ਅਮਰਜੀਤ ਚੰਦਨ ਦੀਆਂ ਕਵਿਤਾਵਾਂ (‘ਕੌਣ ਨਹੀਂ ਚਾਹੇਗਾ ਵਿੱਚੋਂ’)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਚਿਹਰਾ

ਇਹ ਚਿਹਰਾ ਝਟਪਟ ਪਛਾਣੋਂ
ਇਹਨੇ ਹੁਣੇ ਹੀ ਰੂਪ ਬਦਲਣਾ ਹੈ

ਹਨ੍ਹੇਰੇ ਵਿੱਚ ਇਹ ਆਪਣੀਆਂ ਅੱਖਾਂ
ਉਂਗਲਾ ਨਾਲ਼ ਵਟਾ ਲੈਂਦਾ ਹੈ
ਉਸ ਤੋਂ ਪਿੱਛੋਂ
ਆਪਣੀਆਂ ਉਂਗਲਾਂ ਬੁਲ੍ਹਾਂ ਨਾਲ਼ ਵਟਾ ਲੈਂਦਾ ਹੈ

ਇਹ ਰੰਗਾਂ ਦਾ ਜਾਦੂਗਰ
ਕਈ ਰੰਗ ਕੰਬਾ ਸਕਦਾ ਹੈ
(ਜਿਸ ਵਿਚ ਕਮਸਿਨ ਕੱਕੀ ਲੂਈ ਦਾ ਰੰਗ ਵੀ ਸ਼ਾਮਲ ਹੈ)

ਇਹ ਨੈਣਾ ਦਾ ਸੌਦਾਗਰ
ਕਈ ਪਲਕਾਂ ਦੀਆਂ ਪਰਤਾਂ ਸਾਂਭੀ ਬੈਠਾ ਹੈ
ਹਰ ਪਲਕ ਸਵੇਰ ਦੀ ਖ਼ੁਦਕੁਸ਼ੀ-
ਰੋਜ਼ ਜਿਸਦਾ ਆਫ਼ਤਾਬ ਸੌਦਾ ਕਰੇ

ਇਹ ਚਿਹਰਾ ਝਟਪਟ ਪਛਾਣੋਂ
ਇਹਨੇ ਹੁਣੇ ਹੀ ਰੂਪ ਬਦਲਣਾ ਹੈ
ਯਾਦ ਰੱਖੋ
ਵਕਤ ਦਾ ਦੂਜਾ ਐਡੀਸ਼ਨ ਕਦੇ ਪ੍ਰਕਾਸ਼ਤ ਨਹੀਂ ਹੁੰਦਾ।

(ਫਰਵਰੀ 1969) 

ਉਹ

ਉਹ ਆ ਰਿਹਾ ਹੈ
ਉਹ ਆਵੇਗਾ
ਉਸ ਦੇ ਹੱਥ ਬੰਦੂਕ ਹੋਵੇਗੀ
ਜਿਸ ਨੂੰ ਉਹ ਮਧੁਰ-ਰਾਗਣੀਆਂ ਦਾ ਸਾਜ਼ ਕਹਿੰਦਾ ਹੈ

ਜਲਾਵਤਨ ਬੋਲਾਂ ਨੂੰ ਉਨ੍ਹਾਂ ਦਾ ਵਤਨ ਮਿਲੇਗਾ
ਇੱਕ ਨਹੀਂ
ਦੋ ਨਹੀਂ
ਕਿੰਨੇ ਹੀ ਵਿਅਤਨਾਮਾਂ ਵਿੱਚ

ਇਹ ਗੱਲ
ਅੱਜ ਰਾਤ ਬੌਣੇ ਚੰਨ ਨੇ
ਥੱਕੀ ਹੋਈ ਪਾਇਲ ਨੂੰ ਦੱਸੀ
ਇਸ ਵਿਸ਼ਵਾਸ ਨਾਲ਼-
ਕਿ ਉਹ ਉੱਚੀਆਂ ਚਿਮਨੀਆਂ ਨੂੰ ਬੌਣਾ ਕਰ ਕੇ ਛੱਡੇਗਾ
ਕਿ ਉਸ ਦੀ ਪੈਛੜ ਇਹ ਸੁਨੇਹਾ ਲੈ ਕੇ
ਉਸ ਦੇ ਰਿਸ਼ਮਈ ਕੰਨਾਂ ਤੱਕ ਖ਼ੁਦ ਚਲ ਕੇ ਆਈ ਹੈ
ਕਿ ਉਹ ਫਰਿਸ਼ਤਾ ਉਸ ਪੜਾਅ ‘ਤੇ ਹੈ
ਜਿੱਥੋਂ ਨਜ਼ਰ ਦੱਸ ਨਹੀਂ ਸਕਦੀ
ਕਿ ਕੋਈ ਆਉਂਦਾ ਹੈ ਜਾਂ ਜਾਂਦਾ ਹੈ
ਤੇ ਕਿਸੇ ਦੀ ਆਮਦ ਦਾ ਭਰਮ
ਬਣਦਾ ਤੇ ਟੁੱਟਦਾ ਹੈ

(ਤਾਂ) ਪਾਇਲ ‘ਚ ਛਣਕਦੀਆਂ
ਉੱਲੂ ਦੀਆਂ ਅੱਖਾਂ ਨੇ
ਝਟ ਉਸ ਬਾਜ਼ ਦਾ ਸੁਪਨਾ ਚਿਤਵਿਆ
ਜਿਸ ਦੇ ਇੱਕ ਹੱਥ ਤੀਰਾਂ ਦਾ ਗੁੱਛਾ ਹੈ
ਇੱਕ ਹੱਥ ਹਰੀ-ਕਚੂਚ ਕਿਸੇ ਰੁੱਖ ਦੀ ਟਾਹਣੀ
ਤੇ ਜਿਸ ਦੇ ਪਰਾਂ ਤੇ ਜੜੇ ਹੋਏ ਪੰਜਾਹ ਸਿਤਾਰੇ

ਪਰ ਅਸੀਂ
ਜੋ ਉਸ ਦੀ ਪੈੜ ਦੀ ਮਿੱਟੀ ਚੋਂ ਉੱਗੇ ਫੁੱਲ ਹਾਂ
ਉਹਦਾ ਇੰਤਜ਼ਾਰ ਭੁੱਲ ਬੈਠੇ
ਤੇ ਬਾਦਬਾਨਾਂ ‘ਤੇ ਖੁਦ ਲਿਖਕੇ ਅੱਖਰ
ਸੋਨੇ ਦੇ ਤੋਤੇ ਪਾਸੋਂ
ਇਹ ਅਖਵਾਉਂਦੇ ਰਹੇ :
“ਸਮੁੰਦਰ ਨੱਚ ਰਿਹਾ ਹੈ,
ਇਹਦੇ ਵਿੱਚ ਛਾਲ ਨਾ ਮਾਰੋ।”

ਸਾਥੋਂ ਚੋਰੀ
ਤੋਤੇ ਨੇ ਕਈ ਵਾਰ ਲਹਿਰਾਂ ਤੋਂ ਪੁੱਛਿਆ :
ਮੁਰਗਾਬੀਆਂ ਨੂੰ ਕਿਸੇ ਨੇ ਤਰਨਾ ਸਿਖਾਇਆ ਹੈ?
ਲਹਿਰਾਂ ਹੱਸਦੀਆਂ ਤੇ ਦੱਸਦੀਆਂ :
ਮੁਰਗਾਬੀਆਂ ਨੂੰ ਕਿਸ ਤਰਨਾ ਸਿਖਾਇਆ ਹੈ?

ਉਹ ਆਵੇਗਾ
ਭਵਿੱਖ ਸਾਡੇ ਕਦਮਾਂ ‘ਚ ਹੋਵੇਗਾ
ਸਰਫਰੋਸ਼ੀ ਦੀ ਤਮੰਨਾ
ਅਗਾਂਹ ਤੁਰੇਗੀ…

(ਮਈ 1969) 

ਇੱਕ ਇਸ਼ਤੇਹਾਰ : ਵਹਿਸ਼ਤ ਦਾ, ਸਿਆਸਤ ਦਾ

ਤਸਵੀਰਾਂ ‘ਚ ਕੈਦ ਪਲਾਂ ਦਾ ਕੋਈ ਮੁਕਤੀਦਾਤਾ ਨਹੀਂ

ਸੌਖੀ ਤਰ੍ਹਾਂ ਮਾਸ ਚੁੰਢਣ ਲਈ ਲੁੰਗੀ ਖਿੱਚ ਰਿਹਾ ਕੁੱਤਾ
ਇੰਝ ਹੀ ਖਿੱਚਦਾ ਰਹੇਗਾ
ਬੇਹਯਾ ਗੋਲੀਆਂ ਨਾਲ਼ ਵਿੰਨ੍ਹੀਆਂ ਕਿੰਨੀਆਂ ਨੰਗੀਆਂ ਲਾਸ਼ਾਂ
ਬੇਤਰੱਦਦ ਚੂੰਡੇ ਜਾਵਣ ਲਈ ਇੰਝ ਹੀ ਪਈਆਂ ਰਹਿਣਗੀਆਂ
ਦਿਲ ਤੇ ਰੁਕਿਆ ਹੱਥ
ਇੰਝ ਹੀ ਰੁਕਿਆ ਰਹੇਗਾ

ਤਸਵੀਰਾਂ ‘ਚ ਕੈਦ ਪਲਾਂ ਦਾ ਕੋਈ ਮੁਕਤੀਦਾਤਾ ਨਹੀਂ

ਕਦੋਂ ਤੱਕ ਇਹ ਮਹਾਂ-ਵਿਲੰਬ
ਇਸ਼ਤਿਹਾਰ ਬਣਿਆ ਰਹੇਗਾ ਵਹਿਸ਼ਤ ਦਾ, ਸਿਆਸਤ ਦਾ?

ਆਖ਼ਰੀ ਸਾਹ ਅਟਕਿਆ ਹੋਇਆ
ਕੈਮਰੇ ਦੀ ਕ-ਲਿ-ਕ ਵਿੱਚ
ਜਾਂ ਮੇਰੇ ਦਸਤਖ਼ਤਾਂ ਦੇ ਆਖਰੀ ਹਰਫ਼ ਵਿੱਚ
ਜੋ ਮੈਂ ਕੀਤੇ ਸਨ ਇਸ ਅਹਿਦ ਦੇ ਨਾਂ ‘ਤੇ
ਕਿ ਮੌਤ ਨੂੰ ਜ਼ਿੰਦਗੀ ਦੇ ਹਾਣ ਦੀ ਹੋਣ ਨਹੀਂ ਦੇਣਾ-

ਇੱਕ ਦਿਨ ਇਹ ਹਰਫ਼ ਡਿੱਗੇਗਾ ਦੁੱਧ ਦੇ ਦੰਦ ਵਾਂਙ
ਤੇ ਖੁੱਭ ਜਾਏਗਾ ਮੌਤ ਦੇ ਪਿੰਡੇ ਵਿੱਚ

ਚੰਦ ਤਾਂ ਫਿਰ ਵੀ ਚਮਕੇਗਾ-
ਨੈਣਾਂ ਵਿੱਚ
ਗੀਤਾਂ ਵਿੱਚ
ਲੋਰੀਆਂ ਵਿੱਚ…

ਸਾਡੇ ਸੁਪਨੇ
ਵਕਤ ਦੀ ਕੁਕੜੀ ਦੇ ਪਰਾਂ ਹੇਠ ਪਏ ਆਂਡੇ
ਇਨ੍ਹਾਂ ਖ਼ਬਰਾਂ ਤਸਵੀਰਾਂ ਤੇ ਫਿਲਮਾਂ ਨੂੰ ਆਪਾਂ
ਕਿਸੇ ਨਾ ਕਿਸੇ ਤਰ੍ਹਾਂ ਆਂਡੇ ਬਣਾ ਲਈਏ
ਗੋਲ ਗੋਲ, ਚਿੱਟੇ ਚਿੱਟੇ
ਤੇ ਕੁੜਕ ਬੈਠੀ ਕੁਕੜੀ ਦੇ ਪਰਾਂ ਹੇਠ ਰੱਖ ਦਈਏ।

(ਅਗਸਤ 1971) 

ਕੌਣ ਨਹੀਂ ਚਾਹੇਗਾ
(ਹਰਭਜਨ ਤੇ ਸੁਰਿੰਦਰ ਨੂੰ)

ਕੌਣ ਨਹੀਂ ਚਾਹੇਗਾ
ਆਪਣੇ ਦਿਲਦਾਰਾਂ ਦੀ ਮਹਿਫ਼ਲ ‘ਚ ਬੈਠ
ਕਸ਼ਮੀਰੀ ਚਾਹ ਦੀਆਂ ਚੁਸਕੀਆਂ ਲੈਣਾ
ਬ੍ਰੈਖਤ ਦੀਆਂ ਕਵਿਤਾਵਾਂ ਪੜ੍ਹਨੀਆਂ
ਤੇ ਕਵਿਤਾ ਨੂੰ ਜ਼ਿੰਦਗੀ ਤੇ ਜ਼ਿੰਦਗੀ ਨੂੰ ਕਵਿਤਾ
ਬਣਾਉਣ ਬਾਰੇ ਸੋਚਣਾ…

ਕੌਣ ਨਹੀਂ ਚਾਹੇਗਾ
ਕਿਸੇ ਆਦਿਵਾਸੀ ਕੁੜੀ ਦੇ ਹੱਥੋਂ ਮਹੂਏ ਦੀ ਸ਼ਰਾਬ ਪੀਣੀ
ਲੋਰ ‘ਚ ਆਪਣੀ ਪਹਿਲੀ ਮੁਹੱਬਤ
ਜਾਂ ਮਨ-ਪਸੰਦ ਰੰਗਾਂ ਦੀਆਂ ਗੱਲਾਂ ਕਰਨੀਆਂ
ਜਾਂ ਇਸ ਸਾਦੀ ਜਿਹੀ ਸਚਾਈ ਬਾਰੇ
ਕਿ ਤਵਾਇਫ ਅੱਖਾਂ ‘ਚ ਵੀ ਹੰਝੂ ਹੁੰਦੇ ਨੇ
ਤੇ ਇਨ੍ਹਾਂ ਹੰਝੂਆ ਦਾ ਰਿਸ਼ਤਾ
ਜ਼ਮੀਨ ਉੱਤੇ ਕੰਬਦੇ ਪੋਟਿਆ ਨਾਲ਼ ਪਾਏ
ਪੂਰਨਿਆ ਜਿਹਾ ਹੁੰਦਾ ਹੈ…

ਕੌਣ ਨਹੀਂ ਚਾਹੇਗਾ
ਸਾਈਕਲ ਤੇ ਲੰਮੀ ਵਾਟ
ਟੁੱਟੀ ਸਲੇਟ ਜਿਹੇ ਬਚਪਨ
ਤੇ ‘ਲੋਹੇ ਦੇ ਥਣ’ ਜਿਹੀ ਜ਼ਿੰਦਗੀ ਬਾਰੇ ਗੱਲਾਂ ਕਰਨਾ
ਬਸ ਹਸ ਛੱਡਣਾ
ਤੇ ਵਾਟ ਦਾ ਛੋਟੇ ਹੁੰਦੇ ਜਾਣਾ…

ਕੌਣ ਨਹੀਂ ਚਾਹੇਗਾ
ਉਨ੍ਹਾਂ ਘੜੀਆਂ ਉੱਤੇ ਫ਼ਾਇਰ ਕਰਨੇ
ਜੋ ਸਾਡਾ ਨਹੀਂ
ਵਕਤ ਦੇ ਵਣਜਾਰਿਆਂ ਦਾ ਸਮਾਂ ਦੱਸਦੀਆਂ ਹਨ…
ਕੌਣ ਨਹੀਂ ਚਾਹੇਗਾ
ਰੁਕੇ ਪਾਣੀਆਂ ਜਿਹੀ ਸਾਡੀ ਇਹ ਜ਼ਿੰਦਗਾਨੀ
ਬਣ ਜਾਏ ਫਿਰ ਸਾਗਰ ਦੀਆਂ ਛੱਲਾਂ

ਕੌਣ ਨਹੀਂ ਚਾਹੇਗਾ?…

(ਜਲੰਧਰ ਜੇਲ੍ਹ, ਸਤੰਬਰ 19)

ਮਾਂ

ਹੰਝੂਆਂ-ਭਿੱਜੇ ਮਾਂ ਦੇ ਬੋਲ-
ਤੂੰ ਪੁੱਤ ਉਦਾਸ ਨਾ ਹੋਵੀਂ
ਤੂੰ ਕੋਈ ਚੋਰ ਉਚੱਕਾ ਤਾਂ ਨਹੀਂ
ਤੂੰ ਏ ਇੱਕ ਕੌਮਿਨਿਸਟ। 

ਵਿਹੜੇ ‘ਚ ਬਰੋਟਾ

ਇਹ ਕੇਹੇ ਸਮੇਂ ਨੇ
ਕਿ ਰੁੱਖਾਂ ਬਾਰੇ ਗੱਲ ਕਰਨੀ ਵੀ ਗੁਨਾਹ ਹੈ – ਬ੍ਰੈਖਤ

ਵਿਹੜੇ ‘ਚ ਉੱਗੇ
ਬੋਹੜ ਦੇ ਨਿੱਕੇ ਬੂਟੇ ਸੰਗ ਮੈਂ ਦਿਨੇ ਰਾਤ ਪਿਆਂ ਬਾਤਾਂ ਪਾਵਾਂ
ਤੂੰ ਏਂ ਸਾਡੇ ਸੁਪਨੇ ਵਰਗਾ
ਜਿਦ੍ਹੀ ਤਾਬੀਰ ਬੜੀ ਲੰਮੇਰੀ
ਕੌਣ ਮਾਣੇਗਾ ਤੇਰੀਆਂ ਠੰਢੀਆਂ ਛਾਵਾਂ
ਨਾ ਤੂੰ ਜਾਣੇ ਨਾ ਮੈਂ ਜਾਣਾ

ਕਿਹੜਾ ਪੰਛੀ ਨਾਲ਼ ਤੇਰੇ ਰਲ ਗੀਤ ਗਾਏਗਾ
ਖਿਜ਼ਾਵਾਂ ਤੇ ਰੁੱਤ ਬਹਾਰ ਦੇ ਨਗਮੇ
ਨਾਂ ਤੂੰ ਜਾਣੇ ਨਾ ਮੈਂ ਜਾਣਾ

ਤੇਰੇ ਨਿੱਕੇ ਪੱਤਰਾਂ ਵਿੱਚ ਧੜਕ ਰਹੀ ਹੈ
ਆਵਣ ਵਾਲੇ ਕੱਲ੍ਹ ਦੀ ਛਾਂ
ਇਕਲਾਪੇ ਦੀ ਧੁੱਪ ਦਾ ਲੁਹਿਆ
ਆਪਣੇ ਕੱਲ੍ਹ ਨੂੰ ਮਾਣ ਰਿਹਾ ਮੈਂ ਏਸ ਹੇਠਾਂ
ਇਹ ਤਾਂ ਤੈਥੋਂ ਲੁਕਿਆ ਨਹੀਂ ਹੈ
ਸੁਪਨਕਾਰ ਕਈ ਅੱਖੀਆਂ
ਤੇਰੇ ਵਰਗੇ ਮੇਰੇ ਵਰਗੇ ਸੁਪਨੇ ਉਣ ਰਹੀਆਂ ਹਨ
ਕੁਝ ਦੈਂਤ ਇਨ੍ਹਾਂ ਨੂੰ ਕੋਹ ਰਹੇ ਨੇ ਭਰੇ ਬਜ਼ਾਰੀਂ
ਪਰ ਉਨ੍ਹਾਂ ਦਾ ਵੱਸ ਨਾ ਚੱਲੇ

ਤੇਰੇ ਵਾਂਙੂੰ ਜੜ੍ਹਾਂ ਇਨ੍ਹਾਂ ਦੀਆਂ ਮਿੱਟੀ ਵਿੱਚ ਹਨ
ਜੁੱਗਾਂ ਜੇਡੀਆਂ ਲੰਮੀਆਂ
ਕੋਈ ਇਨ੍ਹਾਂ ਨੂੰ ਉਖਾੜ ਨਹੀਂ ਸਕਦਾ

ਆਖ਼ਰ ਮਿੱਟੀ ਕਿੰਨਾ ਲਹੂ ਜੀਰ ਸਕੇਗੀ
ਆਖ਼ਰ ਮਿੱਟੀ ਬੋਲ ਪਈ ਹੈ

ਤੇਰੇ ਵਰਗਾ ਸੁਪਨਾ ਤੱਕਦੀਆਂ
ਮੇਰੀਆਂ ਅੱਖੀਆਂ
ਇਕ ਦਿਨ ਸੌਂ ਜਾਣਗੀਆਂ
ਪਰ ਇਹ ਸੁਪਨਾ ਜਾਗਦਾ ਰਹਿਸੀ

ਤੂੰ ਹੋਏਂਗਾ
ਮੈਂ ਹੋਵਾਂਗਾ
ਸਭ ਹੋਵਣਗੇ

(ਅੰਮ੍ਰਿਤਸਰ ਜੇਲ੍ਹ, ਅਕਤੂਬਰ 1972)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements