ਅਜੇ ਵੀ ਲਗਾਤਾਰ ਜਾਰੀ ਹੈ ਦਲਿਤਾਂ ‘ਤੇ ਅੱਤਿਆਚਾਰ •ਪਿਰ੍ੰਸ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹੁਣੇ ਜਿਹੇ ਹਰਿਆਣਾ ਦੇ ਫਰੀਦਾਬਾਦ ‘ਚ ਕੁਝ ਰਾਜਪੂਤਾਂ ਨੇ ਇੱਕ ਦਲਿਤ ਪਰਿਵਾਰ ਦੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ। ਜਿਸ ਵਿੱਚ ਦੋ ਮਾਸੂਮ ਬੱਚੇ,  9 ਮਹੀਨਿਆਂ ਦੀ ਦੀਵਿਆ ਤੇ ਢਾਈ ਸਾਲਾਂ ਦੇ ਵੈਭਵ, ਨੂੰ ਜਿਉਂਦੇ ਜਲ਼ਾ ਕੇ ਮਾਰ ਦਿੱਤਾ। ਮਾਂ -ਪਿਓ ਵੀ ਗੰਭੀਰ ਰੂਪ ਵਿੱਚ ਜਲ਼ੇ ਹਨ। ਮਾਂ ਹਸਪਤਾਲ ਵਿੱਚ ਦਾਖ਼ਲ ਹੈ, ਜਿਸ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪਿਓ ਦੇ ਦੋਹਾਂ ਹੱਥਾਂ ਦੀਆਂ ਤਲ਼ੀਆਂ ਜਲ਼ ਗਈਆਂ ਹਨ। ਜਤਿੰਦਰ (ਜਿਉਂਦੇ ਜਲ਼ੇ ਬੱਚਿਆਂ ਦੇ ਪਿਉ) ਨੇ ਦੱਸਿਆ ਕਿ ਇਹ ਘਟਨਾ ਤੜਕੇ 3 ਵਜੇ ਦੇ ਆਸ-ਪਾਸ ਘਟੀ। ਜਤਿੰਦਰ ਨੇ ਅੱਗੇ ਦੱਸਿਆ ਕਿ ਘਰ ਨੂੰ ਜਲ਼ਾਉਣ ਵਾਲੇ ਰਾਜਪੂਤਾਂ ਦੇ ਅੱਧੇ ਦਰਜਨ ਤੋਂ ਵੱਧ ਵਿਅਕਤੀ ਸਨ। ਇਸ ਬਰਬਰ ਘਟਨਾ ਮਗਰੋਂ ਪੂਰੇ ਇਲਾਕੇ ਵਿੱਚ ਤਣਾਅ ਦਾ ਮਹੌਲ ਹੈ। ਲੋਕਾਂ ਨੇ ਬੱਚਿਆਂ ਦੀ ਲਾਸ਼ਾਂ ਬਲੱਵਗੜ-ਫ਼ਰੀਦਾਬਾਦ ਰੋਡ ‘ਤੇ ਜਾਮ ਲਾਇਆ ਅਤੇ ਸਰਕਾਰ-ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਫ਼ੜਣ ਤੇ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਇਕੱਲੀ ਇਹੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਤਿੰਨ ਹੋਰ ਘਟਨਾਵਾਂ ਮੀਡੀਆ ਵਿੱਚ ਆਈਆਂ ਸਨ। ਦੂਜੀ ਘਟਨਾ, ਇੱਕ 90 ਸਾਲਾਂ ਬਜੁਰਗ ਨੇ ਆਪਣੇ ਪਰਿਵਾਰ ਸਮੇਤ ਮੰਦਿਰ ਅੰਦਰ ਦਾਖਲ ਹੋਣ ‘ਤੇ ਇੱਕ ਉੱਚ-ਜਾਤੀ ਦੇ ਵਿਅਕਤੀ ਨੇ ਪਹਿਲਾਂ ਕੁਹਾੜੀ ਨਾਲ਼ ਹਮਲਾ ਕੀਤਾ ਤੇ ਫ਼ਿਰ ਬਜੁਰਗ ਨੂੰ ਅੱਗ ਲਾ ਦਿੱਤੀ। ਬਜੁਰਗ ਆਦਮੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਦੀ ਤੀਜੀ ਘਟਨਾ ਇੱਕ ਦਲਿਤ ਔਰਤ ਨੂੰ ਜਾਦਵ ਜਾਤ ਦੇ ਵਿਅਕਤੀ ਨੇ ਨਿਰਵਸਤਰ ਕੀਤਾ ਤੇ ਜਬਰਦਸਤੀ ਆਪਣਾ ਪੇਸ਼ਾਬ ਪਿਲਾਇਆ, ਕਿਉਂਕਿ ਉਸਨੇ ਉਸਦੇ ਘਰ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਪਸ਼ੂ ਨੇ ਉਹਨਾਂ ਦੇ ਖੇਤ ਦੀ ਫ਼ਸਲ ਖਰਾਬ ਕਰ ਦਿੱਤੀ। ਚੌਥੀ ਘਟਨਾ ਉੱਤਰ-ਪ੍ਰਦੇਸ਼ ਦੇ ਗੌਤਮ ਬੁੱਧਾ ਨਗਰ ਦੇ ਦਨਕੌਰ ਪੁਲਿਸ ਥਾਣੇ ਵਿੱਚ ਘਟੀ। ਜਿੱਥੇ ਇੱਕ ਦਲਿਤ ਪਰਿਵਾਰ ਆਪਣੇ ਘਰ ਹੋਈ ਚੋਰੀ ਦੀ ਰਿਪੋਰਟ ਥਾਣੇ ਲਿਖਾਉਣ ਗਏ ਪਰ ਪੁਲਿਸ ਨੇ ਲਿਖਣ ਤੋਂ ਮਨ੍ਹਾ ਕਰ ਦਿੱਤਾ ਤੇ ਜਲੀਲ ਕਰਕੇ ਬਾਹਰ ਕੱਢ ਦਿੱਤਾ। ਇਸ ਦੇ ਰੋਸ ਵਿੱਚ ਇਸ ਦਲਿਤ ਪਰਿਵਾਰ ਨੇ ਥਾਣੇ ਬਾਹਰ ਧਰਨਾ ਲਾਇਆ। ਪੁਲਿਸ ਨੇ ਪਹਿਲਾਂ ਉਹਨਾਂ ਨੂੰ ਬੇਇੱਜ਼ਤ ਕੀਤਾ ਤੇ ਫ਼ਿਰ ਦਲਿਤ ਔਰਤ ਦੇ ਭਰੇ ਬਜ਼ਾਰ ਵਿੱਚ ਕੱਪੜੇ ਪਾੜ ਦਿੱਤੇ।

ਇਹਨਾਂ ਘਟਨਾਵਾਂ ਦੇ ਪਿੱਛੇ ਕਾਰਨ ਜਾਤੀ ਮਾਨਸਿਕਤਾ ਹੈ। ਜਾਤ ਪ੍ਰਬੰਧ ਭਾਰਤ ਨੂੰ ਇੱਕ ਜੁਦਾ ਸਮਾਜ ਬਣਾਉਂਦੀ ਹੈ। ਜਾਤ ਭਾਰਤੀ ਇਤਿਹਾਸ ਵਿੱਚ ਅਲੱਗ-ਅਲੱਗ ਸਮੇਂ ‘ਚ ਆਪਣਾ ਰੂਪ ਬਦਲਦੀ ਹੋਈ ਅੱਜ ਵੀ ਮੌਜੂਦ ਹੈ। ਦਲਿਤ ਅਬਾਦੀ ਸਦੀਆਂ ਤੋਂ ਹੀ ਇਹਨਾਂ (ਉੱਚ-ਜਾਤ) ਦੇ ਕਿਰਤੀ ਰਹੇ ਹਨ ਕਿਉਂਕਿ ਪੈਦਾਵਾਰ ਦੇ ਸਾਧਨਾ ਦੀ ਮਾਲਕੀ ਇਹਨਾਂ ਕੋਲ ਹੈ। ਅੱਜ ਜਦੋਂ ਸਰਮਾਏਦਾਰਾ ਵਿਕਾਸ ਤੇਜ਼ੀ ਨਾਲ ਹੋਣ ਨਾਲ਼ ਹੋਰ ਕਿੱਤੇ ਨਿਕਲੇ ਤਾਂ ਦਲਿਤਾਂ ਦਾ ਇੱਕ ਹਿੱਸਾ ਇਹਨਾਂ ਕਿੱਤਿਆਂ ਵਿੱਚ ਜਾ ਕੇ ਸਵੈ-ਨਿਰਭਰ ਹੋ ਗਿਆ। ਹੁਣ ਇਹ ਲੋਕ ਚੰਗੀ ਜ਼ਿੰਦਗੀ, ਆਪਣੇ ਹੱਕ ਮੰਗਣ, ਅੱਖ ਨਾਲ ਅੱਖ ਮਿਲਾਉਣੀ ਤੇ ਇਹਨਾਂ ਦੇ ਬਰਾਬਰ ਜ਼ਿੰਦਗੀ ਜੀਣਾ ਜਾਂ ਅੱਗੇ ਨਿਕਲ ਜਾਣਾ, ਇਹ ਗੱਲਾਂ ਇਹਨਾਂ ਉੱਚ ਜਾਤ ਵਾਲ਼ਿਆਂ ਲਈ ਬਰਦਾਸ਼ਤ ਤੋਂ ਬਾਹਰ ਹੈ। ਇਹਨਾਂ ਬਰਬਰ ਘਟਨਾਵਾਂ ਦੇ ਵਾਪਰਨ ਪਿੱਛੇ ਮੁੱਖ ਵਜ੍ਹਾ ਇਹੀ ਹੈ।

ਇਸ ਬਰਬਰ ਘਟਨਾ ਤੋਂ ਮਗਰੋਂ ਗ੍ਰਹਿ ਮੰਤਰੀ ਰਾਜਨਾਥ ਕਾਫ਼ੀ ”ਫ਼ਿਕਰਮੰਦੀ” ‘ਚ  ਹਰਿਆਣੇ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਘਟਨਾ ਦਾ ਜ਼ਾਇਜਾ ਲੈ ਰਹੇ ਨੇ ਅਤੇ ਸੂਬੇ ‘ਚ ਇਹੋ ਜਿਹੀ ਘਟਨਾ ਮੁੜ ਨਾ ਵਾਪਰੇ ਤੇ ਹਰ ਇੱਕ ਦੀ ਸੁਰੱਖਿਆ ਦੀ  ”ਗਾਰੰਟੀ” ਕਰਨ ਲਈ ਕਿਹਾ ਹੈ। ਰਾਜਨਾਥ ਦੀ ”ਫ਼ਿਕਰਮੰਦੀ” ਦਾ ਕਾਰਨ ਦਲਿਤ ਪਰਿਵਾਰ ਨਾਲ ਹੋਈ ਇਹ ਘਟਨਾ ਨਹੀਂ ਸਗੋਂ ਬਿਹਾਰ ‘ਚ ਚੱਲ ਰਹੀਆਂ ਚੋਣਾਂ ਹਨ, ਜਿੱਥੇ ਇਹ ਦਲਿਤ-ਪੱਖੀ ਹੋਣ ਦਾ ਪਾਖ਼ੰਡ ਕਰਕੇ ਦਲਿਤਾਂ ਦਾ ਵੋਟ ਆਪਣੇ ਹੱਕ ‘ਚ ਭੁਗਤਾ ਕੇ ਜਿੱਤ ਯਕੀਨੀ ਬਣਾਉਣਾ ਚਾਹੁੰਦੇ ਹਨ। ਉੱਥੇ ਇਹੋ ਜਿਹੀ ਘਟਨਾ ਇਹਨਾਂ ਦੇ ਹੀ ਸੂਬਾ ਸਰਕਾਰ ਵਿੱਚ ਹੋਣ ਨਾਲ਼ ਇਹਨਾਂ ਦਾ ਦਲਿਤ-ਪੱਖੀ ਹੋਣ ਦਾ ਪਾਖੰਡ ਨੰਗਾ ਹੁੰਦਾ ਹੈ ਅਤੇ ਇਸ ਨਾਲ਼ ਬਿਹਾਰ ਚੋਣਾਂ ‘ਚ ਵੱਡਾ ਉਲਟ-ਫੇਰ ਹੋਣ ਦਾ ਡਰ ਸਤਾ ਰਿਹਾ ਹੈ।

ਭਾਜਪਾ ਰਾਸ਼ਟਰੀ ਸਵੈ-ਸੇਵਕ ਸੰਘ ਦਾ ਸਿਆਸੀ ਵਿੰਗ ਹੈ। ਸੰਘ ਜਿਹੜਾ ਜਾਤ ਪ੍ਰਬੰਧ ਦਾ ਕੱਟੜ ਹਮਾਇਤੀ ਹੈ। ਇਸੇ ਲਈ ਭਾਜਪਾ ਇੱਥੇ ਵੀ ਅੰਦਰਗਤੀ ਰਾਜਪੂਤਾਂ ਦੀ ਹਮਾਇਤ ਕਰ ਰਹੀ ਹੈ। ਭਾਜਪਾ ਆਗੂ ਰਾਜਨਾਥ ਦੁਆਰਾ ਸੁਰੱਖਿਆ ਦੀ ਗਾਰੰਟੀ ਦੇ ਮਤਲਬ ਦਲਿਤਾਂ ਦੀ ਨਹੀਂ ਸਗੋਂ ਰਾਜਪੂਤ ਤੇ ਉੱਚ-ਜਾਤ ਵਾਲ਼ਿਆਂ ਤੋਂ ਹੈ। ਇਸ ਘਟਨਾ ਮਗਰੋਂ ਉੱਠੇ ਲੋਕ-ਰੋਹ ਨਾਲ਼ ਇਹਨਾਂ ਉੱਚ-ਜਾਤ ਵਾਲਿਆਂ ਨੂੰ ਬਚਾਇਆ ਜਾਵੇ, ਇਸ ਲਈ ਪੂਰੇ ਪਿੰਡ ਵਿੱਚ ਪੁਲਿਸ ਬਲ ਲਾ ਦਿੱਤਾ ਹੈ। ਲੋਕਾਂ ਦੇ ਗੁੱਸੇ ਪਿੱਛੇ ਦਲਿਤਾਂ ਨਾਲ਼ ਕਤਲ, ਜਾਇਦਾਦ ਨੂੰ ਨੁਕਸਾਨ, ਔਰਤਾਂ ਨਾਲ਼ ਛੇੜ-ਛਾੜ, ਬਲਾਤਕਾਰ ਵਰਗੀਆਂ ਲੰਬੇ ਸਮੇਂ ਚੱਲਦੀਆਂ ਘਟਨਾਵਾਂ ਵੀ ਹਨ।

ਸਰਮਾਏਦਾਰਾ ਪ੍ਰਬੰਧ ਨੇ ਕਈ ਜਗੀਰੂ ਕਦਰਾਂ-ਕੀਮਤਾਂ ਦੀ ਤਰ੍ਹਾਂ ਜਾਤ ਨੂੰ ਵੀ ਆਪਣੇ ਅਨੁਸਾਰ ਢਾਲ਼ ਕੇ ਕੋਆਪਟ ਕਰ ਲਿਆ ਹੈ। ਇਸ ਲਈ ਇਸ ਮੁਨਾਫ਼ੇ ‘ਤੇ ਕੇਂਦਰਿਤ ਢਾਂਚੇ ਨੂੰ ਢਾਹੇ ਬਗੈਰ ਜਾਤ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ। ਇਸ ਦਾ ਹੱਲ ਲੋਕ ਇਨਕਲਾਬ ਨਾਲ਼ ਹੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜਦ ਤੱਕ ਇਹ ਢਾਂਚਾ ਨੀ ਬਦਲਿਆ ਜਾਂਦਾ ਤਦ ਤੱਕ ਕੁਝ ਨੀ ਕੀਤਾ ਜਾ ਸਕਦਾ। ਇਸ ਢਾਂਚੇ ਵਿੱਚ ਜਾਤ-ਪਾਤ ਨੂੰ ਤੋੜਨ ਲਈ ਜਥੇਬੰਦੀਆਂ, ਅੰਤਰ-ਜਾਤੀ ਵਿਆਹਾਂ ਨੂੰ ਹਮਾਇਤ ਦੇਣੀ, ਜਾਤ ਦੇ ਇਤਿਹਾਸ ‘ਤੇ ਸੈਮੀਨਾਰ, ਵਿਚਾਰ-ਗੋਸ਼ਟੀਆਂ ਕਰਾਉਣੀਆਂ, ਜਾਤੀ ਵਿਤਕਰੇ ਦਾ ਹਰ ਸੰਭਵ ਵਿਰੋਧ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਵਾਉਣਾ ਆਦਿ ਕਾਰਜ ਹੋਣੇ ਚਾਹੀਦੇ ਹਨ। ਇਨਕਲਾਬ ਤੋਂ ਬਾਅਦ ਵੀ ਲਗਾਤਾਰ ਇਸਦੇ ਖਿਲਾਫ਼ ਮੁਹਿੰਮਾਂ ਚਲਾਉਣੀਆਂ ਪੈਣੀਆਂ ਹਨ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements