ਅਮਰੀਕਾ ਨਾਲ਼ ਇਸਲਾਮਿਕ ਸਟੇਟ ਦੇ ਸਬੰਧਾਂ ਦੀ ਕਹਾਣੀ ਹੋਈ ਜੱਗ-ਜਾਹਰ •ਕੁਲਦੀਪ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਫ਼ਗਾਨਿਸਤਾਨ ਵਿੱਚ ਮੁਜਾਹੁਦੀਨਾਂ ਅਤੇ ਅਲਕਾਇਦਾ, ਤਾਲਿਬਾਨ ਆਦਿ ਦਹਿਸ਼ਤੀ ਗੁੱਟਾਂ ਨਾਲ਼ ਅਮਰੀਕਾ (ਆਪਣੇ ਨਾਟੋ ਸੰਗੀਆਂ ਸਮੇਤ) ਪਿਛਲੇ ਲੰਬੇ ਸਮੇਂ ਤੋਂ ਜੋੜ-ਤੋੜ, ਪੈਂਤੜੇਬਾਜ਼ੀ, ਹਥਿਆਰ ਸਪਲਾਈ, ਲੜਾਈਆਂ, ਸੁਲਾ-ਸਫ਼ਾਈਆਂ ਆਦਿ ਵਿੱਚ ਮਸ਼ਰੂਫ਼ ਹੈ ਜੋ ਅਮਰੀਕਾ ਨੇ ਰੂਸ ਦੇ ਪ੍ਰਭਾਵ ਨੂੰ ਟੱਕਰ ਦੇਣ ਅਤੇ ਅਫ਼ਗਾਨਿਸਤਾਨ ਵਿੱਚ ਅਫ਼ੀਮ ਦੀ ਖੇਤੀ ਦਾ ਸਾਰਾ ਕਾਰੋਬਾਰ ਆਪਣੇ ਹੱਥ ਲੈਣ (ਕਿਉਂਕਿ ਅਫ਼ਗਾਨਿਸਤਾਨ ਸੰਸਾਰ ਦਾ ਸਭ ਤੋਂ ਵੱਡਾ ਅਫ਼ੀਮ ਪੈਦਾਕਾਰ ਦੇਸ਼ ਹੈ) ਲਈ ਕੀਤਾ ਸੀ। ਮੁਜਾਹੂਦੀਨਾਂ ਤੋਂ ਹੀ ਨਿਕਲਿਆ ਇਸਲਾਮਿਕ ਸਟੇਟ (ਇਸੇ ਨੂੰ ਪਹਿਲਾਂ ਆਈਐਸਆਈਐਲ ਭਾਵ ਇਸਲਾਮਿਕ ਸਟੇਟ ਆਫ਼ ਈਰਾਕ ਐਂਡ ਲੇਵਾਂਤ ਵੀ ਕਹਿੰਦੇ ਸਨ ਜਾਂ ਆਈਐਸਆਈਐਸ ਭਾਵ ਇਸਲਾਮਿਕ ਸਟੇਟ ਆਫ਼ ਈਰਾਕ ਐਂਡ ਸੀਰੀਆ ਵੀ) ਦਹਿਸ਼ਤੀ ਗਰੁੱਪ ਇਸ ਸਮੇਂ ਸੰਸਾਰ ਦੀ ਸਭ ਤੋਂ ਖ਼ਤਰਨਾਕ ਦਹਿਸ਼ਤਗਰਦ ਜਥੇਬੰਦੀ ਦੇ ਰੂਪ ਵਿੱਚ ਉੱਭਰਿਆ ਹੈ ਜੋ ਈਰਾਕ, ਸੀਰੀਆ ‘ਚ ਅਤੇ ਹੁਣ ਲਿਬਿਆ ‘ਚ ਵੀ ਹੜਦੁੰਗ ਮਚਾ ਰਿਹਾ ਹੈ। ਇਸਲਾਮਿਕ ਸਟੇਟ ਨਾਲ਼ ਸਬੰਧਾਂ ਨੂੰ ਲੈ ਕੇ ਅਮਰੀਕਾ ਇੱਕ ਵਾਰ ਫਿਰ ਚਰਚਾ ‘ਚ ਹੈ, ਭਾਵੇਂ ਕੌਮਾਂਤਰੀ ਭਾਸ਼ਣਾਂ ਵਿੱਚ ਇਸਲਾਮਿਕ ਸਟੇਟ ਵਿਰੁੱਧ ਜੰਗ ਛੇੜਣ ਦੀਆਂ ਗਿੱਦੜ-ਚੀਕਾਂ ਹੁਣ ਤੱਕ ਮਾਰ ਰਿਹਾ ਹੈ। ਪਹਿਲਾਂ ਅਮਰੀਕਾ ਲੁਕਵੇਂ ਰੂਪ ਵਿੱਚ ਇਸਲਾਮਿਕ ਸਟੇਟ ਦੀ ਮਦਦ – ਖ਼ਾਸ ਤੌਰ ‘ਤੇ ਸੀਰੀਆ ਵਿੱਚ – ਕਰਦਾ ਰਿਹਾ ਹੈ। ਪਰ ਹੁਣ ਸੀਰੀਆ ਵਿੱਚ ਚੱਲ ਰਹੀ ਜੰਗ ਵਿੱਚ ਆਈਐਸ ਦੇ ਪੱਖ ਵਿੱਚ ਆ ਚੁੱਕਾ ਹੈ ਇਹੀ ਅਮਰੀਕਾ ਈਰਾਕ ਵਿੱਚ ਇਸਦੇ ਵਿਰੁੱਧ ਰਿਹਾ ਹੈ ਜਿਵੇਂ ਅਲਕਾਇਦਾ ਦੀ ਸ਼ਾਖ ਅਲ-ਨੁਸਰਾ ਨਾਲ਼ ਮਿਲ ਕੇ ਸੀਰੀਆ ਵਿੱਚ ਲੜ ਰਿਹਾ ਹੈ ਅਤੇ ਸੰਸਾਰ ਪੱਧਰ ‘ਤੇ ਅਲਕਾਇਦਾ ਵਿਰੁੱਧ ਜੰਗ ਛੇੜ ਰੱਖੀ ਹੈ। ਆਉ ਇਸਲਾਮਿਕ ਸਟੇਟ ਨਾਲ਼ ਅਮਰੀਕਾ ਦੇ ਸਬੰਧਾਂ ਦੀ ਚਰਚਾ ਹੁਣ ਥੋੜ੍ਹੀ ਵਿਸਥਾਰ ‘ਚ ਕਰਦੇ ਹਾਂ

ਇਸਲਾਮਿਕ ਸਟੇਟ ਈਰਾਕ ‘ਤੇ ਅਮਰੀਕੀ ਹਮਲੇ ਤੋਂ ਬਾਅਦ ਉੱਭਰੀ ਇੱਕ ਦਹਿਸ਼ਤਗਰਦ ਜਥੇਬੰਦੀ ਹੈ।  9/11 ਦੇ ਹਮਲੇ ਤੋਂ ਬਾਅਦ “ਦਹਿਸ਼ਤਗਰਦੀ ਵਿਰੁੱਧ ਜੰਗ” ਦੇ ਨਾਅਰੇ ਹੇਠ ਅਮਰੀਕਾ ਨੇ ਅਫ਼ਗਾਨਿਸਤਾਨ ‘ਤੇ 2001 ਵਿੱਚ ਅਤੇ ਈਰਾਕ ‘ਤੇ 2003 ਵਿੱਚ ਹਮਲੇ ਕੀਤੇ। ਭਾਵੇਂ ਕਿ ਅਫ਼ਗਾਨਿਸਤਾਨ ਵਿੱਚ ਮੁਜਾਹੁਦੀਨ ਨਾਮੀ ਦਹਿਸ਼ਤੀ ਗੁੱਟਾਂ ਨੂੰ ਅਮਰੀਕਾ ਦੀ ਖੂਫ਼ੀਆ ਏਜੰਸੀ ਸੀਆਈਏ ਨੇ ਹੀ ਧਨ, ਹਥਿਆਰ ਤੇ ਸਿਖਲਾਈ ਦੇ ਕੇ ਸੋਵੀਅਤ ਯੂਨੀਅਨ ਦੇ ਵਿਰੁੱਧ ਤੇ ਚੀਨ ਪੱਖੀਆਂ ਨੂੰ ਖ਼ਤਮ ਕਰਵਾਉਣ ਲਈ ਤਿਆਰ ਕੀਤਾ ਸੀ ਜਿਹਨਾਂ ਵਿੱਚੋਂ ਹੀ ਬਾਅਦ ਵਿੱਚ ਅਲਕਾਇਦਾ ਅਤੇ ਤਾਲਿਬਾਨ ਨਾਮੀ ਦਹਿਸ਼ਤੀ ਗਰੁੱਪ ਨਿਕਲੇ। ਇਸੇ ਤਰ੍ਹਾਂ ਸੱਦਾਮ ਹੂਸੈਨ ਜੋ 1963 ‘ਚ ਸੱਤਾ ‘ਚ ਆਇਆ ਸੀ, ਈਰਾਨ ‘ਤੇ ਈਰਾਕ ਹਮਲੇ ਦੌਰਾਨ ਅਮਰੀਕਾ ਸੱਦਾਮ ਦੇ ਨਾਲ਼ ਸੀ ਪਰ ਜਦ ਸੱਦਾਮ ਨੇ ਅਮਰੀਕਾ ਦਾ ਵਿਰੋਧ ਸ਼ੁਰੂ ਕੀਤਾ ਤਾਂ “ਮਾਰੂ” ਪ੍ਰਮਾਣੂ ਹਥਿਆਰਾਂ ਦਾ ਬਹਾਨਾ ਬਣਾ ਕੇ ਅਮਰੀਕਾ ਨੇ ਈਰਾਕ ‘ਤੇ ਹਮਲਾ ਕੀਤਾ ਅਤੇ ਸੱਦਾਮ ਨੂੰ ਮਾਰ ਕੇ ਨੌਰੀ-ਅਲ-ਮਲੀਕੀ ਦੀ ਅਗਵਾਈ ਹੇਠ ਆਪਣੀ ਕਠਪੁਤਲੀ ਸਰਕਾਰ ਸਥਾਪਿਤ ਕੀਤੀ। ਇਸ ਸਮੇਂ ਦੌਰਾਨ ਫਿਰਕੂ ਮਾਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਸ਼ੂਰੂ ਹੋਈਆਂ ਜਿਵੇਂ ਵੱਧ ਰਸੂਖ਼ਦਾਰ ਅਹੁਦਿਆਂ ‘ਤੇ ਸ਼ੀਆ ਅਤੇ ਘੱਟ ਮਹੱਤਵਪੂਰਨ ‘ਤੇ ਸੁੰਨੀ ਤੇ ਕੁਰਦ। ਖ਼ਾਸ ਤੌਰ ‘ਤੇ ਸੱਦਾਮ ਦੀ ਮੌਤ ਬਾਅਦ ਸੁੰਨੀਆਂ ਨਾਲ਼ ਪੱਖਪਾਤ ਵੱਧਦਾ ਹੀ ਗਿਆ। ਦੂਜਾ ਲੰਬੀ ਜੰਗ ਨੇ ਦੇਸ਼ ਨੂੰ ਆਰਥਿਕ ਤੌਰ ‘ਤੇ ਬੁਰੀ ਤਰ੍ਹਾਂ ਤਬਾਹ ਕੀਤਾ ਜਿਸ ਵਿੱਚ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ। ਈਰਾਕ ਦਾ ਜੰਗ ਦਾ ਖ਼ਰਚ ਲੱਗਭਗ 3 ਟ੍ਰਿਲੀਅਨ ਡਾਲਰ ਸੀ ਅਤੇ ਜੰਗ ਵਿੱਚ 6,00,000 ਲੋਕ ਮਾਰੇ ਗਏ। ਅਰਥਚਾਰਾ ਬੁਰੀ ਤਰ੍ਹਾਂ ਸੰਕਟ ਦਾ ਸ਼ਿਕਾਰ ਸੀ। ਬੇਰੁਜ਼ਗਾਰੀ, ਗ਼ਰੀਬੀ, ਮਹਿੰਗਾਈ ਵਧੀ ਅਤੇ ਇਹਨਾਂ ਵਿਰੁੱਧ ਬਹੁਤ ਸਾਰੇ ਮੁਜ਼ਾਹਰੇ ਵੀ ਹੋਏ ਅਤੇ ਨਿੱਕੀਆਂ-ਮੋਟੀਆਂ ਸੁੰਨੀ ਬਗ਼ਾਵਤਾਂ ਵੀ ਹੋਈਆਂ। ਫਲੂਜਾ, ਮੌਸੂਲ, ਤਿਕਰਿਤ, ਬਗਦਾਦ ਆਦਿ ਸ਼ਹਿਰਾਂ ਵਿੱਚ ਮੁਜ਼ਾਹਰਿਆਂ ਨੂੰ ਅਮਰੀਕੀ ਕਠਪੁਤਲੀ ਮਲੀਕੀ ਸਰਕਾਰ ਨੇ ਬੁਰੀ ਤਰ੍ਹਾਂ ਕੁਚਲਿਆ ਅਤੇ ਸੁੰਨੀਆਂ ‘ਤੇ ਬਹੁਤ ਜ਼ੁਲਮ ਕੀਤੇ। ਪਰ ਈਰਾਕ ਦੇ ਹਾਕਮਾਂ ਦੇ ਇਸ ਸੰਕਟ ਦੇ ਦੌਰ ਨੂੰ ਇਨਲਕਾਬੀ ਤਬਦੀਲੀ ਵਿੱਚ ਪਲਟ ਦੇਣ ਵਾਲ਼ੀ ਅਜਿਹੀ ਕੋਈ ਇਨਕਲਾਬੀ ਧਾਰਾ ਈਰਾਕ ਵਿੱਚ ਮੌਜੂਦ ਨਹੀਂ ਸੀ। ਹਾਕਮਾਂ ਦੇ ਇਸੇ ਖਹਿ-ਭੇੜ ਵਿੱਚੋਂ ਹੀ ਸ਼ੀਆ ਤੇ ਕੁਰਦ ਵਿਰੋਧੀ ਇਸਲਾਮਿਕ ਸਟੇਟ ਨਾਮੀ ਦਹਿਸ਼ਤਗਰਦ ਜਥੇਬੰਦੀ ਦਾ ਜਨਮ ਹੋਇਆ ਜੋ ਸੁੰਨੀ ਭਾਈਚਾਰੇ ਅਧਾਰਿਤ ਸੀ। ਕੁਝ ਵਿਦਵਾਨ ਇਹ ਵੀ ਅੰਦਾਜ਼ਾ ਲਾਉਂਦੇ ਹਨ ਕਿ ਇਸ ਜਥੇਬੰਦੀ ਦਾ ਖਲੀਫ਼ਾ ਅਲ-ਬਗਦਾਦੀ 2005-2009 ਦੌਰਾਨ ਅਮਰੀਕੀ ਜ਼ੇਲ੍ਹ ਵਿੱਚ ਰਿਹਾ ਸੀ ਅਤੇ ਉਸਦੀ ਅਮਰੀਕੀ ਖ਼ੁਫੀਆ ਏਜੰਸੀ ਨਾਲ਼ ਮੀਟਿੰਗ ਹੋਈ ਵੀ ਦੱਸੀ ਜਾ ਰਹੀ ਹੈ ਅਤੇ ਦੂਜੀ ਗੱਲ ਇਸਲਾਮਿਕ ਸਟੇਟ ਵੀ 2010 ‘ਚ ਹੀ ਉੱਭਰਨਾ ਸ਼ੁਰੂ ਹੋਇਆ ਅਤੇ 16 ਮਈ, 2010 ‘ਚ ਹੀ ਅਲ-ਬਗਦਾਦੀ ਇਸਲਾਮਿਕ ਸਟੇਟ ਦਾ ਆਗੂ ਬਣ ਕੇ ਉੱਭਰਿਆ। ਇਸ ਤੋਂ ਬਾਅਦ ਹੀ ਇਸਲਾਮਿਕ ਸਟੇਟ ਨੇ ਈਰਾਕ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ। 2014 ਆਉਂਦੇ-ਆਉਂਦੇ ਇਸ ਜਥੇਬੰਦੀ ਨੇ ਈਰਾਕ ਦੇ ਮੌਸੂਲ, ਤਿਕਰਿਤ ਤੇ ਰਿਮਾਦੀ ਸਮੇਤ ਤਿੰਨ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ। ਨਾਲ਼ ਹੀ ਇਸਨੇ ਇਹਨਾਂ ਸ਼ਹਿਰਾਂ ਵਿੱਚ ਅਮਰੀਕੀ ਹਥਿਆਰਾਂ ਦੀਆਂ ਵੱਡੀਆਂ ਖੇਪਾਂ ‘ਤੇ ਕਬਜ਼ਾ ਕੀਤਾ। ਇੱਥੋਂ ਹੀ ਇਸ ਜਥੇਬੰਦੀ ਦਾ ਵਿਸਥਾਰ ਹੋਣਾ ਸ਼ੁਰੂ ਹੋਇਆ। ਇਸੇ ਵੇਲ਼ੇ ਹੀ ਇਸਲਾਮਿਕ ਸਟੇਟ ਦਾ ਬਗਦਾਦ ਦੀ ਸਰਕਾਰ ਨਾਲ਼ ਝਗੜਾ ਸ਼ੁਰੂ ਹੋਇਆ। ਈਰਾਕ ‘ਚ ਆਈਐਸ ਦੇ ਉਭਾਰ ਨੂੰ ਕੁਝ ਵਿਦਵਾਨ ਮਲੀਕੀ ਦੀਆਂ ਨੀਤੀਆਂ ਦਾ ਹੀ ਨਤੀਜਾ ਮੰਨਦੇ ਹਨ ਪਰ ਇਹ ਇੱਕੋ-ਇੱਕ ਕਾਰਨ ਨਹੀਂ ਹੈ ਭਾਵੇਂ ਕਿ ਇਹ ਵੀ ਇੱਕ ਕਾਰਨ ਹੈ। ਅਸਲ ਕਾਰਨ ਤਾਂ ਈਰਾਕੀ ਸਮਾਜ ਦੀ ਅੰਦਰੂਨੀ ਗਤੀ ਤੇ ਕੁਝ ਹੱਦ ਤੱਕ ਅਮਰੀਕੀ ਦਖਲ ਸੀ। ਕਿਉਂਕਿ ਈਰਾਕੀ ਅਰਥਚਾਰਾ ਜੰਗ ਤੇ ਖਾਨਾਜੰਗੀ ਦੇ 7 ਸਾਲਾਂ ‘ਚ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ, ਈਰਾਕ ਦੀ ਹਾਕਮ ਜਮਾਤ ਬਹੁਤ ਕਮਜ਼ੋਰ, ਅਮਰੀਕਾ ਲਗਾਤਾਰ ਦਬਾਅ ਬਣਾ ਰਿਹਾ ਸੀ, ਦੂਜਾ ਕੋਈ ਇਨਕਲਾਬੀ ਬਦਲ ਮੌਜੂਦ ਨਹੀਂ ਸੀ ਜੋ ਇਸ ਸੰਕਟ ਦਾ ਇਲਕਲਾਬੀ ਹੱਲ ਪੇਸ਼ ਕਰਦਾ, ਲੋਕ ਗਰੀਬੀ, ਬੇਰੁਜਗਾਰੀ, ਮਾੜੀਆਂ ਸਹੂਲਤਾਂ ‘ਚ ਵਿਲਕ ਰਹੇ ਸਨ ‘ਤੇ ਉੱਤੋਂ ਮਲੀਕੀ ਹਕੂਮਤ ਦੁਆਰਾ ਸੁੰਨੀਆਂ ਨਾਲ਼ ਵਿਤਕਰੇਬਾਜ਼ੀ ਨੇ ਫਿਰਕਾਪ੍ਰਸਤੀ ਦੀ ਧੁਖਦੀ ਧੂਣੀ ‘ਤੇ ਤੇਲ ਪਾਇਆ ਜੋ ਬਾਅਦ ਵਿੱਚ ਆਈਐਸ ਨਾਮੀ ਭਾਂਬੜ ਬਣ ਕੇ ਉੱਭਰੀ।

ਸ਼ੁਰੂ ਵਿੱਚ ਭਾਵੇਂ ਅਮਰੀਕਾ ਇਸਲਾਮਿਕ ਸਟੇਟ ‘ਤੇ ਹਮਲਾ ਕਰਨ ਦੇ ਵਾਅਦੇ ਕਰਦਾ ਰਿਹਾ ਅਤੇ ਕੌਮਾਂਤਰੀ ਪੱਧਰ ‘ਤੇ ਜੋਸ਼ੀਲੇ ਭਾਸ਼ਣ ਉਬਾਮਾ ਨੇ ਦਿੱਤੇ। ਉੱਤੋਂ-ਉੱਤੋਂ ਭਾਵੇਂ ਨਕਲੀ ਵਿਰੋਧ ਅਮਰੀਕਾ ਨੇ ਕੀਤਾ ਪਰ ਅੰਦਰੋਂ ਹੌਲ਼ੀ-ਹੌਲ਼ੀ ਅਮਰੀਕਾ ਨੇ ਆਪਣੇ ਨਾਟੋ ਜੋਟੀਦਾਰਾਂ ਦੀ ਮਦਦ ਨਾਲ਼ ਇਸਲਾਮਿਕ ਸਟੇਟ ਨਾਲ਼ – ਆਪਣੇ ਹਿੱਤਾਂ ਅਨੁਸਾਰ – ਗੰਢ-ਤੁਪ ਦਾ ਪੈਂਤੜਾ ਖੇਡਿਆ ਅਤੇ ਇਸ ਤੁਫ਼ਾਨ ਨੂੰ ਸੀਰੀਆ ਵੱਲ਼ ਮੋੜਣ ਦੀ ਚਾਲ ਚੱਲੀ ਜੋ ਕਾਫ਼ੀ ਹੱਦ ਤੱਕ “ਸਫ਼ਲ” ਵੀ ਹੋਈ ਹੈ। ਇਸੇ ਕਰਕੇ ਅੱਜ ਇਸਲਾਮਿਕ ਸਟੇਟ ਦੇ ਜ਼ਬਰਾਂ ਦੀ ਹਨ੍ਹੇਰੀ ਸੀਰੀਆ ਵਿੱਚ ਝੁੱਲ ਰਹੀ ਹੈ ਤਾਂ ਉਸ ‘ਚ ਇਹ ਵੀ ਇੱਕ ਕਾਰਨ ਹੈ। ਅਮਰੀਕਾ ਇਹਨਾਂ ਦਹਿਸ਼ਤੀ ਗੁਟਾਂ ਨੂੰ ਆਪਣੇ ਹਿਤਾਂ ‘ਚ ਵਰਤਦਾ ਆਇਆ ਹੈ।

ਸੀਰੀਆ ਦੀ ਘਰੇਲੂ ਜੰਗ ਬਾਰੇ ‘ਲਲਕਾਰ’ ਮੈਗਜ਼ੀਨ ਦੇ ਜੁਲਾਈ, 2013 ਅੰਕ ਵਿੱਚ ਬਹੁਤ ਵਿਸਥਾਰ ਵਿੱਚ ਚਰਚਾ ਹੋਈ ਹੈ। ਪਰ ਸੰਖੇਪ ਵਿੱਚ ਅਸੀਂ ਇੰਨਾ ਦੱਸ ਦਿੰਦੇ ਹਾਂ ਕਿ ਸੀਰੀਆ ਵਿੱਚ ਵੀ ਅਰਬ ਦੇ ਦੂਜੇ ਦੇਸ਼ਾਂ ਵਾਂਗ ਰੈਡੀਕਲ ਬੁਰਜੂਆ ਜਮਾਤ ਹੀ ਸੱਤਾ ਵਿੱਚ ਆਈ ਅਤੇ ਸੀਰੀਆ ਦੇ ਹਾਫ਼ੇਜ਼ ਅਲ-ਅਸਦ ਨੇ ਮਿਸਰ ਦੇ ਨਾਸੇਰ, ਟੁਨੀਸ਼ੀਆ ਦੇ ਬਿਲ ਬੇਲਾ ਅਤੇ ਲੀਬੀਆ ਦੇ ਗੱਦਾਫ਼ੀ ਵਾਂਗ ਅਮਰੀਕੀ ਸਾਮਰਾਜ ਵਿਰੋਧੀ ਪੈਂਤੜਾ ਅਪਣਾਇਆ ਪਰ ਦੇਸ਼ ਦੇ ਵਿਕਾਸ ਦਾ ਰਾਹ ਸਰਮਾਏਦਾਰਾ ਹੀ ਚੁਣਿਆ। ਜਿਸਦੇ ਨਤੀਜੇ ਸੰਸਾਰ 2007 ਦੇ ਸੰਸਾਰ ਆਰਥਕ ਸੰਕਟ ਤੋਂ ਬਾਅਦ ਸਾਹਮਣੇ ਆਉਣ ਲੱਗੇ। ਸੀਰੀਆ ਵਿੱਚ ਵੀ ਬੇਰੁਜਗਾਰੀ, ਗਰੀਬੀ ਵਧੀ, ਲੋਕਾਂ ਦੇ ਜਮਹੂਰੀ ਹੱਕਾਂ ਦਾ ਦਾਇਰਾ ਸੁੰਗੜਿਆ ਅਤੇ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ ਵੀ ਭੜਕਿਆ। ਇਸ ਤੋਂ ਬਿਨਾਂ ਸੀਰੀਆ ਵਿੱਚ ਸ਼ੀਆ ਤੇ ਸੁੰਨੀ ਦੇ ਝਗੜੇ ਦੀ ਧੂਣੀ ਵੀ ਧੁਖਦੀ ਰਹੀ ਜੋ ਸੰਕਟ ਵਿੱਚ ਆ ਕੇ ਹੋਰ ਤੇਜ਼ ਹੋ ਗਈ। ਸੀਰੀਆ ਵਿੱਚ ਸੁੰਨੀ ਮੁਸਲਮਾਨ ਬਹੁਤ ਗਿਣਤੀ ਵਿੱਚ ਹਨ ਜਿਹਨਾਂ ਨੇ ਸਮੇਂ-ਸਮੇਂ ‘ਤੇ ਅਸਦ ਸਰਕਾਰ ਵਿਰੁੱਧ ਬਗ਼ਾਵਤਾਂ ਨੂੰ ਅੰਜਾਮ ਦਿੱਤਾ। ਦੂਜਾ ਸੀਰੀਆ ਦੀ ਕੁਰਦ ਵਸੋਂ (ਕੁਰਦ ਸੀਰੀਆ, ਈਰਾਕ ਤੇ ਤੁਰਕੀ ਦੇਸ਼ਾਂ ਵਿੱਚ ਹਨ) ਵੀ ਸਮੇਂ-ਸਮੇਂ ‘ਤੇ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਵਿਰੁੱਧ ਸ਼ੰਘਰਸ਼ ਕਰਦੀ ਰਹੀ ਹੈ ਜਿਸਨੂੰ ਕਦੇ-ਕਦੇ ਅਮਰੀਕਾ ਵੀ ਵਰਤਦਾ ਰਿਹਾ ਹੈ। ਜਦ ਹੜਤਾਲਾਂ, ਲੋਕ-ਸ਼ੰਘਰਸ਼ਾਂ ਦਾ ਸਿਲਸਿਲਾ ਅਸਦ ਸਰਕਾਰ ਵਿਰੁੱਧ ਤੇਜ਼ ਹੋਇਆ ਤਾਂ ਪਹਿਲਾਂ ਅਸਦ ਸਰਕਾਰ ਨੇ 1971 ਤੋਂ ਚੱਲਦੇ ਆਉਂਦੇ ਕਾਨੂੰਨਾਂ ਵਿੱਚ ਕੁਝ ਛੋਟਾਂ, ਰੁਜ਼ਗਾਰ, ਪ੍ਰੈਸ ਅਜ਼ਾਦੀ ਦੇ ਵਾਅਦੇ ਆਦਿ ਕੀਤੇ, ਪਰ ਜਦ ਰੱਫੜ ਵਧਿਆ ਤਾਂ ਆਪਣੇ ਲੋਕਾਂ ‘ਤੇ ਜ਼ੁਲਮ ਢਾਉਣੇ ਸ਼ੁਰੂ ਕੀਤੇ ਜਿਸਦਾ ਵਿਆਪਕ ਵਿਰੋਧ ਅਸਦ ਸਰਕਾਰ ਵਿਰੁੱਧ ਉੱਠ ਖੜ੍ਹਾ ਹੋਇਆ।

ਅਮਰੀਕਾ ਤਾਂ ਜਿਵੇਂ ਅਜਿਹੇ ਮੌਕੇ ਦੀ ਭਾਲ ਵਿੱਚ ਸੀ ਕਿਉਂਕਿ ਅਸਦ ਸਰਕਾਰ ਰੂਸ ਪੱਖੀ ਹੈ। ਇਸ ਕਰਕੇ ਅਮਰੀਕਾ ਨੇ ਸੀਰੀਆਈ ਬਾਗ਼ੀਆਂ ‘ਸੀਰੀਆ ਮੁਕਤੀ ਫ਼ੌਜ’ ਅਤੇ ਅਲ-ਨੁਸਰਾ ਨੂੰ ਮੱਦਦ ਦੇਣੀ ਸ਼ੁਰੂ ਕਰ ਦਿੱਤੀ। ਤੁਰਕੀ ਰਾਹੀਂ ਬਾਗ਼ੀਆਂ ਨੂੰ ਟ੍ਰੇਨਿੰਗ ਦਿੱਤੀ। ਸ਼ੁਰੂ ਵਿੱਚ ਇਹ ਲੋਕਾਂ ਦੀ ਮਦਦ ਦੇ ਨਾਂ ‘ਤੇ ਕੀਤਾ ਗਿਆ ਪਰ ਬਾਅਦ ਵਿੱਚ ਜਲਦ ਹੀ ਸਾਹਮਣੇ ਆ ਗਿਆ ਕਿ ਅਮਰੀਕਾ ਸੀਰੀਆ ਨੂੰ ਇੱਕ ਹੋਰ ਲੀਬੀਆ ਬਣਾਉਣਾ ਚਾਹੁੰਦਾ ਹੈ। ਇਸੇ ਲਈ ਇਸਲਾਮਿਕ ਸਟੇਟ ਦਾ ਰੁਖ਼ ਅਮਰੀਕਾ ਸੀਰੀਆ ਵੱਲ ਕਰਨਾ ਚਾਹੁੰਦਾ ਹੈ। ਕਿਉਂਕਿ ਇਸ ਸਭ ਦੇ ਬਾਵਜੂਦ ਅਸਦ ਸਰਕਾਰ ਨੂੰ ਲਿਬਨਾਨ ਦੀ ਜਥੇਬੰਦੀ ਹਿਜ਼ਬੁੱਲਾ, ਰੂਸ, ਈਰਾਨ ਆਦਿ ਦੇਸ਼ਾਂ ਦੀ ਮਦਦ ਮਿਲ ਰਹੀ ਹੈ। ਦੂਜਾ ਫਿਲਿਸਤੀਨ ਵਿਰੁੱਧ ਜੰਗ ਵਿੱਚ ਅਰਬ ਵਿੱਚੋਂ ਸੀਰੀਆ ਤੇ ਈਰਾਨ ਨੇ ਹੀ ਫਿਲਸਤੀਨ ਦੀ ਮਦਦ ਕੀਤੀ ਸੀ ਜਦ ਸਾਰਾ ਅਰਬ ਇਜ਼ਰਾਈਲ ਤੇ ਅਮਰੀਕਾ ਅੱਗੇ ਹਾਰ ਮੰਨ ਚੁੱਕਿਆ ਸੀ। ਇਸ ਕਰਕੇ ਅਮਰੀਕਾ ਲਈ ਹਾਲੇ ਵੀ ਅਸਦ ਸਰਕਾਰ ਨੂੰ ਡੇਗਣਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸੇ ਲਈ ਹੁਣ ਅਮਰੀਕਾ ਸ਼ਰੇਆਮ ਇਸਲਾਮਿਕ ਸਟੇਟ ਨੂੰ ਹਥਿਆਰ ਤੇ ਪੈਸਾ ਮੁਹੱਇਆ ਕਰਵਾ ਰਿਹਾ ਹੈ। ਇਸ ਵਿੱਚ ਅਮਰੀਕਾ ਦੇ ਜੋ ਹਿੱਤ ਹਨ ਉਹਨਾਂ ‘ਤੇ ਅਸੀਂ ਬਾਅਦ ਵਿੱਚ ਆਉਂਦੇ ਹਾਂ ਚੱਲਦੇ-ਚੱਲਦੇ ਤੱਥਾਂ ਰਾਹੀਂ ਸਮਝਣ ਦਾ ਯਤਨ ਕਰਦੇ ਹਾਂ ਕਿ ਅਮਰੀਕਾ ਕਿਵੇਂ ਇਸਲਾਮਿਕ ਸਟੇਟ ਦੀ ਮਦਦ ਕਰ ਰਿਹਾ ਹੈ।

ਕਤਰ ਇਸਲਾਮਿਕ ਸਟੇਟ ਨੂੰ 2.5 ਮਿਲੀਅਨ ਡਾਲਰ ਦੀ ਸਹਾਇਤਾ ਦੇ ਚੁੱਕਾ ਹੈ। 18 ਅਪ੍ਰੈਲ, 2015 ਦੇ ਨਿਊ ਯਾਰਕ ਅਖ਼ਬਾਰ ਨੇ ਦੱਸਿਆ ਕਿ ਸਾਉਦੀ ਅਰਬ ਨੇ ਯਮਨ ‘ਤੇ ਜੋ ਹਮਲੇ ਕੀਤੇ ਸਨ ਅਤੇ ਆਈਐਸ ਜੋ ਸੀਰੀਆ, ਈਰਾਕ ਤੇ ਤੁਰਕੀ ਦੀ ਸ਼ੀਆ, ਈਸਾਈ ਤੇ ਕੁਰਦ ਵੱਸੋਂ ‘ਤੇ ਹਮਲੇ ਕਰ ਰਿਹਾ ਹੈ ਉਹ ਹਥਿਆਰ, ਹਵਾਈ ਜਹਾਜ਼, ਟੈਂਕ ਆਦਿ ਅਮਰੀਕਾ ਦੀਆਂ ਹਥਿਆਰ ਨਿਰਮਾਤਾ ਕੰਪਨੀਆਂ ਬੋਇੰਗ ਤੇ ਲਾਕਹੀਡ ਮਾਰਟਿਨ ਤੋਂ ਸਪਲਾਈ ਹੋ ਰਹੇ ਹਨ। ਇਸੇ ਅਖ਼ਬਾਰ ਨੇ ਲਿਖਿਆ ਕਿ ਅਰਬ ਜੰਗ ਨੇ ਅਮਰੀਕੀ ਹਥਿਆਰ ਤੇ ਜੰਗੀ ਸਮਾਨ ਦੀ ਸੱਨਅਤ ਨੂੰ ਹੁਲਾਰਾ ਦਿੱਤਾ ਹੈ ਜੋ ਪਿਛਲੇ ਬਹੁਤ ਸਮੇਂ ਤੋਂ “ਸੰਕਟ” ਦਾ ਸ਼ਿਕਾਰ ਸੀ। ਹਥਿਆਰ ਸੱਨਅਤ ਦੇ ਅਫ਼ਸਰਾਂ ਨੇ ਕਾਂਗਰਸ ਨੂੰ ਦੱਸਿਆ ਕਿ ਸੀਰੀਆ, ਈਰਾਕ, ਯਮਨ, ਸਾਉਦੀ ਅਰਬ, ਕਤਰ, ਬਹਿਰੀਨ ਆਦਿ ਦੇਸ਼ਾਂ ਨੇ ਹਜ਼ਾਰਾਂ ਅਮਰੀਕੀ ਮਿਜ਼ਾਇਲਾਂ ਖਰੀਦੀਆਂ ਹਨ ਅਤੇ ਹਥਿਆਰ ਸੱਨਅਤ ਨੂੰ ਉਗਾਸਾ ਦਿੱਤਾ ਹੈ ਜੋ ਪਿਛਲੇ ਸਮੇਂ ਤੋਂ ਖੜੋਤ ਦਾ ਸ਼ਿਕਰ ਸੀ। ਸਾਉਦੀ ਅਰਬ ਨੇ 80 ਬਿਲੀਅਨ ਡਾਲਰ ਤੇ ਯੂਏਈ ਨੇ 23 ਬਿਲੀਅਨ ਡਾਲਰ ਅਮਰੀਕੀ ਹਥਿਆਰਾਂ ‘ਤੇ ਖ਼ਰਚੇ ਹਨ। ਬੋਇੰਗ ਤੇ ਲਾਕਹੀਡ ਮਾਰਟਿਨ ਨੇ ਦੋਹਾ ਤੇ ਕਤਰ ਵਿੱਚ ਆਪਣੇ ਦਫ਼ਤਰ ਖੋਲ੍ਹੇ ਹਨ। ਲਾਕਹੀਡ ਮਾਰਟਿਨ ਦੇ ਚੀਫ਼ ਐਗਜ਼ੀਕਿਊਟਿਵ ਮੈਰੀਲਿਨ ਹੈਵਸਨ ਨੇ ਦੱਸਿਆ ਕਿ ਕੰਪਨੀ ਆਪਣਾ ਬਿਜ਼ਨਸ ਅਰਬ ਵਿੱਚ 25 ਤੋਂ 30 ਫੀਸਦੀ ਤੱਕ ਵਧਾਉਣਾ ਚਾਹੁੰਦੀ ਹੈ। ਯੂਏਈ ਅਮਰੀਕੀ ਡਰੋਨ ਖਰੀਦਣ ਦਾ ਸੌਦਾ ਕਰ ਚੁੱਕਾ ਹੈ। ਇਸੇ ਤਰ੍ਹਾਂ ਸਟਾਲਹੋਲਮ ਕੌਮਾਂਤਰੀ ਪੀਸ ਰਿਸਰਚ ਇੰਸਟੀਚਿਊਟ ਅਨੁਸਾਰ 2014 ‘ਚ ਅਮਰੀਕੀ ਹਥਿਆਰਾਂ ਦਾ ਖ਼ਰਚ 3.1 ਫੀਸਦੀ ਵਧਿਆ ਹੈ। ਅਮਰੀਕਾ ਨੇ ਈਰਾਕ ਨੂੰ 175 ਐਮ1ਏ1 ਐਬਰਾਮਜ਼ ਟੈਂਕ, 5500 ਟੈਂਕ ਬੰਦੂਕਾਂ ਜਿਹਨਾਂ ਦੀ ਕੀਮਤ 600 ਮਿਲੀਅਨ ਹੈ ਅਤੇ 700 ਮਿਲੀਅਨ ਦੀਆਂ ਮਿਜ਼ਾਇਲਾਂ ਅਤੇ 2000 ਅੈਂਟੀ ਰਾਕੇਟ ਵੀ ਵੇਚੇ ਹਨ।

ਜਦ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨਾਲ਼ ਤੁਰਕੀ ਦੇ ਸ਼ਹਿਰ ਕੋਬਾਨੀ ਦੇ ਲੋਕ ਲੜ ਰਹੇ ਸਨ ਤਾਂ ਪਹਿਲਾਂ ਤਾਂ ਅਮਰੀਕੀ ਸ਼ਹਿ ‘ਤੇ ਤੁਰਕੀ ਦੀ ਸਰਕਾਰ ਨੇ ਉਹਨਾਂ ਦੀ ਮਦਦ ਕਰਨ ਤੋਂ ਨਾਂਹ ਕੀਤੀ ਅਤੇ ਬਾਅਦ ਵਿੱਚ ਜਦ ਸੰਸਾਰ ਪੱਧਰ ‘ਤੇ ਅਮਰੀਕਾ ਤੇ ਤੁਰਕੀ ਦੀ ਥੂਹ-ਥੂਹ ਹੋਣ ਲੱਗੀ ਤਾਂ ਅਮਰੀਕਾ ਨੇ ਕੁਝ ਹਥਿਆਰ ਕੋਬਾਨੀ ਦੇ ਲੜਾਕਿਆਂ ਨੂੰ ਦਿੱਤੇ ਪਰ ਨਾਲ਼ ਹੀ ਆਈਐਸ ਨੂੰ ਵੀ ਹਥਿਆਰ ਸਪਲਾਈ ਕੀਤੇ। ਮੱਧ-ਪੂਰਬ ਦੀ ਇਸ ਆਈਐਸ ਵਿਰੋਧੀ ਲਹਿਰ ‘ਚੋਂ ਅਮਰੀਕੀ ਹਥਿਆਰ ਤੇ ਜੰਗੀ ਸਮਾਨ ਦੀਆਂ ਕੰਪਨੀਆਂ ਨੇ ਦੋਵੇਂ ਹੱਥੀ ਮੁਨਾਫ਼ੇ ਕੁੱਟੇ। ਇੱਕ ਪਾਸੇ ਸਾਉਦੀ ਅਰਬ, ਯੂਏਈ, ਕਤਰ, ਈਰਾਕ ਤੇ ਤੁਰਕੀ ਆਦਿ ਨੂੰ ਆਈਐਸ ਨਾਲ਼ ਟੱਕਰ ਲੈਣ ਲਈ ਹਥਿਆਰ ਦਿੱਤੇ ਅਤੇ ਦੂਜੇ ਪਾਸੇ ਆਈਐਸ ਨੂੰ ਵੀ ਵੱਡੀਆਂ ਖੇਪਾਂ ਹਥਿਆਰਾਂ ਦੀਆਂ ਸਪਲਾਈ ਕੀਤੀਆਂ। 2010 ਤੋਂ 2014 ਤੱਕ ਸਾਊਦੀ ਅਰਬ ਨੇ 90 ਬਿਲੀਅਨ ਦੇ ਹਥਿਆਰ ਅਮਰੀਕਾ ਤੋਂ ਖਰੀਦੇ ਅਤੇ ਇਜ਼ਰਾਇਲ ਨੇ 1.9 ਬਿਲੀਅਨ ਦੇ ਹਥਿਆਰ ਅਮਰੀਕਾ ਤੋਂ ਖਰੀਦੇ, ਇਹੀ ਹਥਿਆਰ ਇਜ਼ਰਾਇਲ ਨੇ ਫਿਲਿਸਤੀਨ ਜੰਗ ‘ਚ ਵੀ ਵਰਤੇ।

ਹੁਣ ਅਮਰੀਕੀ ਹਥਿਆਰਾਂ ਦੀ ਸਭ ਤੋਂ ਵੱਡੀ ਕੰਪਨੀ ਲਾਕਹੀਡ ਮਾਰਟਿਨ ਨੇ ਨਿਊਯਾਰਕ ਦੀ ਵਿਚੋਲੀ ਕੰੰਪਨੀ ਰਾਹੀਂ ਆਈ ਐਸ ਨਾਲ਼ ਫਿਰ ਹਥਿਆਰਾਂ ਦਾ ਸੌਦਾ ਕੀਤਾ ਹੈ। ਇਹੀ ਨਹੀਂ ਅਮਰੀਕੀ ਹਥਿਆਰ ਨਿਰਮਾਤਾ ਕੰਪਨੀਆਂ ਲਾਕਹੀਡ ਮਾਰਟਿਨ, ਜਨਰਲ ਡਾਇਨਾਮਿਕਸ, ਰੇਥਿਔਨ ਆਦਿ ਦੇ ਸ਼ੇਅਰ ਪਿਛਲੇ ਪੰਜ ਸਾਲਾਂ ਵਿੱਚ ਲਗਪਗ 30% ਵਧੇ ਹਨ। ਆਉਣ ਵਾਲ਼ੇ ਦਿਨਾਂ ਵਿੱਚ ਇਹਨਾਂ ਹਥਿਆਰ ਨਿਰਮਾਤਾ ਕੰਪਨੀਆਂ ਦਾ 110 ਬਿਲੀਅਨ ਡਾਲਰ ਹਥਿਆਰ ਆਈਐਸ ਤੇ ਮੱਧ-ਪੂਰਬ ਨੂੰ ਸਪਲਾਈ ਕਰਨ ਦਾ ਇਰਾਦਾ ਹੈ।

ਮੱਧ-ਪੂਰਬ ਦੀ ਇਸ ਜੰਗ ‘ਚੋਂ ਅਮਰੀਕਾ ਦੀ ਦੋਗਲੀ ਨੀਤੀ ਉੱਭਰ ਕੇ ਸਾਹਮਣੇ ਆਈ। ਈਰਾਕ ਤੇ ਸੀਰੀਆ ਦੀ ਜੰਗ ਵਿੱਚ ਹੁਣ ਤੱਕ ਲੱਗਪਗ 8 ਲੱਖ ਲੋਕ ਮਾਰੇ ਜਾ ਚੁੱਕੇ ਹਨ ਅਤੇ ਲੱਖਾਂ ਹੀ ਬੇਘਰ ਹੋ ਗਏ ਹਨ। ਪਰ ਹਾਲੇ ਵੀ ਜੰਗ ਚੱਲ ਰਹੀ ਹੈ। ਦੂਜੇ ਪਾਸੇ ਅਮਰੀਕੀ ਹਥਿਆਰ ਨਿਰਮਾਤਾ ਕੰਪਨੀਆਂ ਨੇ ਲੱਖਾਂ ਦਾ ਮੁਨਾਫ਼ਾ ਕਮਾਇਆ ਹੈ। ਇੱਥੇ ਅਮਰੀਕਾ ਨੇ ਜੇਕਰ ਤੁਰਕੀ ਨੂੰ ਹਥਿਆਰ ਦਿੱਤੇ ਤਾਂ ਨਾਲ਼ ਆਈਐਸ ਨੂੰ ਵੀ ਦਿੱਤੇ, ਈਰਾਕ ਦੇ ਨਾਲ਼ ਸਾਉਦੀ ਅਰਬ ਨੂੰ ਵੀ ਦਿੱਤੇ। ਭਾਵ ਅਮਰੀਕਾ ਨੇ ਆਪਣੇ ਮੁਨਾਫ਼ੇ ਦੇ ਹਿੱਤ ਪ੍ਰਧਾਨ ਰੱਖੇ। ਇੱਥੇ ਵੀ ਅਮਰੀਕਾ ਦੀ ਦੋਗਲੀ ਨੀਤੀ ਪ੍ਰਧਾਨ ਰਹੀ।

ਪਰ ਹੁਣ ਅਮਰੀਕਾ ਇਹ ਸਾਰੀ ਜੰਗ ਸੀਰੀਆ ‘ਚ ਥੋਪਣੀ ਚਾਹੁੰਦਾ ਹੈ ਕਿਉਂਕਿ ਇਸ ਨਾਲ਼ ਅਮਰੀਕਾ ਜੇਕਰ ਅਸਦ ਸਰਕਾਰ ਨੂੰ ਡੇਗਣ ਵਿੱਚ ਕਾਮਯਾਬ ਹੋਇਆ ਤਾਂ ਰੂਸ ਦਾ ਬਹੁਤ ਨੁਕਸਾਨ ਕਰ ਸਕਦਾ ਹੈ ਕਿਉਂਕਿ ਅਸਦ ਰੂਸ ਪੱਖੀ ਹੈ। ਦੂਜਾ ਸੀਰੀਆ ‘ਚ ਆਪਣੀ ਕਠਪੁਤਲੀ ਸਰਕਾਰ ਬਣਾ ਕੇ ਸੀਰੀਆ ਦੇ ਤੇਲ ਅਤੇ ਕੁਦਰਤੀ ਭੰਡਾਰਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਤੀਜਾ ਸੀਰੀਆ ਵਿੱਚ ਇਸ ਤਰ੍ਹਾਂ ਆਪਣਾ ਮਿਲਟਰੀ ਅੱਡਾ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ਼ ਜੇਕਰ ਇੱਕ ਪਾਸੇ ਉਸਨੂੰ ਈਰਾਨ ਨਾਲ਼ ਉਲਝਣਾ ਸੌਖਾ ਹੋ ਜਾਵੇਗਾ ਤਾਂ ਦੂਜੇ ਪਾਸੇ ਇਜ਼ਰਾਈਲ ਫਿਲਿਸਤੀਨ ‘ਚ ਖੁੱਲ੍ਹੀ ਖੇਡ ਖੇਡਣ ਲਈ ਅਜ਼ਾਦ ਹੋਵੇਗਾ ਕਿਉਂਕਿ ਪੂਰੇ ਅਰਬ ਵਿੱਚ ਸੀਰੀਆ ਤੇ ਈਰਾਨ ਨੇ ਹੀ ਫਿਲਸਤੀਨ ਜੰਗ ਦਾ ਵਿਰੋਧ ਕੀਤਾ ਸੀ। ਚੌਥਾ ਇਸ ਜੰਗ ਨੇ ਅਮਰੀਕੀ ਹਥਿਆਰ ਸੱਨਅਤ ਨੂੰ ਵੀ ਉਗਾਸਾ ਦਿੱਤਾ ਹੈ ਜੋ ਪਿਛਲੇ ਬਹੁਤ ਸਮੇਂ ਤੋਂ ਖੜੋਤ ਦੀ ਸ਼ਿਕਰ ਸੀ, ਕਿਉਂਕਿ ਇਸ ਜੰਗ ਵਿੱਚ ਅਮਰੀਕੀ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਲੱਗ ਰਹੀਆਂ ਹਨ। ਇਹਨਾਂ ਸਾਰੇ ਕਾਰਨਾਂ ਕਰਕੇ ਅਮਰੀਕਾ ਨੇ ਮੱਧ-ਪੂਰਬ ਨੂੰ ਪਿਛਲੇ ਬਹੁਤ ਸਮੇਂ ਤੋਂ ਜੰਗਾਂ-ਯੁੱਧਾਂ ਦਾ ਅਖਾੜਾ ਬਣਾ ਰੱਖਿਆ ਹੈ ਅਤੇ ਹੁਣ ਤਾਂ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਨਾਟੋ ਦੇਸ਼ ਲੀਬੀਆ ‘ਤੇ ਇੱਕ ਵਾਰ ਫਿਰ ਹਮਲੇ ਦੀਆਂ ਗੋਂਦਾਂ ਗੁੰਦ ਰਹੇ ਹਨ। ਕਿਉਂਕਿ ਗੱਦਾਫ਼ੀ ਸਰਕਾਰ ਦਾ ਰਾਜ-ਪਲਟਾ ਕਰਵਾਉਣ ਤੋਂ ਬਾਅਦ ਵੀ ਲੀਬੀਆ ਦੀ ਸਿਆਸਤ ਹਾਲੇ ਅਮਰੀਕਾ ਦੇ ਹੱਥ ਨਹੀਂ ਆਈ ਤਾਂ ਫਿਰ ਇਹ ਸ਼ਾਇਦ ਇੱਕ ਵਾਰ ਫਿਰ “ਲੀਬੀਆ ‘ਚ ਜਮਹੂਰੀਅਤ ਬਹਾਲੀ” ਦਾ ਨਾਟਕ ਖੇਡੇ। ਦੂਜੇ ਪਾਸੇ ਰੂਸ ਤੇ ਚੀਨ ਨੇ ਵੀ ਆਪਣੀ ਜੰਗੀ ਸਮਾਨ ਦੀ ਸੱਨਅਤ ਦਾ ਵਿਕਾਸ ਕੀਤਾ ਹੈ ਅਤੇ ਅਮਰੀਕਾ ਨੂੰ ਟੱਕਰ ਦੇਣ ਲਈ ਆਪਣੇ ਪਰ ਤੋਲ    ਰਹੇ ਹਨ। ਅਸਦ ਸਰਕਾਰ ਨੂੰ ਹਥਿਆਰ ਰੂਸ ਹੀ ਸਪਲਾਈ ਕਰ ਰਿਹਾ ਹੈ।

ਇਹਨਾਂ ਗੱਲਾਂ ਤੋਂ ਇਹ ਸਾਫ਼ ਹੈ ਕਿ ਲੋਟੂ ਸਾਮਰਾਜੀਆਂ ਲਈ ਆਪੇ ਹਿੱਤ ਤੇ ਮੁਨਾਫ਼ੇ ਹੀ ਪ੍ਰਧਾਨ ਹੁੰਦੇ ਹਨ। ਮੁਨਾਫ਼ਿਆਂ ਲਈ ਇਹ ਕਿਸੇ ਵੀ ਕਮੀਨਗੀ ‘ਤੇ ਉੱਤਰ ਸਕਦੇ ਹਨ। ਦੁਸ਼ਮਣ ਨੂੰ ਝੱਟ ਦੋਸਤ ਬਣਾ ਲੈਂਦੇ ਹਨ ਤੇ ਦੋਸਤ ਫੱਟ ਦੁਸ਼ਮਣ। ਦੂਜਾ ਸੰਸਾਰ ਵਿੱਚ ਅੱਜ ਹਥਿਆਰਾਂ ਦਾ ਬਿਜਨਸ ਸਭ ਤੋਂ ਵੱਡਾ ਬਿਜਨਸ ਬਣ ਚੁੱਕਿਆ ਹੈ ਅਤੇ ਸੰਸਾਰ ਦੀਆਂ ਵੱਡੀਆਂ ਹਥਿਆਰ ਨਿਰਮਾਤਾ ਕੰਪਨੀਆਂ ਵੀ ਅਮਰੀਕੀ ਹਨ। ਇਸੇ ਕਰਕੇ ਅਮਰੀਕਾ ਕਦੇ “ਮੱਧ-ਪੂਰਬ ਵਿੱਚ ਜਮਹੂਰੀਅਤ ਬਹਾਲ” ਕਰਨ ਲਈ ਭੱਜਦਾ ਹੈ, ਕਦੇ ਸੀਰੀਆ ਦੇ “ਲੋਕਾਂ ਦੀ ਮਦਦ” ਕਰਦਾ ਹੈ, ਕਦੇ ਅਫ਼ਗਾਨਿਸਤਾਨ ਦੇ “ਲੋਕਾਂ ਦੀ ਦਹਿਸ਼ਤਗਰਦੀ ਤੋਂ ਰਾਖੀ” ਕਰਦਾ ਹੈ। ਇਹ ਇਸ ਲਈ ਕਿਉਂਕਿ ਸਰਮਾਏਦਾਰ ਨੂੰ ਮੁਨਾਫ਼ਾ ਨਹੀਂ ਆਵੇਗਾ ਤਾਂ ਸੱਨਅਤ ਤਬਾਹ ਹੋ ਜਾਵੇਗੀ। ਹਥਿਆਰ ਸੱਨਅਤ ਦੇ ਹਥਿਆਰ ਜੇਕਰ ਖ਼ਪਤ ਨਹੀਂ ਹੋਣਗੇ ਤਾਂ ਮੁੜ-ਪੈਦਾਵਾਰ ਕਰਨੀ ਔਖੀ ਹੋ ਜਾਵੇਗੀ। ਇਹੀ ਮੁੱਖ ਲੋੜ ਕਰਕੇ ਅਮਰੀਕਾ ਸੰਸਾਰ ਦਾ “ਵਿਜ਼ੀਲਾਂਟੇ” ਬਣਿਆ ਹੋਇਆ ਹੈ। ਪਰ ਇਹਨਾਂ ਜੰਗਾਂ ਨੇ ਜੋ ਤਬਾਹੀ ਮੱਧ-ਪੂਰਬ ਵਿੱਚ ਮਚਾ ਰੱਖੀ ਹੈ ਉਹ ਦੇਖ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਨਿੱਕੇ-ਨਿੱਕੇ ਬੱਚਿਆਂ ਦਾ ਕਤਲ, ਜੋ ਜਿਉਂਦੇ ਵੀ ਹਨ ਉਹ ਹਰ ਸਮੇਂ ਮੌਤ ਦੇ ਪਰਛਾਵੇਂ ਹੇਠ ਸਹਿਕ ਰਹੇ ਹਨ, ਹਰ ਪਲ ਉਹਨਾਂ ਨੂੰ ਚਿੰਤਾ ਰਹਿੰਦੀ ਹੈ ਕਿ ਕਦ ਕੋਈ ਬੰਬ ਉਹਨਾਂ ਦੀ ਜਾਨ ਲੈ ਲਵੇਗਾ, ਮੱਧ-ਪੂਰਬ ਦੇ ਬੱਚਿਆਂ ਨੂੰ ਇਹ ਖ਼ੂਨੀ ਮਾਹੌਲ਼ ਵਿਰਸੇ ਵਿੱਚ ਮਿਲ ਰਿਹਾ ਹੈ। ਬੱਚੇ ਮਾਨਸਿਕ ਵਿਗਾੜਾਂ ਦੇ ਸ਼ਿਕਾਰ ਹੋ ਰਹੇ ਹਨ। ਸੰਸਾਰ ਸਾਮਰਾਜੀਆਂ ਦੇ ਇਹਨਾਂ ਮੁਨਾਫ਼ਾਖੋਰ ਹਿੱਤਾਂ ਨਾਲ਼ ਉਹਨਾਂ ਦਾ ਬਚਪਨ ਰੁਲ ਰਿਹਾ ਹੈ। ਅੋਰਤਾਂ ਦੀ ਹਾਲਤ ਭਿਅੰਕਰ ਹੈ। ਆਈਐਸ ਨੇ ਜੋ ਔਰਤਾਂ ‘ਤੇ ਜ਼ੁਲਮ ਕੀਤੇ ਹਨ ਉਹ ਤਾਂ ਬਹੁਤ ਭਿਅੰਕਰ ਹਨ। ਇਹਨਾਂ ਜੰਗਾਂ ‘ਚ ਆਮ ਲੋਕਾਂ ਦੀ ਜੋ ਪਿਛਲੇ ਸਾਲਾਂ ਤੋਂ ਹਾਲਤ ਰਹੀ ਹੈ ਉਹ ਤਾਂ ਅਲੱਗ ਤੋਂ ਇੱਕ ਲੇਖ ਦਾ ਵਿਸ਼ਾ ਹੈ। ਇਸ ਤਰ੍ਹਾਂ ਇਹ ਜੰਗਾਂ ਅੰਤਿਮ ਰੂਪ ਵਿੱਚ ਸਰਮਾਏਦਾਰੀ ਨਾਲ਼ ਜੁੜੀਆਂ ਹੋਈਆਂ ਹਨ। ਜਿੰਨੀ ਦੇਰ ਇਹ ਪ੍ਰਬੰਧ ਰਹੇਗਾ ਓਨੀ ਦੇਰ ਅਮਰੀਕਾ ਵਰਗੇ ਮਨੁੱਖ ਦੋਖੀ ਸਾਮਰਾਜੀ ਮਨੁੱਖਤਾ ‘ਤੇ ਪਤਾ ਨਹੀਂ ਕਿੰਨੀ ਦੇਰ ਹੋਰ ਜੰਗਾਂ-ਯੁੱਧਾਂ ਰਾਹੀਂ ਮਨੁੱਖੀ ਖ਼ੂਨ ਦੀ ਹੋਲ਼ੀ ਖੇਡਦੇ ਰਹਿਣਗੇ। ਇਸੇ ਕਰਕੇ ਲੈਨਿਨ ਦਾ ਕਿਹਾ ਅੱਜ ਵੀ ਪ੍ਰਸੰਗਕ ਹੈ ਕਿ ‘ਸਾਮਰਾਜ ਮਤਲਬ ਜੰਗ’। ਸੋ ਜਿੰਨਾ ਚਿਰ ਇਹ ਸਰਮਾਏਦਾਰਾ ਸਾਮਰਾਜ ਦੀ ਹੋਂਦ ਰਹੇਗੀ ਉਦੋਂ ਤੱਕ ਇਹ ਮਨੁੱਖਾ ਲਹੂ ਦੇ ਵਪਾਰੀ ਮਨੁੱਖੀ ਜਾਨਾਂ ਨਾਲ਼ ਖੇਡਦੇ ਰਹਿਣਗੇ। ਇਹਨਾਂ ਦਾ ਟਾਕਰਾ ਲੋਕ ਇੱਕ ਖਰੀ ਸੱਚੀ ਲਹਿਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਹੀ ਕਰ ਸਕਦੇ ਹਨ, ਨਹੀਂ ਤਾਂ ਇਹ ਮਨੁੱਖਦੋਖੀ ਦੈਂਤ ਮਨੁੱਖੀ ਮਾਸ ਨੂੰ ਪਤਾ ਨਹੀਂ ਕਿੰਨਾ ਚਿਰ ਚੂੰਡਦੇ ਰਹਿਣਗੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements