ਅਜੋਕੇ ਕਾਰਟੂਨ ਸੀਰੀਅਲਾਂ ਰਾਹੀਂ ਬੱਚਿਆਂ ਦੀਆਂ ਪੁੜਪੜੀਆਂ ਵਿੱਚ ਝੱਸਿਆ ਜਾ ਰਿਹਾ ਹਾਕਮ ਜਮਾਤ ਦੀ ਵਿਚਾਰਧਾਰਾ ਦਾ ਤੇਲ •ਕੁਲਦੀਪ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬਾਲ ਹਿਰਦਾ ਬਹੁਤ ਕੋਮਲ, ਸੰਵੇਦਨਸ਼ੀਲ ਅਤੇ ਸੂਖਮ ਹੁੰਦਾ ਹੈ ਜਿਸ ਵਿੱਚ ਝਾਕਣ ਲਈ ਬਹੁਤ ਸਮਝਦਾਰੀ ਤੇ ਸੰਵੇਦਨਸ਼ੀਲਤਾ ਦੀ ਲੋੜ ਹੁੰਦੀ ਹੈ। ਜਰਾ ਜਿੰਨਾ ਵੀ ਕਠੋਰ, ਖੁਸ਼ਕ ਤੇ ਇੱਕਪਾਸੜ ਵਿਹਾਰ ਉਸਦੇ ਕੋਮਲ ਮਨ ਨੂੰ ਵਲੂੰਧਰ ਸਕਦਾ ਹੈ। ਸੋਵੀਅਤ ਯੂਨੀਅਨ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੁਖੋਮਲਿੰਸਕੀ ਤਾਂ ਇੱਥੋਂ ਤੱਕ ਕਹਿੰਦੇ ਹਨ, “ਬਾਲ-ਮਨ ਬਾਰੇ ਸੋਚਦੇ ਹੋਏ ਮੈਨੂੰ ਗ਼ੁਲਾਬ ਦੇ ਫੁੱਲ ਦਾ ਖ਼ਿਆਲ ਆਉਂਦਾ ਹੈ, ਜਿਸਦੀਆਂ ਪੰਖੜੀਆਂ ‘ਤੇ ਤ੍ਰੇਲ ਦੀਆਂ ਬੂੰਦਾਂ ਥਰਥਰਾ ਰਹੀਆਂ ਹੋਣ। ਕਿੰਨੀ ਸਾਵਧਨੀ, ਕਿੰਨੀ ਹੁਸ਼ਿਆਰੀ ਅਤੇ ਪਿਆਰ ਨਾਲ਼ ਇਹ ਫੁੱਲ ਤੋੜਣਾ ਹੋਵੇਗਾ ਤਾਂ ਕਿ ਤ੍ਰੇਲ ਦੀ ਇਹ ਬੂੰਦ ਨਾ ਡਿੱਗ ਪਵੇ। ਸਾਨੂੰ ਅਧਿਆਪਕਾਂ ਨੂੰ ਵੀ ਹਰ ਪਲ਼, ਹਰ ਛਿਣ ਇੰਨੀ ਹੀ ਸਾਵਧਾਨੀ ਨਾਲ਼ ਕੰਮ ਕਰਨਾ ਚਾਹੀਦਾ: ਆਖ਼ਰ ਅਸੀਂ ਉਸ ਵਸਤੂ ਨੂੰ ਛੂੰਹਦੇ ਹਾਂ ਜੋ ਕੁਦਰਤ ਵਿੱਚ ਸਭ ਤੋਂ ਸੂਖਮ ਤੇ ਕੋਮਲ ਹੈ।” ਇਸ ਕਰਕੇ ਬੱਚਿਆਂ ਦੇ ਸੰਸਾਰ ਵਿੱਚ ਦਾਖਲ ਹੋਣ ਲਈ ਜਿੱਥੇ ਬਾਲ-ਮਨੋਵਿਗਿਆਨ ਦੀ ਸਮਝ, ਸੰਵੇਦਨਸ਼ੀਲਤਾ ਦਾ ਹੋਣਾ ਜਰੂਰੀ ਹੈ ਉੱਥੇ ਇੱਕ ਬਾਲ ਹਿਰਦੇ ਦਾ ਹੋਣਾ ਵੀ ਲਾਜ਼ਮੀ ਹੈ। ਪਰ ਮੁਨਾਫ਼ੇ ਦੀ ਹਵਸ ਵਿੱਚ ਅੰਨਾ ਹੋਇਆ ਅਜੋਕਾ ਮੀਡੀਆ ਬਾਲ-ਸੰਸਾਰ ਦੀ ਰੰਗੋਲੀ ਵਿੱਚੋਂ ਸਮਾਜਿਕ ਸਰੋਕਾਰ, ਸੰਵੇਦਨਸ਼ੀਲਤਾ, ਗਿਆਨ, ਵਿਗਿਆਨ, ਸਮੂਹਿਕਤਾ, ਜਮਹੂਰੀਅਤ ਆਦਿ ਮਨੁੱਖੀ ਸਰੋਕਾਰਾਂ ਨੂੰ ਕਿੱਲੀ ‘ਤੇ ਟੰਗ ਕੇ ਹਿੰਸਾ, ਸਵਾਰਥ, ਆਤਮ-ਮਗਨਤਾ, ਹਿਰਦੇਹੀਣਤਾ, ਸੰਵੇਦਨਹੀਣਤਾ ਵਰਗੇ ਤੇ ਪਸ਼ੂ ਪ੍ਰਵਿਰਤੀਆਂ ਦੇ ਰੰਗ ਭਰ ਰਿਹਾ ਹੈ।

ਭਾਵੇਂ ਕਾਰਟੂਨ ਬੱਚਿਆਂ ਨੂੰ ਮਨੋਰੰਜਨ ਰਾਹੀਂ ਸਿੱਖਿਅਤ ਕਰਨ ਦਾ ਇੱਕ ਵਧੀਆ ਤਰੀਕਾ ਹੈ ਜਿਹਨਾਂ ਵਿੱਚ ਐਨੀਮੇਟਿਡ ਕਿਰਦਾਰਾਂ ਰਾਹੀਂ ਬਾਲ ਕਲਪਨਾ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਕਾਰਟੂਨਾਂ ਵਿਚਲੀ ਅੱਤ ਦੀ ਕਾਲਪਨਿਕਤਾ, ਸਮਾਜ, ਕੁਦਰਤ, ਪਸ਼ੂਆਂ-ਪੰਛੀਆਂ ਦੇ ਦ੍ਰਿਸ਼, ਬਿੰਬ, ਸੰਗੀਤ, ਐਨੀਮੇਟਿਡ ਕਿਰਦਾਰ ਆਦਿ ਬੱਚਿਆਂ ਨੂੰ ਬਹੁਤ ਖਿੱਚਦੇ ਹਨ ਕਿਉਂਕਿ ਬੱਚੇ ਬਹੁਤ ਜ਼ਿਆਦਾ ਕਲਪਨਾਸ਼ੀਲ ਹੁੰਦੇ ਹਨ। ਕਾਰਟੂਨ ਬੱਚਿਆਂ ਦੀ ਕਾਲਪਨਿਕਤਾ ਨੂੰ ਖੰਭ ਲਾਉਣ ਦਾ ਕੰਮ ਕਰਦੇ ਹੋਏ ਬੱਚੇ ‘ਤੇ ਬਹੁਤ ਪ੍ਰਭਾਵ ਪਾਉਂਦੇ ਹਨ। ਕਾਰਟੂਨ ਕਲਾ ਬਾਲ ਕਲਪਨਾ ਨੂੰ ਵਿਕਸਿਤ ਤੇ ਪਰਪੱਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਪਰ ਇੱਥੇ ਮੁੱਖ ਸਵਾਲ ਇਹ ਹੈ ਕਿ ਅੱਜ ਬੱਚਿਆਂ ਨੂੰ ਕਾਰਟੂਨ ਕਲਾ ਪ੍ਰਦਾਨ ਕੌਣ ਕਰ ਰਿਹਾ ਹੈ ਅਤੇ ਉਸਦਾ ਇਸ ‘ਚ ਕੀ ਹਿੱਤ ਹੈ? ਅੱਜ ਦੇ ਯੁੱਗ ਵਿੱਚ ਇਹ ਕੰਮ ਸਰਮਾਏਦਾਰ ਜਮਾਤ ਕਰ ਰਹੀ ਹੈ ਜਿਸਦੀ ਹਰ ਪੈਦਾਵਾਰ ਦਾ ਉਦੇਸ਼ ਮੁਨਾਫ਼ਾ ਕਮਾਉਣਾ ਹੁੰਦਾ ਹੈ, ਉਹ ਪੈਦਾਵਾਰ ਭਾਵੇਂ ਪਦਾਰਥਕ ਹੋਵੇ ਜਾਂ ਮਾਨਸਿਕ। ਇਸ ਕਰਕੇ ਅਜੋਕੇ ਕਾਰਟੂਨ ਸੀਰੀਅਲ ਵੀ ਛੋਟ ਨਹੀਂ ਹਨ। ਕਾਰਟੂਨ ਸੀਰੀਅਲਾਂ ਦੇ ਰੂਪ ਅਤੇ ਉਹਨਾਂ ਪ੍ਰਤੀ ਬੱਚਿਆਂ ਦੇ ਲਗਾਅ ਨੂੰ ਅਜੋਕੇ ਮੀਡੀਆ ਦੇ ਵੱਡੇ ਦੈਂਤ ਮੁਨਾਫ਼ੇ ਵਧਾਉਣ ਲਈ ਅਤੇ ਮਰਨਾਊ ਸਰਮਾਏਦਾਰਾ ਜਮਾਤ ਦੀਆਂ ਗ਼ਲੀਆਂ-ਸੜੀਆਂ ਕਦਰਾਂ-ਕੀਮਤਾਂ ਨੂੰ ਬਾਲ ਮਨਾਂ ਵਿੱਚ ਘੁਸੇੜਣ ਲਈ ਵਰਤ ਰਹੇ ਹਨ। ਇਹਨਾਂ ਕਾਰਟੂਨ ਸੀਰੀਅਲਾਂ ਵਿੱਚ ਸੰਸਾਰ ਮੀਡੀਏ ਦੇ ਵੱਡੇ ਦੈਂਤਾਂ ਦਾ ਪੈਸਾ ਲੱਗਿਆ ਹੋਇਆ ਹੈ ਅਤੇ ਇਹ ਉਹਨਾਂ ਲਈ ਮੋਟੀ ਕਮਾਈ ਦਾ ਇੱਕ ਸਾਧਨ ਹਨ।

ਛੋਟੇ ਬੱਚਿਆਂ ਵਿੱਚ ਨਕਲ ਦੀ ਪ੍ਰਵਿਰਤੀ ਬਹੁਤ ਬਲਵਾਨ ਹੁੰਦੀ ਹੈ। ਉਹ ਵੱਡਿਆਂ ਦੀ ਨਕਲ ਰਾਹੀਂ ਜ਼ਿੰਦਗੀ ਦੇ ਬਹੁਤ ਸਾਰੇ ਮੁੱਢਲੇ ਸਬਕ ਸਿੱਖਦੇ ਹਨ। ਇਸ ਪ੍ਰਵਿਰਤੀ ਨੂੰ ਕਾਰਟੂਨ ਕਲਾ ਬਾਖ਼ੂਬੀ ਆਪਣੇ ਵਿਚਾਰਧਾਰਕ ਕਾਰਜ ਸਾਧਨ ਲਈ ਵਰਤਦੀ ਹੈ। ਇਹਨਾਂ ਕਾਰਟੂਨ ਸੀਰੀਅਲਾਂ ਰਾਹੀਂ ਸਰਮਾਏਦਾਰਾ ਜਮਾਤ ਆਪਣੀਆਂ ਕਦਰਾਂ-ਕੀਮਤਾਂ, ਮੁੱਲ-ਮਾਨਤਾਵਾਂ, ਬਾਲ-ਮਨਾਂ ਵਿੱਚ ਬਹੁਤ ਕੁਸ਼ਲ ਤੇ ਕਲਾਤਮਕ ਢੰਗ ਰਾਹੀਂ ਭਰਦੀ ਹੈ। ਅਜੋਕੇ ਕਾਰਟੂਨ ਸੀਰੀਅਲ ਘੋਰ-ਸਵਾਰਥ, ਹਿੰਸਾ, ਈਰਖਾ, ਛਲ-ਕਪਟ, ਮਸ਼ੀਨ-ਭਗਤੀ, ਤਕਨੀਕ ਪੂਜਾ, ਵਿਜੀਲਾਂਟੇਵਾਦ, ਸਰਮਾਏਦਾਰਾ ਸਮਾਜ ਦੀ ਅਮਰਤਾ ਆਦਿ ਜਿਹੇ ਸੰਕਲਪਾਂ ਨੂੰ ਬਹੁਤ ਕਲਾਤਮਕ ਢੰਗ ਨਾਲ਼ ਬੱਚਿਆਂ ‘ਚ ਭਰਦੇ ਹਨ। ਬਾਲ ਕਾਲਪਨਿਕਤਾ ਅਤੇ ਕਾਰਟੂਨਾਂ ਵਿਚਲੀ ਕਾਲਪਨਿਕਤਾ ਦਾ ਸਮਾਯੋਜਨ ਕਰਵਾ ਕੇ ਇਹ ਸੀਰੀਅਲ ਸਰਮਾਏਦਾਰਾ ਵਿਚਾਰਧਾਰਾ ਨੂੰ ਸੰਚਾਰਿਤ ਕਰਦੇ ਹਨ।

ਸੰਸਾਰ ਕਾਰਟੂਨ ਚੈਨਲਾਂ ‘ਤੇ ਜ਼ਿਆਦਾ ਪੈਸਾ ਵਾਲਟ ਡਿਜ਼ਨੀ, ਵਾਇਆਕੌਮ, ਟਾਇਮ ਵਾਰਨਰ ਆਦਿ ਵਰਗੀਆਂ ਵੱਡੀਆਂ ਕੰਪਨੀਆਂ ਦਾ ਲੱਗਿਆ ਹੋਇਆ ਹੈ ਪਰ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਲੋਕਲ ਲੈਵਲ ‘ਤੇ ਵੀ ਕਾਰਟੂਨ ਚੈਨਲਾਂ ‘ਤੇ ਪੈਸਾ ਲਾਉਂਦੀਆਂ ਹਨ ਜਿਵੇਂ ਭਾਰਤ ਵਿੱਚ ਰਿਲਾਇੰਸ ਵਰਗੀਆਂ ਕੰਪਨੀਆਂ ਦੀ ਉਦਾਹਰਨ ਲਈ ਜਾ ਸਕਦੀ ਹੈ। ਭਾਰਤ ਵਿੱਚ ਕਾਰਟੂਨ ਨੈੱਟਵਰਕ, ਪੋਗੋ, ਸੋਨਿਕ, ਨਿਕ, ਨਿਕਲੋਡਿਅਨ, ਨਿਕ ਜੂਨੀਅਰ, ਡਿਜ਼ਨੀ ਕਿਡਜ਼, ਹੰਗਾਮਾ, ਐਨੀਮੈਕਸ, ਜ਼ੀ ਕਿਊ, ਡਿਸਕਵਰੀ ਕਿਡਜ਼ ਆਦਿ ਵਰਗੇ ਬਹੁਤ ਸਾਰੇ ਕਾਰਟੂਨ ਚੈਨਲ ਹਨ ਜਿਹਨਾਂ ‘ਤੇ ਚੌਵੀ ਘੰਟੇ ਲਗਾਤਾਰ ਕਾਰਟੂਨ ਸੀਰੀਅਲ ਚੱਲਦੇ ਰਹਿੰਦੇ ਹਨ। ਵੈਸੇ ਤਾਂ ਭਾਰਤ ਵਿੱਚ ਬਹੁਤ ਸਾਰੇ ਕਾਰਟੂਨ ਸੀਰੀਅਲ ਅੱਜ-ਕੱਲ ਟੀ.ਵੀ. ‘ਤੇ ਚੱਲ ਰਹੇ ਹਨ ਪਰ ਅਸੀਂ ਕੁਝ ਉਹਨਾਂ ਕਾਰਟੂਨ ਸੀਰੀਅਲਾਂ ਨੂੰ ਅਧਾਰ ਬਣ ਕੇ ਆਪਣੀ ਗੱਲ ਕਰਾਂਗੇ ਜਿਹਨਾਂ ਦਾ ਚਲਣ ਅੱਜ-ਕੱਲ ਭਾਰਤੀ ਬੱਚਿਆਂ ਵਿੱਚ ਜ਼ਿਆਦਾ ਹੈ। ਇਹਨਾਂ ਵਿੱਚੋਂ ਪ੍ਰਮੁੱਖ ਹਨ: ਛੋਟਾ ਭੀਮ, ਬਾਲ ਗਣੇਸ਼, ਲਿਟਲ ਕ੍ਰਿਸ਼ਨਾ, ਡੌਰੇਮੌਨ, ਮੋਟੂ-ਪਤਲੂ, ਕਿਸਨਾ, ਸ਼ਿਵਾ, ਟੌਮ ਐਂਡ ਜੈਰੀ, ਔਗੀ ਐਂਡ ਕੌਕਰੋਚਸ, ਡੋਰਾ ਦਿ ਐਕਸਪਲੋਰਰ, ਡਿਓਗੋ, ਪਾ ਪੈਟਰੌਲ, ਪੋਕੀਮੈਨ, ਸ਼ਿਨਚੇਨ, ਬਲੇਜ਼, ਅਲਟਰਾ ਬੀ, ਲਿਟਲ ਆਇਨਸਟੀਨ, ਮਾਰਵਲ ਅਵੈਂਜਰਜ਼, ਮਾਇਟੀ ਰਾਜੂ, ਬੈਨ-ਟੈੱਨ, ਵੀਰ ਦਿ ਰੋਬੋ ਬੁਆਏ ਆਦਿ।

ਇਹਨਾਂ ਸੀਰੀਅਲਾਂ ਰਾਹੀਂ ਬੱਚਿਆਂ ਵਿੱਚ ਜੋ ਕਦਰਾਂ-ਕੀਮਤਾਂ ਸੰਚਾਰਿਤ ਕੀਤੀਆਂ ਜਾ ਰਹੀਆਂ ਹਨ ਉਹਨਾਂ ਵਿੱਚ ਮੋਟੇ ਤੌਰ ‘ਤੇ ਛੇ ਰੁਝਾਨ ਹਨ। ਭਾਵੇਂ ਇਹਨਾਂ ਤੋਂ ਬਿਨਾਂ ਵੀ ਅਜੋਕੀ ਕਾਰਟੂਨ ਕਲਾ ਬਿੰਬਾਂ, ਦ੍ਰਿਸ਼ਾਂ, ਇਸ਼ਾਰਿਆਂ ਆਦਿ ਰਾਹੀਂ ਕਈ ਤਰਾਂ ਦੇ ਸੰਦੇਸ਼ ਦਿੰਦੀ ਹੈ ਪਰ ਅਸੀਂ ਕੁਝ ਪ੍ਰਮੁੱਖ ਰੁਝਾਨਾਂ ‘ਤੇ ਗੱਲ ਕੇਂਦਰਿਤ ਕਰਾਂਗੇ ਜੋ ਅਜੋਕੇ ਕਾਰਟੂਨ ਸੀਰੀਅਲ ਪ੍ਰਚਾਰ ਰਹੇ ਹਨ। ਪਹਿਲਾ ਹੈ ਵਿਜੀਲਾਂਟੇ ਦਾ ਸੰਕਲਪ ਜੋ ਨਿੰਜਾ ਹਥੌੜੀ, ਕਿਸਨਾ, ਲਿਟਲ ਕ੍ਰਿਸ਼ਨਾ, ਛੋਟਾ ਭੀਮ, ਸ਼ਿਵਾ, ਮੋਟੂ-ਪਤਲੂ, ਮਾਰਵਲ ਅਵੈਂਜਰਜ਼, ਮਾਇਟੀ ਰਾਜੂ, ਬੈਨ ਟੈੱਨ, ਵੀਰ ਦਿ ਰੋਬੋ ਬੋਆਏ ਆਦਿ ਸੀਰੀਅਲਾਂ ‘ਚੋਂ ਸੰਚਾਰਿਤ ਹੁੰਦਾ ਹੈ। ਇਹਨਾਂ ਸੀਰੀਅਲਾਂ ਵਿੱਚ ਇੱਕ ਬੰਦਾ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦਾ ਹੈ। ਇਸਦਾ ਸੰਦੇਸ਼ ਇਹ ਜਾਂਦਾ ਹੈ ਕਿ ਲੋਕ ਤਾਂ ਬਸ ਭੀੜ ਹੁੰਦੇ ਹਨ ਨਾਇਕ ਹੀ ਸਭ ਕੁਝ ਕਰਦੇ ਹਨ। ਨਾਇਕ ਹੀ ਇਤਿਹਾਸ ਸਿਰਜਦੇ ਹਨ। ਨਿੰਜਾ ਹਥੌੜੀ ਸੀਰੀਅਲ ਵਿੱਚ ਕੈਨੇਚੀ ਨੂੰ ਜਦ ਵੀ ਕੋਈ ਸਮੱਸਿਆ ਆਉਂਦੀ ਹੈ ਹਥੌੜੀ ਹੱਲ ਕਰ ਦਿੰਦਾ ਹੈ, ਇਸੇ ਤਰਾਂ ਸ਼ਿਵਾ, ਕ੍ਰਿਸ਼ਨਾ, ਛੋਟਾ ਭੀਮ, ਮੋਟੂ-ਪਤਲੂ, ਮਾਇਟੀ ਰਾਜੂ, ਬੈਨ ਟੈੱਨ ਵਰਗੇ ਨਾਇਕ ਲੋਕਾਂ ਦੀ ਰੱਖਿਆ ਕਰਦੇ ਹਨ। ਲੋਕ ਅਜਿਹੇ ਸਿੱਥਲ-ਸਮੂਹ ਹਨ ਜੋ ਖੁਦ ਕੋਈ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਦੂਜਾ ਪਕੜਮ ਪਕੜਾਈ, ਔਗੀ ਐਂਡ ਕੌਕਰੋਚਸ, ਟੌਮ ਐਂਡ ਜੈਰੀ, ਯੌਮ, ਨਿੰਜਾ ਹਥੌੜੀ, ਡੌਰੇਮੌਨ ਆਦਿ ਸੀਰੀਅਲਾਂ ਵਿੱਚੋਂ ਇਹ ਗੱਲ ਸੰਚਾਰਿਤ ਹੁੰਦੀ ਹੈ ਕਿ ਮਨੁੱਖ ਸਮੂਹ ਵਿੱਚ ਨਹੀਂ ਰਹਿ ਸਕਦਾ। ਸਮੂਹ ‘ਚ ਰਹੋਗੇ ਤਾਂ ਹਮੇਸ਼ਾ ਲੜਦੇ ਝਗੜਦੇ ਰਹੋਗੇ। ਸਮੂਹ ਵਿੱਚ ਤੁਹਾਡੇ ਦੋਸਤ ਹੀ ਤੁਹਾਡੇ ਖ਼ਿਲਾਫ਼ ਸ਼ਾਜਿਸ਼ ਰਚਦੇ ਰਹਿੰਦੇ ਹਨ। ਇਸ ਕਰਕੇ ਉਹਨਾਂ ਤੋਂ ਬਚਣ ਲਈ ਥੋੜਾ ਛਲ-ਕਪਟ ਆਪਣੇ ਵਿੱਚ ਲਿਆਓ ਯਾਨੀ ਥੋੜਾ ਕਮੀਨੇ ਬਣੋ। ਟੌਮ ਤੇ ਜੈਰੀ ਭਾਵੇਂ ਦੋਸਤ ਹਨ ਪਰ ਹਮੇਸ਼ਾ ਲੜਦੇ ਰਹਿੰਦੇ ਹਨ, ਨਿੰਜਾ ਹਥੌੜੀ ਵਿੱਚ ਕੈਨੇਚੀ ਤੇ ਅਮਾਰਾ ਦੀ ਲੜਾਈ, ਡੌਰੇਮੌਨ ਵਿੱਚ ਨੌਬਿਤਾ ਤੇ ਜਿਆਨ ਦੀ ਈਰਖਾਲੂ ਲੜਾਈ ਰਾਹੀਂ ਇਹੀ ਸ਼ੰਦੇਸ਼ ਦਿੱਤਾ ਜਾਂਦਾ ਹੈ ਕਿ ਸਮੂਹ ‘ਚ ਇਨਸਾਨ ਹਮੇਸ਼ਾ ਈਰਖਾ ਤੇ ਸਾੜੇ ਦਾ ਸ਼ਿਕਾਰ ਰਹਿੰਦਾ ਹੈ। ਦੂਜਾ ਵਿਰੋਧੀ ਨੂੰ ਹਰ ਹਾਲ ‘ਚ ਤੁਹਾਨੂੰ ਹਰਾਉਣਾ ਚਾਹੀਦਾ ਹੈ ਭਾਵੇਂ ਉਹਦੇ ਲਈ ਕੁਝ ਵੀ ਕਰੋ। ਇੱਥੋਂ ਤੀਜਾ ਪਹਿਲੂ ਨਿਕਲਦਾ ਹੈ ਹਿੰਸਾ ਅਤੇ ਹਥਿਆਰ ਭਗਤੀ। ਵਿਰੋਧੀ ਨੂੰ ਹਰ ਹੀਲੇ ਮਾਤ ਪਾਉਣੀ ਹੈ ਨਹੀਂ ਤਾਂ ਉਹ ਤੁਹਾਨੂੰ ਹਰਾ ਦੇਵੇਗਾ। ਉਸ ਲਈ ਭਾਵੇਂ ਬੰਬ ਚਲਾਉਣਾ ਪਵੇ, ਮਿਜ਼ਾਇਲ ਦਾਗਣੀ ਪਵੇ ਜਾਂ ਧਰਤੀ ਤਬਾਹ ਹੋਵੇ ਕੋਈ ਗੱਲ ਨਹੀਂ, ਬਸ ਤੁਹਾਨੂੰ ਵਿਰੋਧੀ ਨੂੰ ਹਰਾਉਣਾ ਚਾਹੀਦਾ ਹੈ। ਔਗੀ ਐਂਡ ਕੌਕਰੋਚਸ ਸੀਰੀਅਲ ਦੀ ਇੱਕ ਕਿਸ਼ਤ ਵਿੱਚ ਕੌਕਰੋਚ ਜਦ ਔਗੀ ਨੂੰ ਬਹੁਤ ਤੰਗ ਕਰਦੇ ਹਨ ਉਹ ਬੰਦੂਕ ਲਿਆਉਂਦਾ ਹੈ, ਕੌਕਰੋਚ ਤੋਪ ਲਿਆਉਂਦੇ ਹਨ, ਫਿਰ ਉਹ ਮਿਜ਼ਾਇਲ ਦਾਗ਼ ਕੇ ਸਭ ਕੁਝ ਤਬਾਹ ਕਰ ਦਿੰਦਾ ਹੈ। ਸੁਖਮਲਿੰਸਕੀ ਨੇ ਇੱਕ ਥਾਂ ਲਿਖਿਆ ਹੈ ਕਿ ਜੇਕਰ ਮਾਂ-ਬਾਪ ਨੇ ਲੜਨਾ ਹੈ ਤਾਂ ਬੱਚੇ ਦੇ ਸੌਣ ਦਾ ਇੰਤਜ਼ਾਰ ਕਰੋ। ਯਾਨੀ ਬਾਲ-ਮਨੋਵਿਗਿਆਨ ਤਾਂ ਇੱਥੋਂ ਤੱਕ ਕਹਿੰਦਾ ਹੈ। ਪਰ ਸੀਰੀਅਲਾਂ ਵਿਚਲੇ ਇਹਨਾਂ ਲੜਾਈ ਝਗੜੇ ਵਾਲ਼ੇ ਤੇ ਹਿੰਸਕ ਦ੍ਰਿਸ਼ਾਂ ਦਾ ਕੋਮਲ ਬਾਲ-ਮਨਾਂ ‘ਤੇ ਕਿੰਨਾ ਮਾੜਾ ਅਸਰ ਪੈਂਦਾ ਹੋਵੇਗਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਦੂਜਾ ਸੰਸਾਰ ਪੱਧਰ ‘ਤੇ ਹੋ ਰਹੀ ਹਥਿਆਰਾਂ ਦੀ ਪੈਦਾਵਾਰ ਨੂੰ ਇਹ ਸੀਰੀਅਲ ਵਜਬੀਅਤ ਪ੍ਰਦਾਨ ਕਰਦੇ ਹੋਏ ਹਥਿਆਰ ਪੈਦਾਵਾਰ ਪ੍ਰਤੀ ਸਹਿਮਤੀ ਸਿਰਜਦੇ ਹਨ। ਚੌਥਾ ਤਕਨੀਕ ਅਤੇ ਮਸ਼ੀਨ ਭਗਤੀ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਡੌਰੇਮੌਨ, ਡੋਰਾ, ਪਾ ਪੈਟਰੌਲ, ਲਿਟਲ ਆਇਨਸਟੀਨ, ਅਲਟਰਾ ਬੀ, ਬੈਨ ਟੈੱਨ, ਬਲੇਜ਼, ਚੁੰਗਿੰਗਟਨ, ਹੈਂਡੀ ਮੈਨੀ ਟੂਲਜ਼ ਆਦਿ ਸੀਰੀਅਲਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਮਸ਼ੀਨਾਂ ਤੇ ਗੈਜਟਸ ਹੀ ਸਭ ਕੰਮ ਕਰ ਦਿੰਦੇ ਹਨ ਅਤੇ ਜਿਸ ਕੋਲ ਚੰਗੇ ਗੈਜਟਸ ਤੇ ਟੂਲ ਹੁੰਦੇ ਹਨ ਉਹ ਹਰ ਮੁਸੀਬਤ ‘ਚੋਂ ਅਸਾਨੀ ਨਾਲ਼ ਨਿਕਲ ਸਕਦਾ ਹੈ। ਮੁਸ਼ਕਿਲ਼ ਭਾਵੇਂ ਸਮਾਜਿਕ ਘੇਰੇ ਦੀ ਹੋਵੇ ਜਾਂ ਕੁਦਰਤੀ ਬਸ ਗੈਜਟਸ ਸਹੀ ਹੋਣਾ ਚਾਹੀਦਾ ਹੈ ਤੇ ਉਹ ਤੁਹਾਨੂੰ ਮੁਸ਼ਕਿਲ ਵਿੱਚੋਂ ਕੱਢ ਲਵੇਗਾ। ‘ਡੋਰਾ ਦੀ ਐਕਸਪਲੋਰਰ’ ਵਿੱਚ ਡੋਰਾ ਜਦ ਰਾਹ ਭੁੱਲ ਜਾਂਦੀ ਹੈ ਤਾਂ ਮਿਸਟਰ ਮੈਪ ਉਸਦੀ ਮਦਦ ਕਰਦਾ ਹੈ ਅਤੇ ਜਦ ਕੋਈ ਟੂਲ ਦੀ ਲੋੜ ਪੈਂਦੀ ਹੈ ਤਾਂ ਉਹ ਉਸਨੂੰ ਮੁਹੱਈਆ ਕਰਵਾ ਦਿੰਦਾ ਹੈ। ਡੌਰੇਮੌਨ ਤਰਾਂ-ਤਰਾਂ ਦੇ ਗੈਜਟਸ ਰਾਹੀਂ ਨੌਬਿਤਾ ਨੂੰ ਹਰ ਮੁਸ਼ਕਿਲ ਵਿੱਚੋਂ ਕੱਢ ਲੈਂਦਾ ਹੈ, ਜਦ ਵੀ ਨੌਬਿਤਾ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਡੌਰੇਮੌਨ ਨੂੰ ਕੋਈ ਚਮਤਕਾਰੀ ਗੈਜਟਸ ਕੱਢਣ ਲਈ ਕਹਿੰਦਾ ਹੈ ਅਤੇ ਡੌਰੇਮੌਨ ਉਸਨੂੰ ਗੈਜਟਸ ਦੇ ਕੇ ਉਸਦੀ ਮਦਦ ਕਰਦਾ ਹੈ। ‘ਪਾ ਪੈਟਰੌਲ’ ਸੀਰੀਅਲ ਵਿੱਚ ਪਾ ਪੈਟਰੌਲ ਦੀ ਟੀਮ ਜਿਸ ‘ਚ ਕੁੱਤੇ ਸ਼ਾਮਲ ਹਨ ਆਧੁਨਿਕ ਮਸ਼ੀਨਾਂ ਰਾਹੀਂ ਸ਼ਹਿਰ ਵਿੱਚ ਆਈ ਹਰ ਮੁਸ਼ਕਿਲ ਨੂੰ ਦੂਰ ਕਰ ਦਿੰਦੀ ਹੈ। ਬੈਨ ਟੈੱਨ ਦਾ ਨਾਇਕ ਆਪਣੀ ਚਮਤਕਾਰੀ ਘੜੀ ਰਾਹੀਂ ਸਭ ਸਮੱਸਿਆਵਾਂ ਹੱਲ ਕਰ ਦਿੰਦਾ ਹੈ। ਲਿਟਲ ਆਇਨਸਟੀਨ ਦੇ ਬਾਲ-ਨਾਇਕਾਂ ਨੂੰ ਆਪਣੇ ਜਹਾਜ਼ ਨੂੰ ਬਸ ਨਿਰਦੇਸ਼ ਦੇਣੇ ਪੈਂਦੇ ਹਨ ਤੇ ਜਹਾਜ਼ ਉਸੇ ਅਨੁਸਾਰ ਕੰਮ ਕਰਦਾ ਹੈ। ਬਲੇਜ਼ ਅਤੇ ਚੁੰਗਿੰਗਟਨ ਵਿੱਚ ਮਸ਼ੀਨਾਂ ਆਪਸ ਵਿੱਚ ਗੱਲਾਂ ਕਰਦੀਆਂ ਹਨ ਅਤੇ ਸਾਰੇ ਕੰਮ ਆਪਣੇ ਆਪ ਕਰਦੀਆਂ ਰਹਿੰਦੀਆਂ ਹਨ। ਮਸ਼ੀਨਾਂ ਅਤੇ ਓਪਰੇਟਰ ਹਨ ਪਰ ਮਜ਼ਦੂਰ ਦੀ ਕਿਤੇ ਚਰਚਾ ਨਹੀਂ। ਯਾਨੀ ਮਜ਼ਦੂਰਾਂ ਨੂੰ ਕੰਮ ‘ਤੇ ਲਾਵਾਂਗੇ ਤਾਂ ਉਹ ਤਨਖ਼ਾਹ ਮੰਗਣਗੇ, ਸਹੂਲਤਾਂ ਨਾ ਮਿਲਣ ‘ਤੇ ਉਹ ਹੜਤਾਲ ਕਰਨਗੇ। ਇਸ ਕਰਕੇ ਮਸ਼ੀਨਾਂ ਹੋਣ ਤਾਂ ਸਭ ਕੰਮ ਵਧੀਆ, ਅਜਿਹਾ ਸੰਦੇਸ਼ ਇਹ ਸੀਰੀਅਲ ਦਿੰਦੇ ਹਨ। ਜਿਸਦੇ ਕੋਲ਼ ਚੰਗੀਆਂ ਮਸ਼ੀਨਾਂ ਤੇ ਗੈਜਟਸ ਹਨ ਉਹੀ ਸਭ ਤੋਂ ਸਮਾਰਟ ਤੇ ਤਾਕਤਵਰ ਹੁੰਦਾ ਹੈ। ਪਰ ਇਹਨਾਂ ਵਿੱਚ ਸੂਈ ਤੋਂ ਲੈ ਕੇ ਜਹਾਜ਼ ਬਣਾਉਣ ਵਾਲ਼ੇ ਮਜ਼ਦੂਰ ਦਾ ਕਿਤੇ ਕੋਈ ਜ਼ਿਕਰ ਨਹੀਂ ਆਉਂਦਾ। ਇਹ ਸਾਰੇ ਸੀਰੀਅਲਾਂ ਵਿੱਚੋਂ ਕਿਰਤੀ ਜਮਾਤ ਗ਼ੈਰ-ਹਾਜ਼ਰ ਹੈ। ਕਿਰਤ – ਜਿਸਨੇ ਮਨੁੱਖ ਨੂੰ ਪਸ਼ੂ ਜੀਵਨ ਤੋਂ ਮਨੁੱਖ ਬਣਾਇਆ ਅਤੇ ਧਰਤੀ ‘ਤੇ ਸਾਰੀ ਦੌਲਤ ਨੂੰ ਸਿਰਜਿਆ ਮਸ਼ੀਨਾਂ ਸਮੇਤ ਉਹਦਾ ਇਸ਼ਾਰੇ ਮਾਤਰ ਜ਼ਿਕਰ ਵੀ ਇਹਨਾਂ ਸੀਰੀਅਲਾਂ ਵਿੱਚ ਨਹੀਂ ਆਉਂਦਾ।

ਪੰਜਵਾਂ ਸਰਮਾਏਦਾਰਾ ਸਮਾਜ ਨੂੰ ਅਮਰ-ਅਜ਼ਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਾਰੇ ਹੀ ਸੀਰੀਅਲਾਂ ਵਿੱਚ ਇੱਕ ਆਦਰਸ਼ ਸਰਮਾਏਦਾਰਾ ਸਮਾਜ ਦਿਖਾਇਆ ਜਾਂਦਾ ਹੈ, ਜਿਸ ਵਿੱਚ ਸਭ ਸ਼ਹਿਰੀ ਨਿਯਮਾਂ ਦਾ ਪਾਲਣ ਕਰਦੇ ਹੋਏ ਰਹਿੰਦੇ ਹਨ। ਸਾਰੇ ਸੁਖੀ ਜ਼ਿੰਦਗੀ ਜੀ ਰਹੇ ਹਨ। ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਪੁਲਿਸ ਤੇ ਫ਼ੌਜ ਲੋਕਾਂ ਦੀ ਮਦਦ ਕਰਦੀ ਹੈ। ਜੇਕਰ ਫਿਰ ਵੀ ਮੁਸ਼ਕਿਲ ਹੱਲ ਨਾ ਹੋਵੇ ਤਾਂ ਵਿਜੀਲਾਂਟੇ ਆਪਣੇ ਬੇਹਤਰ ਗੈਜਟਸ ਰਾਹੀਂ ਆ ਜਾਂਦੇ ਹਨ ਤੇ ਮੁਸ਼ਕਿਲ ਹੱਲ ਕਰ ਦਿੰਦੇ ਹਨ। ਇਹਨਾਂ ਰਾਹੀਂ ਦਿਖਾਇਆ ਜਾਂਦਾ ਹੈ ਕਿ ਭਾਵੇਂ ਸਰਮਾਏਦਾਰਾ ਸਮਾਜ ਵਿੱਚ ਕੁਝ ਦਿੱਕਤਾਂ ਹਨ ਪਰ ਉਸ ਤੋਂ ਚੰਗਾ ਹੋਰ ਕੋਈ ਸਮਾਜ ਹੋ ਨਹੀਂ ਸਕਦਾ। ਇਹਨਾਂ ਸੀਰੀਅਲਾਂ ਵਿੱਚ ਸਭ ਤੋਂ ਵੱਡੀ ਦਿੱਕਤ ਜੋ ਦਿਖਾਈ ਜਾਂਦੀ ਹੈ ਉਹ ਇਹ ਕਿ ਸ਼ਹਿਰ ਘੁੱਗ ਵਸਦਾ ਹੈ ਪਰ ਚੋਰੀਆਂ ਕਰਨ ਵਾਲ਼ੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਯਾਨੀ ਚੋਰੀ ਉਹ ਕਰੂ ਜਿਸ ਕੋਲ਼ ਖਾਣ ਨੂੰ ਕੁਝ ਨਹੀਂ ਹੋਵੇਗਾ। ਚੋਰਾਂ ਦਾ ਰੰਗ ਕਾਲ਼ਾ ਦਿਖਾਇਆ ਜਾਂਦਾ ਹੈ ਪਰ ਸ਼ਿਵਾ, ਕਿਸਨਾ, ਛੋਟਾ ਭੀਮ ਵਰਗੇ ਨਾਇਕ ਗੋਰੇ ਰੰਗ ਦੇ ਹੁੰਦੇ ਹਨ। ਕਾਲ਼ੇ ਕਿਉਂਕਿ ਮਿਹਨਤ-ਮੁਸ਼ੱਕਤ ਕਰਨ ਵਾਲ਼ੇ ਲੋਕ ਹੁੰਦੇ ਹਨ, ਇਸ ਕਰਕੇ ਉਹਨਾਂ ਪ੍ਰਤੀ ਬੱਚਿਆਂ ਵਿੱਚ ਕਰਹਿਤ ਦੇ ਭਾਵ ਪੈਦਾ ਕਰਕੇ ਗੋਰੇ ਲੋਕਾਂ ਪ੍ਰਤੀ ਆਦਰ ਦੇ ਭਾਵ ਜਗਾਏ ਜਾਂਦੇ ਹਨ, ਕਿਉਂਕਿ ਗੋਰੇ ਪਿਲਪਿਲੇ ਢਿੱਡਾਂ ਵਾਲ਼ੇ ਹਨ। ਕਲਾ ਦਾ ਇਹ ਪੀਸ ਜਿੱਥੇ ਹਾਕਮ ਜਮਾਤਾਂ ਪ੍ਰਤੀ ਸ਼ਰਧਾ ਦਾ ਨਜ਼ਰੀਆ ਪ੍ਰਚਾਰਦਾ ਹੈ ਉੱਥੇ ਇਹ ਨਸਲੀ ਮਾਨਸਿਕਤਾ ਨੂੰ ਉਗਾਸਾ ਦੇਣ ਦੇ ਕੁਸ਼ਲ ਯਤਨ ਵੀ ਕਰਦਾ ਹੈ।

ਛੇਵਾਂ ਰੁਝਾਨ ਜੋ ਅੱਜ-ਕੱਲ ਭਾਰਤੀ ਕਾਰਟੂਨ ਸੀਰੀਅਲਾਂ ਵਿੱਚ ਵੱਧ ਰਿਹਾ ਹੈ ਉਹ ਪੁਰਾਤਨ ਭਾਰਤੀ ਸੱਭਿਆਚਾਰਕ ਗੌਰਵ ਦਾ ਗੁਣਗਾਨ ਹੈ। ਛੋਟਾ ਭੀਮ, ਕਿਸਨਾ, ਲਿਟਲ ਕ੍ਰਿਸ਼ਨਾ, ਬਾਲ ਗਣੇਸ਼, ਰਿਟਨਜ਼ ਆਫ਼ ਹਨੂੰਮਾਨ ਆਦਿ ਸੀਰੀਅਲਾਂ ਰਾਹੀਂ ਹਿੰਦੂ ਮਿੱਥਕ ਕਿਰਦਾਰਾਂ ਨੂੰ ਅਧਾਰ ਬਣਾ ਕੇ ਜਿੱਥੇ ਪੁਰਾਤਨ ਹਿੰਦੂ ਸੱਭਿਆਚਾਰ ਦਾ ਗੁਣਗਾਨ ਕੀਤਾ ਜਾਂਦਾ ਹੈ ਉੱਥੇ ‘ਪੁਰਾਤਨ ਭਾਰਤ ਹਿੰਦੂ ਦੇਸ਼ ਸੀ’ ਦੇ ਝੂਠੇ ਸਟਾਮ ‘ਤੇ ਕਲਾਤਮਕ ਮੋਹਰ ਲਾਈ ਜਾਂਦੀ ਹੈ। ਯਾਨੀ ਵਿਜੀਲਾਂਟੇ ਦੇ ਸੰਕਲਪ ਦਾ ਹਿੰਦੂ ਮਿੱਥਕੀਕਰਨ ਕੀਤਾ ਜਾ ਰਿਹਾ ਹੈ। ਇਹਨਾਂ ਸੀਰੀਅਲਾਂ ਵਿੱਚ ਕ੍ਰਿਸ਼ਨ, ਕਿਸਨਾ, ਭੀਮ ਆਦਿ ਲੋਕਾਂ ‘ਤੇ ਆਈ ਹਰ ਮੁਸ਼ਕਿਲ ਦਾ ਹੱਲ ਕਰ ਦਿੰਦੇ ਹਨ। ਰਿਟਰਨਜ਼ ਆਫ਼ ਹਨੂੰਮਾਨ ਵਿੱਚ ਤਾਂ ਹਨੂਮਾਨ ਦੀ ਵਰਦੀ ਵੀ ਸੰਘੀ ਖਾਕੀ ਨਿੱਕਰ ਵਾਲ਼ੀ ਪਵਾਈ ਹੋਈ ਹੈ। ਕਿਸਨਾ, ਮੋਟੂ-ਪਤਲੂ, ਛੋਟਾ ਭੀਮ ਆਦਿ ਇਹਨਾਂ ਸੀਰੀਅਲਾਂ ਦੀਆਂ ਬਹੁਤ ਸਾਰੀਆਂ ਕਿਸ਼ਤਾਂ ਵਿੱਚ ਰਾਜਿਆਂ ਦੀ ਮਦਦ ਕਰਦੇ ਹਨ, ਰਾਜੇ ਉਹਨਾਂ ਨੂੰ ਇਨਾਮ ਦਿੰਦੇ ਹਨ। ਯਾਨੀ ਹਾਕਮਾਂ ਪ੍ਰਤੀ ਭਗਤੀ-ਭਾਵ ਦਾ ਨਜ਼ਰੀਆ।

ਇਸ ਤਰਾਂ ਇਹ ਸੀਰੀਅਲ ਛੋਟੇ ਬੱਚਿਆਂ ਨੂੰ ਹਾਕਮ ਜਮਾਤ ਦੇ ਨਜ਼ਰੀਏ ਅਨੁਸਾਰ ਚੀਜਾਂ ਨੂੰ ਦੇਖਣ ਦੀ ਆਦਤ ਪਾਉਂਦੇ ਹਨ। ਨਾਇਕ ਇਤਿਹਾਸ ਸਿਰਜਦੇ ਹਨ, ਮਜ਼ਦੂਰ ਤਾਂ ਭੀੜ ਹੁੰਦੇ ਹਨ, ਚੋਰੀ ਕਰਦੇ ਹਨ, ਕਾਲ਼ੇ ਹੁੰਦੇ ਹਨ, ਹਾਕਮ ਦਿਆਲੂ ਹੁੰਦੇ ਹਨ, ਸਭ ਨੂੰ ਰੋਟੀ ਦਿੰਦੇ ਹਨ, ਬੰਦੇ ਨੂੰ ਆਪਣਾ ਉੱਲੂ ਸਿੱਧਾ ਰੱਖਣਾ ਚਾਹੀਦਾ ਹੈ, ਛਲ ਕਪਟ ਸਿੱਖੋ ਨਹੀਂ ਦੂਜੇ ਤੁਹਾਡੇ ਨਾਲ਼ ਛਲ ਖੇਡ ਜਾਣਗੇ, ਮਸ਼ੀਨਾਂ ਦੀ ਨਿਰਣਾਇਕਤਾ ਆਦਿ ਗੱਲਾਂ ਨੂੰ ਇਹ ਸੀਰੀਅਲ ਬਹੁਤ ਕਲਾਤਮਕ ਢੰਗ ਨਾਲ਼ ਬੱਚਿਆਂ ਦੇ ਦਿਮਾਗ਼ਾਂ ਵਿੱਚ ਬਿਠਾਉਂਦੇ ਹਨ। ਦੂਜਾ ਅਸਲੀਅਤ ਦੇ ਬਰਕਸ ਇਹ ਸੀਰੀਅਲ ਇੱਕ ਨਕਲੀ ਅਸਲੀਅਤ ਸਿਰਜਦੇ ਹਨ ਜੋ ਹਾਕਮ ਜਮਾਤ ਦੀਆਂ ਕਦਰਾਂ-ਕੀਮਤਾਂ ਦੇ ਮੁੱਲ-ਮਾਨਤਾਵਾਂ ਨੂੰ ਪ੍ਰਗਟਾਉਂਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements