ਅਖੌਤੀ ਰਸਮਾਂ ਦੇ ਪਰਦੇ ਹੇਠ ਔਰਤਾਂ ਨਾਲ਼ ਹੁੰਦੇ ਜਬਰ ਦੀ ਕਹਾਣੀ – ਮਾਸਿਕ ਧਰਮ ਨਾਲ਼ ਸਬੰਧਤ ਪ੍ਰਚੱਲਿਤ ਪ੍ਰੰਪਰਾਵਾਂ •ਬਲਜੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜ 21ਵੀਂ ਸਦੀ ਵਿੱਚ ਵੀ ਔਰਤਾਂ ਨੂੰ ਉਹਨਾਂ ਦੀ ਕੁਦਰਤੀ ਸਰੀਰਕ ਬਣਤਰ ਅਤੇ ਸਮਾਜ ਵਿੱਚ ਪਸਰੀ ਰੂੜੀਵਾਦੀ ਸੋਚ ਕਾਰਨ ਕਾਫੀ ਵੱਡੇ ਪੱਧਰ ‘ਤੇ ਅਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਸਰ ਔਰਤਾਂ ਦੇ ਦੱਬੂਪੁਣੇ ਪਿੱਛੇ ਇਹ ਇੱਕ ਵੱਡਾ ਕਾਰਨ ਹੈ। ਬਚਪਨ ਤੋਂ ਪਾਲਣ-ਪੋਸ਼ਣ ਦੌਰਾਨ ਉਹਨਾਂ ਨੂੰ ਮਰਦਾਂ ਤੋਂ ਨੀਵਾਂ, ਦੋਇਮ ਦਰਜੇ ਦਾ ਨਾਗਰਿਕ ਹੋਣਾ ਸਿਖਾਇਆ ਜਾਂਦਾ ਹੈ। ਦੂਸਰਾ ਵੱਡਾ ਮੋੜ ਉਹਨਾਂ ਦੀ ਜ਼ਿੰਦਗੀ ਵਿੱਚ ਮਾਸਿਕ ਧਰਮ ਸ਼ੁਰੂ ਹੋਣ ‘ਤੇ ਆਉਂਦਾ ਹੈ। ਇਸ ਸਮੇਂ ਉਹਨਾਂ ਦੇ ਦੋਇਮ ਦਰਜੇ ਦੇ ਨਾਗਰਿਕ ਹੋਣ ਦੀ ਸੋਚ ਹੋਰ ਪੱਕੀ ਕੀਤੀ ਜਾਂਦਾ ਹੈ। ਮਾਸਿਕ ਧਰਮ ਦੌਰਾਨ ਉਹਨਾਂ ਨਾਲ਼ ਵਹਿਸ਼ੀ ਤੇ ਪਸ਼ੂਗਤ ਵਿਹਾਰ ਕੀਤਾ ਜਾਂਦਾ ਹੈ। ਉਹਨਾਂ ਨੂੰ ਅਨੇਕਾਂ ਨਿਯਮਾਂ ਤੇ ਪਾਬੰਦੀਆਂ ਵਿੱਚ ਬੰਨ ਕੇ ਰੱਖਿਆ ਜਾਂਦਾ ਹੈ। ਇਸ ਸਮੇਂ ਦੌਰਾਨ ਉਹਨਾਂ ਨੂੰ ਉੱਚੀ ਬੋਲਣ, ਹੱਸਣ, ਬਾਹਰ ਆਉਣ-ਜਾਣ, ਦਿਨ ਸਮੇਂ ਸੌਣ, ਨਹਾਉਣ, ਧਾਰਮਿਕ ਰਸਮਾਂ ‘ਚ ਸ਼ਾਮਲ ਹੋਣ ਆਦਿ ਤੋਂ ਵੀ ਸਖਤੀ ਨਾਲ਼ ਰੋਕਿਆ ਜਾਂਦਾ ਹੈ। ਇੱਥੋਂ ਤੱਕ ਕਿ ਕਈ ਲੋਕ ਮੰਨਦੇ ਹਨ ਕਿ ਇਸ ਸਮੇਂ ਦੌਰਾਨ ਜੇਕਰ ਔਰਤਾਂ ਦਾ ਪਰਛਾਵਾਂ ਕਿਸੇ ਪੌਦੇ ‘ਤੇ ਪੈ ਜਾਵੇ ਤਾਂ ਉਹ ਪੌਦਾ ਸੁੱਕ ਜਾਂਦਾ ਹੈ।

ਇਸ ਸਬੰਧੀ ਰਾਜਸਥਾਨ ਦੀ ਇੱਕ ਕੁੜੀ ਨਾਲ਼ ਗੱਲਬਾਤ ਸਮੇਂ ਉਸਨੇ ਮੈਨੂੰ ਕੁੱਝ ਹੈਰਾਨ ਕਰਨ ਵਾਲ਼ੀਆਂ ਗੱਲਾਂ ਦੱਸੀਆਂ ਜਿਸ ਤੋਂ ਇਸ ਵਿਸ਼ੇ ਸਬੰਧੀ ਹੋਰ ਜਾਨਣ ਦੀ ਇੱਛਾ ਪੈਦਾ ਹੋਈ। ਉਸਨੇ ਦੱਸਿਆ ਕਿ ਉਸਦੇ ਪਰਿਵਾਰ ਵਿੱਚ ਮਾਸਿਕ ਧਰਮ ਦੌਰਾਨ ਔਰਤਾਂ ਨੂੰ ਪਰਿਵਾਰ ਦਾ ਮੈਂਬਰ ਨਹੀਂ ਸਮਝਿਆ ਜਾਂਦਾ। ਉਹ ਓਨੇ ਦਿਨ ਲਈ ਪਰਿਵਾਰ ਵਿੱਚੋਂ ਕੱਢ ਦਿੱਤੀਆਂ ਜਾਂਦੀਆਂ ਹਨ। ਘਰ ਤੋਂ ਅਲੱਗ ਅਕਸਰ ਪਿਛਲੇ ਜਾਂ ਪਸ਼ੂਆਂ ਵਾਲ਼ੇ ਪਾਸੇ ਹਨ੍ਹੇਰੇ ਕਮਰੇ ਵਿੱਚ ਰਹਿਣਾ ਪੈਂਦਾ ਹੈ। ਇਸ ਸਮੇਂ ਦੌਰਾਨ ਪਹਿਨਣ ਵਾਲ਼ੇ ਕੱਪੜੇ ਵੀ ਅਲੱਗ ਰੱਖੇ ਜਾਂਦੇ ਹਨ। ਉਹ ਮੰਜੇ ਤੇ ਬਿਸਤਰੇ ‘ਤੇ ਨਹੀਂ ਸੌਂ ਸਕਦੀਆਂ। ਘਰ ਵਿੱਚ ਵੜਨ, ਕਿਸੇ ਵਸਤੂ ਨੂੰ ਛੂਹਣ, ਨਹਾਉਣ, ਰਸੋਈ ਵਿੱਚ ਜਾਣ, ਬਾਕੀ ਪਰਿਵਾਰ ਦੇ ਮੈਂਬਰਾਂ ਦੇ ਭੋਜਨ ਨੂੰ ਹੱਥ ਲਾਉਣ ਅਤੇ ਆਪਣੇ ਪਤੀ ਨਾਲ਼ ਗੱਲਬਾਤ ਕਰਨ ਤੋਂ ਸਖਤੀ ਨਾਲ਼ ਮਨਾਹੀ ਹੁੰਦੀ ਹੈ। ਇਸ ਸਮੇਂ ਉਹ ਆਪਣਾ ਭੋਜਨ ਖੁਦ ਵੱਖਰੇ ਚੁੱਲ੍ਹੇ ‘ਤੇ ਵੱਖਰੇ ਬਰਤਨਾਂ ਵਿੱਚ ਤਿਆਰ ਕਰਦੀਆਂ ਹਨ। ਪੰਜਵੇਂ ਜਾਂ ਸੱਤਵੇਂ ਦਿਨ ਮਾਸਿਕ ਚੱਕਰ ਖਤਮ ਹੋਣ ‘ਤੇ ਸ਼ੁੱਧੀਕਰਨ ਦੀ ਇੱਕ ਰਸਮ ਤੋਂ ਬਾਅਦ ਉਹਨਾਂ ਨੂੰ ਮੁੜ ਪਰਿਵਾਰ ਦੇ ਮੈਂਬਰ ਵਜੋਂ ਘਰ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਇਹ ਹਰ ਮਹੀਨੇ ਹੁੰਦਾ ਹੈ। ਇਸ ਸਮੇਂ ਬਾਰੇ ਸੁਣਨ ਤੋਂ ਬਾਅਦ ਪੰਜਾਬ ਦੀਆਂ ਔਰਤਾਂ ਨਾਲ਼ ਗੱਲਬਾਤ ਕੀਤੀ। ਪੰਜਾਬ ਵਿੱਚ ਇਹ ਸਮੱਸਿਆ ਇੰਨੇ ਵੱਡੇ ਪੱਧਰ ‘ਤੇ ਨਹੀਂ ਜਾਪਦੀ, ਪਰ ਪਿੰਡਾਂ ਵਿੱਚ ਗੱਲਬਾਤ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਦਿਨਾਂ ਵਿੱਚ ਔਰਤਾਂ ਦੇ ਖਾਣ-ਪੀਣ ‘ਤੇ ਕਈ ਸਖਤ ਹਦਾਇਤਾਂ ਲਗਾਈਆਂ ਜਾਂਦੀਆਂ ਹਨ। ਉਹ ਦੁੱਧ, ਮੇਵੇ, ਦਹੀਂ ਅਤੇ ਹੋਰ ਤਾਕਤ ਵਾਲ਼ੀਆਂ ਵਸਤਾਂ ਨਹੀਂ ਖਾ-ਪੀ ਸਕਦੀਆਂ ਅਤੇ ਅਲੂਣਾ ਤੇ ਫਿੱਕਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਦੌਰਾਨ ਉਹ ਧਾਰਮਿਕ ਰਸਮਾਂ, ਸਥਾਨਾਂ ਆਦਿ ਵਿੱਚ ਨਹੀਂ ਜਾ ਸਕਦੀਆਂ। ਕਿਸੇ ਨੂੰ ਲੱਗ ਸਕਦਾ ਹੈ ਕਿ ਇਹ ਕਾਫੀ ਵਧਾ-ਚੜਾ ਕੇ ਕੀਤੀ ਗੱਲ ਹੈ, ਅੱਜ ਦੇ ਸਮੇਂ ਵਿੱਚ ਇਹ ਸੰਭਵ ਨਹੀਂ। ਪਰ ਅਜਿਹਾ ਬਿਲਕੁਲ ਨਹੀਂ ਹੈ, ਅੱਜ ਵੀ ਪੱਛੜੇ ਇਲਾਕਿਆਂ ਤੇ ਖਾਸਕਰ ਸਾਂਝੇ ਪਰਿਵਾਰਾਂ ਵਿੱਚ ਇਹ ਪ੍ਰਥਾਵਾਂ ਬਹੁਤ ਗੰਭੀਰ ਰੂਪ ਵਿੱਚ ਮੌਜੂਦ ਹਨ। ਭਾਰਤ ਦੇ ਕੁੱਝ ਹਿੱਸਿਆਂ ਤੇ ਨੇਪਾਲ ਵਿੱਚ ਇਹ ਰਸਮਾਂ ਬਹੁਤ ਸਖਤੀ ਨਾਲ਼ ਲਾਗੂ ਕੀਤੀਆਂ ਜਾਂਦੀਆਂ ਹਨ। ਨੇਪਾਲ ਦੇ ਅੱਛਮ ਜ਼ਿਲ੍ਹੇ ਦੇ ਇੱਕ ਸਰਵੇਖਣ ਦੌਰਾਨ ਲਗਭਗ 85 ਫੀਸਦੀ ਔਰਤਾਂ ਨੇ ਮੰਨਿਆਂ ਕਿ ਉਹ ਮਾਸਿਕ ਧਰਮ ਦੌਰਾਨ ਲਾਗੂ ਕੀਤੀ ਗਈ ‘ਚਉਪਦੀ’ ਨਾਮ ਦੀ ਰਸਮ ਨੂੰ ਅੱਜ ਵੀ ਮੰਨਦੀਆਂ ਹਨ। ਇਸ ਰਸਮ ਅਨੁਸਾਰ ਮਾਸਿਕ ਧਰਮ ਦੌਰਾਨ ਔਰਤਾਂ ਦੇ ਰਹਿਣ ਲਈ ਪਸ਼ੂਆਂ ਵਾਲ਼ੇ ਪਾਸੇ, ਆਮ ਰਿਹਾਇਸ਼ੀ ਖੇਤਰ ਤੋਂ 10-15 ਮੀਟਰ ਦੀ ਦੂਰੀ ‘ਤੇ ਇੱਕ ਝੌਂਪੜੀ ਬਣਾਈ ਜਾਂਦੀ ਹੈ। ਮਾਸਿਕ ਧਰਮ ਦੌਰਾਨ ਉਹ ਉੱਥੇ ਰਹਿੰਦੀਆਂ ਹਨ ਤੇ ਇਸ ਸਮੇਂ ਉਹਨਾਂ ਨੂੰ ਘਰ ਦੇ ਕਿਸੇ ਵੀ ਕੰਮ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੁੰਦੀ। ਉਹ ਪਸ਼ੂਆਂ ਲਈ ਚਾਰਾ ਢੋਣ ਤੇ ਉਹਨਾਂ ਦੀ ਸਾਂਭ-ਸੰਭਾਲ਼ ਦਾ ਕੰਮ ਕਰਦੀਆਂ ਹਨ। ਇਸ ਸਮੇਂ ਦੌਰਾਨ ਉਹ ਆਪਣੇ ਬੱਚਿਆਂ ਨੂੰ ਵੀ ਨਾਲ਼ ਰੱਖ ਸਕਦੀਆਂ ਹਨ। ਨੇਪਾਲ ਦੀ ਸੁਪਰੀਮ ਕੋਰਟ ਨੇ ਸਾਲ 2005 ਵਿੱਚ ਵਿੱਚ ‘ਚਉਪਦੀ’ ਪ੍ਰਥਾ ਉੱਪਰ ਸਖਤੀ ਨਾਲ਼ ਪਾਬੰਦੀ ਲਾਈ ਸੀ, ਪਰ ਇਸਦੇ ਬਾਵਜੂਦ ਵੀ ਇਹ ਹਾਲੇ ਤੱਕ ਜਾਰੀ ਹੈ। ਯੂਨਾਈਟਡ ਨੇਸ਼ਨਜ਼ ਪਾਪੂਲੇਸ਼ਨ ਫੰਡ, 2008 ਦੁਆਰਾ ਇਸ ਰਸਮ ‘ਤੇ ਅਧਾਰਤ ਇੱਕ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਇੱਕ ਔਰਤ ਦੀ ਕਹਾਣੀ ਵਿਖਾਈ ਜਾਂਦੀ ਹੈ ਜੋ ‘ਚਉਪਦੀ’ ਨੂੰ ਮੰਨਣਾ ਪਸੰਦ ਨਹੀਂ ਕਰਦੀ ਪਰ ਜਬਰਨ ਉਸਨੂੰ ਇਹ ਰਸਮ ਮੰਨਣੀ ਪੈਂਦੀ ਹੈ। ਇਸ ਰਸਮ ਦੌਰਾਨ ਰਿਹਾਇਸ਼ ਘਰ ਤੋਂ ਦੂਰ ਹੋਣ ਕਾਰਨ ਔਰਤਾਂ ਨਾਲ਼ ਬਹੁਤ ਵਾਰ ਬਲਾਤਕਾਰ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਸੈਂਕੜੇ ਮਾਮਲਿਆਂ ਵਿੱਚ ਔਰਤਾਂ ਦੀ ਠੰਡ ਜਾਂ ਸੱਪ ਦੇ ਡੰਗਣ ਕਾਰਨ ਮੌਤ ਵੀ ਹੁੰਦੀ ਹੈ। ਮੀਂਹ ਦੌਰਾਨ ਉਹਨਾਂ ਲਈ ਕੋਈ ਵਿਸ਼ੇਸ਼ ਸਹੂਲਤ ਨਹੀਂ ਹੁੰਦੀ। ਹਰ ਤਰ੍ਹਾਂ ਦੇ ਮੌਸਮ ਵਿੱਚ ਉਹਨਾਂ ਨੂੰ ਇਹ ਰਸਮ ਨਿਭਾਉਣੀ ਹੀ ਪੈਂਦੀ ਹੈ। ਮਾਸਿਕ ਧਰਮ ਦੌਰਾਨ ਜਦੋਂ ਔਰਤਾਂ ਸਰੀਰਕ ਤੌਰ ‘ਤੇ ਕਾਫੀ ਕਮਜ਼ੋਰ ਮਹਿਸੂਸ ਕਰਦੀਆਂ ਹਨ ਉਦੋਂ ‘ਚਉਪਦੀ’ ਜਿਹੀਆਂ ਰਸਮਾਂ ਵਿੱਚ ਭਾਰ ਢੋਣ, ਘੱਟ ਪੌਸ਼ਟਿਕ ਖਾਣਾ ਮਿਲਣਾ, ਡਰ ਤੇ ਸਹਿਮ ਦਾ ਮਹੌਲ ਰਹਿਣਾ, ਪਸ਼ੂਗਤ ਵਿਹਾਰ ਸਹਿਣਾ ਆਦਿ ਉਹਨਾਂ ਨੂੰ ਹੋਰ ਵੀ ਨੀਵਾਂ ਤੇ ਹੀਣਾ ਮਹਿਸੂਸ ਕਰਵਾਉਂਦੀਆਂ ਹਨ।

ਨਾ ਸਿਰਫ ਨੇਪਾਲ ਸਗੋਂ ਭਾਰਤ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਇਹ ਪ੍ਰਥਾਵਾਂ ਅਲੱਗ-ਅਲੱਗ ਰੂਪਾਂ ‘ਚ ਦੇਖਣ ਨੂੰ ਮਿਲ਼ਦੀਆਂ ਹਨ। ਅਸਾਮ ਦੇ ਇੱਕ ਕਬਾਇਲੀ ਇਲਾਕੇ ਬੋਡੋਲੈਂਡ ਵਿੱਚ ਇੱਕ ਸਰਵੇਖਣ ਕੀਤਾ ਗਿਆ। ਇੱਥੇ ਲੜਕੀ ਦੇ ਔਰਤ ਬਣਨ ‘ਤੇ ਪਹਿਲੀ ਵਾਰ ਮਾਸਿਕ ਧਰਮ ਆਉਣ ਦੀ ਰਸਮ ਕਾਫੀ ਵੱਡੇ ਪੱਧਰ ‘ਤੇ ਮਨਾਈ ਜਾਂਦੀ ਹੈ। ਇਸ ਸਮੇਂ ਲੜਕੀ ਦੇ ਦੋਸਤ ਤੇ ਰਿਸ਼ਤੇਦਾਰ ਤੋਹਫੇ ਦਿੰਦੇ ਹਨ ਤੇ ਉਸਨੂੰ ਔਰਤ ਬਣਨ ‘ਤੇ ਮਾਸਿਕ ਧਰਮ ਦੌਰਾਨ ਆਉਣ ਵਾਲ਼ੀ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਨਿਯਮ ਤੇ ਰਸਮ-ਰਿਵਾਜ ਦੱਸੇ ਜਾਂਦੇ ਹਨ। ਇੱਥੇ ਇੱਕ ਲੜਕੀ ਦੇ ਔਰਤ ਬਣਨ ਦੀ ਰਸਮ ‘ਤੇ ਇੱਕ ਇੰਟਰਵਿਊ ਲਈ ਗਈ ਜਿਸ ਵਿੱਚ ਉਸਨੇ ਦੱਸਿਆ ਕਿ ਉਹ ਮਾਸਿਕ ਧਰਮ ਦੌਰਾਨ ਸੂਰਜ ਨੂੰ ਨਹੀਂ ਦੇਖ ਸਕਦੀ, ਘਰੋਂ ਬਾਹਰ ਨਹੀਂ ਜਾ ਸਕਦੀ, ਕਿਸੇ ਮਰਦ ਨੂੰ ਨਹੀਂ ਵੇਖ ਸਕਦੀ ਤੇ ਨਾ ਖੁਦ ਕਿਸੇ ਮਰਦ ਅੱਗੇ ਆ ਸਕਦੀ ਹੈ। ਉਹ ਆਪਣਾ ਖਾਣਾ ਆਪ ਬਣਾਏਗੀ ਤੇ ਪਰਿਵਾਰ ਤੋਂ ਅਲੱਗ ਰਹੇਗੀ। ਮਾਸਿਕ ਚੱਕਰ ਖਤਮ ਹੋਣ ‘ਤੇ ਉਸ ਨਾਲ਼ ਇੱਕ ਰਸਮ ਕੀਤੀ ਜਾਵੇਗੀ ਜਿਸਨੂੰ ‘ਛੋਟਾ ਵਿਆਹ’ ਕਿਹਾ ਜਾਂਦਾ ਹੈ। ਇਸ ਰਸਮ ਵਿੱਚ ਉਸਦਾ ਕੇਲੇ ਦੇ ਪੌਦੇ ਨਾਲ਼ ਵਿਆਹ ਕੀਤਾ ਜਾਵੇਗਾ ਅਤੇ ਸੂਰਜ ਦੀ ਪੂਜਾ ਕੀਤੀ ਜਾਵੇਗੀ। ਇਸ ਪ੍ਰਥਾ ਵਿੱਚ ਸਿਰਫ ਔਰਤਾਂ ਸ਼ਾਮਲ ਹੋਣਗੀਆਂ ਅਤੇ ਇਸ ਤੋਂ ਬਾਅਦ ਉਹ ਅਗਲੇ ਮਾਸਿਕ ਚੱਕਰ ਤੱਕ ਪਰਿਵਾਰ ਵਿੱਚ ਰਹਿ ਸਕੇਗੀ।

ਇਹ ਰਸਮਾਂ ਤੇ ਪ੍ਰਥਾਵਾਂ ਵੱਡੇ ਸ਼ਹਿਰਾਂ ਵਿੱਚ ਮੁਕਾਬਲਤਨ ਘੱਟ ਗੰਭੀਰ ਰੂਪ ਵਿੱਚ ਹਨ, ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ। ਧਾਰਮਿਕ ਸਥਾਨਾਂ ਸਬੰਧੀ ਬਣਾਏ ਨਿਯਮਾਂ ਵਿੱਚ ਔਰਤਾਂ ਦੇ ਇਹਨਾਂ ਦਿਨਾਂ ਵਿੱਚ ਉੱਥੇ ਜਾਣ ਦੀ ਸਖਤੀ ਨਾਲ਼ ਮਨਾਹੀ ਕੀਤੀ ਜਾਂਦੀ ਹੈ। ਲਗਭਗ ਸਾਰੇ ਧਰਮਾਂ ਵਿੱਚ ਹੀ ਔਰਤਾਂ ਨੂੰ ਇਸ ਸਮੇਂ ਦੌਰਾਨ ਅਪਵਿੱਤਰ ਮੰਨਿਆ ਜਾਂਦਾ ਹੈ ਅਤੇ ਕਈ ਕਿਸਮ ਦੀਆਂ ਰਸਮਾਂ ਦੇ ਪਰਦੇ ਹੇਠ ਉਹਨਾਂ ਨਾਲ਼ ਘਿਨਾਉਣਾ ਸਲੂਕ ਕੀਤਾ ਜਾਂਦਾ ਹੈ। ਉਹਨਾਂ ਨਾਲ਼ ਵਿਅੰਗਮਈ ਤਰੀਕੇ ਨਾਲ਼ ਜਾਂ ਧਰਮ ਦੇ ਹਵਾਲੇ ਦੇ ਕੇ ਨੀਵਾਂ ਵਰਤਾਓ ਕੀਤਾ ਜਾਂਦਾ ਹੈ।

20 ਤੋਂ 25 ਸਾਲ ਦੀਆਂ ਕਾਲਜ ਦੀਆਂ ਲੜਕੀਆਂ ਵਿੱਚ ਕੀਤੇ ਗਏ ਇੱਕ ਸਰਵੇਖਣ ਅਨੁਸਾਰ 36 ਫੀਸਦੀ ਲੜਕੀਆਂ ਦਾ ਕਹਿਣਾ ਸੀ ਕਿ ਇਹ ਰਸਮਾਂ ਸਹੀ ਹਨ ਤੇ ਉਹ ਇਹਨਾਂ ਦਿਨਾਂ ਦੌਰਾਨ ਧਾਰਮਿਕ ਸਥਾਨ ‘ਤੇ ਨਹੀਂ ਜਾਂਦੀਆਂ ਤੇ ਨਾ ਹੀ ਪ੍ਰਾਰਥਨਾ ਕਰਦੀਆਂ ਹਨ। ਇਹਨਾਂ ਵਿੱਚੋਂ 4 ਫੀਸਦੀ ਤਾਂ ਇਹ ਮੰਨਦੀਆਂ ਸਨ ਕਿ ਇਹਨਾਂ ਦਿਨਾਂ ਦੌਰਾਨ ਭੁੱਲ-ਭੁਲੇਖੇ ਕੀਤੀ ਗਈ ਪ੍ਰਾਰਥਨਾ ਕਾਰਨ ਉਹ ਆਤਮ-ਗਿਲਾਨੀ ਮਹਿਸੂਸ ਕਰਦੀਆਂ ਹਨ ਕਿਉਂਕਿ ਉਹਨਾਂ ਨੇ ਅਪਵਿੱਤਰ ਹੋਣ ਸਮੇਂ ਪ੍ਰਾਰਥਨਾ ਕੀਤੀ। 18 ਫੀਸਦੀ ਲੜਕੀਆਂ ਦਾ ਕਹਿਣਾ ਸੀ ਕਿ ਉਹ ਇਹਨਾਂ ਰਸਮਾਂ ਰਿਵਾਜਾਂ ਨੂੰ ਸਹੀ ਨਹੀਂ ਮੰਨਦੀਆਂ, ਪਰ ਇਹਨਾਂ ਨੂੰ ਲਾਗੂ ਕਰਨ ਲਈ ਮਜ਼ਬੂਰ ਹਨ। ਇਹਨਾਂ ਵਿੱਚੋਂ 46 ਫੀਸਦੀ ਲੜਕੀਆਂ ਦਾ ਕਹਿਣਾ ਸੀ ਕਿ ਉਹ ਅਪਵਿੱਤਰ ਹੋਣ ਵਾਲ਼ੀ ਗੱਲ ਨੂੰ ਨਹੀਂ ਮੰਨਦੀਆਂ ਤੇ ਇਸ ਸਮੇਂ ਦੌਰਾਨ ਪ੍ਰਾਰਥਨਾ ਤੇ ਧਾਰਮਿਕ ਸਥਾਨਾਂ ਵਿੱਚ ਜਾਂਦੀਆਂ ਹਨ।

ਔਰਤਾਂ ਨਾਲ਼ ਹੁੰਦੇ ਜਬਰ ਸਬੰਧੀ ਅਲੱਗ-ਅਲੱਗ ਵਿਸ਼ਿਆਂ ‘ਤੇ ਗੱਲ ਕਰਦੇ ਸਮੇਂ ਅਜਿਹੇ ਰਿਵਾਜਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਕਿਉਂਕਿ ਅਜਿਹੇ ਟੈਬੂ ਨਾ ਸਿਰਫ ਮਾਨਸਿਕ ਤੁੱਛਤਾਵਾਂ ਸਗੋਂ ਅਨੇਕਾ ਸਰੀਰਕ ਬਿਮਾਰੀਆਂ ਫੈਲਾਉਣ ਲਈ ਵਾਤਾਵਰਨ ਸਿਰਜਦੇ ਹਨ। ਇਸ ਬਾਰੇ ਆਮ ਲੋਕਾਂ ਤੱਕ ਸਹੀ ਤੇ ਸਿਹਤਮੰਦ ਤਰੀਕੇ ਨਾਲ਼ ਜਾਣਕਾਰੀ ਨਹੀਂ ਪਹੁੰਚਦੀ ਸਗੋਂ ਉਹਨਾਂ ਤੱਕ ਜਾਂ ਤਾਂ ਅਸ਼ਲੀਲ ਤਰੀਕੇ ਨਾਲ਼ ਜਾਂ ਗਲਤ ਧਾਰਨਾਵਾਂ ‘ਤੇ ਅਧਾਰਤ ਜਾਣਕਾਰੀਆਂ ਜਾਂਦੀਆਂ ਹਨ। ਇਸ ਵਿਸ਼ੇ ਸਬੰਧੀ ਔਰਤਾਂ ਦੂਸਰੀ ਔਰਤ ਨਾਲ਼ ਵੀ ਗੱਲ ਕਰਨ ਤੋਂ ਹਿਚਕਿਚਾਹਟ ਮਹਿਸੂਸ ਕਰਦੀਆਂ ਹਨ। ਮਰਦਾਂ ਨਾਲ਼ ਇਸ ਬਾਰੇ ਗੱਲ ਕਰਨਾ ਗਲਤ ਸਮਝਿਆ ਜਾਂਦਾ ਹੈ। ਗਲਤ ਜਾਣਕਾਰੀਆਂ ਕਾਰਨ ਸਹੀ ਭੋਜਨ ਨਾ ਲੈਣਾ ਤੇ ਭਾਰੀ ਕੰਮ ਕਰਨ ਤੋਂ ਨਾ ਰੁਕਣ ਕਾਰਨ ਬਹੁਤ ਔਰਤਾਂ ਜਿਆਦਾ ਖੂਨ ਵਹਿਣ ਕਾਰਨ ਅਨੀਮੀਆ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਹੋਰ ਵੀ ਕਈ ਪ੍ਰਕਾਰ ਦੇ ਗੁਪਤ ਰੋਗਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇੱਕ ਹੋਰ ਸਰਵੇਖਣ ਲਈ ਔਰਤਾਂ ਨੂੰ ਸਵਾਲਨਾਮੇ ਦਿੱਤੇ ਗਏ, ਉਹਨਾਂ ਵਿੱਚੋਂ 70 ਫੀਸਦੀ ਔਰਤਾਂ ਇਸਨੂੰ ਭਰਕੇ ਦੇਣ ਤੋਂ ਬਚਦੀਆਂ ਰਹੀਆਂ ਸਨ ਤੇ ਉਹਨਾਂ ਵਿੱਚੋਂ 50 ਫੀਸਦੀ ਨੇ ਤਾਂ ਸਾਫ ਮਨ੍ਹਾ ਹੀ ਕਰ ਦਿੱਤਾ। ਬਾਅਦ ਵਿੱਚ ਇਸ ਸਰਵੇਖਣ ਵਿੱਚ 51 ਫੀਸਦੀ ਔਰਤਾਂ ਨੇ ਦੱਸਿਆ ਕਿ ਉਹਨਾਂ ਨੂੰ ਮਾਸਿਕ ਧਰਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਮਾਂ ਦੁਆਰਾ ਇਸ ਬਾਰੇ ਦੱਸਿਆ ਗਿਆ ਸੀ, ਜਦਕਿ 41 ਫੀਸਦੀ ਔਰਤਾਂ ਦਾ ਜਵਾਬ ਸੀ ਕਿ ਮਾਸਿਕ ਧਰਮ ਸ਼ੁਰੂ ਹੋਣ ਸਮੇਂ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਤੇ ਉਹ ਇਸਨੂੰ ਕੋਈ ਗੰਭੀਰ ਬਿਮਾਰੀ ਸਮਝ ਕੇ ਪ੍ਰੇਸ਼ਾਨ ਵੀ ਰਹੀਆਂ। ਇਹਨਾਂ ਵਿੱਚੋਂ 8 ਫੀਸਦੀ ਔਰਤਾਂ ਨੂੰ ਆਪਣੀਆਂ ਸਹੇਲੀਆਂ, ਸਕੂਲ ਜਾਂ ਹੋਰ ਸ੍ਰੋਤਾਂ ਰਾਹੀਂ ਜਾਣਕਾਰੀ ਮਿਲ਼ੀ ਸੀ।

ਇੱਥੋਂ ਤੱਕ ਕਿ ਪੜ੍ਹੀ-ਲਿਖੀ ਪੀੜ੍ਹੀ ਵਿੱਚ ਵੀ ਇਸ ਸਬੰਧੀ ਚਰਚਾ ਬਹੁਤ ਵਿਅੰਗਮਈ, ਅਸ਼ਲੀਲ ਤੇ ਮਜ਼ਾਕੀਆ ਰੂਪ ਵਿੱਚ ਹੁੰਦੀ ਹੈ। ਹੋਸਟਲਾਂ ਵਿੱਚ ਰਹਿਣ ਵਾਲ਼ੀਆਂ ਲੜਕੀਆਂ ਦਾ ਕਹਿਣਾ ਸੀ ਕਿ ਉਹ ਸੈਨੇਟਰੀ ਪੈਡ ਵਰਤਣ ਲਈ ਬਾਂਹ ਜਾਂ ਕੱਪੜੇ ਹੇਠਾਂ ਛੁਪਾ ਕੇ ਲਿਜਾਂਦੀਆਂ ਹਨ ਅਤੇ ਦੂਸਰੀਆਂ ਕੁੜੀਆਂ ਤੋਂ ਮੰਗਣ ਤੋਂ ਵੀ ਝਿਜਕਦੀਆਂ ਹਨ। ਸੈਨੇਟਰੀ ਪੈਡ ਖਰੀਦਣ ਸਮੇਂ ਜ਼ਿਆਦਾਤਰ ਕੁੜੀਆਂ ਤੇ ਔਰਤਾਂ ਕਾਲ਼ੇ ਲਿਫਾਫੇ ਜਾਂ ਸਮਾਨ ਵਿੱਚ ਲੁਕਾ ਕੇ ਖਰੀਦਦੀਆਂ ਹਨ ਅਤੇ ਵਰਤੋਂ ਕਰਦੀਆਂ ਹਨ।

ਇਸ ਸਬੰਧੀ ਸਾਡੇ ਸਮਾਜ ਵਿੱਚ ਪੱਛੜੀ ਮਾਨਸਿਕਤਾ ਖਤਮ ਕਰਕੇ ਸਹੀ ਤੇ ਸਿਹਤਮੰਦ ਜਾਣਕਾਰੀ ਆਮ ਲੋਕਾਂ ਤੱਕ ਲੈ ਕੇ ਜਾਣ ਦੀ ਵੱਡੇ ਪੱਧਰ ‘ਤੇ ਲੋੜ ਹੈ। ਪਰ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਇਹ ਮਨੁੱਖਤਾ ਲਈ ਨਹੀਂ ਸਗੋਂ ਮੁਨਾਫੇ ਨੂੰ ਕੇਂਦਰ ਵਿੱਚ ਰੱਖ ਕੇ ਕੰਮ ਕਰਦਾ ਹੈ। ਇਸ ਲਈ ਹੋਣ ਵਾਲ਼ੇ ਸੈਮੀਨਾਰ, ਪ੍ਰੋਗਰਾਮ ਆਦਿ ਕੇਵਲ ਸਮਾਜ ਦੇ ਉੱਪਰਲੇ ਤਬਕੇ ਤੱਕ ਸੀਮਤ ਰਹਿ ਜਾਂਦੇ ਹਨ ਤੇ ਆਮ ਲੋਕਾਂ ਨੂੰ ਗਲਤ-ਜਾਣਕਾਰੀਆਂ ਅਤੇ ਸਮਾਜ ਵਿੱਚ ਫੈਲੀਆਂ ਪਿਛਾਂਹਖਿੱਚੂ ਰਵਾਇਤਾ ਹੀ ਪਹੁੰਚਦੀਆਂ ਹਨ। ਦੂਸਰਾ ਸਿੱਖਿਆ ਪ੍ਰਬੰਧ ਵਿੱਚ ਵੀ ਇਹਨਾਂ ਵਿਸ਼ਿਆਂ ‘ਤੇ ਗੱਲਬਾਤ ਨਹੀਂ ਕੀਤੀ ਜਾਂਦੀ। ਸਕੂਲਾਂ ਦੇ ਸਿਲੇਬਸਾਂ ਵਿੱਚ ਮੌਜੂਦ ਇਸ ਵਿਸ਼ੇ ਸਬੰਧੀ ਵਿਗਿਆਨ ਦੇ ਪਾਠ ਜਾਂ ਤਾਂ ਅਧਿਆਪਕਾਂ ਦੁਆਰਾ ਛੁਡਵਾ ਦਿੱਤੇ ਜਾਂਦੇ ਹਨ ਤੇ ਜਾਂ ਖੁਦ ਪੜ੍ਹਨ ਲਈ ਆਖ ਦਿੱਤਾ ਜਾਂਦਾ ਹੈ। ਇਸ ਕਾਰਨ ਉਹ ਇੰਟਰਨੈੱਟ ਜਾਂ ਗਲਤ ਸਾਧਨਾਂ ਨਾਲ਼ ਮਿਲ਼ੀ ਜਾਣਕਾਰੀ ਦੇ ਅਧਾਰ ‘ਤੇ ਗਲਤ ਰਾਇ ਬਣਾ ਲੈਂਦੇ ਹਨ।

ਲੋੜ ਹੈ ਕਿ ਅਜਿਹੇ ਵਿਸ਼ਿਆਂ ‘ਤੇ ਲੋਕਾਂ ਤੱਕ ਸਹੀ ਜਾਣਕਾਰੀ ਵੱਡੇ ਪੱਧਰ ‘ਤੇ ਪਹੁੰਚਾਈ ਜਾਵੇ ਅਤੇ ਰੂੜੀਵਾਦੀ ਮਨੁੱਖਤਾ ਵਿਰੋਧੀ ਪ੍ਰਥਾਵਾਂ ਨੂੰ ਖਤਮ ਕੀਤਾ ਜਾਵੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements