ਅਜੋਕਾ ਸਾਹਿਤ ਅਤੇ ਨਵੇਂ ਯੁੱਗ ਦੀਆਂ ਸਮੱਸਿਆਵਾਂ •ਮੁਕਤੀਬੋਧ

14

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਯੁੱਗ ਅਤੇ ਸਮੇਂ ਦੇ ਬੰਧਨਾਂ ਤੋਂ ਉੱਪਰ ਕਲਾ ਦੀ ਅਪੀਲ ਹੁੰਦੇ ਹੋਏ ਵੀ ਇਹ ਸਵੈ-ਸਿੱਧ ਹੈ ਕਿ ਉਸਦਾ ਰੂਪ ਅਤੇ ਵਿਕਾਸ ਬਹੁਤ ਹਿੱਸਿਆਂ ਵਿੱਚ ਸਮੇਂ ਦੁਆਰਾ ਹੀ ਹੋਇਆ ਹੈ। ਕਲਾ ਹਰ ਸਮੇ ਲਈ ਅਤੇ ਸੰਸਾਰਮੁਖੀ ਹੋਣ ਦੇ ਬਾਵਜੂਦ ਵੀ ਆਪਣੇ ਸਮੇਂ ਅਤੇ ਜਨਮ ਸਥਾਨ (ਮਤਲਬ ਦੇਸ਼) ਤੋਂ ਅਣਛੂਹੀ ਨਹੀਂ ਹੋ ਸਕਦੀ। ਉਸਦੀ ਸੰਸਾਰਮੁਖਤਾ ਉਸਦੇ ਇੱਕ ਦੇਸ਼ੀ ਰੂਪ ਦਾ ਹੀ ਵਿਕਾਸ ਹੈ। ਇਸ ਲਈ ਦੋਨਾਂ ਰੂਪਾਂ ਵਿੱਚ ਕੋਈ ਮੌਲਿਕ ਵਖਰੇਵਾਂ ਨਾ ਹੋਕੇ ਸਿਰਫ ਵਿਕਾਸ ਦੀ ਭਿੰਨਤਾ ਦਾ ਹੀ ਵਖਰੇਵਾਂ ਹੈ। ਇੱਕ-ਦੇਸ਼ਮੁਖਤਾ ਜਦ ਕਲਾ ਦੀ ਸੀਮਤਾਈ ਬਣ ਜਾਂਦੀ ਹੈ, ਮਤਲਬ ਉਸਦੀ ਅਪੀਲ ਜਦ ਉਸਤੋਂ ਅੱਗੇ ਨਹੀਂ ਵਧ ਪਾਉਂਦੀ, ਤਦ ਉਹ ਮਰ ਜਾਂਦੀ ਹੈ। ਸੰਸਾਰ ਵਿੱਚ ਅਜਿਹੇ ਸਾਹਿਤਕ ਯਤਨ ਹੋ ਚੁੱਕੇ ਹਨ, ਸ਼ਾਇਦ ਹਰ ਭਾਸ਼ਾ ਵਿੱਚ, ਜੋ ਇਸ ਇੱਕ-ਦੇਸ਼ਮੁਖਤਾ ਦੇ ਕਾਰਨ ਮੁੱਲਹੀਣ ਅਤੇ ਬੇਜਾਨ ਹੋ ਗਏ ਹਨ, ਕਿਉਂਕਿ ਇੱਕ-ਦੇਸ਼ਮੁਖਤਾ ਉਸਦੀ ਮਰਿਆਦਾ ਬਣ ਗਈ ਹੈ। ਰੋਮਾਂ-ਰੋਲਾਂ ਦੇ ਜਯਾਂ ਕ੍ਰਿਸਤੋਫ ਵਿੱਚ ਜਰਮਨ ਅਤੇ ਫਰੈਂਚ ਸਮਾਜ ਦਾ ਵਰਨਣ ਹੁੰਦੇ ਹੋਏ ਵੀ ਉਸਦੀ ਸੰਸਾਰਮੁਖਤਾ ਖਤਮ ਨਹੀਂ ਹੁੰਦੀ। ਉਸ ਵਿੱਚ ਸਮਾਜਕ ਵਰਨਣ ਮਨੁੱਖੀ ਕਦਰਾਂ ‘ਤੇ ਟਿਕਿਆ ਹੋਇਆ ਹੈ। ਅਜਿਹੇ ਕਈ ਸਮਾਜਕ ਵਰਨਣ ਹੁੰਦੇ ਹਨ, ਜਿਹਨਾਂ ਵਿੱਚ ਸਿਰਫ ਵਰਨਣ ਹੀ ਹੁੰਦਾ ਹੈ, ਉਸਦੇ ਮੂਲ ਵਿੱਚ ਅਤੇ ਉਸਤੋਂ ਤੋਂ ਅੱਗੇ ਕੁਝ ਨਹੀਂ। ਇਸਦੀ ਇੱਕ ਦੇਸ਼ਮੁਖਤਾ ਇਸ ਦੀ ਸੀਮਤਾਈ ਹੈ। ਇਸ ਲਈ ਅਜਿਹੀ ਚੀਜ਼ ਸਾਹਿਤ, ਕਲਾ ਦੇ ਖੇਤਰ ਤੋਂ ਬਾਹਰ ਹੈ।

ਸਾਰਅੰਸ਼ ਇਹ ਕਿ ਕਲਾ ‘ਤੇ ਸਮੇਂ ਦਾ ਪ੍ਰਭਾਵ ਹੁੰਦੇ ਹੋਈ ਵੀ, ਉਸਦੀ ਸੰਸਾਰਮੁਖੀ ਅਪੀਲ ਲੁਪਤ ਨਹੀਂ ਹੁੰਦੀ ਅਤੇ ਹਰ ਕਲਾ ਦਾ ਰੂਪ ਸਮੇਂ ਦੇ ਨਾਲ਼ ਬਦਲਦਾ ਰਹਿੰਦਾ ਹੈ।

ਹਿੰਦੀ ਦੇ ਬੀਤੇ ਹੋਏ ਕੱਲ ਬਾਰੇ ਕਹਿੰਦੇ ਹੋਏ ਇਹ ਧਿਆਨ ਵਿੱਚ ਰੱਖਣਾ ਜਰੂਰੀ ਹੈ ਕਿ ਉਹ ਭਾਰਤ ਦਾ ਨਵ-ਜਾਗਰਣ ਯੁੱਗ ਸੀ। ਹਿੰਦੂਆਂ ਨੇ ਰਵਿੰਦਰ ਰਾਹੀਂ ਪ੍ਰਸਾਦ, ਪੰਤ, ਨਿਰਾਲਾ ਆਦਿ ਦੇ ਰੂਪ ਵਿੱਚ ਪੁਰਾਤਨ ਭਾਰਤੀ ਸੱਭਿਆਚਾਰ ਦੀ ਸੁੰਦਰਤਾ, ਕੋਮਲਤਾ, ਕਲਪਨਾ ਪ੍ਰੇਮ ਆਦਿ ਗੱਲਾਂ ਲਈਆਂ। ਉੱਧਰ ਮੁਸਲਮਾਨਾਂ ਨੇ ਪੁਰਾਤਨ ਇਸਲਾਮੀ ਮੁਲਕਾਂ ਅਤੇ ਸਲਤਨਤਾ ਦੀ ਸੁੰਦਰਤਾ, ਮਹਾਨਤਾ ਅਤੇ ਧਰਮ ਨੂੰ ਅਪਣਾਇਆ। ਜਿਸ ਤਰ੍ਹਾਂ ਹਿੰਦੀ ਜਾਂ ਬੰਗਲਾ ਅਦਿ ਭਾਸ਼ਾਵਾਂ ਵਿੱਚ ਹਿੰਦੂਆਂ ਨੇ ਵੈਦਿਕ ਅਤੇ ਉਪਨਿਸ਼ਦ ਕਾਲ ਦੀ ਤਾਜ਼ਗੀ ਹਾਸਲ ਕੀਤੀ, ਉਸੇ ਤਰ੍ਹਾਂ ਮੁਸਲਮਾਨਾਂ ਨੇ ਵੀ ਡਾਕਟਰ ਮੁਹੰਮਦ ਇਕਬਾਲ ਰਾਹੀਂ ਅਤੇ ਉਹਨਾਂ ਦੇ ਰੂਪ ਵਿੱਚ ਆਪਣੇ ਪੁਰਾਤਨ ਸ਼ਾਨੋ ਸ਼ੌਕਤ ਅਤੇ ਊਰਜਾਵਾਨ ਸੱਭਿਆਚਾਰ ਨੂੰ ਗ੍ਰਹਿਣ ਕੀਤਾ। ਸੂਫੀ ਮਜ਼੍ਹਬ ਦਾ ਪ੍ਰੇਮ, ਮਨਸੂਰ ਅਤੇ ਹਜ਼ਰਤ ਜਲਾਲੂਦੀਨ ਰੂਮੀ ਦੇ ਇਸ਼ਕ ਹਕੀਕੀ ਨੂੰ ਆਪਣਾ ਅਧਿਆਤਮਕ ਅਦਰਸ਼ ਮੰਨਿਆ। ਇਸ ਲਈ ਇਹ ਦੋਨੋਂ ਸਮਾਜ ਆਪਣੇ ਮੂਲ ਵੱਲ, ਜਿੱਥੇ ਉਹ ਇੱਕ ਦੂਸਰੇ ਤੋਂ ਭਿੰਨ ਸਨ, ਚਲੇ ਗਏ।

ਹਿੰਦੀ ਦਾ ਬੀਤਿਆ ਦੌਰ ਰੋਮੈਂਟਿਕ ਸੀ। ਕਲਪਨਾ ਅਤੇ ਭਾਵਨਾ ਰਾਹੀਂ ਅਲੌਕਿਕ ਨੂੰ ਗ੍ਰਹਿਣ ਕੀਤਾ ਗਿਆ ਸੀ। ਹਕੀਕੀ ਜੀਵਨ ਦੇ ਬਾਹਰੀ ਅਤੇ ਅੰਦਰੂਨੀ ਦਵੰਦ ਨੂੰ ਖਤਮ ਕਰਕੇ, (ਅੰਦਰੂਨੀ-ਬਾਹਰੀ ਪ੍ਰਕਿਰਤੀ ‘ਤੇ ਜਿੱਤ ਹਾਸਲ ਕਰਕੇ) ਇੱਕ ਹਾਰਮਨੀ ਪੈਦਾ ਕਰਨਾ, ਸੁਰਸੰਗਮ ਦੀ ਸਿਰਜਣਾ ਕਰਨਾ, ਬੀਤੇ ਦੌਰ ਦੀ ਕਲਾ ਦੇ ਖੇਤਰ ਤੋਂ ਬਾਹਰੀ ਗੱਲ ਸੀ । ਧੁੰਦਲੀ ਸ਼ਾਮ ਦਾ ਰੂਪ ਦੇਖਕੇ ਕਵੀ ਦੇ ਦਿਲ ਵਿੱਚ ਪੀੜ ਦਾ ਅਹਿਸਾਸ ਪੈਦਾ ਹੁੰਦਾ ਸੀ, ਪਰ ਬਾਹਰੀ ਸੰਸਾਰ ਵਿੱਚ ਹੋ ਰਹੇ ਭਿਅੰਕਰ ਜਬਰ ਅਤੇ ਅਣਮਨੁੱਖੀ ਵਿਹਾਰ ‘ਚ ਉਹਨਾਂ ਦੇ ਦਿਲ ਵਿੱਚ ਕਿਸੇ ਕਵਿਤਾ ਦੀ ਆਤਮਾ ਦਾਖਲ ਨਹੀਂ ਹੋਈ ਸੀ। ਉਂਝ ਵੀ ਕਵੀ ਦੇ ਦਿਲ ਵਿੱਚ ਪ੍ਰੇਮ ਹੈ ਜਾਂ ਸਿਰਫ ਕਮਜ਼ੋਰ, ਸੁਹਜ਼-ਨਜ਼ਰ ਹੈ ਜਾਂ ਵਾਸਨਾ-ਸ਼ੀਲਤਾ, ਇਸਨੂੰ ਖੁਦ ਲਈ ਜਾਨਣ ਲਈ ਹੀ ਉਸ ਕੋਲ਼ ਕੋਈ ਖਾਸ ਸਿਧਾਂਤ ਨਹੀਂ ਸੀ। ਸ਼ਾਂਤੀਪ੍ਰੇਮੀ ਦਿਵੇਦੀ ਨੇ ਠੀਕ ਹੀ ਕਿਹਾ ਹੈ ਕਿ ‘ਉਹ ਕਾਵਿ ਮੱਧਯੁਗੀ ਕਾਵਿ ਦਾ ਹੀ ਅਜੋਕਾ ਸੰਸਕਰਣ ਸੀ।’

ਪਰ, ਅੱਜ ਇਹ ਗੱਲ ਨਹੀਂ ਹੈ। ਉਸ ਸਮੇਂ ਦੇ (ਸਬਜੈਕਟਿਵਿਜ਼ਮ) ਆਤਮ ਕੇਂਦਰਤਾ ਵਿੱਚ ਆਤਮ ਵਿਸ਼ਲੇਸ਼ਣ ਖੁਦ ਦੀ ਨਜ਼ਰਸਾਨੀ ਤੋਂ ਵਾਂਝਾ ਨਹੀਂ ਸੀ। ਇਹ ਸਿਰਫ ਭਾਵਨਾਵਾਂ ਦਾ ਵਹਿਣ ਸੀ, ਓਥੇ ਸ਼ਾਂਤ ਆਤਮ-ਵਿਸ਼ਲੇਸ਼ਣ ਅਤੇ ਚਿੰਤਨ ਲਈ ਸੰਭਾਵਨਾ ਘੱਟ ਸੀ। ਪਰ ਅੱਜ ਵਿਚਾਰਾਂ ਦਾ ਵੇਗ- ਬਾਹਰੀ ਚਿੰਤਨ ਦੇ ਵਹਾਵਾਂ ਦਾ ਇੱਕ ਦੂਸਰੇ ਨੂੰ ਧੱਕ ਕੇ ਅੱਗੇ ਨਿੱਕਲਣ ਦਾ ਸੁਭਾਅ ਸਾਨੂੰ ਮਜ਼ਬੂਰ ਕਰਦਾ ਹੈ ਕਿ ਅਸੀਂ ਖੁਦ ‘ਚ ਡੁੱਬ ਕੇ ਸੋਚ ਲਈਏ ਕਿ ਰਸਤਾ ਕਿਹੜਾ ਠੀਕ ਹੈ।

ਹਰੇਕ ਯੁੱਗ ਵਿੱਚ ਕੁਝ ਗੁਣਾਂ ਦਾ ਮਹੱੱਤਵ ਦੂਸਰਿਆਂ ਦੇ ਮੁਕਾਬਲੇ ਵਧੇਰੇ ਹੁੰਦਾ ਹੈ। ਮਧਯੁੱਗ ਵਿੱਚ ਭਗਤੀ ਅਤੇ ਸ਼ਿੰਗਾਰ ਦਾ ਹੀ ਵਧੇਰੇ ਮਹੱਤਵ ਸੀ। ਯੂਰਪ ਵਿੱਚ ਰੇਨੇਸਾ ਦੇ ਸਮੇਂ, ਜੋ ਰੋਮੈਂਟਿਕ ਧਾਰਾ ਵਹੀ ਸੀ, ਉਸਦਾ ਇੱਕ ਵਹਾਅ ਸ਼ੇਕਸਪਿਅਰ ਸੀ ਅਤੇ ਦੂਸਰਾ ਦਾਂਤੇ। ਪਰ ਫਰਾਂਸੀਸੀ ਰਾਜ-ਇਨਕਲਾਬ ਸਮੇਂ ਜਨਮੇ ਸ਼ੈਲੇ ਅਤੇ ਗੇਟੇ ਵਿੱਚ ਇੱਕ ਅਦਰਸ਼ ਸਮਾਜ ਦੀ ਕਲਪਨਾ ਸੀ, ਇੱਕ ਚਿੰਤਨਾਤਮਕ ਸਮਝ ਸੀ। ਸ਼ੇਕਸਪੀਅਰ ਅਤੇ ਦਾਂਤੇ ਦੇ ਯੁੱਗ ਤੋ ਸ਼ੈਲੇ ਅਤੇ ਗੇਟੇ ਦਾ ਯੁੱਗ ਵੱਖਰਾ ਸੀ।  

ਤਾਂ ਹਰੇਕ ਯੁੱਗ ਦੀ ਖਾਸ ਹਾਲਤ ਹੁੰਦੀ ਹੈ ਅਤੇ ਉਸ ਖਾਸ ਹਾਲਤ ਵਿੱਚ ਜਨਮੇਂ ਖਾਸ ਗੁਣ ਹੁੰਦੇ ਹਨ, ਜਿਹਨਾਂ ਦਾ ਸਾਹਿਤ ਵਿੱਚ ਹੋਣਾ ਲਾਜ਼ਮੀ ਹੋ ਜਾਂਦਾ ਹੈ। ਇਹ ਹਲਾਤ ਅਤੇ ਗੁਣ ਉਸ ਸਮੇਂ ਦੀਆਂ ਸਿਆਸੀ-ਸਮਾਜਕ ਹਾਲਤਾਂ ਨਾਲ਼ ਬਣਦੇ ਰਹਿੰਦੇ ਹਨ। ਸੱਭਿਆਚਾਰ ਨੂੰ ਸਥਾਈ ਅਰਥ ਦਿੱਤਾ ਜਾਂਦਾ ਹੈ, ਪਰ ਜੇਕਰ ਅਸੀਂ ਉਸ ਨੂੰ ਗਤੀਸ਼ੀਲ ਅਰਥ ਦੇਈਏ, ਤਾਂ ਸਿਆਸਤ ਦੀਆਂ ਵੱਖ-ਵੱਖ ਪ੍ਰਕਿਰਿਆਵਾਂ, ਸਮਾਜਕ ਬਦਲਾਅ, ਸਭ ਸਮੂਹਾਤਮਾ ਦੇ ਵਿਕਾਸ ਵੱਲ ਯਾਤਰਾ ਹੈ। ਇਸ ਲਈ ਸਿਆਸਤ ਅਤੇ ਸਮਾਜਨੀਤੀ ਨੂੰ ਅਸੀਂ ਆਪਣੇ ਜੀਵਨ ਤੋਂ ਅਲੱਗ ਨਹੀਂ ਕਰ ਸਕਦੇ। ਇਸ ਲਈ, ਸਾਹਿਤ ਵਿੱਚ ਉਸਦਾ ਨਿਖੇਧ ਜੀਵਨ ਵਿੱਚ ਸਾਹਾਂ ਦਾ ਨਿਖੇਧ ਹੋਵੇਗਾ। ਤੁਸੀ ਬੌਧਿਕ ਵਾਦਾਂ ਵਿੱਚ ਉਹਨਾਂ ਦਾ ਨਿਖੇਧ ਕਰਦੇ ਰਹੋ, ਪਰ ਅੰਤ ‘ਜੀਵਨ’ ਤੁਹਾਡੇ ਸੀਨੇ ਵਿੱਚ ਦਾਖਲ ਹੋ ਉਹੀ ਕਰੇਗਾ, ਜੋ ਉਸਦੇ ਵਿਕਾਸ ਲਈ ਜਰੂਰੀ ਹੈ। ਏਧਰ ਤੁਸੀਂ ਸਾਹਿਤ ਵਿੱਚ ਸਿਆਸਤ ਅਤੇ ਸਮਾਜਨੀਤੀ ਦਾ ਬਾਈਕਾਟ ਕਰਦੇ ਜਾਵੋਗੇ, ਓਧਰ ਤੁਹਾਡੀ ਹੀ ਕਲਮ ‘ਚੋਂ ਸਿਆਸਤ ਅਤੇ ਸਮਾਜਕ ਸੱਚ ਨਿੱਕਲ਼ਦੇ ਜਾਣਗੇ। ‘ਜੀਵਨ’ ਦੇ ਨਿਯਮਾਂ ਨੂੰ ਤੁਸੀ ਤੋੜ ਨਹੀਂ ਸਕਦੇ। ਏਥੇ ਮੈਂ ‘ਜੀਵਨ’ ਦਾ ਅਰਥ ਉਸਦੇ ਵਿਅਕਤੀਗਤ ਅਤੇ ਸਮਾਜਕ ਜਾਂ ਸਿਆਸੀ ਅਰਥਾਂ ਤੋਂ ਉੱਪਰ ਉਸ ਅਨੰਤ ਸਿਰਜਣਸ਼ੀਲ ਸੱਤ੍ਹਾ ਤੋਂ ਲਿਆ ਹੈ, ਜੋ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੈ, ਅਤੇ ਇੱਕ ਰੂਪ ਨੂੰ ਛੱਡ, ਦੂਸਰੇ ਨੂੰ ਗ੍ਰਹਿਣ ਕਰਨਾਂ ਉਸਦਾ ਸੁਭਾਅ ਹੈ। ਕਿਉਂਕਿ ਉਹ ਗਤੀਸ਼ੀਲ (Dynamic) ਹੈ, ਇਸ ਲਈ ਸਿਆਸੀ, ਸਮਾਜਕ ਅਤੇ ਵਿਅਕਤੀਗਤ ਆਦਿ ਉਸੇ ਦੀਆਂ ਸਿਰਜਣਧਾਰਾਵਾਂ ਹਨ।

ਜਦ ਅਸੀਂ ਇਹ ਮੰਨ ਚੁੱਕੇ ਹਾਂ ਕਿ ਸਾਡੇ ਸਿਆਸੀ ਅਤੇ ਸਮਾਜਕ ਅੰਗਾਂ ਦਾ ਬਾਈਕਾਟ ਕਰਨਾ, ਆਪਣੇ ਹੱਥ ਅਤੇ ਪੈਰਾਂ ਨੂੰ ਤੋੜ ਦੇਣਾ ਹੈ, ਤਾਂ ਸਾਨੂੰ ਇਹ ਮੰਨਣ ਵਿੱਚ ਦੇਰ ਨਹੀਂ ਕਰਨੀ ਚਾਹੀਦੀ ਕਿ ਵਿਅਕਤੀਗਤ, ਜਾਂ ਸਮੂਹਿਕ ਭਾਵਨਾਵਾਂ ਤੋਂ ਉੱਪਰ ਇੱਕ ਕੌਮੀਰੂਹ ਵੀ ਹੁੰਦੀ ਹੈ, ਜਿਸਦਾ ਬਲਵਾਨ ਹੋਣਾ ਸਾਡੀ ਜੀਵਨਧਾਰਾ ਲਈ ਬਹੁਤ ਜਰੂਰੀ ਹੈ। ਅਸੀਂ ਤਦ ਤੱਕ ਪੂਰੀ ਤਰ੍ਹਾਂ ਉੱਨਤ ਨਹੀਂ ਹਾਂ, ਜਦ ਤੱਕ ਦੂਸਰੇ ਲੋਕ ਸਾਡੇ ਵਾਂਗ ਹੀ ਉੱਨਤ ਨਹੀਂ ਹੋ ਜਾਂਦੇ। ਦੂਸਰਿਆਂ ਵਿੱਚ ਵੰਡਿਆ ਜਾਣ ਵਾਲ਼ਾ ਮੈਕਸਿਮ ਗੋਰਕੀ ਦਾ ਕਲਾਕਾਰ, ਆਤਮਾ, ਇਸ ਗੱਲ ਨੂੰ ਸਮਝਕੇ, ਰੂਸ ਦੇ ਇੱਕ ਕੋਨੇ ਤੋਂ ਦੂਸਰੇ ਭਟਕਦਾ ਸੀ।

ਇਸ ਸਮੇਂ ਯੁੱਗ ਵਿੱਚ ਨਿਸ਼ਚਤ ਬਦਲਾਅ ਹਨ। ‘ਜੀਵਨਧਾਰਾ’ ਹੁਣ ਅੱਗੇ ਵਧਣਾ ਚਾਹੁੰਦੀ ਹੈ। ਪਹਿਲਾਂ ਜਦ ਯੁੱਗ ਬਦਲਿਆ ਸੀ ਤਾਂ ਅਸੀਂ ਉਪਨਿਸ਼ਦ ਕਾਲ ਦੇ ਹਿੰਦੁਸਤਾਨ ਅਤੇ ਮਨਸੂਰ ਅਤੇ ਜਲਾਲੂਦੀਨ ਰੂਮੀ ਦੇ ਮੱਧ ਏਸ਼ੀਆ ਵਿੱਚ ਗਏ ਸੀ, ਪਰ ਅੱਜ ਸਾਡੀ ਨਜ਼ਰ ਭਵਿੱਖ ਦੇ ਸਿਤਾਰੇ ‘ਤੇ ਹੈ। ਭਵਿੱਖ ਦੇ ਹਿੰਦੁਸਤਾਨ ‘ਤੇ ਹੈ। ਜੇਕਰ ਅੱਜ ਸਾਡੀ ਅਤੇ ਕਲਾ ਦੀ ਧਾਰਾ ਕੌਮੀਰੂਹ ਤੋਂ ਅਲੱਗ ਹੋਕੇ ਆਪਣਾ ਰਸਤਾ ਲੱਭਦੀ ਹੈ, ਤਾਂ ਉਸਦਾ ਮਾਰੂਥਲ ਵਿੱਚ ਗਵਾਚ ਜਾਣਾ ਲਾਜ਼ਮੀ ਹੈ।

ਕੌਮੀਰੂਹ ਦੀ ਹਰ ਧੜਕਣ ਸਾਡੇ ਸੀਨੇ ‘ਚ ਗੀਤ ਬਣ ਰਹੀ ਹੈ। ਉਸਦੇ ਮੂਡ ਉਸਦੀ ਬੇਵਸੀ, ਉਸਦੀ ਪੀੜ, ਉਸਦਾ ਅੰਦਰੂਨੀ-ਸੰਘਰਸ਼ ਸਾਡੇ ਸੀਨੇ ਵਿੱਚ ਬੇਵਸੀ, ਪੀੜ ਅਤੇ ਅੰਦਰੂਨੀ-ਸੰਘਰਸ਼ ਬਣ ਰਿਹਾ ਹੈ। ਇਸ ਅੰਦਰੂਨੀ ਸੰਘਰਸ਼ ਨੂੰ ਪਾਰ ਕਰ ਲੈਣ ਤੋਂ ਬਾਅਦ ਹੀ ਅਸੀਂ ਇੱਕ ਨਵੇਂ ਸੱਚ, ਇੱਕ ਨਵੀਂ ਸ਼ਾਂਤੀ, ਇੱਕ ਨਵੀਂ ਤਾਕਤ ਨੂੰ ਹਾਸਲ ਕਰ ਲੈਦੇ ਹਾਂ। ਉਸੇ ਤਰ੍ਹਾਂ ਅਸੀ ਆਪਣੇ ਹਿੰਦੂਤਵ ਅਤੇ ਇਸਲਾਮ ਨੂੰ ਸੀਮਤ ਕਰਨ ਵਾਲ਼ੀਆਂ ਲੀਹਾਂ ਤੋਂ ਅੱਗੇ ਜਾਕੇ, ਉੱਠਕੇ, ਵਧਕੇ ਨਹੀਂ ਦੇਖਦੇ ਤਦ ਤੱਕ ਸਾਡਾ ਸਾਹਿਤ ਅਤੇ ਕਲਾ ਇੱਕ ਹੀ ਫਿਰਕੇ ਦਾ ਸਾਹਿਤ ਅਤੇ ਕਲਾ ਰਹਿ ਜਾਵੇਗੀ। ਨਤੀਜੇ ਵਜੋਂ : ਆਪਣੀ ਕੌਮੀਰੂਹ ਨੂੰ ਅਤੇ ਖੁਦ ਨੂੰ ਜਾਣ ਨਹੀਂ ਸਕੇਗੀ ਉਸਦੇ ਦੋ ਭਾਗ ਹਿੰਦੂਤਵ ਅਤੇ ਇਸਲਾਮ ਆਪਸ ਵਿੱਚ ਹੀ ਲੜ-ਮਰ ਸਾਨੂੰ ਸਾਡੀ ਮੰਜਿਲ ‘ਤੇ ਨਹੀਂ ਪਹੁੰਚਣ ਦੇਣਗੇ। ਅਸੀਂ ਆਪਣੀਆਂ ਰਵਾਇਤਾ ਨੂੰ ਨਹੀਂ ਦੇਖਣਾ। ਰਵਾਇਤਾ ਸਾਡੀਆਂ ਬੁਰੀਆਂ ਆਦਤਾਂ ਹਨ, ਉਹਨਾ ਤੋਂ ਅਲੱਗ ਹੋ ਭਵਿੱਖ ਉਸਾਰਨਾ ਚਾਹੀਦਾ ਹੈ। ਭਵਿੱਖ ਉਸਾਰਨ ਵਾਲ਼ਾ ਆਪਣੇ ਆਪ ਵਿੱਚ ਸਿਪਾਹੀ ਅਤੇ ਮਸੀਹਾ (ਪ੍ਰੋਫੇਟ) ਹੁੰਦਾ ਹੈ। ਸਾਹਿਤ ਦੇ ਖੇਤਰ ਵਿੱਚ ਵੀ ਕਲਾਕਾਰ ਇਸ ਤਰ੍ਹਾਂ ਦਾ ਹੀ ਸਿਪਾਹੀ ਅਤੇ ਮਸੀਹਾ ਹੌਣਾ ਚਾਹੀਦਾ ਹੈ ਅਤੇ ਉਸਨੂੰ ਉਸੇ ਤਰ੍ਹਾਂ ਸੁਪਨੇ ਆਉਣੇ ਚਾਹੀਦੇ ਹਨ, ਜਿਵੇਂ ਮੁਹੰਮਦ ਪਗੰਬਰ ਨੂੰ ਆਪਣੇ ਦੇਸ਼ਵਾਸੀਆਂ ਨੂੰ ਸੱਭਿਅਕ ਕਰਨ, ਜਾਂ ਹਜ਼ਰਤ ਈਸਾ ਨੂੰ ਮਨੁੱਖਤਾ ਸੁਨੇਹਾ ਸੁਨਾਉਣ ਦੇ ਸੁਪਨੇ ਆਉਂਦੇ ਸਨ। ਜਦ ਤੱਕ ਸਾਨੂੰ ਭਵਿੱਖ ਉਸਾਰਨ ਦੇ ਸੁਪਨੇ ਨਹੀਂ ਆਉਂਦੇ, ਤਦ ਤੱਕ ਸਾਡੀ ਕਲਾ ਅਤੇ ਸਾਹਿਤ ਕਮਜ਼ੋਰ ਰਹਿਣਗੇ ਅਤੇ ਉਸ ਵਿੱਚ ਸੱਚੀ ਤਾਕਤ ਨਹੀਂ ਆਵੇਗੀ।

ਇਹ ਭਵਿੱਖ ਉਸਾਰੀ ਸਿਆਸੀ ਅਤੇ ਸਮਾਜਕ ਖੇਤਰ ਵਿੱਚ ਹਿੰਦੂ, ਮੁਸਲਿਮ ਸੱਭਿਅਤਾ ਦਾ ਜਨਮ ਅਤੇ ਸਾਹਿਤ ਦੇ ਖੇਤਰ ਵਿੱਚ ਇਸ ਸੱਭਿਅਤਾ ਨੂੰ ਜਨਮ ਦੇਣ ਦੀ ਸਭ ਲੋਕਾਂ ਦੀ ਆਤਮਵੇਦਨਾ ਅਤੇ ਉਹਨਾਂ ਦੇ ਸੁਪਨੇ, ਉਤਸ਼ਾਹ, ਉਹਨਾਂ ਦਾ ਸਬਰ ਅਤੇ ਬਹਾਦਰੀ ਦੇ ਚਿਤਰਣ ਦੇ ਰੂਪ ਵਿੱਚ ਹੋਵੇਗਾ। ਜਦ ਤੱਕ ਇਹ ਨਹੀਂ ਹੋ ਸਕਦਾ, ਤਦ ਤੱਕ ਅਸੀਂ ਆਪਣੀ ਮੰਜਲ ‘ਤੇ ਨਹੀਂ ਪਹੁੰਚ ਸਕਦੇ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements