ਅਕਾਲ ਅਤੇ ਮਹਾਂਮਾਰੀ ਦੇ ਮੂੰਹੇਂ ਧੱਕਿਆ ਜਾ ਰਿਹਾ ਯਮਨ •ਪਰਮਜੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਸਾਰ ਭਰ ਦੇ ਮੀਡੀਆ ਵਿੱਚ ਸੀਰੀਆ ਦੀ ਘਰੇਲੂ ਜੰਗ ਦੀਆਂ ਖ਼ਬਰਾਂ ਦੇ ਦਰਮਿਆਨ ਯਮਨ ਵਿੱਚ ਚੱਲ ਰਿਹਾ ਘਰੋਗੀ ਯੁੱਧ ਇੱਕ ਭੁੱਲਿਆ-ਵਿਸਰਿਆ ਵਰਤਾਰਾ ਬਣ ਗਿਆ ਹੈ। ਪਰ ਇੱਥੋਂ ਦੀ ਹਾਲਤ ਬੇਹੱਦ ਭਿਅੰਕਰ ਬਣ ਚੁੱਕੀ ਹੈ। ਯਮਨ ਦੀ ਕੁਲ 2.7 ਕਰੋੜ ਆਬਾਦੀ ਵਿੱਚੋਂ 1.7 ਕਰੋੜ ਲੋਕ ਅਜਿਹੇ ਹਨ ਜਿਹਨਾਂ ਨੂੰ ਦੋ ਵਕਤ ਦਾ ਭੋਜਨ ਮਿਲ ਸਕੇ, ਇਹ ਵੀ ਔਖਾ ਹੈ ਤੇ ਉਹਨਾਂ ਨੂੰ ਸਹਾਇਤਾ ਸਮੱਗਰੀ ਦੀ ਦਰਕਾਰ ਹੈ। ਇਹਨਾਂ ਵਿੱਚੋਂ 70 ਲੱਖ ਤਾਂ ਅਕਾਲ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ, ਜੇ ਸਮਾਂ ਰਹਿੰਦਿਆਂ ਉਹਨਾਂ ਤੱਕ ਖੁਰਾਕ ਸਮੱਗਰੀ ਪਹੁੰਚਦੀ ਨਹੀਂ ਕੀਤੀ ਗਈ ਤਾਂ ਇਹਨਾਂ 70 ਲੱਖ ਲੋਕਾਂ ਵਿੱਚੋਂ ਬਹੁਤਿਆਂ ਦੀ ਮੌਤ ਅਟੱਲ ਹੈ। ਇਸ ਸਾਲ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਈ ਹੈਜ਼ੇ ਦੀ ਮਹਾਂਮਾਰੀ ਨੇ ਇਸ ਭਿਅੰਕਰ ਸਥਿਤੀ ਨੂੰ ਹੋਰ ਭਿਅੰਕਰ ਬਣਾ ਦਿੱਤਾ ਹੈ। ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਤੱਕ, ਹੈਜ਼ੇ ਦੇ ਸ਼ਿਕਾਰ ਲੋਕਾਂ ਦੀ ਗਿਣਤੀ 3.5 ਲੱਖ ਤੱਕ ਅੱਪੜ ਚੁੱਕੀ ਹੈ ਅਤੇ 2000 ਦੇ ਕਰੀਬ ਲੋਕ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਯਮਨ ਵਿੱਚ ਜੁਲਾਈ ਮਹੀਨੇ ਵਿੱਚ ਹੀ ਮੀਂਹਾਂ ਦਾ ਮੌਸਮ ਸ਼ੁਰੂ ਹੁੰਦਾ ਹੈ ਜਿਹੜਾ ਸਤੰਬਰ ਤੱਕ ਚੱਲਦਾ ਹੈ ਜਿਸ ਕਾਰਨ ਇਹ ਬਿਮਾਰੀ ਹੋਰ ਵਧੇਰੇ ਫੈਲਣ ਦਾ ਖਤਰਾ ਹੈ। ਆਕਸਫ਼ੈਮ ਅਨੁਸਾਰ ਹੈਜ਼ੇ ਦੇ ਸ਼ਿਕਾਰ ਲੋਕਾਂ ਦੀ ਗਿਣਤੀ 6 ਲੱਖ ਤੋਂ ਟੱਪੇਗੀ, ਫ਼ਿਲਹਾਲ ਹਰ ਰੋਜ਼ 5,000 ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਬਿਮਾਰੀਆਂ ਦੇ ਇਤਿਹਾਸ ਵਿੱਚ ਇੱਕ ਪੁਰਾਣੀ ਕਹਾਵਤ ਰਹੀ ਹੈ, ਮਹਾਂਮਾਰੀਆਂ ਆਮ ਕਰਕੇ ਜੰਗਾਂ ਦੇ ਪਿੱਛੇ-ਪਿੱਛੇ ਚੱਲਦੀਆਂ ਹਨ, ਯਮਨ ਦੀ ਹਾਲਤ ਇਸ ਕਹਾਵਤ ਨੂੰ ਪੂਰੀ ਤਰਾਂ ਸਿੱਧ ਕਰਦੀ ਹੈ।

2011 ਦਾ ਵਰਾ ‘ਅਰਬ ਬਸੰਤ’ ਦਾ ਵਰਾਂ ਰਿਹਾ। ਸਮੁੱਚੇ ਅਰਬ ਜਗਤ ਵਿੱਚ ਤਾਨਾਸ਼ਾਹ ਹਕੂਮਤਾਂ ਖਿਲਾਫ਼ ਵਿਸ਼ਾਲ ਲੋਕ-ਬਗਾਵਤਾਂ ਹੋਈਆਂ ਜਿੰਨਾਂ ਨੇ ਕਈ ਤਾਨਾਸ਼ਾਹਾਂ ਨੂੰ ਧੂੜ ਚੱਟਣ ਲਈ ਮਜ਼ਬੂਰ ਕਰ ਦਿੱਤਾ ਪਰ ਕੋਈ ਇਨਕਲਾਬੀ ਬਦਲ ਨਾ ਹੋਣ ਕਰਕੇ ਲੱਗਭੱਗ ਸਾਰੇ ਦੇਸ਼ਾਂ ਵਿੱਚ ਇਹਨਾਂ ਬਗਾਵਤਾਂ ਦੇ ਗਰਭ ਵਿੱਚੋਂ ਕੋਈ ਲੋਕ-ਪੱਖੀ ਸਰਕਾਰ ਹੋਂਦ ਵਿੱਚ ਨਹੀਂ ਆਈ। ਯਮਨ ਵਿੱਚ ਵੀ ਤਾਨਾਸ਼ਾਹ ਅਲੀ ਅਬਦੁਲ ਸਾਲੇਹ ਦੇ ਖਿਲਾਫ਼ ਵਿਸ਼ਾਲ ਰੋਸ-ਵਿਖਾਵੇ ਹੋਏ ਜਿਹਨਾਂ ਕਾਰਨ ਸਾਲੇਹ ਨੂੰ ਅਸਤੀਫ਼ਾ ਦੇਣਾ ਪਿਆ। ਪਰ ਉਸਦੀ ਥਾਂ ਉੱਤੇ ਸੱਤਾ ਸੰਭਾਲਣ ਵਾਲ਼ੇ ਨਵੇਂ ਰਾਸ਼ਟਰਪਤੀ ਅਬਦੁਰਾਬੂ ਮਨਸੂਰ ਹਾਦੀ ਤੋਂ ਆਮ ਲੋਕਾਂ ਦੀਆਂ ਹਾਲਤਾਂ ਵਿੱਚ ਕਿਸੇ ਸੁਧਾਰ ਦੀਆਂ ਉਮੀਦਾਂ ਵੀ ਜਲਦ ਹੀ ਟੁੱਟ ਗਈਆਂ ਅਤੇ ਉਹ ਵੀ ਅਮਰੀਕਾ ਤੇ ਖਿੱਤੇ ਦੇ ਚੌਧਰੀ ਸਾਊਦੀ ਅਰਬ ਦਾ ਕੱਠਪੁਤਲੀ ਬਣਨ ਲੱਗਾ। ਮਨਸੂਰ ਹਾਦੀ ਦੇ ਕਾਰਜਕਾਲ ਦੌਰਾਨ ਹੀ ਅਲ-ਕਾਇਦਾ ਜਿਹੇ ਪਿਛਾਖੜੀ ਸੰਗਠਨਾਂ ਨੇ ਯਮਨ ਵਿੱਚ ਚੰਗੀ ਤਰਾਂ ਪੈਰ ਜਮਾਏ ਤੇ ਯਮਨ ਦੇ ਇੱਕ ਵੱਡੇ ਹਿੱਸੇ ਉੱਤੇ ਕਬਜ਼ਾ ਕਰ ਲਿਆ। ਇਸੇ ਅਰਾਜਕਤਾ ਦੇ ਮਾਹੌਲ ਵਿੱਚ ਉੱਤਰੀ ਯਮਨ ਵਿੱਚ ਹੌਥੀ ਲੋਕਾਂ ਨੇ ਹਥਿਆਰਬੰਦ ਵਿਦ੍ਰੋਹ ਕਰ ਦਿੱਤਾ। ਵਰਣਨਯੋਗ ਹੈ ਕਿ ਹੌਥੀ ਲੋਕ 2004 ਤੋਂ ਹੀ ਸਾਲੇਹ ਦੀ ਤਾਨਾਸ਼ਾਹੀ ਦੇ ਖਿਲਾਫ਼ ਲੜ ਰਹੇ ਸਨ, ਸਾਲੇਹ ਖਿਲਾਫ਼ ਲੋਕ-ਬਗਾਵਤ ਵਿੱਚ ਵੀ ਹੌਥੀ ਜਥੇਬੰਦੀਆਂ ਦੀ ਸਰਗਰਮ ਭੂਮਿਕਾ ਰਹੀ ਸੀ। ਮਨਸੂਰ ਹਾਦੀ ਦੇ ਕਾਰਜਕਾਲ ਵਿੱਚ ਵੱਧ ਰਹੀ ਅਰਾਜਕਤਾ ਤੇ ਅਲ-ਕਾਇਦਾ ਦੇ ਪ੍ਰਭਾਵ ਨੂੰ ਰੋਕਣ ਲਈ ਹੌਥੀ ਜਥੇਬੰਦੀ ਨੇ 2014 ਵਿੱਚ ਫ਼ੌਜੀ ਮੁਹਿੰਮ ਸ਼ੁਰੂ ਕਰ ਦਿੱਤੀ। ਹੌਥੀ ਲੋਕ ਇਸਲਾਮ ਦੇ ਸ਼ਿਆ ਫ਼ਿਰਕੇ ਨਾਲ ਸਬੰਧ ਰੱਖਦੇ ਹਨ ਤੇ ਯਮਨ ਵਿੱਚ ਘੱਟਗਿਣਤੀ ਹਨ ਪਰ ਇਸਦੇ ਬਾਵਜੂਦ ਉਹਨਾਂ ਨੂੰ ਯਮਨ ਵਿੱਚ ਵਿਆਪਕ ਹਮਾਇਤ ਮਿਲੀ। ਇਸਦੇ ਸਿੱਟੇ ਵਜੋਂ ਉਹਨਾਂ ਨੇ ਜਲਦ ਹੀ ਯਮਨ ਦੀ ਰਾਜਧਾਨੀ ਸਨਾ ਸਮੇਤ ਸਾਰੇ ਪ੍ਰਮੁੱਖ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ। ਮਨਸੂਰ ਹਾਦੀ ਵਿਦੇਸ਼ ਦੌੜ ਗਿਆ।

ਯਮਨ ਦੀ ਸੱਤਾ ਹੌਥੀ ਵਿਦਰੋਹੀਆਂ ਦੇ ਹੱਥ ਵਿੱਚ ਆਉਣ ਤੋਂ ਬਾਅਦ ਅਮਰੀਕਾ ਤੇ ਸਾਊਦੀ ਅਰਬ ਦਾ ਪ੍ਰਭਾਵ ਘਟਣਾ ਸੁਭਾਵਿਕ ਹੀ ਸੀ, ਇਸਨੂੰ ਭਾਂਪਦੇ ਹੋਏ ਅਮਰੀਕਾ ਤੇ ਸਾਊਦੀ ਅਰਬ ਨੇ ਹੌਥੀ ਵਿਦਰੋਹੀਆਂ ਨੂੰ ਇਰਾਨ ਦੀ ਹਮਾਇਤ ਹੋਣ ਦਾ ਇਲਜ਼ਾਮ ਲਾਉਂਦੇ ਹੋਏ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਇਹਨਾਂ ਦਾ ਕਹਿਣਾ ਹੈ ਕਿ ਮਨਸੂਰ ਹਾਦੀ ਹੀ ਯਮਨ ਦਾ ਅਸਲੀ ਹਾਕਮ ਹੈ ਅਤੇ ਉਸਨੂੰ ਮੁੜ ਰਾਸ਼ਟਰਪਤੀ ਵਜੋਂ ਸਥਾਪਤ ਕਰਨਾ ਹੀ ਇਨਸਾਫ਼ ਦੀ ਗੱਲ ਹੈ। ਯਮਨ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਅਮਰੀਕਾ ਤੇ ਉਸਦੇ ਜੋਟੀਦਾਰ ਪਿਛਲੇ ਦੋ ਸਾਲਾਂ ਤੋਂ ਯਮਨ ਉੱਤੇ ਲਗਾਤਾਰ ਹਵਾਈ ਹਮਲੇ ਕਰ ਰਹੇ ਹਨ ਜਿਹਨਾਂ ਵਿੱਚ 16,000 ਲੋਕ ਮਾਰੇ ਜਾ ਚੁੱਕੇ ਹਨ, 30 ਲੱਖ ਬੇਘਰ ਹੋ ਚੁੱਕੇ ਹਨ ਅਤੇ ਬਾਕੀ ਬਦਹਾਲੀ ਦੇ ਅੰਕੜੇ ਅਸੀਂ ਉੱਪਰ ਦੇ ਚੁੱਕੇ ਹਾਂ। ਮਾਰੇ ਗਏ ਲੋਕਾਂ ਵਿੱਚੋਂ ਦੋ ਤਿਹਾਈ ਤੋਂ ਵੱਧ ਆਮ ਨਾਗਰਿਕ ਹਨ ਜਿਹਨਾਂ ਨੂੰ ਅਮਰੀਕਾ ਨੇ ਇਨਸਾਫ਼ ਦੁਆਉਣਾ ਹੈ! ਆਮ ਨਾਗਰਿਕਾਂ ਦੇ ਇੰਨੀ ਵੱਡੀ ਗਿਣਤੀ ਵਿੱਚ ਮਰਨ ਦਾ ਕਾਰਨ ਜਾਣਬੁੱਝ ਕੇ ਸ਼ਹਿਰੀ ਇਲਾਕਿਆਂ, ਹਸਪਤਾਲਾਂ ਆਦਿ ਨੂੰ ਬੰਬਾਰੀ ਦਾ ਨਿਸ਼ਾਨਾ ਬਣਾਉਣਾ ਹੈ। ਹਨੇਰਾ ਹੋਣ ਤੋਂ ਬਾਅਦ ਕੋਈ ਤੁਰਦੀ-ਫਿਰਦੀ ਚੀਜ਼, ਰੋਸ਼ਨੀ ਵਾਲੀ ਜਗਾ ਅਮਰੀਕਾ ਦੇ ਅਤਿ-ਆਧੁਨਿਕ ਬੰਬਾਰਾਂ ਤੋਂ ਬਚ ਕੇ ਨਹੀਂ ਨਿਕਲ ਸਕਦੀ, ਅਤੇ ਇਹ ਪਿਛਲੇ ਦੋ ਸਾਲਾਂ ਤੋਂ ਯਮਨ ਦਾ ਰੋਜ਼ਾਨਾ ਦਾ ਯਥਾਰਥ ਹੈ।

ਹਵਾਈ ਬੰਬਾਰੀ, ਡਰੋਨ ਹਮਲੇ ਅਤੇ ਮਿਜ਼ਾਇਲਾਂ ਨੇ ਯਮਨ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ ਹੈ। ਬਿਜਲੀ, ਪਾਣੀ ਦੀ ਸਪਲਾਈ ਅਤੇ ਸੀਵਰੇਜ ਪ੍ਰਬੰਧ ਬੁਰੀ ਤਰਾਂ ਪ੍ਰਭਾਵਿਤ ਹਨ। ਰਾਜਧਾਨੀ ਸਨਾ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਕਿਉਂਕਿ ਉਹਨਾਂ ਨੂੰ ਚੁੱਕਣ ਅਤੇ ਉਸਦਾ ਨਿਪਟਾਰਾ ਕਰਨ ਲਈ ਮਸ਼ੀਨਾਂ ਤੇ ਪਲਾਂਟ ਬਿਜਲੀ ਤੇ ਤੇਲ ਦੀ ਸਪਲਾਈ ਨਾ ਹੋਣ ਕਾਰਨ ਨਕਾਰਾ ਖੜੇ ਹਨ। ਤੱਟੀ ਸ਼ਹਿਰ ਹੁਦੇਦਾਹ ਪਿਛਲੇ ਦੋ ਸਾਲਾਂ ਤੋਂ ਬਿਜਲੀ ਤੋਂ ਬਿਨਾਂ ਰਹਿ ਰਿਹਾ ਹੈ, ਪਾਣੀ ਦੀ ਸਪਲਾਈ ਠੱਪ ਹੈ। ਘਬਰਾਏ ਹੋਏ ਲੋਕ ਸ਼ਹਿਰ ਅੰਦਰ ਖੂਹ ਪੁੱਟ ਕੇ ਪਾਣੀ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਨ। ਸਾਫ਼ ਪਾਣੀ ਦੀ ਘਾਟ ਤੇ ਗੰਦਗੀ ਦੇ ਢੇਰ ਪਾਣੀ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਲਈ ਆਦਰਸ਼ ਹਾਲਤਾਂ ਪੈਦਾ ਕਰ ਰਹੇ ਹਨ। ਦੂਜੇ ਪਾਸੇ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਤੇ ਡਾਕਟਰੀ ਮਸ਼ਵਰਾ ਦੇਣ ਲਈ ਪ੍ਰਬੰਧ ਨਹੀਂ ਹਨ। ਅੱਧੇ ਤੋਂ ਵੱਧ ਹਸਪਤਾਲ ਤੇ ਹੋਰ ਸਿਹਤ ਸੇਵਾਵਾਂ ਦੇਣ ਵਾਲ਼ੀਆਂ ਸੰਸਥਾਵਾਂ ਤਬਾਹ ਹੋ ਚੁੱਕੀਆਂ ਹਨ, ਜਿਹੜੀਆਂ ਬਚੀਆਂ ਹਨ ਉਹ ਵੀ ਸਹੀ ਸਲਾਮਤ ਨਹੀਂ ਹਨ। ਦਵਾਈਆਂ ਦੀ ਭਾਰੀ ਕਿੱਲਤ ਹੈ, ਜਿਸ ਕਾਰਨ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਸਿਹਤ ਕਾਮਿਆਂ ਦੀ ਭਾਰੀ ਥੁੜ ਹੈ। ਕਿੰਨੇ ਹੀ ਸਿਹਤ ਕਾਮੇ ਅਮਰੀਕਾ ਤੇ ਸਾਊਦੀ ਅਰਬ ਵੱਲੋਂ ਹਸਪਤਾਲਾਂ ਉੱਤੇ ਕੀਤੇ ਗਏ ਹਵਾਈ ਹਮਲਿਆਂ ਵਿੱਚ ਮਾਰੇ ਜਾ ਚੁੱਕੇ ਹਨ। ਹੋਰ ਕਿੰਨੇ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਕੋਈ ਦੂਸਰਾ ਕੰਮ ਕਰਕੇ ਪਰਿਵਾਰ ਪਾਲਣ ਦੇ ਆਹਰ ਵਿੱਚ ਲੱਗ ਗਏ ਹਨ। ਭੁੱਖਮਰੀ ਦੀ ਹਾਲਤ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ, ਹੈਜ਼ੇ ਦੀ ਬਿਮਾਰੀ ਲਗਾਤਾਰ ਫੈਲ ਰਹੀ ਹੈ ਪਰ ਕੌਮਾਂਤਰੀ ਸਹਾਇਤਾ ਨੂੰ ਪੀੜਤਾਂ ਤੱਕ ਪਹੁੰਚਣ ਨਾ ਦੇਣ ਲਈ ਅਮਰੀਕਾ ਤੇ ਸਾਊਦੀ ਸਰਬ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸੰਸਾਰ ਸਿਹਤ ਸੰਗਠਨ ਹਾਲਤਾਂ ਦੇ ਹੋਰ ਵਿਗੜਨ ਅਤੇ ਕਾਬੂ ਤੋਂ ਬਾਹਰ ਹੋਣ ਦੀਆਂ ਅਪੀਲਾਂ ਜਾਰੀ ਕਰ ਰਿਹਾ ਹੈ, ਸਾਮਰਾਜੀਆਂ ਦੇ ਫੰਡ ਨਾਲ਼ ਚੱਲਣ ਵਾਲ਼ਾ ਅਤੇ ਇਹਨਾਂ ਦੇ ਹਿਤਾਂ ਨੂੰ ਅੱਗੇ ਵਧਾਉਣ ਵਾਲ਼ਾ ਇਹ “ਸਿਹਤ ਸੰਗਠਨ” ਇਸ ਤੋਂ ਵੱਧ ਕੁਝ ਕਰ ਵੀ ਨਹੀਂ ਸਕਦਾ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements