ਅਲਵਿਦਾ ਕਾਮਰੇਡ ਮੇਘਰਾਜ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 4 ਅਕਤੂਬਰ ਨੂੰ 78 ਸਾਲ ਦੀ ਉਮਰ ਵਿੱਚ ਪ੍ਰੋ. ਮੇਘਰਾਜ ਪਰਕਿੰਨਸਨਜ਼  ਨਾਂ ਦੀ ਨਾਮੁਰਾਦ ਬਿਮਾਰੀ ਨਾਲ਼ ਜੂਝਦੇ ਹੋਏ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਸਰੀਰਕ ਤੌਰ ‘ਤੇ ਅਲਵਿਦਾ ਕਹਿ ਗਏ ਹਨ। ਪਰ ਸੰਸਾਰ ਦੇ ਦੱਬੇ-ਕੁਚਲੇ ਕਿਰਤੀ ਲੋਕਾਂ ਦੀ ਮੁਕਤੀ ਪ੍ਰਤੀ ਆਪਣੀ ਪ੍ਰਤੀਬੱਧਤਾ, ਆਪਣੇ ਇਨਕਲਾਬੀ ਵਿਚਾਰਾਂ ਦੇ ਰੂਪ ਵਿੱਚ ਉਹ ਹਮੇਸ਼ਾਂ ਸਾਡੇ ਅੰਗ-ਸੰਗ ਰਹਿਣਗੇ। ਇਸ ਚੁਣੌਤੀਪੂਰਣ ਸਮੇਂ ਵਿੱਚ ਪ੍ਰੋ. ਮੇਘਰਾਜ ਜਿਹੇ ਪ੍ਰਤੀਬੱਧ, ਪੁਰਾਣੇ ਤੇ ਤਜਰਬੇਕਾਰ ਸਾਥੀ ਦਾ ਇਨਕਲਾਬੀ ਲਹਿਰ ‘ਚੋਂ ਵਿਛੋੜਾ ਇੱਕ ਵੱਡਾ ਘਾਟਾ ਹੈ।

ਪ੍ਰੋ. ਮੇਘਰਾਜ ਦਾ ਜਨਮ 13 ਅਪ੍ਰੈਲ 1938 ਨੂੰ ਨਾਭਾ ਵਿਖੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਗਰੀਬੀ ਦੀ ਮਾਰ ਝੱਲਦੇ ਹੋਏ ਪੜ੍ਹਾਈ ਕੀਤੀ, ਪਰ ਉਹ ਕਾਫੀ ਹੋਣਹਾਰ ਵਿਦਿਆਰਥੀ ਸਨ। 1954-55 ਵਿੱਚੇ ਜੇ.ਬੀ.ਟੀ. ਪਾਸ ਕਰਨ ਤੋਂ ਬਾਅਦ ਅਧਿਆਪਕ ਲੱਗੇ। 1958 ਵਿੱਚ ਵਿਆਹ ਹੋਇਆ। 1961 ਵਿੱਚ ਨੌਕਰੀ ਛੱਡ ਕੇ ਮੁੜ ਪੜ੍ਹਾਈ ਸ਼ੁਰੂ ਕੀਤੀ। ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿੱਚ ਪੜਦਿਆਂ ਬੀ.ਏ. ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਨਾਲ਼ ਜੁੜ ਗਏ। ਇਸੇ ਦੌਰਾਨ ਉਹ ਮਾਰਕਸਵਾਦ ਨਾਲ਼ ਜੁੜੇ। ਇਸ ਤੋਂ ਬਾਅਦ 1966-68 ਗੰਭੀਰ ਆਰਥਿਕ ਤੰਗੀ ਦੌਰਾਨ ਪੰਜਾਬ ਯੂਨੀਵਰਸਿਟੀ, ਚੰਡੀਗਡ ਤੋਂ ਐਮ.ਏ. ਅੰਗਰੇਜੀ ਕਰਦੇ ਹੋਏ ਵੀ ਪੀ.ਐਸ.ਯੂ. ਵਿੱਚ ਸਰਗਰਮ ਰਹੇ। ਸੰਨ 1967 ਦੇ ਨਕਸਲਬਾੜੀ ਉਭਾਰ ਦਾ ਉਹਨਾਂ ‘ਤੇ ਡੂੰਘਾ ਅਸਰ ਪਿਆ। 1968-69 ਦੌਰਾਨ ਮਾਲਵਾ ਕਾਲਜ ਰਾਮਪੁਰਾ ਫੂਲ ‘ਚ ਪ੍ਰੋਫੈਸਰ ਦੇ ਤੌਰ ‘ਤੇ ਪੜ੍ਹਾਉਂਦੇ ਹੋਏ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਮਾਰਕਸਵਾਦ ਨਾਲ਼ ਜੁੜਨ ਤੇ ਜੱਥੇਬੰਦ ਹੋਣ ਲਈ ਪ੍ਰੇਰਿਤ ਕਰਨ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਪੇਸ਼ੇਵਰ ਇਨਕਲਾਬੀ ਦੇ ਤੌਰ ‘ਤੇ ਕੰਮ ਕਰਨ ਲੱਗੇ। ਲੰਮਾ ਸਮਾਂ ਉਹਨਾਂ ਇਸੇ ਰੂਪ ਵਿੱਚ ਕੰਮ ਕੀਤਾ। ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਵਾਲ਼ੀ ਕਮਿਊਨਿਸਟ ਇਨਕਲਾਬੀ ਜੱਥੇਬੰਦੀ ਵਿੱਚ ਸਰਗਰਮ ਰਹੇ। ਇਨਕਲਾਬੀ ਸਰਗਰਗੀ ਦੌਰਾਨ ਉਹ ਸ਼ੁਰੂ ਵਿੱਚ (69-71) ਰੂਪੋਸ਼ ਰਹੇ। 1975-77 ਦੀ ਐਮਰਜੰਸੀ ਦੌਰਾਨ ਉਹਨਾਂ ‘ਤੇ ਪੁਲਿਸ ਥਾਣਿਆਂ ਤੇ ਅੰਮ੍ਰਿਤਸਰ ਇੰਟੈਰੋਗੇਸ਼ਨ ਸੈਂਟਰ ਵਿੱਚ ਭਾਰੀ ਤਸ਼ੱਦਦ ਢਾਹਿਆ ਗਿਆ।

ਅੱਗੇ ਚੱਲਕੇ ਗੰਭੀਰ ਮੱਤਭੇਦਾਂ ਕਾਰਨ ਕਾਮਰੇਡ ਹਰਭਜਨ ਦੀ ਅਗਵਾਈ ਵਾਲ਼ੀ ਜੱਥੇਬੰਦੀ ਵਿੱਚ ਪਈ ਫੁੱਟ ਤੋਂ ਬਾਅਦ ਨਵਾਂ ਗਰੁੱਪ ਕਾਇਮ ਕਰਨ ਵਾਲਿਆਂ ‘ਚੋਂ ਉਹ ਪ੍ਰਮੁੱਖ ਸਨ। ਬਾਅਦ ਵਿੱਚ ਇਸ ਨਵੇਂ ਗਰੁੱਪ ਨਾਲ਼ ਵੀ ਉਹਨਾਂ ਦੇ ਮੱਤਭੇਦ ਪੈਦਾ ਹੋ ਗਏ। ਇਸ ਤੋਂ ਬਾਅਦ ਉਹ ਭਾਵੇਂ ਪਹਿਲਾਂ ਵਾਂਗ ਸਰਗਰਮ ਨਾ ਰਹੇ ਪਰ ਉਹ ਸਾਰੀ ਜ਼ਿੰਦਗੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਸੇਵਾ ਕਰਦੇ ਰਹੇ। ਪ੍ਰੋ. ਮੇਘਰਾਜ ਉਹਨਾਂ ਵਿੱਚੋਂ ਨਹੀਂ ਸਨ ਜੋ ਇਨਕਲਾਬੀ ਲਹਿਰ ਤੋਂ ਕਿਨਾਰਾ ਕਰਕੇ ਇਸ ਲਹਿਰ ਦੇ ਵਿਰੋਧ ਵਿੱਚ ਖੜੇ ਹੋ ਗਏ, ਸੋਧਵਾਦੀ ਜਾਂ ਇੱਥੋਂ ਤੱਕ ਕਿ ਹੋਰ ਹਾਕਮ ਜਮਾਤ ਪਾਰਟੀਆਂ/ਜੱਥੇਬੰਦੀਆਂ ‘ਚ ਸ਼ਾਮਲ ਹੋਏ। ਉਹਨਾਂ ਦਾ ਕਦੇ ਵੀ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ (ਜਾਂ ਮਾਓਵਾਦ) ਵਿੱਚ ਵਿਸ਼ਵਾਸ਼ ਨਹੀਂ ਡੋਲਿਆ। ਉਹ ਆਪਣੇ ਵਿਦਿਆਰਥੀਆਂ ਤੇ ਆਪਣੇ ਘੇਰੇ ਦੇ ਹੋਰ ਲੋਕਾਂ ਨੂੰ ਇਨਕਲਾਬੀ ਸਿਧਾਂਤ ਤੇ ਲਹਿਰ ਨਾਲ਼ ਜੁੜਨ ਲਈ ਪ੍ਰੇਰਿਤ ਕਰਦੇ ਰਹੇ। ਇਸ ਦੌਰਾਨ ਉਹ ਏ.ਆਈ.ਐੱਲ.ਆਰ.ਸੀ. ਦੀ ਆਲ ਇੰਡੀਆ ਕਾਰਜਕਾਰਨੀ ਦੇ ਮੈਂਬਰ ਅਤੇ ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ, ਪੰਜਾਬ ਦੇ ਪ੍ਰਧਾਨ ਵੀ ਰਹੇ।

ਪ੍ਰੋ. ਮੇਘਰਾਜ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਉਹ ਅੰਗਰੇਜ਼ੀ, ਪੰਜਾਬੀ, ਉਰਦੂ, ਹਿੰਦੀ, ਗਣਿਤ, ਵਿਗਿਆਨ ਜਿਹੇ ਵਿਸ਼ਿਆਂ ਉੱਪਰ ਦੀ ਡੂੰਘੀ ਪਕੜ ਰੱਖਦੇ ਸਨ। ਉਹਨਾਂ ‘ਚਮਕਦਾ ਲਾਲ ਤਾਰਾ’ ਨਾਂ ਦੇ ਚੀਨੀ ਨਾਵਲ ਦਾ ਅਨੁਵਾਦ ਕੀਤਾ ਅਤੇ ‘ਇਕ ਆਰਥਿਕ ਹਤਿਆਰੇ ਦਾ ਇਕਬਾਲੀਆ ਬਿਆਨ’ ਕਿਤਾਬ ਦੇ ਅਨੁਵਾਦ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਇਸ ਤੋਂ ਇਲਾਵਾ ਉਨ੍ਹਾਂ ਬਹੁਤ ਸਾਰੀਆਂ ਸਿਧਾਂਤਕ ਅਤੇ ਸਿਆਸੀ ਲਿਖਤਾਂ ਦੇ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਵੀ ਕੀਤੇ। ਉਹ ਇੱਕ ਚੰਗੇ ਤੇ ਤਜਰਬੇਕਾਰ ਅਧਿਆਪਕ ਸਨ। ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਉਹ ਹਮੇਸ਼ਾਂ ਤਿਆਰ ਰਹਿੰਦੇ ਸਨ।

ਮੌਜੂਦਾ ਸਮੇਂ ਵਿੱਚ ਜਦ ਕਮਿਊਨਿਸਟ ਇਨਕਲਾਬੀ ਲਹਿਰ ਗੰਭੀਰ ਚੁਣੌਤੀਆਂ ਨਾਲ਼ ਜੂਝ ਰਹੀ ਹੈ, ਜਦ ਪਹਿਲਾਂ ਤੋਂ ਹੀ ਭਿਆਨਕ ਹਾਲਤਾਂ ਦੇ ਸਾਹਮਣਾ ਕਰ ਰਹੇ ਲੋਕਾਂ ਉੱਤੇ ਹਾਕਮ ਸਮਰਾਏਦਾਰੀ-ਸਾਮਰਾਜਵਾਦ ਦਾ ਆਰਥਿਕ-ਸਿਆਸੀ-ਸਮਾਜਿਕ ਹਮਲਾ ਕਿਤੇ ਵਧੇਰੇ ਤੇਜ ਹੋ ਗਿਆ ਹੈ, ਜਦ ਫਾਸੀਵਾਦੀ ਉਭਾਰ ਨੇ ਲੋਕਾਂ ਦੇ ਦੁੱਖਾਂ-ਤਕਲੀਫਾਂ ਵਿੱਚ ਤਿੱਖਾ ਵਾਧਾ ਕਰਦੇ ਹੋਏ ਲਗਾਤਾਰ ਅੱਗੇ ਵਧ ਰਿਹਾ ਹੈ ਤਾਂ ਅਜਿਹੇ ਸਮੇਂ ਵਿੱਚ ਪ੍ਰੋ. ਮੇਘਰਾਜ ਵਰਗੇ ਪ੍ਰਤੀਬੱਧ, ਤਜਰਬੇਕਾਰ ਕਮਿਊਨਿਸਟ ਇਨਕਲਾਬੀ ਸਾਥੀ ਦਾ ਵਿੱਛੜਨਾ ਅਤਿਅੰਤ ਦੁਖਦਾਈ ਹੈ। ਪ੍ਰੋ. ਮੇਘਰਾਜ ਨੂੰ ਅਦਾਰਾ ‘ਲਲਕਾਰ’ ਵੱਲੋਂ ਲਾਲ ਸਲਾਮ! ਅਲਵਿਦਾ ਸਾਥੀ!

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements