਨੂੰ ਦੂਜੇ ਨਜ਼ਰੀਏ ਨਾਲ਼ ਦੇਖੀਏ ਤਾਂ ਇੱਕ ਪਹਿਲੂ ਹੋਰ ਉੱਘੜ ਕੇ ਆਉਂਦਾ ਹੈ। ਜੁਲਾਈ 9, 2016 ਤੱਕ ਪੁਲਸ ਮੁਕਾਬਲਿਆਂ ਵਿੱਚ 571 ਮੌਤਾਂ ਹੋ ਚੁੱਕੀਆਂ ਹਨ ਜਿਹਨਾਂ ਵਿੱਚੋਂ 88 ਲਾਤੀਨੀ ਮੂਲ ਦੇ, 138 ਅਫ਼ਰੀਕੀ-ਅਮਰੀਕੀ ਪਰ 281 ਗੋਰੇ ਨਾਗਰਿਕ ਸਨ। ਇਸੇ ਤਰਾਂ ਸਾਲ 2015 ਵਿੱਚ ਮਾਰੇ ਗਏ (ਕਤਲ ਕੀਤੇ ਗਏ) 1146 ਵਿਅਕਤੀਆਂ ਵਿੱਚੋਂ 586 ਗੋਰੇ ਸਨ। ਦੂਸਰਾ ਨੁਕਤਾ ਇਹ ਕਿ ਪਿਛਲੇ ਸਮੇਂ ਦੌਰਾਨ ਚਰਚਿਤ ਹੋਏ ਪੁਲਸ ਮੁਕਾਬਲਿਆਂ ਵਿੱਚ ਕਸੂਰਵਾਰ ਪੁਲਸ ਮੁਲਾਜ਼ਮਾਂ ਵਿੱਚੋਂ ਵੀ ਕਈ ਗੈਰ-ਗੋਰੇ ਹੀ ਸਨ। ਇਹ ਅੰਕੜੇ ਕੀ ਸਿੱਧ ਕਰਦੇ ਹਨ ? ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਪੂਰਾ ਮਸਲਾ ਗੋਰੇ ਬਨਾਮ ਕਾਲੇ ਦਾ ਨਹੀਂ ਸਗੋਂ ਰਾਜਸੱਤਾ ਦੇ ਇੱਕ ਸੰਦ (ਪੁਲਸ) ਵੱਲੋਂ ਆਮ ਲੋਕਾਂ ਦੇ ਕੀਤੇ ਜਾ ਰਹੇ ਬਰਬਰ ਦਮਨ ਦਾ ਹੈ। ਅਤੇ ਇਹ ਸਾਰਾ ਕੁੱਝ ਹੋ ਕਿਸ ਸਮੇਂ ਦੌਰਾਨ ਰਿਹਾ ਹੈ ? ਇੱਕ ਅਜਿਹੇ ਸਮੇਂ ਦੌਰਾਨ ਜਦੋਂ ਆਰਥਿਕ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਹਾਕਮਾਂ ਨੂੰ ਇਸ ਤੋਂ ਨਿਜ਼ਾਤ ਪਾਉਣ ਦਾ ਕੋਈ ਰਾਹ(ਸਿਵਾਏ ਜੰਗਾਂ ਤੋਂ) ਨਜ਼ਰ ਨਹੀਂ ਆ ਰਿਹਾ, ਜਦੋਂ ਅਮੀਰ-ਗਰੀਬ ਦੇ ਪਾੜੇ ਅਮਰੀਕਾ ਵਿੱਚ ਇਤਿਹਾਸ ਦੇ ਕਿਸੇ ਵੀ ਵੇਲ਼ੇ ਨਾਲੋਂ ਸਭ ਤੋਂ ਉੱਚੇ ਮੁਕਾਮ ਉੱਤੇ ਹਨ, ਜਦੋਂ ਆਮ ਲੋਕਾਂ ਦਾ ਪੂਰੇ ਪ੍ਰਬੰਧ ਖ਼ਿਲਾਫ਼ ਗੁੱਸਾ ਵੱਖ-ਵੱਖ ਮਾਧਿਅਮਾਂ ਰਾਹੀਂ ਨਿੱਕਲ ਰਿਹਾ ਹੈ (ਜਿਵੇਂ ਕਿ ‘ਵਾਲ ਸਟਰੀਟ ਕਬਜ਼ਾ ਕਰੋ’ ਲਹਿਰ, ਬਲੈਕ ਲਾਈਵਸ ਮੈਟਰ ਲਹਿਰ, ਬਰਨੀ ਸੈਂਡਰਸ ਦਾ ਪੂਰਾ ਵਰਤਾਰਾ, ਆਦਿ ), ਜਦੋਂ ਮਜ਼ਦੂਰ ਅਬਾਦੀ ਦੀਆਂ ਹੜਤਾਲਾਂ ਦਿਨੋਂ-ਦਿਨ ਤਿੱਖੀਆਂ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਹੀ ਸਮੇਂ ਵਿੱਚ ਰਾਜਸੱਤਾ ਦਾ ਜਾਬਰ ਚਿਹਰਾ ਵੀ ਸਾਡੇ ਸਾਹਮਣੇ ਆ ਰਿਹਾ ਹੈ। ਅਤੇ ਅਜਿਹੇ ਹੀ ਸਮੇਂ ਵਿੱਚ ਸਰਮਾਏਦਾਰਾ ਮੀਡੀਆ, ਸਿਆਸਤਦਾਨਾਂ ਆਦਿ ਵੱਲੋਂ ਇਸ ਪੂਰੇ ਮਸਲੇ ਨੂੰ ਨਸਲੀ ਰੰਗਤ ਦੇਣ ਦਾ ਕਾਰਨ ਵੀ ਸਪੱਸ਼ਟ ਹੋ ਜਾਂਦਾ ਹੈ।  ਅਜਿਹਾ ਲੋਕਾਂ ਦਾ ਧਿਆਨ ਵੰਡਾਉਣ ਲਈ, ਰਾਜਸੱਤਾ ਦਾ ਅਸਲ ਚਿਹਰਾ ਲੁਕਾਉਣ ਲਈ ਕੀਤਾ ਜਾ ਰਿਹਾ ਹੈ।

ਅਸਲ ਤਥਾਂ ਵੱਲ ਗੌਰ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਪਿਛਲੇ 70-80 ਸਾਲਾਂ ਵਿੱਚ ਲੋਕ ਘੋਲ੍ਹਾਂ ਦੇ ਕਰਕੇ ਚੀਜ਼ਾਂ ਬਹੁਤ ਬਦਲੀਆਂ ਹਨ। 1920’ਵਿਆਂ ਅਤੇ 30’ਵਿਆਂ ਦੇ ਅਮਰੀਕਾ ਵਿੱਚ ਨਸਲੀ ਵਿਤਕਰਾ ਬਹੁਤ ਭਿਅੰਕਰ ਸੀ। ਅਫ਼ਰੀਕੀ ਮੂਲ ਦੇ ਲੋਕਾਂ ਨੂੰ ਸੜਕ ਉੱਤੇ ਜਾਂਦਿਆਂ ਕੁੱਟ ਜਾਂ ਮਾਰ ਦੇਣਾ ਇੱਕ ਆਮ ਵਰਤਾਰਾ ਸੀ, ਇਹਨਾਂ ਨੂੰ ਵੋਟ ਪਾਉਣ ਦੇ ਹੱਕ ਤੱਕ ਨਹੀਂ ਸਨ ਅਤੇ ਅੰਤਰ-ਨਸਲੀ ਵਿਆਹਾਂ ਦੀ ਤਕਰੀਬਨ ਕੋਈ ਹੋਂਦ ਨਹੀਂ ਸੀ। ਪਰ ਪੂਰੇ ਸੰਸਾਰ ਵਿੱਚ ਚੱਲੀਆਂ ਸਮਾਜਵਾਦੀ ਲਹਿਰਾਂ ਦਾ ਅਸਰ ਅਮਰੀਕਾ ਉੱਤੇ ਵੀ ਪਿਆ ਅਤੇ ਇਥੇ ਅਸੀਂ 30 ਤੋਂ ਲੈ ਕੇ 70’ਵਿਆਂ ਦੇ ਅੱਧ ਤੱਕ ਇੱਕ ਤਕੜੀ ਲੋਕ ਲਹਿਰ ਦਾ ਸਮਾਂ ਦੇਖਦੇ ਹਾਂ। ਜਿਸ ਨੇ ਅਮਰੀਕੀ ਸਮਾਜ ਨੂੰ ਬਹੁਤ ਜ਼ਿਆਦਾ ਬਦਲਿਆ ਹੈ। ਅੱਜ 87% ਅਮਰੀਕੀ( ਸਣੇ 84% ਗੋਰੇ ਅਮਰੀਕੀ) ਅੰਤਰ-ਨਸਲੀ ਵਿਆਹਾਂ ਦੇ ਹੱਕ ਵਿੱਚ ਹਨ (1958 ਵਿੱਚ ਇਹੀ ਅੰਕੜਾ ਸਿਰਫ਼ 4% ਸੀ ) ਅਤੇ ਇਹ ਵਿਆਹ ਹੁਣ ਉੱਥੇ ਆਮ ਹੁੰਦੇ ਹਨ। 2010 ਵਿੱਚ ਹੋਏ ਨਵੇਂ ਵਿਆਹਾਂ ਵਿੱਚੋਂ 15% ਅੰਤਰ-ਨਸਲੀ ਸਨ, ਇਹ 1980 ਵਿੱਚ ਹੋਏ ਅਜਿਹੇ ਵਿਆਹਾਂ ਦੀ ਗਿਣਤੀ ਨਾਲੋਂ ਦੁੱਗਣਾ ਹੈ। ਆਉਣ ਵਾਲੇ ਸਮੇਂ ਵਿੱਚ ਲਾਜ਼ਮੀ ਹੀ ਅਜਿਹੇ ਵਿਆਹਾਂ ਦੀ ਗਿਣਤੀ ਬੇਹੱਦ ਵਧੇਗੀ। ਸੋ ਇੱਕ ਪਾਸੇ ਤਾਂ ਅਸੀਂ ਕਈ ਤਰ੍ਹਾਂ ਦੇ ਸੱਭਿਆਚਾਰਾਂ ਦਾ ਘੁਲਣ-ਮਿਲਣ ਦੇਖ ਰਹੇ ਹਾਂ ਜਦਕਿ ਦੂਜੇ ਪਾਸੇ ਰਾਜਸੱਤਾ ਲੋਕਾਂ ਵਿੱਚ ਵੰਡੀਆਂ ਪਾਈ ਰੱਖਣ ਲਈ ਅਤੇ ਆਪਣਾ ਪ੍ਰਬੰਧ ਸੁਚਾਰੂ ਚਲਦਾ ਰੱਖਣ ਲਈ ਲਗਾਤਾਰ ਲੋਕਾਂ ਨੂੰ ਨਸਲੀ ਲੀਹਾਂ ਉੱਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਜਰੂਰਤ ਇਸ ਰਾਜਸੱਤਾ ਦੇ ਅਸਲ ਕਿਰਦਾਰ ਨੂੰ ਸਮਝਣ ਦੀ ਹੈ ਅਤੇ ਨਸਲੀ, ਖੇਤਰੀ, ਭਾਸ਼ਾਈ ਵਖਰੇਵਿਆਂ ਤੋਂ ਉੱਪਰ ਉੱਠ ਕੇ ਜਮਾਤੀ ਏਕਤਾ ਕਾਇਮ ਕਰਦੇ ਹੋਏ ਇਸ ਪੂਰੇ ਲੋਕ-ਦੋਖੀ ਪ੍ਰਬੰਧ ਨੂੰ ਉਲਟਾਉਣ ਦੀ ਹੈ। ਇਸੇ ਵਿੱਚ ਹੀ ਮਨੁੱਖਤਾ ਦਾ ਵਿਕਾਸ ਸੰਭਵ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements