ਅਲਵਿਦਾ ਸਾਥੀ ਸਤਨਾਮ!

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਦੇ ਇਨਕਲਾਬੀ ਹਲਕਿਆਂ ‘ਚ ਜਾਣੀ-ਪਛਾਣੀ ਸਖਸ਼ੀਅਤ ਕਾਮਰੇਡ ਸਤਨਾਮ ਨੇ ਬੀਤੀ 28 ਅਪ੍ਰੈਲ ਨੂੰ ਪਟਿਆਲਾ ਵਿਖੇ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ। ਉਹ 64 ਵਰ੍ਹਿਆਂ ਦੇ ਸਨ। ਕਾਮਰੇਡ ਸਤਨਾਮ 1970ਵਿਆਂ ਦੇ ਸ਼ੁਰੂ ‘ਚ ਨਕਸਲਬਾੜੀ ਲਹਿਰ ਦੀ ਚੜ੍ਹਤ ਸਮੇਂ ਅੰਮ੍ਰਿਤਸਰ ਤੋਂ ਲਹਿਰ ਨਾਲ਼ ਜੁੜੇ। ਜਲਦੀ ਹੀ ਉਹ ਆਪਣੀ ਪੜ੍ਹਾਈ ਛੱਡ ਕੇ ਕੁੱਲਵਕਤੀ ਦੇ ਤੌਰ ‘ਤੇ ਇਨਕਲਾਬੀ ਲਹਿਰ ‘ਚ ਕੁੱਦ ਪਏ। ਉਸਤੋਂ ਬਾਅਦ ਉਹ ਸਾਰੀ ਉਮਰ ਇਸੇ ਲਹਿਰ ‘ਚ ਸਰਗਰਮ ਰਹੇ। 

ਆਪਣੇ ਪੂਰੇ ਸਿਆਸੀ ਜੀਵਨ ‘ਚ ਉਹਨਾਂ ਨੇ ਵੱਖ-ਵੱਖ ਇਨਕਲਾਬੀ ਜਥੇਬੰਦੀਆਂ ਨਾਲ਼ ਕੰਮ ਕੀਤਾ। ਉਹ ਸਾਰੀ ਉਮਰ ਮਾਰਕਸਵਾਦ-ਲੈਨਿਨਵਾਦ-ਮਾਓਵਾਦ ਵਿਚਾਰਧਾਰਾ ਦੇ ਝੰਡਾਬਰਦਾਰ ਰਹੇ। ਮਜਦੂਰ ਜਮਾਤ ਅਤੇ ਹੋਰ ਕਿਰਤੀ ਲੋਕਾਂ ਦੀ ਮੁਕਤੀ ‘ਚ ਉਹਨਾਂ ਦਾ ਅਟੁੱਟ ਭਰੋਸਾ ਸੀ।

ਉਹ ਇੱਕ ਯੋਗ ਜਥੇਬੰਦਕ ਤੋਂ ਇਲਾਵਾ ਕਲਮ ਦੇ ਵੀ ਧਨੀ ਸਨ। ਉਹ ਇੱਕ ਸਮਰੱਥ ਅਨੁਵਾਦਕ ਸਨ। ਹਾਵਰਡ ਫਾਸਟ ਦੇ ਸੰਸਾਰ ਪ੍ਰਸਿੱਧ ਨਾਵਲ ‘ਸਪਾਰਟਾਕਸ’ ਦਾ ਉਹਨਾਂ ਪੰਜਾਬੀ ‘ਚ ਅਨੁਵਾਦ ਕੀਤਾ। ਮਾਰਕਸ ਦੀ ਮਸ਼ਹੂਰ ਰਚਨਾ ‘1844 ਦੀਆਂ ਆਰਥਿਕ ਅਤੇ ਦਾਰਸ਼ਨਿਕ ਹੱਥਲਿਖਤਾਂ’ ਦਾ ਵੀ ਉਹਨਾਂ ਪੰਜਾਬੀ ‘ਚ ਅਨੁਵਾਦ ਕੀਤਾ। ਪਰ ਅਫਸੋਸ ਇਹ ਰਚਨਾ ਹਾਲੇ ਤੱਕ ਛਪ ਨਹੀਂ ਸਕੀ। ਉਹਨਾਂ ਬਸਤਰ ਦੇ ਜ਼ੰਗਲਾਂ ‘ਚ ਜਾਕੇ ਉੱਥੋਂ ਦੇ ਆਦਿਵਾਸੀਆਂ ਦੇ ਜੀਵਨ ਬਾਰੇ ‘ਜੰਗਲਨਾਮਾ’ ਨਾਮ ਦੀ ਰਚਨਾ ਲਿਖੀ। ਉਹਨਾਂ ਦੀ ਇਸ ਰਚਨਾ ਦੀ ਮਕਬੂਲੀਅਤ ਕਾਰਨ ਉਹਨਾਂ ਦੇ ਨਾਮ ਨਾਲ਼ ਇਸ ਰਚਨਾ ਦਾ ਨਾਮ ਵੀ ਜੁੜ ਗਿਆ। ਸਾਥੀ ਸਤਨਾਮ ਜਿਹੇ ਜ਼ਹੀਨ ਇਨਸਾਨ, ਸਮਰੱਥ ਜਥੇਬੰਦਕ, ਲੇਖਕ, ਅਨੁਵਾਦਕ ਦਾ ਵਿਛੋੜਾ ਇਨਕਲਾਬੀ ਲਹਿਰ ਲਈ ਇੱਕ ਵੱਡਾ ਘਾਟਾ ਹੈ। ਇਸ ਦੁੱਖ ਦੀ ਘੜੀ ਵਿੱਚ ਅਦਾਰਾ ‘ਲਲਕਾਰ’ ਸਾਥੀ ਸਤਨਾਮ ਦੇ ਪਰਿਵਾਰ, ਉਹਨਾਂ ਦੇ ਸਾਥੀਆਂ ਦੇ ਦੁੱਖ ‘ਚ ਸ਼ਰੀਕ ਹੁੰਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements