ਅਮਰੀਕਾ ਵਿੱਚ ਸੱਜੇ-ਪੱਖੀ ਹਿੰਸਾ-ਇੱਕ ਲੁਕਿਆ ਸੱਚ •ਨਵਗੀਤ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਮਰੀਕਾ ਵਿੱਚ ਕਿਸੇ ਆਮ ਸ਼ਹਿਰੀ ਦਾ ਕਿਸ ਤਰ੍ਹਾਂ ਦੀ ਹਿੰਸਾ ਵਿੱਚ ਮਾਰੇ ਜਾਣ ਦਾ ਖਤਰਾ ਸਭ ਤੋਂ ਵੱਧ ਹੈ, ਸ਼ਾਇਦ ਹਰ ਅਮਰੀਕੀ ਸ਼ਹਿਰੀ ਦੀ ਤਰ੍ਹਾਂ ਅਸੀਂ ਜਾਂ ਤੁਸੀਂ ਵੀ ਇਹੀ ਸੋਚਾਂਗੇ ਕਿ ਇਸਦਾ ਜਵਾਬ ਮੁਸਲਿਮ ਕੱਟੜਪੰਥੀ ਜਿਹਾਦੀ ਹਿੰਸਾ ਹੋਵੇਗਾ, ਪਰ ਨਹੀਂ, ਜਵਾਬ ਕੁਝ ਹੋਰ ਹੈ। 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਸੱਜੇ-ਪੱਖੀ ਦਹਿਸ਼ਤਗਰਦ ਅਤੇ ਨਸਲੀ ਗਰੁੱਪਾਂ (ਇਹ ਗਰੁੱਪ ਤਰ੍ਹਾਂ-ਤਰ੍ਹਾਂ ਦੀਆਂ ਰੰਗਤਾਂ ਦੇ ਹਨ, ਇਸ ਬਾਰੇ ਅੱਗੇ ਗੱਲ ਕਰਾਂਗੇ) ਦੁਆਰਾ ਕੀਤੇ ਗਏ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜੋ ਕਿ 350 ਹੈ (ਕੁਝ ਹੋਰ ਸਰੋਤਾਂ ਅਨੁਸਾਰ ਇਹ ਗਿਣਤੀ 3,000 ਤੋਂ ਵੱਧ ਹੈ), ਮੁਸਲਿਮ-ਜਿਹਾਦੀਆਂ ਦੁਆਰਾ ਕੀਤੇ ਗਏ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜੋ ਕਿ ਮਹਿਜ਼ 26 ਹੈ, ਨਾਲੋਂ ਕਈ ਗੁਣਾ ਜ਼ਿਆਦਾ ਹੈ। ਇਸ ਤੋਂ ਇਲਾਵਾ ਸੱਜੇ-ਪੱਖੀਆਂ ਦੇ ਹਮਲਿਆਂ ਵਿੱਚ ਜ਼ਖਮੀਆਂ ਦੀ ਗਿਣਤੀ ਹਜ਼ਾਰ ਤੋਂ ਉੱਤੇ ਹੈ। ਅਮਰੀਕਾ ਦੇ ਬਹੁਤ ਸਾਰੇ ਇਤਿਹਾਸਕਾਰ, ਵਿਦਵਾਨ, ਸਮਾਜਿਕ ਕਾਰਕੁੰਨ ਵੀ ਅਮਰੀਕਾ ਵਿੱਚ ਲੰਮੇ ਸਮੇਂ ਤੋਂ ਮੌਜੂਦ ਤੇ ਲਗਾਤਾਰ ਵਧ-ਫੁੱਲ ਰਹੀ ਸੱਜੇ-ਪੱਖੀ ਦਹਿਸ਼ਤਗਰਦੀ ਨੂੰ ਮੁਸਲਿਮ-ਜਿਹਾਦੀ ਖਤਰੇ ਨਾਲੋਂ ਕਿਤੇ ਵੱਡਾ ਖਤਰਾ ਮੰਨਦੇ ਹਨ, ਸਿਰਫ਼ ਉਬਾਮਾ ਸਰਕਾਰ, ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ਜਿਹੇ ਨਸਲਵਾਦੀ ਅਜਿਹਾ ਨਹੀਂ ਮੰਨਦੇ। ਪਿਛਲੇ ਸਾਲ ਪੈਰਿਸ ਵਿੱਚ ਹੋਏ ਜਿਹਾਦੀ ਹਮਲੇ ਤੋਂ ਬਾਅਦ ਟਰੰਪ ਤੁਰੰਤ ਬੋਲਿਆ ਕਿ ਮੁਸਲਮਾਨਾਂ ਉੱਤੇ ਸਖ਼ਤ ਨਿਗਾਹ ਰੱਖਣ ਦੀ ਲੋੜ ਹੈ, ਪਰਵਾਸੀਆਂ ਦੇ ਰਜਿਸਟਰ ਲੱਗਣੇ ਚਾਹੀਦੇ ਹਨ ਪਰ ਪੈਰਿਸ ਹਮਲੇ ਤੋਂ ਕੁਝ ਦਿਨਾਂ ਬਾਅਦ ਹੀ 28 ਨਵੰਬਰ ਤੋਂ 5 ਦਸੰਬਰ ਦੇ ਇੱਕ ਹਫ਼ਤੇ ਦੇ ਸਮੇਂ ਵਿੱਚ ਹੀ ਸੱਜੇ-ਪੱਖੀਆਂ ਵੱਲੋਂ ਅੰਜ਼ਾਮ ਦਿੱਤੇ ਗਏ 13 ਹਮਲਿਆਂ ਬਾਰੇ ਟਰੰਪ ਤੋਂ ਲੈ ਕੇ ਉਬਾਮੇ ਤੱਕ ਦੀ ਜੀਭ ਨੂੰ ਲਕਵਾ ਮਾਰ ਗਿਆ।

ਭਾਵੇਂ ਅਲ-ਕਾਇਦਾ ਜਿਸਦਾ ਕਿ ਦੁਨੀਆਂ ਭਰ ਦੇ “ਜਮਹੂਰੀਅਤ ਪਸੰਦ ਲੀਡਰ” ਤੋਤਾ-ਰਟਣ ਕਰਦੇ ਰਹਿੰਦੇ ਹਨ, 9/11 ਤੋਂ ਬਾਅਦ ਅਮਰੀਕਾ ਵਿੱਚ ਇੱਕ ਵੀ ਹਮਲਾ ਨਹੀਂ ਕਰ ਸਕਿਆ ਪਰ ਸੱਜੇ-ਪੱਖੀ ਹਮਲਿਆਂ ਦਾ ਸਿਲਸਿਲਾ ਨਾ ਸਿਰਫ਼ ਜਾਰੀ ਹੈ ਸਗੋਂ 2008 ਤੋਂ ਬਾਅਦ ਅਮਰੀਕਾ ਵਿੱਚ ਸੱਜੇ-ਪੱਖੀ ਹਿੰਸਾ ਦੀਆਂ ਕਾਰਵਾਈਆਂ ਵਿੱਚ ਤਿੱਖਾ ਵਾਧਾ ਹੋਇਆ ਹੈ। 2015 ਦਾ ਸਾਲ ਇੱਕ ਸਾਲ ਵਿੱਚ ਸਭ ਤੋਂ ਵੱਧ ਘਟਨਾਵਾਂ ਦਾ ਗਵਾਹ ਬਣਿਆ, ਇਸ ਸਾਲ ਕੁੱਲ 337 ਅਜਿਹੀਆਂ ਘਟਨਾਵਾਂ ਹੋਈਆਂ। 28 ਨਵੰਬਰ ਤੋਂ 5 ਦਸੰਬਰ ਦੇ ਹਫ਼ਤੇ ਵਿੱਚ ਸਭ ਤੋਂ ਪਹਿਲਾਂ ਕੋਲੋਰਾਡੋ ਦੇ ਇੱਕ ਗਰਭਪਾਤ ਕਲੀਨਿਕ ਤੇ ਪ੍ਰਜਨਣ ਸਬੰਧੀ ਮਸ਼ਵਰਾ ਕੇਂਦਰ ਉੱਤੇ ਹਮਲਾ ਹੋਇਆ ਜਿਸ ਵਿੱਚ ਰਾਬਰਟ ਲੂਈਸ ਡੀਅਰ ਨਾਂ ਦੇ ਗਰਭਪਾਤ-ਵਿਰੋਧੀ ਕਾਰਕੁੰਨ ਜੋ ਕਿ ਖੁਦ ਨੂੰ “ਰੱਬ ਦੀ ਫ਼ੌਜ” ਨਾਂ ਦੇ ਸੰਗਠਨ ਦਾ ਮੈਂਬਰ ਦੱਸਦਾ ਹੈ, ਨੇ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਨੌਂ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਕੁਝ ਦਿਨਾਂ ਬਾਅਦ ਹੀ ਸੇਨ ਬਰਨਾਰਡੀਨੋ ਸਥਿਤ ਅਪੰਗ ਲੋਕਾਂ ਲਈ ਇੱਕ ਸੇਵਾ-ਕੇਂਦਰ ਵਿੱਚ ਤਿੰਨ ਬੰਦੂਕਧਾਰੀਆਂ ਨੇ ਹਮਲਾ ਕਰਕੇ 14 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਤੇ 17 ਹੋਰਨਾਂ ਨੂੰ ਫੱਟੜ ਕਰ ਦਿੱਤਾ, ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਆਪਣੀ ਕਾਰ ਵਿੱਚ ਸਾਫ਼ ਬਚ ਕੇ ਨਿੱਕਲ ਗਏ। ਇਸੇ ਤਰ੍ਹਾਂ ਜੂਨ, 2015 ਵਿੱਚ ਚਾਰਲੇਟਨ ਵਿੱਚ ਇੱਕ ਗੋਰੇ ਨਸਲਵਾਦੀ ਜਿਹੜਾ ਕਿ ਦੱਖਣੀ ਅਫਰੀਕਾ ਦੀ 1992 ਵਿੱਚ ਨੈਲਸਨ ਮੰਡੇਲਾ ਦੀ ਅਗਵਾਈ ਵਿੱਚ ਉਲ਼ਟਾਈ ਗਈ ਬਦਨਾਮ ਨਸਲਵਾਦੀ ਸਰਕਾਰ ਦਾ ਹਮਾਇਤੀ ਸੀ, ਨੇ ਇੱਕ ਚਰਚ ਵਿੱਚ ਹਮਲ਼ਾ ਕੀਤਾ ਅਤੇ ਨੌਂ ਕਾਲੇ ਲੋਕਾਂ ਨੂੰ ਮਾਰ ਦਿੱਤਾ।

ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇ ਕਿ 9/11 ਦੇ ਦਹਿਸ਼ਤੀ ਹਮਲੇ ਤੋਂ ਪਹਿਲਾਂ ਅਮਰੀਕਾ ਦੀ ਧਰਤੀ ਉੱਤੇ ਹੋਇਆ ਸਭ ਤੋਂ ਭਿਅੰਕਰ ਦਹਿਸ਼ਤੀ ਹਮਲ਼ਾ ਕਿਸੇ ਜਿਹਾਦੀ ਗਰੁੱਪ ਨੇ ਨਹੀਂ, ਸਗੋਂ ਇੱਕ ਈਸਾਈ ਕੱਟੜਪੰਥੀ ਗਰੁੱਪ ਦੇ ਮੈਂਬਰ ਨੇ ਕੀਤਾ ਸੀ। 1995 ਵਿੱਚ ਓਖਲਹਾਮਾ ਸ਼ਹਿਰ ਦੀ ਫੈਡਰਲ ਇਮਾਰਤ ਵਿੱਚ ਟਿਮੋਥੀ ਮੈਕਵੇ ਨਾਂ ਦੇ ਦਹਿਸ਼ਤਗਰਦ ਨੇ ਬੰਬ ਧਮਾਕਾ ਕੀਤਾ ਜਿਸ ਵਿੱਚ 168 ਲੋਕ ਮਾਰੇ ਗਏ ਅਤੇ 600 ਤੋਂ ਵੱਧ ਜ਼ਖਮੀ ਹੋਏ। ਐਫ਼.ਬੀ.ਆਈ। ਭਾਵੇਂ ਅਮਰੀਕਾ ਦੇ ਦੇਸੀ ਦਹਿਸ਼ਤਗਰਦ ਗਰੁੱਪਾਂ ਦੀਆਂ ਕਾਰਵਾਈਆਂ ਦਾ ਕੋਈ ਲੰਮਾ-ਚੌੜਾ ਰਿਕਾਰਡ ਨਹੀਂ ਰੱਖਦੀ (ਕਿਉਂਕਿ ਉਹ ਜਿਹਾਦੀ ਕਾਰਵਾਈਆਂ ਦਾ ਹਿਸਾਬ-ਕਿਤਾਬ ਰੱਖਣ ਵਿੱਚ ਵਧੇਰੇ ਰੁੱਝੀ ਹੁੰਦੀ ਹੈ!!), ਪਰ ਤਾਂ ਵੀ ਉਸਨੇ ਇੰਨਾ ਜ਼ਰੂਰ ਰਿਕਾਰਡ ਰੱਖਿਆ ਹੈ ਕਿ 1980 ਤੋਂ ਲੈ ਕੇ 2005 ਤੱਕ ਦੇ ਪੱਚੀ ਸਾਲਾਂ ਵਿੱਚ ਮੁਸਲਿਮ-ਜਿਹਾਦੀ ਗਰੁੱਪਾਂ ਨੇ ਕੁੱਲ ਦਹਿਸ਼ਤਗਰਦ ਕਾਰਵਾਈਆਂ ਵਿੱਚੋਂ 6% ਵਾਰਦਾਤਾਂ ਨੂੰ ਹੀ ਅੰਜ਼ਾਮ ਦਿੱਤਾ ਹੈ, ਬਾਕੀ ਸਭ ਗੈਰ-ਮੁਸਲਿਮ ਦਹਿਸ਼ਤਗਰਦ ਤੇ ਸੱਜੇ-ਪੱਖੀ ਗਰੁੱਪਾਂ ਦਾ ਕਰਿਆ-ਕਰਾਇਆ ਹੈ; ਇੱਥੋਂ ਤੱਕ ਕਿ ਅਮਰੀਕਾ ਵਿੱਚ ਸਰਗਰਮ ਯਹੂਦੀ-ਦਹਿਸ਼ਤਗਰਦ ਜਾਂ ਸੱਜੇ-ਪੱਖੀ ਗਰੁੱਪਾਂ ਜਿਵੇਂ ਯਹੂਦੀ ਡਿਫੈਂਸ ਲੀਗ ਆਦਿ ਨੇ ਵੀ ਕੁੱਲ ਵਿੱਚੋਂ 7% ਵਾਰਦਾਤਾਂ ਕੀਤੀਆਂ ਹਨ।

ਅਮਰੀਕਾ ਵਿੱਚ ਸਰਗਰਮ ਸੱਜੇ-ਪੱਖੀ ਦਹਿਸ਼ਤਗਰਦ ਸੰਗਠਨਾਂ ਵਿੱਚੋਂ ਸਭ ਤੋਂ ਪੁਰਾਣੀ ਅਤੇ ਖੂੰਖਾਰ ਕੂ-ਕਲੱਕਸ-ਕਲੈਨ (Ku Klax Klan, KKK) ਨਾਂ ਦੀ ਜਥੇਬੰਦੀ ਹੈ। ਇਸਦੀ ਬੁਨਿਆਦੀ ਵਿਚਾਰਧਾਰਾ ਗੋਰਾ ਨਸਲਵਾਦ, ਗੋਰੀ ਨਸਲ ਦੀ ਉੱਤਮਤਾ ਅਤੇ ਪ੍ਰਵਾਸੀ-ਵਿਰੋਧ ਹੈ ਜਿਸ ਵਿੱਚ ਸਮੇਂ-ਸਮੇਂ ਹੋਰ ਨੁਕਤੇ ਜੁੜਦੇ ਤੇ ਮਿੱਟਦੇ ਰਹੇ ਹਨ। ਇਸਦਾ ਪਹਿਲਾ ਐਡੀਸ਼ਨ 1860ਵਿਆਂ ਵਿੱਚ ਹੋਂਦ ਵਿੱਚ ਆਇਆ ਜਦੋਂ ਇਸਦੇ ਮੈਂਬਰ ਗੁਲਾਮੀ-ਵਿਰੋਧੀ ਦਸਤਿਆਂ ਅਤੇ ਅਜ਼ਾਦ ਹੋ ਚੁੱਕੇ ਗੁਲਾਮਾਂ ਖਿਲਾਫ਼ ਦਹਿਸ਼ਤੀ ਕਾਰਵਾਈਆਂ ਕਰਦੇ ਸਨ ਪਰ ਅਗਲੇ ਦਹਾਕੇ ਤੱਕ ਇਸ ਨੂੰ ਕੁਚਲ ਦਿੱਤਾ ਗਿਆ। ਖਾਸ ਕਿਸਮ ਦੀ ਤਿਕੋਣੀ ਟੋਪੀ, ਨਕਾਬ ਤੇ ਰੰਗੀਨ ਵਰਦੀ ਇਸਦੀ ਪਹਿਚਾਣ ਸੀ। ਦੋਬਾਰਾ ਇਸ ਨੇ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸਿਰ ਚੁੱਕਿਆ ਤੇ ਤੀਜੇ ਦਹਾਕੇ ਦੇ ਅੱਧ ਤੱਕ ਪੱਛਮੀ ਤੇ ਮੱਧ-ਪੱਛਮੀ ਇਲਾਕਿਆਂ ਦੇ ਸ਼ਹਿਰੀ ਖੇਤਰਾਂ ਵਿੱਚ ਅੱਛਾ-ਖਾਸਾ ਫੈਲ ਗਿਆ। ਇਸ ਵਾਰ ਇਸ ਨੇ ਯਹੂਦੀ ਤੇ ਕੈਥੋਲਿਕ ਈਸਾਈ ਵਿਰੋਧ ਦਾ ਰੂਪ ਅਖਤਿਆਰ ਕੀਤਾ। ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਲਈ ਸਲੀਬਾਂ ਨੂੰ ਅੱਗਾਂ ਲਾਉਣੀਆਂ ਅਤੇ ਜਨਤਕ ਪੈਰੇਡਾਂ ਕਰਨੀਆਂ ਇਸ ਐਡੀਸ਼ਨ ਦੀ ਖਾਸ ਵਿਸ਼ੇਸ਼ਤਾ ਸੀ। ਇਸ ਵਾਰ ਇਸਨੇ ਰੰਗੀਨ ਵਰਦੀ ਤਿਆਗ ਕੇ ਪੂਰੀ ਤਰ੍ਹਾਂ ਸਫ਼ੈਦ ਵਰਦੀ ਅਪਣਾ ਲਈ। ਤੀਜਾ ਐਡੀਸ਼ਨ 20ਵੀਂ ਸਦੀ ਦੇ ਦੂਜੇ ਅੱਧ ਵਿੱਚ ਸ਼ਹਿਰੀ ਹੱਕਾਂ ਲਈ ਸ਼ੁਰੂ ਹੋਈ ਲਹਿਰ ਦੇ ਜਵਾਬ ਵਜੋਂ ਪੈਦਾ ਹੋਇਆ ਅਤੇ ਆਪਣੇ ਜਮਹੂਰੀਅਤ-ਵਿਰੋਧ, ਕਮਿਊਨਿਸਟ-ਵਿਰੋਧ ਲਈ ਜਾਣਿਆ ਜਾਂਦਾ ਹੈ। ਆਪਣੇ ਵਿਰੋਧੀਆਂ ਦੇ ਭੀੜ ਰਾਹੀਂ ਕਤਲ ਕਰਨੇ ਅਤੇ ਤਸੀਹੇ ਦੇ ਕੇ ਮਾਰਨਾ ਇਸ ਦੇ ਹਰ ਦੌਰ ਦੀ ਖਾਸੀਅਤ ਹਨ। ਕਮਿਊਨਿਸਟ ਲਹਿਰ ਦੇ ਲਹਾਅ ਵਿੱਚ ਚਲੇ ਜਾਣ ਤੋਂ ਬਾਅਦ ਇਸਨੇ ਕਾਲੇ ਲੋਕਾਂ ਦੇ ਵਿਰੋਧ, ਪ੍ਰਵਾਸੀ-ਵਿਰੋਧ, ਸਮਲਿੰਗੀ-ਵਿਰੋਧ, ਕੈਥੋਲਿਕ-ਵਿਰੋਧ ਅਤੇ ਯਹੂਦੀ-ਵਿਰੋਧ ਨੂੰ ਮੁੜ ਮੁੱਖ ਏਜੰਡਾ ਬਣਾ ਲਿਆ। ਅੱਜ ਵੀ ਇਹ ਸੰਗਠਨ ਚੋਖਾ ਸਰਗਰਮ ਹੈ ਅਤੇ ਅਮਰੀਕੀ ਖ਼ੁਫ਼ੀਆ ਵਿਭਾਗ ਅਨੁਸਾਰ ਹੀ ਇਸਦੇ ਦਹਿਸ਼ਤਗਰਦ ਮੈਂਬਰਾਂ ਦੀ ਗਿਣਤੀ 5,000-8,000 ਦੇ ਵਿਚਾਲੇ ਹੋਣ ਦਾ ਅੰਦਾਜ਼ਾ ਹੈ। ਇਸਦੇ ਸਾਰੇ ਮੈਂਬਰ ਐਂਗਲੋ-ਸੈਕਸ਼ਨ ਨਸਲ ਦੀ ਸ਼ੁੱਧਤਾ ਦੀ ਰਾਖੀ ਕਰਨ ਅਤੇ ਈਸਾਈ ਨੈਤਿਕਤਾ ਨੂੰ ਕਾਇਮ ਕਰਨ ਦੀ ਸਹੁੰ ਖਾਂਦੇ ਹਨ। ਆਪਣੇ ਸਮੁੱਚੇ ਲੱਛਣਾਂ ਵਿੱਚ ਜੇ ਇਹ ਭਾਰਤ ਦੇ ਸੰਘੀ ਗਿਰੋਹ ਜਾਂ ਇਸਲਾਮਿਕ ਕੱਟੜਪੰਥੀਆਂ ਨਾਲ਼ ਕਾਫ਼ੀ ਮੇਲ ਖਾਂਦੇ ਹਨ ਤਾਂ ਇਹ ਮਹਿਜ਼ ਇਤਫਾਕਨ ਨਹੀਂ ਹੈ। ਅਸਲ ਵਿੱਚ ਹਰ ਥਾਂ ਦੇ ਸੱਜ-ਪਿਛਾਖੜੀ ਇੱਕੋ ਤਰ੍ਹਾਂ ਦੀਆਂ ਗੱਲਾਂ, ਕਾਰਵਾਈਆਂ ਅਤੇ ਸਹੁੰਆਂ ਖਾਂਦੇ ਹਨ।

ਹੋਰ ਹੈਰਾਨੀ ਦੀ ਗੱਲ਼ ਇਹ ਹੈ ਕਿ “ਲੋਨ ਵੁਲਫ” ਢੰਗ ਨਾਲ਼ ਦਹਿਸ਼ਤੀ ਸਰਗਰਮੀਆਂ ਕਰਨ ਦਾ ਕੰਮ-ਢੰਗ ਜਿਸ ਬਾਰੇ ਅੱਜਕੱਲ਼ ਇੰਨਾ ਰੌਲ਼ਾ ਪੈ ਰਿਹਾ ਹੈ ਅਤੇ ਆਈ.ਐਸ.ਆਈ.ਐੱਸ ਨੂੰ ਜਿਸਦੀ ਜਨਮਦਾਤੀ ਜਥੇਬੰਦੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਅਸਲ ਵਿੱਚ 1980ਵਿਆਂ ਵਿੱਚ ਇਸੇ ਦਹਿਸ਼ਤਗਰਦ ਸੰਗਠਨ ਦੇ ਢਿੱਲੇ ਪੈ ਜਾਂਣ ਤੋਂ ਬਾਅਦ ਦਹਿਸ਼ਤ ਫੈਲਾਉਣ ਦੇ ਨਵੇਂ ਤਰੀਕੇ ਖੋਜਦੇ ਕੂ-ਕਲੱਕਸ-ਕਲੈਨ ਦੇ ਮੈਂਬਰਾਂ ਦੀ ਦੇਣ ਹੈ, ਭਾਵੇਂ ਉਹਨਾਂ ਨੇ ਇਹ ਕੰਮ-ਢੰਗ ਕੁਝ ਹੱਦ ਤੱਕ ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਤੋਂ ਉਧਾਰਾ ਲਿਆ ਸੀ। ਇਸਨੂੰ ਪ੍ਰਚਾਰਨ ਵਾਲ਼ਾ ਲੂਈਸ ਬੀਮ ਨਾਂ ਦਾ ਸੱਜੇ-ਪੱਖੀ “ਸਿਧਾਂਤਕਾਰ” ਸੀ ਜਿਸਨੇ 1983 ਵਿੱਚ “ਆਗੂਰਹਿਤ ਟਾਕਰਾ” ਨਾਂ ਦਾ ਲੇਖ ਲਿਖਿਆ। ਉਸ ਅਨੁਸਾਰ ਅੱਜ ਦੇ ਅਮਰੀਕਾ ਵਿੱਚ ਕੇਂਦਰੀ ਅਗਵਾਈ ਅਧੀਨ ਕੰਮ ਕਰਦੀ ਦਹਿਸ਼ਤੀ ਜਥੇਬੰਦੀ ਸੰਭਵ ਨਹੀਂ, ਇਸ ਲਈ ਹੁਣ ਦਹਿਸ਼ਤੀ ਜਥੇਬੰਦੀਆਂ ਨੂੰ 2-4 ਬੰਦਿਆਂ ਦੇ ਗਰੁੱਪ, ਇੱਥੋਂ ਤੱਕ ਕਿ ਇੱਕ ਬੰਦੇ ਦੇ ਸੈੱਲ ਬਣਾ ਕੇ ਜਿਹੜੇ ਅਜ਼ਾਦਾਨਾ ਰੂਪ ਵਿੱਚ ਦਹਿਸ਼ਤੀ ਕਾਰਵਾਈਆਂ ਨੂੰ ਅੰਜ਼ਾਮ ਦੇਣ, ਰਾਹੀਂ ਕੰਮ ਕਰਨਾ ਚਾਹੀਦਾ ਹੈ। ਬਿਲਕੁਲ ਇਹੀ ਕੰਮ-ਢੰਗ ਆਈ.ਐੱਸ.ਆਈ.ਐੱਸ ਜਿਹੇ ਜਿਹਾਦੀ ਗਰੁੱਪ ਵੀ ਅਪਣਾ ਰਹੇ ਹਨ। ਜਦੋਂ ਸਾਰਾ ਪੱਛਮੀ ਮੀਡੀਆ ਦੁਨੀਆਂ ਦੇ ਸਾਰੇ ਮੁਸਲਮਾਨਾਂ ਨੂੰ “ਲੋਨ ਵੁਲਫ” ਗਰਦਾਨ ਦੇਣ ਲਈ ਰੌਲਾ ਪਾਉਂਦਾ ਹੈ ਤਾਂ ਇਹ ਦੱਸਣਾ ਭੁੱਲ ਜਾਂਦਾ ਹੈ ਕਿ ਇਸ ਕੰਮ-ਢੰਗ ਦੇ ਜਨਮਦਾਤੇ ਅਮਰੀਕੀ ਤੇ ਈਸਾਈ ਦਹਿਸ਼ਤਗਰਦ ਹਨ। ਇਸ ਤੋਂ ਉੱਤੇ ਇਹ ਕਿ ਅਮਰੀਕੀ ਸਰਕਾਰ ਨੇ ਕਦੇ ਵੀ ਕੂ-ਕਲੱਕਸ-ਕਲੈਨ ਨੂੰ ਦਹਿਸ਼ਤੀ ਜਥੇਬੰਦੀ ਨਹੀਂ ਐਲ਼ਾਨਿਆ ਅਤੇ ਅੱਜ ਵੀ ਇਹ ਦੁਨੀਆਂ ਭਰ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਦੀ ਸੂਚੀ ਜਾਰੀ ਕਰਨ ਵਾਲ਼ੇ ਅਮਰੀਕੀ ‘ਜਮਹੂਰੀ-ਰਾਜ’ ਦੀ ਲਿਸਟ ਵਿੱਚੋਂ ਬਾਹਰ ਹੈ। ਅਮਰੀਕਾ ਦੀ ਸਰਕਾਰ ਇਸਨੂੰ ਸਿਰਫ਼ “ਨਸਲੀ” ਨਫ਼ਰਤ ਭਰੇ ਛੋਟੇ-ਮੋਟੇ ਅਪਰਾਧ ਕਰਨ ਵਾਲ਼ੀ ਜਥੇਬੰਦੀ ਮੰਨਦੀ ਹੈ ਜਦਕਿ ਇਸ ਜਥੇਬੰਦੀ ਦਾ ਇਤਿਹਾਸ ਹਜ਼ਾਰਾਂ ਕਤਲਾਂ ਦੇ ਖੂਨ ਨਾਲ਼ ਰੰਗਿਆ ਹੋਇਆ ਹੈ। ਕਿਉਂਕਿ ਸਰਕਾਰੀ ਰਿਕਾਰਡ ਵਿੱਚ ਇਹ ਜਥੇਬੰਦੀ “ਨਸਲੀ” ਨਫ਼ਰਤ ਭਰੇ ਛੋਟੇ-ਮੋਟੇ ਅਪਰਾਧ ਕਰਨ ਵਾਲੀ ਜਥੇਬੰਦੀ ਹੈ, ਇਸ ਲਈ ਇਸਦੇ ਫੰਡ ਇਕੱਠਾ ਕਰਨ ਅਤੇ ਜਨਤਕ ਰੈਲੀਆਂ, ਪ੍ਰੋਗਰਾਮ ਕਰਨ ਉੱਤੇ ਕੋਈ ਪਾਬੰਦੀ ਨਹੀਂ ਹੈ, ਇੱਥੋਂ ਤੱਕ ਕਿ ਇਸਦੇ ਲੀਡਰ ਕਦੇ-ਕਦਾਈ ਕੌਮੀ ਟੀਵੀ ਚੈਨਲਾਂ ਉੱਤੇ ਵੀ ਦਿਖਾਈ ਦੇ ਜਾਂਦੇ ਹਨ।

ਕੂ-ਕਲੱਕਸ-ਕਲੈਨ ਤੋਂ ਬਾਅਦ ਗਰਭਪਾਤ-ਵਿਰੋਧੀ, ਜੀਵ-ਵਿਕਾਸ ਸਿਧਾਂਤ ਵਿਰੋਧੀ, ਸਮਲਿੰਗੀ ਵਿਰੋਧੀ ਦਹਿਸ਼ਤਗਰਦ ਗਰੁੱਪ ਸਭ ਤੋਂ ਵੱਡੇ ਦਹਿਸ਼ਤੀ ਗੁੱਟ ਹਨ ਜਿਸ ਵਿੱਚ ਉੱਪਰ ਜ਼ਿਕਰ ਅਧੀਨ ਆਏ “ਰੱਬ ਦੀ ਫ਼ੌਜ” ਜਿਹੀਆਂ ਕਿੰਨੇ ਹੀ ਨਾਵਾਂ ਵਾਲੀਆਂ ਜਥੇਬੰਦੀਆਂ, ਸੰਗਠਨ ਸ਼ਾਮਲ ਹਨ ਜਿਹਨਾਂ ਵਿੱਚੋਂ ਬਹੁਤੇ ਖੁੱਲ੍ਹੇਆਮ ਆਪਣੀਆਂ ਵਿਚਾਰਧਾਰਕ ਸਰਗਰਮੀਆਂ ਚਲਾਉਂਦੇ ਹਨ ਅਤੇ ਸੈਨੇਟਰਾਂ, ਸਰਮਾਏਦਾਰਾਂ ਦੀ ਮਦਦ ਨਾਲ ਪ੍ਰਾਪੇਗੰਡਾ ਚਲਾਉਂਦੇ ਹਨ। ਇਹ ਕਿਸ ਹੱਦ ਤੱਕ ਖਤਰਨਾਕ ਹਨ, ਇਸਦਾ ਅੰਦਾਜ਼ਾ ਇਹਨਾਂ ਅੰਕੜਿਆਂ ਤੋਂ ਹੋ ਜਾਂਦਾ ਹੈ – ਕੌਮੀ ਗਰਭਪਾਤ ਫੈਡਰੇਸ਼ਨ ਮੁਤਾਬਕ, ਗਰਭਪਾਤ ਵਿਰੋਧੀ ਗੁੱਟ 1977 ਤੋਂ ਲੈ ਕੇ ਹੁਣ ਤੱਕ, ਔਰਤਾਂ ਦੇ ਗਰਭਪਾਤ ਕਰਵਾ ਸਕਣ ਦੇ ਹੱਕ ਵਿੱਚ ਕੰਮ ਕਰਦੇ ਕਾਰਕੁੰਨਾਂ ਤੇ ਮੈਡੀਕਲ ਕਾਮਿਆਂ ਦੇ ਅਨੇਕਾਂ ਕਤਲ, 153 ਹਥਿਆਰਬੰਦ ਹਮਲੇ, 373 ਤੋਂ ਵੱਧ ਕੁੱਟਮਾਰ ਕਰਨ ਦੀਆਂ ਘਟਨਾਵਾਂ, 100 ਤੋਂ ਵਧੇਰੇ ਐਸਿਡ ਅਟੈਕ, 41 ਬੰਬ ਧਮਾਕੇ, 655 ਐਥ੍ਰੈਕਸ ਹਮਲੇ ਆਦਿ ਕਰ ਚੁੱਕੇ ਹਨ; ਭਾਵ ਕਿ ਐਸਿਡ ਅਟੈਕ ਤੇ ਐਂਥ੍ਰੈਕਸ ਕੈਮੀਕਲ ਤੇ ਜੈਵਿਕ ਹਮਲੇ ਸਿਰਫ਼ ਤਾਲਿਬਾਨ ਦਾ ਏਕਾਧਿਕਾਰ ਨਹੀਂ ਹੈ।

ਅਮਰੀਕੀ ਸੱਜ-ਪਿਛਾਖੜੀਆਂ ਦੀ ਇੱਕ ਹੋਰ ਕਿਸਮ ਨਵ-ਨਾਜ਼ੀ ਗੁੱਟ ਹਨ। ਭਾਵੇਂ ਕੂ-ਕਲੱਕਸ-ਕਲੈਨ ਵੀ ਕਿਸੇ ਪੱਖੋਂ ਫਾਸੀਵਾਦੀਆਂ ਤੋਂ ਬਹੁਤੀ ਵੱਖਰੀ ਜਥੇਬੰਦੀ ਨਹੀਂ ਹੈ, ਪਰ ਨਵ-ਨਾਜ਼ੀ ਗੁੱਟ ਖੁੱਲ੍ਹੇਆਮ ਹਿਟਲਰ ਨੂੰ ਆਪਣਾ ਗੁਰੂ ਐਲਾਨਦੇ ਹਨ ਅਤੇ “ਹੇਲ ਹਿਟਲਰ” ਦੇ ਨਾਹਰੇ ਲਾਉਂਦੇ ਹੋਏ ਆਪਣੀਆਂ ਕਾਰਗੁਜ਼ਾਰੀਆਂ ਨੂੰ ਅੰਜ਼ਾਮ ਦਿੰਦੇ ਹਨ। 2012 ਵਿੱਚ ਇੱਕ ਸਿੱਖ ਗੁਰਦੁਆਰੇ ਵਿੱਚ ਹਮਲਾ ਕਰਕੇ ਛੇ ਸਿੱਖ ਲੋਕਾਂ ਨੂੰ ਮਾਰਨ ਵਾਲ਼ਾ ਮਾਈਕਲ ਪੇਜ ‘ਹਮਰਸਕਿਨਜ਼’ ਨਾਂ ਦੇ ਇੱਕ ਨਵ-ਨਾਜ਼ੀ ਦਹਿਸ਼ਤੀ ਗਰੁੱਪ ਦਾ ਹੀ ਮੈਂਬਰ ਸੀ। ਓਖਲਹਾਮਾ ਬੰਬ ਧਮਾਕਾ ਕਰਨ ਵਾਲ਼ੇ ਟਿਮੋਥੀ ਮੈਕਵੇ ਦੀਆਂ ਤੰਦਾਂ ਵੀ ਗੁਪਤ ਨਾਜ਼ੀ-ਗੁੱਟਾਂ ਨਾਲ ਜੁੜੀਆਂ ਹੋਈਆਂ ਸਨ। ਇੱਕ ਹੋਰ ਖਾਸ ਕਿਸਮ ਦੀ ਸੱਜੇ-ਪੱਖੀ ਜਥੇਬੰਦੀ ਹੈ ‘ਨੈਸ਼ਨਲ ਰਾਈਫਲਜ਼ ਅਸੋਸੀਏਸ਼ਨ’, ਜਿਹੜੀ ਅਮਰੀਕਾ ਵਿੱਚ ਹਥਿਆਰਾਂ ਦੀ ਖੁੱਲੀ ਵਿਕਰੀ ਦੇ ਹੱਕ ਵਿੱਚ ਪ੍ਰਚਾਰ ਕਰਦੀ ਹੈ ਅਤੇ ਸੈਨੇਟਰਾਂ ਆਦਿ ਰਾਹੀਂ ਹਥਿਆਰਾਂ ਦੀ ਵਿਕਰੀ ਦੇ ਪੱਖ ਵਿੱਚ “ਲਾਬਿੰਗ” ਕਰਦੀ ਹੈ।

ਨੈਸ਼ਨਲ ਰਾਈਫਲਜ਼ ਅਸੋਸੀਏਸ਼ਨ ਹਥਿਆਰ ਬਣਾਉਣ ਵਾਲ਼ੇ ਸਰਮਾਏਦਾਰਾਂ ਦੇ ਫੰਡਾਂ ਰਾਹੀਂ ਚੱਲਦੀ ਹੈ ਅਤੇ ਹਥਿਆਰਾਂ ਦੀ ਵਿੱਕਰੀ ਨੂੰ ਨੱਥ ਪਾਉਣ ਲਈ ਉੱਠਦੀ ਅਵਾਜ਼ ਨੂੰ ਚੁੱਪ ਕਰਾਉਣ ਅਤੇ ਮੀਡੀਆ ਰਾਹੀਂ ਜਨਤਕ ਰਾਏ ਨੂੰ ਪ੍ਰਭਾਵਿਤ ਕਰਨ ਲਈ ਕੰਮ ਕਰਦੀ ਹੈ। ਇਸ ਜਥੇਬੰਦੀ ਦੀ ਅਮਰੀਕੀ ਹਥਿਆਰ ਸਨਅਤ ਨੂੰ ਖਾਸ ਲੋੜ ਹੈ ਕਿਉਂਕਿ ਕਈ ਜਨਤਕ ਸਰਵੇਖਣ ਇਹ ਦਿਖਾ ਚੁੱਕੇ ਹਨ ਕਿ ਬਹੁਗਿਣਤੀ ਅਮਰੀਕੀ ਲੋਕ ਹਥਿਆਰਾਂ ਦੀ ਵਿੱਕਰੀ ਉੱਤੇ ਰੋਕਾਂ ਲਾਉਣ ਦੇ ਪੱਖ ਵਿੱਚ ਹਨ। ਹਥਿਆਰਾਂ ਦੀ ਵਿੱਕਰੀ ਅਮਰੀਕੀ ਸਮਾਜ ਕਿੰਨੀ ਵੱਡੀ ਸਮੱਸਿਆ ਬਣ ਚੁੱਕੀ ਹੈ ਇਹ ਇਹਨਾਂ ਅੰਕੜਿਆਂ ਤੋਂ ਸਪੱਸਟ ਹੋ ਜਾਂਦਾ ਹੈ- ਸਾਲ 2015 ਵਿੱਚ ਫਾਇਰਿੰਗ ਦੀਆਂ ਕੁੱਲ 51,538 ਵਾਰਦਾਤਾਂ ਹੋਈਆਂ ਜਿੰਨ੍ਹਾਂ ਵਿੱਚੋਂ ਸਿਰਫ਼ 1,234 ਹੀ ਸਵੈ-ਰੱਖਿਆ ਲਈ ਸਨ। ਇਹਨਾਂ ਘਟਨਾਵਾਂ ਵਿੱਚ 13,094 ਮੌਤਾਂ ਹੋਈਆਂ, ਮਰਨ ਵਾਲਿਆਂ ਵਿੱਚ 678 ਬੱਚੇ ਤੇ 2,623 ਗਭਰੇਟ (12-17 ਸਾਲ ਉਮਰ-ਵਰਗ) ਸ਼ਾਮਲ ਸਨ। ਇਸ ਤੋਂ ਇਲਾਵਾ 26,420 ਹੋਰ ਜ਼ਖਮੀ ਹੋਏ। ਅਮਰੀਕੀ ਸਰਕਾਰੀ ਰਿਕਾਰਡ ਮੁਤਾਬਕ 9/11 ਤੋਂ ਬਾਅਦ 2012 ਤੱਕ, 2.15 ()ਲੱਖ ਲੋਕਾਂ ਦਾ ਕਤਲ ਹੋਇਆ ਹੈ ਜਿਹਨਾਂ ਵਿੱਚ ਬਹੁਤੇ ਬੰਦੂਕਾਂ-ਪਿਸਤੌਲਾਂ ਦੀ ਗੋਲ਼ੀ ਨਾਲ ਹੋਏ। ਪਰ ਇਸ ਸਭ ਦੇ ਬਾਵਜੂਦ ਅਮਰੀਕੀ ਸਰਕਾਰ ਕਦੇ ਵੀ ਹਥਿਆਰਾਂ ਦੀ ਖੁੱਲ੍ਹੇਆਮ ਵਿੱਕਰੀ ਨੂੰ ਰੋਕਣ ਲਈ ਕੋਈ ਕਦਮ ਉਠਾਉਣ ਲਈ ਤਿਆਰ ਨਹੀਂ ਦਿਖੀ। ਸਾਫ਼ ਹੈ, ਅਜਿਹਾ ਕਰਨ ਨਾਲ਼ ਇੱਕ ਪਾਸੇ ਸੱਜ-ਪਿਛਾਖੜੀ ਦਹਿਸ਼ਤੀਆਂ ਲਈ ਹਥਿਆਰਾਂ ਦੀ ਅਸਾਨ ਸਪਲਾਈ ਰੁਕਦੀ ਹੈ ਜਿਹਨਾਂ ਦੀ ਅਮਰੀਕਾ ਦੀ ਰਾਜਸੱਤ੍ਹਾ ਨੂੰ ਬੇਹੱਦ ਲੋੜ ਹੈ, ਦੂਜੇ ਪਾਸੇ ਹਥਿਆਰ-ਸੱਨਅਤ ਦਾ ਧੰਦਾ ਖੜਦਾ ਹੈ ਜਿਹੜੀ ਆਰਥਿਕ ਮੰਦੀ ਦੇ ਦੌਰ ਵਿੱਚ ਖਾਸ ਕਰਕੇ ਸਰਮਾਏਦਾਰਾਂ ਲਈ ਕੁਝ ਕੁ ਮੁਨਾਫ਼ਾਯੋਗ ਧੰਦਿਆਂ ਵਿੱਚੋਂ ਇੱਕ ਹੈ। 2008 ਤੋਂ ਬਾਅਦ ਇਹਨਾਂ ਦੀਆਂ ਕਾਰਵਾਈਆਂ ਵਿੱਚ ਹੋਇਆ ਤੇਜ਼ ਵਾਧਾ ਅਮਰੀਕਾ ਵਿੱਚ ਆਰਥਿਕ ਮੰਦੀ ਦੀ ਸ਼ੁਰੂਆਤ ਨਾਲ਼ ਹੀ ਅਰੰਭ ਹੁੰਦਾ ਹੈ। ਪਹਿਲਾਂ ਵੀ ਅਮਰੀਕਾ ਵਿੱਚ ਸੱਜ-ਪਿਛਾਖੜੀ ਦਹਿਸ਼ਤੀਆਂ ਦੀਆਂ ਕਾਰਵਾਈਆਂ ਵਿੱਚ ਕੋਈ ਸਮਾਜਕ ਲਹਿਰ ਦੇ ਜ਼ੋਰ ਫੜਨ ਨਾਲ਼ ਵਾਧਾ ਹੁੰਦਾ ਰਿਹਾ ਹੈ ਜਿਸ ਦਾ ਨਿਸ਼ਾਨਾ ਅਜਿਹੀਆਂ ਲਹਿਰਾਂ ਦੇ ਆਗੂ ਤੇ ਸ਼ਾਮਲ ਆਮ ਲੋਕ ਬਣਦੇ ਰਹੇ ਹਨ।

ਆਖਿਰ ਵਿੱਚ ਸੱਜ-ਪਿਛਾਖੜੀ ਦਹਿਸ਼ਤੀ ਜਥੇਬੰਦੀਆਂ ਵੱਲ਼ ਅਮਰੀਕੀ ਤੇ ਸਮੁੱਚੇ ਪੱਛਮੀ ਮੀਡੀਆ ਦਾ ਰੁਖ਼, ਇਸ ਮਾਮਲੇ ਵਿੱਚ ਉੱਥੇ ਵੀ ਮੀਡੀਆ ਭਾਰਤੀ ਖਬਰੀ-ਚੈਨਲਾਂ ਨਾਲੋਂ ਕਿਸੇ ਪੱਖੋਂ ਉੱਨੀ ਨਹੀਂ ਹੈ, ਇੱਕੀ ਭਾਵੇਂ ਹੋਵੇ। ਮੀਡੀਆ ਪਹਿਲਾਂ ਤਾਂ ਬਹੁਤੀਆਂ ਦਹਿਸ਼ਤੀ ਵਾਰਦਾਤਾਂ ਨੂੰ ਨਸ਼ਰ ਹੀ ਨਹੀਂ ਕਰਦਾ, ਜੇ ਕਰਦਾ ਵੀ ਹੈ ਤਾਂ ਇਹਨਾਂ ਵਾਰਦਾਤਾਂ ਨੂੰ ਛਿਟ-ਪੁੱਟ ਘਟਨਾਵਾਂ, ਮਾਨਸਿਕ ਰੋਗੀਆਂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ, ਅਚਾਨਕ ਹੋਈ ਘਟਨਾ ਆਦਿ ਬਣਾ ਕੇ ਪੇਸ਼ ਕਰਦਾ ਹੈ ਅਤੇ ਇਹਨਾਂ ਕਾਰਿਆਂ ਨੂੰ ਅੰਜ਼ਾਮ ਦੇਣ ਵਾਲ਼ੇ ਵਿਅਕਤੀਆਂ ਦੀ ਅਸਲੀ ਪਹਿਚਾਣ ਨੂੰ ਹਰ ਹੀਲ਼ੇ ਢੱਕਦਾ ਹੈ। ਮੁਸਲਿਮ ਜਿਹਾਦੀਆਂ ਵੱਲੋਂ ਕੀਤੇ ਅਣਮਨੁੱਖੀ ਕਾਰਿਆਂ ਲਈ ਮਸਜਿਦਾਂ ਦੇ ਮੌਲਵੀਆਂ ਨੂੰ ਮੁਆਫ਼ੀਨਾਮੇ ਪੇਸ਼ ਕਰਨ ਲਈ ਮੀਡੀਆ ਪ੍ਰਾਈਮ ਟਾਈਮ ਸ਼ੋਅ ਕਰਦਾ ਹੈ ਪਰ ਈਸਾਈ ਦਹਿਸ਼ਤੀਆਂ ਵੱਲੋਂ ਕੀਤੇ ਕਾਰਿਆਂ ਲਈ ਕਿਸੇ ਪਾਦਰੀ ਨੂੰ ਅਜਿਹਾ ਕਰਨ ਲਈ ਕਦੇ ਨਹੀਂ ਕਿਹਾ ਜਾਂਦਾ। ਅਮਰੀਕਾ ਦੀ ਕਿਸੇ ਸਰਕਾਰ ਵੱਲ਼ੋਂ ਇਹਨਾਂ ਜਥੇਬੰਦੀਆਂ ਨੂੰ ਨੱਥ ਪਾਈ ਜਾਵੇਗੀ, ਇਸਦੀ ਉਮੀਦ ਕਰਨਾ ਹੀ ਖੁਦ ਨੂੰ ਮੂਰਖ ਬਣਾਉਣਾ ਹੋਵੇਗਾ ਕਿਉਂਕਿ ਅਮਰੀਕਾ ਦੀਆਂ ਦੋਵੇਂ ਪਾਰਟੀਆਂ, ਉਬਾਮੇ ਦੀ ਡੈਮੋਕਰੈਟਿਕ ਪਾਰਟੀ ਤੇ ਉਸਦੀ ਵਿਰੋਧੀ ਰਿਪਬਲੀਕਨ ਪਾਰਟੀ, ਕਦੇ ਵੀ ਇਹਨਾਂ ਸੱਜੇ-ਪੱਖੀ ਪਿਛਾਖੜੀ ਤੇ ਦਹਿਸ਼ਤੀ ਜਥੇਬੰਦੀਆਂ ਦੀਆਂ ਵਿਰੋਧੀ ਨਹੀਂ ਰਹੀਆਂ, ਸਗੋਂ ਇਹਨਾਂ ਪਾਰਟੀਆਂ ਦੇ ਸੈਨੇਟਰ ਤੇ ਹੋਰ ਬਹੁਤ ਸਾਰੇ ਲੀਡਰ ਜਥੇਬੰਦੀਆਂ ਦੇ ਧੂਤੂ ਬਣੇ ਰਹਿੰਦੇ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements